Skip to content

Skip to table of contents

ਪ੍ਰਾਰਥਨਾਵਾਂ ਜੋ ਪਰਮੇਸ਼ੁਰ ਸੁਣਦਾ ਹੈ

ਪ੍ਰਾਰਥਨਾਵਾਂ ਜੋ ਪਰਮੇਸ਼ੁਰ ਸੁਣਦਾ ਹੈ

ਬਾਈਬਲ ਦਾ ਦ੍ਰਿਸ਼ਟੀਕੋਣ

ਪ੍ਰਾਰਥਨਾਵਾਂ ਜੋ ਪਰਮੇਸ਼ੁਰ ਸੁਣਦਾ ਹੈ

“ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ, ਢੂੰਡੋ ਤਾਂ ਤੁਹਾਨੂੰ ਲੱਭੇਗਾ, ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ। ਕਿਉਂਕਿ ਹਰੇਕ ਜਿਹੜਾ ਮੰਗਦਾ ਹੈ ਉਹ ਲੈਂਦਾ ਹੈ ਅਤੇ ਜਿਹੜਾ ਢੂੰਡਦਾ ਹੈ ਉਹ ਨੂੰ ਲੱਭਦਾ ਹੈ ਅਤੇ ਜਿਹੜਾ ਖੜਕਾਉਂਦਾ ਹੈ ਉਹ ਦੇ ਲਈ ਖੋਲ੍ਹਿਆ ਜਾਵੇਗਾ।”​—ਲੂਕਾ 11:9, 10.

ਕਈ ਮਸੀਹੀ ਭੈਣ-ਭਰਾ ਯਿਸੂ ਦੇ ਇਨ੍ਹਾਂ ਸ਼ਬਦਾਂ ਵਿਚ ਵਿਸ਼ਵਾਸ ਰੱਖ ਕੇ ਆਪਣੀਆਂ ਚਿੰਤਾਵਾਂ ਨੂੰ ਪਰਮੇਸ਼ੁਰ ਅੱਗੇ ਪ੍ਰਾਰਥਨਾ ਰਾਹੀਂ ਦੱਸਦੇ ਹਨ। ਉਨ੍ਹਾਂ ਨੂੰ ਯਕੀਨ ਹੈ ਕਿ ਉਹ ਉਨ੍ਹਾਂ ਨੂੰ ਪਿਆਰ ਕਰਦਾ ਹੈ ਅਤੇ ਉਨ੍ਹਾਂ ਦੀ ਦੇਖ-ਭਾਲ ਕਰਦਾ ਹੈ। ਲੇਕਿਨ ਪ੍ਰਾਰਥਨਾ ਕਰਨ ਤੋਂ ਬਾਅਦ ਕਈ ਮਸੀਹੀ ਇਸ ਦੇ ਜਵਾਬ ਦੀ ਉਡੀਕ ਕਰਦੇ-ਕਰਦੇ ਨਿਰਾਸ਼ ਹੋ ਜਾਂਦੇ ਹਨ। ਕੀ ਤੁਸੀਂ ਵੀ ਮਹਿਸੂਸ ਕਰਦੇ ਹੋ ਕਿ ਤੁਹਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਨਹੀਂ ਮਿਲ ਰਿਹਾ? ਕੀ ਪਰਮੇਸ਼ੁਰ ਤੁਹਾਡੀ ਸੁਣਦਾ ਹੈ?

