Skip to content

Skip to table of contents

ਸੜਕ ਦੁਰਘਟਨਾਵਾਂ—ਕੀ ਤੁਹਾਡੀ ਜ਼ਿੰਦਗੀ ਖ਼ਤਰੇ ਵਿਚ ਹੈ?

ਸੜਕ ਦੁਰਘਟਨਾਵਾਂ—ਕੀ ਤੁਹਾਡੀ ਜ਼ਿੰਦਗੀ ਖ਼ਤਰੇ ਵਿਚ ਹੈ?

ਸੜਕ ਦੁਰਘਟਨਾਵਾਂ​—ਕੀ ਤੁਹਾਡੀ ਜ਼ਿੰਦਗੀ ਖ਼ਤਰੇ ਵਿਚ ਹੈ?

“ਮੈਂ ਤਾਂ ਚੰਗਾ ਡ੍ਰਾਈਵਰ ਹਾਂ, ਮੇਰਾ ਐਕਸੀਡੈਂਟ ਨਹੀਂ ਹੋਣ ਵਾਲਾ।” “ਐਕਸੀਡੈਂਟ ਸਿਰਫ਼ ਨੌਜਵਾਨਾਂ ਦੇ ਅਤੇ ਉਨ੍ਹਾਂ ਦੇ ਹੁੰਦੇ ਹਨ ਜਿਹੜੇ ਸੰਭਾਲ ਕੇ ਕਾਰ ਨਹੀਂ ਚਲਾਉਂਦੇ।” ਕਈ ਲੋਕ ਸੋਚਦੇ ਹਨ ਕਿ ਉਨ੍ਹਾਂ ਨਾਲ ਕਦੀ ਹਾਦਸਾ ਨਹੀਂ ਹੋਵੇਗਾ। ਕੀ ਤੁਸੀਂ ਵੀ ਇਸੇ ਤਰ੍ਹਾਂ ਮਹਿਸੂਸ ਕਰਦੇ ਹੋ? ਕੀ ਤੁਸੀਂ ਸੜਕਾਂ ਤੇ ਹੁੰਦੇ ਹਾਦਸਿਆਂ ਤੋਂ ਸੁਰੱਖਿਅਤ ਹੋ?

ਅੰਕੜੇ ਸੰਕੇਤ ਕਰਦੇ ਹਨ ਕਿ ਜੇ ਤੁਸੀਂ ਕਿਸੇ ਅਮੀਰ ਦੇਸ਼ ਵਿਚ ਰਹਿੰਦੇ ਹੋ, ਤਾਂ ਇਹ ਸੰਭਵ ਹੈ ਕਿ ਤੁਹਾਡੀ ਜ਼ਿੰਦਗੀ ਵਿਚ ਕਿਸੇ-ਨ-ਕਿਸੇ ਵੇਲੇ ਤੁਹਾਡੇ ਨਾਲ ਸੜਕ ਹਾਦਸਾ ਹੋਵੇਗਾ। ਅਜਿਹਿਆਂ ਹਾਦਸਿਆਂ ਵਿਚ ਕਈਆਂ ਦੀ ਜਾਨ ਵੀ ਚਲੀ ਜਾਂਦੀ ਹੈ। ਦੁਨੀਆਂ ਭਰ ਵਿਚ ਹਰ ਸਾਲ ਸੜਕਾਂ ਤੇ 5 ਲੱਖ ਤੋਂ ਜ਼ਿਆਦਾ ਜਾਨਲੇਵਾ ਹਾਦਸੇ ਹੁੰਦੇ ਹਨ। ਸ਼ਾਇਦ ਪਿਛਲੇ ਸਾਲ ਮਰਨ ਵਾਲਿਆਂ ਵਿੱਚੋਂ ਕਈਆਂ ਨੇ ਪਹਿਲਾਂ ਸੋਚਿਆ ਹੋਵੇ ਕਿ ਉਨ੍ਹਾਂ ਨਾਲ ਕਦੇ ਹਾਦਸਾ ਨਹੀਂ ਹੋਵੇਗਾ। ਤੁਸੀਂ ਆਪਣਾ ਬਚਾਅ ਕਿਵੇਂ ਕਰ ਸਕਦੇ ਹੋ? ਸਭ ਤੋਂ ਜ਼ਰੂਰੀ ਗੱਲ ਹੈ ਕਿ ਅਸੀਂ ਹਾਦਸਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰੀਏ। ਇਸ ਵੱਲ ਧਿਆਨ ਦਿਓ ਕਿ ਤੁਸੀਂ ਉਨ੍ਹਾਂ ਹਾਦਸਿਆਂ ਨੂੰ ਕਿਵੇਂ ਰੋਕ ਸਕਦੇ ਹੋ ਜੋ ਨੀਂਦ ਅਤੇ ਸਿਆਣੀ ਉਮਰ ਕਰਕੇ ਹੁੰਦੇ ਹਨ।

