Skip to content

Skip to table of contents

ਕ੍ਰੇਜ਼ੀ ਹੋਰਸ—ਇਕ ਪਹਾੜ ਕੱਟ ਕੇ ਯਾਦਗਾਰ ਬਣਾਉਣੀ

ਕ੍ਰੇਜ਼ੀ ਹੋਰਸ—ਇਕ ਪਹਾੜ ਕੱਟ ਕੇ ਯਾਦਗਾਰ ਬਣਾਉਣੀ

ਕ੍ਰੇਜ਼ੀ ਹੋਰਸ​—ਇਕ ਪਹਾੜ ਕੱਟ ਕੇ ਯਾਦਗਾਰ ਬਣਾਉਣੀ

ਕੋਰਚਾਕ ਜ਼ੋਲਕੋਵਸਕੀ ਇਕ ਪੋਲਿਸ਼-ਅਮਰੀਕਨ ਮੂਰਤੀਕਾਰ ਸੀ ਜਿਸ ਨੇ ਮੂਰਤੀਕਲਾ ਆਪ ਸਿੱਖੀ ਸੀ। ਉਸ ਨੇ ਪਹਾੜ ਨੂੰ ਕੱਟ ਕੇ ਇਕ ਮਸ਼ਹੂਰ ਅਮਰੀਕੀ ਇੰਡੀਅਨ ਸੂਰਬੀਰ ਦੀ ਮੂਰਤੀ ਬਣਾਉਣ ਦਾ ਫ਼ੈਸਲਾ ਕੀਤਾ। ਪਰ ਉਸ ਨੇ ਕਾਹਲੀ ਕਰਨ ਦੀ ਬਜਾਇ ਫ਼ੈਸਲਾ ਕਰਨ ਵਿਚ ਸੱਤ ਸਾਲ ਲਾ ਦਿੱਤੇ।

ਸਾਲ 1939 ਵਿਚ ਕੋਰਚਾਕ ਨੂੰ ਦੱਖਣੀ ਡਕੋਟਾ (ਪਾਈਨ ਰਿੱਜ ਇੰਡੀਅਨ ਰੈਸਰਵੇਸ਼ਨ) ਤੋਂ ਹੈਨਰੀ ਸਟੈਂਡਿੰਗ ਬੇਰ ਨਾਂ ਦੇ ਇਕ ਸਿਆਣੇ ਲਕੋਟਾ ਇੰਡੀਅਨ ਚੀਫ ਤੋਂ ਚਿੱਠੀ ਮਿਲੀ। ਉਸ ਚੀਫ ਨੇ ਕੋਰਚਾਕ ਨੂੰ ਦੱਖਣੀ ਡਕੋਟਾ ਦੀਆਂ ਬਲੈਕ ਪਹਾੜੀਆਂ ਵਿਚ ਇਕ ਮਸ਼ਹੂਰ ਇੰਡੀਅਨ ਚੀਫ ਦੀ ਯਾਦਗਾਰ ਬਣਾਉਣ ਬਾਰੇ ਪੁੱਛਿਆ। ਲਕੋਟਾ ਦੇ ਇੰਡੀਅਨ ਲੋਕ ਬਲੈਕ ਪਹਾੜੀਆਂ ਨੂੰ ਆਪਣੀ ਪਵਿੱਤਰ ਜਗ੍ਹਾ ਸਮਝਦੇ ਹਨ। ਉਹ ਲੋਕ ਉਦੋਂ ਬੜੇ ਨਾਰਾਜ਼ ਹੋਏ ਜਦੋਂ ਉਨ੍ਹਾਂ ਦੀ ਪਵਿੱਤਰ ਜਗ੍ਹਾ ਦੇ ਗੱਭੇ ਜਾ ਕੇ ਗਟਸਨ ਬੋਰਗਲੱਮ ਨਾਂ ਦੇ ਮੂਰਤੀਕਾਰ ਨੇ ਰਸ਼ਮੋਰ ਪਹਾੜ ਤੇ ਅਮਰੀਕਾ ਦੇ ਚਾਰ ਪ੍ਰਧਾਨਾਂ ਦੀ ਇਕ ਵੱਡੀ ਸਾਰੀ ਮੂਰਤੀ ਬਣਾਈ। ਚੀਫ ਸਟੈਂਡਿੰਗ ਬੇਰ ਨੇ ਕੋਰਚਾਕ ਨੂੰ ਚਿੱਠੀ ਵਿਚ ਲਿਖਿਆ ਕਿ “ਮੈਂ ਅਤੇ ਮੇਰੇ ਨਾਲ ਦੇ ਚੀਫ ਗੋਰੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਇੰਡੀਅਨਾਂ ਦੇ ਵੀ ਹੀਰੋ ਹਨ।”

ਕ੍ਰੇਜ਼ੀ ਹੋਰਸ ਕੌਣ ਸੀ?

