Skip to content

Skip to table of contents

ਵਨੀਲਾ—ਮਸਾਲੇ ਦਾ ਲੰਬਾ ਇਤਿਹਾਸ

ਵਨੀਲਾ—ਮਸਾਲੇ ਦਾ ਲੰਬਾ ਇਤਿਹਾਸ

ਵਨੀਲਾ​—ਮਸਾਲੇ ਦਾ ਲੰਬਾ ਇਤਿਹਾਸ

ਮੈਕਸੀਕੋ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਐਜ਼ਟੈਕ ਜਾਤੀ ਦੇ ਲੋਕ ਇਸ ਦੇ ਫਲ ਵੱਲ ਇਸ਼ਾਰਾ ਕਰਦੇ ਹੋਏ ਇਸ ਨੂੰ “ਕਾਲਾ ਫੁੱਲ” ਕਹਿੰਦੇ ਸਨ। ਉਹ ਕਕਾਓ ਨਾਲ ਬਣੀ ਚਾਕਲੇਟ ਡ੍ਰਿੰਕ ਦਾ ਸੁਆਦ ਵਧਾਉਣ ਲਈ ਵਨੀਲਾ ਇਸਤੇਮਾਲ ਕਰਦੇ ਸਨ। ਕਿਹਾ ਜਾਂਦਾ ਹੈ ਕਿ ਮੈਕਸੀਕੋ ਦੇ ਐਜ਼ਟੈਕ ਸਮਰਾਟ ਮੌਂਟੇਜ਼ੂਮਾ ਨੇ 1520 ਸਾ.ਯੁ. ਵਿਚ ਸਪੇਨੀ ਫ਼ੌਜੀ ਅਫ਼ਸਰ ਅਰਨੋਨ ਕੌਰਟੇਸ ਨੂੰ ਇਹ ਚਾਕਲੇਟ ਡ੍ਰਿੰਕ ਪਿਲਾਇਆ ਸੀ। ਜਦੋਂ ਕੌਰਟੇਸ ਯੂਰਪ ਵਾਪਸ ਗਿਆ, ਤਾਂ ਉਹ ਆਪਣੇ ਨਾਲ ਕਕਾਓ ਅਤੇ ਵਨੀਲਾ ਦੀਆਂ ਫਲੀਆਂ ਵੀ ਨਾਲ ਲੈ ਕੇ ਗਿਆ। ਯੂਰਪੀ ਸ਼ਾਹੀ ਘਰਾਣਿਆਂ ਵਿਚ ਵਨੀਲਾ ਵਾਲੀ ਗਰਮਾ-ਗਰਮ ਚਾਕਲੇਟ ਡ੍ਰਿੰਕ ਬਹੁਤ ਹੀ ਲੋਕ ਪੀਣ ਲੱਗ ਪਏ, ਪਰ ਹੋਰ ਚੀਜ਼ਾਂ ਦਾ ਸੁਆਦ ਵਧਾਉਣ ਲਈ ਵਨੀਲਾ ਦੀ ਵਰਤੋਂ ਸਿਰਫ਼ 1602 ਵਿਚ ਜਾ ਕੇ ਉਦੋਂ ਹੀ ਸ਼ੁਰੂ ਕੀਤੀ ਗਈ ਜਦੋਂ ਮਹਾਰਾਣੀ ਇਲੀਜ਼ਬੱਥ ਪਹਿਲੀ ਦੇ ਹਕੀਮ ਹਿਊ ਮੌਰਗਨ ਨੇ ਇਸ ਤਰ੍ਹਾਂ ਕਰਨ ਦਾ ਸੁਝਾਅ ਦਿੱਤਾ ਸੀ। ਫਿਰ, 1700 ਦੇ ਦਹਾਕੇ ਵਿਚ ਸ਼ਰਾਬ, ਤਮਾਖੂ ਅਤੇ ਅਤਰਾਂ ਵਿਚ ਵਨੀਲਾ ਨੂੰ ਇਸਤੇਮਾਲ ਕੀਤਾ ਜਾਣ ਲੱਗਾ।

