Skip to content

Skip to table of contents

ਤੀਹ ਸਾਲ ਬਾਅਦ ਦੁਬਾਰਾ ਮਿਲਣ ਦੀ ਦਿਲਚਸਪ ਕਹਾਣੀ

ਤੀਹ ਸਾਲ ਬਾਅਦ ਦੁਬਾਰਾ ਮਿਲਣ ਦੀ ਦਿਲਚਸਪ ਕਹਾਣੀ

ਤੀਹ ਸਾਲ ਬਾਅਦ ਦੁਬਾਰਾ ਮਿਲਣ ਦੀ ਦਿਲਚਸਪ ਕਹਾਣੀ

ਸੰਨ 1967 ਵਿਚ ਦੋ ਮੁੰਡੇ ਅਚਾਨਕ ਇਕ ਦੂਸਰੇ ਨੂੰ ਮਿਲੇ। ਉਨ੍ਹਾਂ ਨੂੰ ਅਮਰੀਕਾ ਵਿਚ ਮਿਸ਼ੀਗਨ ਟੈਕਨੀਕਲ ਯੂਨੀਵਰਸਿਟੀ ਵਿਚ ਇਕੱਠਿਆਂ ਨੂੰ ਇਕ ਕਮਰਾ ਦਿੱਤਾ ਗਿਆ ਸੀ। ਓਹੀਓ ਦੇ ਸ਼ਹਿਰ ਲੀਮਾ ਦਾ ਰਹਿਣ ਵਾਲਾ 18 ਸਾਲਾਂ ਦਾ ਡੈਨਿਸ ਸ਼ੀਟਸ ਜੰਗਲਾਂ ਬਾਰੇ ਸਿੱਖਿਆ ਹਾਸਲ ਕਰਨ ਲਈ ਕਾਲਜ ਵਿਚ ਨਵਾਂ-ਨਵਾਂ ਆਇਆ ਸੀ। ਵੀਹ ਸਾਲਾਂ ਦਾ ਮਾਰਕ ਰੂਜ ਬਫ਼ੈਲੋ, ਨਿਊ ਯਾਰਕ ਤੋਂ ਆਇਆ ਸੀ। ਉਹ ਉੱਥੇ ਤਿੰਨ ਸਾਲ ਤੋਂ ਸਿਵਲ ਇੰਜੀਨੀਅਰਿੰਗ ਕਰ ਰਿਹਾ ਸੀ।

ਉਸ ਵੇਲੇ ਉਨ੍ਹਾਂ ਦੀ ਦੋਸਤੀ ਕੁਝ ਸਮੇਂ ਲਈ ਹੋਈ। ਦੋਵੇਂ ਯੂਨੀਵਰਸਿਟੀ ਦੀ ਪੜ੍ਹਾਈ ਅਧੂਰੀ ਛੱਡ ਕੇ ਆਪੋ-ਆਪਣੇ ਰਾਹ ਪੈ ਗਏ। ਇਸ ਤਰ੍ਹਾਂ ਤੀਹ ਸਾਲ ਲੰਘ ਗਏ। ਫਿਰ ਇਕ ਦਿਨ ਡਮਿਨੀਕਨ ਗਣਰਾਜ ਵਿਚ ਇਹ ਦੋਵੇਂ ਫਿਰ ਇਕ ਦੂਜੇ ਨੂੰ ਆਮੋ-ਸਾਮ੍ਹਣੇ ਮਿਲੇ। ਇਨ੍ਹਾਂ ਦਾ ਮੇਲ ਅਚਾਨਕ ਹੋਇਆ ਸੀ, ਪਰ ਇਕ ਖ਼ਾਸ ਕਾਰਨ ਕਰਕੇ। ਇਹ ਕੀ ਸੀ? ਇਸ ਦਾ ਜਵਾਬ ਜਾਣਨ ਲਈ ਆਓ ਆਪਾਂ ਇਨ੍ਹਾਂ ਦੀਆਂ ਜ਼ਿੰਦਗੀਆਂ ਦੇ ਵੱਖੋ-ਵੱਖਰੇ ਰਾਹਾਂ ਉੱਤੇ ਇਕ ਨਜ਼ਰ ਮਾਰੀਏ।

ਡੈਨਿਸ ਫ਼ੌਜ ਵਿਚ ਭਰਤੀ ਹੋ ਗਿਆ

ਕਾਲਜ ਵਿਚ ਇਕ ਸਾਲ ਪੜ੍ਹਨ ਮਗਰੋਂ ਡੈਨਿਸ ਵਾਪਸ ਆਪਣੇ ਘਰ ਚਲਾ ਗਿਆ। ਫਿਰ ਦਸੰਬਰ 1967 ਵਿਚ ਉਸ ਨੂੰ ਅਮਰੀਕੀ ਫ਼ੌਜ ਵਿਚ ਭਰਤੀ ਕਰ ਲਿਆ ਗਿਆ ਤੇ ਜੂਨ 1968 ਵਿਚ ਵੀਅਤਨਾਮ ਘੱਲ ਦਿੱਤਾ ਗਿਆ। ਉੱਥੇ ਉਸ ਨੇ ਲੜਾਈ ਦੀ ਦਹਿਸ਼ਤ ਨੂੰ ਦੇਖਿਆ। ਜਦੋਂ 1969 ਵਿਚ ਫ਼ੌਜ ਵਿਚ ਉਸ ਦੀ ਡਿਊਟੀ ਖ਼ਤਮ ਹੋ ਗਈ, ਤਾਂ ਉਹ ਅਮਰੀਕਾ ਵਾਪਸ ਆ ਕੇ ਓਹੀਓ ਵਿਚ ਇਕ ਬਹੁਤ ਵੱਡੀ ਕੰਪਨੀ ਵਿਚ ਕੰਮ ਕਰਨ ਲੱਗ ਪਿਆ। ਪਰ ਉਹ ਖ਼ੁਸ਼ ਨਹੀਂ ਸੀ।

“ਛੋਟੇ ਹੁੰਦੇ ਤੋਂ ਮੇਰਾ ਇਹ ਸੁਪਨਾ ਸੀ ਕਿ ਮੈਂ ਅਲਾਸਕਾ ਜਾ ਕੇ ਰਹਾਂ ਤੇ ਉੱਥੇ ਖੇਤੀਬਾੜੀ ਕਰਾਂ,” ਡੈਨਿਸ ਦੱਸਦਾ ਹੈ। ਫਿਰ 1971 ਵਿਚ ਉਹ ਤੇ ਉਸ ਦਾ ਇਕ ਹਾਈ ਸਕੂਲ ਦਾ ਦੋਸਤ ਇਕੱਠੇ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਤੁਰ ਪਏ। ਪਰ ਖੇਤੀਬਾੜੀ ਕਰਨ ਦੀ ਬਜਾਇ ਉਸ ਨੇ ਕਈ ਛੋਟੇ-ਮੋਟੇ ਕੰਮ ਕੀਤੇ। ਕੁਝ ਸਮੇਂ ਲਈ ਉਸ ਨੇ ਇਕ ਟੈਂਟ ਵਿਚ ਰਹਿ ਕੇ ਅੱਗ ਕੰਟ੍ਰੋਲ ਮਹਿਕਮੇ ਵਿਚ ਵੀ ਕੰਮ ਕੀਤਾ। ਉਸ ਨੇ ਦਾੜ੍ਹੀ ਤੇ ਲੰਬੇ-ਲੰਬੇ ਬਾਲ ਰੱਖ ਲਏ ਤੇ ਭੰਗ ਦੇ ਸੂਟੇ ਲਾਉਣ ਲੱਗ ਪਿਆ।

