ਚਿਊਇੰਗ-ਗਮ—ਚਬਾਉਣ ਦਾ ਰਿਵਾਜ ਨਵਾਂ ਹੁੰਦੇ ਹੋਏ ਵੀ ਪੁਰਾਣਾ
ਚਿਊਇੰਗ-ਗਮ—ਚਬਾਉਣ ਦਾ ਰਿਵਾਜ ਨਵਾਂ ਹੁੰਦੇ ਹੋਏ ਵੀ ਪੁਰਾਣਾ
ਮੈਕਸੀਕੋ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ
ਪੁਰਾਣੇ ਜ਼ਮਾਨੇ ਤੋਂ ਹੀ ਲੋਕਾਂ ਨੂੰ ਚਿਊਇੰਗ-ਗਮ ਚਬਾਉਣ ਦਾ ਬਹੁਤ ਸ਼ੌਕ ਹੈ। ਪੁਰਾਣੇ ਜ਼ਮਾਨੇ ਵਿਚ ਯੂਨਾਨੀ ਲੋਕ ਮਸਤਕੀ ਦਰਖ਼ਤ ਦਾ ਬਰੋਜ਼ਾ ਚਬਾਉਂਦੇ ਹੁੰਦੇ ਸਨ। ਐਜ਼ਟੈਕ ਲੋਕ ਚੀਕੂ ਦੇ ਦਰਖ਼ਤ ਦਾ ਟਸੀਕਲੀ ਜਾਂ ਚਿਕਲ ਚਬਾਉਂਦੇ ਸਨ। ਨਿਊ ਇੰਗਲੈਂਡ ਦੇ ਆਦਿਵਾਸੀ ਅਮਰੀਕੀਆਂ ਨੇ ਅਮਰੀਕਾ ਦੇ ਨਵੇਂ ਵਸਨੀਕਾਂ ਨੂੰ ਸਪਰੂਸ ਨਾਂ ਦੇ ਦਰਖ਼ਤ ਦਾ ਬਰੋਜ਼ਾ ਚਬਾਉਣਾ ਸਿਖਾਇਆ। ਅਸਲ ਵਿਚ 1800 ਦੇ ਦਹਾਕੇ ਦੇ ਸ਼ੁਰੂ ਵਿਚ ਪਹਿਲੀ ਵਾਰ ਸਪਰੂਸ ਦਰਖ਼ਤ ਦਾ ਬਰੋਜ਼ਾ ਅਮਰੀਕਾ ਵਿਚ ਚਿਊਇੰਗ-ਗਮ ਦੇ ਤੌਰ ਤੇ ਵੇਚਿਆ ਗਿਆ। ਬਾਅਦ ਵਿਚ ਮਿੱਠਾ ਪੈਰਾਫੀਨ ਮੋਮ ਚਬਾਉਣ ਦਾ ਰਿਵਾਜ ਵਧ ਗਿਆ।
ਇਹ ਕਿਹਾ ਜਾਂਦਾ ਹੈ ਕਿ ਆਧੁਨਿਕ ਚਿਊਇੰਗ-ਗਮ ਚਬਾਉਣ ਦਾ ਰਿਵਾਜ 19ਵੀਂ ਸਦੀ ਦੇ ਦੂਸਰੇ ਹਿੱਸੇ ਵਿਚ ਸ਼ੁਰੂ ਹੋਇਆ ਸੀ। ਅਮਰੀਕਾ ਵਿਚ ਮੈਕਸੀਕੋ ਦੇ ਸਾਬਕਾ ਰਾਸ਼ਟਰਪਤੀ ਸੈਂਟਾ ਐਨਾ ਦੇ ਦੇਸ਼ਨਿਕਾਲੇ ਦੌਰਾਨ ਉਸ ਨੂੰ ਚੀਕੂ ਦੇ ਦਰਖ਼ਤ ਦੇ ਬਰੋਜ਼ੇ ਦੇ ਟੁਕੜੇ ਚਬਾਉਂਦੇ ਹੋਏ ਦੇਖਿਆ ਗਿਆ ਜਿਨ੍ਹਾਂ ਨੂੰ ਉਹ ਮੈਕਸੀਕੋ ਤੋਂ ਲਿਆਇਆ ਸੀ। ਇਕ ਅਮਰੀਕੀ ਖੋਜਕਾਰ ਨੇ ਦੇਖਿਆ ਕਿ ਜੇ ਇਸ ਵਿਚ ਖੰਡ ਅਤੇ ਸੁਆਦ ਤੇ ਮਹਿਕ ਰਲਾ ਦਿੱਤੀ ਜਾਵੇ, ਤਾਂ ਇਸ ਦੀ ਬਹੁਤ ਵਿੱਕਰੀ ਹੋ ਸਕਦੀ ਹੈ। ਇਸ ਲਈ ਉਸ ਨੇ ਚਿਊਇੰਗ-ਗਮ ਬਣਾਉਣ ਲਈ ਬਹੁਤ ਸਾਰਾ ਬਰੋਜ਼ਾ ਅਮਰੀਕਾ ਮੰਗਵਾਇਆ।
ਚਿਕਲ ਚੀਕੂ ਦੇ ਸਦਾਬਹਾਰ ਦਰਖ਼ਤ ਦਾ ਦੁਧੀਆ ਰਸ ਹੁੰਦਾ ਹੈ। ਇਸ ਦਰਖ਼ਤ ਨੂੰ ਚਿਊਇੰਗ-ਗਮ ਦਰਖ਼ਤ ਵੀ ਕਿਹਾ ਜਾਂਦਾ ਹੈ। ਇਹ ਦਰਖ਼ਤ ਉੱਤਰੀ ਗੁਆਤੇਮਾਲਾ, ਬੇਲੀਜ਼ ਅਤੇ ਮੈਕਸੀਕੋ ਦੇ ਯੂਕਾਟਾਨ ਇਲਾਕੇ ਦੇ ਤਪਤ-ਖੰਡੀ ਵਰਖਾ ਜੰਗਲ ਗ੍ਰੈਨ ਪੀਟਨ ਵਿਚ ਪਾਇਆ ਜਾਂਦਾ ਹੈ। ਕੁਝ ਇਲਾਕਿਆਂ ਵਿਚ ਇਕ ਏਕੜ ਵਿਚ 75 ਤੋਂ ਜ਼ਿਆਦਾ ਚੀਕੂ ਦੇ ਦਰਖ਼ਤ ਉੱਗਦੇ ਹਨ। ਬਰਸਾਤ ਦੇ ਮੌਸਮ ਦੌਰਾਨ ਚਿਕਲ ਇਕੱਠਾ ਕਰਨ ਵਾਲੇ ਲੋਕ ਜਿਨ੍ਹਾਂ ਨੂੰ ਚਿਕਲਰੋਸ ਕਿਹਾ ਜਾਂਦਾ ਹੈ, ਜੰਗਲੀ ਚੀਕੂ ਦੇ ਦਰਖ਼ਤ ਦੇ ਤਣੇ ਵਿਚ ਟੇਢੇ ਚੀਰੇ ਦਿੰਦੇ ਹਨ। ਇਨ੍ਹਾਂ ਵਿੱਚੋਂ ਨਿਕਲਦੇ ਦੁੱਧ ਵਰਗੇ ਸੰਘਣੇ ਪਦਾਰਥ ਨੂੰ ਤਣਿਆਂ ਨਾਲ ਲੱਗੇ ਭਾਂਡਿਆਂ ਵਿਚ ਇਕੱਠਾ ਕਰ ਲਿਆ ਜਾਂਦਾ ਹੈ। ਫਿਰ ਇਸ ਨੂੰ ਸੰਘਣਾ ਕਰਨ ਲਈ ਉਬਾਲਿਆ ਜਾਂਦਾ ਹੈ ਤੇ ਬਾਅਦ ਵਿਚ ਇਸ ਦੇ ਛੋਟੇ-ਛੋਟੇ ਟੁਕੜੇ ਕਰ ਕੇ ਬਾਜ਼ਾਰ ਵਿਚ ਵੇਚਿਆ ਜਾਂਦਾ ਹੈ। ਭਾਵੇਂ ਕਿ ਚਿਊਇੰਗ-ਗਮ ਬਣਾਉਣ ਲਈ ਚਿਕਲ ਅਜੇ ਵੀ ਕੁਝ ਹੱਦ ਤਕ ਇਸਤੇਮਾਲ ਕੀਤਾ ਜਾਂਦਾ ਹੈ, ਖ਼ਾਸ ਕਰਕੇ ਜਿਸ ਚਿਊਇੰਗ-ਗਮ ਬਾਰੇ ਕਿਹਾ ਜਾਂਦਾ ਹੈ ਕਿ ਇਹ ਕੁਦਰਤੀ ਚੀਜ਼ਾਂ ਤੋਂ ਬਣਾਈ ਗਈ ਹੈ, ਪਰ ਅਮਰੀਕਾ ਵਿਚ 1940 ਦੇ ਦਹਾਕੇ ਵਿਚ ਚਿਕਲ ਦੀ ਜਗ੍ਹਾ ਬਣਾਉਟੀ ਚੀਜ਼ਾਂ ਨੂੰ ਇਸਤੇਮਾਲ ਕੀਤਾ ਜਾਣ ਲੱਗਾ।
