Skip to content

Skip to table of contents

ਮੈਂ ਆਪਣੇ ਸਹਿਪਾਠੀਆਂ ਨਾਲ ਰੱਬ ਬਾਰੇ ਗੱਲ ਕਿਸ ਤਰ੍ਹਾਂ ਕਰ ਸਕਦਾ ਹਾਂ?

ਮੈਂ ਆਪਣੇ ਸਹਿਪਾਠੀਆਂ ਨਾਲ ਰੱਬ ਬਾਰੇ ਗੱਲ ਕਿਸ ਤਰ੍ਹਾਂ ਕਰ ਸਕਦਾ ਹਾਂ?

ਨੌਜਵਾਨ ਪੁੱਛਦੇ ਹਨ . . .

ਮੈਂ ਆਪਣੇ ਸਹਿਪਾਠੀਆਂ ਨਾਲ ਰੱਬ ਬਾਰੇ ਗੱਲ ਕਿਸ ਤਰ੍ਹਾਂ ਕਰ ਸਕਦਾ ਹਾਂ?

“ਇਕ ਵਾਰ ਮੈਂ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਰਿਹਾ ਸੀ ਕਿ ਅਚਾਨਕ ਮੈਨੂੰ ਕੋਈ ਮਿਲ ਪਿਆ ਜਿਸ ਨੂੰ ਮੈਂ ਜਾਣਦਾ ਸੀ! ਮੈਂ ਘਬਰਾ ਕੇ ਬੇਜ਼ਬਾਨ ਹੋ ਗਿਆ! ਜਿਸ ਨਾਲ ਮੈਂ ਕੰਮ ਕਰ ਰਿਹਾ ਸੀ ਉਸ ਨੂੰ ਮੇਰੇ ਥਾਂ ਬੋਲਣਾ ਪਿਆ।”​—ਆਲਬਰਟੋ।

“ਮੈਂ ਜਾਣਦਾ ਸੀ ਕਿ ਮੇਰਾ ਇਕ ਸਹਿਪਾਠੀ ਇਸ ਸੜਕ ਤੇ ਰਹਿੰਦਾ ਸੀ। ਇਸ ਕਰਕੇ ਮੈਂ ਆਪਣੇ ਭਰਾ ਨੂੰ ਹਰ ਦਰਵਾਜ਼ੇ ਤੇ ਗੱਲ ਕਰਨ ਲਈ ਮਜਬੂਰ ਕੀਤਾ। ਕੁਝ ਸਮੇਂ ਬਾਅਦ ਉਹ ਗੱਲ ਕਰ-ਕਰ ਕੇ ਅੱਕ ਗਿਆ ਅਤੇ ਉਸ ਨੇ ਮੈਨੂੰ ਅਗਲੇ ਦਰਵਾਜ਼ੇ ਤੇ ਗੱਲ ਕਰਨ ਲਈ ਕਿਹਾ। ਮੈਂ ਕੁੰਡੀ ਖੜਕਾਈ ਅਤੇ ਤੁਸੀਂ ਮੰਨੋਗੇ ਨਹੀਂ ਪਰ ਮੇਰੇ ਸਾਮ੍ਹਣੇ ਉਹੀ ਮੁੰਡਾ ਖੜ੍ਹਾ ਸੀ! ਮੈਂ ਉਹ ਨੂੰ ਦੇਖ ਕੇ ਕੰਬ ਗਿਆ!”​—ਜੇਮਜ਼।

ਅਕਸਰ ਨੌਜਵਾਨਾਂ ਵਿਚ ਇਹ ਮੰਨਿਆ ਜਾਂਦਾ ਹੈ ਕਿ ਧਰਮ ਬਾਰੇ ਗੱਲ ਕਰਨ ਨਾਲ ਬੰਦੇ ਦੀ ਟੌਰ ਖ਼ਰਾਬ ਹੁੰਦੀ ਹੈ। ਪਰ ਮਸੀਹੀ ਨੌਜਵਾਨ ਜਾਣਦੇ ਹਨ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਦੂਸਰਿਆਂ ਨਾਲ ਆਪਣੇ ਧਰਮ ਦੇ ਬਾਰੇ ਗੱਲ ਕਰਨ ਦਾ ਸਨਮਾਨ ਦਿੱਤਾ ਹੋਇਆ ਹੈ ਅਤੇ ਉਹ ਇਸ ਸਨਮਾਨ ਦੀ ਕਦਰ ਕਰਦੇ ਹਨ। ਇਸ ਕਰਕੇ ਯਹੋਵਾਹ ਦੇ ਹਜ਼ਾਰਾਂ ਹੀ ਨੌਜਵਾਨ ਗਵਾਹ ਘਰ-ਘਰ ਜਾ ਕੇ ਪ੍ਰਚਾਰ ਕਰਦੇ ਹਨ। ਪਰ ਉਨ੍ਹਾਂ ਵਿੱਚੋਂ ਕੁਝ ਇਹ ਕੰਮ ਕਰਦੇ ਹੋਏ ਡਰਦੇ ਹਨ ਕਿ ਉਨ੍ਹਾਂ ਨੂੰ ਕਿਤੇ ਸਕੂਲੋਂ ਕੋਈ ਮਿਲ ਨਾ ਜਾਵੇ। ਜੈਨਿਫਰ ਨਾਂ ਦੀ ਕੁੜੀ ਦੱਸਦੀ ਹੈ ਕਿ “ਮੈਂ ਅਜੇ ਵੀ ਸਕੂਲ ਦੇ ਲੋਕਾਂ ਨੂੰ ਮਿਲ ਕੇ ਘਬਰਾਉਂਦੀ ਹਾਂ,” ਭਾਵੇਂ ਉਸ ਨੂੰ ਸਕੂਲ ਖ਼ਤਮ ਕੀਤੇ ਨੂੰ ਕੁਝ ਸਾਲ ਹੋ ਗਏ ਹਨ।

