Skip to content

Skip to table of contents

ਅਸੀਜ਼ੀ ਵਿਚ ਧਰਮਾਂ ਦੁਆਰਾ ਸ਼ਾਂਤੀ ਦੀ ਭਾਲ

ਅਸੀਜ਼ੀ ਵਿਚ ਧਰਮਾਂ ਦੁਆਰਾ ਸ਼ਾਂਤੀ ਦੀ ਭਾਲ

ਅਸੀਜ਼ੀ ਵਿਚ ਧਰਮਾਂ ਦੁਆਰਾ ਸ਼ਾਂਤੀ ਦੀ ਭਾਲ

‘ਕਦੇ ਹਿੰਸਾ ਨਹੀਂ ਹੋਵੇਗੀ, ਲੜਾਈਆਂ ਤੇ ਅੱਤਵਾਦ ਹਮੇਸ਼ਾ ਲਈ ਖ਼ਤਮ ਹੋ ਜਾਣਗੇ! ਰੱਬ ਅੱਗੇ ਇਹੀ ਦੁਆ ਹੈ ਕਿ ਸਾਰੇ ਧਰਮ ਇਸ ਧਰਤੀ ਉੱਤੇ ਇਨਸਾਫ਼ ਅਤੇ ਸ਼ਾਂਤੀ ਲਿਆਉਣ, ਲੋਕਾਂ ਨੂੰ ਮਾਫ਼ ਕਰਨਾ, ਜੀਉਣਾ ਤੇ ਪਿਆਰ ਕਰਨਾ ਸਿਖਾਉਣ।’​—ਪੋਪ ਜੌਨ ਪੌਲ ਦੂਜਾ।

ਇਟਲੀ ਦੇ ਅਸੀਜ਼ੀ ਸ਼ਹਿਰ ਵਿਚ 24 ਜਨਵਰੀ 2002 ਨੂੰ ਇਕ ਵੱਡੀ ਸਭਾ ਹੋਈ। ਸੰਸਾਰ ਵਿਚ ਸ਼ਾਂਤੀ ਲਈ ਪ੍ਰਾਰਥਨਾ ਕਰਨ ਵਾਸਤੇ ਅਨੇਕ ਧਰਮਾਂ ਦੇ ਪ੍ਰਤਿਨਿਧ ਇਸ ਸਭਾ ਵਿਚ ਇਕੱਠੇ ਹੋਏ ਸਨ। ਅੱਤਵਾਦ, ਧਾਰਮਿਕ ਕੱਟੜਤਾ ਤੇ ਬੇਇਨਸਾਫ਼ੀ ਕਾਰਨ ਸੰਸਾਰ ਵਿਚ ਸ਼ਾਂਤੀ ਖ਼ਤਮ ਹੋਣ ਦਾ ਡਰ ਛਾਇਆ ਹੋਇਆ ਹੈ। ਨਿਊਯਾਰਕ ਸਿਟੀ ਵਿਚ ਟਵਿਨ ਟਾਵਰਾਂ ਦੇ ਢਹਿਣ ਤੋਂ ਕੁਝ ਦੋ ਮਹੀਨੇ ਬਾਅਦ ਪੋਪ ਨੇ ਇਸ ਸਭਾ ਦਾ ਐਲਾਨ ਕੀਤਾ ਸੀ। ਕਈਆਂ ਧਾਰਮਿਕ ਆਗੂਆਂ ਨੇ ਵੈਟੀਕਨ ਤੋਂ ਮਿਲੇ ਇਸ ਸੱਦੇ ਨੂੰ ਖ਼ੁਸ਼ੀ ਨਾਲ ਸਵੀਕਾਰ ਕੀਤਾ ਸੀ।

ਇਸੇ ਸ਼ਹਿਰ ਵਿਚ ਪੋਪ ਨੇ ਪਹਿਲਾਂ ਵੀ ਦੋ ਵਾਰ ਪ੍ਰਾਰਥਨਾ ਕਰਨ ਦੇ ਦਿਨਾਂ ਦਾ ਐਲਾਨ ਕੀਤਾ ਸੀ, ਇਕ ਵਾਰ 1986 ਵਿਚ ਤੇ ਦੂਸਰੀ ਵਾਰ 1993 ਵਿਚ। * ਸਾਲ 2002 ਵਿਚ ਸੰਸਾਰ ਭਰ ਦੇ ਇਕ ਹਜ਼ਾਰ ਤੋਂ ਜ਼ਿਆਦਾ ਪੱਤਰਕਾਰ ਸਭਾ ਦੀਆਂ ਰਿਪੋਰਟਾਂ ਲੈਣ ਆਏ। ਉੱਥੇ ਸ਼ਾਂਤੀ ਲਈ ਪ੍ਰਾਰਥਨਾਵਾਂ ਕਰਨ ਵਾਸਤੇ ਅਨੇਕ ਧਰਮਾਂ ਦੇ ਪ੍ਰਤਿਨਿਧ ਆਏ ਹੋਏ ਸਨ। ਇਨ੍ਹਾਂ ਵਿਚ ਈਸਾਈ-ਜਗਤ ਦੇ ਕੈਥੋਲਿਕ, ਲੂਥਰਨ, ਐਂਗਲੀਕਨ, ਆਰਥੋਡਾਕਸ, ਮੈਥੋਡਿਸਟ, ਬੈਪਟਿਸਟ, ਪੈਂਟਕਾਸਟਲ, ਮੇਨੋਨਾਇਟ, ਕੁਏਕਰ ਧਰਮਾਂ ਦੇ ਪ੍ਰਤਿਨਿਧ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ, ਇਸਲਾਮ, ਹਿੰਦੂ, ਕਨਫਿਊਸ਼ਸਵਾਦ, ਸਿੱਖ, ਜੈਨ, ਟੈਨਰੀਕੋ, ਬੁੱਧ, ਯਹੂਦੀ, ਅਫ਼ਰੀਕੀ, ਸ਼ਿੰਟੋ ਅਤੇ ਜ਼ੋਰੋਐਸਟਰੀ ਧਰਮਾਂ ਦੇ ਪ੍ਰਤਿਨਿਧ ਵੀ ਆਏ ਹੋਏ ਸਨ। ਇਸ ਮੌਕੇ ਤੇ ਹੋਰ ਧਰਮਾਂ ਦੇ ਡੈਲੀਗੇਟ ਅਤੇ ਵਰਲਡ ਕੌਂਸਲ ਆਫ਼ ਚਰਚਿਸ ਦਾ ਇਕ ਪ੍ਰਤਿਨਿਧ ਵੀ ਹਾਜ਼ਰ ਸੀ।

