ਸੰਸਾਰ ਉੱਤੇ ਨਜ਼ਰ
ਸੰਸਾਰ ਉੱਤੇ ਨਜ਼ਰ
ਨਿਆਣਿਆਂ ਲਈ ਮੇਕ-ਅੱਪ
ਦ ਜਪਾਨ ਟਾਈਮਜ਼ ਅਖ਼ਬਾਰ ਨੇ ਰਿਪੋਰਟ ਕੀਤਾ ਕਿ ਜਪਾਨ ਵਿਚ ਮੇਕ-ਅੱਪ ਬਣਾਉਣ ਵਾਲੇ ਹੁਣ ਖ਼ਾਸ ਤੌਰ ਤੇ ਨਿਆਣਿਆਂ ਲਈ ਮੇਕ-ਅੱਪ ਬਣਾ ਰਹੇ ਹਨ। ਬਾਰਾਂ-ਤੇਰਾਂ ਸਾਲਾਂ ਦੀਆਂ ਛੋਕਰੀਆਂ ਫ਼ੈਸ਼ਨ ਦੀ ਇਸ ਭੇਡ ਚਾਲ ਮਗਰ ਲੱਗੀਆਂ ਵੱਡੀਆਂ-ਵੱਡੀਆਂ ਦੁਕਾਨਾਂ ਤੇ ਘੁੰਮਦੀਆਂ ਫਿਰਦੀਆਂ ਹਨ। ਉਹ ਆਪਣੇ ਮਨ-ਪਸੰਦ ਸੰਗੀਤਕਾਰਾਂ ਦੀ ਨਕਲ ਕਰਨ ਲਈ ਲਿਸ਼ਕਦੀਆਂ ਲਿਪਸਟਿਕਾਂ ਅਤੇ ਮਸਕਾਰਾ ਖ਼ਰੀਦਦੀਆਂ ਹਨ। ਅੱਜ ਤੋਂ ਪਹਿਲਾਂ ਨਿਆਣੇ ਨਾਟਕ ਖੇਡਣ ਸਮੇਂ ਹੀ ਲਿਪਸਟਿਕਾਂ ਲਾਉਂਦੇ ਹੁੰਦੇ ਸਨ। ਪਰ ਹੁਣ ਕਾਫ਼ੀ ਨਿਆਣੇ ਮੇਕ-ਅੱਪ ਲਾਉਣ ਦੇ ਬਹੁਤ ਸ਼ੌਕੀਨ ਹਨ ਅਤੇ ਇਹ ਜਾਣਨਾ ਚਾਹੁੰਦੇ ਹਨ ਕਿ ਉਹ ਆਪਣੇ ਖ਼ਾਸ ਨੈਣ-ਨਕਸ਼ਾਂ ਨੂੰ ਕਿਵੇਂ ਜ਼ਿਆਦਾ ਖ਼ੂਬਸੂਰਤ ਬਣਾ ਸਕਦੇ ਹਨ ਜਾਂ ਉਨ੍ਹਾਂ ਵੱਲ ਕਿਵੇਂ ਘੱਟ ਧਿਆਨ ਖਿੱਚ ਸਕਦੇ ਹਨ। ਨਿਆਣਿਆਂ ਦੇ ਇਕ ਰਸਾਲੇ ਦੀ ਸੰਪਾਦਕ ਨੇ ਲਿਖਿਆ: “ਹੁਣ ਪਹਿਲਾਂ ਨਾਲੋਂ ਘੱਟ ਉਮਰ ਦੇ ਨਿਆਣੇ ਆਪਣੇ ਆਪ ਨੂੰ ਬਦਸੂਰਤ ਸਮਝਣ ਲੱਗ ਪਏ ਹਨ। ਅੱਜ-ਕੱਲ੍ਹ ਦੇ ਨਿਆਣੇ ਪਹਿਲਾਂ ਵਾਲੇ ਨਿਆਣਿਆਂ ਨਾਲੋਂ ਛੋਟੀ ਉਮਰ ਤੇ ਹੀ ਆਪਣੀਆਂ ਕਮੀਆਂ ਜਾਣਦੇ ਹਨ।” ਪਰ ਇਕ ਜਪਾਨੀ ਕੰਪਨੀ ਕਹਿੰਦੀ ਹੈ ਕਿ “ਆਮ ਤੌਰ ਤੇ ਜਪਾਨੀ ਨਿਆਣੇ ਨਾ ਛੋਟੇ ਨਾ ਵੱਡੇ ਸਕੂਲ ਵਿਚ ਮੇਕ-ਅੱਪ ਲਾਉਂਦੇ ਹਨ। ਅਸੀਂ ਸਮਾਜ ਦੀ ਲਾਜ ਦੀ ਕਦਰ ਕਰਦੇ ਹਾਂ ਅਤੇ ਇਸ ਲਈ (ਨਿਆਣਿਆਂ ਲਈ) ਮੇਕ-ਅੱਕ ਨਹੀਂ ਬਣਾਵਾਂਗੇ।”
ਸਰਕਾਰ ਨੂੰ ਸਿਗਰਟਾਂ ਕਾਰਨ ਹੋਣ ਵਾਲੀਆਂ ਮੌਤਾਂ ਤੋਂ ਨਫ਼ਾ?