ਪਰ ਐਜ਼ਟੈਕ ਸਾਮਰਾਜ ਦੇ ਸ਼ੁਰੂ ਹੋਣ ਤੋਂ ਬਹੁਤ ਸਮਾਂ ਪਹਿਲਾਂ ਤੋਂ ਹੀ ਵੀਰਾਕਰੂਜ਼, ਮੈਕਸੀਕੋ ਦੇ ਟੋਟੋਨੈਕ ਇੰਡੀਅਨ ਜਾਤੀ ਦੇ ਲੋਕ ਵਨੀਲਾ ਦੀ ਖੇਤੀਬਾੜੀ ਕਰ ਰਹੇ ਸਨ। ਉਹ ਵਨੀਲਾ ਦੀਆਂ ਫਲੀਆਂ ਦੀ ਵਾਢੀ ਕਰ ਕੇ ਉਨ੍ਹਾਂ ਨੂੰ ਸੁਕਾ ਕੇ ਤਿਆਰ ਕਰਦੇ ਸਨ। * ਬਹੁਤ ਸਾਲਾਂ ਬਾਅਦ, 1800 ਦੇ ਦਹਾਕੇ ਦੇ ਸ਼ੁਰੂ ਵਿਚ ਵਨੀਲਾ ਪੌਦਾ ਯੂਰਪ ਵਿਚ ਪਹੁੰਚਿਆ ਅਤੇ ਉੱਥੇ ਇਸ ਦੀ ਖੇਤੀਬਾੜੀ ਕੀਤੀ ਗਈ। ਉਸ ਮਗਰੋਂ ਹਿੰਦ ਸਾਗਰ ਦੇ ਟਾਪੂਆਂ ਨੇ ਵੀ ਇਸ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਪਰ ਜਦੋਂ ਕਿਸਾਨਾਂ ਨੇ ਇਨ੍ਹਾਂ ਪੌਦਿਆਂ ਤੋਂ ਫਲ ਉਪਜਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਦੇ ਹੱਥ ਸਿਰਫ਼ ਨਿਰਾਸ਼ਾ ਹੀ ਲੱਗੀ ਕਿਉਂਕਿ ਉੱਥੇ ਇਨ੍ਹਾਂ ਪੌਦਿਆਂ ਦੇ ਫੁੱਲਾਂ ਨੂੰ ਪਰਾਗਿਤ ਕਰਨ ਵਾਲੀਆਂ ਮਧੂ-ਮੱਖੀਆਂ ਮੌਜੂਦ ਨਹੀਂ ਸਨ। ਇਸ ਲਈ 16ਵੀਂ ਸਦੀ ਤੋਂ ਲੈ ਕੇ 19ਵੀਂ ਸਦੀ ਤਕ ਵਨੀਲਾ ਦਾ ਕਾਰੋਬਾਰ ਜ਼ਿਆਦਾਤਰ ਮੈਕਸੀਕੋ ਵਿਚ ਹੀ ਕੀਤਾ ਗਿਆ ਸੀ। ਸਾਲ 1841 ਵਿਚ ਐਡਮੰਡ ਐਲਬੀਅਸ, ਜੋ ਪਹਿਲਾਂ ਰੀਯੂਨੀਅਨ ਨਾਮਕ ਫ਼ਰੈਂਚ ਟਾਪੂ ਉੱਤੇ ਦਾਸ ਹੁੰਦਾ ਸੀ, ਨੇ ਹੱਥਾਂ ਨਾਲ ਫੁੱਲਾਂ ਨੂੰ ਪਰਾਗਿਤ ਕਰਨ ਦਾ ਵਧੀਆ ਤਰੀਕਾ ਲੱਭਿਆ ਅਤੇ ਫਲੀਆਂ ਪੈਦਾ ਕਰਨ ਵਿਚ ਸਫ਼ਲਤਾ ਹਾਸਲ ਕੀਤੀ। ਇਸ ਤਰ੍ਹਾਂ, ਮੈਕਸੀਕੋ ਤੋਂ ਇਲਾਵਾ ਦੂਸਰੀਆਂ ਥਾਵਾਂ ਵਿਚ ਵੀ ਵਨੀਲਾ ਦੀ ਖੇਤੀਬਾੜੀ ਅਤੇ ਵਪਾਰਕ ਕੰਮ ਸ਼ੁਰੂ ਹੋ ਗਿਆ। ਅੱਜ, ਵਨੀਲਾ ਫਲੀਆਂ ਦਾ ਮੁੱਖ ਉਤਪਾਦਕ ਮੈਲਾਗਾਸੀ ਟਾਪੂ ਹੈ। ਉਸ ਤੋਂ ਇਲਾਵਾ, ਰੀਯੂਨੀਅਨ ਅਤੇ ਕਾਮੋਰੋਸ ਟਾਪੂਆਂ ਉੱਤੇ ਵੀ ਵਨੀਲਾ ਦੀ ਬਹੁਤ ਉਪਜ ਹੁੰਦੀ ਹੈ। ਇਹ ਤਿੰਨੇ ਟਾਪੂ ਪਹਿਲਾਂ ਫ਼ਰਾਂਸੀਸੀ ਰਾਜ ਦੇ ਅਧੀਨ ਸਨ।

