ਰੂਹਾਨੀ ਲੋੜ ਪੂਰੀ ਕਰਨ ਦਾ ਸਭ ਤੋਂ ਵਧੀਆ ਤਰੀਕਾ
ਰੂਹਾਨੀ ਲੋੜ ਪੂਰੀ ਕਰਨ ਦਾ ਸਭ ਤੋਂ ਵਧੀਆ ਤਰੀਕਾ
ਲੋਕਾਂ ਨੂੰ ਧਰਮ ਦੀ ਕੀ ਲੋੜ ਹੈ? ਕੁਝ ਲੋਕ ਕਹਿੰਦੇ ਹਨ ਕਿ ਇਨਸਾਨ ਰੂਹਾਨੀ ਗੱਲਾਂ ਵਿਚ ਇਸ ਕਰਕੇ ਦਿਲਚਸਪੀ ਲੈਂਦੇ ਹਨ ਕਿਉਂਕਿ ਉਨ੍ਹਾਂ ਨੂੰ ਇਸ ਡਾਵਾਂ-ਡੋਲ ਦੁਨੀਆਂ ਵਿਚ ਸਹਾਰੇ ਅਤੇ ਸੁਖ-ਚੈਨ ਦੀ ਲੋੜ ਹੈ। ਪਰ ਇਸ ਦਿਲਚਸਪੀ ਦੇ ਹੋਰ ਵੀ ਕਾਰਨ ਹਨ। ਇਕ ਰਸਾਲੇ ਵਿਚ ਇਵੇਂ ਦੱਸਿਆ ਗਿਆ: “ਲੋਕ ਧਰਮਾਂ ਵੱਲ ਸਿਰਫ਼ ਸੁਖ-ਚੈਨ ਵਾਸਤੇ ਹੀ ਨਹੀਂ ਮੁੜਦੇ। ਸਗੋਂ ਉਹ ਆਪਣਿਆਂ ਕਈਆਂ ਸਵਾਲਾਂ ਦੇ ਜਵਾਬ ਵੀ ਲੱਭਦੇ-ਫਿਰਦੇ ਹਨ, ਜਿਵੇ ਕਿ ਜ਼ਿੰਦਗੀ ਕਿੱਥੋਂ ਸ਼ੁਰੂ ਹੋਈ? ਅਗਾਹਾਂ ਕੀ ਹੋਵੇਗਾ? ਅਸੀਂ ਇਸ ਦੁਨੀਆਂ ਵਿਚ ਕਿਉਂ ਹਾਂ?”
ਤੁਸੀਂ ਵੀ ਜ਼ਰੂਰ ਸਹਿਮਤ ਹੋਵੋਗੇ ਕਿ ਇਹ ਸਵਾਲ ਬਹੁਤ ਹੀ ਮਹੱਤਵਪੂਰਣ ਹਨ। ਇਸ ਕਰਕੇ ਕੀ ਇਨ੍ਹਾਂ ਦੇ ਸਹੀ-ਸਹੀ ਜਵਾਬ ਲੱਭਣੇ ਜ਼ਰੂਰੀ ਨਹੀਂ ਹਨ? ਕੀ ਸਾਨੂੰ ਵੱਖਰੇ-ਵੱਖਰੇ ਧਰਮਾਂ ਤੋਂ ਸਿਰਫ਼ ਆਪਣੀ ਪਸੰਦ ਦੀਆਂ ਗੱਲਾਂ ਲੈ ਕੇ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣੇ ਚਾਹੀਦੇ ਹਨ? ਨਹੀਂ, ਕਿਉਂਕਿ ਇਹ ਸਵਾਲ ਬਹੁਤ ਗੰਭੀਰ ਹਨ। ਜੇ ਅਸੀਂ ਜ਼ਿੰਦਗੀ ਦੇ ਅਜਿਹੇ ਗਹਿਰੇ ਸਵਾਲਾਂ ਦੇ ਪੱਕੇ ਅਤੇ ਸੱਚੇ ਜਵਾਬ ਪਾਉਣੇ ਚਾਹੁੰਦੇ ਹਾਂ ਤਾਂ ਜ਼ਰੂਰ ਸਾਨੂੰ ਕਿਸੇ ਹੋਰ ਤਰੀਕੇ ਦੀ ਜ਼ਰੂਰਤ ਹੈ।