ਜੇਕਰ ਤੁਸੀਂ ਨੌਜਵਾਨ ਮਸੀਹੀ ਹੋ ਤਾਂ ਸ਼ਾਇਦ ਤੁਸੀਂ ਵੀ ਇਸ ਤਰ੍ਹਾਂ ਮਹਿਸੂਸ ਕਰੋ। ਸਾਡੇ ਵਿੱਚੋਂ ਕੋਈ ਵੀ ਨਹੀਂ ਚਾਹੁੰਦਾ ਕਿ ਦੂਸਰੇ ਲੋਕ ਸਾਨੂੰ ਪਸੰਦ ਨਾ ਕਰਨ। ਇਸ ਕਰਕੇ ਸਹਿਪਾਠੀਆਂ ਨਾਲ ਰੱਬ ਬਾਰੇ ਗੱਲ ਕਰਨ ਬਾਰੇ ਥੋੜ੍ਹਾ-ਬਹੁਤਾ ਫ਼ਿਕਰ ਕਰਨਾ ਤਾਂ ਬਿਲਕੁਲ ਆਮ ਹੈ। ਪਰ ਡਰ ਦੇ ਮਾਰੇ ਤੁਹਾਨੂੰ ਪਸੀਨਾ-ਪਸੀਨਾ ਹੋਣ ਦੀ ਕੋਈ ਲੋੜ ਨਹੀਂ। ਕੀ ਤੁਹਾਨੂੰ ਉਹ ਆਦਮੀ ਯਾਦ ਹੈ ਜਿਸ ਨੂੰ ਬਾਈਬਲ ਵਿਚ ‘ਅਰਿਮਥੇਆ ਦਾ ਯੂਸੁਫ਼’ ਸੱਦਿਆ ਗਿਆ ਹੈ? ਜੋ ਗੱਲਾਂ ਯਿਸੂ ਨੇ ਉਸ ਨੂੰ ਸਿਖਾਈਆਂ ਸਨ, ਉਹ ਉਨ੍ਹਾਂ ਨੂੰ ਮੰਨਦਾ ਸੀ। ਫਿਰ ਵੀ ਬਾਈਬਲ ਵਿਚ ਯੂਸੁਫ਼ ਬਾਰੇ ਲਿਖਿਆ ਹੈ ਕਿ ਉਹ “ਯਹੂਦੀਆਂ ਦੇ ਡਰ ਕਰਕੇ ਯਿਸੂ ਦਾ ਗੁਪਤ ਚੇਲਾ ਸੀ।” (ਯੂਹੰਨਾ 19:38, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜੇ ਕੋਈ ਤੁਹਾਡਾ ਮਿੱਤਰ ਤੁਹਾਡੀ ਦੋਸਤੀ ਨੂੰ ਲਕੋ ਕੇ ਰੱਖਣਾ ਚਾਹੇ ਉਸ ਬਾਰੇ ਤੁਹਾਡਾ ਕੀ ਖ਼ਿਆਲ ਹੋਵੇਗਾ? (ਲੂਕਾ 12:8, 9) ਪਰਮੇਸ਼ੁਰ ਵੀ ਮਸੀਹੀਆਂ ਤੋਂ ਇਹੋ ਆਸ ਰੱਖਦਾ ਹੈ ਕਿ ਉਹ ਆਪਣੀ ਨਿਹਚਾ ਦਾ ਖੁੱਲ੍ਹੇ-ਆਮ “ਇਕਰਾਰ” ਕਰਨਗੇ। (ਰੋਮੀਆਂ 10:10) ਇਸ ਇਕਰਾਰ ਵਿਚ ਸਕੂਲ ਵਿਚ ਆਪਣੇ ਸਾਥੀਆਂ ਨਾਲ ਗੱਲ ਕਰਨੀ ਵੀ ਸ਼ਾਮਲ ਹੈ।

ਅਰਿਮਥੇਆ ਦੇ ਯੂਸੁਫ਼ ਨੇ ਘੱਟੋ-ਘੱਟ ਇਸ ਹੱਦ ਤਕ ਆਪਣੇ ਡਰ ਉੱਤੇ ਕਾਬੂ ਪਾਇਆ ਕਿ ਉਹ ਯਿਸੂ ਦੀ ਲਾਸ਼ ਨੂੰ ਦਫ਼ਨਾਉਣ ਲਈ ਪੁੱਛ ਸਕਿਆ ਸੀ। ਤਾਂ ਫਿਰ ਤੁਸੀਂ ਆਪਣੇ ਡਰ ਉੱਤੇ ਕਿਸ ਤਰ੍ਹਾਂ ਕਾਬੂ ਪਾ ਸਕਦੇ ਹੋ?