ਵਨੀਲਾ ਦੀ ਖੇਤੀਬਾੜੀ

ਵਨੀਲਾ ਫਲੀ ਅਸਲ ਵਿਚ ਓਰਕਿਡ ਪੌਦੇ ਦਾ ਫਲ ਹੈ। ਕੁਝ 20,000 ਵੱਖ-ਵੱਖ ਕਿਸਮਾਂ ਦੇ ਓਰਕਿਡ ਪੌਦਿਆਂ ਵਿੱਚੋਂ ਸਿਰਫ਼ ਵਨੀਲਾ ਹੀ ਅਜਿਹਾ ਓਰਕਿਡ ਹੈ ਜਿਸ ਦਾ ਫਲ ਖਾਧਾ ਜਾ ਸਕਦਾ ਹੈ। ਇਹ ਪੌਦਾ ਇਕ ਵੇਲ ਹੈ ਜਿਸ ਨੂੰ ਚੜ੍ਹਨ ਲਈ ਕਿਸੇ ਥੰਮ੍ਹ ਦੇ ਸਹਾਰੇ ਦੀ ਲੋੜ ਹੁੰਦੀ ਹੈ। ਇਹ ਹਲਕੀ ਛਾਂ ਵਾਲੀਆਂ ਥਾਵਾਂ ਵਿਚ ਉੱਗਦਾ ਹੈ। ਗਰਮ ਪੌਣ-ਪਾਣੀ ਅਤੇ ਪੱਧਰੀ ਭੂਮੀ ਵਾਲੇ ਜੰਗਲਾਂ ਵਿਚ ਇਹ ਪੌਦਾ ਦਰਖ਼ਤਾਂ ਦਾ ਸਹਾਰਾ ਲੈਂਦਾ ਹੈ। ਮੈਕਸੀਕੋ ਵਿਚ ਕਿਸਾਨ ਇਸ ਪੌਦੇ ਨੂੰ ਸਹਾਰਾ ਦੇਣ ਲਈ ਆਮ ਤੌਰ ਤੇ ਦੇਸੀ ਪੌਦੇ ਇਸਤੇਮਾਲ ਕਰਦੇ ਹਨ, ਪਰ ਹਾਲ ਹੀ ਵਿਚ ਸੰਤਰੇ ਦੇ ਦਰਖ਼ਤ ਵੀ ਸਫ਼ਲਤਾ ਨਾਲ ਇਸ ਮਕਸਦ ਲਈ ਵਰਤੇ ਗਏ ਸਨ।

ਵਨੀਲਾ ਓਰਕਿਡ ਉੱਤੇ ਮੋਮ ਵਰਗੇ ਮੁਲਾਇਮ ਹਰੇ-ਪੀਲੇ ਫੁੱਲਾਂ ਦੇ ਗੁੱਛੇ ਲੱਗਦੇ ਹਨ। ਹਰ ਫੁੱਲ ਸਾਲ ਦੇ ਇੱਕੋ ਦਿਨ ਸਿਰਫ਼ ਕੁਝ ਹੀ ਘੰਟਿਆਂ ਲਈ ਖਿੜਦਾ ਹੈ। ਟੋਟੋਨੈਕ ਇੰਡੀਅਨਾਂ ਨੂੰ ਇਨ੍ਹਾਂ ਫੁੱਲਾਂ ਨੂੰ ਬੜੇ ਹੀ ਧਿਆਨ ਨਾਲ ਪਰਾਗਿਤ ਕਰਦੇ ਦੇਖਣਾ ਬਹੁਤ ਹੀ ਵਧੀਆ ਲੱਗਦਾ ਹੈ। ਉਹ ਹਰ ਗੁੱਛੇ ਵਿੱਚੋਂ ਸਿਰਫ਼ ਪੰਜ-ਛੇ ਫੁੱਲਾਂ ਨੂੰ ਹੀ ਪਰਾਗਿਤ ਕਰਦੇ ਹਨ ਤਾਂਕਿ ਪੌਦਾ ਕਮਲਾ ਕੇ ਸੁੱਕ ਨਾ ਜਾਵੇ ਅਤੇ ਉਸ ਨੂੰ ਸੁੰਡੀ ਨਾ ਪੈ ਜਾਵੇ। ਛੇ ਤੋਂ ਨੌਂ ਮਹੀਨਿਆਂ ਬਾਅਦ ਪੌਦਿਆਂ ਦੀਆਂ ਲੰਬੀਆਂ-ਲੰਬੀਆਂ ਹਰੀਆਂ-ਹਰੀਆਂ ਫਲੀਆਂ ਦੀ, ਜਿਨ੍ਹਾਂ ਵਿਚ ਿਨੱਕੇ-ਿਨੱਕੇ ਬੀਜ ਹੁੰਦੇ ਹਨ, ਪੱਕਣ ਤੋਂ ਪਹਿਲਾਂ ਹੱਥੀਂ ਵਾਢੀ ਕੀਤੀ ਜਾਂਦੀ ਹੈ।