ਉਨੀਂਦਾ ਡ੍ਰਾਈਵਰ

ਕੁਝ ਮਾਹਰ ਕਹਿੰਦੇ ਹਨ ਕਿ ਉਨੀਂਦਾ ਡ੍ਰਾਈਵਰ ਸ਼ਾਇਦ ਸ਼ਰਾਬੀ ਡ੍ਰਾਈਵਰ ਜਿੰਨਾ ਹੀ ਖ਼ਤਰਨਾਕ ਹੁੰਦਾ ਹੈ। ਰਿਪੋਰਟਾਂ ਸੰਕੇਤ ਕਰਦੀਆਂ ਹਨ ਕਿ ਸੁਸਤੀ ਕਾਰਨ ਜ਼ਿਆਦਾ ਹਾਦਸੇ ਹੋ ਰਹੇ ਹਨ। ਕਾਰਾਂ ਦੀ ਦੇਖ-ਭਾਲ ਅਤੇ ਸੁਰੱਖਿਆ ਬਾਰੇ ਇਕ ਰਿਪੋਰਟ ਨੇ ਕਿਹਾ ਕਿ ਨਾਰਵੇ ਵਿਚ ਇੱਕੋ ਸਾਲ ਦੌਰਾਨ ਹਰ 12 ਡ੍ਰਾਈਵਰਾਂ ਵਿੱਚੋਂ ਇਕ ਡ੍ਰਾਈਵਰ ਕਾਰ ਚਲਾਉਂਦਾ-ਚਲਾਉਂਦਾ ਸੌਂ ਗਿਆ। ਦੱਖਣੀ ਅਫ਼ਰੀਕਾ ਵਿਚ ਜੋਹਾਨਸਬਰਗ ਸ਼ਹਿਰ ਦੀ ਸਟਾਰ ਅਖ਼ਬਾਰ ਦੇ ਅਨੁਸਾਰ ਉਸ ਦੇਸ਼ ਵਿਚ ਲਗਭਗ 30 ਫੀ ਸਦੀ ਹਾਦਸੇ ਥਕੇਵੇਂ ਕਾਰਨ ਹੁੰਦੇ ਹਨ। ਦੂਸਰਿਆਂ ਦੇਸ਼ਾਂ ਤੋਂ ਆਈਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਹਰ ਜਗ੍ਹਾ ਥਕੇਵੇਂ ਕਾਰਨ ਹਾਦਸੇ ਹੁੰਦੇ ਹਨ। ਇੰਨੇ ਉਨੀਂਦੇ ਡ੍ਰਾਈਵਰ ਕਿਉਂ ਹਨ?

ਅੱਜ-ਕੱਲ੍ਹ ਦੀ ਦੌੜ-ਭੱਜ ਦੀ ਜ਼ਿੰਦਗੀ ਕਾਰਨ ਇਹ ਸਮੱਸਿਆ ਵਧਦੀ ਜਾ ਰਹੀ ਹੈ। ਨਿਊਜ਼ਵੀਕ ਰਸਾਲੇ ਨੇ ਹਾਲ ਹੀ ਵਿਚ ਦੱਸਿਆ ਕਿ ਅਮਰੀਕੀ ਲੋਕ “ਦੋ ਸਾਲ ਪਹਿਲਾਂ ਨਾਲੋਂ ਹੁਣ ਹਰ ਰੋਜ਼ ਡੇਢ ਘੰਟਾ ਘੱਟ ਸੌਂਦੇ ਹਨ। ਅਤੇ ਲੱਗਦਾ ਹੈ ਕਿ ਇਹ ਮੁਸ਼ਕਲ ਵਧਦੀ ਜਾਵੇਗੀ।” ਕਿਉਂ? ਰਸਾਲੇ ਵਿਚ ਨੀਂਦ ਦੇ ਮਾਹਰ ਟੈਰੀ ਯੰਗ ਦੀ ਇਹ ਗੱਲ ਦੱਸੀ ਗਈ ਸੀ: “ਲੋਕਾਂ ਨੇ ਸੋਚਿਆ ਹੈ ਕਿ ਉਹ ਆਪਣੀ ਨੀਂਦ ਪੂਰੀ ਕਰਨ ਤੋਂ ਬਿਨਾਂ ਹੀ ਕੰਮ ਚਲਾ ਸਕਦੇ ਹਨ। ਲੋਕ ਸਮਝਦੇ ਹਨ ਕਿ ਜਿਹੜਾ ਬੰਦਾ ਘੱਟ ਸੌਂਦਾ ਹੈ, ਉਹ ਬਹੁਤ ਮਿਹਨਤੀ ਅਤੇ ਤਰੱਕੀਪਸੰਦ ਹੁੰਦਾ ਹੈ।”

ਇਹ ਕਿਹਾ ਜਾਂਦਾ ਹੈ ਕਿ ਆਮ ਬੰਦੇ ਨੂੰ ਹਰ ਰੋਜ਼ ਸਾਢੇ ਛੇ ਤੋਂ ਨੌਂ ਘੰਟੇ ਸੌਣ ਦੀ ਲੋੜ ਹੈ। ਜਦੋਂ ਕਿਸੇ ਦੀ ਨੀਂਦ ਪੂਰੀ ਨਹੀਂ ਹੁੰਦੀ, ਤਾਂ ਉਹ “ਨੀਂਦ ਦਾ ਕਰਜ਼ਾਈ” ਬਣ ਜਾਂਦਾ। ਅਮੈਰੀਕਨ ਓਟੋਮੋਬੀਲ ਐਸੋਸੀਏਸ਼ਨ ਦੀ ਵਾਹਣ ਸੁਰੱਖਿਆ ਸੰਸਥਾ ਦੀ ਇਕ ਰਿਪੋਰਟ ਨੇ ਕਿਹਾ: “ਜੇ ਅਸੀਂ ਹਰ ਰੋਜ਼ ਲੋੜ ਨਾਲੋਂ 30 ਜਾਂ 40 ਮਿੰਟ ਘੱਟ ਸੌਂਈਏ, ਤਾਂ ਹਫ਼ਤੇ ਦੇ ਅੰਤ ਤਕ ਅਸੀਂ ਆਪਣੇ ਉੱਤੇ 3-4 ਘੰਟੇ ਨੀਂਦ ਦਾ ਕਰਜ਼ਾ ਵਧਾ ਲੈਂਦੇ ਹਾਂ। ਇਸ ਦਾ ਸਾਡੇ ਉੱਤੇ ਕਾਫ਼ੀ ਬੁਰਾ ਅਸਰ ਪੈ ਸਕਦਾ ਹੈ ਅਤੇ ਅਸੀਂ ਦਿਨੇ ਉਨੀਂਦੇ ਰਹਿੰਦੇ ਹਾਂ।”

ਕਦੀ-ਕਦੀ ਸ਼ਾਇਦ ਤੁਹਾਨੂੰ ਚੰਗੀ ਤਰ੍ਹਾਂ ਨੀਂਦ ਨਾ ਆਵੇ। ਅਨੀਂਦਰਾ-ਰੋਗ, ਬੀਮਾਰ ਬੱਚੇ ਦੀ ਦੇਖ-ਭਾਲ ਕਰਨ ਜਾਂ ਤੁਹਾਡੇ ਵਸੋਂ ਬਾਹਰ ਕਿਸੇ ਹੋਰ ਗੱਲ ਕਾਰਨ ਤੁਹਾਡੀ ਨੀਂਦ ਸ਼ਾਇਦ ਖੁੰਝ ਜਾਵੇ। ਅਗਲੇ ਦਿਨ ਕਾਰ ਚਲਾਉਂਦੇ ਹੋਏ ਤੁਹਾਨੂੰ ਸ਼ਾਇਦ ਨੀਂਦ ਆਉਂਦੀ ਰਹੇ। ਜੇ ਇਸ ਤਰ੍ਹਾਂ ਹੋਵੇ, ਤਾਂ ਤੁਹਾਨੂੰ ਕੀ ਕਰਨ ਦੀ ਲੋੜ ਹੈ?