ਸਾਲ 1972 ਵਿਚ ਡੈਨਿਸ ਐਂਕਰਿਜ ਛੱਡ ਕੇ ਲੂਜ਼ੀਆਨਾ ਦੇ ਸ਼ਹਿਰ ਨਿਊ ਓਰਲੀਨਜ਼ ਵਿਚ ਕੈਥੋਲਿਕਾਂ ਦਾ ਤਿਉਹਾਰ ਮਾਡਿਗ੍ਰਾ ਮਨਾਉਣ ਲਈ ਚਲਾ ਗਿਆ। ਉਸ ਤੋਂ ਬਾਅਦ ਉਸ ਨੇ ਅਰਕਾਂਸਾਸ ਦੇ ਜੰਗਲਾਂ ਵਿਚ ਇਕ ਛੋਟਾ ਜਿਹਾ ਕੈਬਿਨ ਬਣਾਇਆ। ਉੱਥੇ ਉਸ ਨੇ ਰਾਜ ਮਿਸਤਰੀ ਦਾ ਕੰਮ ਕੀਤਾ। ਜੂਨ 1973 ਵਿਚ ਡੈਨਿਸ ਜ਼ਿੰਦਗੀ ਦੇ ਮਕਸਦ ਦੀ ਭਾਲ ਵਿਚ ਪੂਰਾ ਦੇਸ਼ ਘੁੰਮਣ ਲਈ ਨਿਕਲ ਪਿਆ।

ਮਾਰਕ ਯੁੱਧ-ਵਿਰੋਧੀ ਅੰਦੋਲਨ ਦਾ ਮੈਂਬਰ ਬਣ ਗਿਆ

ਡੈਨਿਸ ਦੇ ਕਾਲਜ ਛੱਡਣ ਤੋਂ ਬਾਅਦ ਮਾਰਕ ਕੁਝ ਮਹੀਨਿਆਂ ਲਈ ਯੂਨੀਵਰਸਿਟੀ ਵਿਚ ਰਿਹਾ। ਪਰ ਬਾਅਦ ਵਿਚ ਉਸ ਨੇ ਫ਼ੈਸਲਾ ਕੀਤਾ ਕਿ ਉਹ ਇਸ ਦੁਨੀਆਂ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ ਸੀ ਜੋ ਲੜਾਈ ਨੂੰ ਹੱਲਾਸ਼ੇਰੀ ਦਿੰਦੀ ਹੈ। ਇਸ ਲਈ ਉਹ ਬਫ਼ੈਲੋ ਚਲਾ ਗਿਆ ਜਿੱਥੇ ਉਸ ਨੇ ਇਕ ਸਟੀਲ ਫੈਕਟਰੀ ਵਿਚ ਫੌਰਮੈਨ ਦੇ ਤੌਰ ਤੇ ਕੰਮ ਕੀਤਾ। ਲੜਾਈ ਲੱਗੀ ਹੋਣ ਕਰਕੇ ਉਹ ਹਾਲੇ ਵੀ ਖ਼ੁਸ਼ ਨਹੀਂ ਸੀ, ਇਸ ਲਈ ਉਸ ਨੇ ਆਪਣੀ ਨੌਕਰੀ ਛੱਡ ਦਿੱਤੀ ਤੇ ਇਕ ਮੋਟਰ ਸਾਈਕਲ ਲੈ ਕੇ ਦੇਸ਼ ਦੇ ਦੂਜੇ ਹਿੱਸੇ ਯਾਨੀ ਸਾਨ ਫ਼ਰਾਂਸਿਸਕੋ, ਕੈਲੇਫ਼ੋਰਨੀਆ ਚਲਾ ਗਿਆ। ਡੈਨਿਸ ਤੇ ਮਾਰਕ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਹ ਇਕ ਵਾਰ ਦੋਵੇਂ ਕੁਝ ਸਮੇਂ ਲਈ ਸਾਨ ਫ਼ਰਾਂਸਿਸਕੋ ਵਿਚ ਸਨ।

ਡੈਨਿਸ ਵਾਂਗ ਮਾਰਕ ਨੇ ਵੀ ਦਾੜ੍ਹੀ ਅਤੇ ਲੰਬੇ-ਲੰਬੇ ਬਾਲ ਰੱਖ ਲਏ ਅਤੇ ਭੰਗ ਦੇ ਸੂਟੇ ਲਾਉਣ ਲੱਗ ਪਿਆ। ਪਰ ਮਾਰਕ ਯੁੱਧ ਵਿਰੋਧੀ ਅੰਦੋਲਨ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦਾ ਸੀ। ਉਹ ਪ੍ਰਦਰਸ਼ਨਾਂ ਤੇ ਰੋਸ ਰੈਲੀਆਂ ਵਿਚ ਜਾਂਦਾ ਸੀ। ਉਸ ਨੂੰ ਫ਼ੌਜ ਵਿਚ ਕੁਝ ਸਮੇਂ ਲਈ ਕੰਮ ਕਰਨ ਵਾਸਤੇ ਬੁਲਾਇਆ ਗਿਆ ਸੀ, ਪਰ ਉਹ ਨਹੀਂ ਗਿਆ। ਇਸ ਲਈ ਪੁਲਸ ਉਸ ਦੇ ਪਿੱਛੇ ਲੱਗੀ ਹੋਈ ਸੀ। ਕੁਝ ਸਾਲ ਉਸ ਨੇ ਪੁਲਸ ਤੋਂ ਬਚਣ ਲਈ ਕਈ ਨਕਲੀ ਨਾਂ ਰੱਖੇ। ਉਹ ਸਾਨ ਫ਼ਰਾਂਸਿਸਕੋ ਵਿਚ ਹਿੱਪੀਆਂ ਵਾਂਗ ਰਹਿੰਦਾ ਸੀ। ਫਿਰ ਸਾਲ 1970 ਵਿਚ ਦੋ ਯਹੋਵਾਹ ਦੇ ਗਵਾਹ ਉਸ ਦੇ ਘਰ ਆਏ।

