Skip to content

Skip to table of contents

ਅੱਗ ਦੇ ਦੋ ਪੱਖ

ਅੱਗ ਦੇ ਦੋ ਪੱਖ

ਅੱਗ ਦੇ ਦੋ ਪੱਖ

ਆਸਟ੍ਰੇਲੀਆ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਅੱਗ ਸਾਡਾ ਮਿੱਤਰ ਜਾਂ ਸਾਡਾ ਦੁਸ਼ਮਣ ਬਣ ਸਕਦੀ ਹੈ। ਅੱਗ ਜ਼ਮੀਨ ਵਿਚ ਜਾਨ ਪਾ ਸਕਦੀ ਹੈ ਜਾਂ ਇਸ ਨੂੰ ਸਾੜ ਕੇ ਸੁਆਹ ਕਰ ਸਕਦੀ ਹੈ। ਅੱਗ ਅਤਿਅੰਤ ਵਿਨਾਸ਼ਕਾਰੀ ਅਗਨੀਕਾਂਡ ਵਿਚ ਬਦਲ ਸਕਦੀ ਹੈ ਜਿਸ ਨੂੰ ਕਾਬੂ ਕਰਨਾ ਬਹੁਤ ਔਖਾ ਹੁੰਦਾ ਹੈ।

ਅੱਗ ਦੀ ਵਿਨਾਸ਼ਕਾਰੀ ਸ਼ਕਤੀ ਦੀ ਇਕ ਮਿਸਾਲ 1997 ਵਿਚ ਇੰਡੋਨੇਸ਼ੀਆ ਵਿਚ ਦੇਖੀ ਗਈ ਸੀ। ਉਸ ਸਾਲ, ਬੇਕਾਬੂ ਹੋਈ ਅੱਗ ਨੇ ਉਸ ਦੇਸ਼ ਦੇ ਜੰਗਲਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਜਿਸ ਕਰਕੇ ਭੂਮੀ, ਲੋਕਾਂ ਦੀ ਸਿਹਤ ਅਤੇ ਦੇਸ਼ ਦੀ ਆਰਥਿਕ ਸਥਿਤੀ ਨੂੰ ਵੱਡਾ ਨੁਕਸਾਨ ਪਹੁੰਚਿਆ ਸੀ। ਭਾਂਬੜਾਂ ਤੋਂ ਉੱਠਣ ਵਾਲਾ ਧੂੰਆਂ ਅੱਠ ਗੁਆਂਢੀ ਦੇਸ਼ਾਂ ਤਕ ਫੈਲ ਗਿਆ ਜਿਸ ਨਾਲ ਅੰਦਾਜ਼ਨ ਸਾਢੇ ਸੱਤ ਕਰੋੜ ਲੋਕ ਪ੍ਰਭਾਵਿਤ ਹੋਏ ਸਨ। ਰਿਪੋਰਟਾਂ ਅਨੁਸਾਰ, ਦੋ ਕਰੋੜ ਲੋਕਾਂ ਦਾ ਦਮੇ, ਐਮਫ਼ੀਸੀਮਾ (ਫੇਫੜਿਆਂ ਦੀ ਸੋਜ) ਅਤੇ ਹਿਰਦੇ-ਸੰਬੰਧੀ ਰੋਗਾਂ ਤੋਂ ਇਲਾਵਾ, ਅੱਖਾਂ ਤੇ ਚਮੜੀ ਦੀਆਂ ਬੀਮਾਰੀਆਂ ਲਈ ਇਲਾਜ ਕੀਤਾ ਗਿਆ ਸੀ।

ਸਿੰਗਾਪੁਰ ਵਿਚ ਪ੍ਰਦੂਸ਼ਣ ਖ਼ਤਰਨਾਕ ਦਰਜੇ ਤਕ ਪਹੁੰਚ ਗਿਆ ਸੀ। ਪੂਰਾ ਸ਼ਹਿਰ ਧੂੰਏ ਨਾਲ ਕੱਜਿਆ ਗਿਆ ਸੀ। ਉੱਥੇ ਰਹਿਣ ਵਾਲੀ ਇਕ ਔਰਤ, ਜੋ ਆਪਣੇ ਏਅਰ-ਕੰਡਿਸ਼ੰਡ ਘਰੋਂ ਬਾਹਰ ਨਿਕਲਣ ਤੋਂ ਡਰਦੀ ਸੀ, ਨੇ ਵਿਰਲਾਪ ਕੀਤਾ, “ਅਸੀਂ ਸਾਰੇ ਆਪਣੇ ਹੀ ਘਰਾਂ ਵਿਚ ਕੈਦੀ ਬਣ ਕੇ ਰਹਿ ਗਏ ਹਾਂ।” ਕੁਝ ਦਿਨ ਤਾਂ ਧੂੰਆਂ ਇੰਨਾ ਸੰਘਣਾ ਸੀ ਕਿ ਸੂਰਜ ਵੀ ਨਹੀਂ ਦਿੱਸਦਾ ਸੀ।

ਉਸ ਤੋਂ ਅਗਲੇ ਸਾਲ, 1998 ਵਿਚ ਕੈਨੇਡਾ ਵਿਚ ਬ੍ਰਿਟਿਸ਼ ਕੋਲੰਬੀਆ ਦੇ 8,000 ਲੋਕਾਂ ਨੂੰ ਆਪਣੇ ਘਰ ਛੱਡ ਕੇ ਭੱਜਣਾ ਪਿਆ ਜਦੋਂ ਅੱਗ ਤੇਜ਼ੀ ਨਾਲ ਉਨ੍ਹਾਂ ਵੱਲ ਵਧ ਰਹੀ ਸੀ। ਇਹ ਅੱਗ ਉਸ ਸਾਲ ਕੈਨੇਡਾ ਵਿਚ ਹੋਏ ਲਗਭਗ ਇਕ ਹਜ਼ਾਰ ਅਗਨੀਕਾਂਡਾਂ ਵਿੱਚੋਂ ਇਕ ਸੀ। ਇਹ ਕਿਹਾ ਗਿਆ ਸੀ ਕਿ ਇਨ੍ਹਾਂ ਵਿੱਚੋਂ 115 ਅਗਨੀਕਾਂਡ ਕਾਬੂ ਤੋਂ ਬਾਹਰ ਸਨ। ਉੱਤਰੀ ਐਲਬਰਟਾ, ਕੈਨੇਡਾ ਵਿਚ ਲੱਗੀ ਅੱਗ ਨੇ 90,000 ਏਕੜ ਜੰਗਲ ਨੂੰ ਸਾੜ ਕੇ ਸੁਆਹ ਕਰ ਦਿੱਤਾ। ਉੱਥੇ ਦਾ ਇਕ ਵਸਨੀਕ ਦੱਸਦਾ ਹੈ: “ਇੱਦਾਂ ਲੱਗਦਾ ਸੀ ਜਿੱਦਾਂ ਪਰਮਾਣੂ ਬੰਬ ਫਟ ਗਿਆ ਹੋਵੇ। ਪੂਰੇ ਇਲਾਕੇ ਉੱਤੇ ਕਾਲੇ ਧੂੰਏ ਦਾ ਵੱਡਾ ਸਾਰਾ ਸੰਘਣਾ ਬੱਦਲ ਛਾਇਆ ਹੋਇਆ ਸੀ।”