ਸ਼ਾਂਤੀ ਦੇ ਪੱਖ ਵਿਚ ਐਲਾਨ

ਇਨ੍ਹਾਂ “ਸ਼ਾਂਤੀ-ਪਸੰਦ ਯਾਤਰੀਆਂ” ਨੇ ਵੈਟੀਕਨ ਸਟੇਸ਼ਨ ਤੋਂ ਸਵੇਰ ਨੂੰ 8:40 ਦੀ ਰੇਲ-ਗੱਡੀ ਫੜ ਕੇ ਆਪਣਾ ਦੋ ਘੰਟਿਆਂ ਦਾ ਸਫ਼ਰ ਸ਼ੁਰੂ ਕੀਤਾ। ਇਸ ਗੱਡੀ ਦੇ ਸੱਤ ਆਰਾਮਦਾਇਕ ਡੱਬੇ ਸਨ ਤੇ ਇਸ ਦੀ ਰੱਖਿਆ ਕਰਨ ਲਈ ਦੋ ਹੈਲੀਕਾਪਟਰ ਇਸ ਦੇ ਉੱਪਰ-ਉੱਪਰ ਚੱਕਰ ਕੱਢ ਰਹੇ ਸਨ। ਇਸ ਤਰ੍ਹਾਂ ਪੋਪ ਤੇ ਉਸ ਦੇ ਨਾਲ ਦੇ ਦੂਜੇ ਧਾਰਮਿਕ ਆਗੂ ਅਸੀਜ਼ੀ ਸ਼ਹਿਰ ਅੱਪੜ ਗਏ। ਇਨ੍ਹਾਂ ਸਾਰਿਆਂ ਦੀ ਸੁਰੱਖਿਆ ਕਰਨ ਲਈ ਤਕਰੀਬਨ ਇਕ ਹਜ਼ਾਰ ਪੁਲਸੀਏ ਤਿਆਰ-ਬਰ-ਤਿਆਰ ਖੜ੍ਹੇ ਸਨ।

ਇਹ ਧਾਰਮਿਕ ਆਗੂ ਇਕ ਪ੍ਰਾਚੀਨ ਚੌਂਕ ਵਿਚ ਇਕੱਠੇ ਹੋਏ ਜਿੱਥੇ ਇਕ ਬਹੁਤ ਵੱਡਾ ਤੰਬੂ ਲੱਗਾ ਹੋਇਆ ਸੀ। ਇਸ ਦੇ ਅੰਦਰ ਇਕ ਵੱਡੀ V-ਰੂਪੀ ਸਟੇਜ ਸੀ ਜਿਸ ਤੇ ਇਹ ਧਾਰਮਿਕ ਆਗੂ ਬੈਠੇ ਹੋਏ ਸਨ। ਪੋਪ ਇਨ੍ਹਾਂ ਦੇ ਗੱਭੇ ਬੈਠਾ ਸੀ। ਸਟੇਜ ਦੇ ਇਕ ਪਾਸੇ ਜ਼ੈਤੂਨ ਦਾ ਇਕ ਪੇੜ ਰੱਖਿਆ ਹੋਇਆ ਸੀ ਜੋ ਸ਼ਾਂਤੀ ਦਾ ਪ੍ਰਤੀਕ ਹੈ। ਸਟੇਜ ਦੇ ਸਾਮ੍ਹਣੇ 2,000 ਤੋਂ ਜ਼ਿਆਦਾ ਚੁਣਵੇਂ-ਚੁਣਵੇਂ ਮਹਿਮਾਨ ਬੈਠੇ ਹੋਏ ਸਨ। ਮੁਹਰਲੀਆਂ ਸੀਟਾਂ ਤੇ ਇਟਲੀ ਦੇ ਵੱਡੇ-ਵੱਡੇ ਲੋਕ ਬੈਠੇ ਸਨ। ਭਾਸ਼ਣਾਂ ਦੇ ਵਿਚ-ਵਿਚਾਲੇ ਰਾਗੀ ਜੱਥਿਆਂ ਨੇ ਸ਼ਾਂਤੀ ਦੇ ਭਜਨ ਗਾਏ। ਸ਼ਹਿਰ ਦੇ ਬਾਕੀ ਹਿੱਸਿਆਂ ਵਿਚ ਹਜ਼ਾਰਾਂ ਹੀ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਨੇ ਕਈਆਂ ਭਾਸ਼ਾਵਾਂ ਵਿਚ ਲੜਾਈ ਦੇ ਵਿਰੁੱਧ ਨਾਅਰਿਆਂ ਦੇ ਪ੍ਰਦਰਸ਼ਨ ਕੀਤੇ ਤੇ ਸ਼ਾਂਤੀ-ਪਸੰਦ ਗੀਤ ਗਾਏ। ਕਈਆਂ ਨੇ ਜ਼ੈਤੂਨ ਦੀਆਂ ਟਹਿਣੀਆਂ ਫੜੀਆਂ ਹੋਈਆਂ ਸਨ।

ਪੋਪ ਨੇ ਆਪਣੀ ਗੱਦੀ ਤੇ ਬੈਠਣ ਤੋਂ ਬਾਅਦ ਅਨੇਕ ਧਾਰਮਿਕ ਮੈਂਬਰਾਂ ਦਾ ਸਵਾਗਤ ਕੀਤਾ। ਫਿਰ ਲਾਤੀਨੀ ਭਾਸ਼ਾ ਵਿਚ ਇਕ ਭਜਨ ਗਾਇਆ ਗਿਆ ਜੋ ਯਸਾਯਾਹ 2:4 ਤੇ ਆਧਾਰਿਤ ਸੀ। ਬਾਈਬਲ ਦੀ ਇਸ ਆਇਤ ਵਿਚ ਆਉਣ ਵਾਲੇ ਸਮੇਂ ਬਾਰੇ ਦੱਸਿਆ ਗਿਆ ਹੈ ਜਦੋਂ “ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ।” ਫਿਰ ਇਸ ਤੋਂ ਬਾਅਦ ਆਪੋ-ਆਪਣੀਆਂ ਖ਼ਾਸ ਧਾਰਮਿਕ ਪੁਸ਼ਾਕਾਂ ਪਹਿਨੇ ਹੋਏ ਦਰਜਨ ਡੈਲੀਗੇਟਾਂ ਨੇ ਸ਼ਾਂਤੀ ਦੇ ਪੱਖ ਵਿਚ ਐਲਾਨ ਸੁਣਾਏ। ਹੇਠਾਂ ਇਨ੍ਹਾਂ ਦੇ ਕੁਝ ਉਦਾਹਰਣ ਦਿੱਤੇ ਗਏ ਹਨ।

