Skip to content

Skip to table of contents

ਭੁਚਾਲ ਨਾਲ ਉਜੜੀਆਂ ਜ਼ਿੰਦਗੀਆਂ ਨੂੰ ਮੁੜ ਆਬਾਦ ਕਰਨਾ

ਭੁਚਾਲ ਨਾਲ ਉਜੜੀਆਂ ਜ਼ਿੰਦਗੀਆਂ ਨੂੰ ਮੁੜ ਆਬਾਦ ਕਰਨਾ

ਭੁਚਾਲ ਨਾਲ ਉਜੜੀਆਂ ਜ਼ਿੰਦਗੀਆਂ ਨੂੰ ਮੁੜ ਆਬਾਦ ਕਰਨਾ

“ਅਸੀਂ ਸਵੇਰ ਤੋਂ ਤੁਰ ਰਹੇ ਹਾਂ। ਸਾਨੂੰ ਆਪਣੀ ਜਾਨ ਬਚਾਉਣ ਲਈ ਭੱਜਣਾ ਪੈ ਰਿਹਾ ਹੈ। ਸਾਡੇ ਕੋਲ ਨਾ ਪੀਣ ਨੂੰ ਪਾਣੀ ਹੈ ਤੇ ਨਾ ਹੀ ਕੁਝ ਖਾਣ ਲਈ ਹੈ। ਸਾਰੇ ਘਰ ਤਬਾਹ ਹੋ ਚੁੱਕੇ ਹਨ।”​—ਹਰਜੀਵਨ, ਭਾਰਤ ਵਿਚ 7.9 ਰਫ਼ਤਾਰ ਵਾਲੇ ਭੁਚਾਲ ਵਿੱਚੋਂ ਬਚਣ ਵਾਲਾ।

ਭੁਚਾਲ ਦੇ ਕਹਿਰ ਹੇਠ ਆਉਣਾ ਇਕ ਬਹੁਤ ਹੀ ਭਿਆਨਕ ਤਜਰਬਾ ਹੈ। “ਮੇਰੇ ਪਲੰਘ ਦੇ ਨੇੜੇ ਪਈ ਲੱਕੜੀ ਦੀ ਇਕ ਅੱਠ ਫੁੱਟ ਉੱਚੀ ਅਲਮਾਰੀ ਵਿੱਚੋਂ ਕਿਤਾਬਾਂ ਇੱਧਰ-ਉੱਧਰ ਡਿੱਗ ਰਹੀਆਂ ਸਨ,” ਤਾਈਵਾਨ ਵਿਚ 1999 ਵਿਚ ਆਏ ਭੁਚਾਲ ਬਾਰੇ ਇਕ ਤੀਵੀਂ ਯਾਦ ਕਰਦੀ ਹੈ। ਉਹ ਅੱਗੇ ਦੱਸਦੀ ਹੈ: ‘ਅਲਮਾਰੀ ਉੱਤੇ ਪਿਆ ਇਕ ਨਵਾਂ ਮੋਟਰਸਾਈਕਲ ਹੈਲਮਟ ਮੇਰੇ ਪਲੰਘ ਉੱਤੇ ਮੇਰੇ ਸਿਰ ਦੇ ਨੇੜੇ ਆ ਕੇ ਡਿੱਗਿਆ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਆਪਣੇ ਬਚਾਅ ਲਈ ਖ਼ਰੀਦਿਆ ਇਹੋ ਹੈਲਮਟ ਮੇਰੀ ਜਾਨ ਲੈ ਸਕਦਾ ਸੀ।’