ਅੱਗ ਦਾ ਭਿਆਨਕ ਪੱਖ

ਅੱਗ ਕੁਦਰਤ ਦੀਆਂ ਤਾਕਤਵਰ ਸ਼ਕਤੀਆਂ ਵਿੱਚੋਂ ਇਕ ਹੈ। ਜੰਗਲਾਂ ਵਿਚ ਫੈਲੀ ਭਿਆਨਕ ਅੱਗ ਭੂਮੀ ਦਾ ਨਕਸ਼ਾ ਹੀ ਬਦਲ ਕੇ ਰੱਖ ਸਕਦੀ ਹੈ, ਬਨਸਪਤੀ ਦੀਆਂ ਵੱਖਰੀਆਂ-ਵੱਖਰੀਆਂ ਕਿਸਮਾਂ ਦਾ ਸੰਤੁਲਨ ਵਿਗਾੜ ਸਕਦੀ ਹੈ, ਜੰਗਲੀ ਜਾਨਵਰਾਂ ਦੇ ਜੀਵਨ ਨੂੰ ਤਹਿਸ-ਨਹਿਸ ਕਰ ਸਕਦੀ ਹੈ ਅਤੇ ਜਾਨ-ਮਾਲ ਨੂੰ ਵੱਡਾ ਨੁਕਸਾਨ ਪਹੁੰਚਾ ਸਕਦੀ ਹੈ।

ਤਬਾਹਕੁੰਨ ਅੱਗ ਕਾਰਨ ਭੂਮੀ ਦੇ ਖੁਰਨ ਦੀ ਦਰ ਵਧ ਜਾਂਦੀ ਹੈ। ਜਦੋਂ ਦਰਖ਼ਤ ਨਹੀਂ ਰਹਿੰਦੇ, ਤਾਂ ਕਹਿਰਾਂ ਦੀ ਗਰਮੀ ਦੇ ਮੌਸਮ ਮਗਰੋਂ ਆਉਣ ਵਾਲਾ ਤੇਜ਼ ਮੀਂਹ ਭੂਮੀ ਦੀ ਉਤਲੀ ਮਿੱਟੀ ਨੂੰ ਵਹਾ ਕੇ ਲੈ ਜਾਂਦਾ ਹੈ। ਪੌਦਿਆਂ ਦੀਆਂ ਕਿਸਮਾਂ ਉੱਤੇ ਵੀ ਅਸਰ ਪੈਂਦਾ ਹੈ। ਕੁਝ ਨਾਜ਼ੁਕ ਪੌਦੇ ਕੁਮਲਾ ਕੇ ਮਰ ਜਾਂਦੇ ਹਨ, ਜਦੋਂ ਕਿ ਦੂਸਰੇ ਪੌਦੇ ਨਵੇਂ ਹਾਲਾਤਾਂ ਅਨੁਸਾਰ ਆਪਣੇ ਆਪ ਨੂੰ ਢਾਲ਼ ਲੈਂਦੇ ਹਨ ਅਤੇ ਵਧਦੇ-ਫੁੱਲਦੇ ਰਹਿੰਦੇ ਹਨ। ਪਰ ਦੁੱਖ ਦੀ ਗੱਲ ਹੈ ਕਿ ਅਕਸਰ ਇਹ ਵਧਣ-ਫੁੱਲਣ ਵਾਲੇ ਪੌਦੇ ਬੇਲੋੜਾ ਨਦੀਣ ਹੁੰਦੇ ਹਨ ਜੋ ਦੂਸਰੇ ਦੇਸੀ ਪੌਦਿਆਂ ਦੀ ਥਾਂ ਲੈ ਲੈਂਦੀ ਹੈ।

ਇਸ ਦਾ ਅਸਰ ਉਨ੍ਹਾਂ ਜਾਨਵਰਾਂ ਉੱਤੇ ਵੀ ਪੈਂਦਾ ਹੈ ਜੋ ਸਿਰਫ਼ ਖ਼ਾਸ ਦੇਸੀ ਬੂਟੇ ਹੀ ਖਾਂਦੇ ਹਨ। ਆਸਟ੍ਰੇਲੀਆ ਵਿਚ ਕੋਆਲਾ ਅਤੇ ਬਰੱਸ਼-ਟੇਲ ਪੌਸਮ ਵਰਗੇ ਦੇਸੀ ਥਣਧਾਰੀ ਜਾਨਵਰਾਂ ਦੀ ਹੋਂਦ ਖ਼ਤਰੇ ਵਿਚ ਹੈ। ਜੇ ਅਗਨੀਕਾਂਡ ਵਿਚ ਉਨ੍ਹਾਂ ਦੇ ਜੱਦੀ ਜੰਗਲਾਂ ਦਾ ਹੋਰ ਜ਼ਿਆਦਾ ਹਿੱਸਾ ਤਬਾਹ ਹੋਇਆ, ਤਾਂ ਇਹ ਜਾਨਵਰ ਆਸਾਨੀ ਨਾਲ ਅਲੋਪ ਹੋ ਸਕਦੇ ਹਨ। ਪਿਛਲੇ 200 ਸਾਲਾਂ ਦੌਰਾਨ, ਆਸਟ੍ਰੇਲੀਆਈ ਮਹਾਂਦੀਪ ਦਾ 75 ਪ੍ਰਤਿਸ਼ਤ ਵਰਖਾ ਜੰਗਲ, 66 ਪ੍ਰਤਿਸ਼ਤ ਦਰਖ਼ਤ, 19 ਥਣਧਾਰੀ ਜਾਨਵਰ ਅਤੇ ਬਨਸਪਤੀ ਦੀਆਂ 68 ਦੇਸੀ ਕਿਸਮਾਂ ਅਲੋਪ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕਿਸਮਾਂ ਦੁਨੀਆਂ ਵਿਚ ਹੋਰ ਕਿਧਰੇ ਵੀ ਹੋਂਦ ਵਿਚ ਨਹੀਂ ਹਨ।

ਜਿਉਂ-ਜਿਉਂ ਜੰਗਲਾਂ ਦੇ ਕਾਫ਼ੀ ਹਿੱਸਿਆਂ ਵਿਚ ਸ਼ਹਿਰ ਬਣ ਰਹੇ ਹਨ, ਜੰਗਲ ਦੀ ਅੱਗ ਦਾ ਲੋਕਾਂ ਉੱਤੇ ਹੋਰ ਜ਼ਿਆਦਾ ਤਬਾਹਕੁੰਨ ਅਸਰ ਪੈ ਰਿਹਾ ਹੈ। ਸਾਲ 1997 ਦੇ ਦਸੰਬਰ ਦੌਰਾਨ, ਆਸਟ੍ਰੇਲੀਆ ਵਿਚ ਸਿਡਨੀ ਦੇ ਬਾਹਰੀ ਇਲਾਕੇ ਅਤੇ ਬਲੂ ਮਾਉਂਟੇਨਜ਼ ਦੇ ਨੇੜੇ-ਤੇੜੇ ਕਈ ਛੋਟੇ ਕਸਬੇ ਸੈਂਕੜੇ ਅਗਨੀਕਾਂਡਾਂ ਦੀ ਲਪੇਟ ਵਿਚ ਆ ਗਏ ਸਨ। ਇਸ ਅਗਨੀਕਾਂਡ ਵਿਚ 6,00,000 ਏਕੜ ਖੇਤਰ ਸੜ ਕੇ ਸੁਆਹ ਹੋ ਗਿਆ। ਇਨ੍ਹਾਂ ਵਿੱਚੋਂ ਅੱਧੇ ਅਗਨੀਕਾਂਡ ਕਾਬੂ ਤੋਂ ਬਾਹਰ ਸਨ। ਅੱਗ-ਬੁਝਾਊ ਸੇਵਾਵਾਂ ਦੇ ਕਮਿਸ਼ਨਰ ਨੇ ਕਿਹਾ ਕਿ ਪਿਛਲੇ 30 ਸਾਲਾਂ ਵਿਚ ਉਸ ਨੇ ਅਜਿਹੇ ਭਿਆਨਕ ਅਗਨੀਕਾਂਡ ਨਹੀਂ ਦੇਖੇ। ਸੈਂਕੜੇ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਅਤੇ ਕਈਆਂ ਦੇ ਘਰ ਸੜ ਗਏ। ਉਸ ਅਗਨੀਕਾਂਡ ਵਿਚ ਦੋ ਜਾਨਾਂ ਵੀ ਗਈਆਂ। ਦਸੰਬਰ 2001 ਦੇ ਅਖ਼ੀਰ ਤੋਂ ਲੈ ਕੇ ਹੁਣ ਤਕ ਅਗਨੀਕਾਂਡਾਂ ਵਿਚ ਜੰਗਲਾਂ ਦਾ 19 ਲੱਖ ਏਕੜ ਇਲਾਕਾ ਤਬਾਹ ਹੋ ਚੁੱਕਾ ਹੈ। ਮੰਨਿਆ ਜਾਂਦਾ ਹੈ ਕਿ ਇਹ ਅੱਗ ਕਿਸੇ ਵਿਅਕਤੀ ਵੱਲੋਂ ਜਾਣ-ਬੁੱਝ ਕੇ ਲਾਈ ਗਈ ਸੀ।

ਜਦੋਂ ਅੱਗ ਦਾ ਖ਼ਤਰਾ ਪੈਦਾ ਹੁੰਦਾ ਹੈ

ਅਗਨੀਕਾਂਡ ਦੇ ਕਈ ਕਾਰਨ ਹੋ ਸਕਦੇ ਹਨ। ਇਕ ਕੁਦਰਤੀ ਕਾਰਨ ਹੈ ਮੌਸਮ ਉੱਤੇ ਐੱਲ ਨੀਨਯੋ ਦਾ ਪ੍ਰਭਾਵ। ਐੱਲ ਨੀਨਯੋ ਸਮੇਂ-ਸਮੇਂ ਤੇ ਪੂਰੀ ਦੁਨੀਆਂ ਵਿਚ ਕਹਿਰਾਂ ਦੀ ਗਰਮੀ ਅਤੇ ਸੋਕੇ ਦਾ ਕਾਰਨ ਬਣਦੀ ਹੈ। ਜਿਹੜਾ ਵੀ ਦੇਸ਼ ਐੱਲ ਨੀਨਯੋ ਦੇ ਬੇਮੌਸਮੀ ਸੋਕੇ ਦਾ ਸ਼ਿਕਾਰ ਬਣਦਾ ਹੈ, ਉਸ ਦੇਸ਼ ਵਿਚ ਅੱਗ ਲੱਗਣ ਦੀ ਸੰਭਾਵਨਾ ਬਹੁਤ ਜ਼ਿਆਦਾ ਵਧ ਜਾਂਦੀ ਹੈ।

ਪਰ ਭਿਆਨਕ ਅਗਨੀਕਾਂਡ ਦਾ ਕਾਰਨ ਅਕਸਰ ਲੋਕਾਂ ਦੀ ਲਾਪਰਵਾਹੀ ਹੁੰਦਾ ਹੈ। ਕਈ ਦੇਸ਼ਾਂ ਵਿਚ ਜਾਣ-ਬੁੱਝ ਕੇ ਅੱਗ ਲਗਾਉਣੀ ਇਕ ਕਾਨੂੰਨੀ ਅਪਰਾਧ ਹੈ। ਆਸਟ੍ਰੇਲੀਆ ਵਿਚ ਨਿਊ ਸਾਊਥ ਵੇਲਜ਼ ਦੇ ਸਰਕਾਰੀ ਜੰਗਲਾਂ ਵਿਚ ਅਗਨੀਕਾਂਡ ਦੀਆਂ ਅੱਧੀਆਂ ਤੋਂ ਜ਼ਿਆਦਾ ਵਾਰਦਾਤਾਂ ਵਿਚ ਜਾਂ ਤਾਂ ਲੋਕਾਂ ਨੇ ਜਾਣ-ਬੁੱਝ ਕੇ ਅੱਗ ਲਾਈ ਸੀ ਜਾਂ ਅਣਜਾਣੇ ਵਿਚ ਅੱਗ ਲੱਗ ਗਈ ਸੀ।

ਵਾਤਾਵਰਣ ਪ੍ਰਤੀ ਲਾਪਰਵਾਹੀ ਵੀ ਤਬਾਹਕੁੰਨ ਅਗਨੀਕਾਂਡ ਦਾ ਕਾਰਨ ਬਣ ਸਕਦੀ ਹੈ। ਜੰਗਲਾਂ ਨੂੰ ਕੱਟਣ ਕਰਕੇ ਉਨ੍ਹਾਂ ਵਿਚ ਅੱਗ ਲੱਗਣ ਦੀ ਸੰਭਾਵਨਾ ਵਧ ਜਾਂਦੀ ਹੈ। ਦਰਖ਼ਤਾਂ ਨੂੰ ਕੱਟਦੇ ਸਮੇਂ ਕਾਫ਼ੀ ਸਾਰਾ ਬੂਰਾ ਅਤੇ ਲੱਕੜੀ ਦੇ ਟੋਟੇ ਰਹਿ ਜਾਂਦੇ ਹਨ ਜੋ ਜੰਗਲਾਂ ਵਿਚ ਪਏ ਸੁੱਕੇ ਪੱਤਿਆਂ ਦੇ ਨਾਲ ਮਿਲ ਕੇ ਅੱਗ ਲਈ ਬਾਲਣ ਦਾ ਕੰਮ ਕਰਦੇ ਹਨ। ਦਰਖ਼ਤਾਂ ਨੂੰ ਕੱਟਣ ਨਾਲ ਜੰਗਲਾਂ ਵਿਚ ਛਾਂ ਘੱਟ ਜਾਂਦੀ ਹੈ ਜਿਸ ਕਰਕੇ ਜੰਗਲਾਂ ਦੀ ਜ਼ਮੀਨ ਉੱਤੇ ਪਏ ਪੱਤੇ ਜਲਦੀ ਨਾਲ ਸੁੱਕ ਜਾਂਦੇ ਹਨ। ਇਸ ਬਾਲਣ ਨੂੰ ਸੁਲਗਾਉਣ ਲਈ ਇਕ ਚੰਗਿਆੜੀ ਹੀ ਕਾਫ਼ੀ ਹੁੰਦੀ ਹੈ ਅਤੇ ਸਿੱਟੇ ਵਜੋਂ ਅੱਗ ਤੇਜ਼ੀ ਨਾਲ ਫੈਲਦੀ ਹੋਈ ਕਾਬੂ ਤੋਂ ਬਾਹਰ ਹੋ ਜਾਂਦੀ ਹੈ।