‘ਇਸ ਮਹੱਤਵਪੂਰਣ ਘੜੀ ਤੇ ਇਨਸਾਨਾਂ ਨੂੰ ਇਹ ਦੇਖਣ ਦੀ ਜ਼ਰੂਰਤ ਹੈ ਕਿ ਸ਼ਾਂਤੀ ਦੇ ਪੱਖ ਵਿਚ ਕੁਝ-ਨਾ-ਕੁਝ ਕੀਤਾ ਜਾ ਰਿਹਾ ਹੈ ਤਾਂਕਿ ਉਨ੍ਹਾਂ ਨੂੰ ਸ਼ਾਂਤੀ ਦੀ ਪੱਕੀ ਉਮੀਦ ਮਿਲ ਸਕੇ।’​—ਕਾਰਡੀਨਲ ਫ਼੍ਰਾਂਸੁਆ ਜ਼ਾਵੀਏਰ ਨਵੀਏਨ ਵੌਂਨ ਟੂਔਨ।

ਪਰਮੇਸ਼ੁਰ ‘ਲੜਾਈ-ਝਗੜੇ ਦਾ ਪਰਮੇਸ਼ੁਰ ਨਹੀਂ ਹੈ, ਸਗੋਂ ਉਹ ਸ਼ਾਂਤੀ ਦਾ ਪਰਮੇਸ਼ੁਰ ਹੈ।’​—ਏਕੁਮੈਨਿਕਲ ਚਰਚ ਦਾ ਬਿਸ਼ਪ ਬਾਰਥੌਲੇਮਿਓਸ ਪਹਿਲਾ।

‘ਧਾਰਮਿਕ ਮਤਭੇਦਾਂ ਕਾਰਨ ਲੋਕਾਂ ਨੂੰ ਇਕ-ਦੂਜੇ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਉਨ੍ਹਾਂ ਨਾਲ ਨਫ਼ਰਤ ਕਰਨੀ ਚਾਹੀਦੀ ਹੈ।’​—ਡਾ. ਸੈਟਰੀ ਨਿਉਮੀ, ਵਰਲਡ ਅਲਾਇੰਸ ਆਫ਼ ਰਿਫ਼ਾਰਮਡ ਚਰਚਿਸ।

‘ਲੋਕਾਂ ਵਿਚਕਾਰ ਸੱਚੀ ਸ਼ਾਂਤੀ ਲਿਆਉਣ ਦੇ ਦੋ ਮਹੱਤਵਪੂਰਣ ਥੰਮ੍ਹ ਹਨ, ਇਨਸਾਫ਼ ਤੇ ਭਰਾਵਾਂ ਵਰਗਾ ਪ੍ਰੇਮ।’​—ਅਫ਼ਰੀਕੀ ਧਰਮਾਂ ਦਾ ਪ੍ਰਤਿਨਿਧ, ਚੀਫ਼ ਉਮੌਡੂ ਗਸੈਟੋ।

“ਲੜਾਈ ਕਦੇ ਵੀ ਪਵਿੱਤਰ ਨਹੀਂ ਹੋ ਸਕਦੀ, ਸਿਰਫ਼ ਸ਼ਾਂਤੀ ਹੀ ਪਵਿੱਤਰ ਹੈ!”​—ਆਂਡ੍ਰੇਆ ਰਿਕਾਰਡੋ, ਕੈਥੋਲਿਕ ਚਰਚ।

ਕੁਝ ਪ੍ਰਤਿਨਿਧਾਂ ਨੇ ਇਹ ਗੱਲ ਮੰਨੀ ਕਿ ਧਰਮਾਂ ਕਾਰਨ ਹੀ ਸੰਸਾਰ ਭਰ ਵਿਚ ਕੱਟੜਤਾ ਤੇ ਲੜਾਈ ਫੈਲੀ ਹੋਈ ਹੈ। ਲੂਥਰਨ ਵਰਲਡ ਫੈਡਰੇਸ਼ਨ ਦੇ ਪ੍ਰਤਿਨਿਧ ਨੇ ਕਿਹਾ ਕਿ ‘ਲੋਕੀ ਆਪਣੇ ਕੱਟੜ ਧਾਰਮਿਕ ਖ਼ਿਆਲਾਂ ਕਾਰਨ ਇਕ-ਦੂਜੇ ਨੂੰ ਬੇਹੱਦ ਨਫ਼ਰਤ ਕਰਦੇ ਹਨ।’ ਯਹੂਦੀ ਮੱਤ ਦੇ ਇਕ ਪ੍ਰਤਿਨਿਧ ਨੇ ਕਿਹਾ: ‘ਧਰਮਾਂ ਕਾਰਨ ਹੀ ਜ਼ਿਆਦਾਤਰ ਭਿਆਨਕ ਲੜਾਈਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਕਾਫ਼ੀ ਲਹੂ ਵਹਾਇਆ ਜਾਂਦਾ ਹੈ।’ ਇਕ ਹਿੰਦੂ ਪ੍ਰਤਿਨਿਧ ਨੇ ਕਿਹਾ: ‘ਇਤਿਹਾਸ ਵਿਚ ਵਾਰ-ਵਾਰ ਇਹੀ ਦੇਖਿਆ ਗਿਆ ਹੈ ਕਿ ਧਰਮਾਂ ਦੇ ਆਪੇ ਬਣੀ ਬੈਠੇ ਮੁਕਤੀਦਾਤਿਆਂ ਨੇ ਲੋਕਾਂ ਨੂੰ ਆਪਣੇ ਕਾਬੂ ਵਿਚ ਰੱਖਿਆ ਹੋਇਆ ਹੈ ਤੇ ਉਨ੍ਹਾਂ ਵਿਚ ਫੁੱਟ ਪਾਈ ਹੈ।’