ਪ੍ਰਚਾਰ ਕਰਨ ਲਈ ਜੋਸ਼ ਪੈਦਾ ਕਰੋ

ਪੌਲੁਸ ਰਸੂਲ ਦੂਸਰਿਆਂ ਨਾਲ ਆਪਣੇ ਧਰਮ ਬਾਰੇ ਗੱਲ ਕਰਨ ਤੋਂ ਸ਼ਰਮਾਉਂਦਾ ਨਹੀਂ ਸੀ। ਰੋਮੀਆਂ 1:15 ਵਿਚ ਉਸ ਨੇ ਆਪਣੇ ਆਪ ਬਾਰੇ ਕਿਹਾ ਕਿ ਉਹ ਬਾਈਬਲ ਦਾ ਸੰਦੇਸ਼ ਸੁਣਾਉਣ ਲਈ ਉਤਾਵਲਾ ਸੀ। ਕਿਸ ਚੀਜ਼ ਨੇ ਉਸ ਵਿਚ ਇੰਨਾ ਜੋਸ਼ ਪੈਦਾ ਕੀਤਾ? ਉਸ ਨੇ 16ਵੀਂ ਆਇਤ ਵਿਚ ਦੱਸਿਆ: “ਮੈਂ ਤਾਂ ਇੰਜੀਲ ਤੋਂ ਸ਼ਰਮਾਉਂਦਾ ਨਹੀਂ ਇਸ ਲਈ ਜੋ ਉਹ ਹਰੇਕ ਨਿਹਚਾਵਾਨ ਦੀ ਮੁਕਤੀ ਦੇ ਲਈ ਪਰਮੇਸ਼ੁਰ ਦੀ ਸ਼ਕਤੀ ਹੈ।” ਤੁਹਾਡੇ ਬਾਰੇ ਕੀ? ਕੀ ਤੁਸੀਂ ਆਪਣੇ ਆਪ ਲਈ ਸੱਚਾਈ ਸੱਚ-ਮੁੱਚ ਸਿਆਣ ਲਈ ਹੈ? (ਰੋਮੀਆਂ 12:2) ਕੀ ਤੁਹਾਨੂੰ ਪੱਕਾ ਯਕੀਨ ਹੈ ਕਿ ਬਾਈਬਲ ਦਾ ਸੰਦੇਸ਼ “ਮੁਕਤੀ ਦੇ ਲਈ ਪਰਮੇਸ਼ੁਰ ਦੀ ਸ਼ਕਤੀ ਹੈ”?

ਆਪਣੇ ਮਾਂ-ਬਾਪ ਨਾਲ ਸਿਰਫ਼ ਮੀਟਿੰਗਾਂ ਵਿਚ ਜਾਣਾ ਕਾਫ਼ੀ ਨਹੀਂ ਹੈ। ਡੈਬਰਾ ਨਾਂ ਦੀ ਇਕ ਲੜਕੀ ਕਹਿੰਦੀ ਹੈ ਕਿ “ਸਿਰਫ਼ ਮੀਟਿੰਗਾਂ ਵਿਚ ਜਾਣਾ ਤਾਂ ਆਸਾਨ ਹੈ ਕਿਉਂਕਿ ਤੁਹਾਡੇ ਮਾਪੇ ਤੁਹਾਨੂੰ ਜਾਣ ਲਈ ਕਹਿੰਦੇ ਹਨ। ਪਰ ਜਦੋਂ ਲੋਕ ਮੈਨੂੰ ਬਾਈਬਲ ਤੋਂ ਕੋਈ ਸਵਾਲ ਕਰਦੇ ਸਨ ਤਾਂ ਮੈਨੂੰ ਨਹੀਂ ਸੀ ਪਤਾ ਕਿ ਮੈਂ ਕੀ ਕਹਾਂ।” ਇਕ ਹੋਰ ਲੜਕੀ ਜਿਸ ਦਾ ਨਾਂ ਮੀ ਯੰਗ ਹੈ, ਦਾ ਵੀ ਇਹੋ ਖ਼ਿਆਲ ਹੈ। ਉਹ ਕਹਿੰਦੀ ਹੈ: “ਸਾਨੂੰ ਆਪਣੇ ਆਪ ਨੂੰ ਯਕੀਨ ਦਿਲਾਉਣ ਦੀ ਲੋੜ ਹੈ ਕਿ ਇਹੋ ਹੀ ਸੱਚਾਈ ਹੈ।”

ਤੁਸੀਂ ਦੂਸਰਿਆਂ ਨੂੰ ਬਾਈਬਲ ਬਾਰੇ ਦੱਸਣ ਲਈ ਜੋਸ਼ ਕਿਸ ਤਰ੍ਹਾਂ ਪੈਦਾ ਕਰ ਸਕਦੇ ਹੋ? ਉਸ ਦੀ ਪੜ੍ਹਾਈ ਕਰੋ। ਸ਼ੌਨ ਨਾਂ ਦਾ ਲੜਕਾ ਦੱਸਦਾ ਹੈ: “ਜਦੋਂ ਤੁਸੀਂ ਬਾਈਬਲ ਦੀ ਪੜ੍ਹਾਈ ਆਪ ਸ਼ੁਰੂ ਕਰਨ ਲੱਗ ਪੈਂਦੇ ਹੋ, ਤਾਂ ਤੁਸੀਂ ਸੱਚਾਈ ਨੂੰ ਅਪਣਾਉਣ ਲੱਗ ਪੈਂਦੇ ਹੋ ਕਿਉਂਕਿ ਤੁਸੀਂ ਆਪਣੇ ਆਪ ਲਈ ਪੜ੍ਹਾਈ ਕਰ ਰਹੇ ਹੁੰਦੇ ਹੋ।” ਇਹ ਗੱਲ ਸੱਚ ਹੈ ਕਿ ਸਾਰਿਆਂ ਨੂੰ ਪੜ੍ਹਾਈ ਕਰਨੀ ਪਸੰਦ ਨਹੀਂ ਹੈ। ਸ਼ਵੋਨ ਨਾਂ ਦੀ ਲੜਕੀ ਸਵੀਕਾਰ ਕਰਦੀ ਹੈ: “ਮੈਨੂੰ ਪੜ੍ਹਨਾ ਬਿਲਕੁਲ ਹੀ ਪਸੰਦ ਨਹੀਂ ਹੈ। ਇਸ ਲਈ ਪਹਿਲਾਂ-ਪਹਿਲਾਂ ਮੇਰੇ ਲਈ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਅਤੇ ਰੋਜ਼ ਬਾਈਬਲ ਪੜ੍ਹਨੀ ਬੜੀ ਹੀ ਮੁਸ਼ਕਲ ਸੀ। ਪਰ ਸਮੇਂ ਦੇ ਬੀਤਣ ਨਾਲ ਮੈਨੂੰ ਆਦਤ ਪੈ ਗਈ ਹੈ।”