ਮਾਰਕ ਦੱਸਦਾ ਹੈ: “ਉਨ੍ਹਾਂ ਨੇ ਜ਼ਰੂਰ ਇਹ ਦੇਖਿਆ ਹੋਣਾ ਕਿ ਮੈਂ ਉਨ੍ਹਾਂ ਦੀ ਗੱਲ ਵਿਚ ਥੋੜ੍ਹੀ ਜਿਹੀ ਦਿਲਚਸਪੀ ਦਿਖਾਈ ਸੀ, ਇਸ ਲਈ ਉਹ ਮੇਰੇ ਕੋਲ ਦੁਬਾਰਾ ਆਏ। ਮੈਂ ਉਸ ਵੇਲੇ ਘਰ ਨਹੀਂ ਸੀ, ਪਰ ਉਹ ਇਕ ਹਰੇ ਰੰਗ ਦੀ ਬਾਈਬਲ ਅਤੇ ਤਿੰਨ ਕਿਤਾਬਾਂ ਛੱਡ ਗਏ।” ਪਰ ਮਾਰਕ ਆਪਣੇ ਰਾਜਨੀਤਿਕ ਕੰਮਾਂ ਤੇ ਮੌਜ-ਮਸਤੀ ਕਰਨ ਵਿਚ ਇੰਨਾ ਰੁੱਝਿਆ ਹੋਇਆ ਸੀ ਕਿ ਉਸ ਕੋਲ ਇਨ੍ਹਾਂ ਨੂੰ ਪੜ੍ਹਨ ਦਾ ਸਮਾਂ ਨਹੀਂ ਸੀ। ਇਸ ਦੇ ਨਾਲ-ਨਾਲ ਪੁਲਸ ਵੀ ਉਸ ਦਾ ਪਿੱਛਾ ਕਰ ਰਹੀ ਸੀ। ਇਸ ਲਈ ਉਹ ਨਕਲੀ ਨਾਂ ਰੱਖ ਕੇ ਵਾਸ਼ਿੰਗਟਨ ਡੀ. ਸੀ. ਚਲਾ ਗਿਆ। ਉੱਥੇ ਉਸ ਦੀ ਦੋਸਤ ਕੈਥੀ ਯਨਿਸਕਵਿਸ, ਜੋ ਉਸ ਨੂੰ ਯੂਨੀਵਰਸਿਟੀ ਵਿਚ ਮਿਲੀ ਸੀ, ਉਸ ਕੋਲ ਆ ਗਈ।

ਅਖ਼ੀਰ 1971 ਵਿਚ ਪੁਲਸ ਨੇ ਮਾਰਕ ਨੂੰ ਫੜ੍ਹ ਲਿਆ। ਦੋ ਪੁਲਸੀਏ ਉਸ ਨਾਲ ਜਹਾਜ਼ ਵਿਚ ਵਾਸ਼ਿੰਗਟਨ ਡੀ. ਸੀ. ਤੋਂ ਨਿਊ ਯਾਰਕ ਗਏ। ਉਨ੍ਹਾਂ ਨੇ ਇਸ ਗੱਲ ਦਾ ਵੀ ਪ੍ਰਬੰਧ ਕੀਤਾ ਕਿ ਉਹ ਨਿਊ ਯਾਰਕ ਤੋਂ ਟੋਰੌਂਟੋ ਕੈਨੇਡਾ ਜਾਵੇ। ਅਸਲ ਵਿਚ ਪੁਲਸ ਨੂੰ ਪਤਾ ਸੀ ਕਿ ਲੋਕਾਂ ਨੂੰ ਮਾਰਕ ਤੋਂ ਕੋਈ ਖ਼ਤਰਾ ਨਹੀਂ ਸੀ, ਉਹ ਸਿਰਫ਼ ਉਸ ਨੂੰ ਅਮਰੀਕਾ ਵਿੱਚੋਂ ਕੱਢਣਾ ਚਾਹੁੰਦੇ ਸਨ। ਅਗਲੇ ਸਾਲ ਕੈਥੀ ਤੇ ਮਾਰਕ ਨੇ ਵਿਆਹ ਕਰਾ ਲਿਆ ਤੇ ਉਹ ਗੇਬ੍ਰੀਓਲਾ ਟਾਪੂ, ਬ੍ਰਿਟਿਸ਼ ਕੋਲੰਬੀਆ ਰਹਿਣ ਚਲੇ ਗਏ। ਉਹ ਸਮਾਜ ਤੋਂ ਦੂਰ ਜਾਣਾ ਚਾਹੁੰਦੇ ਸਨ, ਪਰ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਸਿਰਫ਼ ਇਸੇ ਨਾਂ ਜ਼ਿੰਦਗੀ ਨਹੀਂ ਹੈ।

ਉਹ ਗਵਾਹ ਬਣ ਗਏ

ਤੁਹਾਨੂੰ ਯਾਦ ਹੋਵੇਗਾ ਕਿ ਡੈਨਿਸ ਜ਼ਿੰਦਗੀ ਦੇ ਮਕਸਦ ਦੀ ਭਾਲ ਵਿਚ ਪੂਰੇ ਦੇਸ਼ ਵਿਚ ਘੁੰਮ ਰਿਹਾ ਸੀ। ਘੁੰਮਦਾ-ਘੁੰਮਦਾ ਉਹ ਮੋਨਟੇਨਾ ਪਹੁੰਚਿਆ ਜਿੱਥੇ ਉਸ ਨੇ ਸ਼ਿਨੂਕ ਸ਼ਹਿਰ ਦੇ ਬਾਹਰ ਕਣਕਾਂ ਦੀ ਵਾਢੀ ਦੌਰਾਨ ਇਕ ਜਿਮੀਂਦਾਰ ਨਾਲ ਕੰਮ ਕੀਤਾ। ਉਸ ਜਿਮੀਂਦਾਰ ਦੀ ਘਰ ਵਾਲੀ ਤੇ ਕੁੜੀ ਦੋਵੇਂ ਯਹੋਵਾਹ ਦੀਆਂ ਗਵਾਹ ਸਨ। ਉਨ੍ਹਾਂ ਨੇ ਡੈਨਿਸ ਨੂੰ ਜਾਗਰੂਕ ਬਣੋ! ਰਸਾਲਾ ਪੜ੍ਹਨ ਲਈ ਦਿੱਤਾ। ਉਸ ਨੂੰ ਝੱਟ ਵਿਸ਼ਵਾਸ ਹੋ ਗਿਆ ਕਿ ਯਹੋਵਾਹ ਦੇ ਗਵਾਹਾਂ ਦਾ ਧਰਮ ਸੱਚਾ ਧਰਮ ਹੈ।

ਡੈਨਿਸ ਇਕ ਬਾਈਬਲ ਲੈ ਕੇ ਕਾਲਿਸਪੇਲ, ਮੋਨਟੇਨਾ ਚਲਾ ਗਿਆ। ਉੱਥੇ ਉਹ ਪਹਿਲੀ ਵਾਰ ਯਹੋਵਾਹ ਦੇ ਗਵਾਹਾਂ ਦੀ ਸਭਾ ਵਿਚ ਹਾਜ਼ਰ ਹੋਇਆ। ਉਸ ਨੇ ਉਸ ਵੇਲੇ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਉਸ ਨੇ ਆਪਣੇ ਬਾਲ ਕਟਾ ਲਏ ਅਤੇ ਦਾੜ੍ਹੀ ਸ਼ੇਵ ਕਰ ਦਿੱਤੀ। ਜਨਵਰੀ 1974 ਵਿਚ ਉਹ ਪਹਿਲੀ ਵਾਰ ਪ੍ਰਚਾਰ ਕਰਨ ਲਈ ਗਿਆ। ਫਿਰ 3 ਮਾਰਚ 1974 ਨੂੰ ਪੋਲਸਨ, ਮੋਨਟੇਨਾ ਵਿਚ ਪਾਣੀ ਦੇ ਇਕ ਕੁੰਡ ਵਿਚ ਬਪਤਿਸਮਾ ਲੈ ਲਿਆ।