ਅੱਤਵਾਦ ਤੇ ਲੜਾਈ ਨੂੰ ਨਿੰਦਣ ਤੋਂ ਬਾਅਦ ਪ੍ਰਤਿਨਿਧ ਆਪੋ-ਆਪਣੀ ਥਾਂ ਬੈਠ ਗਏ ਤੇ ਆਪੋ-ਆਪਣੇ ਰੱਬ ਨੂੰ ਸ਼ਾਂਤੀ ਲਈ ਪ੍ਰਾਰਥਨਾ ਕਰਨ ਲੱਗੇ।

ਸ਼ਾਂਤੀ ਲਈ ਪ੍ਰਾਰਥਨਾਵਾਂ

ਈਸਾਈ-ਜਗਤ ਦੇ ਪ੍ਰਤਿਨਿਧ ਪ੍ਰਾਰਥਨਾ ਕਰਨ ਲਈ ਸੇਂਟ ਫ਼ਰਾਂਸਿਸ ਚਰਚ ਦੇ ਹੇਠਲੇ ਹਿੱਸੇ ਵਿਚ ਚਲੇ ਗਏ। ਇਹ ਚਰਚ ਉਸ ਕਬਰ ਦੇ ਨੇੜੇ ਬਣੀ ਹੋਈ ਹੈ ਜਿਸ ਤੋਂ ਇਸ ਚਰਚ ਦਾ ਨਾਂ ਲਿਆ ਗਿਆ ਹੈ। ਪੋਪ ਤੇ ਹੋਰ ਤਿੰਨ ਪ੍ਰਤਿਨਿਧਾਂ ਨੇ ‘ਤ੍ਰਿਏਕ ਦੇ ਨਾਂ ਵਿਚ ਅਰਦਾਸ’ ਕਰ ਕੇ ਸਮਾਰੋਹ ਸ਼ੁਰੂ ਕੀਤਾ। ਪ੍ਰਾਰਥਨਾਵਾਂ ਦੇ ਵਿਚ-ਵਿਚਾਲੇ ਭਜਨ ਗਾਏ ਗਏ ਤੇ ਰੱਬ ਨੂੰ ਬੇਨਤੀਆਂ ਕੀਤੀਆਂ ਜਿਨ੍ਹਾਂ ਵਿਚ ਉਨ੍ਹਾਂ ਨੇ ਸ਼ਾਂਤੀ ਦੀ ਮੰਗ ਕੀਤੀ। ਇਸੇ ਵਿਸ਼ੇ ਉੱਤੇ ਬਾਈਬਲ ਤੋਂ ਪਾਠ ਵੀ ਪੜ੍ਹੇ ਗਏ। ਪ੍ਰਾਰਥਨਾ ਵਿਚ ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਉਨ੍ਹਾਂ ਦੇ ਆਪਣੇ ਧਰਮ ਵਿਚ ਉਨ੍ਹਾਂ ਦੀ “ਨਿਹਚਾ ਪੱਕੀ” ਹੋਵੇ। ਸਮਾਰੋਹ ਸਮਾਪਤ ਹੋਣ ਵੇਲੇ ਪ੍ਰਤਿਨਿਧਾਂ ਨੇ ਲਾਤੀਨੀ ਭਾਸ਼ਾ ਵਿਚ ਭਜਨ ਵਜੋਂ ਪ੍ਰਭੂ ਦੀ ਪ੍ਰਾਰਥਨਾ ਗਾਈ। ਇਹ ਮੱਤੀ ਦੇ 6ਵੇਂ ਅਧਿਆਇ ਦੀਆਂ 9 ਤੋਂ 13 ਆਇਤਾਂ ਤੇ ਆਧਾਰਿਤ ਹੈ।

ਇਸੇ ਦੌਰਾਨ ਦੂਜੇ ਧਰਮਾਂ ਦੇ ਪ੍ਰਤਿਨਿਧ ਵੀ ਦੂਜੀਆਂ ਥਾਵਾਂ ਤੇ ਪ੍ਰਾਰਥਨਾਵਾਂ ਕਰ ਰਹੇ ਸਨ। ਮੁਸਲਮਾਨਾਂ ਨੇ ਇਕ ਹਾਲ ਵਿਚ ਗੋਡਿਆਂ ਭਾਰ ਬੈਠ ਕੇ ਅੱਲਾ ਨੂੰ ਦੁਆ ਕੀਤੀ ਜਿਸ ਹਾਲ ਦੀ ਦਿਸ਼ਾ ਮੱਕੇ ਵੱਲ ਸੀ। ਜੈਨੀਆਂ ਤੇ ਕਨਫਿਊਸ਼ੀਆਂ ਦੇ ਲਾਗੇ ਬੈਠੇ ਜ਼ਰਤੁਸ਼ਤੀਆਂ ਨੇ ਪ੍ਰਾਰਥਨਾ ਕੀਤੀ ਅਤੇ ਪਵਿੱਤਰ ਅਗਨੀ ਜਲਾਈ। ਅਫ਼ਰੀਕੀ ਧਰਮਾਂ ਦੇ ਪ੍ਰਤਿਨਿਧਾਂ ਨੇ ਆਪਣੇ ਰੀਤੀ-ਰਿਵਾਜਾਂ ਅਨੁਸਾਰ ਆਪਣੇ ਪੂਰਵਜਾਂ ਦੀਆਂ ਆਤਮਾਵਾਂ ਨੂੰ ਪ੍ਰਾਰਥਨਾ ਕੀਤੀ। ਹਿੰਦੂਆਂ ਨੇ ਵੀ ਸ਼ਾਂਤੀ ਲਈ ਆਪਣੇ ਦੇਵੀ-ਦੇਵਤਿਆਂ ਨੂੰ ਪ੍ਰਾਰਥਨਾ ਕੀਤੀ। ਸਾਰਿਆਂ ਨੇ ਆਪੋ-ਆਪਣੇ ਰੀਤੀ-ਰਿਵਾਜਾਂ ਅਨੁਸਾਰ ਆਪਣੇ ਈਸ਼ਵਰਾਂ ਨੂੰ ਬੇਨਤੀਆਂ ਕੀਤੀਆਂ।