ਕੀ ਕੋਈ ਬਿਹਤਰੀਨ ਤਰੀਕਾ ਹੈ? ਬਾਈਬਲ ਦੇ ਇਕ ਅਨੁਵਾਦਕ, ਫੈਰਾਰ ਫੈਂਟਨ, ਨੇ ਇਸ ਬਾਰੇ ਇਕ ਵਧੀਆ ਗੱਲ ਕਹੀ ਕਿ ਬਾਈਬਲ “ਅਜਿਹੀ ਚਾਬੀ ਹੈ ਜੋ ਇਨਸਾਨਾਂ ਲਈ ਸਾਡੇ ਵਿਸ਼ਵ ਦਾ ਭੇਦ ਖੋਲ੍ਹਦੀ ਹੈ, ਅਤੇ ਸਾਡੇ ਲਈ ਇਨਸਾਨਾਂ ਦਾ ਭੇਦ ਖੋਲ੍ਹਦੀ ਹੈ।” ਬਾਈਬਲ ਪਿਛਲੇ ਸਮੇਂ ਬਾਰੇ, ਇਸ ਸਮੇਂ ਬਾਰੇ, ਅਤੇ ਆਉਣ ਵਾਲੇ ਸਮੇਂ ਬਾਰੇ ਦੱਸਦੀ ਹੈ। ਉਸ ਵਿਚ ਸਾਨੂੰ ਦੱਸਿਆ ਗਿਆ ਹੈ ਕਿ ਸਾਡੀ ਜ਼ਿੰਦਗੀ ਕਿੱਥੋਂ ਸ਼ੁਰੂ ਹੋਈ, ਜ਼ਿੰਦਗੀ ਦਾ ਮਕਸਦ ਕੀ ਹੈ, ਅਸੀਂ ਖ਼ੁਸ਼ੀ ਕਿਵੇਂ ਪਾ ਸਕਦੇ ਹਾਂ, ਅਤੇ ਭਵਿੱਖ ਵਿਚ ਸਾਡੇ ਲਈ ਕੀ ਰੱਖਿਆ ਹੋਇਆ ਹੈ। ਪੂਰੇ ਇਤਿਹਾਸ ਦੌਰਾਨ ਹੋਰ ਕਿਸੇ ਵੀ ਕਿਤਾਬ ਨੇ ਲੋਕਾਂ ਉੱਤੇ ਬਾਈਬਲ ਜਿੰਨਾ ਪ੍ਰਭਾਵ ਨਹੀਂ ਪਾਇਆ; ਨਾ ਹੀ ਕਿਸੇ ਹੋਰ ਕਿਤਾਬ ਨੂੰ ਮਿਟਾਉਣ ਲਈ ਇੰਨੀਆਂ ਸਖ਼ਤ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਤਾਂ ਫਿਰ ਇਹ ਸਵਾਲ ਉੱਠਦਾ ਹੈ ਕਿ ਜ਼ਿੰਦਗੀ ਦਿਆਂ ਸਵਾਲਾਂ ਦੀ ਖੋਜ ਵਿਚ ਇੰਨੇ ਸਾਰੇ ਲੋਕ ਇਸ ਨਿਰਾਲੀ ਕਿਤਾਬ ਨੂੰ ਕਿਉਂ ਰੱਦ ਕਰਦੇ ਹਨ?
ਕਈਆਂ ਲੋਕਾਂ ਨੇ ਰੁੱਕ ਕੇ ਇਹ ਨਹੀਂ ਸੋਚਿਆ ਕਿ ਬਾਈਬਲ ਅਤੇ ਉਨ੍ਹਾਂ ਗਿਰਜਿਆਂ ਵਿਚ ਕੀ ਫ਼ਰਕ ਹੈ ਜਿਨ੍ਹਾਂ ਬਾਰੇ ਉਹ ਜਾਣਦੇ ਹਨ। ਉਹ ਇਹ ਦੇਖ ਚੁੱਕੇ ਹਨ ਕਿ ਈਸਾਈ ਲੋਕ ਰੱਬ ਦਾ ਨਾਂ ਲੈ ਕੇ ਇਕ ਦੂਜੇ ਦਾ ਕਤਲ ਕਰਦੇ ਹਨ। ਜਿਵੇਂ ਗਾਰਡੀਅਨ ਅਖ਼ਬਾਰ ਨੇ ਦੱਸਿਆ, ਉਹ ਇਹ ਸ਼ਿਕਾਇਤ ਕਰਦੇ ਹਨ ਕਿ “ਅੱਜ-ਕੱਲ੍ਹ ਪਾਦਰੀ ਲੋਕ ਆਪਣੇ ਚਰਚਾਂ ਦੇ ਮੈਂਬਰਾਂ ਦੀ ਅਗਵਾਈ ਕਰਨ ਵਿਚ ਇੰਨੀ ਦਿਲਚਸਪੀ ਨਹੀਂ ਲੈਂਦੇ ਜਿੰਨੀ ਕਿ ਉਹ ਪੈਸੇ ਇਕੱਠੇ ਕਰਨ ਵਿਚ ਲੈਂਦੇ ਹਨ।” ਉਨ੍ਹਾਂ ਦੇ ਭਾਣੇ ਬਾਈਬਲ ਅਜਿਹੇ ਕੰਮਾਂ ਨੂੰ ਹੱਲਾਸ਼ੇਰੀ ਦਿੰਦੀ ਹੈ ਜਾਂ ਨਜ਼ਰਅੰਦਾਜ਼ ਕਰਦੀ ਹੈ। ਪਰ ਸੱਚਾਈ ਇਹ ਹੈ ਕਿ ਬਾਈਬਲ ਮਸੀਹੀਆਂ ਨੂੰ “ਇੱਕ ਦੂਏ ਨੂੰ ਪਿਆਰ” ਕਰਨ ਦਾ ਹੁਕਮ ਦਿੰਦੀ ਹੈ। ਇਸ ਦੇ ਨਾਲ-ਨਾਲ ਜਿਹੜੇ ਪ੍ਰਚਾਰ ਕਰਦੇ ਹਨ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ “ਤੁਸਾਂ ਮੁਫ਼ਤ ਲਿਆ ਹੈ, ਮੁਫ਼ਤ ਹੀ ਦਿਓ।” (ਯੂਹੰਨਾ 13:34; ਮੱਤੀ 10:8) ਤਾਂ ਫਿਰ ਕੀ ਈਸਾਈਆਂ ਦੇ ਕੰਮਾਂ ਦੇ ਆਧਾਰ ਤੇ ਬਾਈਬਲ ਬਾਰੇ ਫ਼ੈਸਲਾ ਕਰਨਾ ਜਾਇਜ਼ ਹੋਵੇਗਾ?
ਕਈ ਲੋਕ ਮੰਨਦੇ ਹਨ ਕਿ ਬਾਈਬਲ ਗ਼ੈਰ-ਸਾਇੰਸੀ ਹੈ, ਇਸ ਦੀਆਂ ਕਈ ਗੱਲਾਂ ਆਪਸ ਵਿਚ ਮੇਲ ਨਹੀਂ ਖਾਂਦੀਆਂ, ਅਤੇ ਕਿ ਇਹ ਅੱਜ ਦੇ ਜ਼ਮਾਨੇ ਤੇ ਲਾਗੂ ਨਹੀਂ ਹੁੰਦੀ। ਪਰ ਇਸ ਦੀ ਪੂਰੀ ਤਰ੍ਹਾਂ ਜਾਂਚ ਕਰਨ ਨਾਲ ਪਤਾ ਲੱਗਦਾ ਹੈ ਕਿ ਗੱਲ ਇਸ ਤਰ੍ਹਾਂ ਨਹੀਂ ਹੈ। ਇਹ ਸੱਚ ਹੈ ਕਿ ਬਾਈਬਲ ਸਾਇੰਸ ਦੀ ਇਕ ਕਿਤਾਬ ਨਹੀਂ ਹੈ। ਪਰ ਜਦੋਂ ਇਸ ਵਿਚ ਸਾਇੰਸ-ਸੰਬੰਧੀ ਕੋਈ ਗੱਲ ਕੀਤੀ ਗਈ ਹੈ ਤਾਂ ਇਸ ਵਿਚ ਕੋਈ ਗ਼ਲਤੀ ਨਹੀਂ ਹੈ ਜਿਵੇਂ ਕਿ ਕਿਸ ਸਿਲਸਿਲੇ ਵਿਚ ਜੀਉਂਦੀਆਂ ਚੀਜ਼ਾਂ ਧਰਤੀ ਤੇ ਉਤਪੰਨ ਹੋਈਆਂ, ਧਰਤੀ ਦਾ ਆਕਾਰ, ਅਤੇ ਫੈਲਣ ਵਾਲੀਆਂ ਬੀਮਾਰੀਆਂ ਦਾ ਢੁੱਕਵਾਂ ਇਲਾਜ। ਅਸਲ ਵਿਚ ਇਨ੍ਹਾਂ ਸਾਰੀਆਂ ਗੱਲਾਂ ਵਿਚ ਬਾਈਬਲ ਸਾਇੰਸ ਦੀਆਂ ਖੋਜਾਂ ਨਾਲੋਂ ਵੀ ਅੱਗੇ ਸੀ। ਭਾਵੇਂ ਬਾਈਬਲ ਦੀਆਂ 