ਕ੍ਰੇਜ਼ੀ ਹੋਰਸ ਨੂੰ ਕਿਉਂ ਚੁਣਿਆ ਗਿਆ ਅਤੇ ਉਸ ਦੀ ਮੂਰਤੀ ਕਿਉਂ ਬਣਾਈ ਜਾਣੀ ਸੀ? * ਰੋਬ ਡੀਵਾਲ ਦੱਸਦਾ ਹੈ ਕਿ “ਇੰਡੀਅਨ ਲੋਕਾਂ ਨੇ ਕ੍ਰੇਜ਼ੀ ਹੋਰਸ ਨੂੰ ਇਸ ਲਈ ਚੁਣਿਆ ਸੀ ਕਿਉਂਕਿ ਉਹ ਪੱਕਾ ਇੰਡੀਅਨ ਸੀ। ਉਹ ਇਕ ਨਿਡਰ ਸੂਰਬੀਰ ਸੀ ਅਤੇ ਮਿਲਟਰੀ ਦੀ ਅਗਵਾਈ ਕਰਨ ਦੇ ਉਸ ਦੇ ਢੰਗ ਬਹੁਤ ਅਲੱਗ ਸਨ। ਇਹ ਵੀ ਸਮਝਿਆ ਜਾਂਦਾ ਹੈ ਕਿ ਉਹ ਅਜਿਹਾ ਪਹਿਲਾ ਇੰਡੀਅਨ ਸੀ ਜਿਸ ਨੇ ਵੈਰੀਆਂ ਨੂੰ ਭੁਲੇਖੇ ਵਿਚ ਪਾ ਕੇ ਉਨ੍ਹਾਂ ਤੇ ਪਿੱਛਿਓਂ ਜਾਂ ਇਕ ਪਾਸਿਓਂ ਦੀ ਹਮਲਾ ਕੀਤਾ। ਉਸ ਨੇ ਨਾ ਕਦੀ ਸੰਧੀ ਕੀਤੀ ਅਤੇ ਨਾ ਹੀ ਉਹ ਰੈਸਰਵੇਸ਼ਨ ਵਿਚ ਰਿਹਾ ਯਾਨੀ ਉਹ ਜਗ੍ਹਾ ਜੋ ਸਰਕਾਰ ਨੇ ਇੰਡੀਅਨਾਂ ਲਈ ਰੱਖੀ ਸੀ।

ਕੋਰਚਾਕ ਨੂੰ ਉਸ ਮੂਰਤੀ ਦਾ ਵਿਚਾਰ ਕਿੱਥੋਂ ਫੁਰਿਆ? ਉਸ ਨੇ ਕ੍ਰੇਜ਼ੀ ਹੋਰਸ ਅਤੇ ਕਿਸੇ ਗੋਰੇ ਵਪਾਰੀ ਬਾਰੇ ਇਕ ਕਹਾਣੀ ਸੁਣੀ ਸੀ। ਵਪਾਰੀ ਉਸ ਦਾ ਮਖੌਲ ਉਡਾ ਰਿਹਾ ਸੀ ਕਿਉਂਕਿ ਉਹ ਰੈਸਰਵੇਸ਼ਨ ਵਿਚ ਨਹੀਂ ਵਸਣ ਗਿਆ ਜਦ ਕਿ ਜ਼ਿਆਦਾਤਰ ਲਕੋਟਾ ਇੰਡੀਅਨ ਪਹਿਲਾਂ ਹੀ ਉੱਥੇ ਜਾ ਚੁੱਕੇ ਸਨ। ਵਪਾਰੀ ਨੇ ਉਸ ਨੂੰ ਪੁੱਛਿਆ ਕਿ “ਹੁਣ ਤੇਰੀ ਜ਼ਮੀਨ ਕਿੱਥੇ ਹੈ?” ਘੋੜਸਵਾਰ ਕ੍ਰੇਜ਼ੀ ਹੋਰਸ ਨੇ “ਆਪਣੇ ਘੋੜੇ ਦੇ ਸਿਰ ਦੇ ਉੱਪਰ ਦੀ ਦਿਸਹੱਦੇ ਵੱਲ ਇਸ਼ਾਰਾ ਕਰ ਕੇ ਬੜੇ ਮਾਣ ਨਾਲ ਕਿਹਾ ‘ਦੇਖ ਮੇਰੀ ਜ਼ਮੀਨ ਜਿੱਥੇ ਮੇਰੇ ਪਿਉ-ਦਾਦੇ ਦੱਬੇ ਹੋਏ ਹਨ।’”

ਯਾਦਗਾਰ ਬਣਾਉਣ ਲਈ ਪਹਾੜ ਚੁਣਨਾ

ਕੋਰਚਾਕ ਲਈ ਪਹਿਲਾ ਕੰਮ ਸੀ ਇਕ ਪਹਾੜ ਚੁਣਨਾ ਜਿਸ ਵਿੱਚੋਂ ਦੁਨੀਆਂ ਦੀ ਸਭ ਤੋਂ ਵੱਡੀ ਮੂਰਤੀ ਬਣਾਈ ਜਾ ਸਕੇ। ਇਹ ਮੂਰਤੀ ਰਸ਼ਮੋਰ ਪਹਾੜ ਦੀ ਮੂਰਤੀ ਨਾਲੋਂ ਵੀ ਵੱਡੀ ਹੋਵੇਗੀ। ਸਾਲ 1947 ਵਿਚ ਕੋਰਚਾਕ ਅਤੇ ਚੀਫ ਸਟੈਂਡਿੰਗ ਬੇਰ ਨੇ ਫ਼ੈਸਲਾ ਕੀਤਾ ਕਿ ਕਿਹੜਾ ਪਹਾੜ ਸਭ ਤੋਂ ਵਧੀਆ ਹੋਵੇਗਾ। ਉਹ 600 ਫੁੱਟ ਦੀ ਟੀਸੀ ਵਾਲਾ ਪਹਾੜ ਸੀ ਜੋ ਸਮੁੰਦਰ ਦੇ ਤਲ ਤੋਂ 6,740 ਫੁੱਟ ਉੱਚਾ ਹੈ। ਕੋਰਚਾਕ ਨੇ ਉਸ ਦਾ ਨਾਂ ਗਰਜਵਾਂ ਬੱਦਲ ਪਹਾੜ ਰੱਖਿਆ ਸੀ ਕਿਉਂਕਿ ਉਸ ਉੱਤੇ ਕਦੀ-ਕਦੀ ਅਜੀਬ ਸ਼ਕਲ ਦੇ ਬੱਦਲ ਛਾਂ ਜਾਂਦੇ ਸਨ। ਇਸ ਪਹਾੜ ਨੂੰ ਕੱਟ ਕੇ ਇਕ ਵੱਡੀ ਸਾਰੀ ਯਾਦਗਾਰ ਬਣਾਉਣ ਦੀ ਇਜਾਜ਼ਤ ਕਿਸ ਤਰ੍ਹਾਂ ਮਿਲਣੀ ਸੀ?

