Skip to content

Skip to table of contents

ਅਧਿਆਪਕ ਕਿਉਂ ਬਣੀਏ?

ਅਧਿਆਪਕ ਕਿਉਂ ਬਣੀਏ?

ਅਧਿਆਪਕ ਕਿਉਂ ਬਣੀਏ?

‘ਜ਼ਿਆਦਾਤਰ ਲੋਕ ਇਸ ਲਈ ਅਧਿਆਪਕ ਬਣਦੇ ਹਨ ਕਿਉਂਕਿ ਉਹ ਦੂਜਿਆਂ ਦੀ ਮਦਦ ਕਰਨੀ ਚਾਹੁੰਦੇ ਹਨ। ਅਧਿਆਪਕ ਬੱਚਿਆਂ ਦੀਆਂ ਜ਼ਿੰਦਗੀਆਂ ਸੁਧਾਰ ਸਕਦੇ ਹਨ।’​—ਟੀਚਰਜ਼, ਸਕੂਲਜ਼, ਐਂਡ ਸੋਸਾਇਟੀ।

ਭਾਵੇਂ ਕੁਝ ਟੀਚਰ ਦਿਖਾਉਣ ਕਿ ਨਿਆਣਿਆਂ ਨੂੰ ਪੜ੍ਹਾਉਣਾ ਆਸਾਨ ਗੱਲ ਹੈ, ਪਰ ਇਸ ਵਿਚ ਕਾਫ਼ੀ ਮੁਸ਼ਕਲਾਂ ਆ ਸਕਦੀਆਂ ਹਨ। ਕਈ ਸਕੂਲਾਂ ਵਿਚ ਕਲਾਸਾਂ ਵਿਚ ਬਹੁਤ ਨਿਆਣੇ ਹੁੰਦੇ ਹਨ, ਟੀਚਰਾਂ ਨੂੰ ਪੜ੍ਹਾਉਣ ਤੋਂ ਇਲਾਵਾ ਬਹੁਤ ਸਾਰੀ ਕਾਗਜ਼ੀ ਕਾਰਵਾਈ ਕਰਨੀ ਪੈਂਦੀ ਹੈ, ਉਨ੍ਹਾਂ ਨੂੰ ਅਫ਼ਸਰਾਂ ਦੀ ਮਰਜ਼ੀ ਅਨੁਸਾਰ ਚੱਲਣਾ ਪੈਂਦਾ ਹੈ, ਨਿਆਣੇ ਧਿਆਨ ਨਹੀਂ ਦਿੰਦੇ ਅਤੇ ਟੀਚਰਾਂ ਦੀ ਤਨਖ਼ਾਹ ਥੋੜ੍ਹੀ ਹੁੰਦੀ ਹੈ। ਮੈਡਰਿਡ, ਸਪੇਨ ਵਿਚ ਪੈਡਰੋ ਨਾਂ ਦੇ ਇਕ ਅਧਿਆਪਕ ਨੇ ਕਿਹਾ: “ਅਧਿਆਪਕਾਂ ਦਾ ਕੰਮ ਬਹੁਤ ਮੁਸ਼ਕਲ ਹੈ। ਇਸ ਕੰਮ ਵਿਚ ਬੜੀਆਂ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ। ਪਰ ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ, ਮੈਨੂੰ ਹੋਰ ਕਿਸੇ ਨੌਕਰੀ ਨਾਲੋਂ ਇਸੇ ਕੰਮ ਤੋਂ ਜ਼ਿਆਦਾ ਤਸੱਲੀ ਮਿਲਦੀ ਹੈ।”

ਕਾਫ਼ੀ ਦੇਸ਼ਾਂ ਵਿਚ ਸ਼ਹਿਰਾਂ ਦੇ ਵੱਡੇ ਸਕੂਲਾਂ ਵਿਚ ਤਰ੍ਹਾਂ-ਤਰ੍ਹਾਂ ਦੀਆਂ ਸਮੱਸਿਆਵਾਂ ਹਨ। ਡ੍ਰੱਗਜ਼, ਜੁਰਮ, ਅਨੈਤਿਕਤਾ ਅਤੇ ਕਦੇ-ਕਦੇ ਮਾਪਿਆਂ ਦੀ ਲਾਪਰਵਾਹੀ ਕਾਰਨ ਸਕੂਲ ਦੇ ਮਾਹੌਲ ਅਤੇ ਅਨੁਸ਼ਾਸਨ ਉੱਤੇ ਵੱਡਾ ਅਸਰ ਪੈਂਦਾ ਹੈ। ਆਮ ਤੌਰ ਤੇ ਨਿਆਣੇ ਆਪਣੀ ਮਰਜ਼ੀ ਕਰਦੇ ਹਨ। ਫਿਰ ਇੰਨੇ ਪੜ੍ਹੇ-ਲਿਖੇ ਲੋਕ ਕਿਉਂ ਟੀਚਰ ਬਣਦੇ ਹਨ?