66 ਕਿਤਾਬਾਂ 1,600 ਸਾਲਾਂ ਦੌਰਾਨ ਲਿਖੀਆਂ ਗਈਆਂ ਸਨ, ਇਨ੍ਹਾਂ ਸਾਰੀਆਂ ਕਿਤਾਬਾਂ ਵਿਚ ਸੁਮੇਲ ਹੈ। ਇਸ ਤੋਂ ਇਲਾਵਾ, ਬਾਈਬਲ ਵਿਚ ਇਨਸਾਨੀ ਸੁਭਾਅ ਬਾਰੇ ਵਿਲੱਖਣ ਜਾਣਕਾਰੀ ਪਾਈ ਜਾਂਦੀ, ਜਿਸ ਕਰਕੇ ਇਹ ਸਾਡੇ ਜ਼ਮਾਨੇ ਉੱਤੇ ਵੀ ਲਾਗੂ ਹੁੰਦੀ ਹੈ।
ਇਹ ਨਿਰਾਲੀ ਕਿਤਾਬ ਪਰਮੇਸ਼ੁਰ ਦੀ ਉਪਾਸਨਾ ਬਾਰੇ ਇਹ ਜ਼ਰੂਰੀ ਗੱਲ ਕਹਿੰਦੀ ਹੈ ਕਿ ਉਸ ਦੀ ਉਪਾਸਨਾ ਇਨਸਾਨਾਂ ਦੀਆਂ ਸ਼ਰਤਾਂ ਤੇ ਨਹੀਂ ਪਰ ਪਰਮੇਸ਼ੁਰ ਦੀਆਂ ਸ਼ਰਤਾਂ ਤੇ ਕੀਤੀ ਜਾਣੀ ਚਾਹੀਦੀ ਹੈ। (ਯੂਹੰਨਾ 5:30; ਯਾਕੂਬ 4:13-15; 2 ਪਤਰਸ 1:21) ਲੇਕਿਨ ਬਹੁਤ ਘੱਟ ਲੋਕ ਇਸ ਗੱਲ ਨੂੰ ਕਬੂਲ ਕਰਦੇ ਹਨ। ਪੁਰਾਣਿਆਂ ਸਮਿਆਂ ਤੋਂ ਹੀ ਲੋਕਾਂ ਨੇ ਆਪਣੀ ਮਰਜ਼ੀ ਦੇ ਧਰਮ ਸ਼ੁਰੂ ਕੀਤੇ ਹੋਏ ਹਨ। ਇਹ ਉਦੋਂ ਦੇਖਿਆ ਜਾਂਦਾ ਹੈ ਜਦੋਂ ਲੋਕ ਲੱਕੜ ਤੋਂ ਮੂਰਤੀਆਂ ਘੜ ਕੇ ਉਨ੍ਹਾਂ ਦੀ ਪੂਜਾ ਕਰਦੇ ਹਨ, ਜਦੋਂ ਧਾਰਮਿਕ ਸੰਸਥਾਵਾਂ ਆਪਣੀਆਂ ਹੀ ਸਿੱਖਿਆਵਾਂ ਘੜ ਕੇ ਸਿਖਾਉਂਦੀਆਂ ਹਨ, ਅਤੇ ਜਦੋਂ ਲੋਕੀ ਕਿਸੇ ਧਰਮ ਨੂੰ ਆਪਣੀ ਹੀ ਪਸੰਦ ਮੁਤਾਬਕ ਅਦਲ-ਬਦਲ ਕੇ ਮੰਨਦੇ ਹਨ।
ਕਿਉਂ ਨਾ ਤੁਸੀਂ ਭਗਤੀ ਕਰਨ ਦੇ ਇਕ ਹੋਰ ਤਰੀਕੇ ਤੇ ਵਿਚਾਰ ਕਰੋ। ਅਮਰੀਕਾ ਦੇ ਸੂਪਰੀਮ ਕੋਰਟ ਦੇ ਇਕ ਜੱਜ ਦੀ ਤਰ੍ਹਾਂ ਕਰ ਕੇ ਦੇਖੋ। ਜਿਸ ਨਿਰਪੱਖ ਤਰੀਕੇ ਵਿਚ ਉਹ ਅਦਾਲਤ ਵਿਚ ਕੇਸ ਚਲਾਉਂਦਾ ਸੀ ਉਸੇ ਤਰੀਕੇ ਵਿਚ ਉਸ ਨੇ ਬਾਈਬਲ ਦੀ ਸੱਚਾਈ ਦੇ ਪੱਖ-ਵਿਪੱਖ ਸਬੂਤਾਂ ਦੀ ਜਾਂਚ-ਪੜਤਾਲ ਕੀਤੀ। ਉਹ ਕਿਹੜੇ ਸਿੱਟੇ ਤੇ ਪਹੁੰਚਿਆ? ਉਹ ਦੱਸਦਾ ਹੈ: “ਮੇਰਾ ਇਹ ਫ਼ੈਸਲਾ ਹੈ ਕਿ ਬਾਈਬਲ ਕੋਈ ਆਮ ਕਿਤਾਬ ਨਹੀਂ ਹੈ, ਇਹ ਰੱਬ ਤੋਂ ਆਈ ਹੈ।”