ਡੀਵਾਲ ਨੇ ਕੋਰਚਾਕ​—ਪੱਥਰਾਂ ਵਿਚ ਕਹਾਣੀਆਂ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਵਿਚ ਲਿਖਿਆ ਕਿ “ਕੋਈ ਵੀ ਬਲੈਕ ਪਹਾੜੀਆਂ ਵਿਚ ਖਾਣ ਖੋਦਣ ਦੀ ਕਾਨੂੰਨੀ ਇਜਾਜ਼ਤ ਮੰਗ ਸਕਦਾ ਸੀ ਅਤੇ ਇਸ ਤਰ੍ਹਾਂ ਜ਼ਮੀਨ ਉਸ ਦੀ ਬਣ ਜਾਂਦੀ ਸੀ। ਸਿਰਫ਼ ਇਕ ਸ਼ਰਤ ਸੀ ਕਿ ਉਨ੍ਹਾਂ ਨੂੰ ਹਰ ਸਾਲ ਜ਼ਮੀਨ ਦਾ ਸਰਵੇਖਣ ਕਰਾਉਣ ਲਈ 100 ਡਾਲਰ ਖ਼ਰਚਣੇ ਪੈਣੇ ਸਨ। ਇਹ ਗੱਲ ਕੋਰਚਾਕ ਨੂੰ ਅਜੀਬ ਲੱਗੀ ਕਿ ਸਰਕਾਰ ਨੂੰ ਕੋਈ ਪਰਵਾਹ ਨਹੀਂ ਸੀ ਕਿ ਪਹਾੜ ਨੂੰ ਕਿਸੇ ਘੋੜਸਵਾਰ ਇੰਡੀਅਨ ਦੇ ਰੂਪ ਵਿਚ ਬਦਲਿਆ ਜਾ ਰਿਹਾ ਸੀ। ਉਹ ਸਿਰਫ਼ ਇਹੀ ਚਾਹੁੰਦੀ ਸੀ ਕਿ ਹਰ ਸਾਲ ਉਸ ਉੱਤੇ ਉੱਨਾ ਹੀ ਕੰਮ ਕੀਤਾ ਜਾਵੇ ਜਿੰਨਾ ਕਿਹਾ ਗਿਆ ਸੀ।”

ਕੰਮ ਕਿੰਨਾ ਵੱਡਾ ਸੀ?

ਕੋਰਚਾਕ ਲਈ ਇਹ ਬਹੁਤ ਵੱਡਾ ਕੰਮ ਸੀ ਅਤੇ ਸ਼ੁਰੂ ਵਿਚ ਉਹ ਇਕੱਲਾ ਹੀ ਸੀ। ਇਸ ਦੇ ਨਾਲ-ਨਾਲ ਉਸ ਕੋਲ ਇੰਨੇ ਪੈਸਾ ਵੀ ਨਹੀਂ ਸਨ। ਤਿੰਨ ਜੂਨ 1948 ਨੂੰ ਡਾਇਨਾਮਾਈਟ ਨਾਲ ਪਹਾੜ ਤੋਂ ਦਸ ਟਨ ਪੱਥਰ ਉਡਾਇਆ ਗਿਆ ਸੀ। ਉਸ ਸਮੇਂ ਸੈਂਕੜੇ ਇੰਡੀਅਨ ਇਕੱਠੇ ਹੋਏ ਅਤੇ ਉਨ੍ਹਾਂ ਵਿਚ ਲਿਟਲ ਬਿਗਹੋਰਨ ਦੀ ਜੰਗ (25 ਜੂਨ 1876) ਵਿੱਚੋਂ ਬਚਣ ਵਾਲੇ 5 ਜਣੇ ਸ਼ਾਮਲ ਸਨ। ਉਸ ਸਾਲ ਤੋਂ ਲੈ ਕੇ 1994 ਤਕ ਉਸ ਪਹਾੜ ਤੋਂ ਤਕਰੀਬਨ 84 ਲੱਖ ਟਨ ਪੱਥਰ ਉਡਾਇਆ ਗਿਆ ਹੈ। *

