ਕੀ ਸ਼ਾਂਤੀ ਦੀ ਉਮੀਦ ਧੁੰਦਲੀ ਹੁੰਦੀ ਜਾ ਰਹੀ ਹੈ?
ਕੀ ਸ਼ਾਂਤੀ ਦੀ ਉਮੀਦ ਧੁੰਦਲੀ ਹੁੰਦੀ ਜਾ ਰਹੀ ਹੈ?
‘ਅੱਜ ਅਸੀਂ ਭਿਆਨਕ ਤੂਫ਼ਾਨ ਵਿੱਚੋਂ ਦੀ ਲੰਘ ਰਹੇ ਹਾਂ ਯਾਨੀ ਔਖੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਾਂ।’—ਇਟਲੀ ਦੇ ਰੋਮ ਸ਼ਹਿਰ ਦੀ ਅਖ਼ਬਾਰ “ਲਾ ਰੇਪੂਬਲੀਕਾ।”
ਪਿਛਲੇ ਸਾਲ ਨਿਊਯਾਰਕ ਸਿਟੀ ਅਤੇ ਵਾਸ਼ਿੰਗਟਨ ਡੀ. ਸੀ. ਉੱਤੇ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਲੋਕ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਗਹਿਰੀ ਚਿੰਤਾ ਵਿਚ ਪੈ ਗਏ ਹਨ ਕਿ ਭਵਿੱਖ ਵਿਚ ਦੁਨੀਆਂ ਦਾ ਕੀ ਹੋਵੇਗਾ। ਟੈਲੀਵਿਯਨ ਤੇ ਕਈ ਵਾਰ ਅੱਗ ਦੀਆਂ ਲਪਟਾਂ ਵਿਚ ਸੜਦੇ ਟਵਿਨ ਟਾਵਰਾਂ ਅਤੇ ਬਚੇ ਹੋਏ ਨਿਰਾਸ਼ ਲੋਕਾਂ ਨੂੰ ਦਿਖਾਇਆ ਗਿਆ ਸੀ। ਇਨ੍ਹਾਂ ਦ੍ਰਿਸ਼ਾਂ ਨੂੰ ਦੇਖ ਕੇ ਦੁਨੀਆਂ ਭਰ ਦੇ ਲੋਕਾਂ ਨੂੰ ਬਹੁਤ ਦੁੱਖ ਹੋਇਆ। ਇਸ ਦੁੱਖ ਦੇ ਨਾਲ-ਨਾਲ ਲੋਕਾਂ ਨੂੰ ਇਹ ਵੀ ਅਹਿਸਾਸ ਹੋਇਆ ਹੈ ਕਿ ਦੁਨੀਆਂ ਇਤਿਹਾਸ ਦੇ ਇਕ ਨਵੇਂ ਮੋੜ ਤੇ ਆ ਖੜ੍ਹੀ ਹੋਈ ਹੈ। ਇਸ ਬਾਰੇ ਤੁਹਾਡਾ ਕੀ ਖ਼ਿਆਲ ਹੈ?