ਵਨੀਲਾ ਨੂੰ ਸੁਕਾਉਣਾ

ਇਹ ਦਿਲਚਸਪੀ ਦੀ ਗੱਲ ਹੈ ਕਿ ਵਨੀਲਾ ਦੀਆਂ ਤਾਜ਼ੀਆਂ ਫਲੀਆਂ ਦਾ ਕੋਈ ਸੁਆਦ ਜਾਂ ਉਨ੍ਹਾਂ ਦੀ ਕੋਈ ਖ਼ੁਸ਼ਬੂ ਨਹੀਂ ਹੁੰਦੀ। ਵਨੀਲਾ ਨੂੰ ਖ਼ੁਸ਼ਬੂਦਾਰ ਅਤੇ ਸੁਆਦਲਾ ਬਣਾਉਣ ਲਈ ਫਲੀਆਂ ਨੂੰ ਸੁਕਾਉਣਾ ਪੈਂਦਾ ਹੈ ਜੋ ਬਹੁਤ ਹੀ ਲੰਬਾ-ਚੌੜਾ ਕੰਮ ਹੁੰਦਾ ਹੈ। ਫੁੱਲਾਂ ਨੂੰ ਹੱਥੀਂ ਪਰਾਗਿਤ ਕਰਨ ਕਰਕੇ ਅਤੇ ਫਲੀਆਂ ਨੂੰ ਸੁਕਾਉਣ ਦੇ ਇਸ ਲੰਬੇ-ਚੌੜੇ ਕੰਮ ਕਰਕੇ ਹੀ ਵਨੀਲਾ ਸਭ ਤੋਂ ਮਹਿੰਗੇ ਮਸਾਲਿਆਂ ਵਿਚ ਗਿਣਿਆ ਜਾਂਦਾ ਹੈ। ਮੈਕਸੀਕੋ ਵਿਚ ਵਨੀਲਾ ਸੁਕਾਉਣ ਦਾ ਰਵਾਇਤੀ ਤਰੀਕਾ ਹੈ ਫਲੀਆਂ ਨੂੰ ਧੁੱਪ ਵਿਚ ਗੂੜ੍ਹੇ ਰੰਗ ਦੀਆਂ ਚਾਦਰਾਂ ਉੱਤੇ ਖਿਲਾਰ ਕੇ ਸੁਕਾਉਣਾ। ਪਰ ਅੱਜ-ਕੱਲ੍ਹ ਆਮ ਤੌਰ ਤੇ ਪਹਿਲਾਂ ਫਲੀਆਂ ਨੂੰ ਤੰਦੂਰ ਵਿਚ ਥੋੜ੍ਹਾ ਜਿਹਾ ਸੁਕਾਇਆ ਜਾਂਦਾ ਹੈ। ਫਿਰ ਵਨੀਲਾ ਫਲੀਆਂ ਨੂੰ ਖ਼ਾਸ ਡੱਬਿਆਂ ਵਿਚ ਰੱਖਿਆ ਜਾਂਦਾ ਹੈ ਅਤੇ ਡੱਬਿਆਂ ਨੂੰ ਚਾਦਰਾਂ ਜਾਂ ਟਾਟ ਵਿਚ ਲਪੇਟਿਆ ਜਾਂਦਾ ਹੈ ਤਾਂਕਿ ਫਲੀਆਂ ਵਿੱਚੋਂ ਹੋਰ ਨਮੀ ਕੱਢੀ ਜਾਵੇ। ਇਸ ਮਗਰੋਂ, ਵਨੀਲਾ ਨੂੰ ਕਈ ਦਿਨਾਂ ਤਕ ਵਾਰੋ-ਵਾਰੀ ਧੁੱਪ ਵਿਚ ਸੁਕਾਇਆ ਜਾਂਦਾ ਹੈ ਅਤੇ ਫਿਰ ਡੱਬਿਆਂ ਵਿਚ ਬੰਦ ਕੀਤਾ ਜਾਂਦਾ ਹੈ। ਇਸ ਤਰ੍ਹਾਂ ਵਾਰੋ-ਵਾਰੀ ਕੀਤਾ ਜਾਂਦਾ ਹੈ ਜਦੋਂ ਤਕ ਕਿ ਫਲੀਆਂ ਗੂੜ੍ਹੇ ਚਾਕਲੇਟੀ ਰੰਗ ਦੀਆਂ ਨਹੀਂ ਹੋ ਜਾਂਦੀਆਂ। ਫਿਰ ਉਨ੍ਹਾਂ ਨੂੰ ਕੁਝ 45 ਦਿਨਾਂ ਤਕ ਇਹੋ ਡੱਬਿਆਂ ਵਿਚ ਰੱਖਿਆ ਜਾਂਦਾ ਹੈ ਜਾਂ ਮੋਮ ਵਾਲੇ ਕਾਗਜ਼ਾਂ ਹੇਠਾਂ ਰੱਖਿਆ ਜਾਂਦਾ ਹੈ ਤਾਂਕਿ ਉਹ ਆਮ ਤਾਪਮਾਨ ਵਿਚ ਹੌਲੀ-ਹੌਲੀ ਪੂਰੀ ਤਰ੍ਹਾਂ ਸੁੱਕ ਜਾਣ। ਇਸ ਮਗਰੋਂ, ਵਨੀਲਾ ਨੂੰ ਚੰਗੀ ਤਰ੍ਹਾਂ ਡੱਬਿਆਂ ਵਿਚ ਬੰਦ ਕਰ ਕੇ ਲਗਭਗ ਤਿੰਨ ਮਹੀਨਿਆਂ ਤਕ ਰੱਖਿਆ ਜਾਂਦਾ ਹੈ ਤਾਂਕਿ ਉਹ ਆਪਣੀ ਪੂਰੀ ਖ਼ੁਸ਼ਬੂ ਛੱਡ ਸਕੇ। ਇਸ ਤਰ੍ਹਾਂ, ਵਨੀਲਾ ਨੂੰ ਤਿਆਰ ਕਰਨ ਵਿਚ ਸਖ਼ਤ ਮਿਹਨਤ ਕਰਨੀ ਪੈਂਦੀ ਹੈ।

ਅਸਲੀ ਵਨੀਲਾ ਜਾਂ ਨਕਲੀ?