ਕੋਰਚਾਕ ਬੜਾ ਜੋਸ਼ੀਲਾ ਅਤੇ ਦ੍ਰਿੜ੍ਹ ਇਰਾਦੇ ਵਾਲਾ ਆਦਮੀ ਸੀ। ਉਸ ਨੇ ਦਰਖ਼ਤ ਵੱਢ ਕੇ ਪਹਾੜ ਦੀ ਟੀਸੀ ਤਕ ਲੱਕੜ ਦੀ ਪੌੜੀ ਬਣਾਈ। ਇਸ ਦੇ 741 ਪੌਡੇ ਉੱਥੇ ਤਕ ਪਹੁੰਚੇ ਜਿੱਥੋਂ ਉਸ ਨੇ ਪੱਥਰ ਉਡਾ ਕੇ ਘੋੜੇ ਦਾ ਸਿਰ ਘੜਨਾ ਸੀ। ਉਸ ਨੇ ਡਰਿੱਲ ਚਲਾਉਣ ਲਈ ਪਟਰੋਲ ਦਾ ਇਕ ਪੁਰਾਣਾ ਕੰਪ੍ਰੈੱਸਰ ਇਸਤੇਮਾਲ ਕੀਤਾ। ਕੋਰਚਾਕ ਨੇ ਇਸ ਕੰਮ ਲਈ ਟੀਸੀ ਤਕ 3 ਇੰਚ ਚੌੜੀ ਪਾਈਪ ਦੀ 2,040 ਫੁੱਟ ਲੰਬੀ ਲਾਈਨ ਲਗਾਈ। ਜਦ ਕਦੀ-ਕਦੀ ਕੰਪ੍ਰੈੱਸਰ ਚੱਲਣੋਂ ਹਟ ਜਾਂਦਾ ਸੀ ਤਾਂ ਕੋਰਚਾਕ ਨੂੰ ਮਸ਼ੀਨ ਦੁਬਾਰਾ ਚਲਾਉਣ ਲਈ 741 ਪੌਡਿਆਂ ਤੋਂ ਉਤਰਨਾ ਪੈਂਦਾ ਸੀ। ਉਸ ਕੋਲ ਇੰਨੇ ਪੈਸੇ ਵੀ ਨਹੀਂ ਸੀ ਕਿ ਉਹ ਕਿਸੇ ਕੋਲੋਂ ਇਹ ਕੰਮ ਕਰਾ ਸਕੇ। ਇਕ ਦਿਨ ਉਸ ਨੂੰ ਨੌਂ ਵਾਰੀ ਪੌੜੀ ਚੜ੍ਹਨੀ ਪਈ! ਉਹ ਕਿੰਨਾ ਤਕੜਾ ਅਤੇ ਦ੍ਰਿੜ੍ਹ ਇਰਾਦੇ ਵਾਲਾ ਆਦਮੀ ਸੀ।

ਸਾਲ 1951 ਵਿਚ ਕੋਰਚਾਕ ਨੇ 174 ਗੈਲਨ ਚਿੱਟਾ ਪੇਂਟ ਲੈ ਕੇ ਪਹਾੜ ਦੇ ਇਕ ਪਾਸੇ ਮੂਰਤੀ ਦੀ ਰੇਖਾ ਖਿੱਚੀ। ਇਸ ਤਰ੍ਹਾਂ ਸੈਲਾਨੀ ਦੇਖ ਸਕਦੇ ਸਨ ਕਿ ਅਖ਼ੀਰ ਵਿਚ ਮੂਰਤੀ ਕਿਸ ਤਰ੍ਹਾਂ ਲੱਗੇਗੀ।

ਅਚਾਨਕ ਮੁਸੀਬਤ

ਸਾਲ 1968 ਅਤੇ 1970 ਵਿਚ ਕੋਰਚਾਕ ਨੂੰ ਦਿਲ ਦਾ ਦੌਰਾ ਪਿਆ। ਇਸ ਤੋਂ ਬਾਅਦ ਉਸ ਨੇ ਘੋੜੇ ਦਾ ਸਿਰ ਘੜਨ ਲਈ ਪਹਾੜ ਵਿੱਚੋਂ ਪੱਥਰ ਉਡਾਉਣ ਉੱਤੇ ਆਪਣਾ ਪੂਰਾ ਧਿਆਨ ਲਾਇਆ। ਸਾਲ 1982 ਦੀਆਂ ਗਰਮੀਆਂ ਵਿਚ ਕੋਰਚਾਕ ਦੇ ਦਿਲ ਦਾ ਠੀਕ-ਠਾਕ ਬਾਈਪਾਸ ਓਪਰੇਸ਼ਨ ਕੀਤਾ ਗਿਆ। ਪਰ ਫਿਰ ਅਚਾਨਕ ਹੀ ਉਸੇ ਸਾਲ 74 ਸਾਲ ਦੀ ਉਮਰ ਤੇ ਕੋਰਚਾਕ ਦੀ ਮੌਤ ਹੋ ਗਈ। ਕੀ ਹੁਣ ਕ੍ਰੇਜ਼ੀ ਹੋਰਸ ਦਾ ਪ੍ਰਾਜੈਕਟ ਅਧੂਰਾ ਹੀ ਰਹਿ ਜਾਵੇਗਾ?