ਤੁਸੀਂ ਇਸੇ ਤਰ੍ਹਾਂ ਦੀ ਜਾਂਚ-ਪੜਤਾਲ ਕਿਵੇਂ ਕਰ ਸਕਦੇ ਹੋ? ਇਕ ਸੁਝਾਅ ਇਹ ਹੈ ਕਿ ਤੁਸੀਂ ਇਸ ਲੇਖ ਦੇ ਸ਼ੁਰੂ ਵਿਚ ਪੇਸ਼ ਕੀਤੇ ਗਏ ਸਵਾਲਾਂ ਦੇ ਜਵਾਬਾਂ ਦੀ ਖੋਜ ਕਰ ਕੇ ਬਾਈਬਲ ਦੀ ਸਟੱਡੀ ਕਰ ਸਕਦੇ ਹੋ। ਦੁਨੀਆਂ ਦੇ 235 ਦੇਸ਼ਾਂ ਵਿਚ ਯਹੋਵਾਹ ਦੇ ਲਗਭਗ ਸੱਠ ਲੱਖ ਗਵਾਹਾਂ ਨੇ ਇਸੇ ਤਰ੍ਹਾਂ ਬਾਈਬਲ ਦੀ ਸੱਟਡੀ ਕੀਤੀ ਹੈ। ਉਹ ਆਪਣਾ ਸਮਾਂ ਕੱਢ ਕੇ ਦੂਸਰਿਆਂ ਨਾਲ ਮੁਫ਼ਤ ਵਿਚ ਬਾਈਬਲ ਦੀ ਸਟੱਡੀ ਕਰਦੇ ਹਨ। ਇਸ ਤਰ੍ਹਾਂ ਉਨ੍ਹਾਂ ਨੇ ਲੱਖਾਂ ਹੀ ਲੋਕਾਂ ਨੂੰ ਉਹ ਸਿੱਖਿਆ ਦਿੱਤੀ ਹੈ ਜੋ ਉਨ੍ਹਾਂ ਨੇ ਖ਼ੁਦ ਪ੍ਰਾਪਤ ਕੀਤੀ ਹੈ। ਇਸ ਦੇ ਨਾਲ-ਨਾਲ ਅਜਿਹੇ ਲੋਕ ਉਹ ਨਿਹਚਾ ਪਾ ਸਕੇ ਹਨ ਜੋ ਇਨਸਾਨੀ ਖ਼ਿਆਲਾਂ ਦੁਆਰਾ ਨਹੀਂ ਘੜੀ ਗਈ। ਬਾਈਬਲ ਵਿਚ ਪੇਸ਼ ਕੀਤੀ ਗਈ ਖਰੀ ਅਤੇ ਸੱਚੀ ਮਸੀਹੀਅਤ ਕੋਈ ਆਮ ਧਰਮ ਨਹੀਂ ਹੈ। ਇਸ ਵਿਚ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਬਾਰੇ ਸੱਚਾਈ ਸਮਾਈ ਹੋਈ ਹੈ। ਤਾਂ ਫਿਰ ਕਿਉਂ ਨਾ ਅਸੀਂ ਆਪਣੀ ਰੂਹਾਨੀਅਤ ਦੀ ਖ਼ਾਤਰ ਇਸ ਨੂੰ ਕਬੂਲ ਕਰੀਏ?—ਯੂਹੰਨਾ 17:17.
[ਸਫ਼ਾ 16 ਉੱਤੇ ਤਸਵੀਰਾਂ]
ਰੂਹਾਨੀ ਲੋੜ ਪੂਰੀ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਬਾਈਬਲ ਵਿੱਚੋਂ ਪਰਮੇਸ਼ੁਰ ਬਾਰੇ ਸਿੱਖਣਾ ਅਤੇ ਸੱਚੇ ਭਗਤਾਂ ਨਾਲ ਸੰਗਤ ਕਰਨੀ