ਇਨਸਾਨਾਂ ਵੱਲੋਂ ਮਾਲੀ ਲਾਭ ਹਾਸਲ ਕਰਨ ਦੇ ਵਿਚਾਰ ਨਾਲ ਕੀਤੇ ਗਏ ਕੰਮ ਵੀ ਤਬਾਹਕੁੰਨ ਅਗਨੀਕਾਂਡਾਂ ਦੀ ਸਮੱਸਿਆ ਨੂੰ ਵਧਾ ਸਕਦੇ ਹਨ। ਇੰਡੋਨੇਸ਼ੀਆ ਵਿਚ ਕਿਸਾਨ ਸਦੀਆਂ ਤੋਂ ਕੱਟੋ-ਤੇ-ਸਾੜੋ ਤਰੀਕੇ ਨਾਲ ਖੇਤੀ ਕਰਦੇ ਆਏ ਹਨ ਅਤੇ ਇਸ ਦਾ ਕੁਦਰਤ ਦੇ ਸੰਤੁਲਨ ਉੱਤੇ ਜ਼ਿਆਦਾ ਅਸਰ ਨਹੀਂ ਪਿਆ ਹੈ। ਜਦੋਂ ਕਿਸਾਨ ਅੱਗ ਦੀ ਵਰਤੋਂ ਧਿਆਨ ਨਾਲ ਕਰਦੇ ਹਨ, ਤਾਂ ਇਸ ਦਾ ਵਾਤਾਵਰਣ ਉੱਤੇ ਉਹੋ ਅਸਰ ਪੈਂਦਾ ਹੈ ਜੋ ਕੁਦਰਤੀ ਅੱਗ ਦਾ ਪੈਂਦਾ ਹੈ। ਪਰ ਹਾਲ ਹੀ ਦੇ ਸਾਲਾਂ ਦੌਰਾਨ ਇਸ ਰਵਾਇਤੀ ਕੱਟੋ-ਤੇ-ਸਾੜੋ ਤਰੀਕੇ ਨੂੰ ਵੱਡੇ ਪੈਮਾਨੇ ਉੱਤੇ ਇਸਤੇਮਾਲ ਕੀਤਾ ਜਾ ਰਿਹਾ ਹੈ। ਦੁਨੀਆਂ ਭਰ ਵਿਚ ਪਾਮ ਤੇਲ ਵਰਗੀਆਂ ਚੀਜ਼ਾਂ ਦੀ ਮੰਗ ਵਧਣ ਕਰਕੇ ਕਿਸਾਨ ਪੈਸੇ ਕਮਾਉਣ ਲਈ ਜੰਗਲਾਂ ਨੂੰ ਕੱਟ ਕੇ ਪੱਧਰਾ ਕਰ ਰਹੇ ਹਨ ਅਤੇ ਉੱਥੇ ਤੇਜ਼ੀ ਨਾਲ ਉੱਗਣ ਵਾਲੇ ਤੇਲ ਪਾਮ ਦਰਖ਼ਤ ਲਗਾ ਰਹੇ ਹਨ। ਖੇਤੀ ਲਈ ਜ਼ਮੀਨ ਹਾਸਲ ਕਰਨ ਦਾ ਸਭ ਤੋਂ ਆਸਾਨ ਤੇ ਸਸਤਾ ਤਰੀਕਾ ਹੈ ਜੰਗਲਾਂ ਦੇ ਦੇਸੀ ਪੇੜ-ਪੌਦਿਆਂ ਨੂੰ ਅੱਗ ਲਾ ਕੇ ਸਾੜ ਦੇਣਾ। ਇਸ ਲਈ, ਲੋਕ ਹਜ਼ਾਰਾਂ ਏਕੜ ਜ਼ਮੀਨ ਨੂੰ ਅੱਗ ਲਾ ਦਿੰਦੇ ਹਨ ਅਤੇ ਜੰਗਲਾਂ ਨੂੰ ਬਰਕਰਾਰ ਰੱਖਣ ਦੇ ਫ਼ਾਇਦਿਆਂ ਬਾਰੇ ਬਿਲਕੁਲ ਨਹੀਂ ਸੋਚਦੇ।

ਅੱਗ ਦਾ ਲਾਭਦਾਇਕ ਪੱਖ

ਇਹ ਸੱਚ ਹੈ ਕਿ ਅੱਗ ਵੱਡੀ ਤਬਾਹੀ ਮਚਾ ਸਕਦੀ ਹੈ, ਪਰ ਇਹ ਕਈ ਪੌਦਿਆਂ ਅਤੇ ਜਾਨਵਰਾਂ ਉੱਤੇ ਚੰਗਾ ਅਸਰ ਵੀ ਪਾ ਸਕਦੀ ਹੈ। ਦਰਅਸਲ ਇਹ ਕੁਦਰਤ ਦੇ ਸੰਤੁਲਨ ਨੂੰ ਬਣਾਈ ਰੱਖਣ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ। ਉਹ ਕਿੱਦਾਂ?

ਅੱਗ ਇਨਸਾਨ ਦਾ ਸਭ ਤੋਂ ਪੁਰਾਣਾ ਦੋਸਤ ਹੈ। ਇਸ ਤੋਂ ਇਨਸਾਨ ਨੂੰ ਰੌਸ਼ਨੀ ਤੇ ਨਿੱਘ ਮਿਲਦਾ ਹੈ ਅਤੇ ਇਸ ਦੀ ਮਦਦ ਨਾਲ ਇਨਸਾਨ ਭੋਜਨ ਵੀ ਬਣਾਉਂਦਾ ਹੈ। ਆਸਟ੍ਰੇਲੀਆ ਦੀਆਂ ਆਦਿਵਾਸੀ ਜਾਤੀਆਂ ਸਦੀਆਂ ਤੋਂ ਆਪਣੇ ਰੋਜ਼ਮੱਰਾ ਕੰਮਾਂ-ਕਾਰਾਂ ਵਿਚ ਅੱਗ ਦੀ ਵਰਤੋਂ ਕਰਦੀਆਂ ਆਈਆਂ ਹਨ। ਯਾਨਯੂਵਾ ਜਾਤੀ ਦੇ ਲੋਕਾਂ ਦੀ ਜ਼ਿੰਦਗੀ ਵਿਚ ਅੱਗ ਇੰਨੀ ਜ਼ਿਆਦਾ ਅਹਿਮੀਅਤ ਰੱਖਦੀ ਹੈ ਕਿ ਉਨ੍ਹਾਂ ਦੀ ਭਾਸ਼ਾ ਵਿਚ ਵੱਖ-ਵੱਖ ਕਿਸਮ ਦੀ ਅੱਗ ਅਤੇ ਇਸ ਦੇ ਅਸਰਾਂ ਨੂੰ ਦਰਸਾਉਣ ਲਈ ਇਕ ਦਰਜਨ ਤੋਂ ਵੀ ਜ਼ਿਆਦਾ ਸ਼ਬਦ ਮੌਜੂਦ ਹਨ। ਮਿਸਾਲ ਲਈ, ਜੰਗਲ ਵਿਚ ਲੱਗੀ ਅੱਗ ਲਈ ਉਹ ਸ਼ਾਇਦ ਗੰਬਾਮਬਾਰਾ ਸ਼ਬਦ ਇਸਤੇਮਾਲ ਕਰਨਗੇ। ਵੌਰਮਾਨ ਸ਼ਬਦ ਦਾ ਮਤਲਬ ਹੈ ਚੰਗੀ ਤਰ੍ਹਾਂ ਨਾਲ ਸਾੜਿਆ ਗਿਆ ਖੇਤਰ ਜੋ ਜਾਨਵਰਾਂ ਦਾ ਸ਼ਿਕਾਰ ਕਰਨ ਲਈ ਵਧੀਆ ਹੈ। ਜਦੋਂ ਧੂੰਆਂ ਉੱਪਰ ਨੂੰ ਉੱਠਦੇ ਹੋਏ ਬੱਦਲ ਵਾਂਗ ਬਣਦਾ ਹੈ, ਤਾਂ ਇਸ ਨੂੰ ਰੂਮਾਰੀ ਕਹਿੰਦੇ ਹਨ।