ਭੁਚਾਲ ਵਿੱਚੋਂ ਬਚਣ ਮਗਰੋਂ

ਭੁਚਾਲ ਵਿੱਚੋਂ ਲੰਘਣਾ ਇਕ ਬਹੁਤ ਹੀ ਡਰਾਉਣਾ ਤਜਰਬਾ ਹੁੰਦਾ ਹੈ, ਪਰ ਇਸ ਵਿੱਚੋਂ ਬਚਣਾ ਤਾਂ ਸਿਰਫ਼ ਸ਼ੁਰੂਆਤ ਹੀ ਹੈ। ਭੁਚਾਲ ਤੋਂ ਬਾਅਦ ਅਗਲੇ ਕਈ ਘੰਟਿਆਂ ਦੌਰਾਨ ਰਾਹਤ ਅਮਲੇ ਬੜੀ ਦਲੇਰੀ ਨਾਲ ਫੱਟੜ ਹੋਏ ਲੋਕਾਂ ਦੀ ਤਲਾਸ਼ ਕਰਨ ਅਤੇ ਉਨ੍ਹਾਂ ਦਾ ਇਲਾਜ ਕਰਨ ਲਈ ਮਿਹਨਤ ਕਰਦੇ ਹਨ। ਅਕਸਰ ਉਹ ਆਪਣੀਆਂ ਜਾਨਾਂ ਨੂੰ ਦਾਅ ਤੇ ਲਾ ਕੇ ਦੂਸਰਿਆਂ ਦੀ ਮਦਦ ਕਰਦੇ ਹਨ ਕਿਉਂਕਿ ਭੁਚਾਲ ਦੇ ਹੋਰ ਝਟਕੇ ਲੱਗਣ ਨਾਲ ਉਨ੍ਹਾਂ ਦੀ ਆਪਣੀ ਜਾਨ ਵੀ ਜਾ ਸਕਦੀ ਹੈ। ਹਾਲ ਹੀ ਵਿਚ ਐਲ ਸੈਲਵੇਡਾਰ ਵਿਚ ਆਏ ਭੁਚਾਲ ਵਿਚ ਇਕ ਪੂਰਾ ਮੁਹੱਲਾ ਮਿੱਟੀ ਦੇ ਢੇਰ ਹੇਠਾਂ ਦੱਬ ਗਿਆ ਸੀ। ਇਸ ਮਿੱਟੀ ਦੇ ਪਹਾੜ ਨੂੰ ਖੋਦਣ ਦੀ ਯੋਜਨਾ ਬਣਾਉਣ ਵਾਲੇ ਇਕ ਆਦਮੀ ਨੇ ਕਿਹਾ: “ਸਾਨੂੰ ਬੜੀ ਸਾਵਧਾਨੀ ਵਰਤਣੀ ਪਵੇਗੀ। ਜੇ ਭੁਚਾਲ ਦੇ ਹੋਰ ਝਟਕੇ ਲੱਗੇ, ਤਾਂ ਇਹ ਬਾਕੀ ਦੀ ਪਹਾੜੀ ਵੀ ਢਹਿ ਸਕਦੀ ਹੈ।”

ਕਈ ਵਾਰ ਲੋਕ ਨਿਰਸੁਆਰਥ ਤਰੀਕੇ ਨਾਲ ਦੂਜਿਆਂ ਦੀ ਮਦਦ ਕਰਦੇ ਹਨ। ਉਦਾਹਰਣ ਲਈ, ਜਦੋਂ ਸਾਲ 2001 ਦੇ ਸ਼ੁਰੂ ਵਿਚ ਭਾਰਤ ਵਿਚ ਇਕ ਜ਼ਬਰਦਸਤ ਭੁਚਾਲ ਆਇਆ ਸੀ, ਤਾਂ ਅਮਰੀਕਾ ਦਾ ਮਨੂ ਨਾਮਕ ਇਕ ਬਜ਼ੁਰਗ ਆਦਮੀ ਆਪਣੇ ਦੇਸ਼ ਭਾਰਤ ਵਾਪਸ ਆਇਆ। ਉਸ ਨੇ ਕਿਹਾ: “ਮੇਰਾ ਜਾਣਾ ਜ਼ਰੂਰੀ ਹੈ ਕਿਉਂਕਿ ਉੱਥੇ ਸਿਰਫ਼ ਮੇਰੇ ਪਰਿਵਾਰ ਨੂੰ ਹੀ ਮੇਰੀ ਜ਼ਰੂਰਤ ਨਹੀਂ ਹੈ, ਸਗੋਂ ਸਾਰੇ ਦੁਖੀ ਲੋਕਾਂ ਨੂੰ ਵੀ ਮਦਦ ਦੀ ਲੋੜ ਹੈ।” ਜਦੋਂ ਮਨੂ ਨੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ, ਤਾਂ ਉਸ ਨੇ ਦੇਖਿਆ ਕਿ ਉੱਥੇ ਬਹੁਤ ਹੀ ਬੁਰਾ ਹਾਲ ਸੀ। ਪਰ ਫਿਰ ਵੀ ਉਸ ਨੇ ਕਿਹਾ: “ਲੋਕਾਂ ਦੇ ਹੌਸਲੇ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਿਆ।” ਇਕ ਪੱਤਰਕਾਰ ਨੇ ਲਿਖਿਆ: “ਮੇਰੇ ਗੁਆਂਢ ਵਿਚ ਅਜਿਹਾ ਇਕ ਵੀ ਬੰਦਾ ਨਹੀਂ ਜਿਸ ਨੇ ਕੁਝ ਦਾਨ ਨਾ ਕੀਤਾ ਹੋਵੇ। ਉਨ੍ਹਾਂ ਨੇ ਆਪਣੀ ਹੈਸੀਅਤ ਅਨੁਸਾਰ ਆਪਣੀ ਇਕ ਦਿਨ ਦੀ, ਹਫ਼ਤੇ ਦੀ ਜਾਂ ਮਹੀਨੇ ਦੀ ਤਨਖ਼ਾਹ, ਆਪਣੇ ਬਚਤ ਖਾਤੇ ਵਿੱਚੋਂ ਕੁਝ ਰਕਮ ਜਾਂ ਹੋਰ ਕੋਈ ਚੀਜ਼ ਦਾਨ ਕਰ ਕੇ ਮਦਦ ਕੀਤੀ।”