ਮਿਹਨਤ ਨਾਲ ਕੀਤੀ ਗਈ ਇਸ ਤਰ੍ਹਾਂ ਦੀ ਪੜ੍ਹਾਈ ਦੇ ਕੀ ਫ਼ਾਇਦੇ ਹਨ? ਪੌਲੁਸ ਰਸੂਲ ਦੱਸਦਾ ਹੈ: “ਵਿਸ਼ਵਾਸ ਸੰਦੇਸ਼ ਦੇ ਸੁਣਨ ਅਤੇ ਮੰਨਣ ਦੁਆਰਾ ਪੈਦਾ ਹੁੰਦਾ ਹੈ।” (ਰੋਮੀਆਂ 10:17, ਨਵਾਂ ਅਨੁਵਾਦ) ਤੁਹਾਡੀ ਨਿਹਚਾ ਵਧਣ ਦੇ ਨਾਲ-ਨਾਲ ਤੁਹਾਡੀ ਸੋਚਣੀ ਵੀ ਬਦਲ ਜਾਵੇਗੀ। ਐਲੀਜ਼ਾਂਜੈਲ ਨਾਂ ਦੀ ਬ੍ਰਾਜ਼ੀਲੀ ਕੁੜੀ ਨੇ ਇਹ ਸਿੱਟਾ ਕੱਢਿਆ: “ਮਸੀਹੀ ਹੋਣਾ ਇਕ ਸਨਮਾਨ ਹੈ, ਸ਼ਰਮਿੰਦਾ ਹੋਣ ਦੀ ਗੱਲ ਨਹੀਂ।” ਦਰਅਸਲ ਜਿਉਂ-ਜਿਉਂ ਤੁਹਾਡੀ ਨਿਹਚਾ ਵਧੇਗੀ, ਤੁਸੀਂ ਆਪਣੇ ਆਪ ਹੀ ਦੂਸਰਿਆਂ ਨਾਲ ਉਸ ਬਾਰੇ ਗੱਲ ਕਰਨ ਲੱਗ ਪਵੋਗੇ, ਆਪਣੇ ਸਹਿਪਾਠੀਆਂ ਨਾਲ ਵੀ। ਪੌਲੁਸ ਨੇ ਲਿਖਿਆ: “ਅਸੀਂ . . . ਨਿਹਚਾ ਕਰਦੇ ਹਾਂ ਇਸ ਲਈ ਬੋਲਦੇ ਵੀ ਹਾਂ।” (2 ਕੁਰਿੰਥੀਆਂ 4:13) ਇਸ ਤੋਂ ਇਲਾਵਾ ਤੁਸੀਂ ਦੂਸਰਿਆਂ ਦੇ “ਲਹੂ ਤੋਂ ਬੇਦੋਸ਼” ਕਿਸ ਤਰ੍ਹਾਂ ਹੋ ਸਕਦੇ ਹੋ ਜੇਕਰ ਤੁਸੀਂ ਹਰ ਰੋਜ਼ ਮਿਲਣ ਵਾਲੇ ਆਪਣੇ ਨੌਜਵਾਨ ਸਾਥੀਆਂ ਨੂੰ ਉਹ ਨਾ ਦੱਸੋ ਜਿਸ ਤੋਂ ਉਨ੍ਹਾਂ ਦੀ ਜਾਨ ਬਚ ਸਕਦੀ ਹੈ?​—ਰਸੂਲਾਂ ਦੇ ਕਰਤੱਬ 20:26, 27.

