ਉਹ ਬੁੱਲ੍ਹ ਕਿਵੇਂ ਪੜ੍ਹਦੇ ਹਨ
ਉਹ ਬੁੱਲ੍ਹ ਕਿਵੇਂ ਪੜ੍ਹਦੇ ਹਨ
ਬਰਤਾਨੀਆ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ
ਇਕ ਬਾਗ਼ ਵਿਚ ਬੈਠੇ ਗੱਲਾਂ ਕਰ ਰਹੇ ਦੋ ਆਦਮੀਆਂ ਦੀ ਚੋਰੀ-ਛਿਪੇ ਫ਼ਿਲਮ ਬਣਾਈ ਗਈ ਸੀ। ਭਾਵੇਂ ਉਨ੍ਹਾਂ ਦੀਆਂ ਗੱਲਾਂ ਕੋਈ ਸੁਣ ਨਹੀਂ ਸਕਦਾ ਸੀ, ਪੁਲਸ ਨੇ ਉਨ੍ਹਾਂ ਨੂੰ ਅੱਤਵਾਦੀ ਹੋਣ ਦੇ ਸ਼ੱਕ ਵਿਚ ਗਿਰਫ਼ਤਾਰ ਕੀਤਾ ਅਤੇ ਉਨ੍ਹਾਂ ਨੂੰ ਕਈ ਸਾਲਾਂ ਦੀ ਸਜ਼ਾ ਦਿੱਤੀ। ਕਿਉਂ? ਇਹ ਫ਼ਿਲਮ ਬੁੱਲ੍ਹ ਪੜ੍ਹਨ ਵਾਲੀ ਨੇ ਦੇਖੀ ਸੀ ਜੋ ਉਨ੍ਹਾਂ ਦੀਆਂ ਗੱਲਾਂ ਪੁਲਸ ਨੂੰ ਦੱਸ ਸਕੀ। ਇਸ ਮਾਹਰ ਔਰਤ ਨੂੰ ਮੁਜਰਮਾਂ ਦੇ ਖ਼ਿਲਾਫ਼ ਗਵਾਹੀ ਦੇਣ ਲਈ ਬੁਲਾਇਆ ਜਾਂਦਾ ਹੈ ਅਤੇ ਉਸ ਨੂੰ ਬਰਤਾਨੀਆ ਦੀ ਪੁਲਸ ਦਾ ਇਕ “ਹਥਿਆਰ” ਸਮਝਿਆ ਜਾਂਦਾ ਹੈ।
ਇਹ ਪਤਾ ਕਰਨ ਲਈ ਕਿ ਲੋਕ ਕਿਸ ਤਰ੍ਹਾਂ ਬੁੱਲ੍ਹ ਪੜ੍ਹ ਸਕਦੇ ਹਨ ਮੈਂ ਮਾਈਕ ਅਤੇ ਕ੍ਰਿਸਟੀਨਾ ਨੂੰ ਮਿਲਣ ਗਿਆ ਸੀ। ਕ੍ਰਿਸਟੀਨਾ ਤਿੰਨ ਸਾਲਾਂ ਦੀ ਸੀ ਜਦੋਂ ਉਹ ਬੋਲ਼ੀ ਹੋ ਗਈ। ਉਸ ਨੂੰ ਬੋਲ਼ਿਆਂ ਦੇ ਇਕ ਸਕੂਲ ਨੂੰ ਘੱਲਿਆ ਗਿਆ ਜਿੱਥੇ ਉਸ ਨੇ ਬੁੱਲ੍ਹ ਪੜ੍ਹਨੇ ਸਿੱਖੇ। ਕ੍ਰਿਸਟੀਨਾ ਨਾਲ ਸ਼ਾਦੀ ਕਰਨ ਤੋਂ ਬਾਅਦ ਮਾਈਕ ਨੇ ਵੀ ਬੁੱਲ੍ਹ ਪੜ੍ਹਨੇ ਸਿੱਖ ਲਏ।
ਬੁੱਲ੍ਹਾਂ ਨੂੰ ਪੜ੍ਹਨਾ ਕਿੰਨਾ ਔਖਾ ਹੈ? ਮਾਈਕ ਕਹਿੰਦਾ ਹੈ ਕਿ “ਤੁਹਾਨੂੰ ਚੰਗੀ ਤਰ੍ਹਾਂ ਧਿਆਨ ਦੇਣ ਦੀ ਲੋੜ ਹੈ ਕਿ ਲੋਕ ਆਪਣਾ ਮੂੰਹ, ਜੀਭ ਅਤੇ ਜਬਾੜ੍ਹਾ ਕਿਸ ਤਰ੍ਹਾਂ ਹਿਲਾਉਂਦੇ ਹਨ।” ਕ੍ਰਿਸਟੀਨਾ ਅੱਗੇ ਕਹਿੰਦੀ ਹੈ ਕਿ “ਜਦੋਂ ਕੋਈ ਜਣਾ ਤੁਹਾਡੇ ਨਾਲ ਗੱਲ ਕਰ ਰਿਹਾ ਹੈ ਤੁਹਾਨੂੰ ਉਨ੍ਹਾਂ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ ਅਤੇ ਜਿਉਂ-ਜਿਉਂ ਤੁਸੀਂ ਬੁੱਲ੍ਹ ਪੜ੍ਹਨ ਵਿਚ ਜ਼ਿਆਦਾ ਕਾਬਲ ਬਣਦੇ ਹੋ, ਤਾਂ ਤੁਸੀਂ ਉਨ੍ਹਾਂ ਦੇ ਚਿਹਰੇ ਅਤੇ ਸਰੀਰ ਨੂੰ ਵੀ ਪੜ੍ਹਨ ਲੱਗ ਪਵੋਗੇ।”
ਮੈਨੂੰ ਇਹ ਵੀ ਪਤਾ ਲੱਗਾ ਕਿ ਸਾਨੂੰ ਉੱਚੀ ਆਵਾਜ਼ ਵਿਚ ਜਾਂ ਮੂੰਹ ਅੱਡ ਕੇ ਹੌਲੀ-ਹੌਲੀ ਗੱਲ ਨਹੀਂ ਕਰਨੀ ਚਾਹੀਦੀ। ਇਸ ਤਰ੍ਹਾਂ ਕਰਨ ਨਾਲ ਬੁੱਲ੍ਹਾਂ ਨੂੰ ਪੜ੍ਹਨਾ ਬਹੁਤ ਔਖਾ ਹੋ ਜਾਂਦਾ ਹੈ ਅਤੇ ਗੱਲਾਂ ਦੀ ਘੱਟ ਸਮਝ ਆਉਂਦੀ ਹੈ। ਜਦੋਂ ਤੁਸੀਂ ਬੁੱਲ੍ਹ ਪੜ੍ਹਨ ਵਿਚ ਕਾਬਲ ਹੋ ਜਾਂਦੇ ਹੋ, ਤਾਂ ਤੁਹਾਨੂੰ ਇਹ ਵੀ ਪਤਾ ਲੱਗ ਸਕਦਾ ਹੈ ਕਿ ਬੋਲਣ ਵਾਲਾ ਕਿਹੜੇ ਇਲਾਕੇ ਤੋਂ ਆਇਆ ਹੈ। ਪਰ ਇਸ ਤਰ੍ਹਾਂ ਕਰਨਾ ਸੌਖਾ ਨਹੀਂ ਹੈ! ਬੁੱਲ੍ਹ ਪੜ੍ਹਨ ਵਾਲਾ ਇਕ ਸੰਗਠਨ ਕਹਿੰਦਾ ਹੈ ਕਿ “ਬੁੱਲ੍ਹ ਪੜ੍ਹਨ ਲਈ ਤੁਹਾਨੂੰ ਵਾਰ-ਵਾਰ ਪ੍ਰੈਕਟਿਸ ਕਰਨ ਦੀ ਲੋੜ ਹੈ।”
ਕ੍ਰਿਸਟੀਨਾ ਕਹਿੰਦੀ ਹੈ ਕਿ ਕਦੀ-ਕਦੀ ਉਸ ਨੂੰ ਬਹੁਤ ਸ਼ਰਮ ਆਉਂਦੀ ਹੈ ਕਿਉਂਕਿ ਉਹ ਅਣਜਾਣੇ ਹੀ ਬੱਸ ਅਤੇ ਰੇਲ-ਗੱਡੀ ਵਿਚ ਲੋਕਾਂ ਦੀਆਂ ਗੱਲਾਂ-ਬਾਤਾਂ ਪੜ੍ਹਨ ਲੱਗ ਪੈਂਦੀ ਹੈ। ਫਿਰ ਉਹ ਫਟਾਫਟ ਆਪਣੀ ਨਿਗਾਹ ਹੋਰ ਪਾਸੇ ਲਾ ਲੈਂਦੀ ਹੈ। ਪਰ ਦੂਜੇ ਪਾਸੇ ਬੁੱਲ੍ਹ ਪੜ੍ਹਨ ਵਿਚ ਉਸ ਦਾ ਫ਼ਾਇਦਾ ਵੀ ਹੈ। ਕ੍ਰਿਸਟੀਨਾ ਹੁਣ ਟੀ.ਵੀ. ਤੇ ਫੁੱਟਬਾਲ ਨਹੀਂ ਦੇਖਦੀ ਕਿਉਂਕਿ ਉਹ ਕਈ ਵਾਰ ਖਿਡਾਰੀਆਂ ਦੀਆਂ ਗੱਲਾਂ ਤੋਂ ਹੈਰਾਨ ਹੋਈ ਹੈ।
ਬਰਤਾਨੀਆ ਦੀ ਪੁਲਸ ਦੀ ਬੁੱਲ੍ਹ ਪੜ੍ਹਨ ਵਿਚ ਮਾਹਰ ਇਸ ਔਰਤ ਵਰਗੇ ਬਹੁਤ ਘੱਟ ਲੋਕ ਹਨ। ਪਰ ਜੇਕਰ ਤੁਹਾਡੀ ਸੁਣਨ-ਸ਼ਕਤੀ ਇਕਦਮ ਕਮਜ਼ੋਰ ਹੋ ਜਾਵੇ, ਤਾਂ ਬੁੱਲ੍ਹ ਪੜ੍ਹਨ ਦੇ ਹੁਨਰਾਂ ਤੋਂ ਜਾਣੂ ਹੋਣ ਨਾਲ ਤੁਹਾਡਾ ਬਹੁਤ ਫ਼ਾਇਦਾ ਹੋ ਸਕਦਾ ਹੈ।
[ਸਫ਼ਾ 31 ਉੱਤੇ ਤਸਵੀਰ]
ਕ੍ਰਿਸਟੀਨਾ
[ਸਫ਼ਾ 31 ਉੱਤੇ ਤਸਵੀਰ]
ਮਾਈਕ