ਸੰਸਾਰ ਉੱਤੇ ਨਜ਼ਰ
ਸੰਸਾਰ ਉੱਤੇ ਨਜ਼ਰ
ਚਿਕਨ-ਪਾਕਸ ਕਰਕੇ ਬਾਲਗਾਂ ਦੀਆਂ ਮੌਤਾਂ
“ਚਿਕਨ-ਪਾਕਸ ਦੀ ਬੀਮਾਰੀ, ਜੋ ਆਮ ਕਰਕੇ ਬੱਚਿਆਂ ਨੂੰ ਹੁੰਦੀ ਹੈ, ਹੁਣ ਵਧਦੀ ਗਿਣਤੀ ਵਿਚ ਬਾਲਗਾਂ ਦੀ ਜਾਨ ਲੈ ਰਹੀ ਹੈ,’ ਲੰਡਨ ਦੇ ਇੰਡੀਪੇਨਡੰਟ ਅਖ਼ਬਾਰ ਨੇ ਕਿਹਾ। ਬ੍ਰਿਟਿਸ਼ ਮੈਡੀਕਲ ਜਰਨਲ ਵੱਲੋਂ ਅੰਕੜਿਆਂ ਦੇ ਮੁਤਾਬਕ 1970 ਦੇ ਦਹਾਕੇ ਦੇ ਸ਼ੁਰੂ ਵਿਚ ਚਿਕਨ-ਪਾਕਸ ਤੋਂ ਮਰਨ ਵਾਲਿਆਂ ਲੋਕਾਂ ਵਿੱਚੋਂ 48 ਫੀ ਸਦੀ ਬਾਲਗ ਲੋਕ ਸਨ, ਪਰ 2001 ਵਿਚ ਇਹ ਗਿਣਤੀ 81 ਫੀ ਸਦੀ ਤਕ ਵਧ ਗਈ। ਲੰਡਨ ਵਿਚ ਇਕ ਡਾਕਟਰੀ ਸਕੂਲ ਦੇ ਪ੍ਰੋਫ਼ੈਸਰ ਨੋਰਮਨ ਨੋਆ ਨੇ ਇਹ ਚੇਤਾਵਨੀ ਦਿੱਤੀ ਕਿ “ਇਹ ਰਿਪੋਰਟ ਸਾਬਤ ਕਰਦੀ ਹੈ ਕਿ ਚਿਕਨ-ਪਾਕਸ ਬਾਲਗਾਂ ਦੀਆਂ ਮੌਤਾਂ ਲਈ ਕਾਫ਼ੀ ਜ਼ਿੰਮੇਵਾਰ ਹੈ . . . ਸਾਡਾ ਇਹ ਅੰਦਾਜ਼ਾ ਕਿ ਹਰ ਸਾਲ [ਇੰਗਲੈਂਡ ਅਤੇ ਵੇਲਜ਼ ਵਿਚ] 25 ਮੌਤਾਂ ਹੁੰਦੀਆਂ ਹਨ ਸ਼ਾਇਦ ਘੱਟ ਹੋਵੇ। . . . ਜੇ ਬਾਲਗਾਂ ਨੂੰ ਇਹ ਬੀਮਾਰੀ ਲੱਗ ਜਾਵੇ, ਤਾਂ ਉਨ੍ਹਾਂ ਨੂੰ ਇਹ ਮੰਨਣਾ ਚਾਹੀਦਾ ਹੈ ਕਿ ਇਹ ਉਸ ਬੀਮਾਰੀ ਵਰਗੀ ਨਹੀਂ ਜੋ ਨਿਆਣਿਆਂ ਨੂੰ ਹੁੰਦੀ ਹੈ। ਉਨ੍ਹਾਂ ਨੂੰ ਜ਼ਿਆਦਾ ਖ਼ਤਰਾ ਹੈ ਅਤੇ ਉਨ੍ਹਾਂ ਨੂੰ ਜਲਦੀ ਡਾਕਟਰ ਕੋਲ ਜਾਣਾ ਚਾਹੀਦਾ ਹੈ।” ਉਨ੍ਹਾਂ ਮਰਦਾਂ ਨੂੰ ਜ਼ਿਆਦਾ ਖ਼ਤਰਾ ਹੈ ਜਿਨ੍ਹਾਂ ਦੀ ਉਮਰ 15 ਤੋਂ 44 ਵਿਚਕਾਰ ਹੈ।
ਆਦਮੀ ਔਰਤਾਂ ਤੋਂ ਪਹਿਲਾਂ ਕਿਉਂ ਮਰਦੇ ਹਨ?