ਪਰ ਕੁਝ ਨੌਜਵਾਨ ਭੈਣ-ਭਰਾ ਮਹਿਸੂਸ ਕਰਦੇ ਹਨ ਕਿ ਉਹ ਬਾਈਬਲ ਬਾਰੇ ਇੰਨਾ ਨਹੀਂ ਜਾਣਦੇ ਕਿ ਉਹ ਦੂਸਰਿਆਂ ਨਾਲ ਉਸ ਬਾਰੇ ਗੱਲ ਕਰ ਸਕਣ। ਜੌਸ਼ੁਆ ਨਾਂ ਦਾ ਲੜਕਾ ਕਹਿੰਦਾ ਹੈ: “ਜੇ ਤੁਹਾਨੂੰ ਪਤਾ ਨਹੀਂ ਕਿ ਕੀ ਕਹਿਣਾ ਹੈ ਤਾਂ ਪ੍ਰਚਾਰ ਕਰਨ ਵਿਚ ਕੋਈ ਮਜ਼ਾ ਨਹੀਂ ਹੈ।” ਅਸੀਂ ਫਿਰ ਤੋਂ ਕਹਿ ਸਕਦੇ ਹਾਂ ਕਿ ਬਾਈਬਲ ਨੂੰ ਡੂੰਘੀ ਤਰ੍ਹਾਂ ਸਮਝਣ ਨਾਲ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਵਰਤ ਸਕੋਗੇ। (2 ਤਿਮੋਥਿਉਸ 2:15) ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਵਿਚ ਨੌਜਵਾਨ ਕਲੀਸਿਯਾ ਦੇ ਬਜ਼ੁਰਗਾਂ ਤੋਂ ਨਿੱਜੀ ਮਦਦ ਲੈ ਸਕਦੇ ਹਨ ਤਾਂਕਿ ਉਹ ਚੰਗੀ ਤਰ੍ਹਾਂ ਸਿੱਖਿਆ ਦੇਣ ਦੇ ਕਾਬਲ ਬਣ ਸਕਣ। ਮਾਥਿਅਸ ਨਾਂ ਦਾ ਇਕ ਜਰਮਨ ਮੁੰਡਾ ਕਹਿੰਦਾ ਹੈ: “ਜਦੋਂ ਮੈਂ ਲੋਕਾਂ ਨੂੰ ਬਾਈਬਲ ਬਾਰੇ ਬੱਸ ਕਿਤਾਬਾਂ ਦੇਣ ਤੋਂ ਇਲਾਵਾ ਉਨ੍ਹਾਂ ਨਾਲ ਗੱਲਾਂ ਵੀ ਕਰਨ ਲੱਗਾ, ਉਦੋਂ ਮੈਨੂੰ ਪ੍ਰਚਾਰ ਕਰਨ ਦਾ ਅਸਲੀ ਮਜ਼ਾ ਆਉਣ ਲੱਗਾ।”

ਅਖ਼ੀਰ ਵਿਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਤੁਸੀਂ ਦਲੇਰੀ ਨਾਲ ਬੋਲਣ ਵਾਸਤੇ ਪਰਮੇਸ਼ੁਰ ਤੋਂ ਸਹਾਇਤਾ ਮੰਗ ਸਕਦੇ ਹੋ। (ਰਸੂਲਾਂ ਦੇ ਕਰਤੱਬ 4:29) ਪੌਲੁਸ ਰਸੂਲ ਨੇ ਖ਼ੁਦ ਪਰਮੇਸ਼ੁਰ ਤੋਂ ਇਸ ਤਰ੍ਹਾਂ ਦੀ ਮਦਦ ਹਾਸਲ ਕੀਤੀ ਸੀ। ਉਸ ਨੇ 1 ਥੱਸਲੁਨੀਕੀਆਂ 2:2 ਵਿਚ ਲਿਖਿਆ ਕਿ ਅਸੀਂ “ਪਰਮੇਸ਼ੁਰ ਦੀ ਖੁਸ਼ ਖਬਰੀ ਬਹੁਤ ਝਗੜੇ ਰਗੜੇ ਵਿੱਚ ਤੁਹਾਨੂੰ ਸੁਣਾਉਣ ਲਈ ਆਪਣੇ ਪਰਮੇਸ਼ੁਰ ਦੇ ਆਸਰੇ ਦਿਲੇਰ ਹੋਏ।” ਇਕ ਕਿਤਾਬ ਦੇ ਮੁਤਾਬਕ ਇਸ ਬਿਆਨ ਦਾ ਤਰਜਮਾ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ ਕਿ “ਪਰਮੇਸ਼ੁਰ ਨੇ ਸਾਡੇ ਦਿਲ ਵਿੱਚੋਂ ਡਰ ਕੱਢ ਦਿੱਤਾ।” ਤਾਂ ਫਿਰ ਕਿਉਂ ਨਾ ਪਰਮੇਸ਼ੁਰ ਨੂੰ ਪ੍ਰਾਰਥਨਾ ਕਰੋ ਕਿ ਉਹ ਤੁਹਾਡੇ ਦਿਲ ਵਿੱਚੋਂ ਡਰ ਨੂੰ ਕੱਢ ਦੇਵੇ?