ਕੋਰਚਾਕ ਨੂੰ ਪਤਾ ਸੀ ਕਿ ਇਹ ਕੰਮ ਉਹ ਆਪ ਕਦੀ ਨਹੀਂ ਖ਼ਤਮ ਕਰ ਸਕੇਗਾ ਅਤੇ ਇਸ ਨੂੰ ਪੂਰਾ ਕਰਨ ਲਈ ਕਾਫ਼ੀ ਸਮਾਂ ਲੱਗੇਗਾ। ਇਸ ਲਈ ਉਸ ਨੇ ਲੰਬੇ-ਚੌੜੇ ਪਲੈਨ ਤਿਆਰ ਕੀਤੇ। ਕੋਰਚਾਕ ਦੀ ਪਤਨੀ ਰੂਥ ਅਤੇ ਉਨ੍ਹਾਂ ਦੇ ਦਸ ਬੱਚੇ ਉਸ ਯਾਦਗਾਰ ਪੂਰੀ ਕਰਨ ਵਿਚ ਉਸ ਜਿੰਨੇ ਹੀ ਜੋਸ਼ੀਲੇ ਹਨ। ਇਸ ਕੰਮ ਦੇ ਸ਼ੁਰੂ ਤੋਂ ਹੀ ਰੂਥ ਨੇ ਕੋਰਚਾਕ ਦਾ ਸਾਥ ਦਿੱਤਾ ਅਤੇ ਉਸ ਨੇ ਇਸ ਕੰਮ ਦੇ ਹਿਸਾਬ-ਕਿਤਾਬ ਅਤੇ ਹੋਰ ਪਹਿਲੂਆਂ ਵਿਚ ਵੀ ਉਸ ਦੀ ਮਦਦ ਕੀਤੀ।

ਕੋਰਚਾਕ ਦਾ ਪਹਿਲਾ ਟੀਚਾ ਸੀ ਘੋੜੇ ਦਾ ਸਿਰ ਬਣਾਉਣਾ। ਪਰ ਉਸ ਦੀ ਮੌਤ ਹੋਣ ਕਰਕੇ ਪਲੈਨ ਬਦਲ ਗਿਆ। ਸਾਲ 1987 ਵਿਚ ਉਸ ਦੀ ਪਤਨੀ ਅਤੇ ਉਸ ਸੰਸਥਾ ਦੇ ਡਾਇਰੈਕਟਰ ਜਿਸ ਨੇ ਕੰਮ ਜਾਰੀ ਰੱਖਣਾ ਸੀ, ਨੇ ਫ਼ੈਸਲਾ ਕੀਤਾ ਕਿ ਕ੍ਰੇਜ਼ੀ ਹੋਰਸ ਦਾ ਚਿਹਰਾ ਪਹਿਲਾਂ ਬਣਾਇਆ ਜਾਵੇਗਾ। ਕਿਉਂ? ਕਿਉਂਕਿ ਕ੍ਰੇਜ਼ੀ ਹੋਰਸ ਦਾ ਚਿਹਰਾ ਘੋੜੇ ਦੇ ਸਿਰ ਨਾਲੋਂ ਛੋਟਾ ਸੀ ਜਿਸ ਕਰਕੇ ਇਹ ਛੇਤੀ ਬਣਾਇਆ ਜਾ ਸਕਦਾ ਸੀ ਅਤੇ ਖ਼ਰਚਾ ਵੀ ਘੱਟ ਹੋਵੇਗਾ। ਇਸ ਤਰ੍ਹਾਂ ਕਰਨ ਨਾਲ ਕ੍ਰੇਜ਼ੀ ਹੋਰਸ ਦਾ ਚਿਹਰਾ ਦੇਖ ਕੇ ਲੋਕ ਸ਼ਾਇਦ ਪ੍ਰਾਜੈਕਟ ਵਿਚ ਜ਼ਿਆਦਾ ਦਿਲਚਸਪੀ ਲੈ ਕੇ ਮਦਦ ਵੀ ਕਰਨ।

ਕਿੱਡੀ ਵੱਡੀ ਮੂਰਤੀ!

ਕ੍ਰੇਜ਼ੀ ਹੋਰਸ ਦਾ ਸਿਰ 87 ਫੁੱਟ 6 ਇੰਚ ਉੱਚਾ ਅਤੇ 58 ਫੁੱਟ ਚੌੜਾ ਹੈ। ਇਹ ਦਾਅਵਾ ਕੀਤਾ ਗਿਆ ਹੈ ਕਿ “ਰਸ਼ਮੋਰ ਪਹਾੜ ਦੇ ਚਾਰੋਂ ਹੀ ਚਿਹਰੇ, ਜੋ 60-60 ਫੁੱਟ ਉੱਚੇ ਹਨ, ਉਹ ਕੁਲ ਮਿਲਾ ਕ੍ਰੇਜ਼ੀ ਹੋਰਸ ਦੇ ਚਿਹਰੇ ਨਾਲੋਂ ਕਿਤੇ ਛੋਟੇ ਹਨ!” ਦੂਸਰਿਆਂ ਦੇ ਅਨੁਸਾਰ ਇਹ ਮੂਰਤੀ ਜਿਸ ਵਿਚ ਕ੍ਰੇਜ਼ੀ ਹੋਰਸ ਆਪਣੇ ਘੋੜੇ ਤੇ ਬੈਠ ਕੇ ਹੱਥ ਚੁੱਕ ਰਿਹਾ ਹੈ, ਦੁਨੀਆਂ ਦੀ ਸਭ ਤੋਂ ਵੱਡੀ ਮੂਰਤੀ ਹੋਵੇਗੀ​—563 ਫੁੱਟ ਉੱਚੀ ਅਤੇ 641 ਫੁੱਟ ਲੰਬੀ। ਕ੍ਰੇਜ਼ੀ ਹੋਰਸ ਦੀ ਬਾਂਹ 227 ਫੁੱਟ ਲੰਬੀ ਹੋਵੇਗੀ ਅਤੇ ਉਸ ਦੀ ਉਂਗਲੀ 37.5 ਫੁੱਟ ਲੰਬੀ ਅਤੇ 10 ਫੁੱਟ ਮੋਟੀ ਹੋਵੇਗੀ।