ਸ਼ਾਂਤੀ ਲਈ ਸਾਂਝਾ ਵਾਅਦਾ

ਸਮਾਰੋਹ ਸਮਾਪਤ ਕਰਨ ਲਈ ਫਿਰ ਸਾਰੇ ਲੋਕ ਤੰਬੂ ਵਿਚ ਇਕੱਠੇ ਹੋਏ। ਮੱਠਵਾਸੀਆਂ ਨੇ ਚੁੱਪ-ਚਾਪ ਸ਼ਾਂਤੀ ਦੀ ਉਮੀਦ ਨੂੰ ਦਰਸਾਉਣ ਵਾਲੀਆਂ ਬਲ਼ਦੀਆਂ ਮੋਮਬੱਤੀਆਂ ਪ੍ਰਤਿਨਿਧਾਂ ਦੇ ਹੱਥਾਂ ਵਿਚ ਫੜਾਈਆਂ। ਦੇਖਣ ਨੂੰ ਇਹ ਨਜ਼ਾਰਾ ਬਹੁਤ ਸੋਹਣਾ ਲੱਗਦਾ ਸੀ। ਫਿਰ ਸਾਰਿਆਂ ਧਰਮਾਂ ਦੇ ਵੱਖੋ-ਵੱਖ ਮੈਂਬਰਾਂ ਨੇ ਸ਼ਾਂਤੀ ਲਈ ਸਾਂਝਾ ਵਾਅਦਾ ਕੀਤਾ ਤੇ ਆਪਣੇ-ਆਪਣੇ ਐਲਾਨ ਪੜ੍ਹੇ।

“ਸ਼ਾਂਤੀ ਲਿਆਉਣ ਲਈ ਆਪਣੇ ਗੁਆਂਢੀ ਨਾਲ ਪ੍ਰੇਮ ਕਰਨ ਦੀ ਜ਼ਰੂਰਤ ਹੈ।”​—ਏਕੁਮੈਨਿਕਲ ਚਰਚ ਦਾ ਬਿਸ਼ਪ ਬਾਰਥੌਲੇਮਿਓਸ ਪਹਿਲਾ।

‘ਹਿੰਸਾ ਤੇ ਅੱਤਵਾਦ ਦਾ ਸੱਚੇ ਧਰਮ ਨਾਲ ਕੋਈ ਮੇਲ ਨਹੀਂ ਹੋ ਸਕਦਾ।’​—ਵਰਲਡ ਕੌਂਸਲ ਆਫ਼ ਚਰਚਿਸ ਦਾ ਪ੍ਰਤਿਨਿਧ ਡਾ. ਕੌਨਰੈਡ ਰੇਜ਼ਰ।

“ਅਸੀਂ ਪ੍ਰਤਿਗਿਆ ਕਰਦੇ ਹਾਂ ਕਿ ਅਸੀਂ ਲੋਕਾਂ ਨੂੰ ਇਕ-ਦੂਜੇ ਦਾ ਆਦਰ-ਮਾਣ ਕਰਨਾ ਸਿਖਾਵਾਂਗੇ।”​—ਸਿੱਖ ਮੱਤ ਦੇ ਪ੍ਰਤਿਨਿਧ, ਭਾਈ ਸਾਹਿਬ ਜੀ ਮੋਹਿੰਦਰ ਸਿੰਘ।

“ਨਿਆਂ ਤੋਂ ਬਿਨਾਂ ਅਸਲੀ ਸ਼ਾਂਤੀ ਨਹੀਂ ਆ ਸਕਦੀ।”​—ਆਰਥੋਡਾਕਸ ਬਿਸ਼ਪ ਵਾਸੀਲਿਉਸ।

ਅੰਤ ਵਿਚ ਪੋਪ ਨੇ ਉਹ ਸ਼ਬਦ ਪੜ੍ਹੇ ਜੋ ਇਸ ਲੇਖ ਦੇ ਸ਼ੁਰੂ ਵਿਚ ਪਾਏ ਜਾਂਦੇ ਹਨ। ਇਨ੍ਹਾਂ ਵੱਖੋ-ਵੱਖਰੇ ਵਿਸ਼ਵਾਸਾਂ ਵਾਲੇ ਧਰਮਾਂ ਦੀ ਸਭਾ ਦੇ ਸਮਾਪਤ ਹੋਣ ਤੇ ਪ੍ਰਤਿਨਿਧਾਂ ਨੇ ਸ਼ਾਂਤੀ ਦੇ ਗੁਣ ਨੂੰ ਦਰਸਾਉਂਦਿਆਂ ਇਕ-ਦੂਜੇ ਨੂੰ ਕਲਾਵੇ ਵਿਚ ਲਿਆ। ਇਹ ਸਮਾਰੋਹ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਤੇ ਇਸ ਵਿਚ ਬੜੇ ਧਿਆਨ ਨਾਲ ਚੁਣੇ ਹੋਏ ਸੋਹਣੇ-ਸੋਹਣੇ ਸ਼ਬਦ ਵਰਤੇ ਗਏ। ਪਰ ਫਿਰ ਇਸ ਵੱਡੇ ਸਮਾਰੋਹ ਬਾਰੇ ਦੂਜਿਆਂ ਨੇ ਕੀ ਕਿਹਾ?

‘ਜੇ ਕਹਿਣ ਦੇ ਨਾਲ-ਨਾਲ ਕਰ ਕੇ ਵੀ ਦਿਖਾਇਆ ਜਾਵੇ’

ਅਖ਼ਬਾਰਾਂ ਅਤੇ ਟੈਲੀਵਿਯਨ ਵਿਚ ਪੋਪ ਦੀ ਬਹੁਤ ਬੱਲੇ-ਬੱਲੇ ਹੋਈ। ਕਈਆਂ ਨੇ ਤਾਂ ਪੋਪ ਨੂੰ “ਸਾਰੇ ਈਸਾਈ-ਜਗਤ ਦਾ ਬੁਲਾਰਾ” ਕਿਹਾ। ਲੌਸੇਰਵਾਟੋਰੇ ਰੋਮਾਨੋ ਨਾਂ ਦੇ ਵੈਟੀਕਨ ਅਖ਼ਬਾਰ ਨੇ ਅਸੀਜ਼ੀ ਵਿਚ ਇਸ ਦਿਨ ਨੂੰ ‘ਸ਼ਾਂਤੀ ਦੇ ਰਾਹ ਵਿਚ ਇਕ ਮੀਲ-ਪੱਥਰ’ ਕਿਹਾ। ਕੋਰੀਏਰ ਡੇਲ-ਅੰਬਰੀਆ ਨਾਂ ਦੇ ਅਖ਼ਬਾਰ ਦਾ ਸਿਰਲੇਖ ਸੀ “ਅਸੀਜ਼ੀ ਵਿਚ ਸ਼ਾਂਤੀ ਦੀ ਕਿਰਨ।”

