Skip to content

Skip to table of contents

ਸਦਾ ਲਈ ਸ਼ਾਂਤੀ ਕੌਣ ਲਿਆਵੇਗਾ?

ਸਦਾ ਲਈ ਸ਼ਾਂਤੀ ਕੌਣ ਲਿਆਵੇਗਾ?

ਸਦਾ ਲਈ ਸ਼ਾਂਤੀ ਕੌਣ ਲਿਆਵੇਗਾ?

ਦੁਨੀਆਂ ਦੇ ਵੱਖੋ-ਵੱਖਰੇ ਧਰਮਾਂ ਦੇ ਆਗੂਆਂ ਦੁਆਰਾ ਸ਼ਾਂਤੀ ਲਈ ਕੀਤੀਆਂ ਪ੍ਰਾਰਥਨਾਵਾਂ ਦਾ ਪਰਮੇਸ਼ੁਰ ਨੇ ਜਵਾਬ ਕਿਉਂ ਨਹੀਂ ਦਿੱਤਾ? ਬਾਈਬਲ ਇਸ ਦਾ ਦਿਲਚਸਪ ਜਵਾਬ ਦਿੰਦੀ ਹੈ। ਜੇ ਪਰਮੇਸ਼ੁਰ ਨੇ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਨਹੀਂ ਦਿੱਤਾ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਸ ਨੂੰ ਸ਼ਾਂਤੀ ਲਿਆਉਣ ਵਿਚ ਕੋਈ ਦਿਲਚਸਪੀ ਨਹੀਂ ਹੈ। ਉਹ ਸ਼ਾਂਤੀ ਲਿਆਉਣ ਵਿਚ ਪਾਦਰੀਆਂ ਨਾਲੋਂ ਕਿਤੇ ਜ਼ਿਆਦਾ ਦਿਲਚਸਪੀ ਰੱਖਦਾ ਹੈ। ਦਰਅਸਲ, ਪਰਮੇਸ਼ੁਰ ਨੇ ਦੁਨੀਆਂ ਭਰ ਵਿਚ ਸ਼ਾਂਤੀ ਲਿਆਉਣ ਦੇ ਪਹਿਲਾਂ ਹੀ ਪੱਕੇ ਇੰਤਜ਼ਾਮ ਕੀਤੇ ਹੋਏ ਹਨ ਤੇ ਉਸ ਨੇ ਢੁਕਵੇਂ ਕਦਮ ਵੀ ਚੁੱਕੇ ਹਨ। ਉਸ ਨੇ ਆਪਣੇ ਇਰਾਦਿਆਂ ਬਾਰੇ ਸਾਫ਼-ਸਾਫ਼ ਮਨੁੱਖਜਾਤੀ ਨੂੰ ਦੱਸਿਆ ਹੈ। ਪਰ ਦੁੱਖ ਦੀ ਗੱਲ ਹੈ ਕਿ ਦੁਨੀਆਂ ਦੇ ਧਰਮਾਂ ਨੇ ਪਰਮੇਸ਼ੁਰ ਦੀ ਗੱਲ ਸੁਣਨ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ।

ਪਰਮੇਸ਼ੁਰ ਨੇ ਕਾਫ਼ੀ ਸਮਾਂ ਪਹਿਲਾਂ ਇਕ “ਸੰਤਾਨ” ਜਾਂ ਹਾਕਮ ਦਾ ਵਾਅਦਾ ਕੀਤਾ ਸੀ ਜਿਸ ਬਾਰੇ ਬਾਈਬਲ ਵਿਚ ਕਾਫ਼ੀ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਕੌਣ ਹੋਵੇਗਾ। (ਉਤਪਤ 3:15; 22:18; 49:10) ਨਬੀ ਯਸਾਯਾਹ ਨੇ ਇਸ ਆਗੂ ਬਾਰੇ ਖ਼ਾਸ ਭਵਿੱਖਬਾਣੀਆਂ ਲਿਖੀਆਂ ਸਨ। ਇਕ ਭਵਿੱਖਬਾਣੀ ਵਿਚ ਉਸ ਨੇ ਲਿਖਿਆ ਸੀ ਕਿ ਉਹ ਧਰਤੀ ਉੱਤੇ “ਸ਼ਾਂਤੀ ਦਾ ਰਾਜ ਕੁਮਾਰ” ਬਣੇਗਾ ਅਤੇ ਉਸ ਦੀ ਹਕੂਮਤ ਵਿਚ “ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ।” (ਯਸਾਯਾਹ 9:6, 7) ਸਵਰਗੀ ਹਾਕਮ ਹੋਣ ਦੇ ਨਾਤੇ, ਉਹ ਦੁਸ਼ਟਤਾ ਨੂੰ ਖ਼ਤਮ ਕਰ ਕੇ ਇਸ ਧਰਤੀ ਨੂੰ ਫਿਰਦੌਸ ਵਿਚ ਬਦਲ ਦੇਵੇਗਾ ਜਿੱਥੇ ਨਾ ਬੇਇਨਸਾਫ਼ੀ, ਬੀਮਾਰੀ, ਗ਼ਰੀਬੀ ਜਾਂ ਮੌਤ ਹੋਵੇਗੀ। ਇਸ ਦੀ ਬਜਾਇ, ਹਮੇਸ਼ਾ ਲਈ ਸ਼ਾਂਤੀ ਹੋਵੇਗੀ ਤੇ ਚੰਗੇ ਲੋਕਾਂ ਨੂੰ ਸਦਾ ਦੀ ਜ਼ਿੰਦਗੀ ਮਿਲੇਗੀ। (ਜ਼ਬੂਰਾਂ ਦੀ ਪੋਥੀ 72:3, 7, 16; ਯਸਾਯਾਹ 33:24; 35:5, 6; ਦਾਨੀਏਲ 2:44; ਪਰਕਾਸ਼ ਦੀ ਪੋਥੀ 21:4) ਇਹ ਸਭ ਕਦੋਂ ਹੋਵੇਗਾ?