ਕੈਫੀਨ ਵਾਲੇ ਡ੍ਰਿੰਕ ਪੀਣ, ਤਾਕੀ ਖੋਲ੍ਹਣ, ਚਿਊਇੰਗ-ਗਮ ਚਬਾਉਣ ਜਾਂ ਕੋਈ ਮਸਾਲੇਦਾਰ ਚੀਜ਼ ਵਗੈਰਾ ਖਾਣ ਨਾਲ ਸ਼ਾਇਦ ਤੁਹਾਡੀ ਨੀਂਦ ਨਾ ਲਹੇ। ਇਹੋ ਜਿਹੇ ਇਲਾਜ ਮੁਸ਼ਕਲ ਨੂੰ ਹੱਲ ਨਹੀਂ ਕਰਦੇ। ਤੁਹਾਨੂੰ ਸੌਣ ਦੀ ਹੀ ਲੋੜ ਹੈ। ਇਸ ਲਈ ਕਿਉਂ ਨਾ ਤੁਸੀਂ ਕੁਝ ਮਿੰਟਾਂ ਲਈ ਸੌਂ ਜਾਓ? ਦ ਨਿਊਯਾਰਕ ਟਾਈਮਜ਼ ਨੇ ਇਹ ਸਲਾਹ ਦਿੱਤੀ: “ਜੇ ਤੁਸੀਂ ਤਾਜ਼ਗੀ ਪਾਉਣ ਲਈ ਸੌਣਾ ਹੈ, ਤਾਂ 30 ਮਿੰਟਾਂ ਤੋਂ ਜ਼ਿਆਦਾ ਨਾ ਸੌਂਵੋ; ਇਸ ਤੋਂ ਵੱਧ ਸੌਣ ਨਾਲ ਤੁਹਾਨੂੰ ਡੂੰਘੀ ਨੀਂਦ ਆ ਜਾਂਦੀ ਹੈ ਅਤੇ ਜਾਗਣਾ ਮੁਸ਼ਕਲ ਹੋ ਜਾਂਦਾ ਹੈ।” ਕੁਝ ਮਿੰਟਾਂ ਲਈ ਸੌਣ ਕਾਰਨ ਸ਼ਾਇਦ ਤੁਹਾਨੂੰ ਆਪਣੀ ਮੰਜ਼ਲ ਤਕ ਪਹੁੰਚਣ ਵਿਚ ਦੇਰ ਹੋ ਜਾਵੇ, ਪਰ ਇਸ ਨਾਲ ਤੁਹਾਡੀ ਜਾਨ ਬਚ ਸਕਦੀ ਹੈ।

ਤੁਹਾਨੂੰ ਸ਼ਾਇਦ ਆਪਣੇ ਜੀਵਨ-ਢੰਗ ਕਰਕੇ ਵੀ ਕਾਰ ਚਲਾਉਂਦੇ ਹੋਏ ਨੀਂਦ ਆਉਣ ਲੱਗ ਪਵੇ। ਕੀ ਤੁਸੀਂ ਅੱਧੀ ਰਾਤ ਤਕ ਇੰਟਰਨੈੱਟ ਤੇ ਸਰਫ਼ਿੰਗ ਕਰਦੇ ਹੋ ਅਤੇ ਟੈਲੀਵਿਯਨ ਦੇਖਦੇ ਰਹਿੰਦੇ ਹੋ? ਕੀ ਤੁਸੀਂ ਅੱਧੀ-ਅੱਧੀ ਰਾਤ ਤਕ ਪਾਰਟੀਆਂ ਵਗੈਰਾ ਵਿਚ ਜਾਂਦੇ ਹੋ? ਅਜਿਹੀਆਂ ਆਦਤਾਂ ਨੂੰ ਆਪਣੀ ਨੀਂਦ ਚੁਰਾਉਣ ਨਾ ਦਿਓ। ਬੁੱਧਵਾਨ ਰਾਜਾ ਸੁਲੇਮਾਨ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਸੀ ਕਿ ‘ਕੁਝ ਪਲਾਂ ਦੇ ਆਰਾਮ’ ਦਾ ਵੀ ਫ਼ਾਇਦਾ ਹੈ।​—ਉਪਦੇਸ਼ਕ 4:6, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਤਜਰਬੇਕਾਰ ਪਰ ਸਿਆਣੇ