ਦ ਵੌਲ ਸਟ੍ਰੀਟ ਜਰਨਲ ਅਖ਼ਬਾਰ ਦੇ ਅਨੁਸਾਰ ‘ਚੈੱਕ ਗਣਰਾਜ ਵਿਚ ਫ਼ਿਲਿਪ ਮੌਰਿਸ ਕੰਪਨੀਆਂ ਦੇ ਅਫ਼ਸਰ ਇਕ ਪੈਸਾ-ਸੰਬੰਧੀ ਰਿਪੋਰਟ ਵੰਡ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿਗਰਟਾਂ ਪੀਣ ਵਾਲਿਆਂ ਦੀ ਸਮੇਂ ਤੋਂ ਪਹਿਲਾਂ ਮੌਤ ਹੋਣ ਕਰਕੇ ਡਾਕਟਰੀ ਖ਼ਰਚਿਆਂ ਦੀ ਬਚਤ ਹੁੰਦੀ ਹੈ।’ ਇਸ ਅਖ਼ਬਾਰ ਨੇ ਅੱਗੇ ਕਿਹਾ ਕਿ ‘ਇਹ ਰਿਪੋਰਟ ਸਿਗਰਟਾਂ ਬਣਾਉਣ ਵਾਲਿਆਂ ਦੁਆਰਾ ਪੇਸ਼ ਕੀਤੀ ਗਈ ਹੈ ਅਤੇ ਸਿਗਰਟ ਪੀਣ ਵਾਲਿਆਂ ਦੀ ਸਮੇਂ ਤੋਂ ਪਹਿਲਾਂ ਮੌਤ ਦੇ ਫ਼ਾਇਦਿਆਂ ਬਾਰੇ ਦੱਸਦੀ ਹੈ। ਸਰਕਾਰ ਦੇ ਬਜਟ ਨੂੰ ਫ਼ਾਇਦਾ ਹੁੰਦਾ ਹੈ, ਜ਼ਿਆਦਾ ਟੈਕਸ ਇਕੱਠਾ ਹੁੰਦਾ ਹੈ, ਅਤੇ ਡਾਕਟਰੀ ਖ਼ਰਚ ਘੱਟ ਹੁੰਦੇ ਹਨ।’ ਇਹ ਲੇਖ ਅੱਗੇ ਦੱਸਦਾ ਹੈ ਕਿ ‘ਸਿਗਰਟਾਂ ਤੋਂ ਆਮਦਨ ਦੀ ਜਾਂਚ ਕਰਦਿਆਂ ਇਸ ਰਿਪੋਰਟ ਨੇ ਸਿੱਟਾ ਕੱਢਿਆ ਕਿ 1999 ਵਿਚ ਸਰਕਾਰ ਨੂੰ 5.82 ਅਰਬ ਕੌਰਨਾ (ਲਗਭਗ 7 ਅਰਬ, 15 ਕਰੋੜ ਰੁਪਏ) ਮਿਲੇ।’ ਇਸ ਰਿਪੋਰਟ ਕਾਰਨ ਬਹੁਤ ਹਲਚਲ ਮੱਚ ਗਈ। ਇਕ ਕਾਲਮਨਵੀਸ ਨੇ ਲਿਖਿਆ: ‘ਤਮਾਖੂ ਦੀਆਂ ਕੰਪਨੀਆਂ ਪਹਿਲਾਂ ਇਹ ਗੱਲ ਨਹੀਂ ਮੰਨਦੀਆਂ ਸੀ ਕਿ ਸਿਗਰਟਾਂ ਲੋਕਾਂ ਦੀ ਜਾਨ ਲੈਂਦੀਆਂ ਹਨ। ਪਰ ਹੁਣ ਉਹ ਇਸ ਗੱਲ ਬਾਰੇ ਸ਼ੇਖੀ ਮਾਰਦੀਆਂ ਹਨ।’ ਪੈਸਿਆਂ ਦੇ ਇਕ ਪ੍ਰਬੰਧਕ ਨੇ ਕਿਹਾ: ‘ਕੀ ਕੋਈ ਹੋਰ ਵੀ ਐਸੀ ਕੰਪਨੀ ਹੈ ਜੋ ਇਹ ਸ਼ੇਖੀ ਮਾਰਦੀ ਹੈ ਕਿ ਉਹ ਆਪਣੇ ਗਾਹਕਾਂ ਨੂੰ ਮਾਰ ਕੇ ਸਰਕਾਰ ਲਈ ਪੈਸਾ ਇਕੱਠਾ ਕਰ ਸਕਦੀ ਹੈ? ਮੈਨੂੰ ਲੱਗਦਾ ਕਿ ਹੋਰ ਕੋਈ ਐਸੀ ਕੰਪਨੀ ਨਹੀਂ ਹੋ ਸਕਦੀ।’ ਫ਼ਿਲਿਪ ਮੌਰਿਸ ਕੰਪਨੀਆਂ ਨੇ ਅਗਲੇ ਹਫ਼ਤੇ ਮਾਫ਼ੀ ਮੰਗੀ। ਉਸ ਦੇ ਸੀਨੀਅਰ ਵਾਇਸਪ੍ਰੈਜ਼ੀਡੈਂਟ ਸਟੀਵਨ ਸੀ. ਪੈਰਿਸ਼ ਨੇ ਕਿਹਾ ਕਿ ‘ਅਸੀਂ ਸਵੀਕਾਰ ਕਰਦੇ ਹਾਂ ਕਿ ਇਵੇਂ ਕਹਿਣਾ ਸਿਰਫ਼ ਗ਼ਲਤ ਹੀ ਨਹੀਂ ਸੀ ਪਰ ਇਹ ਬੇਈਮਾਨ ਵੀ ਹੈ। ਸਾਨੂੰ ਬਿਲਕੁਲ ਹੀ ਇਹ ਨਹੀਂ ਕਹਿਣਾ ਚਾਹੀਦਾ ਸੀ।’
ਮੱਛਰ ਫੜਨ ਲਈ ਯੰਤਰ