ਇਸ ਸਮੇਂ ਦੌਰਾਨ ਗੈਬ੍ਰੀਲਾ ਟਾਪੂ ਤੇ ਰਹਿੰਦੇ ਹੋਏ ਮਾਰਕ ਅਤੇ ਕੈਥੀ ਨੇ ਬਾਈਬਲ ਦਾ ਅਧਿਐਨ ਕਰਨ ਦਾ ਫ਼ੈਸਲਾ ਕੀਤਾ ਕਿਉਂਕਿ ਉਨ੍ਹਾਂ ਕੋਲ ਕਾਫ਼ੀ ਸਮਾਂ ਸੀ। ਉਨ੍ਹਾਂ ਨੇ ਬਾਈਬਲ ਦਾ ਕਿੰਗ ਜੇਮਜ਼ ਵਰਯਨ ਪੜ੍ਹਨਾ ਸ਼ੁਰੂ ਕੀਤਾ, ਪਰ ਇਸ ਦੀ ਪੁਰਾਣੀ ਅੰਗ੍ਰੇਜ਼ੀ ਨੂੰ ਉਹ ਸਮਝ ਨਹੀਂ ਸਕੇ। ਫਿਰ ਮਾਰਕ ਨੂੰ ਯਾਦ ਆਇਆ ਕਿ ਉਸ ਕੋਲ ਅਜੇ ਵੀ ਉਹ ਬਾਈਬਲ ਅਤੇ ਕਿਤਾਬਾਂ ਸਨ ਜੋ ਯਹੋਵਾਹ ਦੇ ਗਵਾਹਾਂ ਨੇ ਕਈ ਸਾਲ ਪਹਿਲਾਂ ਉਸ ਨੂੰ ਦਿੱਤੀਆਂ ਸਨ। ਬਾਈਬਲ ਦੇ ਨਾਲ-ਨਾਲ ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ ਅਤੇ ਕੀ ਬਾਈਬਲ ਸੱਚਮੁੱਚ ਪਰਮੇਸ਼ੁਰ ਦਾ ਬਚਨ ਹੈ? (ਅੰਗ੍ਰੇਜ਼ੀ) ਕਿਤਾਬਾਂ ਪੜ੍ਹ ਕੇ ਮਾਰਕ ਅਤੇ ਕੈਥੀ ਬਹੁਤ ਹੀ ਪ੍ਰਭਾਵਿਤ ਹੋਏ।

ਮਾਰਕ ਸਮਝਾਉਂਦਾ ਹੈ: “ਮੈਂ ਇਸ ਗੱਲ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਸੱਚ ਕਿਤਾਬ ਵਿਚ ਅਜਿਹੇ ਮਸੀਹੀਆਂ ਬਾਰੇ ਦੱਸਿਆ ਗਿਆ ਹੈ ਜਿਹੜੇ ਕਿਸੇ ਵੀ ਹਾਲਤ ਵਿਚ ਲੜਾਈ ਵਿਚ ਨਹੀਂ ਜਾਣਗੇ। ਮੈਂ ਮਹਿਸੂਸ ਕੀਤਾ ਕਿ ਇਹ ਲੋਕ ਹੀ ਸੱਚੀ ਮਸੀਹੀਅਤ ਉੱਤੇ ਚੱਲਦੇ ਹਨ।” ਕੁਝ ਸਮੇਂ ਬਾਅਦ ਉਹ ਦੋਵੇਂ ਕੈਥੀ ਦੇ ਪਰਿਵਾਰ ਨੂੰ ਮਿਲਣ ਲਈ ਹੌਟਨ, ਮਿਸ਼ੀਗਨ ਗਏ, ਭਾਵੇਂ ਕਿ ਉਹ ਉੱਥੇ ਗਿਰਫ਼ਤਾਰ ਹੋ ਸਕਦੇ ਸਨ। ਉੱਥੇ ਉਹ ਗਵਾਹਾਂ ਦੀ ਸਭਾ ਵਿਚ ਗਏ। ਉਹ ਅਜੇ ਵੀ ਹਿੱਪੀਆਂ ਵਰਗੇ ਦਿੱਸਦੇ ਸਨ। ਉਹ ਬਾਈਬਲ ਸਟੱਡੀ ਕਰਨ ਲਈ ਮੰਨ ਗਏ ਅਤੇ ਮਿਸ਼ੀਗਨ ਵਿਚ ਇਕ ਮਹੀਨਾ ਰਹਿਣ ਦੌਰਾਨ ਸਟੱਡੀ ਕਰਦੇ ਰਹੇ।

ਗੇਬ੍ਰੀਓਲਾ ਟਾਪੂ ਤੇ ਵਾਪਸ ਆ ਜਾਣ ਤੋਂ ਬਾਅਦ ਉਹ ਨਨਾਏਮੋ, ਬ੍ਰਿਟਿਸ਼ ਕੋਲੰਬੀਆ ਵਿਚ ਇਕ ਗਵਾਹ ਨੂੰ ਸੜਕ ਤੇ ਮਿਲੇ ਅਤੇ ਉਸ ਨੂੰ ਦੱਸਿਆ ਕਿ ਉਹ ਬਾਈਬਲ ਸਟੱਡੀ ਕਰਨੀ ਚਾਹੁੰਦੇ ਸਨ। ਉਸੇ ਦਿਨ ਕਈ ਗਵਾਹ ਕਿਸ਼ਤੀ ਵਿਚ ਬਹਿ ਕੇ ਉਨ੍ਹਾਂ ਨੂੰ ਮਿਲਣ ਆਏ ਤੇ ਉਨ੍ਹਾਂ ਨੇ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਤਿੰਨ ਮਹੀਨੇ ਬਾਅਦ ਮਾਰਕ ਅਤੇ ਕੈਥੀ ਨੇ ਪ੍ਰਚਾਰ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਤੋਂ ਤਿੰਨ ਮਹੀਨੇ ਬਾਅਦ 10 ਮਾਰਚ 1974 ਨੂੰ ਦੋਵਾਂ ਨੇ ਬਪਤਿਸਮਾ ਲੈ ਲਿਆ। ਇਸ ਤਰ੍ਹਾਂ ਮਾਰਕ ਨੇ ਡੈਨਿਸ ਤੋਂ ਇਕ ਹਫ਼ਤੇ ਬਾਅਦ ਬਪਤਿਸਮਾ ਲਿਆ।

ਡੈਨਿਸ ਨੇ ਪੂਰੇ ਸਮੇਂ ਦੀ ਸੇਵਕਾਈ ਸ਼ੁਰੂ ਕੀਤੀ

ਡੈਨਿਸ ਸਤੰਬਰ 1974 ਵਿਚ ਪਾਇਨੀਅਰ ਯਾਨੀ ਪੂਰੇ ਸਮੇਂ ਦਾ ਪ੍ਰਚਾਰਕ ਬਣ ਗਿਆ। ਉਹ ਕਹਿੰਦਾ ਹੈ: “ਮੈਨੂੰ ਪਾਇਨੀਅਰੀ ਕਰ ਕੇ ਬਹੁਤ ਖ਼ੁਸ਼ੀ ਹੁੰਦੀ ਸੀ, ਪਰ ਮੈਂ ਆਪਣੀ ਸੇਵਕਾਈ ਨੂੰ ਹੋਰ ਵੀ ਵਧਾਉਣਾ ਚਾਹੁੰਦਾ ਸੀ। ਇਸ ਲਈ ਜੁਲਾਈ 1975 ਵਿਚ ਮੈਂ ਬਰੁਕਲਿਨ, ਨਿਊ ਯਾਰਕ ਵਿਚ ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ ਵਿਚ ਸੇਵਾ ਕਰਨ ਲਈ ਅਰਜ਼ੀ ਭਰ ਦਿੱਤੀ। ਉਸੇ ਸਾਲ ਦਸੰਬਰ ਵਿਚ ਮੈਨੂੰ ਸੇਵਾ ਕਰਨ ਲਈ ਬੁਲਾ ਲਿਆ ਗਿਆ।”