ਕੋਰਚਾਕ ਨੇ ਇਸ ਮੂਰਤੀ ਨੂੰ ਬਣਾਉਣ ਵਾਸਤੇ ਅਮਰੀਕਾ ਦੀ ਸਰਕਾਰ ਤੋਂ ਪੈਸੇ ਕਬੂਲ ਨਹੀਂ ਕੀਤੇ। ਉਸ ਨੂੰ ਦੋ ਵਾਰ ਸਰਕਾਰ ਵੱਲੋਂ 10 ਲੱਖ ਡਾਲਰ ਹਾਸਲ ਕਰਨ ਦਾ ਮੌਕਾ ਮਿਲਿਆ, ਲੇਕਿਨ ਉਸ ਨੇ ਇਨਕਾਰ ਕਰ ਦਿੱਤਾ। ਡੀਵਾਲ ਕਹਿੰਦਾ ਹੈ ਕਿ ਕੋਰਚਾਕ “ਸਰਕਾਰ ਵੱਲੋਂ ਕਿਸੇ ਵੀ ਦਖ਼ਲ ਤੋਂ ਬਗੈਰ ਕੰਮ ਕਰਨ ਦੀ ਆਪਣੀ ਪਾਲਸੀ ਤੇ ਪੱਕਾ ਰਿਹਾ। ਆਪਣੀ ਜ਼ਿੰਦਗੀ ਦੌਰਾਨ ਉਸ ਨੇ ਆਪ ਹੀ ਕ੍ਰੇਜ਼ੀ ਹੋਰਸ ਪ੍ਰਾਜੈਕਟ ਲਈ 5 ਲੱਖ ਤੋਂ ਜ਼ਿਆਦਾ ਡਾਲਰ ਇਕੱਠੇ ਕੀਤੇ ਅਤੇ ਖ਼ਰਚੇ।” ਇਸ ਕੰਮ ਲਈ ਨਾ ਉਸ ਨੂੰ ਤਨਖ਼ਾਹ ਮਿਲੀ ਅਤੇ ਨਾ ਹੀ ਉਸ ਨੇ ਆਪਣੇ ਖ਼ਰਚਿਆਂ ਦਾ ਹਿਸਾਬ ਰੱਖਿਆ।

ਅੱਜ ਪਹਾੜ ਉੱਪਰ ਜਾਣ ਲਈ ਫੀਸ ਲਈ ਜਾਂਦੀ ਹੈ—ਕਾਰਾਂ ਲਈ, ਇਕ-ਇਕ ਜਣੇ ਲਈ ਅਤੇ ਮੋਟਰ-ਸਾਈਕਲਾਂ ਲਈ ਜੁਦੀ-ਜੁਦੀ ਫੀਸ ਹੈ। ਹਰ ਸਾਲ ਕ੍ਰੇਜ਼ੀ ਹੋਰਸ ਨੂੰ ਦੇਖਣ ਵਾਸਤੇ 10 ਲੱਖ ਨਾਲੋਂ ਜ਼ਿਆਦਾ ਲੋਕ ਆਉਂਦੇ ਹਨ। ਕ੍ਰੇਜ਼ੀ ਹੋਰਸ ਪ੍ਰਾਜੈਕਟ ਨੂੰ ਜਾਰੀ ਰੱਖਣ ਲਈ ਲੋਕਾਂ ਨੇ ਕਾਫ਼ੀ ਮਦਦ ਕੀਤੀ ਹੈ, ਖ਼ਾਸ ਕਰਕੇ ਪੈਸਾ ਅਤੇ ਮਸ਼ੀਨਰੀ ਵਗੈਰਾ ਦੇ ਮਾਮਲੇ ਵਿਚ।

ਇੰਡੀਅਨ ਮਿਊਜ਼ੀਅਮ

ਕ੍ਰੇਜ਼ੀ ਹੋਰਸ ਦੀ ਯਾਦਗਾਰ ਨੇੜੇ ਉੱਤਰੀ ਅਮਰੀਕਾ ਦਾ ਸ਼ਾਨਦਾਰ ਇੰਡੀਅਨ ਮਿਊਜ਼ੀਅਮ ਹੈ ਜੋ ਲੱਕੜੀ ਦਾ ਬਣਿਆ ਹੈ। ਮਿਊਜ਼ੀਅਮ ਵਿਚ ਉੱਤਰੀ ਅਮਰੀਕਾ ਦੇ 500 ਤੋਂ ਜ਼ਿਆਦਾ ਕਬੀਲਿਆਂ ਦੁਆਰਾ ਬਣਾਈਆਂ ਹਜ਼ਾਰਾਂ ਹੀ ਚੀਜ਼ਾਂ ਹਨ। ਇਸ ਦੇ ਨਾਲ-ਨਾਲ ਅਮਰੀਕਨ ਇੰਡੀਅਨਾਂ ਬਾਰੇ ਬਹੁਤ ਵੱਡੀ ਲਾਇਬ੍ਰੇਰੀ ਹੈ ਜਿੱਥੋਂ ਵਿਦਿਆਰਥੀਆਂ ਅਤੇ ਵਿਦਵਾਨਾਂ ਨੂੰ ਜਾਣਕਾਰੀ ਮਿਲ ਸਕਦੀ ਹੈ।