ਇਹ ਆਦਿਵਾਸੀ ਲੋਕ ਆਪਣੀ ਜ਼ਮੀਨ ਉੱਤੇ ਫ਼ਾਯਰ-ਸਟਿਕ (ਅੱਗ-ਸੋਟੀ) ਤਰੀਕੇ ਨਾਲ ਖੇਤੀ ਕਰਦੇ ਹਨ। ਉਹ ਜੰਗਲਾਂ ਵਿਚ ਇਕੱਠੇ ਹੋਏ ਸੁੱਕੇ ਪੱਤਿਆਂ ਤੇ ਝਾੜੀਆਂ, ਜੋ ਅੱਗ ਲਈ ਬਾਲਣ ਦਾ ਕੰਮ ਕਰ ਸਕਦੇ ਹਨ, ਨੂੰ ਥੋੜ੍ਹਾ-ਥੋੜ੍ਹਾ ਕਰ ਕੇ ਸਾੜਦੇ ਹਨ। ਇਸ ਤਰ੍ਹਾਂ ਅੱਗ ਨੂੰ ਧਿਆਨ ਨਾਲ ਇਸਤੇਮਾਲ ਕਰਨ ਦੁਆਰਾ ਆਸਟ੍ਰੇਲੀਆ ਦੇ ਆਦਿਵਾਸੀਆਂ ਨੇ ਆਪਣੀ ਭੂਮੀ ਉੱਤੇ ਖੇਤੀ ਕੀਤੀ ਅਤੇ ਨਾਲ ਹੀ ਨਾਲ ਬਨਸਪਤੀ ਤੇ ਜਾਨਵਰਾਂ ਦੇ ਘਰ ਯਾਨੀ ਜੰਗਲਾਂ ਨੂੰ ਵੀ ਬਰਕਰਾਰ ਰੱਖਿਆ। ਇਸ ਤਰ੍ਹਾਂ ਕਰਨ ਨਾਲ, ਲੋਕਾਂ ਦਾ ਜੰਗਲਾਂ ਦੀ ਭਿਆਨਕ ਅੱਗ ਵਿਚ ਫਸਣ ਦਾ ਖ਼ਤਰਾ ਵੀ ਘੱਟ ਗਿਆ ਹੈ।

ਯੋਜਨਾਬੱਧ ਤਰੀਕੇ ਨਾਲ ਸਾੜਨ ਦੇ ਫ਼ਾਇਦੇ

ਕੁਝ 200 ਸਾਲ ਪਹਿਲਾਂ ਆਸਟ੍ਰੇਲੀਆ ਵਿਚ ਯੂਰਪੀ ਲੋਕਾਂ ਦੀ ਆਮਦ ਨਾਲ ਇਨਸਾਨ, ਕੁਦਰਤ ਅਤੇ ਅੱਗ ਵਿਚਕਾਰ ਨਾਜ਼ੁਕ ਸੰਤੁਲਨ ਵਿਗੜਨ ਲੱਗ ਪਿਆ। ਯੂਰਪੀ ਲੋਕ ਸੋਚਦੇ ਸਨ ਕਿ ਅੱਗ ਨੂੰ ਕਿਸੇ ਵੀ ਹਾਲਤ ਵਿਚ ਰੋਕਿਆ ਜਾਣਾ ਚਾਹੀਦਾ ਹੈ। ਇਸ ਲਈ ਖੇਤਾਂ ਨੂੰ ਯੋਜਨਾਬੱਧ ਤਰੀਕੇ ਨਾਲ ਅੱਗ ਲਾਉਣ ਉੱਤੇ ਪਾਬੰਦੀ ਲਗਾਈ ਗਈ ਜਿਸ ਕਰਕੇ ਸੁੱਕੇ ਪੱਤਿਆਂ ਤੇ ਝਾੜੀਆਂ ਦੀ ਮਾਤਰਾ ਵਧ ਗਈ। ਸਿੱਟੇ ਵਜੋਂ, ਜੰਗਲਾਂ ਵਿਚ ਲੱਗਣ ਵਾਲੀ ਅੱਗ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਭਿਆਨਕ ਅਤੇ ਬੇਕਾਬੂ ਸਾਬਤ ਹੋਈ। ਪਰ ਹਾਲ ਹੀ ਵਿਚ ਸਰਕਾਰਾਂ ਨੇ ਆਸਟ੍ਰੇਲੀਆਈ ਆਦਿਵਾਸੀਆਂ ਤੋਂ ਸਬਕ ਸਿੱਖਦੇ ਹੋਏ ਯੋਜਨਾਬੱਧ ਤਰੀਕੇ ਨਾਲ ਜੰਗਲਾਂ ਨੂੰ ਸਾੜਨਾ ਸ਼ੁਰੂ ਕਰ ਦਿੱਤਾ ਹੈ। ਇਸ ਤਰੀਕੇ ਅਨੁਸਾਰ, ਕੁਝ-ਕੁਝ ਥਾਵਾਂ ਤੇ ਅੱਗ ਲਾ ਕੇ ਸੁੱਕੇ ਪੱਤਿਆਂ ਤੇ ਝਾੜੀਆਂ ਨੂੰ ਸਾੜਿਆ ਜਾਂਦਾ ਹੈ, ਤਾਂਕਿ ਜੰਗਲਾਂ ਵਿਚ ਭਿਆਨਕ ਅੱਗ ਲੱਗਣ ਦੀ ਸੰਭਾਵਨਾ ਘੱਟ ਜਾਵੇ। ਇਹ ਅੱਗ ਗਰਮੀ ਦੇ ਮੌਸਮ ਵਿਚ ਨਹੀਂ ਲਾਈ ਜਾਂਦੀ। ਇਹ ਧੀਮੀ ਅੱਗ ਹੁੰਦੀ ਹੈ ਜੋ ਜੰਗਲਾਂ ਦੀ ਜ਼ਮੀਨ ਉੱਤੇ ਪਏ ਪੱਤਿਆਂ ਨੂੰ ਸਾੜ ਦਿੰਦੀ ਹੈ, ਪਰ ਦਰਖ਼ਤਾਂ ਨੂੰ ਕੋਈ ਹਾਨੀ ਨਹੀਂ ਪਹੁੰਚਾਉਂਦੀ। ਆਮ ਤੌਰ ਤੇ, ਸ਼ਾਮ ਵੇਲੇ ਤ੍ਰੇਲ ਪੈਣ ਨਾਲ ਇਹ ਅੱਗ ਖ਼ੁਦ-ਬ-ਖ਼ੁਦ ਹੀ ਬੁੱਝ ਜਾਂਦੀ ਹੈ।