ਲਕੋ ਕੇ ਨਾ ਰੱਖੋ ਕਿ ਤੁਸੀਂ ਯਹੋਵਾਹ ਦੇ ਗਵਾਹ ਹੋ

ਆਪਣੀ ਪ੍ਰਾਰਥਨਾ ਉੱਤੇ ਅਮਲ ਕਰਦੇ ਹੋਏ ਤੁਸੀਂ ਇਕ ਹੋਰ ਦਲੇਰ ਕਦਮ ਵੀ ਚੁੱਕ ਸਕਦੇ ਹੋ। ਸ਼ੀਕ ਨਾਂ ਦੀ ਅੰਗ੍ਰੇਜ਼ ਕੁੜੀ ਇਹ ਸਲਾਹ ਦਿੰਦੀ ਹੈ: “ਸਕੂਲੇ ਆਪਣੇ ਸਾਥੀਆਂ ਨੂੰ ਦੱਸ ਦਿਓ ਕਿ ਤੁਸੀਂ ਯਹੋਵਾਹ ਦੇ ਗਵਾਹ ਹੋ।” ਤੁਸੀਂ ‘ਗੁਪਤ ਚੇਲੇ’ ਤਾਂ ਨਹੀਂ ਬਣਨਾ ਚਾਹੁੰਦੇ ਹੋ। ਰਿਬੈੱਕਾ ਨਾਂ ਦੀ ਲੜਕੀ ਮੰਨਦੀ ਹੈ ਕਿ ਇਕ ਉਹ ਵੀ ਸਮਾਂ ਸੀ ਜਦੋਂ ਉਹ ਡਰਦੀ ਸੀ ਕਿ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਂਦੀ ਹੋਈ ਉਹ ਸਕੂਲ ਤੋਂ ਕਿਸੇ ਨੂੰ ਮਿਲ ਪਵੇਗੀ। ਪਰ ਉਹ ਦੱਸਦੀ ਹੈ ਕਿ ਉਸ ਨੇ ਜਾਣਿਆ ਕਿ “ਜੇ ਤੁਸੀਂ ਪਹਿਲਾਂ ਹੀ ਦੱਸ ਦਿਓ ਕਿ ਤੁਸੀਂ ਯਹੋਵਾਹ ਦੇ ਗਵਾਹ ਹੋ ਅਤੇ ਘਰ-ਘਰ ਪ੍ਰਚਾਰ ਕਰਨ ਜਾਂਦੇ ਹੋ ਤਾਂ ਉਹ ਤੁਹਾਨੂੰ ਸ਼ਾਇਦ ਪੁੱਛਣ, ‘ਤਾਂ ਫਿਰ ਕੀ ਤੂੰ ਮੇਰੇ ਘਰ ਵੀ ਆਵੇਗੀ?’”

ਪਰ ਐਵੇਂ ਕਿਸੇ ਨਾਲ ਟੱਕਰ ਪੈਣ ਤਕ ਨਾ ਇੰਤਜ਼ਾਰ ਕਰੋ। ਸਕੂਲ ਵਿਚ ਆਪਣੇ ਧਰਮ ਬਾਰੇ ਗੱਲ ਕਰਨ ਦੇ ਮੌਕੇ ਢੂੰਡੋ। ਪੌਲੁਸ ਰਸੂਲ ਦੇ ਸਵਾਲ ਯਾਦ ਰੱਖੋ: ‘ਉਹ ਕਿਸ ਤਰ੍ਹਾਂ ਵਿਸ਼ਵਾਸ ਕਰਨਗੇ, ਜਦੋਂ ਕਿ ਉਹਨਾਂ ਉਸ ਬਾਰੇ ਸੰਦੇਸ਼ ਹੀ ਨਹੀਂ ਸੁਣਿਆ? ਅਤੇ ਕਿਸ ਤਰ੍ਹਾਂ ਸੁਣਨਗੇ, ਜਦੋਂ ਤਕ ਕੋਈ ਉਹਨਾਂ ਨੂੰ ਸੰਦੇਸ਼ ਹੀ ਨਾ ਸੁਣਾਏ?’ (ਰੋਮੀਆਂ 10:14, ਨਵਾਂ ਅਨੁਵਾਦ) ਤੁਸੀਂ ਆਪਣੇ ਸਹਿਪਾਠੀਆਂ ਦੀ ਮਦਦ ਕਰਨ ਵਾਸਤੇ ਸਭ ਤੋਂ ਚੰਗੀ ਜਗ੍ਹਾ ਵਿਚ ਹੋ। ਇਰਾਇਡ ਨਾਂ ਦੀ ਲੜਕੀ ਕਹਿੰਦੀ ਹੈ: “ਸਕੂਲ ਅਜਿਹੀ ਜਗ੍ਹਾ ਹੈ ਜਿੱਥੇ ਸਿਰਫ਼ ਅਸੀਂ ਹੀ ਪ੍ਰਚਾਰ ਕਰ ਸਕਦੇ ਹਾਂ।” ਕਈ ਨੌਜਵਾਨ ਹਰ ਮੌਕੇ ਦਾ ਫ਼ਾਇਦਾ ਉਠਾ ਕੇ ਰੱਬ ਬਾਰੇ ਗੱਲ ਕਰਦੇ ਹਨ।

ਕਦੀ-ਕਦੀ ਤੁਹਾਨੂੰ ਸਕੂਲ ਦੀ ਪੜ੍ਹਾਈ ਦੌਰਾਨ ਕਲਾਸ ਵਿਚ ਬਾਈਬਲ ਬਾਰੇ ਗੱਲ ਕਰਨ ਦਾ ਮੌਕਾ ਵੀ ਮਿਲ ਸਕਦਾ ਹੈ। ਜੇਮੀ ਨਾਂ ਦੀ ਇਕ ਅੰਗ੍ਰੇਜ਼ ਲੜਕੀ ਦੱਸਦੀ ਹੈ: “ਅਸੀਂ ਸਾਇੰਸ ਦੀ ਕਲਾਸ ਵਿਚ ਕ੍ਰਮ-ਵਿਕਾਸ ਦੀ ਗੱਲ ਕਰ ਰਹੇ ਸੀ, ਅਤੇ ਮੈਂ ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰ ਦਿੱਤੀ। ਇਕ ਮੁੰਡੇ ਨੇ ਮੇਰਾ ਮਖੌਲ ਉਡਾਇਆ ਅਤੇ ਕਹਿਣ ਲੱਗਾ ਕਿ ਯਹੋਵਾਹ ਦੇ ਗਵਾਹ ਬੁੱਧੂ ਹਨ ਅਤੇ ਉਨ੍ਹਾਂ ਨੂੰ ਬਾਕੀਆਂ ਨਾਲ ਸਕੂਲ ਨਹੀਂ ਜਾਣਾ ਚਾਹੀਦਾ। ਪਰ ਕਲਾਸ ਦੇ ਬਾਕੀ ਦੇ ਮੁੰਡੇ-ਕੁੜੀਆਂ ਨੇ ਇਕਦਮ ਮੇਰਾ ਸਾਥ ਦਿੱਤਾ।” ਜ਼ਾਹਰ ਹੁੰਦਾ ਹੈ ਕਿ ਜੇਮੀ ਦੀ ਮਸੀਹੀ ਨੇਕਨਾਮੀ ਦਾ ਉਸ ਨੂੰ ਫ਼ਾਇਦਾ ਹੋਇਆ। ਉਹ ਅੱਗੇ ਦੱਸਦੀ ਹੈ: “ਇਸ ਘਟਨਾ ਦੇ ਨਤੀਜੇ ਵਜੋਂ, ਮੈਂ ਆਪਣੀ ਇਕ ਸਹਿਪਾਠਣ ਨੂੰ ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? (ਅੰਗ੍ਰੇਜ਼ੀ) ਨਾਮਕ ਕਿਤਾਬ ਲਿਆ ਕੇ ਦਿੱਤੀ।” *