ਨਿਊਯਾਰਕ ਸ਼ਹਿਰ ਵਿਚ ਲੀਮੇਰੀਜ਼ ਤੇ ਡਾਏਨਾ ਦੋਵੇਂ ਪ੍ਰਾਇਮਰੀ ਸਕੂਲ ਵਿਚ ਟੀਚਰਾਂ ਹਨ। ਉਹ ਦੋਵੇਂ ਇੰਗਲਿਸ਼ ਤੇ ਸਪੇਨੀ ਭਾਸ਼ਾ ਜਾਣਦੀਆਂ ਹਨ ਅਤੇ ਖ਼ਾਸ ਤੌਰ ਤੇ ਸਪੇਨੀ ਨਿਆਣਿਆਂ ਨੂੰ ਹੀ ਪੜ੍ਹਾਉਂਦੀਆਂ ਹਨ। ਸਾਡਾ ਸਵਾਲ ਸੀ . . .

ਲੋਕ ਟੀਚਰ ਕਿਉਂ ਬਣਦੇ ਹਨ?

ਲੀਮੇਰੀਜ਼ ਨੇ ਕਿਹਾ: “ਮੈਨੂੰ ਪੜ੍ਹਾਉਣਾ ਇਸ ਕਰਕੇ ਚੰਗਾ ਲੱਗਦਾ ਹੈ ਕਿਉਂਕਿ ਮੈਨੂੰ ਨਿਆਣੇ ਬਹੁਤ ਪਿਆਰੇ ਲੱਗਦੇ ਹਨ। ਮੈਂ ਜਾਣਦੀ ਹਾਂ ਕਿ ਕੁਝ ਨਿਆਣਿਆਂ ਲਈ ਸਿਰਫ਼ ਮੈਂ ਹੀ ਇੱਕੋ-ਇਕ ਆਸਰਾ ਹਾਂ।”

ਡਾਏਨਾ ਨੇ ਕਿਹਾ: “ਮੇਰੇ ਅੱਠ-ਸਾਲਾ ਭਤੀਜੇ ਨੂੰ ਸਕੂਲੇ ਪੜ੍ਹਨਾ ਬਹੁਤ ਮੁਸ਼ਕਲ ਲੱਗ ਰਿਹਾ ਸੀ। ਇਸ ਲਈ ਮੈਂ ਉਸ ਨੂੰ ਟਿਊਸ਼ਨ ਦੇਣ ਲੱਗ ਪਈ। ਉਸ ਨੂੰ ਅਤੇ ਦੂਜਿਆਂ ਨੂੰ ਪੜ੍ਹਦੇ ਦੇਖ ਕੇ ਮੈਨੂੰ ਬੜੀ ਤਸੱਲੀ ਹੋਈ! ਇਸ ਲਈ ਮੈਂ ਬੈਂਕ ਦੀ ਨੌਕਰੀ ਛੱਡ ਦਿੱਤੀ ਅਤੇ ਟੀਚਰ ਬਣਨ ਦਾ ਫ਼ੈਸਲਾ ਕੀਤਾ।”

ਜਾਗਰੂਕ ਬਣੋ! ਰਸਾਲੇ ਨੇ ਇਹੀ ਸਵਾਲ ਕਈਆਂ ਦੇਸ਼ਾਂ ਦੇ ਟੀਚਰਾਂ ਨੂੰ ਪੁੱਛਿਆ ਅਤੇ ਉਨ੍ਹਾਂ ਦੇ ਕੁਝ ਜਵਾਬ ਹੇਠਾਂ ਦਿੱਤੇ ਗਏ ਹਨ।