ਲੋਕ ਚਿਊਇੰਗ-ਗਮ ਚਬਾਉਣ ਦੇ ਇੰਨੇ ਸ਼ੌਕੀਨ ਕਿਉਂ ਹਨ? ਬਹੁਤ ਸਾਰੇ ਲੋਕ ਰੋਟੀ ਜਾਂ ਸਨੈਕਸ ਵਗੈਰਾ ਖਾਣ ਤੋਂ ਬਾਅਦ ਚਿਊਇੰਗ-ਗਮ ਚਬਾਉਂਦੇ ਹਨ ਤਾਂਕਿ ਉਨ੍ਹਾਂ ਦੇ ਮੂੰਹ ਵਿੱਚੋਂ ਬੋ ਨਾ ਆਵੇ, ਖ਼ਾਸ ਕਰਕੇ ਉਦੋਂ ਜਦੋਂ ਭੋਜਨ ਤੋਂ ਬਾਅਦ ਬੁਰਸ਼ ਕਰਨਾ ਮੁਸ਼ਕਲ ਹੁੰਦਾ ਹੈ। * ਕਈ ਕਹਿੰਦੇ ਹਨ ਕਿ ਚਿਊਇੰਗ-ਗਮ ਚਬਾਉਣ ਨਾਲ ਉਹ ਤਣਾਅ ਤੋਂ ਮੁਕਤ ਹੁੰਦੇ ਹਨ ਤੇ ਧਿਆਨ ਨਾਲ ਕੰਮ ਕਰ ਸਕਦੇ ਹਨ। ਇਹ ਦੇਖਿਆ ਗਿਆ ਹੈ ਕਿ ਚਿਊਇੰਗ-ਗਮ ਚਬਾਉਣ ਨਾਲ ਤਣਾਅ ਘੱਟਦਾ ਹੈ ਤੇ ਵਿਅਕਤੀ ਜ਼ਿਆਦਾ ਚੁਕੰਨਾ ਹੋ ਜਾਂਦਾ ਹੈ, ਇਸ ਲਈ ਅਮਰੀਕਾ ਵਿਚ ਫ਼ੌਜੀਆਂ ਨੂੰ ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧ ਦੌਰਾਨ ਅਤੇ ਹੁਣ ਵੀ ਰਾਸ਼ਨ ਵਿਚ ਚਿਊਇੰਗ-ਗਮ ਮੁਹੱਈਆ ਕੀਤੀ ਜਾਂਦੀ ਹੈ। ਕੁਝ ਡ੍ਰਾਈਵਰ ਕਹਿੰਦੇ ਹਨ ਕਿ ਡ੍ਰਾਈਵਿੰਗ ਕਰਦੇ ਹੋਏ ਜਾਗਦੇ ਰਹਿਣ ਲਈ ਚਾਹ-ਕਾਫ਼ੀ ਪੀਣ ਨਾਲੋਂ ਚਿਊਇੰਗ-ਗਮ ਚਬਾਉਣੀ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ। ਜਿਹੜੇ ਲੋਕ ਸਿਗਰਟ ਪੀਣੀ ਛੱਡਣੀ ਚਾਹੁੰਦੇ ਹਨ, ਉਨ੍ਹਾਂ ਲਈ ਵੀ ਚਿਊਇੰਗ-ਗਮ ਚਬਾਉਣੀ ਫ਼ਾਇਦੇਮੰਦ ਹੈ। ਚਿਊਇੰਗ-ਗਮ ਦੇ ਇਕ ਟੁਕੜੇ ਵਿਚ ਦਸ ਤੋਂ ਘੱਟ ਕੈਲੋਰੀਆਂ ਹੁੰਦੀਆਂ ਹਨ ਜਿਸ ਕਰਕੇ ਲੋਕ ਆਪਣੀ ਭੁੱਖ ਮਿਟਾਉਣ ਲਈ ਸਨੈਕਸ ਖਾਣ ਦੀ ਬਜਾਇ ਚਿਊਇੰਗ-ਗਮ ਚਬਾਉਣੀ ਜ਼ਿਆਦਾ ਪਸੰਦ ਕਰਦੇ ਹਨ।