ਰੋਮਾਨੀਆ ਤੋਂ 14-ਸਾਲਾ ਮਿਕੂ ਨਾਂ ਦੀ ਕੁੜੀ ਨਾਲ ਵੀ ਇਸੇ ਤਰ੍ਹਾਂ ਦਾ ਕੁਝ ਹੋਇਆ ਸੀ: “ਮੇਰੀ ਅਧਿਆਪਕਾ ਨੇ ਕਲਾਸ ਨੂੰ ਦੱਸਿਆ ਕਿ ਅਸੀਂ ਸ਼ਰਾਬ, ਤਮਾਖੂ, ਅਤੇ ਡ੍ਰੱਗਜ਼ ਉੱਤੇ ਚਰਚਾ ਕਰਾਂਗੇ। ਸੋ ਮੈਂ 22 ਮਾਰਚ 2000 ਦਾ ਜਾਗਰੂਕ ਬਣੋ! (ਅੰਗ੍ਰੇਜ਼ੀ) ਰਸਾਲਾ ਨਾਲ ਲੈ ਗਈ ਜਿਸ ਦਾ ਵਿਸ਼ਾ ਸੀ ‘ਤੁਸੀਂ ਤਮਾਖੂਨੋਸ਼ੀ ਕਿਸ ਤਰ੍ਹਾਂ ਛੱਡ ਸਕਦੇ ਹੋ’। ਮੇਰੀ ਕਲਾਸ ਦੀ ਇਕ ਲੜਕੀ ਨੇ ਜਦ ਇਹ ਰਸਾਲਾ ਦੇਖਿਆ ਤਾਂ ਉਹ ਚੁੱਕ ਕੇ ਲੈ ਗਈ ਅਤੇ ਉਸ ਨੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਪੜ੍ਹਨ ਤੋਂ ਬਾਅਦ ਉਸ ਨੇ ਮੈਨੂੰ ਕਿਹਾ ਕਿ ਉਹ ਸਿਗਰਟ ਪੀਣੀ ਜ਼ਰੂਰ ਬੰਦ ਕਰੇਗੀ।”

ਤੁਹਾਡੇ ਸਹਿਪਾਠੀ ਹਰ ਦਮ ਸ਼ਾਇਦ ਇਸ ਤਰ੍ਹਾਂ ਤੁਹਾਡੀ ਗੱਲ ਨਾ ਸੁਣਨ। ਪਰ ਉਪਦੇਸ਼ਕ ਦੀ ਪੋਥੀ 11:6 ਸਾਨੂੰ ਦੱਸਦੀ ਹੈ: “ਸਵੇਰ ਨੂੰ ਆਪਣਾ ਬੀ ਬੀਜ, ਅਤੇ ਤਕਾਲਾਂ ਨੂੰ ਵੀ ਆਪਣਾ ਹੱਥ ਢਿੱਲਾ ਨਾ ਹੋਣ ਦੇਹ, ਕਿਉਂ ਜੋ ਤੂੰ ਨਹੀਂ ਜਾਣਦਾ ਜੋ ਏਹਨਾਂ ਵਿੱਚੋਂ ਕਿਹੜਾ ਸਵਰੇਗਾ।” ਜੋ ਮਰਜ਼ੀ ਹੋਵੇ ਇਕ ਗੱਲ ਤਾਂ ਪੱਕੀ ਹੈ ਕਿ ਜੇ ਤੁਸੀਂ ਸਕੂਲੇ ਪਹਿਲਾਂ ਗੱਲ ਕਰ ਚੁੱਕੇ ਹੋਵੋਗੇ ਤਾਂ ਜੇ ਤੁਸੀਂ ਕਦੇ ਆਪਣੇ ਸਕੂਲ ਦੇ ਕਿਸੇ ਸਾਥੀ ਨੂੰ ਘਰ ਤੋਂ ਘਰ ਜਾਂਦੇ ਹੋਏ ਮਿਲੋਗੇ ਤਾਂ ਤੁਹਾਨੂੰ ਡਰਨ ਦੀ ਲੋੜ ਨਹੀਂ ਹੋਵੇਗੀ। ਜੈਸਿਕਾ ਨਾਂ ਦੀ ਅੰਗ੍ਰੇਜ਼ ਲੜਕੀ ਦਾ ਇਹ ਖ਼ਿਆਲ ਹੈ: “ਹੋਰਨਾਂ ਨਾਲੋਂ ਸਕੂਲ ਦੇ ਸਾਥੀਆਂ ਨਾਲ ਗੱਲ ਕਰਨੀ ਆਸਾਨ ਹੈ ਕਿਉਂਕਿ ਤੁਸੀਂ ਉਨ੍ਹਾਂ ਨੂੰ ਪਹਿਲਾਂ ਹੀ ਜਾਣਦੇ ਹੋ।” ਤੁਸੀਂ ਸ਼ਾਇਦ ਹੈਰਾਨ ਹੋਵੋਗੇ ਕਿ ਤੁਹਾਡੇ ਸਹਿਪਾਠੀਆਂ ਕੋਲ ਤੁਹਾਡੇ ਧਰਮ ਬਾਰੇ ਕਈ ਸਵਾਲ ਹਨ।