ਸਭ ਤੋਂ ਪਹਿਲਾਂ ਡੈਨਿਸ ਨੂੰ ਪੁਰਾਣੇ ਟਾਵਰ ਹੋਟਲ ਦੇ ਕੰਮ ਵਿਚ ਲਾਇਆ ਗਿਆ ਜਿਸ ਨੂੰ ਰਿਹਾਇਸ਼ੀ ਕਮਰਿਆਂ ਵਿਚ ਬਦਲਿਆ ਜਾ ਰਿਹਾ ਸੀ। ਇੱਥੇ ਮੁੱਖ ਦਫ਼ਤਰ ਵਿਚ ਕੰਮ ਕਰਨ ਵਾਲੇ ਭੈਣ-ਭਰਾਵਾਂ ਨੇ ਰਹਿਣਾ ਸੀ। ਉਸ ਨੇ ਕਈ ਸਾਲ ਉੱਥੇ ਟਾਇਲਾਂ ਲਾਉਣ ਦੇ ਕੰਮ ਦੀ ਨਿਗਰਾਨੀ ਕੀਤੀ। ਫਿਰ ਵਿਆਹ ਕਰਾਉਣ ਦੇ ਇਰਾਦੇ ਨਾਲ ਉਹ ਕੈਲੇਫ਼ੋਰਨੀਆ ਚਲਾ ਗਿਆ। ਸਾਲ 1984 ਵਿਚ ਉਸ ਨੇ ਕੈਥੀਡ੍ਰਲ ਸਿਟੀ ਕਲੀਸਿਯਾ ਵਿਚ ਬਜ਼ੁਰਗ ਵਜੋਂ ਸੇਵਾ ਕਰਦੇ ਹੋਏ ਕੈਥੀ ਏਨਸ ਨਾਂ ਦੀ ਇਕ ਪਾਇਨੀਅਰ ਨਾਲ ਵਿਆਹ ਕਰਾ ਲਿਆ।

ਡੈਨਿਸ ਅਤੇ ਕੈਥੀ ਨੇ ਪਰਮੇਸ਼ੁਰ ਦੇ ਰਾਜ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਪਹਿਲਾਂ ਰੱਖਣ ਲਈ ਸਾਦੀ ਜ਼ਿੰਦਗੀ ਜੀਣ ਦਾ ਫ਼ੈਸਲਾ ਕੀਤਾ। ਇਸ ਲਈ ਡੈਨਿਸ ਨੇ ਦੱਖਣੀ ਕੈਲੇਫ਼ੋਰਨੀਆ ਵਿਚ ਉਸਾਰੀ ਦਾ ਕੰਮ ਕਰਨ ਦੇ ਕਈ ਮੌਕੇ ਹੱਥੋਂ ਜਾਣ ਦਿੱਤੇ ਜਿਸ ਤੋਂ ਉਹ ਬਹੁਤ ਪੈਸਾ ਕਮਾ ਸਕਦਾ ਸੀ। ਸਾਲ 1988 ਵਿਚ ਉਸ ਨੇ ਤੇ ਕੈਥੀ ਨੇ ਯਹੋਵਾਹ ਦੇ ਗਵਾਹਾਂ ਦੇ ਅੰਤਰਰਾਸ਼ਟਰੀ ਉਸਾਰੀ ਕੰਮ ਵਿਚ ਮਦਦ ਕਰਨ ਲਈ ਅਰਜ਼ੀ ਭਰੀ। ਉਸੇ ਸਾਲ ਦਸੰਬਰ ਵਿਚ ਉਨ੍ਹਾਂ ਨੂੰ ਬਿਊਨਸ ਏਅਰੀਜ਼, ਅਰਜਨਟੀਨਾ ਦੀ ਬ੍ਰਾਂਚ ਦੀ ਉਸਾਰੀ ਦੇ ਕੰਮ ਵਿਚ ਲਾਇਆ ਗਿਆ।

ਸਾਲ 1989 ਵਿਚ ਡੈਨਿਸ ਅਤੇ ਕੈਥੀ ਨੂੰ ਪੱਕੇ ਤੌਰ ਤੇ ਯਹੋਵਾਹ ਦੇ ਗਵਾਹਾਂ ਦਾ ਉਸਾਰੀ ਕੰਮ ਕਰਨ ਲਈ ਬੁਲਾ ਲਿਆ ਗਿਆ। ਪੂਰੇ ਸਮੇਂ ਦੀ ਸੇਵਕਾਈ ਵਿਚ ਇਸ ਖ਼ਾਸ ਕਿਸਮ ਦੇ ਕੰਮ ਵਿਚ ਉਨ੍ਹਾਂ ਨੇ ਦੋ ਵਾਰ ਸੂਰੀਨਾਮ ਅਤੇ ਕੋਲੰਬੀਆ ਵਿਚ ਕੰਮ ਕੀਤਾ। ਉਨ੍ਹਾਂ ਨੇ ਇਕਵੇਡਾਰ ਅਤੇ ਮੈਕਸੀਕੋ ਦੀ ਬ੍ਰਾਂਚ ਦੀ ਉਸਾਰੀ ਦਾ ਕੰਮ ਵੀ ਕੀਤਾ ਤੇ ਇਹੀ ਕੰਮ ਉਨ੍ਹਾਂ ਨੇ ਡਮਿਨੀਕਨ ਗਣਰਾਜ ਵਿਚ ਕੀਤਾ।

ਮਾਰਕ ਪੂਰੇ ਸਮੇਂ ਦੀ ਸੇਵਕਾਈ ਕਰਨ ਲੱਗ ਪਿਆ

ਸਾਲ 1976 ਵਿਚ ਸਰਕਾਰ ਨੇ ਹਜ਼ਾਰਾਂ ਅਮਰੀਕੀ ਨੌਜਵਾਨਾਂ ਨੂੰ ਮਾਫ਼ ਕਰ ਦਿੱਤਾ ਜਿਹੜੇ ਫ਼ੌਜ ਵਿਚ ਭਰਤੀ ਹੋਣ ਤੋਂ ਬਚਣ ਲਈ ਕੈਨੇਡਾ ਭੱਜ ਗਏ ਸਨ। ਇਸ ਤਰ੍ਹਾਂ ਮਾਰਕ ਨੂੰ ਵੀ ਮਾਫ਼ੀ ਮਿਲ ਗਈ। ਉਹ ਤੇ ਉਸ ਦੀ ਪਤਨੀ ਕੈਥੀ ਵੀ ਸੇਵਕਾਈ ਵਿਚ ਜ਼ਿਆਦਾ ਸਮਾਂ ਲਾਉਣ ਲਈ ਸਾਦੀ ਜ਼ਿੰਦਗੀ ਜੀਉਣੀ ਚਾਹੁੰਦੇ ਸਨ। ਇਸ ਲਈ ਮਾਰਕ ਇਮਾਰਤਾਂ ਦੇ ਸਰਵੇਅਰ ਵਜੋਂ ਪਾਰਟ-ਟਾਈਮ ਕੰਮ ਕਰਨ ਲੱਗ ਪਿਆ। ਉਨ੍ਹਾਂ ਨੇ ਆਪਣੇ ਸਾਰੇ ਕਰਜ਼ੇ ਲਾਹ ਦਿੱਤੇ ਜੋ ਬਪਤਿਸਮੇ ਤੋਂ ਪਹਿਲਾਂ ਉਨ੍ਹਾਂ ਦੇ ਸਿਰ ਚੜ੍ਹੇ ਸਨ।