ਜੰਗਲਾਂ ਨੂੰ ਯੋਜਨਾਬੱਧ ਤਰੀਕੇ ਨਾਲ ਸਾੜ ਕੇ ਜੰਗਲਾਂ ਵਿਚ ਅਗਨੀਕਾਂਡ ਨੂੰ ਰੋਕਣ ਲਈ ਬਣਾਈ ਗਈ ਪ੍ਰਬੰਧਕੀ ਕਮੇਟੀ ਦਾ ਉਦੇਸ਼ ਲੋਕਾਂ ਦੇ ਜਾਨ-ਮਾਲ ਦੀ ਰਾਖੀ ਕਰਨੀ ਅਤੇ ਦੇਸੀ ਬਨਸਪਤੀ ਤੇ ਪਸ਼ੂਆਂ ਦੀ ਵੰਨ-ਸੁਵੰਨਤਾ ਨੂੰ ਬਰਕਰਾਰ ਰੱਖਣਾ ਹੈ। ਯੋਜਨਾਬੱਧ ਤਰੀਕੇ ਨਾਲ ਜੰਗਲਾਂ ਨੂੰ ਸਾੜਨਾ ਹਾਨੀਕਾਰਕ ਨਦੀਣ ਨੂੰ ਤੇਜ਼ੀ ਨਾਲ ਫੈਲਣ ਤੋਂ ਰੋਕਣ ਦਾ ਵੀ ਇੱਕੋ-ਇਕ ਅਸਰਦਾਰ ਤਰੀਕਾ ਹੈ। ਇਸ ਨਾਲ ਮੂਲ ਜਾਤੀ ਦੇ ਪਸ਼ੂਆਂ ਦੇ ਕੁਦਰਤੀ ਜੰਗਲ ਵੀ ਮਹਿਫ਼ੂਜ਼ ਰਹਿੰਦੇ ਹਨ ਜੋ ਕਿ ਇਨ੍ਹਾਂ ਪਸ਼ੂਆਂ ਦੇ ਜੀਉਂਦੇ ਰਹਿਣ ਲਈ ਜ਼ਰੂਰੀ ਹਨ।

ਕੁਝ ਕਿਸਮ ਦੇ ਪੌਦਿਆਂ ਦੇ ਬੀਜਾਂ ਨੂੰ ਪੁੰਗਰਨ ਲਈ ਅੱਗ ਦੀ ਲੋੜ ਹੁੰਦੀ ਹੈ। ਕਈ ਬੀਜਾਂ ਦਾ ਛਿੱਲੜ ਬਹੁਤ ਹੀ ਸਖ਼ਤ ਹੁੰਦਾ ਹੈ। ਅੱਗ ਦੇ ਤਾਪ ਨਾਲ ਇਹ ਛਿੱਲੜ ਤਿੜਕ ਜਾਂਦਾ ਹੈ ਜਿਸ ਨਾਲ ਬੀਜ ਨਮੀ ਨੂੰ ਆਪਣੇ ਅੰਦਰ ਸੋਖ ਸਕਦਾ ਹੈ। ਖੋਜਕਾਰਾਂ ਨੇ ਦੇਖਿਆ ਹੈ ਕਿ ਅੱਗ ਦਾ ਧੂੰਆਂ ਵੀ ਬੀਜਾਂ ਨੂੰ ਪੁੰਗਰਨ ਵਿਚ ਮਦਦ ਕਰਦਾ ਹੈ। ਕਿਹਾ ਜਾਂਦਾ ਹੈ ਕਿ ਧੂੰਏ ਵਿਚ ਕੁਝ 70 ਤੱਤ ਹਨ ਜੋ ਬੀਜ ਨੂੰ ਪੁੰਗਰਨ ਲਈ ਜ਼ਰੂਰੀ ਹਨ। ਇਨ੍ਹਾਂ ਜ਼ਰੂਰੀ ਤੱਤਾਂ ਵਿੱਚੋਂ ਇਕ ਨਾਈਟਰੋਜਨ ਡਾਇਆਕਸਾਈਡ ਹੈ।

ਜਦੋਂ ਭੂਮੀ ਨੂੰ ਸਾੜਿਆ ਜਾਂਦਾ ਹੈ, ਤਾਂ ਮਿੱਟੀ ਨੂੰ ਨਾਈਟਰੋਜਨ ਤੇ ਫਾਸਫੋਰਸ ਵਰਗੇ ਪੋਸ਼ਕ ਤੱਤ ਪ੍ਰਾਪਤ ਹੁੰਦੇ ਹਨ। ਅੱਗ ਸੁੱਕੇ ਪੱਤਿਆਂ ਵਿਚ ਬੰਦ ਪੋਸ਼ਕ ਤੱਤਾਂ ਨੂੰ ਮੁਕਤ ਕਰਦੀ ਹੈ, ਸੂਰਜ ਦੀ ਰੌਸ਼ਨੀ ਲਈ ਰਾਹ ਖੋਲ੍ਹਦੀ ਹੈ ਅਤੇ ਮਿੱਟੀ ਨੂੰ ਉਪਜਾਉ ਬਣਾਉਂਦੀ ਹੈ ਜੋ ਕਿ ਨਵੇਂ ਪੌਦਿਆਂ ਦੇ ਵਧਣ-ਫੁੱਲਣ ਲਈ ਜ਼ਰੂਰੀ ਹਨ। ਮਿਸਾਲ ਲਈ, ਵੌਟਲ ਜਾਂ ਅਕੇਸੀਆ ਪੌਦਿਆਂ (ਆਸਟ੍ਰੇਲੀਆਈ ਕਿੱਕਰ) ਦੇ ਬੀਜ ਜੰਗਲਾਂ ਨੂੰ ਸਾੜਨ ਮਗਰੋਂ ਪੁੰਗਰਦੇ ਹਨ ਅਤੇ ਅੱਗ ਦੁਆਰਾ ਪੈਦਾ ਕੀਤੇ ਹਾਲਾਤਾਂ ਵਿਚ ਵਧਦੇ-ਫੁੱਲਦੇ ਹਨ।

ਜੰਗਲਾਂ ਨੂੰ ਸਾੜਨ ਮਗਰੋਂ ਪੈਦਾ ਹੋਏ ਹਾਲਾਤਾਂ ਤੋਂ ਬਹੁਤ ਸਾਰੇ ਜਾਨਵਰ ਵੀ ਲਾਭ ਹਾਸਲ ਕਰਦੇ ਹਨ। ਉਨ੍ਹਾਂ ਨੂੰ ਨਵੇਂ ਸਿਰਿਓਂ ਉੱਗਣ ਵਾਲੀ ਬਨਸਪਤੀ ਤੋਂ ਆਹਾਰ ਮਿਲਦਾ ਹੈ ਜੋ ਜ਼ਿਆਦਾ ਨਰਮ ਤੇ ਰਸੀਲਾ ਹੁੰਦਾ ਹੈ। ਕਾਂਗਰੂ ਤੇ ਵੌਲੱਬੀ ਪਸ਼ੂਆਂ ਦੀਆਂ ਕੁਝ ਕਿਸਮਾਂ ਅਕਸਰ ਸਾੜੇ ਗਏ ਜੰਗਲਾਂ ਵਿਚ ਦੇਖੀਆਂ ਜਾਂਦੀਆਂ ਹਨ। ਕਿਹਾ ਜਾਂਦਾ ਹੈ ਕਿ ਉਹ ਅੱਗ ਉੱਤੇ ਨਿਰਭਰ ਰਹਿੰਦੇ ਹਨ ਕਿਉਂਕਿ ਜਿਹੜੇ ਪੇੜ-ਪੌਦੇ ਉਨ੍ਹਾਂ ਨੂੰ ਭੋਜਨ ਅਤੇ ਸ਼ਰਨ ਮੁਹੱਈਆ ਕਰਦੇ ਹਨ, ਉਹ ਪੌਦੇ ਉੱਗਣ ਅਤੇ ਵਧਣ-ਫੁੱਲਣ ਲਈ ਅੱਗ ਉੱਤੇ ਨਿਰਭਰ ਹੁੰਦੇ ਹਨ।