ਢਹਿ-ਢੇਰੀ ਹੋਏ ਮਕਾਨਾਂ ਦੇ ਮਲਬੇ ਨੂੰ ਸਾਫ਼ ਕਰਨਾ ਅਤੇ ਫੱਟੜ ਲੋਕਾਂ ਦੀ ਮਦਦ ਕਰਨੀ ਇਕ ਗੱਲ ਹੈ; ਪਰ ਪਲ ਭਰ ਦੀ ਇਸ ਦਹਿਸ਼ਤ ਨਾਲ ਉਜੜੀਆਂ ਜ਼ਿੰਦਗੀਆਂ ਨੂੰ ਮੁੜ ਆਬਾਦ ਕਰਨਾ ਬਿਲਕੁਲ ਵੱਖਰੀ ਗੱਲ ਹੈ। ਡਲੋਰਸ ਦੀ ਮਿਸਾਲ ਲਓ ਜਿਸ ਦਾ ਘਰ ਐਲ ਸੈਲਵੇਡਾਰ ਵਿਚ ਆਏ ਭੁਚਾਲ ਵਿਚ ਤਬਾਹ ਹੋ ਗਿਆ ਸੀ। ਉਹ ਕਹਿੰਦੀ ਹੈ: “ਇਹ ਯੁੱਧ ਨਾਲੋਂ ਵੀ ਭੈੜੀ ਹਾਲਤ ਹੈ। ਯੁੱਧ ਸਮੇਂ ਸਾਡੇ ਸਿਰਾਂ ਦੇ ਉੱਤੇ ਘੱਟੋ-ਘੱਟ ਛੱਤ ਤਾਂ ਸੀ।”

ਜਿਵੇਂ ਪਹਿਲੇ ਲੇਖ ਵਿਚ ਦੱਸਿਆ ਗਿਆ ਸੀ, ਕਈ ਵਾਰ ਭੌਤਿਕ ਜ਼ਰੂਰਤਾਂ ਪੂਰੀਆਂ ਕਰਨ ਦੇ ਨਾਲ-ਨਾਲ ਲੋਕਾਂ ਨੂੰ ਭਾਵਾਤਮਕ ਸਹਾਇਤਾ ਦੀ ਵੀ ਬਹੁਤ ਲੋੜ ਪੈਂਦੀ ਹੈ। ਮਿਸਾਲ ਲਈ, ਜਦੋਂ 1999 ਦੇ ਸ਼ੁਰੂ ਵਿਚ ਇਕ ਭੁਚਾਲ ਨੇ ਪੱਛਮੀ ਕੋਲੰਬੀਆ ਦੇ ਆਰਮੀਨੀਆ ਸ਼ਹਿਰ ਵਿਚ ਜਨ-ਜੀਵਨ ਨੂੰ ਠੱਪ ਕਰ ਦਿੱਤਾ, ਤਾਂ ਉਸ ਵਿਚ ਇਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਗਈਆਂ ਸਨ ਅਤੇ ਇਸ ਤੋਂ ਵੀ ਜ਼ਿਆਦਾ ਲੋਕ ਬੌਂਦਲਾਏ ਹੋਏ ਅਤੇ ਨਿਰਾਸ਼ ਨਜ਼ਰ ਆ ਰਹੇ ਸਨ। ਉਸੇ ਤਬਾਹੀ ਵਿਚ ਢਹਿ-ਢੇਰੀ ਹੋਈ ਇਕ ਰਿਹਾਇਸ਼ੀ ਇਮਾਰਤ ਵਿਚ ਰਹਿਣ ਵਾਲੇ ਮਨੋਵਿਗਿਆਨੀ ਰੌਬਰਟੋ ਐਸਤੇਫ਼ਾਨ ਨੇ ਕਿਹਾ: “ਤੁਸੀਂ ਜਿੱਥੇ ਵੀ ਜਾਓ, ਤੁਹਾਨੂੰ ਦੁਖੀ ਲੋਕ ਮਿਲਣਗੇ। ਜੇ ਮੈਂ ਕਿਤੇ ਹੰਮਬਰਗਰ ਖਾਣ ਜਾਂਦਾ ਹਾਂ, ਤਾਂ ਉੱਥੇ ਵੀ ਲੋਕ ਮੌਕਾ ਪਾ ਕੇ ਮੈਨੂੰ ਆਪਣੇ ਉਣੀਂਦਰਾ-ਰੋਗ ਤੇ ਉਦਾਸੀ ਬਾਰੇ ਦੱਸਣ ਲੱਗ ਪੈਂਦੇ ਹਨ।”