“ਇਕ ਮਰਦ ਦੀ ਜ਼ਿੰਦਗੀ ਦੁਖੀ ਹੈ: ਉਹ ਪਹਿਲਾਂ ਹੀ ਬੀਮਾਰ ਹੋ ਜਾਂਦਾ ਹੈ ਅਤੇ ਪਹਿਲਾਂ ਹੀ ਮਰ ਜਾਂਦਾ ਹੈ।” ਇਹ ਉਨ੍ਹਾਂ ਦਾ ਬਿਆਨ ਸੀ ਜਿਨ੍ਹਾਂ ਨੇ ਆਸਟ੍ਰੀਆ ਦੇ ਵੀਐਨਾ ਸ਼ਹਿਰ ਵਿਚ ਮਰਦਾਂ ਦੀ ਸਿਹਤ ਦੇ ਸੰਬੰਧ ਵਿਚ ਦੁਨੀਆਂ ਦੇ ਪਹਿਲੇ ਸੰਮੇਲਨ ਦਾ ਪ੍ਰਬੰਧ ਕੀਤਾ ਸੀ। ਜਰਮਨੀ ਦੇ ਇਕ ਅਖ਼ਬਾਰ ਨੇ ਕਿਹਾ ਕਿ ਉਹ ਇਹ ਜਾਣ ਕੇ ਹੈਰਾਨ ਹੋਏ ਕਿ ਆਮ ਕਰਕੇ ਮਰਦ ਔਰਤਾਂ ਨਾਲੋਂ ਪੰਜ ਸਾਲ ਪਹਿਲਾਂ ਮਰ ਜਾਂਦੇ ਹਨ। ਮਰਦ ਪਹਿਲਾਂ ਕਿਉਂ ਮਰ ਜਾਂਦੇ ਹਨ? ਇਕ ਗੱਲ ਹੈ ਕਿ ਇਹ ਜ਼ਿਆਦਾ ਸੰਭਵ ਹੈ ਕਿ ਉਹ ਸਿਗਰਟ ਪੀਂਦੇ ਹਨ ਅਤੇ ਹੱਦੋਂ ਵਧ ਸ਼ਰਾਬ ਪੀਂਦੇ ਹਨ। ਜ਼ਿਆਦਾ ਖਾਣ ਨਾਲ ਅਤੇ ਘੱਟ ਕਸਰਤ ਕਰਨ ਨਾਲ ਵੀ ਖ਼ਤਰਾ ਵਧਦਾ ਹੈ—ਕਿਹਾ ਜਾਂਦਾ ਕਿ ਅੱਧਖੜ ਉਮਰ ਦੇ ਬੰਦਿਆਂ ਵਿੱਚੋਂ 70 ਫੀ ਸਦੀ ਦਾ ਭਾਰ ਜ਼ਿਆਦਾ ਹੈ। ਇਨ੍ਹਾਂ ਗੱਲਾਂ ਤੋਂ ਇਲਾਵਾ ਕਈਆਂ ਨੂੰ ਆਪਣੀ ਨੌਕਰੀ ਅਤੇ ਪਰਿਵਾਰ ਦੀ ਦੇਖ-ਭਾਲ ਕਰਨ ਦੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਣ ਕਰਕੇ ਤਣਾਅ ਹੁੰਦਾ ਹੈ। ਅਤੇ ਇਹ ਵੀ ਸੰਭਵ ਹੈ ਕਿ ਮਰਦ ਬੀਮਾਰ ਹੋਣ ਤੇ ਡਾਕਟਰ ਕੋਲ ਨਹੀਂ ਜਾਂਦੇ ਅਤੇ ਨਾ ਹੀ ਉਹ ਸਿਹਤ ਦੀ ਦੇਖ-ਭਾਲ ਕਰਨ ਸੰਬੰਧੀ ਸਲਾਹਾਂ ਲੈਂਦੇ ਹਨ। ਸੰਮੇਲਨ ਦੇ ਪ੍ਰਬੰਧ ਕਰਨ ਵਾਲਿਆਂ ਵਿੱਚੋਂ ਜ਼ਿਗਫ੍ਰਿਡ ਮੈਰੀਨ ਨੇ ਹਾਲਤ ਦਾ ਸਾਰ ਦਿੰਦਿਆਂ ਇਹ ਕਿਹਾ: “ਡਾਕਟਰੀ ਸੰਭਾਲ ਦੇ ਪੱਖੋਂ ਮਰਦਾਂ ਨੂੰ ਜ਼ਰੂਰ ਘਾਟਾ ਹੈ।”
ਨੌਕਰੀ ਸ਼ੁਰੂ ਕਰਨ ਲਈ ਝੂਠ ਬੋਲਣਾ
ਲੰਡਨ ਦੇ ਫਾਈਨੈਂਸ਼ਲ ਟਾਈਮਜ਼ ਅਖ਼ਬਾਰ ਵਿਚ ਇਕ ਰਿਪੋਰਟ ਨੇ ਇਵੇਂ ਕਿਹਾ ਕਿ “ਨੌਕਰੀ ਲਈ ਅਰਜ਼ੀ ਦੇਣ ਸਮੇਂ ਚਾਰ ਵਿਅਕਤੀਆਂ ਵਿੱਚੋਂ ਇਕ ਝੂਠ ਬੋਲਦਾ ਹੈ।” ਇਕ ਸੁਰੱਖਿਆ ਕੰਪਨੀ ਨੇ 12 ਮਹੀਨਿਆਂ ਦੌਰਾਨ ਪੈਸੇ ਅਤੇ ਕੰਪਿਊਟਰ ਸੰਬੰਧੀ ਨੌਕਰੀਆਂ ਦੇ 10,435 ਉਮੀਦਵਾਰਾਂ ਦੀ ਜਾਂਚ-ਪੜਤਾਲ ਕੀਤੀ। ਅਖ਼ਬਾਰ ਨੇ ਇਹ ਕਿਹਾ ਕਿ “ਵੱਡੀਆਂ ਨੌਕਰੀਆਂ ਤੋਂ ਲੈ ਕੇ ਛੋਟੀਆਂ ਤਕ ਉਨ੍ਹਾਂ ਨੇ ਦੇਖਿਆ ਕਿ ਲੋਕਾਂ ਨੇ ਝੂਠੀ ਜਾਣਕਾਰੀ ਦਿੱਤੀ ਸੀ।” “ਤਕਰੀਬਨ 34 ਫੀ ਸਦੀ ਲੋਕਾਂ ਨੇ ਆਪਣੀਆਂ ਪਹਿਲੀਆਂ ਨੌਕਰੀਆਂ ਬਾਰੇ ਕੁਝ ਗ਼ਲਤ ਦੱਸਿਆ, ਅਤੇ 32 ਫੀ ਦੀ ਨੇ ਆਪਣੀ ਪੜ੍ਹਾਈ-ਲਿਖਾਈ ਬਾਰੇ ਜਾਂ ਤਾਂ ਵਧਾ-ਚੜ੍ਹਾ ਕੇ ਦੱਸਿਆ ਸੀ ਜਾਂ ਇਸ ਬਾਰੇ ਝੂਠ ਦੱਸਿਆ। ਉਮੀਦਵਾਰਾਂ ਵਿੱਚੋਂ 19 ਫੀ ਸਦੀ ਨੇ ਪਿੱਛਲੇ ਕਰਜ਼ਿਆਂ, ਵਗੈਰਾ ਜਾਂ ਦਿਵਾਲੇ ਦੇ ਵੇਰਵੇ ਨਹੀਂ ਦੱਸੇ ਅਤੇ 11 ਫੀ ਸਦੀ ਨੇ ਆਪਣੇ ਆਪ ਬਾਰੇ ਜਾਣਕਾਰੀ ਵੀ ਲੁਕੋ ਕੇ ਰੱਖੀ।” ਪੈਸੇ ਸੰਬੰਧੀ ਮਾਮਲਿਆਂ ਵਿਚ ਉਨ੍ਹਾਂ ਵੱਲੋਂ ਗ਼ਲਤਬਿਆਨੀ ਦੀ ਜ਼ਿਆਦਾ ਸੰਭਾਵਨਾ ਸੀ ਜੋ ਕਿਸੇ-ਨਾ-ਕਿਸੇ ਸਮੇਂ ਵਿਦੇਸ਼ ਰਹੇ ਸਨ, ਕਿਉਂਕਿ ਉਨ੍ਹਾਂ ਨੇ ਸੋਚਿਆ ਕਿ ਉਨ੍ਹਾਂ ਬਾਰੇ ਕਿਸੇ ਨੂੰ ਨਹੀਂ ਪਤਾ ਲੱਗੇਗਾ। ਅਤੇ ਇਹ ਵੀ ਦੇਖਿਆ ਗਿਆ ਕਿ ‘ਔਰਤਾਂ ਨਾਲੋਂ ਆਦਮੀ ਗ਼ਲਤ ਜਾਣਕਾਰੀ ਦੇਣ ਦੇ ਜ਼ਿਆਦਾ ਦੋਸ਼ੀ ਸਨ।’ ਨੌਕਰੀ ਸੰਬੰਧੀ ਸੰਸਥਾ ਦੇ ਇਕ ਆਦਮੀ ਟਿਮ ਨਿਕਲਸਨ ਨੇ ਇਸ ਰਿਪੋਰਟ ਦੇ ਸਿੱਟਿਆਂ ਨਾਲ ਸਹਿਮਤ ਹੋ ਕੇ ਅੱਗੇ ਕਿਹਾ: “ਜੇ ਨੌਕਰੀ ਦੇਣ ਵਾਲੇ ਉਹੀ ਗੱਲਾਂ ਮੰਨਣ ਜੋ ਉਹ ਕਿਸੇ ਦੀ ਅਰਜ਼ੀ ਤੇ ਦੇਖਦੇ ਹਨ, ਤਾਂ ਉਨ੍ਹਾਂ ਨੇ ਆਪ ਆਪਣਾ ਕੰਮ ਚੰਗੀ ਤਰ੍ਹਾਂ ਨਹੀਂ ਨਿਭਾਇਆ ਹੈ।”
ਤੇਲ-ਪਸੰਦ ਹਾਥੀ
ਉੱਤਰ-ਪੂਰਬੀ ਭਾਰਤ ਤੇ ਡੀਗਬੋਈ ਸ਼ਹਿਰ ਵਿਚ ਹਾਥੀ ਤੇਲ ਨੂੰ ਬੜਾ ਪਸੰਦ ਕਰਦੇ ਹਨ। ਆਇਲ ਇੰਡੀਆ ਲਿਮਿਟਿਡ ਕੰਪਨੀ ਦੇ ਇਕ ਸੀਨੀਅਰ ਇੰਜੀਨੀਅਰ, ਰਮਨ ਚਕਰਾਵਰਤੀ ਨੇ ਕਿਹਾ ਕਿ “ਹਾਥੀ ਉਸ ਇਲਾਕੇ ਵਿਚ ਆਜ਼ਾਦੀ ਨਾਲ ਘੁੰਮਦੇ-ਫਿਰਦੇ ਹਨ ਅਤੇ ਅਕਸਰ ਉਨ੍ਹਾਂ ਪਾਈਪ-ਲਾਈਨਾਂ ਦੇ ਵਾਲਵ ਖੋਲ੍ਹ ਦਿੰਦੇ ਹਨ ਜੋ ਤੇਲ-ਖਹੂਾਂ ਅਤੇ ਕਾਰਖ਼ਾਨਿਆਂ ਵਿਚਕਾਰ ਲੱਗੀਆਂ ਹੁੰਦੀਆਂ। ਇੱਦਾਂ ਲੱਗਦਾ ਹੈ ਕਿ ਹਾਥੀਆਂ ਨੂੰ ਵਾਲਵ ਖੁੱਲ੍ਹਣ ਦੀ ਆਵਾਜ਼ ਪਸੰਦ ਹੈ, ਖ਼ਾਸ ਕਰਕੇ ਜਦੋਂ ਇਸ ਵਿੱਚੋਂ ਭਾਫ਼ ਨਿਕਲਦੀ ਹੈ। ਭਾਫ਼ ਨਾਲ ਕੱਚੇ ਤੇਲ ਨੂੰ ਪੈਰਾਫੀਨ ਬਣਨ ਤੋਂ ਰੋਕਿਆ ਜਾਂਦਾ ਹੈ।” ਇੰਡੀਅਨ ਐਕਸਪ੍ਰੈੱਸ ਅਖ਼ਬਾਰ ਨੇ ਰਿਪੋਰਟ ਕੀਤਾ ਕਿ ਹਾਥੀ ਨਾ ਸਿਰਫ਼ ਤੇਜ਼ੀ ਨਾਲ ਵੱਗਦੇ ਤੇਲ ਦੇ “ਸ਼ੋਰ” ਨੂੰ ਪਸੰਦ ਕਰਦੇ ਹਨ, ਲੇਕਿਨ ਇਵੇਂ ਲੱਗਦਾ ਹੈ ਉਹ “ਕੱਚੇ ਤੇਲ ਦੇ ਨਾਲ-ਨਾਲ ਨਿਕਲਦੇ ਪਾਣੀ ਅਤੇ ਗਾਰੇ” ਨੂੰ ਵੀ ਪਸੰਦ ਕਰਦੇ ਹਨ। “ਪਾਣੀ ਖਾਰਾ ਹੁੰਦਾ ਹੈ ਅਤੇ ਹਾਥੀ ਇਸ ਨੂੰ ਪਸੰਦ ਕਰਦੇ ਹਨ।” ਦਿਲਚਸਪੀ ਦੀ ਗੱਲ ਹੈ ਕਿ ਕਿਸੇ ਹਾਥੀ ਦੇ ਕਰਕੇ ਹੀ ਉਸ ਇਲਾਕੇ ਵਿਚ ਤੇਲ ਲੱਭਿਆ ਗਿਆ ਸੀ। ਹਾਥੀ ਉਸ ਇਲਾਕੇ ਵਿਚ ਪਹਿਲੀ ਰੇਲਵੇ ਲਾਈਨ ਲਈ ਪਟੜੀਆਂ ਢੋਹਣ ਦਾ ਕੰਮ ਕਰਦਾ ਸੀ। ਜਦੋਂ ਹਾਥੀ ਇਕ ਦਿਨ ਵਾਪਸ ਮੁੜਿਆ ਤਾਂ ਅੰਗ੍ਰੇਜ਼ ਅਫ਼ਸਰਾਂ ਨੇ ਦੇਖਿਆ ਕਿ ਉਸ ਦੀਆਂ ਲੱਤਾਂ ਤੇ ਤੇਲ ਵਰਗੀ ਕੋਈ ਚੀਜ਼ ਸੀ। ਉਨ੍ਹਾਂ ਨੇ ਹਾਥੀ ਦੀ ਪੈੜ ਕੱਢੀ ਅਤੇ ਉਸ ਜਗ੍ਹਾ ਪਹੁੰਚੇ ਜਿੱਥੇ ਤੇਲ ਨਾਲ ਭਰਿਆ ਟੋਆ ਸੀ। ਇਸ ਤੋਂ ਬਾਅਦ 1889 ਵਿਚ ਏਸ਼ੀਆ ਦਾ ਪਹਿਲਾ ਤੇਲ-ਖੂਹ ਖੋਲ੍ਹਿਆ ਗਿਆ।