ਇਹ ਗੱਲ ਸੱਚ ਹੈ ਕਿ ਸਾਰੇ ਜਣੇ ਤੁਹਾਡੀ ਗੱਲ ਸੁਣਨ ਲਈ ਰਾਜ਼ੀ ਨਹੀਂ ਹੋਣਗੇ। ਪਰ ਯਿਸੂ ਨੇ ਇਹ ਸਲਾਹ ਦਿੱਤੀ ਸੀ: “ਜੋ ਕੋਈ ਤੁਹਾਨੂੰ ਕਬੂਲ ਨਾ ਕਰੇ, ਨਾ ਤੁਹਾਡੀਆਂ ਗੱਲਾਂ ਸੁਣੇ ਤਾਂ ਤੁਸੀਂ ਉਸ ਘਰ ਅਥਵਾ ਨਗਰ ਤੋਂ ਬਾਹਰ ਨਿੱਕਲ ਕੇ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ।” (ਮੱਤੀ 10:14) ਉਸ ਦੇ ਕਹਿਣ ਦਾ ਮਤਲਬ ਸੀ ਕਿ ਤੁਹਾਨੂੰ ਨਾਰਾਜ਼ ਹੋਣ ਦੀ ਕੋਈ ਲੋੜ ਨਹੀਂ। ਤੁਸੀਂ ਸ਼ਾਂਤੀ ਨਾਲ ਦੂਸਰੇ ਘਰ ਵੱਲ ਚੱਲਦੇ ਬਣੋ ਅਤੇ ਕਿਸੇ ਅਜਿਹੇ ਨੂੰ ਢੂੰਡੋ ਜੋ ਤੁਹਾਡੀ ਗੱਲ ਸੁਣਨ ਲਈ ਤਿਆਰ ਹੈ। ਕਦੀ-ਨ-ਕਦੀ ਤੁਹਾਨੂੰ ਅਜਿਹੇ ਨੇਕਦਿਲ ਲੋਕ ਮਿਲਣਗੇ ਜੋ ਸੱਚਾਈ ਲਈ ਤਰਸ ਰਹੇ ਹਨ ਅਤੇ ਗੱਲ ਸੁਣਨ ਲਈ ਰਾਜ਼ੀ ਹਨ। ਤਾਂ ਫਿਰ ਕਿੰਨਾ ਚੰਗਾ ਹੋਵੇਗਾ ਜੇਕਰ ਇਹ ਸੁਣਨ ਵਾਲਾ ਤੁਹਾਡਾ ਸਹਿਪਾਠੀ ਹੋਵੇ। ਜੇ ਇਸ ਤਰ੍ਹਾਂ ਹੋਵੇ ਤਾਂ ਤੁਸੀਂ ਕਿੰਨੇ ਖ਼ੁਸ਼ ਹੋਵੋਗੇ ਕਿ ਤੁਸੀਂ ਆਪਣੇ ਸਹਿਪਾਠੀਆਂ ਨਾਲ ਰੱਬ ਬਾਰੇ ਗੱਲ ਕਰਨ ਲਈ ਆਪਣੇ ਡਰ ਨੂੰ ਕਾਬੂ ਕੀਤਾ।

[ਫੁਟਨੋਟ]

^ ਪੈਰਾ 18 ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ।

[ਸਫ਼ਾ 12 ਉੱਤੇ ਸੁਰਖੀ]

“ਜਦੋਂ ਤੁਸੀਂ ਬਾਈਬਲ ਦੀ ਪੜ੍ਹਾਈ ਆਪ ਸ਼ੁਰੂ ਕਰਨ ਲੱਗ ਪੈਂਦੇ ਹੋ, ਤਾਂ ਤੁਸੀਂ ਸੱਚਾਈ ਨੂੰ ਅਪਣਾਉਣ ਲੱਗ ਪੈਂਦੇ ਹੋ।”​—ਸ਼ੌਨ।

[ਸਫ਼ਾ 10 ਉੱਤੇ ਤਸਵੀਰ]

ਦੂਸਰਿਆਂ ਨੂੰ ਇਹ ਦੱਸਣ ਤੋਂ ਡਰੋ ਨਾ ਕਿ ਤੁਸੀਂ ਯਹੋਵਾਹ ਦੇ ਗਵਾਹ ਹੋ

[ਸਫ਼ਾ 10 ਉੱਤੇ ਤਸਵੀਰ]

ਸਕੂਲ ਦੀ ਪੜ੍ਹਾਈ ਦੌਰਾਨ ਕਲਾਸ ਵਿਚ ਬਾਈਬਲ ਬਾਰੇ ਗੱਲ ਕਰਨ ਦੇ ਅਕਸਰ ਮੌਕੇ ਮਿਲਦੇ ਹਨ