ਅਮਰੀਕਨ ਇੰਡੀਅਨ, ਜਿਵੇਂ ਕਿ ਪ੍ਰਿਸਿਲਾ ਐਨਜਨ ਅਤੇ ਫ੍ਰੀਡਾ ਗੁੱਡਸਲ (ਓਗਲਾਲਾ ਲਕੋਟਾ ਕਬੀਲੇ ਤੋਂ) ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਅਤੇ ਨੁਮਾਇਸ਼ਾਂ ਅਤੇ ਬਣਾਈਆਂ ਗਈਆਂ ਚੀਜ਼ਾਂ ਬਾਰੇ ਸਮਝਾਉਣ ਲਈ ਹਾਜ਼ਰ ਹਨ। ਡੋਨੋਵਨ ਸਪ੍ਰੇਗ, ਜੋ ਯੂਨੀਵਰਸਿਟੀ ਦਾ ਇਕ ਅਧਿਆਪਕ ਹੈ ਅਤੇ ਮਿਨਾਕਾਂਜੂ (ਲਕੋਟਾ) ਕਬੀਲਾ ਦਾ ਮੈਂਬਰ ਹੈ, ਸੈਲਾਨੀਆਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਵੀ ਹਾਜ਼ਰ ਹੋ ਸਕਦਾ ਹੈ। ਉਹ ਚੀਫ ਹੰਪ ਦੇ ਪੜਪੋਤੇ ਦਾ ਪੋਤਾ ਹੈ ਜਿਸ ਨੇ ਸਾਲ 1876 ਵਿਚ ਲਿਟਲ ਬਿਗਹੋਰਨ ਨਦੀ ਕੋਲ ਜੰਗ ਵਿਚ ਹਿੱਸਾ ਲਿਆ ਸੀ।

ਕ੍ਰੇਜ਼ੀ ਹੋਰਸ ਨਾਲ ਅੱਗੇ ਕੀ ਹੋਵੇਗਾ?

ਹੁਣ ਇਕ ਨਵੇਂ ਮਿਊਜ਼ੀਅਮ ਦੀ ਯੋਜਨਾ ਬਣਾਈ ਜਾ ਰਹੀ ਹੈ। ਕੋਰਚਾਕ ਦਾ ਸੁਪਨਾ ਸੀ ਕਿ ਮਿਊਜ਼ੀਅਮ ਮੂਰਤੀ ਦੇ ਪੈਰੀਂ ਹੋਵੇ ਅਤੇ ਕਿ ਇਹ ਨਵਾਜੋ ਇੰਡੀਅਨਾਂ ਦੇ ਮਕਾਨਾਂ ਵਰਗਾ ਮਿੱਟੀ ਤੇ ਲੱਕੜ ਦਾ ਬਣਿਆ ਹੋਵੇ। ਕਈ ਮੰਜ਼ਲਾਂ ਵਾਲਾ ਇਹ ਮਕਾਨ ਗੋਲ ਆਕਾਰ ਦਾ ਹੋਵੇਗਾ ਜੋ ਕਿ 350 ਫੁੱਟ ਚੌੜਾ ਹੋਵੇਗਾ। ਉੱਤਰੀ ਅਮਰੀਕਨ ਇੰਡੀਅਨਾਂ ਲਈ ਇਕ ਯੂਨੀਵਰਸਿਟੀ ਅਤੇ ਡਾਕਟਰੀ ਟ੍ਰੇਨਿੰਗ ਸੈਂਟਰ ਦੀ ਯੋਜਨਾ ਬਣਾਈ ਜਾ ਰਹੀ ਹੈ। ਪਰ ਇਹ ਸੁਪਨੇ ਅਸਲੀਅਤ ਬਣਨ ਤੋਂ ਪਹਿਲਾਂ ਕ੍ਰੇਜ਼ੀ ਹੋਰਸ ਦੀ ਮੂਰਤੀ ਖ਼ਤਮ ਕਰਨੀ ਹੋਵੇਗੀ। ਇਹ ਕੰਮ ਪੂਰਾ ਕਰਨ ਵਿਚ ਕਿੰਨਾ ਚਿਰ ਲੱਗੇਗਾ? ਕੋਰਚਾਕ ਦੀ ਪਤਨੀ, ਰੂਥ, ਕਹਿੰਦੀ ਹੈ ਕਿ “ਅਸੀਂ ਕੋਈ ਤਾਰੀਖ਼ ਨਹੀਂ ਬੰਨ੍ਹ ਸਕਦੇ ਕਿਉਂਕਿ ਸਾਨੂੰ ਕਈ ਰੁਕਾਵਟਾਂ ਦਾ ਸਾਮ੍ਹਣਾ ਕਰਨ ਪੈਂਦਾ ਹੈ, ਜਿਵੇਂ ਕਿ ਮੌਸਮ, ਸਿਆਲ, ਪੈਸਿਆਂ ਦੀ ਕਮੀ ਅਤੇ ਕਈ ਹੋਰ ਗੱਲਾਂ। ਪਰ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਆਪਣੇ ਕੰਮ ਵਿਚ ਅੱਗੇ ਵਧਦੇ ਜਾਈਏ ਤਾਂਕਿ ਅਸੀਂ ਆਪਣੀ ਮੰਜ਼ਲ ਤਕ ਪਹੁੰਚ ਸਕੀਏ।”

[ਫੁਟਨੋਟ]