ਸਿੰਗਾਪੁਰ ਵਿਚ ਇਕ ਕੰਪਨੀ ਅਜਿਹਾ ਯੰਤਰ ਬਣਾ ਰਹੀ ਹੈ ਜੋ ਦਵਾਈ ਵਰਤਣ ਤੋਂ ਬਿਨਾਂ ਮੱਛਰਾਂ ਨੂੰ ਮਾਰਦਾ ਹੈ। ਲੰਡਨ ਦੀ ਅਖ਼ਬਾਰ ਦ ਇਕਾਨੋਮਿਸਟ ਨੇ ਰਿਪੋਰਟ ਕੀਤਾ ਕਿ ਇਹ 15 ਇੰਚ ਉੱਚਾ ਕਾਲੇ ਰੰਗ ਦਾ ਪਲਾਸਟਿਕ ਡੱਬਾ “ਜਿਸਮ ਵਾਂਗ ਨਿੱਘਾ ਹੈ ਅਤੇ ਕਾਰਬਨ ਡਾਇਆਕਸਾਈਡ ਛੱਡਦਾ ਹੈ।” ਮੱਛਰ ਆਪਣੇ ਸ਼ਿਕਾਰ ਦੇ ਜਿਸਮੀ ਨਿੱਘ ਅਤੇ ਉਸ ਦੇ ਸਾਹ ਵਿਚ ਕਾਰਬਨ ਡਾਇਆਕਸਾਈਡ ਵੱਲ ਖਿੱਚੇ ਜਾਂਦੇ ਹਨ। ਇਸ ਲਈ, ਇਸ ਯੰਤਰ ਦੀ ਬਣਤਰ ਕਾਰਨ “ਮੱਛਰਾਂ ਨੂੰ ਭੁਲੇਖਾ ਲੱਗਦਾ ਹੈ ਕਿ ਉਹ ਹੁਣ ਪੇਟ-ਪੂਜਾ ਕਰ ਸਕਣਗੇ।” ਇਹ ਡੱਬਾ ਬਿਜਲੀ ਨਾਲ ਨਿੱਘਾ ਕੀਤਾ ਜਾਂਦਾ ਹੈ ਅਤੇ ਇਸ ਵਿਚ ਇਕ ਛੋਟੀ ਜਿਹੀ ਡੱਬੀ ਹੁੰਦੀ ਹੈ ਜਿਸ ਤੋਂ ਕਾਰਬਨ ਡਾਇਆਕਸਾਈਡ ਨਿਕਲਦਾ ਹੈ। ਡੱਬੇ ਵਿਚ ਇਕ ਮੋਰੀ ਰਾਹੀਂ ਮੱਛਰ ਜਗਮਗਾਉਂਦੀ ਲੋਅ ਵੱਲ ਖਿੱਚੇ ਜਾਂਦੇ ਹਨ। ਇਕ ਪੱਖੇ ਦੀ ਹਵਾ ਰਾਹੀਂ ਉਨ੍ਹਾਂ ਨੂੰ ਹੇਠਾਂ ਪਾਣੀ ਵਿਚ ਸੁੱਟਿਆ ਜਾਂਦਾ ਹੈ ਜਿੱਥੇ ਉਹ ਡੁੱਬ ਜਾਂਦੇ ਹਨ। ਇਹ ਯੰਤਰ ਇੱਕੋ ਰਾਤ ਵਿਚ 1,200 ਮੱਛਰ ਮਾਰ ਸਕਦਾ ਹੈ। ਇਹ ਖ਼ਾਸ ਕਰਕੇ ਰਾਤ ਵਾਲੇ ਐਨੋਫਲੀਜ਼ ਯਾਨੀ ਤਾਪ ਮੱਛਰਾਂ ਲਈ ਸੈੱਟ ਕੀਤਾ ਜਾ ਸਕਦਾ ਹੈ ਜਿਨ੍ਹਾਂ ਤੋਂ ਮਲੇਰੀਆ ਲੱਗਦਾ ਹੈ, ਜਾਂ ਦਿਨ ਵਾਲੇ ਐਡਿਸ ਮੱਛਰਾਂ ਲਈ ਸੈੱਟ ਕੀਤਾ ਜਾ ਸਕਦਾ ਹੈ ਜਿਨ੍ਹਾਂ ਤੋਂ ਪੀਲੀਆ ਤਾਪ ਅਤੇ ਡੈਂਗੂ ਬੁਖਾਰ ਦੀਆਂ ਬੀਮਾਰੀਆਂ ਲੱਗਦੀਆਂ ਹਨ। ਇਸ ਯੰਤਰ ਦਾ ਇਕ ਹੋਰ ਫ਼ਾਇਦਾ ਇਹ ਹੈ ਕਿ ਤਿੱਤਲੀਆਂ ਵਰਗੇ ਕੀਟ-ਪਤੰਗਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ।
ਫ਼ੌਜੀ ਨਿਆਣੇ
ਅਸੋਸੀਏਟਿਡ ਪ੍ਰੈੱਸ ਨੇ ਦੱਸਿਆ ਹੈ ਕਿ “ਸੰਸਾਰ ਦੇ 41 ਦੇਸ਼ਾਂ ਵਿਚ 3 ਲੱਖ ਤੋਂ ਜ਼ਿਆਦਾ ਨਿਆਣੇ ਫ਼ੌਜੀਆਂ ਵਜੋਂ ਲੜਾਈਆਂ ਵਿਚ ਭਰਤੀ ਹਨ। ਇਨ੍ਹਾਂ ਵਿੱਚੋਂ ਕੁਝ ਮਸੀਂ 7 ਸਾਲ ਦੇ ਹਨ।” ਉਹ ਜ਼ਿਆਦਾਤਰ 15 ਤੋਂ 18 ਸਾਲ ਦੇ ਹੁੰਦੇ ਹਨ। “ਫ਼ੌਜੀ ਨਿਆਣਿਆਂ ਦੀ ਵਰਤੋਂ ਬੰਦ ਕਰੋ” ਨਾਂ ਦੇ ਸੰਘ ਅਨੁਸਾਰ ਨਿਆਣਿਆਂ ਨੂੰ ਫਰੰਟ-ਲਾਈਨ ਤੇ ਲੜਨ ਲਈ ਵਰਤਣ ਤੋਂ ਇਲਾਵਾ, ਬਾਰੂਦੀ ਸੁਰੰਗਾਂ ਲੱਭਣ ਲਈ, ਜਾਸੂਸਾਂ, ਕੁਲੀਆਂ ਅਤੇ ਕੰਜਰਪੂਣੇ ਲਈ ਵਰਤਿਆਂ ਜਾਂਦਾ ਹੈ।” ਨਿਆਣਿਆਂ ਨੂੰ ਨਿਡਰ ਬਣਾਉਣ ਲਈ ਅਕਸਰ ਡ੍ਰੱਗਜ਼ ਵੀ ਦਿੱਤੇ ਜਾਂਦੇ ਹਨ। ਸੀਅਰਾ ਲਿਓਨ ਵਿਚ ਇਕ 14-ਸਾਲਾ ਫ਼ੌਜੀ ਨਿਆਣੇ ਨੇ ਕਿਹਾ ਕਿ ਉਨ੍ਹਾਂ ਨਿਆਣਿਆਂ ਨੂੰ ਮਾਰ ਦਿੱਤਾ ਜਾਂਦਾ ਹੈ ਜੋ ਡ੍ਰੱਗਜ਼ ਲੈਣ ਤੋਂ ਇਨਕਾਰ ਕਰਦੇ ਹਨ। ਉੱਤਰੀ ਅਫ਼ਰੀਕਾ ਦਾ ਇਕ ਨੌਜਵਾਨ 1999 ਦੇ ਸਾਲ ਬਾਰੇ ਦੱਸਦਾ ਹੈ ਜਦੋਂ ਉਹ ਸਿਰਫ਼ 15 ਸਾਲਾਂ ਦਾ ਹੀ ਸੀ ਅਤੇ ਲੜਾਈ ਵਿਚ ਭਰਤੀ ਹੋਇਆ ਸੀ: “ਫ਼ੌਜੀਆਂ ਨੇ 15 ਅਤੇ 16 ਸਾਲਾਂ ਦੇ ਸਾਰਿਆਂ ਨਿਆਣਿਆਂ ਨੂੰ ਫਰੰਟ-ਲਾਈਨ ਵਿਚ ਲਗਾ ਦਿੱਤਾ ਪਰ ਉਹ ਆਪ