ਵਨੀਲਾ ਦੀ ਖ਼ੁਸ਼ਬੂ ਅਤੇ ਸੁਆਦ ਦੀ ਨਕਲ ਵੀ ਕੀਤੀ ਗਈ ਹੈ। ਮਿਸਾਲ ਲਈ, ਲੱਕੜੀ ਦੇ ਗੁੱਦੇ ਤੋਂ ਵੀ ਇਸ ਨੂੰ ਤਿਆਰ ਕੀਤਾ ਜਾ ਸਕਦਾ ਹੈ। ਜੇ ਤੁਸੀਂ ਵਨੀਲਾ ਨਾਲ ਬਣਾਈਆਂ ਗਈਆਂ ਚੀਜ਼ਾਂ ਦੇ ਲੇਬਲ ਦੇਖੋਗੇ, ਤਾਂ ਤੁਹਾਨੂੰ ਸ਼ਾਇਦ ਹੈਰਾਨੀ ਹੋਵੇਗੀ। ਉਦਾਹਰਣ ਲਈ, ਅਮਰੀਕਾ ਵਿਚ ਜੇ ਆਈਸ-ਕ੍ਰੀਮ ਉੱਤੇ “ਵਨੀਲਾ” ਦਾ ਲੇਬਲ ਲੱਗਾ ਹੋਵੇ, ਤਾਂ ਇਹ ਸੱਚ-ਮੁੱਚ ਵਨੀਲਾ ਤੋਂ ਬਣਾਈ ਹੁੰਦੀ ਹੈ। ਜੇ ਆਈਸ-ਕ੍ਰੀਮ ਉੱਤੇ “ਵਨੀਲਾ ਫਲੇਵਰਡ” ਲਿਖਿਆ ਹੋਵੇ, ਤਾਂ ਇਸ ਵਿਚ 42 ਪ੍ਰਤਿਸ਼ਤ ਨਕਲੀ ਰਸ ਮਿਲਿਆ ਹੋ ਸਕਦਾ ਹੈ। ਅਤੇ ਜੇ ਆਈਸ-ਕ੍ਰੀਮ ਉੱਤੇ “ਆਰਟੀਫੀਸ਼ਲੀ ਫਲੇਵਰਡ” ਦਾ ਲੇਬਲ ਲੱਗਾ ਹੋਵੇ, ਤਾਂ ਇਸ ਵਿਚ ਸਿਰਫ਼ ਨਕਲੀ ਸੁਆਦ ਹੀ ਹੁੰਦਾ ਹੈ। ਪਰ ਭੋਜਨ-ਪਾਰਖੂ ਇਸ ਗੱਲ ਦੀ ਪੁਸ਼ਟੀ ਕਰਨਗੇ ਕਿ ਅਸਲੀ ਵਨੀਲਾ ਦਾ ਸੁਆਦ ਲਾਜਵਾਬ ਹੈ।

