Skip to content

Skip to table of contents

ਸੁਣੋ ਤੇ ਸਿੱਖੋ

ਸੁਣੋ ਤੇ ਸਿੱਖੋ

ਸੁਣੋ ਤੇ ਸਿੱਖੋ

“ਅਸੀਂ ਜੋ ਕੁਝ ਜਾਣਦੇ ਹਾਂ, ਉਸ ਦਾ 85 ਪ੍ਰਤਿਸ਼ਤ ਅਸੀਂ ਸੁਣਨ ਦੁਆਰਾ ਸਿੱਖਿਆ ਹੈ,” ਟੋਰੌਂਟੋ ਸਟਾਰ ਅਖ਼ਬਾਰ ਦੀ ਇਕ ਰਿਪੋਰਟ ਕਹਿੰਦੀ ਹੈ। ਭਾਵੇਂ ਅਸੀਂ ਜ਼ਿਆਦਾਤਰ ਸਮਾਂ ਕੁਝ-ਨਾ-ਕੁਝ ਸੁਣਦੇ ਰਹਿੰਦੇ ਹਾਂ, ਪਰ ਅਕਸਰ ਸਾਡਾ ਧਿਆਨ ਭਟਕ ਜਾਂਦਾ ਹੈ ਜਾਂ ਅਸੀਂ ਆਪਣੀਆਂ ਸੋਚਾਂ ਵਿਚ ਗੁਆਚੇ ਰਹਿੰਦੇ ਹਾਂ ਜਾਂ ਅਸੀਂ ਸੁਣੀਆਂ ਗੱਲਾਂ ਵਿੱਚੋਂ 75 ਪ੍ਰਤਿਸ਼ਤ ਗੱਲਾਂ ਭੁੱਲ ਜਾਂਦੇ ਹਾਂ। ਇਹ ਦਿਲਚਸਪ ਅੰਕੜੇ ਇਸ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਸਾਨੂੰ ਪੂਰਾ ਧਿਆਨ ਦੇ ਕੇ ਸੁਣਨ ਦੀ ਲੋੜ ਹੈ।

ਇਹੋ ਰਿਪੋਰਟ ਅੱਗੇ ਕਹਿੰਦੀ ਹੈ ਕਿ “ਸਮਾਜ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਇਸ ਕਰਕੇ ਪੈਦਾ ਹੁੰਦੀਆਂ ਹਨ ਕਿ ਲੋਕ ਦੂਸਰਿਆਂ ਦੀ ਗੱਲ ਨੂੰ ਧਿਆਨ ਨਾਲ ਨਹੀਂ ਸੁਣਦੇ।” ਬੋਲਣ ਨਾਲ ਸੰਬੰਧਿਤ ਰੋਗਾਂ ਅਤੇ ਸੰਚਾਰ ਮਾਹਰ, ਰਿਬੈਕਾ ਸ਼ੇਫ਼ਰ ਦਾ ਕਹਿਣਾ ਹੈ ਕਿ ਇਹੋ ਗੱਲ ਅਕਸਰ ਆਤਮ-ਹੱਤਿਆਵਾਂ, ਸਕੂਲ ਵਿਚ ਹਿੰਸਾ, ਪਰਿਵਾਰਾਂ ਦੇ ਟੁੱਟਣ ਅਤੇ ਨਸ਼ਿਆਂ ਦੀ ਜੜ੍ਹ ਹੁੰਦੀ ਹੈ।