ਸਾਲ 1978 ਵਿਚ ਜਦੋਂ ਕੈਨੇਡਾ ਦੇ ਗਵਾਹ ਟੋਰੌਂਟੋ, ਓਨਟੇਰੀਓ ਵਿਚ ਨਵੀਂ ਬ੍ਰਾਂਚ ਬਣਾਉਣ ਦੀ ਯੋਜਨਾ ਬਣਾ ਰਹੇ ਸਨ, ਤਾਂ ਮਾਰਕ ਅਤੇ ਕੈਥੀ ਉਸ ਵੇਲੇ ਮਦਦ ਕਰਨ ਲਈ ਤਿਆਰ ਸਨ। ਮਾਰਕ ਨੂੰ ਇਮਾਰਤਾਂ ਦਾ ਸਰਵੇ ਕਰਨ ਦਾ ਤਜਰਬਾ ਸੀ, ਇਸ ਲਈ ਉਨ੍ਹਾਂ ਦੋਵਾਂ ਨੂੰ ਉਸਾਰੀ ਦਾ ਕੰਮ ਕਰਨ ਲਈ ਬੁਲਾ ਲਿਆ ਗਿਆ। ਉਨ੍ਹਾਂ ਨੇ ਜੋਰਜਟਾਊਨ ਵਿਚ ਜੂਨ 1981 ਤਕ ਯਾਨੀ ਉਸਾਰੀ ਦਾ ਕੰਮ ਖ਼ਤਮ ਹੋਣ ਤਕ ਕੰਮ ਕੀਤਾ। ਇਸ ਤੋਂ ਬਾਅਦ ਉਹ ਬ੍ਰਿਟਿਸ਼ ਕੋਲੰਬੀਆ ਵਾਪਸ ਚਲੇ ਗਏ ਅਤੇ ਅਗਲੇ ਚਾਰ ਸਾਲ ਉਨ੍ਹਾਂ ਨੇ ਯਹੋਵਾਹ ਦੇ ਗਵਾਹਾਂ ਦਾ ਅਸੈਂਬਲੀ ਹਾਲ ਬਣਾਉਣ ਵਿਚ ਮਦਦ ਕੀਤੀ। ਜਦੋਂ ਇਹ ਪੂਰਾ ਹੋ ਗਿਆ, ਤਾਂ ਉਨ੍ਹਾਂ ਨੂੰ ਕੈਨੇਡਾ ਬ੍ਰਾਂਚ ਨੂੰ ਵਧਾਉਣ ਲਈ ਹੋਰ ਉਸਾਰੀ ਦਾ ਕੰਮ ਕਰਨ ਲਈ ਬੁਲਾਇਆ ਗਿਆ।

ਜੋਰਜਟਾਊਨ ਵਿਚ ਕੁਝ ਮਹੀਨੇ ਰਹਿਣ ਤੋਂ ਬਾਅਦ 1986 ਵਿਚ ਮਾਰਕ ਅਤੇ ਕੈਥੀ ਕੈਨੇਡਾ ਬ੍ਰਾਂਚ ਦੇ ਪੱਕੇ ਮੈਂਬਰ ਬਣ ਗਏ। ਉਹ ਦੋਵੇਂ ਉਸ ਸਮੇਂ ਤੋਂ ਉੱਥੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਦੂਸਰੇ ਕਈ ਦੇਸ਼ਾਂ ਵਿਚ ਉਸਾਰੀ ਦਾ ਕੰਮ ਕਰਨ ਦੇ ਬਹੁਤ ਮੌਕੇ ਮਿਲੇ ਹਨ। ਮਾਰਕ ਨੂੰ ਇਮਾਰਤਾਂ ਦਾ ਸਰਵੇ ਕਰਨ ਦਾ ਤਜਰਬਾ ਹੈ, ਇਸ ਲਈ ਉਸ ਨੂੰ ਦੱਖਣੀ ਅਤੇ ਕੇਂਦਰੀ ਅਮਰੀਕਾ ਅਤੇ ਕੈਰੀਬੀਅਨ ਟਾਪੂਆਂ ਉੱਤੇ ਯਹੋਵਾਹ ਦੇ ਗਵਾਹਾਂ ਦੇ ਅਸੈਂਬਲੀ ਹਾਲ ਅਤੇ ਬ੍ਰਾਂਚਾਂ ਬਣਾਉਣ ਵਾਸਤੇ ਜ਼ਮੀਨ ਦਾ ਸਰਵੇ ਕਰਨ ਲਈ ਇਸਤੇਮਾਲ ਕੀਤਾ ਜਾਣ ਲੱਗਾ।

ਹੁਣ ਤਕ ਉਸ ਨੇ ਤੇ ਕੈਥੀ ਨੇ ਵੈਨੇਜ਼ੁਏਲਾ, ਨਿਕਾਰਾਗੁਆ, ਹੈਟੀ, ਗੀਆਨਾ, ਬਾਰਬੇਡੋਸ, ਬਹਾਮਾ, ਡਮਿਨੀਕਾ, ਅਮਰੀਕਾ (ਫ਼ਲੋਰਿਡਾ) ਅਤੇ ਡਮਿਨੀਕਨ ਗਣਰਾਜ ਵਿਚ ਕੰਮ ਕੀਤਾ ਹੈ। ਇਸ ਖ਼ਾਸ ਕਿਸਮ ਦੀ ਸੇਵਾ ਕਰਕੇ ਮਾਰਕ ਅਤੇ ਡੈਨਿਸ ਦੀ ਜ਼ਿੰਦਗੀ ਦੇ ਰਾਹ ਇਕ ਮੋੜ ਤੇ ਆ ਕੇ ਮਿਲ ਗਏ।

ਡਮਿਨੀਕਨ ਗਣਰਾਜ ਵਿਚ ਦੁਬਾਰਾ ਮੇਲ

ਮਾਰਕ ਅਤੇ ਡੈਨਿਸ ਨੂੰ ਇਹ ਬਿਲਕੁਲ ਨਹੀਂ ਪਤਾ ਸੀ ਕਿ ਉਹ ਦੋਵੇਂ ਡਮਿਨੀਕਨ ਗਣਰਾਜ ਵਿਚ ਇੱਕੋ ਜਿਹੇ ਪ੍ਰਾਜੈਕਟ ਉੱਤੇ ਕੰਮ ਕਰ ਰਹੇ ਸਨ। ਇਕ ਦਿਨ ਉਹ ਅਚਾਨਕ ਸੈਂਟੋ ਡਮਿੰਗੋ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ ਇਕ ਦੂਜੇ ਦੇ ਆਮੋ-ਸਾਮ੍ਹਣੇ ਆ ਗਏ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਦੋਵੇਂ ਇਕ ਦੂਜੇ ਨੂੰ ਦੁਬਾਰਾ ਮਿਲ ਕੇ ਕਿੰਨੇ ਖ਼ੁਸ਼ ਹੋਏ ਹੋਣਗੇ। ਉਹ ਹੁਣ ਦੋਵੇਂ 33 ਸਾਲ ਦੇ ਹੋ ਚੁੱਕੇ ਸਨ ਤੇ ਇਕ ਦੂਜੇ ਨਾਲ ਉਨ੍ਹਾਂ ਨੇ ਬਹੁਤ ਸਾਰੀਆਂ ਗੱਲਾਂ ਕਰਨੀਆਂ ਸਨ। ਜੋ ਤੁਸੀਂ ਉੱਪਰ ਪੜ੍ਹਿਆ ਹੈ, ਉਹ ਉਨ੍ਹਾਂ ਨੇ ਇਕ ਦੂਜੇ ਨੂੰ ਦੱਸਿਆ। ਪਰ ਉਨ੍ਹਾਂ ਲਈ ਅਤੇ ਜਿਨ੍ਹਾਂ ਨੂੰ ਵੀ ਉਨ੍ਹਾਂ ਨੇ ਆਪਣੇ ਤਜਰਬੇ ਦੱਸੇ, ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਦੀਆਂ ਜ਼ਿੰਦਗੀਆਂ ਵਿਚ ਬਹੁਤ ਸਾਰੀਆਂ ਇੱਕੋ ਜਿਹੀਆਂ ਘਟਨਾਵਾਂ ਵਾਪਰੀਆਂ।