ਪਰ ਬਹੁਤ ਸਾਰੇ ਲੋਕਾਂ ਨੂੰ ਚਿਊਇੰਗ-ਗਮ ਚਬਾਉਣ ਦੀ ਆਦਤ ਚੰਗੀ ਨਹੀਂ ਲੱਗਦੀ। ਤੇ ਕਈ ਮੌਕਿਆਂ ਤੇ ਚਿਊਇੰਗ-ਗਮ ਚਬਾਉਣ ਨੂੰ ਇਤਰਾਜ਼ਯੋਗ ਸਮਝਿਆ ਜਾਂਦਾ ਹੈ। ਇਸ ਲਈ ਜੇ ਤੁਹਾਨੂੰ ਚਿਊਇੰਗ-ਗਮ ਚਬਾਉਣ ਦੀ ਆਦਤ ਹੈ, ਤਾਂ ਇਸ ਵਿਚ ਸਮਝਦਾਰੀ ਵਰਤੋ। *
[ਫੁਟਨੋਟ]
^ ਪੈਰਾ 6 ਚਿਊਇੰਗ-ਗਮ ਚਬਾਉਣ ਨਾਲ ਮੂੰਹ ਵਿਚ ਥੁੱਕ ਜ਼ਿਆਦਾ ਪੈਦਾ ਹੁੰਦਾ ਹੈ ਜੋ ਦੰਦਾਂ ਉੱਤੇ ਜੰਮੀ ਪੇਪੜੀ ਵਿਚ ਤੇਜ਼ਾਬ ਨੂੰ ਬੇਅਸਰ ਕਰ ਦਿੰਦਾ ਹੈ ਜਿਸ ਨਾਲ ਦੰਦ ਸਿਹਤਮੰਦ ਹੁੰਦੇ ਹਨ। ਦੰਦਾਂ ਦੇ ਡਾਕਟਰ ਕਹਿੰਦੇ ਹਨ ਕਿ ਦੰਦਾਂ ਨੂੰ ਸੜਨ ਤੋਂ ਬਚਾਉਣ ਲਈ ਫਿੱਕੀ ਚਿਊਇੰਗ-ਗਮ ਵਰਤਣੀ ਚਾਹੀਦੀ ਹੈ।
^ ਪੈਰਾ 7 ਧਿਆਨ ਰੱਖੋ: ਚਿਊਇੰਗ-ਗਮ ਨੂੰ ਨਿਗਲਣਾ ਨਹੀਂ ਚਾਹੀਦਾ ਕਿਉਂਕਿ ਇਹ ਢਿੱਡ ਦੇ ਅੰਦਰ ਜਾ ਕੇ ਅੰਤੜੀਆਂ ਅਤੇ ਖ਼ੁਰਾਕ ਦੀ ਨਾੜੀ ਨੂੰ ਬੰਦ ਕਰ ਸਕਦੀ ਹੈ। ਦੰਦਾਂ ਦੀ ਭਰਾਈ ਕਰਨ ਲਈ ਵਰਤੇ ਗਏ ਪਦਾਰਥ ਵਿਚ ਰਲਾਇਆ ਹੋਇਆ ਪਾਰਾ ਜ਼ਿਆਦਾ ਚਿਊਇੰਗ-ਗਮ ਚਬਾਉਣ ਨਾਲ ਨਿਕਲ ਜਾਂਦਾ ਹੈ।
[ਸਫ਼ਾ 31 ਉੱਤੇ ਤਸਵੀਰ]
ਚਿਕਲਰੋਸ ਚੀਕੂ ਦੇ ਦਰਖ਼ਤ ਦੇ ਤਣੇ ਵਿਚ ਟੇਢੇ ਚੀਰੇ ਦਿੰਦਾ ਹੋਇਆ
[ਕ੍ਰੈਡਿਟ ਲਾਈਨ]
Copyright Fulvio Eccardi/vsual.com