ਇਕ ਚਾਲੀ-ਕੁ ਸਾਲ ਦੇ ਇਤਾਲਵੀ ਟੀਚਰ ਜੂਲੀਆਨੋ ਨੇ ਕਿਹਾ: “ਮੈਂ ਇਸ ਲਈ ਇਹ ਪੇਸ਼ਾ ਚੁਣਿਆ ਕਿਉਂਕਿ ਜਦੋਂ ਮੈਂ ਅਜੇ ਵਿਦਿਆਰਥੀ ਹੀ ਸੀ (ਸੱਜੇ ਪਾਸੇ) ਉਦੋਂ ਹੀ ਪੜ੍ਹਾਉਣ ਵਿਚ ਮੇਰੀ ਦਿਲਚਸਪੀ ਪੈਦਾ ਹੋ ਗਈ। ਮੈਂ ਸੋਚਦਾ ਸੀ ਕਿ ਇਸ ਦੇ ਜ਼ਰੀਏ ਮੈਨੂੰ ਦੂਜਿਆਂ ਦੀ ਮਦਦ ਕਰਨ ਦੇ ਕਾਫ਼ੀ ਮੌਕੇ ਮਿਲਣਗੇ। ਪੜ੍ਹਾਉਣ ਦੇ ਚਾਅ ਨੇ ਉਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਮੇਰੀ ਮਦਦ ਕੀਤੀ ਜੋ ਮੈਨੂੰ ਇਸ ਪੇਸ਼ੇ ਵਿਚ ਪਹਿਲਾਂ-ਪਹਿਲਾਂ ਆਈਆਂ ਸਨ।”

ਨਿਊ ਸਾਉਥ ਵੇਲਜ਼, ਆਸਟ੍ਰੇਲੀਆ ਦੇ ਰਹਿਣ ਵਾਲੇ ਨਿੱਕ ਨੇ ਕਿਹਾ: “ਕੈਮੀਕਲ ਰਿਸਰਚ ਖੇਤਰ ਵਿਚ ਨੌਕਰੀ ਮਿਲਣ ਦੇ ਬਹੁਤੇ ਮੌਕੇ ਨਹੀਂ ਸਨ, ਪਰ ਟੀਚਰਾਂ ਦੀਆਂ ਕਾਫ਼ੀ ਨੌਕਰੀਆਂ ਸਨ। ਮੈਨੂੰ ਵਿਦਿਆਰਥੀਆਂ ਨੂੰ ਪੜ੍ਹਾਉਣਾ ਬਹੁਤ ਚੰਗਾ ਲੱਗਦਾ ਹੈ ਤੇ ਇਵੇਂ ਲੱਗਦਾ ਹੈ ਕਿ ਉਹ ਵੀ ਮੇਰੇ ਪੜ੍ਹਾਉਣ ਦੇ ਤਰੀਕੇ ਪਸੰਦ ਕਰਦੇ ਹਨ।”

ਅਕਸਰ ਮਾਪਿਆਂ ਦੀ ਆਪਣੀ ਮਿਸਾਲ ਨਿਆਣਿਆਂ ਉੱਤੇ ਕਾਫ਼ੀ ਅਸਰ ਪਾ ਸਕਦੀ ਹੈ ਜਿਸ ਕਰਕੇ ਉਹ ਵੀ ਟੀਚਰ ਬਣਦੇ ਹਨ। ਕੀਨੀਆ ਵਿਚ ਰਹਿਣ ਵਾਲੇ ਵਿਲੀਅਮ ਨੇ ਸਾਡੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ: “ਕਾਫ਼ੀ ਹੱਦ ਤਕ ਮੇਰੇ ਪਿਤਾ ਦਾ ਪ੍ਰਭਾਵ ਮੇਰੇ ਉੱਤੇ ਪਿਆ। ਸਾਲ 1952 ਵਿਚ ਉਹ ਖ਼ੁਦ ਟੀਚਰ ਸਨ। ਮੈਂ ਇਸ ਕਰਕੇ ਇਸ ਪੇਸ਼ੇ ਵਿਚ ਲੱਗਾ ਰਿਹਾ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਇਸ ਦੇ ਜ਼ਰੀਏ ਮੈਂ ਨੌਜਵਾਨਾਂ ਦੇ ਦਿਲਾਂ-ਦਿਮਾਗ਼ਾਂ ਉੱਤੇ ਚੰਗਾ ਅਸਰ ਪਾ ਸਕਦਾ ਹਾਂ।”