ਭਾਵੇਂ ਸਾਨੂੰ ਲੱਗਦਾ ਹੈ ਕਿ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਨਹੀਂ ਮਿਲ ਰਿਹਾ, ਪਰ ਇਸ ਦਾ ਮਤਲਬ ਇਹ ਨਹੀਂ ਕਿ ਪਰਮੇਸ਼ੁਰ ਨੇ ਸਾਡੀਆਂ ਪ੍ਰਾਰਥਨਾਵਾਂ ਨਹੀਂ ਸੁਣੀਆਂ। ਬਾਈਬਲ ਤੋਂ ਸਾਨੂੰ ਭਰੋਸਾ ਮਿਲਦਾ ਹੈ ਕਿ “[ਯਹੋਵਾਹ] ਦੀਆਂ ਅੱਖੀਆਂ ਧਰਮੀਆਂ ਉੱਤੇ, ਅਤੇ ਉਹ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਹਨ।” (1 ਪਤਰਸ 3:12) ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਪਰਮੇਸ਼ੁਰ ਧਰਮੀ ਦੀ ਪ੍ਰਾਰਥਨਾ ਸੁਣਦਾ ਹੈ, ਚਾਹੇ ਉਹ ਉੱਚੀ ਆਵਾਜ਼ ਨਾਲ ਜਾਂ ਦਿਲ ਅੰਦਰ ਕੀਤੀ ਗਈ ਹੋਵੇ। (ਯਿਰਮਿਯਾਹ 17:10) ਭਾਵੇਂ ਪ੍ਰਾਰਥਨਾ ਕਰਨ ਵਾਲਾ ਆਪਣੀ ਦਿਲ ਦੀ ਗੱਲ ਖ਼ੁਦ ਚੰਗੀ ਤਰ੍ਹਾਂ ਨਹੀਂ ਸਮਝਦਾ, ਪਰ ਯਹੋਵਾਹ ਉਸ ਦੇ ਜਜ਼ਬਾਤ ਸਮਝਦਾ ਹੈ।​—ਰੋਮੀਆਂ 8:26, 27.

ਲੇਕਿਨ, ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਕਬੂਲ ਕਰੇ, ਤਾਂ ਸਾਨੂੰ ਕੁਝ ਮੰਗਾਂ ਪੂਰੀਆਂ ਕਰਨ ਦੀ ਲੋੜ ਹੈ। ਪਹਿਲੀ ਗੱਲ ਹੈ ਕਿ ਸਾਨੂੰ ਨਾ ਯਿਸੂ, ਨਾ ਕਿਸੇ “ਸੰਤ” ਜਾਂ ਮੂਰਤੀ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ, ਸਗੋਂ ਸਾਨੂੰ ਸਿਰਫ਼ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। (ਕੂਚ 20:4, 5) ਦੂਜੀ ਗੱਲ ਹੈ ਕਿ ਸਾਡੀਆਂ ਪ੍ਰਾਰਥਨਾਵਾਂ ਪਰਮੇਸ਼ੁਰ ਦੇ ਪੁੱਤਰ ਯਿਸੂ ਮਸੀਹ ਦੇ ਨਾਮ ਵਿਚ ਹੋਣੀਆਂ ਚਾਹੀਦੀਆਂ ਹਨ। (ਯੂਹੰਨਾ 14:6) ਕੀ ਇਸ ਦਾ ਇਹ ਮਤਲਬ ਹੈ ਕਿ ਯਿਸੂ ਪਹਿਲਾਂ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ ਤੇ ਫਿਰ ਪਰਮੇਸ਼ੁਰ ਨੂੰ ਸੁਣਾਉਂਦਾ ਹੈ? ਨਹੀਂ। ਇਸ ਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਯਹੋਵਾਹ ਨੂੰ ਯਿਸੂ ਮਸੀਹ ਦੇ ਨਾਮ ਵਿਚ ਪ੍ਰਾਰਥਨਾ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਮਸੀਹ ਦੇ ਚੇਲੇ ਹਾਂ ਅਤੇ ਇਹ ਸਵੀਕਾਰ ਕਰਦੇ ਹਾਂ ਕਿ ਅਸੀਂ ਉਸ ਦੇ ਬਲੀਦਾਨ ਕਰਕੇ ਹੀ ਪਰਮੇਸ਼ੁਰ ਅੱਗੇ ਆ ਸਕਦੇ ਹਾਂ।​—ਇਬਰਾਨੀਆਂ 4:14-16.