ਪਰ ਸਾਰੇ ਲੋਕ ਇਸ ਅਵਸਰ ਤੋਂ ਇੰਨੇ ਖ਼ੁਸ਼ ਨਹੀਂ ਹੋਏ। ਕਈਆਂ ਨੂੰ ਸ਼ਾਂਤੀ ਆਉਣ ਬਾਰੇ ਕੋਈ ਭਰੋਸਾ ਨਹੀਂ ਮਿਲਿਆ ਕਿਉਂਕਿ 1986 ਅਤੇ 1993 ਵਿਚ ਕੀਤੀਆਂ ਪ੍ਰਾਰਥਨਾਵਾਂ ਦੇ ਬਾਵਜੂਦ ਧਰਮ ਦੇ ਨਾਂ ਤੇ ਲੜਾਈਆਂ ਹੁੰਦੀਆਂ ਆਈਆਂ ਹਨ ਜਿਨ੍ਹਾਂ ਕਰਕੇ ਲੋਕਾਂ ਨੂੰ ਦੁੱਖ ਭੁਗਤਣੇ ਪੈਂਦੇ ਹਨ। ਯੂਗਾਂਡਾ, ਸਾਬਕਾ ਯੂਗੋਸਲਾਵੀਆ, ਇੰਡੋਨੇਸ਼ੀਆ, ਪਾਕਿਸਤਾਨ, ਮੱਧ-ਪੂਰਬ ਤੇ ਉੱਤਰੀ ਆਇਰਲੈਂਡ ਵਿਚ ਧਾਰਮਿਕ ਨਫ਼ਰਤ ਦੇ ਕਾਰਨ ਬਹੁਤ ਖ਼ੂਨ-ਖ਼ਰਾਬਾ ਹੋਇਆ ਹੈ।

ਇਤਾਲਵੀ ਅਖ਼ਬਾਰ ਲਾ ਰੇਪੂਬਲੀਕਾ ਨੇ ਕਿਹਾ ਕਿ ਕੁਝ ਆਲੋਚਕਾਂ ਅਨੁਸਾਰ ਇਹ ਸਭਾ ਸਿਰਫ਼ “ਦਿਖਾਵਾ ਹੀ ਸੀ।” ਯੂਰਪੀ ਪਾਰਲੀਮੈਂਟ ਦੇ ਇਕ ਮੈਂਬਰ ਨੇ ਕਿਹਾ ਕਿ ਸ਼ਾਂਤੀ ਵਧਾਉਣ ਲਈ ਧਾਰਮਿਕ ਲੋਕਾਂ ਨੂੰ “ਇੰਜੀਲ ਦੇ ਉਪਦੇਸ਼ ਉੱਤੇ ਚੱਲਣਾ ਚਾਹੀਦਾ ਹੈ” ਯਾਨੀ ‘ਆਪਣੇ ਦੁਸ਼ਮਣਾਂ ਨਾਲ ਪਿਆਰ ਕਰਨਾ ਚਾਹੀਦਾ ਹੈ ਤੇ ਜੋ ਕੋਈ ਤੁਹਾਡੀ ਸੱਜੀ ਗੱਲ੍ਹ ਉੱਤੇ ਚਪੇੜ ਮਾਰੇ ਤਾਂ ਉਸ ਨੂੰ ਆਪਣੀ ਦੂਈ ਗੱਲ੍ਹ ਵੀ ਦੇਣੀ ਚਾਹੀਦੀ ਹੈ।’ ਉਸ ਦੇ ਵਿਚਾਰ ਵਿਚ “ਕੋਈ ਵੀ ਇਹ ਨਹੀਂ ਕਰ ਰਿਹਾ।”

ਇਤਾਲਵੀ ਯਹੂਦੀ ਸਮਾਜਾਂ ਦੇ ਪ੍ਰਧਾਨ ਨੇ ਕਿਹਾ ਕਿ “ਹੁਣ ਅਸੀਂ ਦਿਲਚਸਪੀ ਨਾਲ ਦੇਖਾਂਗੇ ਕਿ ਕਹਿਣ ਤੋਂ ਇਲਾਵਾ ਕੋਈ ਕੁਝ ਕਰ ਕੇ ਵੀ ਦਿਖਾਵੇਗਾ।” ਇਤਾਲਵੀ ਬੋਧੀਆਂ ਦੇ ਪ੍ਰਤਿਨਿਧ ਨੇ ਵੀ ਇਵੇਂ ਕਿਹਾ ਕਿ ਸਾਨੂੰ “ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਸ਼ਾਂਤੀ ਲਈ ਕੀਤੀਆਂ ਬੇਨਤੀਆਂ ਕੇਵਲ ਚੰਗੇ ਇਰਾਦੇ ਬਣ ਕੇ ਹੀ ਨਾ ਰਹਿ ਜਾਣ।” ਇਕ ਪੱਤਰਕਾਰ ਨੇ ਲੇਸਪ੍ਰੈਸੋ ਨਾਂ ਦੇ ਇਤਾਲਵੀ ਰਸਾਲੇ ਲਈ ਲਿਖਿਆ ਕਿ ਈਸਾਈ-ਜਗਤ ਦੇ ਧਰਮਾਂ ਨੂੰ ਸ਼ਾਇਦ ਅਸੀਜ਼ੀ ਦੀ ਸਭਾ ਤੋਂ ਇਕ ਹੋਰ ਫ਼ਾਇਦਾ ਹੋਇਆ ਹੋਵੇ। ਉਸ ਨੇ ਕਿਹਾ ਕਿ ‘ਲੋਕ ਧਰਮਾਂ ਤੋਂ ਤੰਗ ਆਏ ਹੋਏ ਹਨ, ਉਹ ਕਿਸੇ ਤਰ੍ਹਾਂ ਦਾ ਸੁਧਾਰ ਪਸੰਦ ਨਹੀਂ ਕਰਦੇ ਤੇ ਨਾ ਹੀ ਉਹ ਕਿਸੇ ਚੀਜ਼ ਵਿਚ ਵਿਸ਼ਵਾਸ ਕਰਦੇ ਹਨ।’ ਉਸ ਨੇ ਇਹ ਵੀ ਕਿਹਾ ਕਿ ‘ਇਹ ਸਭਾ “ਦੁਨਿਆਵੀ ਪ੍ਰਭਾਵ” ਪੈਣ ਤੋਂ ਰੋਕਣ ਦਾ ਵੀ ਵੱਡਾ ਜਤਨ ਸੀ ਕਿਉਂਕਿ ਯੂਰਪ ਦਾ “ਈਸਾਈ ਇਤਿਹਾਸ” ਹੋਣ ਦੇ ਬਾਵਜੂਦ ਇਸ ਦੇ ਲੋਕ ਦੁਨਿਆਵੀ ਗੱਲਾਂ ਨੂੰ ਅਪਣਾ ਰਹੇ ਹਨ। ਇਸ ਸਭਾ ਵਿਚ ਈਸਾਈ-ਜਗਤ ਦੇ ਧਰਮਾਂ ਨੇ ਇਨ੍ਹਾਂ ਚੀਜ਼ਾਂ ਦਾ ਵਿਰੋਧ ਕੀਤਾ ਸੀ।’