ਡਾ. ਐਸਤੇਫ਼ਾਨ ਚੰਗੀ ਤਰ੍ਹਾਂ ਜਾਣਦਾ ਹੈ ਕਿ ਭੁਚਾਲ ਕਰਕੇ ਲੱਗਣ ਵਾਲਾ ਭਾਵਾਤਮਕ ਸਦਮਾ ਬਹੁਤ ਹੀ ਦੁਖਦਾਈ ਹੋ ਸਕਦਾ ਹੈ। ਇਕ ਰਾਹਤ ਕੈਂਪ ਨੂੰ ਉਸਾਰਨ ਵਿਚ ਮਦਦ ਕਰਨ ਵਾਲੀ ਇਕ ਤੀਵੀਂ ਨੇ ਦੇਖਿਆ ਕਿ ਕੁਝ ਨੌਕਰੀ-ਪੇਸ਼ੇ ਵਾਲੇ ਲੋਕਾਂ ਨੇ ਕੰਮ ਤੇ ਜਾਣਾ ਛੱਡ ਦਿੱਤਾ ਕਿਉਂਕਿ ਉਹ ਸੋਚਦੇ ਸਨ ਕਿ ਉਨ੍ਹਾਂ ਦੀ ਮੌਤ ਨੇੜੇ ਸੀ।

ਨਿਰਾਸ਼ ਲੋਕਾਂ ਨੂੰ ਆਸ਼ਾ ਦੇਣੀ

ਅਜਿਹੇ ਸੰਕਟਾਂ ਵਿਚ ਯਹੋਵਾਹ ਦੇ ਗਵਾਹ ਭੁਚਾਲ ਤੋਂ ਬਚਣ ਵਾਲਿਆਂ ਦੀ ਨਾ ਸਿਰਫ਼ ਸਰੀਰਕ ਤੌਰ ਤੇ ਮਦਦ ਕਰਦੇ ਹਨ, ਸਗੋਂ ਅਧਿਆਤਮਿਕ ਤੇ ਭਾਵਾਤਮਕ ਤੌਰ ਤੇ ਵੀ ਸਹਾਇਤਾ ਕਰਦੇ ਹਨ। ਉਦਾਹਰਣ ਲਈ, ਪਹਿਲਾਂ ਦੱਸੇ ਗਏ ਕੋਲੰਬੀਆ ਭੁਚਾਲ ਤੋਂ ਬਾਅਦ ਉਸ ਦੇਸ਼ ਵਿਚ ਯਹੋਵਾਹ ਦੇ ਗਵਾਹਾਂ ਦੇ ਸ਼ਾਖ਼ਾ ਦਫ਼ਤਰ ਨੇ ਤੁਰੰਤ ਸਥਾਨਕ ਸੰਕਟਕਾਲੀਨ ਕਮੇਟੀ ਗਠਿਤ ਕੀਤੀ। ਦੇਸ਼ ਦੇ ਹਰ ਹਿੱਸੇ ਤੋਂ ਹਜ਼ਾਰਾਂ ਗਵਾਹਾਂ ਨੇ ਭੋਜਨ ਅਤੇ ਪੈਸੇ ਦਾਨ ਕੀਤੇ। ਕੁਝ ਹੀ ਸਮੇਂ ਵਿਚ ਲਗਭਗ 70 ਟਨ ਭੋਜਨ ਪ੍ਰਭਾਵਿਤ ਇਲਾਕੇ ਵਿਚ ਭੇਜ ਦਿੱਤਾ ਗਿਆ ਸੀ।

ਅਕਸਰ, ਅਧਿਆਤਮਿਕ ਸਹਾਇਤਾ ਸਭ ਤੋਂ ਜ਼ਰੂਰੀ ਹੁੰਦੀ ਹੈ। ਕੋਲੰਬੀਆ ਵਿਚ ਭੁਚਾਲ ਤੋਂ ਬਾਅਦ ਇਕ ਦਿਨ ਸਵੇਰੇ ਇਕ ਯਹੋਵਾਹ ਦੀ ਗਵਾਹ ਨੇ ਇਕ ਬਹੁਤ ਹੀ ਉਦਾਸ ਤੀਵੀਂ ਨੂੰ ਤਬਾਹ ਹੋ ਚੁੱਕੇ ਆਰਮੀਨੀਆ ਸ਼ਹਿਰ ਦੀ ਇਕ ਸੜਕ ਤੇ ਜਾਂਦਿਆਂ ਦੇਖਿਆ। ਗਵਾਹ ਨੇ ਉਸ ਤੀਵੀਂ ਕੋਲ ਜਾ ਕੇ ਉਸ ਨੂੰ ਮਰੇ ਹੋਏ ਪਿਆਰਿਆਂ ਲਈ ਕੀ ਉਮੀਦ? ਨਾਮਕ ਟ੍ਰੈਕਟ ਦਿੱਤਾ। *

ਤੀਵੀਂ ਨੇ ਘਰ ਜਾ ਕੇ ਉਸ ਟ੍ਰੈਕਟ ਨੂੰ ਧਿਆਨ ਨਾਲ ਪੜ੍ਹਿਆ। ਜਦੋਂ ਅਗਲੀ ਵਾਰ ਯਹੋਵਾਹ ਦੀ ਇਕ ਹੋਰ ਗਵਾਹ ਉਸ ਦੇ ਘਰ ਗਈ, ਤਾਂ ਉਹ ਤੀਵੀਂ ਉਸ ਨੂੰ ਆਪਣੀ ਕਹਾਣੀ ਸੁਣਾਏ ਬਗੈਰ ਨਾ ਰਹਿ ਸਕੀ। ਉਸ ਨੇ ਦੱਸਿਆ ਕਿ ਭੁਚਾਲ ਨਾਲ ਸ਼ਹਿਰ ਵਿਚ ਉਸ ਦੇ ਕਈ ਮਕਾਨ ਢਹਿ-ਢੇਰੀ ਹੋ ਗਏ ਸਨ ਜਿਨ੍ਹਾਂ ਤੋਂ ਉਸ ਨੂੰ ਚੰਗੀ-ਖ਼ਾਸੀ ਆਮਦਨੀ ਹੁੰਦੀ ਸੀ। ਹੁਣ ਉਸ ਕੋਲ ਕੁਝ ਵੀ ਨਹੀਂ ਬਚਿਆ ਸੀ। ਸਿਰਫ਼ ਇੰਨਾ ਹੀ ਨਹੀਂ, ਜਿਸ ਘਰ ਵਿਚ ਉਹ ਆਪਣੇ 25 ਸਾਲਾਂ ਦੇ ਮੁੰਡੇ ਨਾਲ ਰਹਿੰਦੀ ਸੀ, ਉਸ ਮਕਾਨ ਦੇ ਡਿੱਗਣ ਨਾਲ ਉਸ ਦਾ ਮੁੰਡਾ ਵੀ ਮਾਰਿਆ ਗਿਆ ਸੀ। ਤੀਵੀਂ ਨੇ ਦਰਵਾਜ਼ੇ ਤੇ ਖੜ੍ਹੀ ਗਵਾਹ ਨੂੰ ਦੱਸਿਆ ਕਿ ਪਹਿਲਾਂ ਉਹ ਧਰਮ ਵਿਚ ਕੋਈ ਰੁਚੀ ਨਹੀਂ ਰੱਖਦੀ ਸੀ, ਪਰ ਹੁਣ ਉਹ ਕਈ ਸਵਾਲਾਂ ਦੇ ਜਵਾਬ ਜਾਣਨਾ ਚਾਹੁੰਦੀ ਸੀ। ਟ੍ਰੈਕਟ ਤੋਂ ਉਸ ਨੂੰ ਬੜਾ ਹੌਸਲਾ ਮਿਲਿਆ ਸੀ। ਥੋੜ੍ਹੇ ਸਮੇਂ ਬਾਅਦ ਹੀ ਉਸ ਨੇ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ।

ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਅਜਿਹਾ ਸਮਾਂ ਆਉਣ ਵਾਲਾ ਹੈ ਜਦੋਂ ਇਨਸਾਨਾਂ ਨੂੰ ਫਿਰ ਕਦੇ ਵੀ ਭੁਚਾਲਾਂ ਵਰਗੀਆਂ ਕੁਦਰਤੀ ਆਫ਼ਤਾਂ ਦਾ ਡਰ ਨਹੀਂ ਰਹੇਗਾ। ਉਹ ਇਹ ਕਿਉਂ ਵਿਸ਼ਵਾਸ ਕਰਦੇ ਹਨ, ਇਸ ਬਾਰੇ ਅਗਲੇ ਲੇਖ ਵਿਚ ਦੱਸਿਆ ਗਿਆ ਹੈ।

[ਫੁਟਨੋਟ]

^ ਪੈਰਾ 12 ਇਹ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਹੈ।

[ਸਫ਼ਾ 6 ਉੱਤੇ ਡੱਬੀ]

ਤਿਆਰ ਰਹੋ!

◼ ਧਿਆਨ ਰੱਖੋ ਕਿ ਪਾਣੀ ਉਬਾਲਣ ਵਾਲੇ ਯੰਤਰ ਫ਼ਰਸ਼ ਨਾਲ ਚੰਗੀ ਤਰ੍ਹਾਂ ਫਿੱਟ ਕੀਤੇ ਹੋਏ ਹਨ ਅਤੇ ਭਾਰੀਆਂ ਚੀਜ਼ਾਂ ਫ਼ਰਸ਼ ਉੱਤੇ ਜਾਂ ਹੇਠਲੀਆਂ ਸ਼ੈਲਫ਼ਾਂ ਉੱਤੇ ਰੱਖੀਆਂ ਹੋਈਆਂ ਹਨ।

◼ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਸਿਖਾਓ ਕਿ ਬਿਜਲੀ, ਗੈਸ ਅਤੇ ਪਾਣੀ ਦੇ ਕਨੈਕਸ਼ਨ ਕਿੱਦਾਂ ਬੰਦ ਕਰਨੇ ਹਨ।