ਕੀਨੀਆ ਦੀ ਵਸਨੀਕ ਰੋਜ਼ਮਰੀ ਨੇ ਸਾਨੂੰ ਦੱਸਿਆ: “ਮੈਂ ਹਮੇਸ਼ਾ ਦੁਖਿਆਰੇ ਲੋਕਾਂ ਦੀ ਮਦਦ ਕਰਨੀ ਚਾਹੁੰਦੀ ਸੀ। ਮੈਂ ਸੋਚਦੀ ਸੀ ਕਿ ਮੈਂ ਨਰਸ ਜਾਂ ਟੀਚਰ ਬਣ ਕੇ ਇਹ ਕਰ ਸਕਦੀ ਸੀ। ਮੈਨੂੰ ਪੜ੍ਹਾਉਣ ਦਾ ਮੌਕਾ ਪਹਿਲਾਂ ਮਿਲਿਆ ਸੀ। ਮਾਂ ਹੋਣ ਦੇ ਨਾਤੇ ਵੀ ਮੈਨੂੰ ਇਹ ਪੇਸ਼ਾ ਜ਼ਿਆਦਾ ਪਸੰਦ ਹੈ।”

ਡਿਊਰਨ, ਜਰਮਨੀ ਦੇ ਰਹਿਣ ਵਾਲੇ ਬਿਰਟੋਲਡ ਨਾਂ ਦੇ ਬੰਦੇ ਨੇ ਦੱਸਿਆ ਕਿ ਉਸ ਦੇ ਟੀਚਰ ਬਣਨ ਦਾ ਕਾਰਨ ਵੱਖਰਾ ਸੀ: “ਮੇਰੀ ਪਤਨੀ ਨੇ ਮੈਨੂੰ ਯਕੀਨ ਦਿਲਾਇਆ ਕਿ ਮੈਂ ਇਕ ਚੰਗਾ ਟੀਚਰ ਬਣਾਂਗਾ।” ਉਹ ਠੀਕ ਹੀ ਸੋਚਦੀ ਸੀ। ਬਿਰਟੋਲਡ ਨੇ ਕਿਹਾ: “ਮੈਨੂੰ ਆਪਣੀ ਨੌਕਰੀ ਬਹੁਤ ਪਸੰਦ ਹੈ। ਇਕ ਟੀਚਰ ਨੂੰ ਇਹ ਯਕੀਨ ਹੋਣਾ ਚਾਹੀਦਾ ਹੈ ਕਿ ਵਿਦਿਆ ਕਿੰਨੀ ਕੀਮਤੀ ਚੀਜ਼ ਹੈ ਅਤੇ ਉਸ ਨੂੰ ਜਵਾਨ ਲੋਕਾਂ ਵਿਚ ਦਿਲਚਸਪੀ ਲੈਣੀ ਚਾਹੀਦੀ ਹੈ। ਇਨ੍ਹਾਂ ਗੁਣਾਂ ਤੋਂ ਬਿਨਾਂ ਤੁਸੀਂ ਚੰਗੇ ਜਾਂ ਸਫ਼ਲ ਟੀਚਰ ਨਹੀਂ ਬਣ ਸਕਦੇ।”

ਨਾਕਾਤਸੂ ਸਿਟੀ ਦੇ ਰਹਿਣ ਵਾਲੇ ਮਾਸਾਹੀਰੋ ਨਾਂ ਦੇ ਇਕ ਜਪਾਨੀ ਟੀਚਰ ਨੇ ਕਿਹਾ: “ਮੈਨੂੰ ਇਸ ਚੀਜ਼ ਨੇ ਟੀਚਰ ਬਣਨ ਦਾ ਹੌਸਲਾ ਦਿੱਤਾ ਕਿ ਮੇਰੇ ਮਿਡਲ ਸਕੂਲ ਵਿਚ ਇਕ ਟੀਚਰ ਹੁੰਦਾ ਸੀ ਜੋ ਦੂਜਿਆਂ ਦੀ ਬੜੀ ਪਰਵਾਹ ਕਰਦਾ ਸੀ। ਉਹ ਬਹੁਤ ਲਗਨ ਨਾਲ ਸਿੱਖਿਆ ਦਿੰਦਾ ਸੀ। ਮੇਰੇ ਲਈ ਇਸ ਪੇਸ਼ੇ ਵਿਚ ਲੱਗੇ ਰਹਿਣ ਦਾ ਮੁੱਖ ਕਾਰਨ ਬੱਚਿਆਂ ਲਈ ਪਿਆਰ ਹੀ ਹੈ।”