ਕੱਟੜ ਖ਼ਿਆਲਾਂ ਵਾਲੇ ਕੈਥੋਲਿਕ ਲੋਕਾਂ ਨੇ ਵੀ ਇਸ ਸਭਾ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਨੂੰ ਚਿੰਤਾ ਹੈ ਕਿ ਉਨ੍ਹਾਂ ਦੇ ਚਰਚ ਦੀਆਂ ਸਿੱਖਿਆਵਾਂ ਕਮਜ਼ੋਰ ਹੋ ਰਹੀਆਂ ਹਨ। ਟੈਲੀਵਿਯਨ ਤੇ ਇਕ ਇੰਟਰਵਿਊ ਵਿਚ ਜਾਣੇ-ਪਛਾਣੇ ਕੈਥੋਲਿਕ ਲੇਖਕ ਵਿਟੋਰੀਉ ਮੈਸੂਰੀ ਨੇ ਆਪਣੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਸੀਜ਼ੀ ਦੀ ਸਭਾ ਸ਼ਾਇਦ ਧਰਮਾਂ ਦੇ ਆਪਸ ਵਿਚ ਫ਼ਰਕਾਂ ਨੂੰ ਮਿਟਾ ਦੇਵੇ। ਇਹ ਤਾਂ ਸੱਚ ਹੈ ਕਿ ਪਾਦਰੀ ਅਧਿਕਾਰੀਆਂ ਨੇ ਇਸ ਗੱਲ ਨੂੰ ਧਿਆਨ ਵਿਚ ਰੱਖਿਆ ਸੀ ਕਿ ਦੇਖਣ ਵਾਲੇ ਇਹ ਨਾ ਸਮਝਣ ਕਿ ਸਾਰੇ ਧਰਮ ਇਕ ਹੋ ਰਹੇ ਹਨ। ਪੋਪ ਨੇ ਖ਼ੁਦ ਕਿਹਾ ਕਿ ਸਾਰੇ ਧਰਮਾਂ ਨੂੰ ਇਕ ਕਰਨ ਦੀ ਗੱਲ ਝੂਠੀ ਹੈ। ਫਿਰ ਵੀ ਕਈ ਲੋਕਾਂ ਨੂੰ ਇਸ ਸਮਾਰੋਹ ਤੋਂ ਇਵੇਂ ਲੱਗਾ ਕਿ ਵੱਖਰੇ-ਵੱਖਰੇ ਧਰਮ ਕੇਵਲ ਇੱਕੋ ਰੱਬ ਤਕ ਪਹੁੰਚਣ ਦੇ ਵੱਖਰੇ-ਵੱਖਰੇ ਰਾਹ ਹਨ।

ਧਰਮ ਅਤੇ ਸ਼ਾਂਤੀ

ਜੇ ਸੋਚਿਆ ਜਾਵੇ ਤਾਂ ਧਰਮ ਸ਼ਾਂਤੀ ਲਿਆਉਣ ਬਾਰੇ ਕੀ ਕਰ ਸਕਦੇ ਹਨ? ਕਈਆਂ ਨੂੰ ਇਹ ਸਵਾਲ ਬਿਲਕੁਲ ਬੇਤੁਕਾ ਲੱਗਦਾ ਹੈ ਕਿਉਂਕਿ ਲੜਾਈਆਂ ਨੂੰ ਰੋਕਣ ਦੀ ਬਜਾਇ ਧਰਮ ਉਨ੍ਹਾਂ ਨੂੰ ਹੋਰ ਵੀ ਭੜਕਾਉਂਦੇ ਹਨ। ਇਤਿਹਾਸਕਾਰਾਂ ਨੇ ਇਸ ਗੱਲ ਤੇ ਵੀ ਧਿਆਨ ਦਿੱਤਾ ਹੈ ਕਿ ਸਰਕਾਰਾਂ ਲੜਾਈਆਂ ਸ਼ੁਰੂ ਕਰਾਉਣ ਲਈ ਧਰਮਾਂ ਨੂੰ ਵਰਤਦੀਆਂ ਆਈਆਂ ਹਨ। ਪਰ ਸਵਾਲ ਪੈਦਾ ਹੁੰਦਾ ਹੈ: ਧਰਮਾਂ ਨੇ ਇਨ੍ਹਾਂ ਸਰਕਾਰਾਂ ਦਾ ਸਾਥ ਕਿਉਂ ਦਿੱਤਾ ਹੈ?