◼ ਘਰ ਵਿਚ ਅੱਗ ਬੁਝਾਉਣ ਵਾਲਾ ਯੰਤਰ ਅਤੇ ਫ਼ਰਸਟ-ਏਡ ਬਕਸਾ ਰੱਖੋ।

◼ ਆਪਣੇ ਕੋਲ ਇਕ ਛੋਟਾ ਰੇਡੀਓ ਰੱਖੋ ਅਤੇ ਇਸ ਵਿਚ ਨਵੇਂ ਸੈੱਲ ਪਾਓ।

◼ ਭੁਚਾਲ ਆਉਣ ਤੇ ਹਰੇਕ ਨੂੰ ਕੀ ਕਰਨਾ ਚਾਹੀਦਾ ਹੈ, ਇਸ ਦਾ ਸਮੇਂ-ਸਮੇਂ ਤੇ ਅਭਿਆਸ ਕਰੋ ਅਤੇ ਇਨ੍ਹਾਂ ਗੱਲਾਂ ਉੱਤੇ ਜ਼ੋਰ ਦਿਓ (1) ਸ਼ਾਂਤ ਰਹੋ, (2) ਸਟੋਵ ਤੇ ਹੀਟਰਾਂ ਨੂੰ ਬੰਦ ਕਰੋ, (3) ਦਰਵਾਜ਼ੇ ਦੀ ਚੁਗਾਠ ਥੱਲੇ ਖੜ੍ਹੇ ਹੋ ਜਾਓ ਜਾਂ ਕਿਸੇ ਮੇਜ਼ ਜਾਂ ਡੈਸਕ ਦੇ ਹੇਠਾਂ ਬੈਠ ਜਾਓ ਅਤੇ (4) ਬਾਰੀਆਂ, ਸ਼ੀਸ਼ਿਆਂ ਅਤੇ ਚੁੱਲ੍ਹਿਆਂ ਤੋਂ ਦੂਰ ਰਹੋ।

[ਸਫ਼ਾ 7 ਉੱਤੇ ਡੱਬੀ/​ਤਸਵੀਰ]

ਇਜ਼ਰਾਈਲ ਵਿਚ ਭੁਚਾਲ

ਪ੍ਰੋਫ਼ੈਸਰ ਆਮੋਸ ਨੁਰ ਮੁਤਾਬਕ, ਧਰਤੀ ਉੱਤੇ ਇਜ਼ਰਾਈਲ ਹੋਰ ਦੇਸ਼ਾਂ ਨਾਲੋਂ “ਕਿਤੇ ਜ਼ਿਆਦਾ ਲੰਮੇ ਸਮੇਂ ਤੋਂ ਲਗਾਤਾਰ ਭੁਚਾਲਾਂ ਦਾ ਸਾਮ੍ਹਣਾ ਕਰਦਾ ਆਇਆ ਹੈ।” ਇਸ ਦਾ ਕਾਰਨ ਇਹ ਹੈ ਕਿ ਵਿਸ਼ਾਲ ਰਿਫ਼ਟ ਘਾਟੀ, ਯਾਨੀ ਭੂਮੱਧ ਸਾਗਰੀ ਅਤੇ ਅਰਬ ਸਾਗਰੀ ਪਰਤਾਂ ਵਿਚਲੀ ਦਰਾੜ ਠੀਕ ਇਜ਼ਰਾਈਲ ਵਿਚ ਉੱਤਰ ਤੋਂ ਦੱਖਣ ਵੱਲ ਪਸਰੀ ਹੋਈ ਹੈ।