ਤੀਜੀ ਗੱਲ ਹੈ ਕਿ ਸਾਡੀ ਪ੍ਰਾਰਥਨਾ ਨਿਹਚਾ ਨਾਲ ਕੀਤੀ ਜਾਣੀ ਚਾਹੀਦੀ ਹੈ। ਪੌਲੁਸ ਰਸੂਲ ਨੇ ਕਿਹਾ ਕਿ “ਨਿਹਚਾ ਬਾਝੋਂ [ਪਰਮੇਸ਼ੁਰ] ਦੇ ਮਨ ਨੂੰ ਭਾਉਣਾ ਅਣਹੋਣਾ ਹੈ ਕਿਉਂਕਿ ਜਿਹੜਾ ਪਰਮੇਸ਼ੁਰ ਦੀ ਵੱਲ ਆਉਂਦਾ ਹੈ ਉਹ ਨੂੰ ਪਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ, ਨਾਲੇ ਇਹ ਭਈ ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।” (ਇਬਰਾਨੀਆਂ 11:6) ਇਕ ਵਿਅਕਤੀ ਨੂੰ ਕਿਸ ਤਰ੍ਹਾਂ ਪਤਾ ਹੈ ਕਿ ਉਸ ਕੋਲ ਇਸ ਤਰ੍ਹਾਂ ਦੀ ਨਿਹਚਾ ਹੈ ਕਿ ਨਹੀਂ? ਬਾਈਬਲ ਦਾ ਲਿਖਾਰੀ ਯਾਕੂਬ ਦੱਸਦਾ ਹੈ ਕਿ “ਮੈਂ ਆਪਣਿਆਂ ਅਮਲਾਂ ਨਾਲ ਤੈਨੂੰ ਆਪਣੀ ਨਿਹਚਾ ਵਿਖਾਵਾਂਗਾ।” (ਯਾਕੂਬ 2:18) ਇਸ ਤੋਂ ਅਸੀਂ ਦੇਖਦੇ ਹਾਂ ਕਿ ਸਾਡੀ ਨਿਹਚਾ ਅਮਲ ਜਾਂ ਕੰਮ ਪੈਦਾ ਕਰਦੀ ਹੈ ਅਤੇ ਇਹ ਕੰਮ ਦਿਖਾਉਂਦੇ ਹਨ ਕਿ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ ਅਤੇ ਉਸ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।

ਚੌਥੀ ਗੱਲ ਹੈ ਕਿ ਪਰਮੇਸ਼ੁਰ ਦੇ ਸੇਵਕਾਂ ਨੂੰ ਲਗਾਤਾਰ ਪ੍ਰਾਰਥਨਾ ਕਰਨ ਦੀ ਲੋੜ ਹੈ। ਯਿਸੂ ਨੇ ਇਸੇ ਗੱਲ ਬਾਰੇ ਲੂਕਾ 11:9, 10 ਵਿਚ ਸਾਨੂੰ ਸਾਫ਼-ਸਾਫ਼ ਦੱਸਿਆ ਸੀ। ਜ਼ਰਾ ਸੋਚੋ, ਜੇਕਰ ਕੋਈ ਵਿਅਕਤੀ ਕਿਸੇ ਗੱਲ ਬਾਰੇ ਸਿਰਫ਼ ਇੱਕੋ ਹੀ ਵਾਰੀ ਪ੍ਰਾਰਥਨਾ ਕਰੇ, ਤਾਂ ਕੀ ਸਾਨੂੰ ਇਸ ਤੋਂ ਇਹ ਨਹੀਂ ਪਤਾ ਲੱਗਦਾ ਕਿ ਉਸ ਲਈ ਉਹ ਗੱਲ ਇੰਨੀ ਜ਼ਰੂਰੀ ਨਹੀਂ ਹੈ?