ਜਿਨ੍ਹਾਂ ਡ੍ਰਾਈਵਰਾਂ ਦੀ ਉਮਰ ਜ਼ਿਆਦਾ ਹੈ, ਉਨ੍ਹਾਂ ਨੂੰ ਅਕਸਰ ਜ਼ਿਆਦਾ ਤਜਰਬਾ ਵੀ ਹੁੰਦਾ ਹੈ। ਇਸ ਤੋਂ ਇਲਾਵਾ, ਉਹ ਜਾਣਦੇ ਹਨ ਕਿ ਉਹ ਅੱਗੇ ਵਾਂਗ ਹੁਸ਼ਿਆਰ ਨਹੀਂ ਹੁੰਦੇ ਜਿਸ ਕਰਕੇ ਉਹ ਧਿਆਨ ਨਾਲ ਕਾਰ ਚਲਾਉਂਦੇ ਹਨ। ਲੇਕਿਨ, ਇਸ ਦੇ ਬਾਵਜੂਦ ਉਨ੍ਹਾਂ ਨਾਲ ਵੀ ਹਾਦਸਾ ਹੋ ਸਕਦਾ ਹੈ। ਦਰਅਸਲ, ਜਿਉਂ-ਜਿਉਂ ਉਨ੍ਹਾਂ ਦੀ ਉਮਰ ਵਧਦੀ ਜਾਂਦੀ ਹੈ ਤਿਉਂ-ਤਿਉਂ ਉਨ੍ਹਾਂ ਲਈ ਜ਼ਿਆਦਾ ਖ਼ਤਰਾ ਹੁੰਦਾ ਹੈ। ਅਮਰੀਕਾ ਦੇ ਕਾਰ ਅਤੇ ਸਫ਼ਰ (ਅੰਗ੍ਰੇਜ਼ੀ) ਰਸਾਲੇ ਨੇ ਇਹ ਰਿਪੋਰਟ ਦਿੱਤੀ: “[ਅਮਰੀਕਾ ਦੀ] ਆਬਾਦੀ ਵਿੱਚੋਂ 9 ਫੀ ਸਦੀ ਲੋਕਾਂ ਦੀ ਉਮਰ 70 ਸਾਲਾਂ ਤੋਂ ਜ਼ਿਆਦਾ ਹੈ, ਲੇਕਿਨ ਇਸੇ ਉਮਰ ਦੇ ਲੋਕ 13 ਫੀ ਸਦੀ ਜਾਨਲੇਵਾ ਸੜਕ ਹਾਦਸਿਆਂ ਦੇ ਸ਼ਿਕਾਰ ਹੁੰਦੇ ਹਨ।” ਅਫ਼ਸੋਸ ਦੀ ਗੱਲ ਹੈ ਕਿ ਸਿਆਣਿਆਂ ਦੇ ਹਾਦਸੇ ਵਧਦੇ ਜਾ ਰਹੇ ਹਨ।

ਮਰਟਲ ਨਾਂ ਦੀ ਔਰਤ ਦੀ ਗੱਲ ਵੱਲ ਧਿਆਨ ਦਿਓ ਜੋ 80 ਸਾਲਾਂ ਦੀ ਹੈ। * ਉਸ ਨੂੰ ਕਾਰ ਚਲਾਉਂਦੀ ਨੂੰ 60 ਸਾਲਾਂ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਅਤੇ ਉਸ ਦਾ ਕਦੇ ਵੀ ਐਕਸੀਡੈਂਟ ਨਹੀਂ ਹੋਇਆ। ਲੇਕਿਨ, ਕਈ ਦੂਸਰਿਆਂ ਲੋਕਾਂ ਵਾਂਗ ਉਸ ਉੱਤੇ ਵੀ ਬੁਢਾਪੇ ਦਾ ਅਸਰ ਪਿਆ ਹੈ, ਜਿਸ ਕਾਰਨ ਉਸ ਦਾ ਐਕਸੀਡੈਂਟ ਹੋਣ ਦਾ ਜ਼ਿਆਦਾ ਖ਼ਤਰਾ ਹੋ ਸਕਦਾ ਹੈ। ਉਸ ਨੇ ਹਾਲ ਹੀ ਵਿਚ ਜਾਗਰੂਕ ਬਣੋ! ਦੇ ਲੇਖਕਾਂ ਨੂੰ ਦੱਸਿਆ ਕਿ “ਜਿਵੇਂ ਤੁਹਾਡੀ ਉਮਰ ਵਧਦੀ ਹੈ, ਤਿਵੇਂ ਜ਼ਿੰਦਗੀ ਵਿਚ ਹਰ ਕੰਮ [ਕਾਰ ਚਲਾਉਣੀ ਵੀ] ਜ਼ਿਆਦਾ ਔਖਾ ਹੋ ਜਾਂਦਾ ਹੈ।”

ਉਸ ਨੇ ਹਾਦਸੇ ਦੇ ਖ਼ਤਰੇ ਤੋਂ ਆਪਣਾ ਬਚਾਅ ਕਰਨ ਲਈ ਕੀ ਕੀਤਾ ਹੈ? ਮਰਟਲ ਨੇ ਕਿਹਾ ਕਿ “ਮੈਂ ਆਪਣੀ ਵਧਦੀ ਉਮਰ ਮੁਤਾਬਕ ਤਬਦੀਲੀਆਂ ਕੀਤੀਆਂ ਹਨ।” ਮਿਸਾਲ ਲਈ, ਉਹ ਆਪਣੀ ਕਾਰ ਅੱਗੇ ਨਾਲੋਂ ਘੱਟ ਚਲਾਉਂਦੀ ਹੈ, ਖ਼ਾਸ ਕਰਕੇ ਰਾਤ ਨੂੰ। ਇਸ ਛੋਟੀ ਜਿਹੀ ਤਬਦੀਲੀ ਕਰਕੇ ਉਹ ਹਾਦਸੇ ਤੋਂ ਬਚੀ ਰਹੀ ਹੈ ਅਤੇ ਅਜੇ ਵੀ ਕਾਰ ਚਲਾਉਂਦੀ ਹੈ।

ਬੁਢਾਪੇ ਦਾ ਅਸਰ ਸਾਰਿਆਂ ਉੱਤੇ ਪੈਂਦਾ ਹੈ ਭਾਵੇਂ ਇਸ ਨੂੰ ਸਵੀਕਾਰ ਕਰਨਾ ਔਖਾ ਹੋਵੇ। (ਉਪਦੇਸ਼ਕ ਦੀ ਪੋਥੀ 12:1-7) ਅਸੀਂ ਕਈ ਗੱਲਾਂ ਕਰਕੇ ਸ਼ਾਇਦ ਚੰਗੀ ਤਰ੍ਹਾਂ ਕਾਰ ਨਾ ਚਲਾ ਸਕੀਏ, ਜਿਵੇਂ ਕਿ ਵੱਖੋ-ਵੱਖਰੀਆਂ ਸਿਹਤ ਸਮੱਸਿਆਵਾਂ, ਅੱਗੇ ਨਾਲੋਂ ਘੱਟ ਹੁਸ਼ਿਆਰੀ ਅਤੇ ਕਮਜ਼ੋਰ ਨਿਗਾਹ। ਪਰ, ਸਿਰਫ਼ ਵਧਦੀ ਉਮਰ ਕਿਸੇ ਨੂੰ ਕਾਰ ਚਲਾਉਣ ਤੋਂ ਨਹੀਂ ਰੋਕਦੀ। ਇਹ ਗੱਲ ਦੇਖਣ ਦੀ ਜ਼ਰੂਰਤ ਹੈ ਕਿ ਡ੍ਰਾਈਵਰ ਕਾਰ ਨੂੰ ਕਿਸ ਤਰ੍ਹਾਂ ਚਲਾਉਂਦਾ ਹੈ। ਜੇ ਅਸੀਂ ਸਵੀਕਾਰ ਕਰੀਏ ਕਿ ਸਾਡੀ ਕਾਬਲੀਅਤ ਘੱਟਦੀ ਜਾ ਰਹੀ ਹੈ ਅਤੇ ਆਪਣੇ ਕੰਮਾਂ-ਕਾਰਾਂ ਵਿਚ ਤਬਦੀਲੀਆਂ ਲਿਆਈਏ, ਤਾਂ ਅਸੀਂ ਕਾਰ ਚਲਾਉਣ ਵਿਚ ਹੁਸ਼ਿਆਰ ਰਹਿ ਸਕਦੇ।

ਤੁਹਾਡੀ ਨਿਗਾਹ ਘੱਟਦੀ ਰਹਿੰਦੀ ਹੈ ਭਾਵੇਂ ਤੁਹਾਨੂੰ ਇਸ ਬਾਰੇ ਪਤਾ ਵੀ ਨਾ ਲੱਗੇ। ਜਿਉਂ-ਜਿਉਂ ਹੀ ਤੁਸੀਂ ਸਿਆਣੇ ਹੁੰਦੇ ਹੋ, ਤਾਂ ਤੁਹਾਡੇ ਲਈ ਹਰ ਵੇਲੇ ਚਾਰੇ ਪਾਸੇ ਦੇਖਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਤੁਹਾਡੀ ਅੱਖ ਦੇ ਰੈਟਿਨਾ ਨੂੰ ਜ਼ਿਆਦਾ ਰੌਸ਼ਨੀ ਦੀ ਲੋੜ ਹੈ। ਅੰਗ੍ਰੇਜ਼ੀ ਵਿਚ ਜ਼ਿਆਦਾ ਸਿਆਣਾ ਅਤੇ ਤਜਰਬੇਕਾਰ ਡ੍ਰਾਈਵਰ ਨਾਂ ਦੇ ਬ੍ਰੋਸ਼ਰ ਨੇ ਕਿਹਾ: “60 ਸਾਲਾਂ ਦੇ ਡ੍ਰਾਈਵਰ ਨੂੰ ਕਿਸੇ ਨੌਜਵਾਨ ਨਾਲੋਂ ਤਿੰਨ ਗੁਣਾ ਜ਼ਿਆਦਾ ਰੌਸ਼ਨੀ ਦੀ ਲੋੜ ਹੈ ਅਤੇ ਉਸ ਨੂੰ ਚੰਗੀ ਤਰ੍ਹਾਂ ਦੇਖਣ ਲਈ ਦੁਗਣਾ ਸਮਾਂ ਲੱਗਦਾ ਹੈ ਜਦੋਂ ਉਸ ਨੂੰ ਰੌਸ਼ਨੀ ਵਿੱਚੋਂ ਨਿਕਲ ਕੇ ਹਨੇਰੇ ਵਿਚ ਕਾਰ ਚਲਾਉਣੀ ਪੈਂਦੀ ਹੈ।” ਨਿਗਾਹ ਵਿਚ ਅਜਿਹੀਆਂ ਕਮਜ਼ੋਰੀਆਂ ਕਰਕੇ ਰਾਤ ਨੂੰ ਕਾਰ ਚਲਾਉਣੀ ਔਖੀ ਹੋ ਸਕਦੀ ਹੈ।

ਹੈਨਰੀ 72 ਸਾਲਾਂ ਦਾ ਹੈ ਅਤੇ ਉਸ ਨੇ ਬਿਨਾਂ ਹਾਦਸੇ ਦੇ 50 ਸਾਲਾਂ ਤੋਂ ਜ਼ਿਆਦਾ ਸਮੇਂ ਲਈ ਕਾਰ ਚਲਾਈ ਹੈ। ਸਾਲਾਂ ਦੇ ਬੀਤਣ ਨਾਲ ਉਸ ਨੂੰ ਅਹਿਸਾਸ ਹੋਇਆ ਕਿ ਦੂਸਰੀਆਂ ਕਾਰਾਂ ਦੀਆਂ ਲਾਈਟਾਂ ਕਰਕੇ ਉਸ ਲਈ ਰਾਤ ਨੂੰ ਕਾਰ ਚਲਾਉਣੀ ਔਖੀ ਹੋਣ ਲੱਗ ਪਈ। ਆਪਣੀਆਂ ਅੱਖਾਂ ਦਾ ਟੈੱਸਟ ਕਰਾਉਣ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਨਵੀਆਂ ਐਨਕਾਂ ਦੀ ਲੋੜ ਸੀ ਤਾਂਕਿ ਉਸ ਦੀਆਂ ਅੱਖਾਂ ਉੱਤੇ ਲਾਈਟਾਂ ਦਾ ਘੱਟ ਅਸਰ ਪਵੇ। ਹੈਨਰੀ ਕਹਿੰਦਾ ਹੈ ਕਿ “ਹੁਣ ਮੇਰੇ ਲਈ ਰਾਤ ਨੂੰ ਕਾਰ ਚਲਾਉਣੀ ਮੁਸ਼ਕਲ ਨਹੀਂ ਹੈ।” ਇਸ ਛੋਟੀ ਜਿਹੀ ਤਬਦੀਲੀ ਨਾਲ ਉਸ ਦੇ ਕਾਰ ਚਲਾਉਣ ਵਿਚ ਵੱਡਾ ਫ਼ਰਕ ਪਿਆ। ਮਰਟਲ ਵਰਗੇ ਦੂਸਰੇ ਲੋਕਾਂ ਨੂੰ ਸ਼ਾਇਦ ਰਾਤ ਨੂੰ ਕਾਰ ਚਲਾਉਣੀ ਬੰਦ ਕਰਨੀ ਪਵੇ।