ਜਪਾਨ ਦਾ 54 ਸਾਲਾਂ ਦਾ ਯੋਸ਼ੀਆ ਇਕ ਫੈਕਟਰੀ ਵਿਚ ਨੌਕਰੀ ਕਰਦਾ ਸੀ ਅਤੇ ਉਸ ਦੀ ਤਨਖ਼ਾਹ ਵੀ ਚੰਗੀ ਸੀ। ਪਰ ਉਸ ਨੂੰ ਕੰਮ ਤੇ ਆਉਣ-ਜਾਣ ਲਈ ਬਹੁਤ ਸਫ਼ਰ ਕਰਨਾ ਪੈਂਦਾ ਸੀ ਨਾਲੇ ਉਹ ਬੱਝਾ-ਬੱਝਾ ਮਹਿਸੂਸ ਕਰਦਾ ਸੀ। ਉਸ ਨੇ ਕਿਹਾ: “ਇਕ ਦਿਨ ਮੈਂ ਸੋਚਿਆ ਕਿ ਇੱਦਾਂ ਕਿੰਨੇ ਚਿਰ ਲਈ ਚੱਲਦਾ ਰਹੇਗਾ? ਮੈਂ ਐਸੀ ਨੌਕਰੀ ਲੱਭਣ ਦਾ ਫ਼ੈਸਲਾ ਕੀਤਾ ਜਿਸ ਵਿਚ ਮਸ਼ੀਨਾਂ ਨਾਲ ਨਹੀਂ, ਸਗੋਂ ਲੋਕਾਂ ਨਾਲ ਮੇਲ-ਜੋਲ ਹੋਵੇ। ਪੜ੍ਹਾਉਣ ਦਾ ਕੰਮ ਬੇਮਿਸਾਲ ਹੈ ਜਿਸ ਵਿਚ ਤੁਹਾਨੂੰ ਬੱਚਿਆਂ ਨਾਲ ਘੁਲਣ-ਮਿਲਣ ਦਾ ਮੌਕਾ ਮਿਲਦਾ ਹੈ। ਬੱਚਿਆਂ ਨਾਲ ਅਸੀਂ ਪਿਆਰ ਤੇ ਹਮਦਰਦੀ ਨਾਲ ਪੇਸ਼ ਆਉਂਦੇ ਹਾਂ।”

ਸੇਂਟ ਪੀਟਰਸਬਰਗ, ਰੂਸ ਦੀ ਵੈਲੰਟੀਨਾ ਨੂੰ ਵੀ ਟੀਚਰਾਂ ਦੇ ਕੰਮ ਵਿਚ ਇਹੀ ਗੱਲ ਪਸੰਦ ਹੈ। ਉਸ ਨੇ ਕਿਹਾ: “ਮੈਂ ਟੀਚਰ ਬਣਨਾ ਖ਼ੁਦ ਚੁਣਿਆ ਹੈ। ਮੈਂ ਅਲੈਮੈਂਟਰੀ ਸਕੂਲ ਵਿਚ 37 ਸਾਲਾਂ ਲਈ ਪੜ੍ਹਾਇਆ ਹੈ। ਮੈਂ ਬੱਚਿਆਂ ਨੂੰ ਪੜ੍ਹਾਉਣਾ ਪਸੰਦ ਕਰਦੀ ਹਾਂ ਖ਼ਾਸ ਕਰਕੇ ਛੋਟਿਆਂ ਬੱਚਿਆਂ ਨੂੰ। ਮੈਨੂੰ ਆਪਣੀ ਨੌਕਰੀ ਇੰਨੀ ਪਸੰਦ ਹੈ ਕਿ ਮੈਂ ਅਜੇ ਵੀ ਰਿਟਾਇਰਮੈਂਟ ਨਹੀਂ ਲਈ।”