ਜਲਦੀ ਹੀ ਦੁਨੀਆਂ ਭਰ ਵਿਚ ਸ਼ਾਂਤੀ ਹੋਵੇਗੀ

ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਸੀ ਕਿ ਇਸ ਦੁਨੀਆਂ ਦਾ ਅੰਤ ਹੋਣ ਤੋਂ ਪਹਿਲਾਂ ਅਜਿਹੀਆਂ ਘਟਨਾਵਾਂ ਵਾਪਰਨਗੀਆਂ ਜੋ ਦੁਨੀਆਂ ਨੂੰ ਹਿਲਾ ਕੇ ਰੱਖ ਦੇਣਗੀਆਂ। ਇਸ ਤੋਂ ਬਾਅਦ ਨਵਾਂ ਸਮਾਜ ਬਣੇਗਾ। ਇਹ ਦੋਵੇਂ ਗੱਲਾਂ ਇੱਕੋ ਯੁਗ ਵਿਚ ਹੋਣਗੀਆਂ। (ਮੱਤੀ 24:3, 7-13) ਲੜਾਈਆਂ, ਭੁੱਖਮਰੀ ਤੇ ਭੁਚਾਲ ਵਰਗੀਆਂ ਘਟਨਾਵਾਂ ਹਰ ਯੁਗ ਵਿਚ ਸਮੇਂ-ਸਮੇਂ ਤੇ ਹੁੰਦੀਆਂ ਆਈਆਂ ਹਨ, ਪਰ ਇਹ ਕਦੇ ਵੀ ਇਸ ਤਰ੍ਹਾਂ ਮਨੁੱਖਜਾਤੀ ਉੱਤੇ ਇਕੱਠੀਆਂ ਨਹੀਂ ਆਈਆਂ ਜਿਸ ਤਰ੍ਹਾਂ ਇਹ ਅੱਜ ਸਾਡੇ ਜ਼ਮਾਨੇ ਵਿਚ ਦੁਨੀਆਂ ਭਰ ਦੇ ਲੋਕਾਂ ਉੱਤੇ ਆ ਰਹੀਆਂ ਹਨ। ਇਨ੍ਹਾਂ ਬਿਪਤਾਵਾਂ ਦੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਭਿਆਨਕ ਅਸਰ ਪੈ ਰਹੇ ਹਨ ਕਿਉਂਕਿ ਧਰਤੀ ਉੱਤੇ ਕਾਫ਼ੀ ਆਬਾਦੀ ਵਧ ਚੁੱਕੀ ਹੈ।

ਬਾਈਬਲ ਵਿਚ ਇਹ ਵੀ ਪਹਿਲਾਂ ਹੀ ਦੱਸਿਆ ਗਿਆ ਹੈ ਕਿ ਇਨਸਾਨ ਧਰਤੀ ਦੇ ਵਾਤਾਵਰਣ ਨੂੰ ਵਿਗਾੜਨਗੇ। (ਪਰਕਾਸ਼ ਦੀ ਪੋਥੀ 11:18) ਇਸ ਤੋਂ ਇਲਾਵਾ, ਅੰਤ ਆਉਣ ਤੋਂ ਪਹਿਲਾਂ ਸਾਰੀ ਦੁਨੀਆਂ ਵਿਚ ਚੇਤਾਵਨੀ ਦਿੱਤੀ ਜਾਣੀ ਹੈ ਤੇ ‘ਰਾਜ ਦੀ ਖ਼ੁਸ਼ ਖ਼ਬਰੀ’ ਦਾ ਪ੍ਰਚਾਰ ਵੀ ਕੀਤਾ ਜਾਣਾ ਹੈ। ਅੱਜ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ਇਹ ਕੰਮ ਕਰ ਰਹੇ ਹਨ।​—ਮੱਤੀ 24:14.