ਦੋਵੇਂ ਹਿੱਪੀਆਂ ਵਾਂਗ ਰਹਿੰਦੇ ਸਨ ਤੇ ਦੋਵੇਂ ਇਸ ਭੌਤਿਕਵਾਦੀ ਦੁਨੀਆਂ ਤੇ ਇਸ ਦੇ ਝਮੇਲਿਆਂ ਤੋਂ ਦੂਰ ਚਲੇ ਗਏ। ਡੈਨਿਸ ਅਤੇ ਮਾਰਕ ਦੋਵਾਂ ਦੀਆਂ ਘਰ ਵਾਲੀਆਂ ਦੇ ਨਾਂ ਕੈਥੀ ਹਨ। ਜਦੋਂ ਉਹ ਯਹੋਵਾਹ ਦੇ ਗਵਾਹਾਂ ਦੀ ਸਭਾ ਵਿਚ ਪਹਿਲੀ ਵਾਰ ਹਾਜ਼ਰ ਹੋਏ, ਤਾਂ ਉਹ ਪਹਿਲੀ ਸਭਾ ਵਿਚ ਹੀ ਬਾਈਬਲ ਸਟੱਡੀ ਕਰਨ ਲਈ ਮੰਨ ਗਏ। ਦੋਵਾਂ ਨੇ ਮਾਰਚ 1974 ਵਿਚ ਬਪਤਿਸਮਾ ਲਿਆ ਸੀ। ਦੋਵੇਂ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਦੇ ਮੈਂਬਰ ਬਣੇ—ਡੈਨਿਸ ਅਮਰੀਕਾ ਵਿਚ ਅਤੇ ਮਾਰਕ ਕੈਨੇਡਾ ਵਿਚ। ਦੋਵਾਂ ਨੇ ਪਰਮੇਸ਼ੁਰ ਦੀ ਸੇਵਾ ਵਿਚ ਜ਼ਿਆਦਾ ਹਿੱਸਾ ਪਾਉਣ ਲਈ ਸਾਦੀਆਂ ਜ਼ਿੰਦਗੀਆਂ ਜੀਉਣ ਦੀ ਕੋਸ਼ਿਸ਼ ਕੀਤੀ। (ਮੱਤੀ 6:22) ਦੋਵਾਂ ਨੇ ਅੰਤਰਰਾਸ਼ਟਰੀ ਉਸਾਰੀ ਦੇ ਕੰਮ ਵਿਚ ਹਿੱਸਾ ਲਿਆ ਤੇ ਦੋਵਾਂ ਨੇ ਕਈ ਦੇਸ਼ਾਂ ਵਿਚ ਕੰਮ ਕੀਤਾ। ਡਮਿਨੀਕਨ ਗਣਰਾਜ ਵਿਚ ਅਚਾਨਕ ਇਕ ਦੂਜੇ ਨੂੰ ਮਿਲਣ ਤੋਂ ਪਹਿਲਾਂ ਦੋਵਾਂ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਦੇ ਕਿਸੇ ਦੋਸਤ ਨੇ ਬਾਈਬਲ ਸੱਚਾਈ ਸਵੀਕਾਰ ਕਰ ਲਈ ਸੀ।

ਕੀ ਮਾਰਕ ਅਤੇ ਡੈਨਿਸ ਇਹ ਕਹਿੰਦੇ ਹਨ ਕਿ ਉਨ੍ਹਾਂ ਨਾਲ ਜੋ ਵੀ ਹੋਇਆ, ਉਹ ਸਭ ਕੁਝ ਉਨ੍ਹਾਂ ਦੇ ਲੇਖਾਂ ਵਿਚ ਪਹਿਲਾਂ ਹੀ ਲਿਖਿਆ ਸੀ? ਬਿਲਕੁਲ ਨਹੀਂ। ਉਹ ਜਾਣਦੇ ਹਨ, ਜਿਵੇਂ ਬਾਈਬਲ ਵਿਚ ਲਿਖਿਆ ਹੈ, ਕਿ ਸਾਡੇ ਸਾਰਿਆਂ ਉੱਤੇ “ਸਮਾਂ ਅਤੇ ਅਣਚਿਤਵੀ ਘਟਨਾ ਵਾਪਰਦੇ” ਹਨ—ਕਈ ਵਾਰ ਬਹੁਤ ਹੀ ਦਿਲਚਸਪ ਤਰੀਕੇ ਨਾਲ। (ਉਪਦੇਸ਼ਕ ਦੀ ਪੋਥੀ 9:11) ਪਰ ਉਹ ਇਹ ਵੀ ਮੰਨਦੇ ਹਨ ਕਿ ਇਕ ਹੋਰ ਗੱਲ ਕਾਰਨ ਵੀ ਉਹ ਦੁਬਾਰਾ ਮਿਲੇ ਹਨ। ਉਹ ਹੈ ਕਿ ਉਹ ਦੋਵੇਂ ਜ਼ਿੰਦਗੀ ਦੇ ਮਕਸਦ ਦੀ ਤਲਾਸ਼ ਕਰ ਰਹੇ ਸਨ ਅਤੇ ਯਹੋਵਾਹ ਪਰਮੇਸ਼ੁਰ ਨਾਲ ਪਿਆਰ ਕਰਦੇ ਸਨ।

ਡੈਨਿਸ ਅਤੇ ਮਾਰਕ ਦਾ ਤਜਰਬਾ ਹੋਰ ਕਈ ਗੱਲਾਂ ਵੱਲ ਸਾਡਾ ਧਿਆਨ ਖਿੱਚਦਾ ਹੈ ਜੋ ਬਾਈਬਲ ਸੱਚਾਈ ਸਿੱਖਣ ਵਾਲੇ ਨੇਕਦਿਲ ਲੋਕਾਂ ਨਾਲ ਆਮ ਤੌਰ ਤੇ ਹੁੰਦੀਆਂ ਹਨ। ਡੈਨਿਸ ਕਹਿੰਦਾ ਹੈ: “ਮੇਰੇ ਨਾਲ ਤੇ ਮਾਰਕ ਨਾਲ ਜੋ ਵੀ ਹੋਇਆ ਉਸ ਤੋਂ ਇਹ ਪਤਾ ਲੱਗਦਾ ਹੈ ਕਿ ਯਹੋਵਾਹ ਲੋਕਾਂ ਦੇ ਹਾਲਾਤਾਂ ਨੂੰ ਜਾਣਦਾ ਹੈ ਅਤੇ ਜਿਨ੍ਹਾਂ ਲੋਕਾਂ ਦੇ ਦਿਲ ਸਾਫ਼ ਦਿਲ ਹੁੰਦੇ ਹਨ, ਉਨ੍ਹਾਂ ਨੂੰ ਉਹ ਆਪਣੇ ਵੱਲ ਖਿੱਚ ਲੈਂਦਾ ਹੈ।”​—2 ਇਤਹਾਸ 16:9; ਯੂਹੰਨਾ 6:44; ਰਸੂਲਾਂ ਦੇ ਕਰਤੱਬ 13:48.