ਗਿਆਰਾਂ ਸਤੰਬਰ 2001 ਤੋਂ ਬਾਅਦ ਲੜਾਈ ਸ਼ੁਰੂ ਹੋ ਗਈ। ਜਿਹੜੀਆਂ ਕੌਮਾਂ ਪਹਿਲਾਂ ਇਕ-ਦੂਜੇ ਦੀਆਂ ਦੁਸ਼ਮਣ ਹੁੰਦੀਆਂ ਸਨ, ਉਹ ਹੁਣ ਅੱਤਵਾਦ ਨੂੰ ਖ਼ਤਮ ਕਰਨ ਲਈ ਇਕ-ਦੂਜੇ ਦੀਆਂ ਮਿੱਤਰ ਬਣ ਗਈਆਂ। ਇਸ ਹਮਲੇ ਤੇ ਲੜਾਈ ਕਾਰਨ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ ਤੇ ਬੇਹਿਸਾਬਾ ਨੁਕਸਾਨ ਹੋਇਆ। ਪਰ ਦੁਨੀਆਂ ਭਰ ਦੇ ਲੋਕਾਂ ਦੇ ਮਨਾਂ ਵਿਚ ਸਭ ਤੋਂ ਵੱਡੀ ਤਬਦੀਲੀ ਇਹ ਆਈ ਕਿ ਕਿਸੇ ਨੂੰ ਕਿਤੇ ਵੀ ਕੁਝ ਵੀ ਹੋ ਸਕਦਾ ਹੈ।
ਦੁਨੀਆਂ ਦੇ ਨੇਤਾ ਵੱਡੀਆਂ-ਵੱਡੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰ ਰਹੇ ਹਨ। ਪੱਤਰਕਾਰਾਂ ਅਤੇ ਟੀ. ਵੀ. ਤੇ ਰੇਡੀਓ ਰਿਪੋਰਟਰਾਂ ਨੂੰ ਪਤਾ ਨਹੀਂ ਲੱਗਦਾ ਕਿ ਜੰਗਲ ਦੀ ਅੱਗ ਵਾਂਗ ਫੈਲ ਰਹੇ ਅੱਤਵਾਦ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਜੋ ਗ਼ਰੀਬੀ ਅਤੇ ਧਾਰਮਿਕ ਕੱਟੜਤਾ ਕਾਰਨ ਪੈਦਾ ਹੁੰਦਾ ਹੈ। ਇਹ ਅਜਿਹੀਆਂ ਬੀਮਾਰੀਆਂ ਹਨ ਜਿਨ੍ਹਾਂ ਦਾ ਕਿਸੇ ਕੋਲ ਵੀ ਇਲਾਜ ਨਹੀਂ ਹੈ। ਦੁਨੀਆਂ ਵਿਚ ਐਨੀ ਬੇਇਨਸਾਫ਼ੀ ਛਾਈ ਹੋਈ ਹੈ ਕਿ ਕਿਸੇ ਵੀ ਤਰ੍ਹਾਂ ਦੇ ਖ਼ਤਰਨਾਕ ਹਾਲਾਤ ਭੜਕ ਸਕਦੇ ਹਨ। ਲੋਕਾਂ ਨੂੰ ਕੋਈ ਵਿਸ਼ਵਾਸ ਹੀ ਨਹੀਂ ਹੁੰਦਾ ਕਿ ਗ਼ਰੀਬੀ ਅਤੇ ਧਾਰਮਿਕ ਕੱਟੜਤਾ ਵਰਗੀਆਂ ਸਮਾਜ ਦੀਆਂ ਬੀਮਾਰੀਆਂ ਦਾ ਕਦੇ ਅੰਤ ਹੋਵੇਗਾ। ਕੀ ਲੜਾਈਆਂ ਕਦੇ ਖ਼ਤਮ ਹੋਣਗੀਆਂ ਜਿਨ੍ਹਾਂ ਕਾਰਨ ਦੁੱਖ ਆਉਂਦੇ ਹਨ, ਬਹੁਤ ਸਾਰੇ ਲੋਕ ਮਰਦੇ ਹਨ ਤੇ ਤਬਾਹੀ ਹੁੰਦੀ ਹੈ?
ਲੱਖਾਂ ਹੀ ਲੋਕ ਧਾਰਮਿਕ ਸੰਸਥਾਵਾਂ ਕੋਲੋਂ ਅਜਿਹੇ ਸਵਾਲ ਪੁੱਛਦੇ ਹਨ। ਕਈਆਂ ਨੂੰ ਵਿਸ਼ਵਾਸ ਹੀ ਨਹੀਂ ਹੁੰਦਾ ਕਿ ਲੜਾਈਆਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਤੁਸੀਂ ਕੀ ਵਿਸ਼ਵਾਸ ਕਰਦੇ ਹੋ? ਤੁਹਾਡੇ ਖ਼ਿਆਲ ਵਿਚ ਕੀ ਧਾਰਮਿਕ ਆਗੂ ਅਜਿਹੇ ਸਵਾਲਾਂ ਦੇ ਜਵਾਬ ਦੇ ਸਕਦੇ ਹਨ? ਕੀ ਉਨ੍ਹਾਂ ਦੁਆਰਾ ਕੀਤੀਆਂ ਪ੍ਰਾਰਥਨਾਵਾਂ ਸ਼ਾਂਤੀ ਲਿਆ ਸਕਦੀਆਂ ਹਨ?