ਇਹ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਹੋਣ ਤੋਂ ਬਾਅਦ ਵਫ਼ਾਦਾਰ ਮਨੁੱਖਜਾਤੀ ਨੂੰ ਖ਼ੁਸ਼ੀਆਂ ਮਿਲਣਗੀਆਂ। ਵਾਅਦਾ ਕੀਤੀ ਹੋਈ ਨਵੀਂ ਦੁਨੀਆਂ ਵਿਚ ਜਲਦੀ ਹੀ ਸ਼ਾਂਤੀ ਆਉਣ ਵਾਲੀ ਹੈ! ਇਸ ਦੁਨੀਆਂ ਵਿਚ ਨਫ਼ਰਤ ਅਤੇ ਅੱਤਵਾਦ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਵੇਗਾ। ਬਾਈਬਲ ਦੱਸਦੀ ਹੈ: “ਮੇਰੇ ਸਾਰੇ ਪਵਿੱਤ੍ਰ ਪਰਬਤ ਵਿੱਚ ਓਹ ਨਾ ਸੱਟ ਲਾਉਣਗੇ ਨਾ ਨਾਸ ਕਰਨਗੇ, ਕਿਉਂ ਜੋ ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।”​—ਯਸਾਯਾਹ 11:9.

ਪਰਮੇਸ਼ੁਰ ਕਿਹੜੀਆਂ ਪ੍ਰਾਰਥਨਾਵਾਂ ਸੁਣਦਾ ਹੈ?

ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਕੋਈ ਵਿਅਰਥ ਕੰਮ ਜਾਂ ਦਿਖਾਵਾ ਨਹੀਂ ਹੈ। ਬਾਈਬਲ ਵਿਚ ਯਹੋਵਾਹ ਨੂੰ ‘ਪ੍ਰਾਰਥਨਾ ਦਾ ਸੁਣਨ ਵਾਲਾ’ ਕਿਹਾ ਗਿਆ ਹੈ। (ਜ਼ਬੂਰਾਂ ਦੀ ਪੋਥੀ 65:2) ਯਹੋਵਾਹ ਹਰ ਰੋਜ਼ ਨੇਕ ਲੋਕਾਂ ਦੁਆਰਾ ਕੀਤੀਆਂ ਜਾਂਦੀਆਂ ਅਣਗਿਣਤ ਪ੍ਰਾਰਥਨਾਵਾਂ ਸੁਣਦਾ ਹੈ। ਕੀ ਸਾਡੀਆਂ ਪ੍ਰਾਰਥਨਾਵਾਂ ਸੁਣੇ ਜਾਣ ਲਈ ਸਾਨੂੰ ਕੋਈ ਮੰਗਾਂ ਪੂਰੀਆਂ ਕਰਨ ਦੀ ਲੋੜ ਹੈ? ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਬਾਰੇ ਸੱਚਾਈ ਸਿੱਖਣ ਵਾਲੇ ਨੇਕ ਲੋਕਾਂ ਨੂੰ ਅਜਿਹੇ “ਸੱਚੇ ਭਗਤ” ਬਣਨ ਦੀ ਲੋੜ ਹੈ ਜੋ “ਆਤਮਾ ਅਰ ਸਚਿਆਈ” ਨਾਲ ਉਸ ਦੀ ਭਗਤੀ ਕਰਦੇ ਹਨ। (ਯੂਹੰਨਾ 4:23) ਪਰਮੇਸ਼ੁਰ ਉਨ੍ਹਾਂ ਪ੍ਰਾਰਥਨਾਵਾਂ ਨੂੰ ਨਹੀਂ ਸੁਣਦਾ ਜੋ ਉਸ ਦੀ ਇੱਛਾ ਅਨੁਸਾਰ ਨਹੀਂ ਹਨ ਕਿਉਂਕਿ “ਜਿਹੜਾ [ਉਸ ਦੀ] ਬਿਵਸਥਾ ਨੂੰ ਸੁਣਨ ਤੋਂ ਕੰਨ ਫੇਰ ਲੈਂਦਾ ਹੈ, ਉਹ ਦੀ ਪ੍ਰਾਰਥਨਾ ਵੀ ਘਿਣਾਉਣੀ ਹੁੰਦੀ ਹੈ।”​—ਕਹਾਉਤਾਂ 28:9.