ਬੁਢਾਪੇ ਵਿਚ ਲੋਕ ਹੌਲੀ ਹੋ ਜਾਂਦੇ ਹਨ। ਸਿਆਣੇ ਲੋਕ ਨੌਜਵਾਨਾਂ ਨਾਲੋਂ ਜ਼ਿਆਦਾ ਸਮਝਦਾਰ ਤੇ ਅਕਲਮੰਦ ਹੁੰਦੇ ਹਨ। ਲੇਕਿਨ ਸੜਕਾਂ ਉੱਤੇ ਹਾਲਾਤ ਹਮੇਸ਼ਾ ਬਦਲਦੇ ਰਹਿੰਦੇ ਹਨ ਅਤੇ ਇਨ੍ਹਾਂ ਦੇ ਅਨੁਸਾਰ ਕਾਰ ਚਲਾਉਣ ਲਈ ਹੁਸ਼ਿਆਰ ਰਹਿਣ ਦੀ ਲੋੜ ਹੈ। ਪਰ, ਜਿਉਂ-ਜਿਉਂ ਲੋਕਾਂ ਦੀ ਉਮਰ ਵਧਦੀ ਜਾਂਦੀ ਹੈ, ਤਾਂ ਉਹ ਕਾਰ ਕੰਟ੍ਰੋਲ ਕਰਨ ਜਾਂ ਰੋਕਣ ਵਿਚ ਜ਼ਿਆਦਾ ਚਿਰ ਲਗਾਉਂਦੇ ਹਨ। ਖ਼ਤਰੇ ਤੋਂ ਆਪਣਾ ਬਚਾਅ ਕਰਨ ਲਈ ਬਦਲਦੀਆਂ ਹਾਲਤਾਂ ਅਨੁਸਾਰ ਜਲਦੀ ਕਦਮ ਚੁੱਕਣ ਦੀ ਲੋੜ ਹੈ।

ਕਾਰ ਅਤੇ ਸਫ਼ਰ ਰਸਾਲੇ ਦੀ ਇਕ ਰਿਪੋਰਟ ਅਨੁਸਾਰ “ਸਿਆਣਿਆਂ ਨਾਲ ਜਾਨਲੇਵਾ ਹਾਦਸੇ ਜ਼ਿਆਦਾਤਰ ਇਸ ਕਰਕੇ ਹੁੰਦੇ ਹਨ ਕਿਉਂਕਿ ਉਹ ਉਨ੍ਹਾਂ ਥਾਂਵਾਂ ਤੇ ਨਹੀਂ ਰੁੱਕਦੇ ਜਿੱਥੇ ਉਨ੍ਹਾਂ ਨੂੰ ਰੁਕਣਾ ਚਾਹੀਦਾ ਹੈ।” ਉਹ ਇਵੇਂ ਕਿਉਂ ਕਰਦੇ ਹਨ? ਇਹੀ ਰਿਪੋਰਟ ਅੱਗੇ ਦੱਸਦੀ ਹੈ: “ਇਵੇਂ ਲੱਗਦਾ ਹੈ ਕਿ ਇਹ ਮੁਸ਼ਕਲ ਇਸ ਕਰਕੇ ਹੁੰਦੀ ਹੈ ਕਿਉਂਕਿ ਜੰਕਸ਼ਨ ਪਾਰ ਕਰਦੇ ਹੋਏ ਸਿਆਣੇ ਡ੍ਰਾਈਵਰ ਨੂੰ ਸੱਜੇ-ਖੱਬੇ ਦੇਖ ਕੇ ਇਹ ਅੰਦਾਜ਼ਾ ਲਗਾਉਣਾ ਪੈਂਦਾ ਹੈ ਕਿ ਉਸ ਨੂੰ ਅੱਗੇ ਜਾਣਾ ਚਾਹੀਦਾ ਹੈ ਜਾਂ ਨਹੀਂ।”

ਜੇ ਤੁਸੀਂ ਸਿਆਣੇ ਹੋ, ਤਾਂ ਤੁਸੀਂ ਇਸ ਬਾਰੇ ਕੀ ਕਰ ਸਕਦੇ ਹੋ? ਜੰਕਸ਼ਨਾਂ ਤੇ ਪਹੁੰਚਦੇ ਹੋਏ ਸਾਵਧਾਨੀ ਵਰਤੋ। ਆਪਣੀ ਕਾਰ ਅੱਗੇ ਕੱਢਣ ਤੋਂ ਪਹਿਲਾਂ ਦੁਬਾਰਾ ਆਲੇ-ਦੁਆਲੇ ਦੇਖਣ ਦੀ ਆਦਤ ਪਾਓ। ਕਾਰ ਮੋੜਦੇ ਹੋਏ ਖ਼ਾਸ ਕਰਕੇ ਧਿਆਨ ਰੱਖੋ। ਜੰਕਸ਼ਨ ਤੇ ਕਾਰ ਨੂੰ ਮੋੜਨਾ ਖ਼ਤਰਨਾਕ ਹੋ ਸਕਦਾ ਹੈ, ਖ਼ਾਸ ਕਰਕੇ ਉਦੋਂ ਜਦੋਂ ਤੁਹਾਨੂੰ ਲੰਘਦੀਆਂ ਕਾਰਾਂ ਦੇ ਮੋਹਰਿਓਂ ਆਪਣੀ ਕਾਰ ਮੋੜਨੀ ਪਵੇ।