ਦਿਲਚਸਪੀ ਦੀ ਗੱਲ ਹੈ ਕਿ ਕੁਝ ਪੁਰਾਤੱਤਵ-ਵਿਗਿਆਨੀਆਂ ਦਾ ਕਹਿਣਾ ਹੈ ਕਿ ਪੁਰਾਣੇ ਜ਼ਮਾਨੇ ਵਿਚ ਇੰਜੀਨੀਅਰ ਭੁਚਾਲਾਂ ਨਾਲ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ ਇਕ ਖ਼ਾਸ ਤਰੀਕਾ ਅਪਣਾਉਂਦੇ ਸਨ। ਇਹ ਗੱਲ ਬਾਈਬਲ ਵਿਚ ਸੁਲੇਮਾਨ ਵੱਲੋਂ ਉਸਾਰੀਆਂ ਗਈਆਂ ਇਮਾਰਤਾਂ ਬਾਰੇ ਦਿੱਤੇ ਵਰਣਨ ਨਾਲ ਮੇਲ ਖਾਂਦੀ ਹੈ: “ਵੱਡੇ ਵਿਹੜੇ ਦੇ ਦੁਆਲੇ ਤਿੰਨ ਰਦੇ ਘੜੇ ਹੋਏ ਪੱਥਰਾਂ ਦੇ ਸਨ ਅਤੇ ਇੱਕ ਦਿਆਰ ਦੇ ਸ਼ਤੀਰਾਂ ਦਾ ਸੀ। ਐਉਂ ਯਹੋਵਾਹ ਦੇ ਭਵਨ ਦੇ ਅੰਦਰਲੇ ਚੌਂਕ ਲਈ ਅਤੇ ਮਹਿਲ ਦੇ ਦਲਾਨ ਲਈ ਵੀ ਸੀ।” (ਟੇਢੇ ਟਾਈਪ ਸਾਡੇ।) (1 ਰਾਜਿਆਂ 6:36; 7:12) ਪੱਥਰਾਂ ਨਾਲ ਉਸਾਰੀ ਕਰਦੇ ਹੋਏ ਲੱਕੜ ਦੇ ਸ਼ਤੀਰ ਰੱਖਣ ਦਾ ਇਹ ਤਰੀਕਾ ਕਈ ਥਾਵਾਂ ਤੇ ਪਾਈਆਂ ਜਾਂਦੀਆਂ ਇਮਾਰਤਾਂ ਤੋਂ ਦੇਖਿਆ ਗਿਆ ਹੈ​—ਜਿਵੇਂ ਮਗਿੱਦੋ ਵਿਖੇ ਇਕ ਫਾਟਕ ਤੋਂ ਜੋ ਕਿ ਸੁਲੇਮਾਨ ਦੇ ਸਮੇਂ ਦਾ ਜਾਂ ਉਸ ਤੋਂ ਵੀ ਪਹਿਲਾਂ ਦੇ ਸਮੇਂ ਦਾ ਮੰਨਿਆ ਜਾਂਦਾ ਹੈ। ਵਿਦਵਾਨ ਡੇਵਿਡ ਐੱਮ. ਰੋਲ ਦਾ ਮੰਨਣਾ ਹੈ ਕਿ ਇਹ ਸ਼ਤੀਰ ਸ਼ਾਇਦ ਇਸ ਲਈ “ਪਾਏ ਜਾਂਦੇ ਸਨ ਤਾਂਕਿ ਭੁਚਾਲ ਆਉਣ ਤੇ ਇਮਾਰਤ ਨੂੰ ਘੱਟ ਨੁਕਸਾਨ ਹੋਵੇ।”

[ਤਸਵੀਰ]

ਇਜ਼ਰਾਈਲ ਦੇ ਬੇਤ ਸ਼ੀਆਨ ਸ਼ਹਿਰ ਵਿਚ ਭੁਚਾਲ ਨਾਲ ਤਬਾਹ ਹੋਈਆਂ ਇਮਾਰਤਾਂ

[ਸਫ਼ਾ 8 ਉੱਤੇ ਡੱਬੀ/​ਤਸਵੀਰਾਂ]

ਦੋ ਦਹਿਸ਼ਤ-ਭਰੇ ਮਿੰਟ​—ਇਕ ਬਚਣ ਵਾਲੇ ਦੀ ਕਹਾਣੀ

ਭਾਰਤ ਦੇ ਅਹਿਮਦਾਬਾਦ ਸ਼ਹਿਰ ਵਿਚ ਸਾਡਾ ਪਰਿਵਾਰ ਮੇਰੀ ਚਚੇਰੀ ਭੈਣ ਦੇ ਵਿਆਹ ਦੀਆਂ ਤਿਆਰੀਆਂ ਵਿਚ ਲੱਗਾ ਹੋਇਆ ਸੀ। 26 ਜਨਵਰੀ 2001 ਨੂੰ ਘੜੀ ਦੇ ਅਲਾਰਮ ਦੀ ਬਜਾਇ ਇਕ ਜ਼ਬਰਦਸਤ ਝਟਕੇ ਨੇ ਮੈਨੂੰ ਜਗਾ ਦਿੱਤਾ। ਜਦੋਂ ਮੈਂ ਲੋਹੇ ਦੀਆਂ ਅਲਮਾਰੀਆਂ ਦੇ ਹਿੱਲਣ ਦੀ ਆਵਾਜ਼ ਸੁਣੀ, ਤਾਂ ਮੈਂ ਜਾਣ ਗਿਆ ਕਿ ਕੁਝ ਤਾਂ ਗੜਬੜ ਹੈ। ਮੇਰੇ ਚਾਚਾ ਜੀ ਉੱਚੀ-ਉੱਚੀ ਰੌਲਾ ਪਾ ਰਹੇ ਸਨ, “ਨਿਕਲੋ, ਘਰੋਂ ਬਾਹਰ ਨਿਕਲੋ!” ਜਦੋਂ ਅਸੀਂ ਬਾਹਰ ਪਹੁੰਚੇ, ਤਾਂ ਅਸੀਂ ਦੇਖਿਆ ਕਿ ਸਾਡਾ ਘਰ ਝੂਲ ਰਿਹਾ ਸੀ। ਇੱਦਾਂ ਲੱਗਦਾ ਸੀ ਜਿੱਦਾਂ ਇਹ ਬਹੁਤ ਦੇਰ ਤਕ ਇਸੇ ਤਰ੍ਹਾਂ ਹੁੰਦਾ ਰਿਹਾ, ਪਰ ਅਸਲ ਵਿਚ ਇਹ ਝਟਕੇ ਸਿਰਫ਼ ਦੋ ਮਿੰਟ ਤਕ ਜਾਰੀ ਰਹੇ।