ਅਜੇ ਬਹੁਤ ਕੁਝ ਸਿੱਖਣਾ ਬਾਕੀ ਹੈ

ਇਨਸਾਨਾਂ ਨੇ ਅੱਗ ਦੇ ਦੋ ਪੱਖਾਂ ਬਾਰੇ ਕਾਫ਼ੀ ਕੁਝ ਸਿੱਖ ਲਿਆ ਹੈ, ਪਰ ਅੱਗ ਅਤੇ ਵਾਤਾਵਰਣ ਦਾ ਆਪਸੀ ਪ੍ਰਭਾਵ ਇਕ ਬਹੁਤ ਹੀ ਜਟਿਲ ਵਿਸ਼ਾ ਹੈ ਜਿਸ ਬਾਰੇ ਅਜੇ ਬਹੁਤ ਕੁਝ ਸਿੱਖਣਾ ਬਾਕੀ ਹੈ। ਸਾਨੂੰ ਅਜੇ ਇਹ ਸਿੱਖਣ ਦੀ ਲੋੜ ਹੈ ਕਿ ਅੱਗ ਕੁਝ ਖ਼ਾਸ ਪ੍ਰਕਾਰ ਦੇ ਪੌਦਿਆਂ ਅਤੇ ਜਾਨਵਰਾਂ ਉੱਤੇ ਕੀ ਅਸਰ ਪਾਉਂਦੀ ਹੈ। ਸਾਡੇ ਵਾਤਾਵਰਣ ਉੱਤੇ ਅੱਗ ਦੇ ਵੱਡੇ ਪੈਮਾਨੇ ਤੇ ਪੈਣ ਵਾਲੇ ਅਸਰਾਂ ਉੱਤੇ ਵੀ ਹੋਰ ਜ਼ਿਆਦਾ ਖੋਜ ਕਰਨ ਦੀ ਲੋੜ ਹੈ। ਇਨ੍ਹਾਂ ਕੁਝ ਸਵਾਲਾਂ ਦੇ ਜਵਾਬ ਲੱਭਣੇ ਅਜੇ ਬਾਕੀ ਹਨ: ਕੀ ਅੱਗ ਕਰਕੇ ਗ੍ਰੀਨਹਾਊਸ ਪ੍ਰਭਾਵ ਵਧ ਜਾਂਦਾ ਹੈ? ਅੱਗ ਤੋਂ ਉੱਠਣ ਵਾਲੇ ਧੂੰਏ ਦਾ ਮੌਸਮ ਉੱਤੇ ਕੀ ਅਸਰ ਪੈਂਦਾ ਹੈ? ਖ਼ਾਸ ਹਾਲਾਤਾਂ ਦਾ ਅੱਗ ਉੱਤੇ ਕੀ ਅਸਰ ਪੈਂਦਾ ਹੈ?

ਇਸ ਵੇਲੇ ਅਜਿਹੇ ਕੰਪਿਊਟਰ ਪ੍ਰੋਗ੍ਰਾਮ ਉਪਲਬਧ ਹਨ ਜਿਨ੍ਹਾਂ ਨੂੰ ਮਾਡਲ ਕਿਹਾ ਜਾਂਦਾ ਹੈ। ਇਹ ਖ਼ਾਸ ਹਾਲਾਤਾਂ ਵਿਚ ਅੱਗ ਦੇ ਵਤੀਰੇ ਦਾ ਅਨੁਮਾਨ ਲਗਾਉਣ ਲਈ ਬਣਾਏ ਗਏ ਹਨ। ਇਹ ਤਾਪਮਾਨ, ਬਾਲਣ, ਹਵਾ ਦੀ ਰਫ਼ਤਾਰ ਅਤੇ ਦੂਸਰੇ ਮੌਸਮੀ ਹਾਲਾਤਾਂ ਬਾਰੇ ਮਿਲੀ ਜਾਣਕਾਰੀ ਨੂੰ ਇਸਤੇਮਾਲ ਕਰਦੇ ਹਨ। ਪਰ ਦੁੱਖ ਦੀ ਗੱਲ ਹੈ ਕਿ ਇਹ ਮਾਡਲ ਹਾਲੇ ਅੱਗ ਦੇ ਹਰ ਵਤੀਰੇ ਦਾ ਸਹੀ-ਸਹੀ ਅਨੁਮਾਨ ਨਹੀਂ ਲਗਾ ਸਕਦੇ। ਉਹ ਇਹ ਨਹੀਂ ਦੱਸ ਸਕਦੇ ਕਿ ਅੱਗ ਦੀਆਂ ਲਪਟਾਂ ਕਦੋਂ ਅਤੇ ਕਿੱਥੇ ਅਚਾਨਕ ਆਪਣੀ ਦਿਸ਼ਾ ਬਦਲ ਲੈਣਗੀਆਂ ਜਾਂ ਅੱਗ ਤੇਜ਼ ਹੋ ਜਾਵੇਗੀ। ਸਾਲ 1997 ਵਿਚ ਸਿਡਨੀ ਵਿਚ ਹੋਏ ਅਗਨੀਕਾਂਡ ਵਿਚ ਦੋ ਤਜਰਬੇਕਾਰ ਅੱਗ-ਬੁਝਾਊ ਕਰਮਚਾਰੀ ਮਾਰੇ ਗਏ ਸਨ ਜਦੋਂ ਅੱਗ ਦੀਆਂ ਲਪਟਾਂ ਨੇ ਅਚਾਨਕ ਦਿਸ਼ਾ ਬਦਲ ਕੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਅੱਗ ਦੇ ਇਸ ਵਤੀਰੇ ਨੂੰ ਉਚਿਤ ਤੌਰ ਤੇ “ਮੌਤ ਦੀਆਂ ਉਂਗਲਾਂ” ਕਿਹਾ ਗਿਆ ਹੈ।

ਅਗਨੀਕਾਂਡਾਂ ਦੇ ਵਤੀਰੇ ਦਾ ਅਨੁਮਾਨ ਲਗਾਉਣਾ ਇਸ ਲਈ ਖ਼ਾਸਕਰ ਮੁਸ਼ਕਲ ਹੁੰਦਾ ਹੈ ਕਿਉਂਕਿ ਅੱਗ ਇਕ ਵੱਖਰਾ ਹੀ ਵਾਤਾਵਰਣ ਪੈਦਾ ਕਰ ਸਕਦੀ ਹੈ ਜਿਵੇਂ ਤੇਜ਼ ਹਵਾਵਾਂ, ਬੱਦਲ, ਗਰਜ ਅਤੇ ਤੂਫ਼ਾਨ। ਇਹ ਹਵਾਵਾਂ ਅਚਾਨਕ ਹੀ ਆਪਣੀ ਦਿਸ਼ਾ ਜਾਂ ਰਫ਼ਤਾਰ ਬਦਲ ਸਕਦੀਆਂ ਹਨ ਜਿਸ ਕਰਕੇ ਅੱਗ ਉੱਤੇ ਕਾਬੂ ਪਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਖੋਜਕਾਰ ਇਨ੍ਹਾਂ ਗੱਲਾਂ ਨੂੰ, ਨਾਲੇ ਖੇਤਰ ਦੀ ਕਿਸਮ ਤੇ ਢਲਾਣ ਅਤੇ ਅੱਗ ਲਈ ਕਿੱਥੇ ਕਿੰਨਾ ਕੁ ਬਾਲਣ ਮੌਜੂਦ ਹੈ, ਵਰਗੀ ਜਾਣਕਾਰੀ ਨੂੰ ਕੰਪਿਊਟਰ ਪ੍ਰੋਗ੍ਰਾਮਾਂ ਵਿਚ ਪਾ ਕੇ ਮੌਜੂਦਾ ਮਾਡਲਾਂ ਵਿਚ ਸੁਧਾਰ ਕਰਨ ਦੀ ਆਸ ਰੱਖਦੇ ਹਨ।