ਅਮਰੀਕਾ ਵਿਚ 75 ਸਾਲਾਂ ਨਾਲੋਂ ਜ਼ਿਆਦਾ ਉਮਰ ਦੇ ਡ੍ਰਾਈਵਰਾਂ ਦੇ ਜਾਨਲੇਵਾ ਹਾਦਸਿਆਂ ਵਿੱਚੋਂ 40 ਫੀ ਸਦੀ ਹਾਦਸੇ ਉਦੋਂ ਹੁੰਦੇ ਹਨ ਜਦੋਂ ਉਹ ਖੱਬੇ ਪਾਸੇ ਨੂੰ ਯਾਨੀ ਕਾਰਾਂ ਮੋਹਰਿਓਂ ਮੁੜਦੇ ਹਨ। ਅਮਰੀਕਾ ਦੀ ਵਾਹਣ ਸੁਰੱਖਿਆ ਸੰਸਥਾ ਡ੍ਰਾਈਵਰਾਂ ਨੂੰ ਇਹ ਸੁਝਾਅ ਦਿੰਦੀ ਹੈ: ਖੱਬੇ ਨੂੰ ਮੁੜਨ ਦੀ ਬਜਾਇ ਤੁਸੀਂ ਤਿੰਨ ਚਾਰ ਵਾਰੀ ਸੱਜੇ ਨੂੰ ਮੁੜ ਕੇ ਆਪਣੀ ਮੰਜ਼ਲ ਤੇ ਪਹੁੰਚ ਸਕਦੇ ਹੋ।” ਤੁਸੀਂ ਸ਼ਾਇਦ ਇਸੇ ਸੁਝਾਅ ਨੂੰ ਆਪਣੇ ਹਾਲਾਤਾਂ ਤੇ ਲਾਗੂ ਕਰ ਸਕਦੇ ਹੋ। ਸਫ਼ਰ ਕਰਨ ਤੋਂ ਪਹਿਲਾਂ ਹੀ ਤੁਸੀਂ ਸੋਚ-ਵਿਚਾਰ ਕਰਨ ਨਾਲ ਖ਼ਤਰਨਾਕ ਜੰਕਸ਼ਨਾਂ ਤੋਂ ਸ਼ਾਇਦ ਦੂਰ ਰਹਿ ਸਕਦੇ ਹੋ।

ਕਾਰ ਚਲਾਉਣ ਜਾਂ ਨਾ ਚਲਾਉਣ ਦਾ ਫ਼ੈਸਲਾ

ਤੁਸੀਂ ਕਾਰ ਚਲਾਉਣ ਦੀ ਆਪਣੀ ਯੋਗਤਾ ਦਾ ਅੰਦਾਜ਼ਾ ਕਿਵੇਂ ਲਗਾ ਸਕਦੇ ਹੋ? ਤੁਸੀਂ ਸ਼ਾਇਦ ਆਪਣੇ ਕਿਸੇ ਦੋਸਤ ਜਾਂ ਪਰਿਵਾਰ ਦੇ ਮੈਂਬਰ ਨੂੰ ਆਪਣੇ ਨਾਲ ਬੈਠਣ ਲਈ ਕਹਿ ਸਕਦੇ ਹੋ ਤਾਂਕਿ ਉਹ ਦੇਖ ਸਕਣ ਕਿ ਤੁਸੀਂ ਕਾਰ ਕਿਵੇਂ ਚਲਾਉਂਦੇ ਹੋ। ਫਿਰ ਉਨ੍ਹਾਂ ਦੀ ਸਲਾਹ ਨੂੰ ਧਿਆਨ ਨਾਲ ਸੁਣੋ। ਤੁਸੀਂ ਕਾਰ ਚਲਾਉਣ ਵਿਚ ਸੁਧਾਰ ਕਰਨ ਲਈ ਕੋਰਸ ਵੀ ਕਰ ਸਕਦੇ ਹੋ। ਕਈ ਸੰਸਥਾਵਾਂ ਨੇ ਸਿਆਣਿਆਂ ਲਈ ਖ਼ਾਸ ਕੋਰਸ ਤਿਆਰ ਕੀਤੇ ਹਨ। ਜੇ ਤੁਸੀਂ ਹਾਦਸੇ ਦੇ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚਦੇ ਰਹਿੰਦੇ ਹੋ, ਤਾਂ ਇਸ ਤੋਂ ਇਹ ਸਮਝੋ ਕਿ ਤੁਸੀਂ ਅੱਗੇ ਵਾਂਗ ਹੁਸ਼ਿਆਰੀ ਨਾਲ ਕਾਰ ਨਹੀਂ ਚਲਾ ਸਕਦੇ।

ਜੇ ਸੋਚਿਆ ਜਾਵੇ, ਤਾਂ ਕਿਸੇ-ਨ-ਕਿਸੇ ਸਮੇਂ ਸ਼ਾਇਦ ਕਾਰ ਚਲਾਉਣੀ ਬੰਦ ਕਰਨ ਨਾਲ ਤੁਹਾਡਾ ਫ਼ਾਇਦਾ ਹੋਵੇਗਾ। ਇਹ ਫ਼ੈਸਲਾ ਕਰਨਾ ਬਹੁਤ ਔਖਾ ਹੋ ਸਕਦਾ ਹੈ। ਮਰਟਲ ਜਿਸ ਦਾ ਪਹਿਲਾ ਜ਼ਿਕਰ ਕੀਤਾ ਗਿਆ ਸੀ, ਜਾਣਦੀ ਹੈ ਕਿ ਇਕ ਦਿਨ ਉਸ ਨੂੰ ਕਾਰ ਚਲਾਉਣੀ ਬੰਦ ਕਰਨੀ ਪਵੇਗੀ। ਉਹ ਹੁਣ ਤੋਂ ਹੀ ਜ਼ਿਆਦਾ ਤੋਂ ਜ਼ਿਆਦਾ ਦੂਸਰਿਆਂ ਨਾਲ ਕਾਰ ਵਿਚ ਜਾਂਦੀ ਹੈ। ਉਹ ਦੂਸਰਿਆਂ ਨਾਲ ਜਾਣ ਬਾਰੇ ਕਿਵੇਂ ਮਹਿਸੂਸ ਕਰਦੀ ਹੈ? ਉਸ ਨੇ ਕਿਹਾ: “ਮੈਨੂੰ ਹੁਣ ਆਪ ਕਾਰ ਚਲਾਉਣ ਦੀ ਪਰੇਸ਼ਾਨੀ ਨਹੀਂ, ਦੂਸਰਿਆਂ ਨਾਲ ਜਾਣਾ ਵਧੀਆ ਹੈ।”