ਘੱਟੋ-ਘੱਟ ਈਸਾਈ-ਜਗਤ ਕੋਲ ਅਜਿਹਾ ਉਪਦੇਸ਼ ਹੈ ਜਿਸ ਉੱਤੇ ਚੱਲ ਕੇ ਉਹ ਲੜਾਈ ਦੇ ਦੋਸ਼ ਤੋਂ ਬਚ ਸਕਦਾ ਸੀ। ਯਿਸੂ ਨੇ ਆਪਣੇ ਚੇਲਿਆਂ ਬਾਰੇ ਕਿਹਾ ਸੀ ਕਿ ਉਹ “ਜਗਤ ਦੇ ਨਹੀਂ” ਹੋਣਗੇ। (ਯੂਹੰਨਾ 15:19; 17:16) ਜੇ ਈਸਾਈ-ਜਗਤ ਦੇ ਧਰਮ ਇਨ੍ਹਾਂ ਸ਼ਬਦਾਂ ਉੱਤੇ ਚੱਲਦੇ, ਤਾਂ ਉਹ ਰਾਜਨੀਤਿਕ ਸਰਕਾਰਾਂ ਨਾਲ ਮਿਲ ਕੇ ਨਾ ਤਾਂ ਫ਼ੌਜਾਂ ਲਈ ਪ੍ਰਾਰਥਨਾਵਾਂ ਕਰਦੇ ਤੇ ਨਾ ਹੀ ਲੜਾਈਆਂ ਦੀ ਇਜਾਜ਼ਤ ਦਿੰਦੇ।

ਸੱਚ-ਮੁੱਚ, ਅਸੀਜ਼ੀ ਸ਼ਹਿਰ ਵਿਚ ਕਹੇ ਵਧੀਆ ਸ਼ਬਦਾਂ ਅਨੁਸਾਰ ਜੀਉਣ ਲਈ ਧਾਰਮਿਕ ਆਗੂਆਂ ਨੂੰ ਰਾਜਨੀਤਿਕ ਸਰਕਾਰਾਂ ਤੋਂ ਦੂਰ ਰਹਿਣਾ ਪਵੇਗਾ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਆਪਣੀਆਂ ਸੰਗਤਾਂ ਨੂੰ ਸ਼ਾਂਤੀ ਦੇ ਮਾਰਗ ਸਿਖਾਉਣੇ ਪੈਣਗੇ। ਪਰ ਇਤਿਹਾਸਕਾਰ ਕਹਿੰਦੇ ਹਨ ਕਿ ਇਸ ਦੁਨੀਆਂ ਵਿਚ ਰੱਬ ਨੂੰ ਮੰਨਣ ਦਾ ਦਾਅਵਾ ਕਰਨ ਵਾਲੇ ਅਜਿਹੇ ਵੀ ਬਹੁਤ ਸਾਰੇ ਲੋਕ ਹਨ ਜੋ ਹਿੰਸਾ ਭੜਕਾਉਂਦੇ ਹਨ। ਹਾਲ ਹੀ ਦੇ ਇਕ ਅਖ਼ਬਾਰ ਨੇ ਕਿਹਾ: “ਗਿਆਰਾਂ ਸਤੰਬਰ ਨੂੰ ਹੋਏ ਹਮਲੇ ਤੋਂ ਥੋੜ੍ਹੀ ਦੇਰ ਬਾਅਦ ਕਿਸੇ ਨੇ ਵਾਸ਼ਿੰਗਟਨ ਡੀ.ਸੀ. ਵਿਚ ਇਕ ਕੰਧ ਉੱਤੇ ਇਹ ਕੰਬਾ ਦੇਣ ਵਾਲੇ ਲਫ਼ਜ਼ ਲਿਖੇ: ‘ਹੇ ਰੱਬਾ, ਸਾਨੂੰ ਉਨ੍ਹਾਂ ਲੋਕਾਂ ਤੋਂ ਬਚਾ ਜੋ ਤੈਨੂੰ ਮੰਨਦੇ ਹਨ।’”

ਅਸੀਜ਼ੀ ਸ਼ਹਿਰ ਵਿਚ ਇੰਨਾ ਕੁਝ ਹੋਣ ਦੇ ਬਾਵਜੂਦ ਕੁਝ ਮੁਸ਼ਕਲ ਸਵਾਲਾਂ ਦੇ ਜਵਾਬ ਨਹੀਂ ਮਿਲੇ। ਪਰ ਬਹੁਤ ਸਾਰੇ ਲੋਕਾਂ ਲਈ ਇਹ ਸਵਾਲ ਬਹੁਤ ਅਹਿਮੀਅਤ ਰੱਖਦਾ ਹੈ ਜਿਸ ਤੋਂ ਉਹ ਬਹੁਤ ਚਿੰਤਿਤ ਵੀ ਹਨ: ਪਰਮੇਸ਼ੁਰ ਨੇ ਅਜੇ ਤਕ ਸੰਸਾਰ ਦੇ ਧਰਮਾਂ ਦੀਆਂ ਸ਼ਾਂਤੀ ਲਈ ਕੀਤੀਆਂ ਪ੍ਰਾਰਥਨਾਵਾਂ ਕਿਉਂ ਨਹੀਂ ਸੁਣੀਆਂ?

[ਫੁਟਨੋਟ]

^ ਪੈਰਾ 4 ਤੁਸੀਂ 1986 ਵਿਚ ਸ਼ਾਂਤੀ ਲਈ ਪ੍ਰਾਰਥਨਾ ਦੇ ਦਿਨ ਬਾਰੇ ਹੋਰ ਜਾਣਕਾਰੀ ਲਈ 8 ਜੂਨ 1987 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਰਸਾਲੇ ਨੂੰ ਦੇਖ ਸਕਦੇ ਹੋ।

[ਸਫ਼ਾ 7 ਉੱਤੇ ਤਸਵੀਰ]

ਪ੍ਰਤਿਨਿਧ ਬਲ਼ਦੀਆਂ ਮੋਮਬੱਤੀਆਂ ਨੂੰ ਹੱਥਾਂ ਵਿਚ ਫੜਦੇ ਹੋਏ ਜੋ ਸ਼ਾਂਤੀ ਦੀ ਉਮੀਦ ਨੂੰ ਦਰਸਾਉਂਦੀਆਂ ਹਨ

[ਕ੍ਰੈਡਿਟ ਲਾਈਨ]

AP Photo/Pier Paolo Cito

[ਸਫ਼ਾ 7 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

AP Photo/Pier Paolo Cito