ਪਰਮੇਸ਼ੁਰ ਦਾ ਵਾਅਦਾ

ਸਾਡੀਆਂ ਦਿਲੋਂ ਅਤੇ ਵਾਰ-ਵਾਰ ਕੀਤੀਆਂ ਪ੍ਰਾਰਥਨਾਵਾਂ ਦੇ ਬਾਵਜੂਦ ਸਾਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਅਸੀਂ ‘ਭੈੜੇ ਸਮਿਆਂ’ ਵਿਚ ਰਹਿੰਦੇ ਹਾਂ। (2 ਤਿਮੋਥਿਉਸ 3:1) ਭਾਵੇਂ ਯਿਸੂ ਨੇ ਕਿਹਾ ਸੀ ਕਿ ਉਸ ਦੇ ਚੇਲੇ ਖ਼ੁਸ਼ ਹੋਣਗੇ, ਪਰ ਉਸ ਨੇ ਇਹ ਨਹੀਂ ਕਿਹਾ ਕਿ ਉਨ੍ਹਾਂ ਦੀਆਂ ਜ਼ਿੰਦਗੀਆਂ ਵਿਚ ਕੋਈ ਮੁਸ਼ਕਲ ਨਹੀਂ ਆਵੇਗੀ। (ਮੱਤੀ 5:3-11) ਪਰ ਉਸ ਨੇ ਇਹ ਜ਼ਰੂਰ ਕਿਹਾ ਕਿ ਉਸ ਦੇ ਚੇਲੇ ਸੋਗ ਕਰਨ, ਭੁੱਖੇ-ਤਿਹਾਏ ਹੋਣ ਅਤੇ ਸਤਾਏ ਜਾਣ ਦੇ ਬਾਵਜੂਦ ਖ਼ੁਸ਼ ਹੋ ਸਕਦੇ ਸਨ।

ਜਿਸ ਖ਼ੁਸ਼ੀ ਬਾਰੇ ਯਿਸੂ ਗੱਲ ਕਰ ਰਿਹਾ ਸੀ ਉਹ ਸਾਡੇ ਹਾਲਾਤਾਂ ਤੇ ਨਿਰਭਰ ਨਹੀਂ ਹੁੰਦੀ। ਲੇਕਿਨ ਇਹ ਸਾਡੇ ਮਨ ਅਤੇ ਦਿਲ ਦੀ ਖ਼ੁਸ਼ੀ ਹੈ ਜੋ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਮਿਲਦੀ ਹੈ। ਇਸ ਲਈ, ਭਾਵੇਂ ਸਾਡੀ ਜ਼ਿੰਦਗੀ ਦੁੱਖਾਂ ਨਾਲ ਭਰੀ ਹੈ, ਅਸੀਂ ਫਿਰ ਵੀ ਥੋੜ੍ਹੀ-ਬਹੁਤੀ ਖ਼ੁਸ਼ੀ ਪਾ ਸਕਦੇ ਹਾਂ।​—2 ਕੁਰਿੰਥੀਆਂ 12:7-10.

ਨਿੱਜੀ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ

ਤਾਂ ਫਿਰ ਕੀ ਸਾਨੂੰ ਨਿੱਜੀ ਗੱਲਾਂ ਜਾਂ ਹਾਲਾਤਾਂ ਬਾਰੇ ਪ੍ਰਾਰਥਨਾ ਨਹੀਂ ਕਰਨੀ ਚਾਹੀਦੀ? ਮਿਸਾਲ ਲਈ, ਕੀ ਚੰਗਾ ਵਿਆਹੁਤਾ ਸਾਥੀ ਲੱਭਣ ਬਾਰੇ ਜਾਂ ਆਪਣੇ ਪਰਿਵਾਰ ਬਾਰੇ, ਸਿਹਤ ਜਾਂ ਨੌਕਰੀ ਲੱਭਣ ਬਾਰੇ ਪ੍ਰਾਰਥਨਾ ਕਰਨੀ ਵਿਅਰਥ ਹੈ? ਇਸ ਤਰ੍ਹਾਂ ਨਹੀਂ ਹੈ। ਭਾਵੇਂ ਪਰਮੇਸ਼ੁਰ ਸਾਡੀਆਂ ਮੁਸ਼ਕਲਾਂ ਨੂੰ ਬਿਲਕੁਲ ਦੂਰ ਕਰਨ ਦਾ ਵਾਅਦਾ ਨਹੀਂ ਕਰਦਾ, ਪਰ ਉਹ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਾਸਤੇ ਸਾਨੂੰ ਬੁੱਧ ਦੇਵੇਗਾ। ਯਾਕੂਬ ਨੇ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਬਾਰੇ ਕਿਹਾ ਕਿ “ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ੁਰ ਕੋਲੋਂ ਮੰਗੇ ਜਿਹੜਾ ਸਭਨਾਂ ਨੂੰ ਖੁਲ੍ਹੇ ਦਿਲ ਨਾਲ ਬਿਨਾ ਉਲਾਂਭੇ ਦੇ ਦਿੰਦਾ ਹੈ, ਤਾਂ ਉਹ ਨੂੰ ਦਿੱਤੀ ਜਾਵੇਗੀ।” (ਯਾਕੂਬ 1:5) ਯਹੋਵਾਹ ਆਪਣੀ ਪਵਿੱਤਰ ਆਤਮਾ ਰਾਹੀਂ ਸਾਡੀ ਮਦਦ ਕਰੇਗਾ ਅਤੇ ਇਸ ਤਰ੍ਹਾਂ ਅਸੀਂ ਬਾਈਬਲ ਦੇ ਸਿਧਾਂਤਾਂ ਨੂੰ ਸਮਝ ਕੇ ਅਤੇ ਲਾਗੂ ਕਰ ਕੇ ਸਹੀ ਫ਼ੈਸਲੇ ਕਰਾਂਗੇ।

ਇਸ ਦਾ ਇਹ ਮਤਲਬ ਨਹੀਂ ਹੈ ਕਿ ਪਰਮੇਸ਼ੁਰ ਦੀ ਪਵਿੱਤਰ ਆਤਮਾ ਸਾਡੇ ਫ਼ੈਸਲੇ ਕਰੇਗੀ। ਇਸ ਦੀ ਬਜਾਇ ਸਾਨੂੰ ਆਪ ਹੀ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ। ਉਦਾਹਰਣ ਲਈ, ਜੇਕਰ ਸਾਨੂੰ ਕੋਈ ਮੁਸ਼ਕਲ ਹੈ, ਤਾਂ ਕੀ ਅਸੀਂ ਇਸ ਬਾਰੇ ਰਿਸਰਚ ਕੀਤੀ ਹੈ ਅਤੇ ਹਰ ਗੱਲ ਦੀ ਜਾਂਚ ਕੀਤੀ ਹੈ? ਇਸ ਤਰ੍ਹਾਂ ਅਸੀਂ ਪਰਮੇਸ਼ੁਰ ਨੂੰ ਦਿਖਾਉਂਦੇ ਹਾਂ ਕਿ ਅਸੀਂ ਆਪਣੀ ਨਿਹਚਾ ਅਮਲ ਵਿਚ ਲਿਆ ਰਹੇ ਹਾਂ। (ਯਾਕੂਬ 2:18) ਕੀ ਅਸੀਂ ਆਪਣੀ ਮੁਸ਼ਕਲ ਨੂੰ ਸੁਲਝਾਉਣ ਵਿਚ ਅਤੇ ਪਰਮੇਸ਼ੁਰ ਦੀ ਅਗਵਾਈ ਮੰਗਣ ਵਿਚ ਲਗਾਤਾਰ ਕੋਸ਼ਿਸ਼ ਕੀਤੀ ਹੈ? (ਮੱਤੀ 7:7, 8) ਕੀ ਅਸੀਂ ਆਪਣੀ ਮੁਸ਼ਕਲ ਦੇ ਸੰਬੰਧ ਵਿਚ ਬਾਈਬਲ ਦਿਆਂ ਸਿਧਾਂਤਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਹੈ? ਪਰਮੇਸ਼ੁਰ ਦਾ ਬਚਨ ਸਾਨੂੰ “ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ” ਕਰ ਸਕਦਾ ਹੈ।​—2 ਤਿਮੋਥਿਉਸ 3:16, 17.

ਸਾਨੂੰ ਪਤਾ ਹੈ ਕਿ ਪਰਮੇਸ਼ੁਰ ਮਨੁੱਖੀ ਮਾਮਲਿਆਂ ਵਿਚ ਦਖ਼ਲ ਦੇ ਕੇ ਸਾਡੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਸਕਦਾ ਹੈ, ਪਰ ਉਸ ਨੇ ਸਾਨੂੰ ਆਪਣੀ ਮਰਜ਼ੀ ਕਰਨ ਦੀ ਇਜਾਜ਼ਤ ਦਿੱਤੀ ਹੈ। ਦੁੱਖ ਦੀ ਗੱਲ ਹੈ ਕਿ ਕਈਆਂ ਨੇ ਆਪਣੀ ਮਰਜ਼ੀ ਨਾਲ ਦੂਜਿਆਂ ਨੂੰ ਦੁੱਖ ਪਹੁੰਚਾਇਆ ਹੈ। ਇਸ ਲਈ ਸਾਡੀਆਂ ਕੁਝ ਸਮੱਸਿਆਵਾਂ ਸ਼ਾਇਦ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਹੀ ਖ਼ਤਮ ਹੋਣਗੀਆਂ। (ਰਸੂਲਾਂ ਦੇ ਕਰਤੱਬ 17:30, 31) ਹੋ ਸਕਦਾ ਹੈ ਕਿ ਸਾਡੇ ਇਲਾਕੇ ਵਿਚ ਅਪਰਾਧ ਵੱਧ ਰਿਹਾ ਹੈ ਜਾਂ ਯੁੱਧ ਹੋ ਰਿਹਾ ਹੈ ਜਾਂ ਅਸੀਂ ਵਿਰੋਧੀਆਂ ਵੱਲੋਂ ਅਤਿਆਚਾਰ ਦਾ ਸਾਮ੍ਹਣਾ ਕਰ ਰਹੇ ਹਾਂ। (1 ਪਤਰਸ 4:4) ਸਾਨੂੰ ਇਹ ਗੱਲ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਕਈ ਗੱਲਾਂ ਇਸ ਭੈੜੀ ਦੁਨੀਆਂ ਵਿਚ ਨਹੀਂ ਠੀਕ ਹੋਣਗੀਆਂ।

ਫਿਰ ਵੀ, ਪਰਮੇਸ਼ੁਰ ਆਪਣੇ ਸੇਵਕਾਂ ਨੂੰ ਪਿਆਰ ਕਰਦਾ ਹੈ ਅਤੇ ਉਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਹੈ। ਪਰਮੇਸ਼ੁਰ ਬਹੁਤ ਜਲਦੀ ਇਸ ਦੁਨੀਆਂ ਦੀਆਂ ਮੁਸੀਬਤਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਵੇਗਾ ਜਦੋਂ ਉਸ ਦਾ ਰਾਜ ਇਸ ਧਰਤੀ ਉੱਤੇ ਆਵੇਗਾ। (ਪਰਕਾਸ਼ ਦੀ ਪੋਥੀ 21:3, 4) ਜਦ ਤਕ ਉਹ ਸਮਾਂ ਨਹੀਂ ਆਉਂਦਾ, ਤਦ ਤਕ ਸਾਨੂੰ ਲਗਾਤਾਰ ਹੀ ਆਪਣੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਾਸਤੇ ਅਗਵਾਈ ਮੰਗਣ ਦੀ ਲੋੜ ਹੈ। ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਯਹੋਵਾਹ ਆਪਣੇ ਉਸ ਵਾਅਦੇ ਨੂੰ ਪੂਰਾ ਕਰੇਗਾ ਜੋ ਬਾਈਬਲ ਵਿਚ ਯਸਾਯਾਹ 41:10 ਵਿਚ ਦਰਜ ਹੈ: “ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ, ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ, ਮੈਂ ਤੈਨੂੰ ਆਪਣੇ ਫਤਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ।”