ਇਨ੍ਹਾਂ ਗੱਲਾਂ ਵੱਲ ਧਿਆਨ ਦੇਣ ਤੋਂ ਬਾਅਦ ਸ਼ਾਇਦ ਤੁਸੀਂ ਵੀ ਇਵੇਂ ਮਹਿਸੂਸ ਕਰੋ। ਸ਼ਾਪਿੰਗ ਕਰਨ, ਹੋਰ ਛੋਟੇ-ਮੋਟੇ ਕੰਮ ਕਰਨ, ਡਾਕਟਰ ਜਾਂ ਹੋਰ ਕਿਸੇ ਨੂੰ ਮਿਲਣ ਜਾਣ ਲਈ ਕਿਸੇ ਦੋਸਤ ਨਾਲ ਜਾਣਾ ਜ਼ਿਆਦਾ ਵਧੀਆ ਹੈ। ਸ਼ਾਇਦ ਤੁਹਾਡਾ ਦੋਸਤ ਤੁਹਾਡੀ ਹੀ ਕਾਰ ਵਿਚ ਤੁਹਾਨੂੰ ਲੈ ਜਾ ਸਕਦਾ ਹੈ। ਇਵੇਂ ਸਫ਼ਰ ਕਰਨ ਨਾਲ ਸ਼ਾਇਦ ਤੁਸੀਂ ਖ਼ਤਰਿਆਂ ਤੋਂ ਬਚ ਸਕੋ ਅਤੇ ਨਾਲੋ-ਨਾਲ ਤੁਸੀਂ ਦੂਸਰੇ ਦੇ ਸਾਥ ਦਾ ਆਨੰਦ ਮਾਣ ਸਕਦੇ ਹੋ। ਬੱਸਾਂ ਵਗੈਰਾ ਵਿਚ ਜਾਣਾ ਵੀ ਸ਼ਾਇਦ ਚੰਗਾ ਹੋਵੇ। ਯਾਦ ਰੱਖੋ ਕਿ ਜੇ ਤੁਸੀਂ ਕਾਰ ਨਹੀਂ ਚਲਾ ਸਕਦੇ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਨਿਕੰਮੇ ਇਨਸਾਨ ਹੋ। ਸਗੋਂ ਤੁਹਾਡੇ ਵਧੀਆ ਗੁਣਾਂ ਕਰਕੇ ਤੁਸੀਂ ਆਪਣੇ ਪਰਿਵਾਰ, ਦੋਸਤਾਂ ਅਤੇ ਖ਼ਾਸ ਕਰਕੇ ਯਹੋਵਾਹ ਦੀ ਨਜ਼ਰ ਵਿਚ ਪਿਆਰੇ ਹੋ।—ਕਹਾਉਤਾਂ 12:2; ਰੋਮੀਆਂ 14:18.

ਚਾਹੇ ਤੁਸੀਂ ਸਿਆਣੇ ਹੋ ਜਾਂ ਜਵਾਨ, ਤਜਰਬੇਕਾਰ ਹੋ ਜਾਂ ਨਹੀਂ, ਤੁਸੀਂ ਹਾਦਸਿਆਂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੋ। ਕਾਰ ਚਲਾਉਣੀ ਇਕ ਬਹੁਤ ਹੀ ਗੰਭੀਰ ਜ਼ਿੰਮੇਵਾਰੀ ਹੈ। ਹਾਦਸਿਆਂ ਤੋਂ ਬਚੇ ਰਹਿਣ ਲਈ ਜ਼ਰੂਰੀ ਕਦਮ ਚੁੱਕੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਸਫ਼ਰ ਕਰਦਿਆਂ ਸ਼ਾਇਦ ਆਪਣੀ ਅਤੇ ਦੂਸਰਿਆਂ ਦੀ ਰੱਖਿਆ ਕਰ ਸਕੋਗੇ।

[ਫੁਟਨੋਟ]

^ ਪੈਰਾ 13 ਇਸ ਲੇਖ ਵਿਚ ਨਾਂ ਬਦਲੇ ਗਏ ਹਨ।

[ਸਫ਼ਾ 18 ਉੱਤੇ ਤਸਵੀਰ]

ਸਫ਼ਰ ਕਰਨ ਤੋਂ ਪਹਿਲਾਂ ਆਪਣੀ ਨੀਂਦ ਪੂਰੀ ਕਰੋ

[ਸਫ਼ਾ 19 ਉੱਤੇ ਤਸਵੀਰ]

ਕੁਝ ਮਿੰਟ ਸੌਂ ਕੇ ਸ਼ਾਇਦ ਤੁਸੀਂ ਦੇਰ ਕਰ ਦਿਓ, ਪਰ ਇਵੇਂ ਕਰਨ ਨਾਲ ਜਾਨਾਂ ਬਚ ਸਕਦੀਆਂ ਹਨ

[ਸਫ਼ਾ 19 ਉੱਤੇ ਤਸਵੀਰ]

ਸਿਆਣੇ ਡ੍ਰਾਈਵਰ ਤਜਰਬੇਕਾਰ ਤਾਂ ਹੁੰਦੇ ਹਨ, ਪਰ ਉਨ੍ਹਾਂ ਨੂੰ ਖ਼ਾਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ

[ਸਫ਼ਾ 20 ਉੱਤੇ ਤਸਵੀਰ]

ਕਿਸੇ ਦੂਜੇ ਵਿਅਕਤੀ ਨਾਲ ਸਫ਼ਰ ਕਰਨ ਦੇ ਫ਼ਾਇਦੇ ਹੋ ਸਕਦੇ ਹਨ