ਵਿਲਿਅਮ ਏਅਰਜ਼ ਨਾਂ ਦੇ ਲੇਖਕ-ਟੀਚਰ, ਜਿਸ ਦਾ ਹਵਾਲਾ ਪਿਛਲੇ ਲੇਖ ਵਿਚ ਦਿੱਤਾ ਗਿਆ ਸੀ, ਨੇ ਕਿਹਾ: ‘ਲੋਕੀਂ ਟੀਚਰ ਇਸ ਕਰਕੇ ਬਣਦੇ ਹਨ ਕਿਉਂਕਿ ਉਹ ਨਿਆਣਿਆਂ ਨਾਲ ਪਿਆਰ ਕਰਦੇ ਹਨ ਜਾਂ ਉਨ੍ਹਾਂ ਨਾਲ ਸਮਾਂ ਬਤੀਤ ਕਰਨਾ ਚਾਹੁੰਦੇ ਹਨ। ਉਹ ਦੇਖ ਸਕਦੇ ਹਨ ਕਿ ਨਿਆਣੇ ਕਿਵੇਂ ਵਧਦੇ-ਫੁਲਦੇ ਹਨ, ਕਿਵੇਂ ਕਾਮਯਾਬ ਹੁੰਦੇ ਹਨ ਨਾਲੇ ਉਹ ਸੰਸਾਰ ਤੇ ਕੀ ਪ੍ਰਭਾਵ ਪਾਉਂਦੇ ਹਨ। ਉਹ ਦੂਜਿਆਂ ਨੂੰ ਸਿੱਖਿਆ ਦੇਣ ਦਾ ਕੰਮ ਇਕ ਤੋਹਫ਼ਾ ਸਮਝਦੇ ਹਨ। ਮੇਰੀ ਉਮੀਦ ਹੈ ਕਿ ਮੇਰੇ ਸਿੱਖਿਆ ਦੇਣ ਦੇ ਕਾਰਨ ਇਹ ਸੰਸਾਰ ਇਕ ਬਿਹਤਰ ਜਗ੍ਹਾ ਬਣੇਗੀ।’

ਵੱਡੀਆਂ-ਵੱਡੀਆਂ ਅੜਚਣਾਂ ਦੇ ਬਾਵਜੂਦ ਹਜ਼ਾਰਾਂ ਹੀ ਆਦਮੀ-ਔਰਤਾਂ ਇਸ ਪੇਸ਼ੇ ਵਿਚ ਲੱਗੇ ਹੋਏ ਹਨ। ਉਨ੍ਹਾਂ ਸਾਮ੍ਹਣੇ ਕੀ ਅੜਚਣਾਂ ਖੜ੍ਹੀਆਂ ਹੁੰਦੀਆਂ ਹਨ? ਅਗਲਾ ਲੇਖ ਇਸ ਸਵਾਲ ਦਾ ਜਵਾਬ ਦੇਵੇਗਾ।

[ਸਫ਼ਾ 6 ਉੱਤੇ ਡੱਬੀ]

ਮਾਪਿਆਂ ਨਾਲ ਗੱਲਬਾਤ ਕਰਨ ਲਈ ਟੀਚਰਾਂ ਵਾਸਤੇ ਕੁਝ ਸੁਝਾਅ

✔ ਮਾਪਿਆਂ ਨਾਲ ਵਾਕਫ਼ ਹੋਵੋ। ਇਸ ਨੂੰ ਸਮਾਂ ਫਜ਼ੂਲ ਕਰਨਾ ਨਾ ਸਮਝੋ। ਗੱਲਬਾਤ ਕਰਨੀ ਦੋਵਾਂ ਲਈ ਫ਼ਾਇਦੇਮੰਦ ਹੋਵੇਗੀ। ਇਸ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਉਨ੍ਹਾਂ ਨਾਲ ਨੇੜਤਾ ਵਧਾਓ ਤਾਂਕਿ ਤੁਸੀਂ ਇਕ-ਦੂਜੇ ਨੂੰ ਸਹਿਯੋਗ ਦੇ ਸਕੋ।