ਭੱਜ ਗਏ। ਮੈਂ 40 ਹੋਰ ਨਿਆਣਿਆਂ ਨਾਲ ਸੀ। ਮੈਂ 24 ਘੰਟਿਆਂ ਲਈ ਲੜਿਆ। ਜਦੋਂ ਮੈਂ ਦੇਖਿਆ ਕਿ ਮੇਰੇ ਸਿਰਫ਼ ਤਿੰਨ ਦੋਸਤ ਹੀ ਜੀਉਂਦੇ ਸੀ, ਮੈਂ ਪਿਛਾਂਹ ਦੌੜ ਗਿਆ। ਇਸ ਸੰਘ ਦੀ ਰਿਪੋਰਟ ਨੇ ਦੱਸਿਆ ਕਿ ਸਰਕਾਰਾਂ ਨਿਆਣਿਆਂ ਨੂੰ ਇਸ ਲਈ ਭਰਤੀ ਕਰਦੀਆਂ ਹਨ ਕਿਉਂਕਿ ‘ਉਹ ਸਸਤੇ ਹਨ ਅਤੇ ਉਨ੍ਹਾਂ ਨੂੰ ਫ਼ਜ਼ੂਲ ਸਮਝਿਆ ਜਾਂਦਾ ਹੈ। ਨਿਆਣੇ ਬਹੁਤ ਭੋਲੇ ਹੁੰਦੇ ਹਨ ਇਸ ਲਈ ਉਨ੍ਹਾਂ ਨੂੰ ਸੌਖਿਆਂ ਹੀ ਨਿਡਰ ਬਣਾਇਆ ਜਾ ਸਕਦਾ ਹੈ। ਉਹ ਆਪਣੇ ਆਪ ਲਈ ਨਹੀਂ ਸੋਚਦੇ ਅਤੇ ਛੇਤੀ ਆਖੇ ਲੱਗ ਜਾਂਦੇ ਹਨ।’ਖ਼ੂਨ ਚੜ੍ਹਾਉਣ ਦੇ ਖ਼ਤਰੇ
ਆਸਟ੍ਰੇਲੀਆ ਦੇ ਸਿਡਨੀ ਮਾਰਨਿੰਗ ਹੈਰਲਡ ਅਖ਼ਬਾਰ ਨੇ ਰਿਪੋਰਟ ਕੀਤਾ ਹੈ ਕਿ ਨਿਊ ਸਾਉਥ ਵੇਲਜ਼ ਦੇ “ਸਿਹਤ ਸੰਬੰਧੀ ਮਸ਼ਵਰਿਆਂ ਅਨੁਸਾਰ, ਖ਼ੂਨ ਦੇ ਤਿੰਨਾਂ ਵਿੱਚੋਂ ਇਕ ਟ੍ਰਾਂਸਫਯੁਜ਼ਨ ਬਿਨਾਂ ਲੋੜ ਦਿੱਤਾ ਜਾ ਰਿਹਾ ਸੀ। ਇਨ੍ਹਾਂ ਮਸ਼ਵਰਿਆਂ ਅਨੁਸਾਰ ਖ਼ੂਨ ਉਦੋਂ ਚੜ੍ਹਾਇਆ ਜਾਣਾ ਚਾਹੀਦਾ ਹੈ ਜਦੋਂ ਮਰੀਜ਼ ਦਾ ਹੀਮੋਗਲੋਬਿਨ ਸੱਤ ਜਾਂ ਉਸ ਤੋਂ ਘੱਟ ਹੋਵੇ।” ਡਾ. ਰੌਸ ਵਿਲਸਨ ਨੇ ਖ਼ੂਨ ਦੀ ਵਰਤੋਂ ਬਾਰੇ ਸਟੱਡੀ ਕਰਨ ਤੋਂ ਬਾਅਦ ਇਹ ਦੱਸਿਆ ਕਿ “ਬੇਲੋੜ ਖ਼ੂਨ ਚੜ੍ਹਾਉਣ ਨਾਲ ਮਰੀਜ਼ ਦਾ ਹਾਰਟ ਫੇਲ੍ਹ ਹੋ ਸਕਦਾ ਹੈ ਅਤੇ ਉਹ ਮਰ ਸਕਦਾ ਹੈ।” ਛੇ ਸਾਲ ਪਹਿਲਾਂ ਡਾ. ਵਿਲਸਨ ਦੁਆਰਾ ਕੀਤੀ ਗਈ ਇਕ ਸਟੱਡੀ ਅਨੁਸਾਰ “ਹਰੇਕ ਸਾਲ ਤਕਰੀਬਨ 18,000 [ਆਸਟ੍ਰੇਲੀਆਈ ਲੋਕ] ਖ਼ੂਨ ਲੈਣ ਤੋਂ ਬਾਅਦ ਹੋਣ ਵਾਲੇ ਵਿਗਾੜ ਕਾਰਨ ਮਰ ਜਾਂਦੇ ਹਨ।” ਡਾ. ਵਿਲਸਨ ਨੇ ਕਿਹਾ ਕਿ ਜਦੋਂ ਵੀ ਡਾਕਟਰ ਖ਼ੂਨ ਚੜ੍ਹਾਉਣ ਦਾ ਫ਼ੈਸਲਾ ਕਰਦੇ ਹਨ ਤਾਂ ਉਨ੍ਹਾਂ ਨੂੰ ਸਿਹਤ ਸੰਬੰਧੀ ਮਸ਼ਵਰਿਆਂ ਬਾਰੇ ਯਾਦ ਦਿਲਾਇਆ ਜਾਣ ਚਾਹੀਦਾ ਹੈ। ਉਸ ਨੇ ਕਿਹਾ ਕਿ ਮਰੀਜ਼ਾਂ ਨੂੰ ਵੀ ਮਸ਼ਵਰਿਆਂ ਬਾਰੇ ਦੱਸਿਆ ਜਾਣਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਡਾਕਟਰਾਂ ਨੂੰ ਸਿੱਧੀਆਂ-ਸਿੱਧੀਆਂ ਗੱਲਾਂ ਪੁੱਛ ਸਕਣ।
ਘਰਾਂ ਵਿਚ ਖ਼ਤਰੇ!