^ ਪੈਰਾ 5 ਜਦੋਂ ਕ੍ਰੇਜ਼ੀ ਹੋਰਸ ਨੌਜਵਾਨ ਹੁੰਦਾ ਸੀ, (ਤਕਰੀਬਨ 1840-77) ਤਾਂ ਉਸ ਨੂੰ ਹੋਰ ਨਾਂ ਤੋਂ ਜਾਣਿਆ ਜਾਂਦਾ ਸੀ​—ਹਿਜ਼ ਹੋਰਸ ਸਟੈਂਡਜ਼ ਇੰਨ ਸਾਈਟ (ਉਸ ਦਾ ਘੋੜਾ ਸਾਮ੍ਹਣੇ ਖੜ੍ਹਾ ਹੈ)। ਉੱਤਰੀ ਇੰਡੀਅਨਾਂ ਬਾਰੇ ਇਕ ਐਨਸਾਈਕਲੋਪੀਡੀਆ ਕਹਿੰਦਾ ਹੈ ਕਿ “ਸ਼ਾਇਦ ਉਸ ਨੂੰ ਇਹ ਨਾਂ 20 ਸਾਲਾਂ ਦੀ ਉਮਰ ਤੋਂ ਪਹਿਲਾਂ ਦਿੱਤਾ ਗਿਆ ਸੀ। ਆਪਣੇ ਪਰਿਵਾਰ ਵਿਚ ਉਹ ਤੀਜਾ ਸੀ ਜਿਸ ਨੂੰ ਇਹ ਨਾਂ ਦਿੱਤਾ ਗਿਆ।” ਇਹ ਨਾਂ ਸਿਰਫ਼ ਉਸ ਦੇ ਦਾਦੇ, ਉਸ ਦੇ ਪਿਤਾ ਅਤੇ ਉਸ ਨੂੰ ਦਿੱਤਾ ਗਿਆ ਸੀ।

^ ਪੈਰਾ 11 ਉਸ ਮਸ਼ਹੂਰ ਜੰਗ ਦੌਰਾਨ ਕੁਝ 2,000 ਟੀਟੋਨ ਸੂ (ਲਕੋਟਾ ਕਬੀਲੇ ਦੇ ਆਦਮੀ) ਅਤੇ ਸ਼ਾਈਐਨ ਫ਼ੌਜਾਂ ਨੇ ਲੈਫਟੀਨੈਂਟ ਕਰਨਲ ਜੋਰਜ ਆਮਸਟ੍ਰਾਂਗ ਕਸਟਰ ਅਤੇ ਉਸ ਦੇ 215 ਘੋੜਸਵਾਰਾਂ ਨੂੰ ਖ਼ਤਮ ਕਰ ਦਿੱਤਾ ਸੀ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਮੇਜਰ ਮਾਰਕਸ ਰੇਨੋ ਅਤੇ ਕਪਤਾਨ ਫਰੈਡਰਿਕ ਬੈਨਟੀਨ ਦੇ ਦਲ ਵੀ ਭਜਾ ਦਿੱਤੇ। ਉਸ ਲੜਾਈ ਵਿਚ ਕ੍ਰੇਜ਼ੀ ਹੋਰਸ ਇਕ ਲੀਡਰ ਸੀ।

[ਸਫ਼ੇ 22, 23 ਉੱਤੇ ਤਸਵੀਰ]

ਕ੍ਰੇਜ਼ੀ ਹੋਰਸ ਦਾ ਛੋਟਾ ਨਮੂਨਾ ਅਤੇ ਪਹਾੜ ਤੇ ਘੋੜੇ ਦੇ ਸਿਰ ਦੀ ਰੇਖਾ

[ਕ੍ਰੈਡਿਟ ਲਾਈਨ]

Pages 2 and 23: Korczak, Sculptor © Crazy Horse Memorial Fnd.

[ਸਫ਼ਾ 23 ਉੱਤੇ ਤਸਵੀਰ]

ਕੋਰਚਾਕ ਅਤੇ ਚੀਫ ਹੈਨਰੀ ਸਟੈਂਡਿੰਗ ਬੇਰ ਤੇ ਉਨ੍ਹਾਂ ਦੇ ਪਿੱਛੇ ਸੰਗਮਰਮਰ ਦਾ ਨਮੂਨਾ ਅਤੇ ਪਹਾੜ (3 ਜੂਨ 1948)

[ਕ੍ਰੈਡਿਟ ਲਾਈਨ]

Photo: Crazy Horse Memorial archives

[ਸਫ਼ਾ 24 ਉੱਤੇ ਤਸਵੀਰ]

ਜ਼ੋਲਕੋਵਸਕੀ ਦਾ ਪਰਿਵਾਰ। ਕੋਰਚਾਕ ਦੀ ਪਤਨੀ ਸੱਜੇ ਪਾਸਿਓਂ ਚੌਥੀ

[ਕ੍ਰੈਡਿਟ ਲਾਈਨ]

Crazy Horse photo

[ਸਫ਼ਾ 25 ਉੱਤੇ ਤਸਵੀਰ]

ਇੰਡੀਅਨ ਮਿਊਜ਼ੀਅਮ ਦੇ ਅੰਦਰ

[ਸਫ਼ੇ 24, 25 ਉੱਤੇ ਤਸਵੀਰ]

ਸੈਲਾਨੀ ਕ੍ਰੇਜ਼ੀ ਹੋਰਸ ਦੇ ਚਿਹਰੇ ਨੂੰ ਦੇਖਣ ਹਰ ਸਾਲ ਜਾਂਦੇ ਹਨ

[ਕ੍ਰੈਡਿਟ ਲਾਈਨ]

Photos by Robb DeWall, courtesy Crazy Horse Memorial Foundation (nonprofit)

[ਸਫ਼ਾ 24 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Photo by Robb DeWall, courtesy Crazy Horse Memorial Foundation (nonprofit)