ਇਸ ਟੀਚੇ ਨੂੰ ਹਾਸਲ ਕਰਨ ਲਈ, ਅਮਰੀਕਾ ਵਿਚ ਕੋਲੋਰਾਡੋ ਦਾ ਨੈਸ਼ਨਲ ਸੈਂਟਰ ਫ਼ਾਰ ਐਟਮੌਸਫੇਰਿਕ ਰਿਸਰਚ (NCAR) ਨੇ ਇਕ ਪ੍ਰਾਜੈਕਟ ਦਾ ਬੀੜਾ ਚੁੱਕਿਆ ਹੈ। ਇਸ ਨੇ ਇਕ ਸੀ-130 ਹਵਾਈ ਜਹਾਜ਼ ਬਣਾਇਆ ਹੈ ਜਿਸ ਵਿਚ ਅਤਿ ਆਧੁਨਿਕ ਵਿਗਿਆਨਕ ਉਪਕਰਣ ਅਤੇ ਸੱਤ ਜਣਿਆਂ ਲਈ ਕੰਪਿਊਟਰ ਵਰਕ-ਸਟੇਸ਼ਨ ਹਨ। ਪੂਰਾ ਜਹਾਜ਼ ਅਤੇ ਉਸ ਵਿਚਲੀਆਂ ਚੀਜ਼ਾਂ ਨੂੰ ਅੱਗ-ਰੋਧਕ ਪਦਾਰਥ ਨਾਲ ਸੁਰੱਖਿਅਤ ਕੀਤਾ ਗਿਆ ਹੈ। ਇਸ ਜਹਾਜ਼ ਦੇ ਖੰਭਾਂ ਉੱਤੇ ਸੈਂਸਰ ਲੱਗੇ ਹੋਏ ਹਨ ਜਿਨ੍ਹਾਂ ਦੀ ਮਦਦ ਨਾਲ ਜਹਾਜ਼ ਭੜਕਦੀ ਅੱਗ ਉੱਪਰੋਂ ਉਡਦੇ ਹੋਏ ਅੱਗ ਸੰਬੰਧੀ ਜਾਣਕਾਰੀ ਹਾਸਲ ਕਰ ਸਕਦਾ ਹੈ। ਇਹ ਜਾਣਕਾਰੀ ਫਿਰ ਕੰਪਿਊਟਰਾਂ ਨੂੰ ਭੇਜੀ ਜਾਂਦੀ ਹੈ। ਜਹਾਜ਼ ਵਿਚ “ਥਰਮਾਕੈਮ” ਨਾਮਕ ਇਕ ਇੰਫਰਾ-ਰੈੱਡ ਕੈਮਰਾ ਵੀ ਲਗਾਇਆ ਗਿਆ ਹੈ। ਇਹ ਵੱਖ-ਵੱਖ ਥਾਵਾਂ ਤੇ ਅੱਗ ਦੀ ਤੀਬਰਤਾ ਨੂੰ ਮਾਪ ਸਕਦਾ ਹੈ। ਇਨ੍ਹਾਂ ਤਰੀਕਿਆਂ ਨਾਲ NCAR ਦੇ ਵਿਗਿਆਨੀ ਅੱਗ ਦੇ ਵਤੀਰੇ ਦਾ ਅਨੁਮਾਨ ਲਗਾਉਣ ਵਾਲੇ ਮੌਜੂਦਾ ਮਾਡਲਾਂ ਨੂੰ ਬਦਲਣ ਅਤੇ ਸੁਧਾਰਨ ਦੇ ਤਰੀਕੇ ਲੱਭ ਰਹੇ ਹਨ।

ਇਹ ਆਸ ਰੱਖੀ ਜਾਂਦੀ ਹੈ ਕਿ ਇਨ੍ਹਾਂ ਸੋਧੇ ਗਏ ਮਾਡਲਾਂ ਦੀ ਮਦਦ ਨਾਲ ਮਾਹਰ ਅੱਗ ਉੱਤੇ ਜ਼ਿਆਦਾ ਅਸਰਦਾਰ ਤੇ ਸੁਰੱਖਿਅਤ ਤਰੀਕੇ ਨਾਲ ਕਾਬੂ ਪਾ ਸਕਣਗੇ। ਅੱਗ ਦੇ ਵਤੀਰੇ ਦਾ ਸਹੀ-ਸਹੀ ਅਨੁਮਾਨ ਲਗਾਉਣ ਨਾਲ ਅੱਗ-ਬੁਝਾਊ ਕਰਮਚਾਰੀਆਂ ਦੀਆਂ ਜਾਨਾਂ ਨੂੰ ਵੀ ਘੱਟ ਖ਼ਤਰਾ ਹੋਵੇਗਾ।

ਜੀ ਹਾਂ, ਜੇ ਅੱਗ ਕਾਬੂ ਤੋਂ ਬਾਹਰ ਹੋ ਜਾਵੇ, ਤਾਂ ਇਹ ਇਕ ਤਬਾਹਕੁੰਨ ਦੁਸ਼ਮਣ ਬਣ ਸਕਦੀ ਹੈ, ਪਰ ਇਹ ਇਕ ਚੰਗਾ ਦੋਸਤ ਵੀ ਸਾਬਤ ਹੋ ਸਕਦੀ ਹੈ। ਇਹ ਸਾਡੇ ਸਿਰਜਣਹਾਰ ਦੁਆਰਾ ਨਿਰਧਾਰਿਤ ਕੀਤੇ ਗਏ ਕੁਦਰਤ ਦੇ ਚੱਕਰਾਂ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ ਜੋ ਚੱਕਰ ਧਰਤੀ ਵਿਚ ਨਵੀਂ ਜਾਨ ਪਾਉਂਦੇ ਅਤੇ ਬਨਸਪਤੀ ਤੇ ਪਸ਼ੂ-ਜੀਵਨ ਦੀ ਸੰਤੁਲਿਤ ਵੰਨ-ਸੁਵੰਨਤਾ ਨੂੰ ਬਰਕਰਾਰ ਰੱਖਦੇ ਹਨ।

[ਸਫ਼ਾ 17 ਉੱਤੇ ਤਸਵੀਰ]

ਮਾਨਟੈਨਾ ਦੀ ਬਿਟਰਰੂਟ ਰਿਵਰ ਘਾਟੀ ਵਿਚ ਤੇਜ਼ੀ ਨਾਲ ਫੈਲ ਰਹੀ ਭਿਆਨਕ ਅੱਗ ਤੋਂ ਭੱਜ ਰਹੇ ਹਿਰਨ

[ਕ੍ਰੈਡਿਟ ਲਾਈਨ]

John McColgan, BLM, Alaska Fire Service

[ਸਫ਼ਾ 18 ਉੱਤੇ ਤਸਵੀਰ]

ਆਸਟ੍ਰੇਲੀਆ ਵਿਚ ਯੋਜਨਾਬੱਧ ਤਰੀਕੇ ਨਾਲ ਜੰਗਲ ਨੂੰ ਸਾੜਦੇ ਹੋਏ

[ਕ੍ਰੈਡਿਟ ਲਾਈਨ]

Photo provided courtesy of Queensland Rural Fire Service