✔ ਗੱਲਬਾਤ ਕਰਦੇ ਸਮੇਂ ਤੁਸੀਂ ਆਪਣੇ ਆਪ ਨੂੰ ਮਾਪਿਆਂ ਨਾਲੋਂ ਜ਼ਿਆਦਾ ਪੜ੍ਹੇ-ਲਿਖੇ ਨਾ ਦਿਖਾਓ ਤੇ ਉਨ੍ਹਾਂ ਨਾਲ ਇੱਜ਼ਤ ਨਾਲ ਪੇਸ਼ ਆਓ।

✔ ਬੱਚਿਆਂ ਬਾਰੇ ਗੱਲਾਂ ਕਰਦਿਆਂ ਉਨ੍ਹਾਂ ਦੇ ਚੰਗੇ ਗੁਣਾਂ ਬਾਰੇ ਗੱਲ ਕਰੋ। ਸ਼ਿਕਾਇਤਾਂ ਲਾਉਣ ਨਾਲੋਂ ਵਡਿਆਈ ਕਰਨੀ ਜ਼ਿਆਦਾ ਅਸਰਦਾਰ ਸਾਬਤ ਹੁੰਦੀ ਹੈ। ਮਾਪਿਆਂ ਨੂੰ ਸਮਝਾਓ ਕਿ ਉਹ ਆਪਣੇ ਨਿਆਣੇ ਦੀ ਕਿਵੇਂ ਮਦਦ ਕਰ ਸਕਦੇ ਹਨ।

✔ ਮਾਪਿਆਂ ਨੂੰ ਆਪਣੇ ਦਿਲ ਦੀ ਗੱਲ ਕਹਿਣ ਦਾ ਮੌਕਾ ਦਿਓ ਤੇ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੋ।

✔ ਨਿਆਣੇ ਦੇ ਘਰ ਦਾ ਮਾਹੌਲ ਸਮਝਣ ਦੀ ਕੋਸ਼ਿਸ਼ ਕਰੋ। ਜੇ ਹੋ ਸਕੇ, ਤਾਂ ਉਨ੍ਹਾਂ ਨੂੰ ਘਰ ਜਾ ਕੇ ਮਿਲੋ।

✔ ਅਗਲੀ ਵਾਰ ਮਿਲਣ ਦੀ ਤਾਰੀਖ਼ ਵੀ ਪੱਕੀ ਕਰੋ। ਉਨ੍ਹਾਂ ਨਾਲ ਦੁਬਾਰਾ ਮਿਲਣਾ ਜ਼ਰੂਰੀ ਹੈ। ਇਹ ਗੱਲ ਦਿਖਾਵੇਗੀ ਕਿ ਤੁਸੀਂ ਉਨ੍ਹਾਂ ਵਿਚ ਸੱਚ-ਮੁੱਚ ਦਿਲਚਸਪੀ ਲੈਂਦੇ ਹੋ।​—ਟੀਚਿੰਗ ਇੰਨ ਅਮੈਰੀਕਾ ਉੱਤੇ ਆਧਾਰਿਤ ਗੱਲਾਂ।

[ਸਫ਼ਾ 6 ਉੱਤੇ ਤਸਵੀਰ]

‘ਮੇਰੇ ਪਿਤਾ ਜੀ ਵੀ ਇਕ ਟੀਚਰ ਸਨ’​—ਵਿਲੀਅਮ, ਕੀਨੀਆ

[ਸਫ਼ਾ 7 ਉੱਤੇ ਤਸਵੀਰ]

“ਮੈਨੂੰ ਨਿਆਣਿਆਂ ਨਾਲ ਕੰਮ ਕਰਨਾ ਬਹੁਤ ਪਸੰਦ ਹੈ।”​—ਵੈਲੰਟੀਨਾ, ਰੂਸ

[ਸਫ਼ਾ 7 ਉੱਤੇ ਤਸਵੀਰਾਂ]

“ਪੜ੍ਹਾਉਣ ਦਾ ਕੰਮ ਬੇਮਿਸਾਲ ਹੈ ਜਿਸ ਵਿਚ ਤੁਹਾਨੂੰ ਬੱਚਿਆਂ ਨਾਲ ਘੁਲਣ-ਮਿਲਣ ਦਾ ਮੌਕਾ ਮਿਲਦਾ ਹੈ।”​—ਯੋਸ਼ੀਆ, ਜਪਾਨ