ਸਮਾਜ-ਵਿਗਿਆਨੀ ਕਹਿੰਦੇ ਹਨ ਕਿ ਵੱਖ-ਵੱਖ ਲੋਕਾਂ ਦਾ ਸੁਣਨ ਦਾ ਤਰੀਕਾ ਵੱਖੋ-ਵੱਖਰਾ ਹੁੰਦਾ ਹੈ। ਕੁਝ ਲੋਕ ਦੂਸਰਿਆਂ ਵਿਚ ਗਹਿਰੀ ਦਿਲਚਸਪੀ ਲੈਂਦੇ ਹਨ ਅਤੇ ਉਨ੍ਹਾਂ ਦੀ ਕਹਾਣੀ ਦਾ ਇਕ-ਇਕ ਵੇਰਵਾ ਸੁਣਨ ਲਈ ਬੇਸਬਰੇ ਹੁੰਦੇ ਹਨ। ਪਰ ਦੂਸਰੇ ਲੋਕ ਘੁਮਾ-ਫਿਰਾ ਕੇ ਕਹੀ ਗੱਲ ਸੁਣਨ ਦੀ ਬਜਾਇ ਸਿਰਫ਼ ਮਤਲਬ ਦੀ ਹੀ ਗੱਲ ਸੁਣਨੀ ਚਾਹੁੰਦੇ ਹਨ। “ਇਸ ਲਈ, ਜਦੋਂ ਇਹ ਦੋ ਪ੍ਰਕਾਰ ਦੇ ਲੋਕ ਆਪਸ ਵਿਚ ਗੱਲਬਾਤ ਕਰਦੇ ਹਨ, ਤਾਂ ਸ਼ਾਇਦ ਉਹ ਇਕ ਦੂਸਰੇ ਦੇ ਵਿਚਾਰਾਂ ਨੂੰ ਸੁਣਨ ਤੇ ਸਮਝਣ ਵਿਚ ਨਾਕਾਮ ਹੋ ਜਾਣ,” ਸਟਾਰ ਕਹਿੰਦਾ ਹੈ।

ਇਸੇ ਲਈ ਯਿਸੂ ਨੇ ਤਾਕੀਦ ਕੀਤੀ ਸੀ ਕਿ “ਚੌਕਸ ਰਹੋ ਜੋ ਕਿਸ ਤਰਾਂ ਸੁਣਦੇ ਹੋ।” (ਟੇਢੇ ਟਾਈਪ ਸਾਡੇ।) (ਲੂਕਾ 8:18) ਦੂਸਰਿਆਂ ਦੀ ਗੱਲ ਨੂੰ ਧਿਆਨ ਨਾਲ ਸੁਣਨਾ ਸ਼ਿਸ਼ਟਾਚਾਰ ਹੈ। ਚੰਗੀ ਤਰ੍ਹਾਂ ਨਾਲ ਵਿਚਾਰ-ਵਟਾਂਦਰਾ ਕਰਨ ਲਈ ਦੂਸਰਿਆਂ ਦੀ ਗੱਲ ਸੁਣਨੀ ਬਹੁਤ ਜ਼ਰੂਰੀ ਹੈ। ਦੂਸਰਿਆਂ ਦੀ ਗੱਲ ਨੂੰ ਧਿਆਨ ਨਾਲ ਸੁਣਨ ਲਈ ਇਹ ਕੁਝ ਚੰਗੇ ਸੁਝਾਅ ਦਿੱਤੇ ਗਏ ਹਨ: ਆਪਣੇ ਧਿਆਨ ਨੂੰ ਭਟਕਣ ਨਾ ਦਿਓ, ਗੱਲ ਕਰ ਰਹੇ ਵਿਅਕਤੀ ਵੱਲ ਥੋੜ੍ਹਾ ਜਿਹਾ ਝੁਕੋ ਅਤੇ ਉਨ੍ਹਾਂ ਦੇ ਨਾਲ ਨਜ਼ਰ ਮਿਲਾ ਕੇ ਅਤੇ ਸਮੇਂ-ਸਮੇਂ ਤੇ ਸਿਰ ਹਿਲਾ ਕੇ ਦਿਖਾਓ ਕਿ ਤੁਸੀਂ ਉਸ ਦੀ ਗੱਲ ਸੁਣ ਰਹੇ ਹੋ। ਜਿੰਨਾ ਅਸੀਂ ਧਿਆਨ ਨਾਲ ਸੁਣਦੇ ਹਾਂ, ਉੱਨਾ ਹੀ ਜ਼ਿਆਦਾ ਅਸੀਂ ਸਿੱਖਾਂਗੇ। ਇਸ ਲਈ ਸਾਨੂੰ ਸਾਰਿਆਂ ਨੂੰ ਪੂਰਾ ਧਿਆਨ ਦੇ ਕੇ ਦੂਸਰਿਆਂ ਦੀ ਗੱਲ ਸੁਣਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।