ਮਾਰਕ ਵੀ ਦੱਸਦਾ ਹੈ: “ਸਾਡੇ ਤਜਰਬੇ ਨੇ ਸਾਨੂੰ ਸਿਖਾਇਆ ਹੈ ਕਿ ਜੇ ਕੋਈ ਆਪਣੀ ਜ਼ਿੰਦਗੀ ਨੂੰ ਯਹੋਵਾਹ ਦੇ ਮਿਆਰਾਂ ਅਨੁਸਾਰ ਢਾਲਦਾ ਹੈ, ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦਾ ਹੈ ਤੇ ਉਸ ਦੀ ਸੇਵਾ ਕਰਨ ਲਈ ਅੱਗੇ ਆਉਂਦਾ ਹੈ, ਤਾਂ ਯਹੋਵਾਹ ਆਪਣੇ ਲੋਕਾਂ ਦੇ ਫ਼ਾਇਦੇ ਲਈ ਸੱਚੀ ਉਪਾਸਨਾ ਦੇ ਕੰਮ ਨੂੰ ਅੱਗੇ ਵਧਾਉਣ ਵਾਸਤੇ ਉਸ ਵਿਅਕਤੀ ਦੇ ਗੁਣਾਂ ਅਤੇ ਯੋਗਤਾਵਾਂ ਨੂੰ ਇਸਤੇਮਾਲ ਕਰ ਸਕਦਾ ਹੈ।”​—ਅਫ਼ਸੀਆਂ 4:8.

ਉਨ੍ਹਾਂ ਦਾ ਤਜਰਬਾ ਇਹ ਵੀ ਦਿਖਾਉਂਦਾ ਹੈ ਕਿ ਯਹੋਵਾਹ ਪਰਮੇਸ਼ੁਰ ਆਪਣੇ ਲੋਕਾਂ ਨੂੰ ਬਰਕਤਾਂ ਦਿੰਦਾ ਹੈ ਜਿਹੜੇ ਪੂਰੇ ਦਿਲੋਂ ਉਸ ਦੀ ਭਗਤੀ ਕਰਦੇ ਹਨ। ਡੈਨਿਸ ਅਤੇ ਮਾਰਕ ਪੂਰਾ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ੁਰ ਨੇ ਇਨ੍ਹਾਂ ਨੂੰ ਬਰਕਤਾਂ ਦਿੱਤੀਆਂ ਹਨ। ਡੈਨਿਸ ਕਹਿੰਦਾ ਹੈ: “ਪੂਰੇ ਸਮੇਂ ਦੀ ਖ਼ਾਸ ਸੇਵਕਾਈ ਕਰਦੇ ਹੋਏ ਰਾਜ ਦੇ ਕੰਮਾਂ ਦੇ ਵਾਧੇ ਲਈ ਕੰਮ ਕਰਨਾ ਇਕ ਵਿਸ਼ੇਸ਼ ਸਨਮਾਨ ਹੈ। ਇਸ ਨਾਲ ਸਾਨੂੰ ਦੂਸਰੇ ਦੇਸ਼ਾਂ ਵਿਚ ਰਹਿੰਦੇ ਆਪਣੇ ਮਸੀਹੀ ਭੈਣ-ਭਰਾਵਾਂ ਨਾਲ ਕੰਮ ਕਰਦੇ ਹੋਏ ਇਕ-ਦੂਜੇ ਨੂੰ ਹੌਸਲਾ ਦੇਣ ਦਾ ਮੌਕਾ ਮਿਲਿਆ।”

ਮਾਰਕ ਅੱਗੇ ਕਹਿੰਦਾ ਹੈ: “ਯਹੋਵਾਹ ਉਨ੍ਹਾਂ ਲੋਕਾਂ ਨੂੰ ਜ਼ਰੂਰ ਬਰਕਤਾਂ ਦਿੰਦਾ ਹੈ ਜਿਹੜੇ ਉਸ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਪਹਿਲਾਂ ਰੱਖਦੇ ਹਨ। ਮੇਰੇ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਮੈਂ ਕੈਨੇਡਾ ਬ੍ਰਾਂਚ ਦੇ ਪਰਿਵਾਰ ਦਾ ਇਕ ਮੈਂਬਰ ਹਾਂ ਅਤੇ ਅੰਤਰਰਾਸ਼ਟਰੀ ਉਸਾਰੀ ਦੇ ਕੰਮ ਵਿਚ ਹਿੱਸਾ ਲੈਂਦਾ ਹਾਂ।”

ਦੁਬਾਰਾ ਮਿਲਣ ਦੀ ਕਿੰਨੀ ਦਿਲਚਸਪ ਕਹਾਣੀ! ਜੀ ਹਾਂ, ਮਾਰਕ ਇਸ ਬਾਰੇ ਕਹਿੰਦਾ ਹੈ: “ਇਕ ਦੂਜੇ ਨੂੰ ਮਿਲ ਕੇ ਸਾਨੂੰ ਬਹੁਤ ਖ਼ੁਸ਼ੀ ਹੋਈ ਤੇ ਇਸ ਦਾ ਅਸਲੀ ਕਾਰਨ ਹੈ ਕਿ ਅਸੀਂ ਦੋਵੇਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਜਾਣਦੇ ਹਾਂ, ਉਸ ਨੂੰ ਪਿਆਰ ਕਰਦੇ ਹਾਂ ਤੇ ਉਸ ਦੀ ਸੇਵਾ ਕਰਦੇ ਹਾਂ।”

[ਸਫ਼ਾ 27 ਉੱਤੇ ਤਸਵੀਰ]

ਡੈਨਿਸ, 1966

[ਸਫ਼ਾ 27 ਉੱਤੇ ਤਸਵੀਰ]

ਮਾਰਕ, 1964

[ਸਫ਼ਾ 29 ਉੱਤੇ ਤਸਵੀਰ]

ਦੱਖਣੀ ਡਕੋਟਾ ਵਿਚ ਡੈਨਿਸ, 1974

[ਸਫ਼ਾ 29 ਉੱਤੇ ਤਸਵੀਰ]

ਆਂਟੇਰੀਓ ਵਿਚ ਮਾਰਕ, 1971

[ਸਫ਼ਾ 30 ਉੱਤੇ ਤਸਵੀਰ]

ਸਾਲ 2001 ਵਿਚ ਦੁਬਾਰਾ ਮਿਲਣ ਤੋਂ ਕੁਝ ਸਮੇਂ ਬਾਅਦ ਡੈਨਿਸ ਅਤੇ ਮਾਰਕ ਆਪਣੀਆਂ ਘਰ ਵਾਲੀਆਂ ਨਾਲ