ਇਹ ਸਭ ਕੁਝ ਇੰਨੀ ਤੇਜ਼ੀ ਨਾਲ ਹੋਇਆ ਕਿ ਅਸੀਂ ਸਾਰੇ ਬਹੁਤ ਹੀ ਘਬਰਾ ਗਏ। ਅਸੀਂ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਹਾਲ-ਚਾਲ ਪੁੱਛਿਆ। ਟੈਲੀਫ਼ੋਨ ਤੇ ਬਿਜਲੀ ਦੀਆਂ ਤਾਰਾਂ ਟੁੱਟ ਚੁੱਕੀਆਂ ਸਨ, ਇਸ ਲਈ ਸਾਡੇ ਕੋਲ ਇਹ ਪਤਾ ਲਗਾਉਣ ਦਾ ਕੋਈ ਸਾਧਨ ਨਹੀਂ ਸੀ ਕਿ ਨੇੜਲੇ ਸ਼ਹਿਰਾਂ ਵਿਚ ਰਹਿੰਦੇ ਸਾਡੇ ਹੋਰ ਰਿਸ਼ਤੇਦਾਰ ਕਿੱਦਾਂ ਹਨ। ਇਕ ਘੰਟੇ ਤਕ ਚਿੰਤਾ ਕਰਨ ਮਗਰੋਂ ਸਾਨੂੰ ਖ਼ਬਰ ਮਿਲੀ ਕਿ ਉਹ ਸਭ ਠੀਕ ਸਨ। ਪਰ ਸਾਰਿਆਂ ਨਾਲ ਇੱਦਾਂ ਨਹੀਂ ਹੋਇਆ। ਮਿਸਾਲ ਲਈ, ਅਹਿਮਦਾਬਾਦ ਵਿਚ ਸੌ ਤੋਂ ਵੱਧ ਇਮਾਰਤਾਂ ਢਹਿ-ਢੇਰੀ ਹੋ ਗਈਆਂ ਸਨ ਅਤੇ 500 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ।

ਕਈ ਹਫ਼ਤਿਆਂ ਤਕ ਲੋਕੀ ਬਹੁਤ ਹੀ ਘਾਬਰੇ ਰਹੇ। ਸਾਨੂੰ ਪਹਿਲਾਂ ਹੀ ਸੂਚਿਤ ਕੀਤਾ ਗਿਆ ਸੀ ਕਿ ਭੁਚਾਲ ਦੇ ਹੋਰ ਝਟਕੇ ਲੱਗਣ ਦੀ ਸੰਭਾਵਨਾ ਹੈ, ਇਸ ਲਈ ਰਾਤ ਨੂੰ ਸੌਂਦੇ ਸਮੇਂ ਵੀ ਲੋਕਾਂ ਨੂੰ ਹਰ ਵੇਲੇ ਭੁਚਾਲ ਦਾ ਖ਼ੌਫ਼ ਰਹਿੰਦਾ ਸੀ। ਮੁੜ ਵਸੇਬੇ ਦਾ ਕੰਮ ਬਹੁਤ ਹੀ ਹੌਲੀ ਚੱਲ ਰਿਹਾ ਸੀ ਅਤੇ ਬਹੁਤ ਸਾਰੇ ਲੋਕ ਬੇਘਰ ਹੋ ਚੁੱਕੇ ਸਨ। ਇੰਨੀ ਤਬਾਹੀ ਮਚਾਉਣ ਵਾਲਾ ਭੁਚਾਲ ਮਸਾਂ ਦੋ ਮਿੰਟਾਂ ਤਕ ਰਿਹਾ ਸੀ, ਪਰ ਇਸ ਨੂੰ ਕਦੇ ਨਹੀਂ ਭੁਲਾਇਆ ਜਾ ਸਕੇਗਾ।​—ਸਮੀਰ ਸਰਾਇਆ ਦੀ ਜ਼ਬਾਨੀ।

[ਸਫ਼ੇ 6, 7 ਉੱਤੇ ਤਸਵੀਰ]

ਭਾਰਤ ਵਿਚ ਜਨਵਰੀ 2001 ਵਿਚ ਆਏ ਭੁਚਾਲ ਵਿੱਚੋਂ ਬਚਣ ਵਾਲਾ ਆਦਮੀ ਆਪਣੇ ਮਾਤਾ ਜੀ ਦੇ ਦਾਹ-ਸੰਸਕਾਰ ਦੌਰਾਨ ਉਨ੍ਹਾਂ ਦੀ ਫੋਟੋ ਦਿਖਾਉਂਦਾ ਹੋਇਆ

[ਕ੍ਰੈਡਿਟ ਲਾਈਨ]

© Randolph Langenbach/UNESCO (www.conservationtech.com)