ਲੰਡਨ ਦੀ ਅਖ਼ਬਾਰ ਦ ਗਾਰਡੀਅਨ ਨੇ ਰਿਪੋਰਟ ਕੀਤਾ ਹੈ ਕਿ ਬਰਤਾਨੀਆ ਦੇ ਟ੍ਰੇਡ ਅਤੇ ਇੰਡਸਟਰੀ ਵਿਭਾਗ ਦੁਆਰਾ ਪ੍ਰਕਾਸ਼ਿਤ ਕੀਤੇ ਗਏ ਸਾਲ 1999 ਲਈ ਹਸਪਤਾਲਾਂ ਦੇ ਅੰਕੜਿਆਂ ਅਨੁਸਾਰ “ਹਰ ਹਫ਼ਤੇ ਘਰੇਲੂ ਹਾਦਸਿਆਂ ਵਿਚ 76 ਲੋਕ ਮਾਰੇ ਗਏ ਸਨ। ਇਹ ਗਿਣਤੀ ਸੜਕਾਂ ਤੇ ਹਾਦਸਿਆਂ ਵਿਚ ਮਾਰੇ ਗਏ ਲੋਕਾਂ ਨਾਲੋਂ ਵੀ ਜ਼ਿਆਦਾ ਹੈ।” ਮੌਤ ਹੋਣ ਦੇ ਸਭ ਤੋਂ ਵੱਡੇ ਕਾਰਨ ਕੀ ਸਨ? “ਆਪੇ ਹੀ ਕਾਰੀਗਰੀ ਕਰਨ ਵਾਲੇ ਸੰਦ, ਸੀੜੀਆਂ, ਕਾਰਪੈਟ, ਅਤੇ ਉਬਲਦੇ ਪਾਣੀ ਦੀਆਂ ਕੇਤਲੀਆਂ।” ਹਰ ਸਾਲ 3,000 ਤੋਂ ਜ਼ਿਆਦਾ ਲੋਕ ਧੋਣ ਵਾਲੇ ਕੱਪੜਿਆਂ ਦੀਆਂ ਰਾਹ ਵਿਚ ਪਈਆਂ ਟੋਕਰੀਆਂ ਕਾਰਨ ਡਿੱਗ ਪੈਣ ਤੇ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਪਹੁੰਚਦੇ ਹਨ। ਜੁਰਾਬਾਂ ਜਾਂ ਟਾਈਟਜ਼ ਉਪਰ ਨੂੰ ਖਿੱਚਦੇ ਸਮੇਂ ਹੋਣ ਵਾਲੇ ਹਾਦਸਿਆਂ ਕਾਰਨ 10,000 ਤੋਂ ਜ਼ਿਆਦਾ ਲੋਕਾਂ ਨੂੰ ਹਸਪਤਾਲ ਦਾਖ਼ਲ ਹੋਣਾ ਪਿਆ। ਸਬਜ਼ੀਆਂ ਕੱਟਦੇ ਸਮੇਂ 13,000 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ। ਕੁਝ 1,00,000 ਹਾਦਸੇ ਸ਼ਰਾਬ ਪੀਣ ਕਾਰਨ ਹੋਏ। ਰਾਇਲ ਸੋਸਾਇਟੀ ਫਾਰ ਦ ਪ੍ਰੀਵੈਂਸ਼ਨ ਆਫ਼ ਐਕਸੀਡੈਂਟਜ਼ ਦੀ ਇਕ ਔਰਤ ਨੇ ਕਿਹਾ ਕਿ “ਅਸੀਂ ਨੌਕਰੀਆਂ ਤੇ ਅਤੇ ਸੜਕਾਂ ਤੇ ਨਿਯਮਾਂ ਅਨੁਸਾਰ ਚੱਲਦੇ ਹਾਂ, ਪਰ ਘਰ ਲਾਪਰਵਾਹੀ ਕਰ ਲੈਂਦੇ ਹਾਂ। ਜੇ ਗਰਮ ਪਾਣੀ ਨਾਲ ਭਰੀ ਹੋਈ ਚਾਹਦਾਨੀ ਤੁਹਾਡੇ ਪੈਰਾਂ ਉੱਤੇ ਡਿੱਗ ਪਵੇ ਤਾਂ ਤੁਸੀਂ ਬਹੁਤ ਬੁਰੀ ਤਰ੍ਹਾਂ ਜਲ਼ ਸਕਦੇ ਹੋ।”
ਵਿਆਹ ਤੋਂ ਪਹਿਲਾਂ ਇਕੱਠੇ ਰਹਿਣਾ
ਕੈਨੇਡਾ ਦੀ ਨੈਸ਼ਨਲ ਪੋਸਟ ਅਖ਼ਬਾਰ ਅਨੁਸਾਰ “ਵਿਆਹ ਤੋਂ ਪਹਿਲਾਂ ਇਕੱਠੇ ਰਹਿਣ ਵਾਲੇ ਮਾਪਿਆਂ ਦੀ ਅਲੱਗ ਹੋਣ ਦੀ ਸੰਭਾਵਨਾ ਲਗਭਗ ਦੁਗੁਣੀ ਹੁੰਦੀ ਹੈ।” ਸਟੈਟਿਸਟਿਕਸ ਕੈਨੇਡਾ ਦੁਆਰਾ ਕੀਤੀ ਗਈ ਇਕ ਸਟੱਡੀ ਦੀ ਸਹਿ-ਲੇਖਕਾ, ਹੈਦਰ ਜੂਬੀ ਨੇ ਕਿਹਾ ਕਿ ਰਿਸਰਚ ਕਰਨ ਵਾਲਿਆਂ ਦੀ ਇਹ ਉਮੀਦ ਸੀ ਕਿ ਨਿਆਣਿਆਂ ਕਾਰਨ ਮਾਪਿਆਂ ਵਿਚ ਸ਼ਾਇਦ ਇਕ ਪੱਕਾ ਬੰਧਨ ਹੋਵੇਗਾ। “ਪਰ,” ਉਸ ਨੇ ਅੱਗੇ ਕਿਹਾ ਕਿ “ਉਨ੍ਹਾਂ ਲੋਕਾਂ ਦੀ ਵਿਆਹ ਤੋਂ ਬਾਅਦ ਅਲੱਗ ਹੋਣ ਦੀ ਜ਼ਿਆਦਾ ਸੰਭਾਵਨਾ ਹੈ ਜੋ ਵਿਆਹ ਤੋਂ ਪਹਿਲਾਂ ਇਕੱਠੇ ਰਹਿੰਦੇ ਹਨ।” ਰਿਸਰਚ ਕਰਨ ਵਾਲਿਆਂ ਨੂੰ ਪਤਾ ਚੱਲਿਆ ਕਿ ਵਿਆਹ ਤੋਂ ਪਹਿਲਾਂ ਇਕੱਠੇ ਰਹਿਣ ਵਾਲਿਆਂ ਦੀਆਂ ਜੋੜੀਆਂ ਵਿੱਚੋਂ 25.4 ਫੀ ਸਦੀ ਅਲੱਗ ਹੋ ਜਾਂਦੇ ਹਨ, ਪਰ ਵਿਆਹ ਤੋਂ ਬਾਅਦ ਇਕੱਠੇ ਰਹਿਣ ਵਾਲੇ 13.6 ਫੀ ਸਦੀ ਹੀ ਅਲੱਗ ਹੁੰਦੇ ਹਨ। ਸ਼੍ਰੀਮਤੀ ਜੂਬੀ ਕਹਿੰਦੀ ਹੈ ਕਿ “ਉਨ੍ਹਾਂ ਲੋਕਾਂ ਦੇ ਆਪਸ ਵਿਚ ਕੋਈ ਮਜ਼ਬੂਤ ਬੰਧਨ ਨਹੀਂ ਹੁੰਦਾ ਜੋ ਪਹਿਲਾਂ ਹੀ ਇਕੱਠੇ ਰਹਿਣ ਲੱਗ ਪੈਂਦੇ ਹਨ ਕਿਉਂਕਿ ਜੋ ਵਿਆਹ ਤੋਂ ਬਿਨਾਂ ਇਕੱਠੇ ਰਹਿਣ ਲਈ ਤਿਆਰ ਹੁੰਦੇ ਹਨ ਉਨ੍ਹਾਂ ਨੂੰ ਸ਼ਾਇਦ ਵਿਆਹ ਦੇ ਪ੍ਰਬੰਧ ਦੀ ਘੱਟ ਕਦਰ ਹੁੰਦੀ ਹੈ।”
ਜੰਗਲੀ ਬੂਟੀਆਂ ਦੇ ਫ਼ਾਇਦੇ
ਇੰਡੀਆ ਟੂਡੇ ਰਸਾਲੇ ਅਨੁਸਾਰ “ਹਾਏਸਿੰਥ, ਲੈਨਟਾਨਾ, ਅਤੇ ਪਾਰਥੈਨਿਯਮ ਵਰਗੀਆਂ ਜੰਗਲੀ ਬੂਟੀਆਂ ਨੇ ਡਵੈਲਪਰਾਂ ਨੂੰ ਬੜਾ ਪਰੇਸ਼ਾਨ ਕੀਤਾ ਹੈ ਕਿਉਂਕਿ ਇਨ੍ਹਾਂ ਨੂੰ ਖ਼ਤਮ ਕਰਨਾ ਬਹੁਤ ਮੁਸ਼ਕਲ ਹੈ।” ਸਨ 1941 ਵਿਚ ਅੰਗ੍ਰੇਜ਼ ਲੋਕਾਂ ਨੇ ਵਾੜ ਬਣਾਉਣ ਲਈ ਲੈਨਟਾਨਾ ਕਮਾਰਾ ਨਾਮਕ ਜੜੀ-ਬੂਟੀ ਭਾਰਤ ਲਿਆਂਦੀ ਸੀ। ਹੁਣ ਤਕ ਇਹ 2 ਲੱਖ ਏਕੜਾਂ ਤੋਂ ਜ਼ਿਆਦਾ ਜ਼ਮੀਨ ਉੱਤੇ ਫੈਲ ਗਈ ਹੈ ਅਤੇ ਇਹ ਨਾ ਹੱਥਾਂ ਨਾਲ, ਅਤੇ ਨਾ ਹੀ ਦਵਾਈਆਂ ਨਾਲ ਮਾਰੀ ਜਾ ਸਕਦੀ ਹੈ। ਇਸ ਜੜੀ-ਬੂਟੀ ਦੇ ਜ਼ਹਿਰੀਲੇ ਅਸਰਾਂ ਕਾਰਨ ਹੋਰ ਪੌਦੇ ਨਹੀਂ ਉੱਗਦੇ ਅਤੇ ਇਸ ਦੇ ਫੈਲਣ ਕਾਰਨ ਪੂਰੇ-ਪੂਰੇ ਪਿੰਡਾਂ ਨੂੰ ਥਾਂ ਬਦਲਣਾ ਪਿਆ ਹੈ। ਪਰ ਲੱਚੀਵਾਲਾ ਪਿੰਡ ਦੇ ਵਾਸੀ ਇਸ ਜੜੀ-ਬੂਟੀ ਦਾ ਫ਼ਾਇਦਾ ਉਠਾ ਸਕੇ ਹਨ। ਲੈਨਟਾਨਾ ਨੂੰ ਗਾਰੇ ਨਾਲ ਮਿਲਾ ਕੇ ਘਰਾਂ ਅਤੇ ਕੁੱਕੜਾਂ ਲਈ ਝੌਂਪੜੀਆਂ ਬਣਾਉਣ ਲਈ ਵਰਤਿਆ ਜਾਂਦਾ ਹੈ। ਇਸ ਜੜੀ-ਬੂਟੀ ਦੇ ਛਿੱਲਕੇ ਦਾ ਵਧੀਆ ਫਰਨੀਚਰ ਅਤੇ ਟੋਕਰੀਆਂ ਬਣਾਈਆਂ ਜਾਂਦੀਆਂ ਹਨ, ਕਿਉਂਕਿ ਇਸ ਨੂੰ ਕੀੜੇ-ਮਕੌੜੇ ਨਹੀਂ ਨਸ਼ਟ ਕਰਦੇ। ਲੈਨਟਾਨਾ ਦੇ ਪਤੇ ਮੱਛਰ ਮਾਰਨ ਵਾਲੀਆਂ ਦਵਾਈਆਂ ਅਤੇ ਧੂਪ ਬਣਾਉਣ ਲਈ ਵਰਤੇ ਜਾਂਦੇ ਹਨ। ਇਸ ਦੀਆਂ ਜੜ੍ਹਾਂ ਪੀਸ ਕੇ ਬਣਾਇਆ ਗਿਆ ਪਾਊਡਰ ਦੰਦਾਂ ਦੀਆਂ ਬੀਮਾਰੀਆਂ ਲਈ ਵਰਤਿਆ ਜਾਂਦਾ ਹੈ।
ਰੇ ਡਰਾਈਵਰ