ਦੁੱਖ ਦੀ ਗੱਲ ਹੈ ਕਿ ਅੱਜ ਬਹੁਤ ਸਾਰੇ ਧਾਰਮਿਕ ਆਗੂ ਪਰਮੇਸ਼ੁਰ ਦੇ ਸ਼ਾਂਤੀ ਲਿਆਉਣ ਦੇ ਮਕਸਦ ਬਾਰੇ ਨਾ ਤਾਂ ਲੋਕਾਂ ਨੂੰ ਸਿਖਾਉਂਦੇ ਹਨ ਤੇ ਨਾ ਹੀ ਇਸ ਬਾਰੇ ਪ੍ਰਾਰਥਨਾ ਕਰਦੇ ਹਨ। ਇਸ ਦੀ ਬਜਾਇ, ਉਹ ਮਨੁੱਖੀ ਸਰਕਾਰਾਂ ਲਈ ਪ੍ਰਾਰਥਨਾ ਕਰਦੇ ਹਨ ਕਿ ਇਹ ਸਰਕਾਰਾਂ ਮੁਸ਼ਕਲਾਂ ਦਾ ਹੱਲ ਕਰ ਸਕਣ। ਪਰ ਪਰਮੇਸ਼ੁਰ ਦਾ ਬਚਨ ਸਾਫ਼-ਸਾਫ਼ ਕਹਿੰਦਾ ਹੈ ਕਿ ‘ਏਹ ਮਨੁੱਖ ਦੇ ਵੱਸ ਨਹੀਂ ਕਿ ਉਹ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।’​—ਯਿਰਮਿਯਾਹ 10:23.

ਇਹ ਭਵਿੱਖਬਾਣੀ ਕੀਤੀ ਗਈ ਸੀ ਕਿ ਸਾਡੇ ਜ਼ਮਾਨੇ ਵਿਚ ਯਾਨੀ “ਆਖਰੀ ਦਿਨਾਂ ਦੇ ਵਿਚ” ਸ਼ਾਂਤੀ ਦੇ ਪ੍ਰੇਮੀ ਸੱਚੀ ਭਗਤੀ ਕਰਨ ਲਈ ‘ਯਹੋਵਾਹ ਦੇ ਭਵਨ ਦੇ ਪਰਬਤ’ ਵੱਲ ਆਉਣਗੇ। ਇਹ ਲੋਕ ਆਪਣੀਆਂ ਜ਼ਿੰਦਗੀਆਂ ਵਿਚ ਅਜਿਹੀਆਂ ਵੱਡੀਆਂ ਤਬਦੀਲੀਆਂ ਕਰਨਗੇ: “ਓਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ, ਅਤੇ ਆਪਣੇ ਬਰਛਿਆਂ ਨੂੰ ਦਾਤ। ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ।”​—ਯਸਾਯਾਹ 2:2-4.

ਕੀ ਅੱਜ ਅਜਿਹੇ ਭਗਤ ਹਨ ਜੋ ਇਨ੍ਹਾਂ ਸ਼ਬਦਾਂ ਮੁਤਾਬਕ ਜੀਉਣ ਦੀ ਕੋਸ਼ਿਸ਼ ਕਰ ਰਹੇ ਹਨ? ਜਾਂ ਕੀ ਸਾਰੇ ਧਰਮ ਸ਼ਾਂਤੀ ਬਾਰੇ ਸਿਰਫ਼ ਗੱਲਾਂ ਹੀ ਕਰਦੇ ਹਨ, ਪਰ ਅਸਲ ਵਿਚ ਲੜਾਈਆਂ ਨੂੰ ਹੱਲਾਸ਼ੇਰੀ ਦਿੰਦੇ ਹਨ? ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਅਗਲੀ ਵਾਰ ਯਹੋਵਾਹ ਦੇ ਗਵਾਹਾਂ ਨੂੰ ਮਿਲਣ ਸਮੇਂ ਉਨ੍ਹਾਂ ਨਾਲ ਸ਼ਾਂਤੀ ਦੇ ਵਿਸ਼ੇ ਉੱਤੇ ਗੱਲਬਾਤ ਕਰੋ ਅਤੇ ਸਿੱਖੋ ਕਿ ਕਿਹੜਾ ਧਰਮ ਲੋਕਾਂ ਨੂੰ ਸਾਰਿਆਂ ਨਾਲ ਸ਼ਾਂਤੀ ਰੱਖਣ ਦੀ ਸਿੱਖਿਆ ਦਿੰਦਾ ਹੈ।