ਮੈਕਸੀਕੋ ਦੇ ਤੱਟਵਰਤੀ ਵਰਖਾ ਜੰਗਲਾਂ ਦੀ ਤਬਾਹੀ ਕਰਕੇ ਅਤੇ ਹਾਲ ਹੀ ਵਿਚ ਆਏ ਹੜ੍ਹ ਕਰਕੇ ਵਨੀਲਾ ਦੀ ਖੇਤੀਬਾੜੀ ਉੱਤੇ ਬੁਰਾ ਅਸਰ ਪਿਆ ਹੈ ਜਿਸ ਕਰਕੇ ਮੈਕਸੀਕੋ ਅੱਜ ਵਨੀਲਾ ਦਾ ਮੁੱਖ ਉਤਪਾਦਕ ਨਹੀਂ ਰਿਹਾ। ਪਰ ਮੈਕਸੀਕੋ ਵਿਚ ਅਜੇ ਵੀ ਇਕ ਕੀਮਤੀ ਖ਼ਜ਼ਾਨਾ ਹੈ ਯਾਨੀ ਵਨੀਲਾ ਦੇ ਮੂਲ ਪੌਦੇ। * ਇਹ ਮੰਨਿਆ ਜਾਂਦਾ ਹੈ ਕਿ ਹੋਰ ਥਾਵਾਂ ਦੀ ਤੁਲਨਾ ਵਿਚ ਮੈਕਸੀਕਨ ਵਨੀਲਾ ਵਿਚ ਜ਼ਿਆਦਾ ਖ਼ੁਸ਼ਬੂ ਅਤੇ ਸੁਆਦ ਹੁੰਦਾ ਹੈ। ਸ਼ਾਇਦ ਸੈਲਾਨੀ ਵੀ ਇਸ ਗੱਲ ਨਾਲ ਸਹਿਮਤ ਹਨ ਕਿਉਂਕਿ ਉਹ ਅਕਸਰ ਮੈਕਸੀਕੋ ਦੀਆਂ ਸਰਹੱਦਾਂ ਉੱਤੇ ਬਣੀਆਂ ਦੁਕਾਨਾਂ ਅਤੇ ਮੈਕਸੀਕਨ ਹਵਾਈ-ਅੱਡਿਆਂ ਵਿਚ ਡਿਊਟੀ-ਫਰੀ ਦੁਕਾਨਾਂ ਤੋਂ ਘੱਟ ਕੀਮਤ ਤੇ ਅਸਲੀ ਵਨੀਲਾ ਖ਼ਰੀਦਦੇ ਹਨ। ਇਸ ਲਈ, ਅਗਲੀ ਵਾਰ ਜਦੋਂ ਤੁਸੀਂ ਅਸਲੀ ਵਨੀਲਾ ਨਾਲ ਬਣੀ ਆਈਸ-ਕ੍ਰੀਮ ਦਾ ਸੁਆਦ ਚੱਖੋਗੇ, ਤਾਂ ਵਨੀਲਾ ਦੇ ਲੰਬੇ ਇਤਿਹਾਸ ਅਤੇ ਇਸ ਨੂੰ ਤਿਆਰ ਕਰਨ ਵਿਚ ਲੱਗੀ ਮਿਹਨਤ ਬਾਰੇ ਜ਼ਰੂਰ ਸੋਚਣਾ!

[ਫੁਟਨੋਟ]

^ ਪੈਰਾ 4 ਵਨੀਲਾ ਕੇਂਦਰੀ ਅਮਰੀਕਾ ਦਾ ਵੀ ਮੂਲ ਪੌਦਾ ਹੈ।

^ ਪੈਰਾ 12 ਕਿਹਾ ਜਾਂਦਾ ਹੈ ਕਿ ਰੀਯੂਨੀਅਨ, ਮੈਲਾਗਾਸੀ, ਮਾੱਰਿਸ਼ੱਸ ਅਤੇ ਸੀਸ਼ਲਜ਼ ਦੇ ਵਨੀਲਾ ਖੇਤਾਂ ਵਿਚ ਲੱਗੇ ਸਾਰੇ ਪੌਦੇ ਉਸੇ ਇਕ ਮੂਲ ਪੌਦੇ ਤੋਂ ਕੱਟੀ ਗਈ ਕਲਮ ਤੋਂ ਆਏ ਹਨ ਜੋ ਪੈਰਿਸ ਦੇ ਜ਼੍ਹਾਰਡਨ ਡੇ ਪਲਾਂਟ ਨਾਮਕ ਬਾਗ਼ ਤੋਂ ਰੀਯੂਨੀਅਨ ਲਿਜਾਈ ਗਈ ਸੀ।

[ਸਫ਼ਾ 21 ਉੱਤੇ ਤਸਵੀਰਾਂ]

(ਖੱਬੇ ਪਾਸੇ) ਇਕ ਟੋਟੋਨੈਕ ਇੰਡੀਅਨ ਫੁੱਲਾਂ ਨੂੰ ਪਰਾਗਿਤ ਕਰਦੀ ਹੋਈ ਅਤੇ (ਸੱਜੇ ਪਾਸੇ) ਸੁਕਾਉਣ ਮਗਰੋਂ ਵਨੀਲਾ ਫਲੀਆਂ ਨੂੰ ਵੱਖ-ਵੱਖ ਕੀਤਾ ਜਾਂਦਾ ਹੈ। (ਹੇਠਾਂ) ਵਨੀਲਾ ਓਰਕਿਡ

[ਕ੍ਰੈਡਿਟ ਲਾਈਨ]

Copyright Fulvio Eccardi/vsual.com