ਮੇਂਟੇਨੈਨਸ ਐਂਡ ਸੇਫਟੀ ਰਿਪੋਰਟ ਅਨੁਸਾਰ ਨੀਂਦ ਦੇ ਮਾਹਰ ਅਤੇ ਟ੍ਰਾਂਸਪੋਰਟ ਬਾਰੇ ਸਲਾਹਾਂ ਦੇਣ ਵਾਲੇ ਬੰਦੇ ਮੋਟਰ-ਗੱਡੀਆਂ ਚਲਾਉਣ ਵਾਲਿਆਂ ਨੂੰ ਸਲਾਹ ਦਿੰਦੇ ਹਨ ਕਿ ਜਦੋਂ ਉਹ ਹੱਦੋਂ ਵੱਧ ਥੱਕੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਗੱਡੀ ਨਹੀਂ ਚਲਾਉਣੀ ਚਾਹੀਦੀ। ਭਾਵੇਂ ਕਿ ਨੀਂਦ ਬਾਰੇ ਰਿਸਰਚ ਕਰਨ ਵਾਲੇ ਸਲਾਹ ਦਿੰਦੇ ਹਨ ਕਿ ਘੱਟੋ-ਘੱਟ ਅੱਠ ਘੰਟੇ ਸੌਣਾ ਚਾਹੀਦਾ ਹੈ, ਸਟੱਡੀਆਂ ਤੋਂ ਪਤਾ ਚੱਲਦਾ ਹੈ ਕਿ ਕਈ ਲੋਕ ਇਸ ਗੱਲ ਦੀ ਬਹੁਤ ਲਾਪਰਵਾਹੀ ਕਰਦੇ ਹਨ। ਸਰਵੇਖਣਾਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ 19 ਤੋਂ 29 ਉਮਰ ਦੇ ਡਰਾਈਵਰ ਬਾਕੀ ਦੇ ਡਰਾਈਵਰਾਂ ਨਾਲੋਂ ਅਨੀਂਦਰੀ ਹਾਲਤ ਵਿਚ ਗੱਡੀ ਚਲਾਉਣ ਦੇ ਜ਼ਿਆਦਾ ਦੋਸ਼ੀ ਹਨ। ਅਤੇ ਜਦੋਂ ਉਹ ਅਨੀਂਦਰੇ ਹੁੰਦੇ ਹਨ ਉਹ ਗਡੀ ਜ਼ਿਆਦਾ ਤੇਜ਼ ਵੀ ਚਲਾਉਂਦੇ ਹਨ। ਇਸ ਰਿਪੋਰਟ ਨੇ ਕਿਹਾ ਕਿ “ਸ਼ਰਾਬ ਪੀਣੀ ਵੀ ਗਡੀ ਚਲਾਉਂਦੇ-ਚਲਾਉਂਦੇ ਸੌਂ ਜਾਣ ਦੇ ਖ਼ਤਰੇ ਨੂੰ ਵਧਾਉਂਦੀ ਹੈ।” ਅਮੈਰੀਕਨ ਓਟੋਮੋਬੀਲ ਐਸੋਸੀਏਸ਼ਨ ਫ਼ਾਉਂਡੇਸ਼ਨ ਫਾਰ ਟ੍ਰੈਫਿਕ ਸੇਫਟੀ ਦੇ ਪ੍ਰੈਜ਼ੀਡੈਂਟ ਡੇਵਿਡ ਵਿਲਿਸ ਨੇ ਦੱਸਿਆ ਕਿ ਰੇਡੀਓ ਲਗਾਉਣ ਜਾਂ ਤਾਕੀ ਖੋਲ੍ਹਣ ਨਾਲ ਤੁਸੀਂ ਜਾਗਦੇ ਨਹੀਂ ਰਹੋਗੇ, ਪਰ ਥੋੜ੍ਹੇ ਚਿਰ ਲਈ ਸੌਣ ਨਾਲ ਤੁਸੀਂ ਊਂਘ ਹਟਾ ਸਕਦੇ ਹੋ। ਵਿਲਿਸ ਇਸ ਗੱਲ ਉੱਤੇ ਜ਼ੋਰ ਦਿੰਦਾ ਹੈ ਕਿ “ਊਂਘ ਦਾ ਇੱਕੋ ਹੀ ਇਲਾਜ ਹੈ—ਨੀਂਦ।”
ਧੂਪ ਤੁਹਾਡੀ ਸਿਹਤ ਲਈ ਖ਼ਰਾਬ ਹੋ ਸਕਦੀ ਹੈ”
ਊ ਸਾਇੰਟਿਸਟ ਰਸਾਲੇ ਅਨੁਸਾਰ “ਧੂਪ ਦੀ ਮਿੱਠੀ-ਮਿੱਠੀ ਖ਼ੁਸ਼ਬੂ ਤੁਹਾਡੀ ਸਿਹਤ ਲਈ ਖ਼ਰਾਬ ਹੋ ਸਕਦੀ ਹੈ। ਬੋਧੀ, ਹਿੰਦੂ, ਅਤੇ ਇਸਾਈ ਲੋਕ ਆਮ ਤੌਰ ਤੇ ਆਪਣੇ ਘਰਾਂ ਅਤੇ ਪਾਠ-ਪੂਜਾ ਦੇ ਸਥਾਨਾਂ ਵਿਚ ਧੂਪ ਧੁਖਾਉਂਦੇ ਹਨ। ਉਹ ਇਸ ਨੂੰ ਅਕਸਰ ਸਮਾਧੀ ਲਾਉਣ ਲਈ ਅਤੇ ਦਵਾਈ ਦੇ ਤੌਰ ਤੇ ਵਰਤਦੇ ਹਨ। ਧੂਪ ਧੂਖਾਉਣ ਨਾਲ ਹਵਾ ਵਿਚ ਖ਼ਤਰਨਾਕ ਮਾਤਰਾ ਦਾ ਧੂੰਆਂ ਪੈਦਾ ਹੁੰਦਾ ਹੈ ਜਿਸ ਵਿਚ ਕੈਂਸਰ ਪੈਦਾ ਕਰਨ ਵਾਲੇ ਰਸਾਇਣ ਹੁੰਦੇ ਹਨ।” ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਤਾਈਨਨ ਸ਼ਹਿਰ, ਤਾਈਵਾਨ ਵਿਚ ਨੈਸ਼ਨਲ ਚੈਨ ਗੌਨ ਯੂਨੀਵਰਸਿਟੀ ਦੇ ਖੋਜਕਾਰਾਂ ਦੀ ਟੀਮ ਨੇ ਆਪਣੇ ਆਗੂ ਡਾਅ ਯਾਨ ਲਿਨ ਦੇ ਅਧੀਨ “ਤਾਈਨਨ ਸ਼ਹਿਰ ਵਿਚ ਇਕ ਮੰਦਰ ਦੇ ਬਾਹਰੋਂ ਅਤੇ ਅੰਦਰੋਂ ਹਵਾ ਦੇ ਸਾਂਪਲ ਲਏ ਅਤੇ ਇਕ ਭਾਰੀ ਆਵਾਜਾਈ ਵਾਲੀ ਸੜਕ ਦੀ ਹਵਾ ਦੇ ਸਾਂਪਲਾਂ ਨਾਲ ਇਸ ਦੀ ਤੁਲਨਾ ਕੀਤੀ। ਮੰਦਰ ਵਿਚਲੀ ਹਵਾ ਵਿਚ ਖ਼ਤਰਨਾਕ ਰਸਾਇਣਾਂ [polycyclic aromatic hydrocarbons] ਦੀ ਮਾਤਰਾ ਮੰਦਰ ਤੋਂ ਬਾਹਰਲੀ ਹਵਾ ਨਾਲੋਂ 19 ਗੁਣਾਂ ਜ਼ਿਆਦਾ ਸੀ ਅਤੇ ਸੜਕ ਦੀ ਹਵਾ ਨਾਲੋਂ ਥੋੜ੍ਹੀ ਕੁ ਜ਼ਿਆਦਾ ਸੀ।” ਨਿਊ ਸਾਇੰਟਿਸਟ ਦੇ ਅਨੁਸਾਰ ਇਨ੍ਹਾਂ ਵਿੱਚੋਂ ਇਕ ਰਸਾਇਣ “ਬੈਂਜ਼ੋਪਾਈਰੀਨ ਹੈ, ਜਿਸ ਤੋਂ ਸਿਗਰਟ ਪੀਣ ਵਾਲਿਆਂ ਨੂੰ ਫੇਫੜਿਆਂ ਦਾ ਕੈਂਸਰ ਹੁੰਦਾ ਹੈ।” ਇਹ ਦੇਖਿਆ ਗਿਆ ਸੀ ਕਿ ਮੰਦਰ ਦੇ ਅੰਦਰ “ਇਸ ਰਸਾਇਣ ਦੀ ਮਾਤਰਾ ਉਨ੍ਹਾਂ ਘਰਾਂ ਨਾਲੋਂ 45 ਗੁਣਾਂ ਜ਼ਿਆਦਾ ਸੀ ਜਿਨ੍ਹਾਂ ਵਿਚ ਸਿਗਰਟ ਪੀਤੀ ਜਾਂਦੀ ਹੈ।”
ਹਾਸਾ ਹਾਲੇ ਵੀ ਸਾਰੇ ਦੁੱਖ-ਦਰਦਾਂ ਦਾ ਦਵਾ-ਦਾਰੂ!
ਲੰਡਨ ਦੀ ਅਖ਼ਬਾਰ ਦੀ ਇੰਡੀਪੇਨਡੰਟ ਨੇ ਰਿਪੋਰਟ ਕੀਤਾ ਕਿ “ਚਾਰ ਹਫ਼ਤਿਆਂ ਲਈ ਦਵਾ-ਦਾਰੂ ਦੇ ਤੌਰ ਤੇ ਰੋਜ਼ਾਨਾ ਹਾਸਾ-ਮਖੌਲ ਕਰਨ ਨਾਲ ਡਿਪਰੈਸ਼ਨ ਘੱਟ ਸਕਦਾ ਹੈ। ਜਿਨ੍ਹਾਂ ਮਰੀਜ਼ਾਂ ਨੂੰ ਰੋਜ਼ 30 ਮਿੰਟਾਂ ਲਈ ਸ਼ੁਗ਼ਲ ਦੀਆਂ ਟੇਪਾਂ ਸੁਣਨ ਲਈ ਆਖਿਆ ਗਿਆ ਸੀ, ਉਨ੍ਹਾਂ ਵਿੱਚੋਂ ਕੁਝ ਮਰੀਜ਼ ਠੀਕ ਹੋ ਗਏ ਅਤੇ ਬਾਕੀ ਦਿਆਂ ਦੀ ਬੀਮਾਰੀ ਦੀ ਸਖ਼ਤੀ 50 ਫੀ ਸਦੀ ਘੱਟ ਗਈ।” ਅਮਰੀਕਾ ਵਿਚ 100 ਤੋਂ ਜ਼ਿਆਦਾ ਰਿਸਰਚ ਸਟੱਡੀਆਂ ਨੇ ਦਿਖਾਇਆ ਹੈ ਕਿ ਮਜ਼ਾਕ ਕਰਕੇ ਹਸਣਾ ਫ਼ਾਇਦੇਮੰਦ ਹੋ ਸਕਦਾ ਹੈ। ਸਿਰਫ਼ ਡਿਪਰੈਸ ਹੋਏ ਲੋਕਾਂ ਨੂੰ ਹੀ ਨਹੀਂ ਫ਼ਾਇਦਾ ਹੁੰਦਾ ਪਰ ਜਿਨ੍ਹਾਂ ਨੂੰ ਅਲਰਜੀਆਂ, ਬੀ. ਪੀ., ਕੈਂਸਰ, ਜੋੜਾਂ ਦੀ ਸੋਜ ਅਤੇ ਜਿਨ੍ਹਾਂ ਦੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰਥਾ ਕਮਜ਼ੋਰ ਹੋ ਜਾਂਦੀ ਹੈ, ਉਨ੍ਹਾਂ ਨੂੰ ਵੀ ਇਸ ਤੋਂ ਫ਼ਾਇਦਾ ਹੁੰਦਾ ਹੈ। ਡਾਕਟਰਾਂ ਨੂੰ ਇਹ ਬਹੁਤ ਚਿਰ ਤੋਂ ਪਤਾ ਹੈ ਕਿ ਹਾਸਾ ਸਿਹਤ ਉੱਤੇ ਚੰਗਾ ਅਸਰ ਪਾਉਂਦਾ ਹੈ, ਪਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਹੀਂ ਪਤਾ ਕਿ ਇਸ ਤਰ੍ਹਾਂ ਕਿਉਂ ਹੁੰਦਾ ਹੈ। ਮਨੋਰੋਗ-ਡਾਕਟਰ ਐਡ ਡੁੰਕਲਬਲਾਓ ਨੇ ਸਾਵਧਾਨ ਕੀਤਾ ਕਿ ਐਸਾ ਹਾਸਾ-ਮਖੌਲ ਨਹੀਂ ਕਰਨਾ ਚਾਹੀਦਾ ਹੈ ਜਿਸ ਵਿਚ ਕਿਸੇ ਦੀ ਬੇਇੱਜ਼ਤੀ ਕੀਤੀ ਜਾਵੇ ਜਾਂ ਕਿਸੇ ਦਾ ਦਿਲ ਦੁਖਾਇਆ ਜਾਵੇ। ਹੱਦੋਂ ਵੱਧ ਮਜ਼ਾਕ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਮਰੀਜ਼ ਨੂੰ ਲੱਗੇਗਾ ਕਿ ਕਿਸੇ ਨੂੰ ਯਕੀਨ ਨਹੀਂ ਹੈ ਕਿ ਉਹ ਅਸਲ ਵਿਚ ਬੀਮਾਰ ਹੈ।