Skip to content

Skip to table of contents

ਅਫ਼ਰੀਕਾ ਵਿਚ ਏਡਜ਼ ਦਾ ਪਸਾਰ

ਅਫ਼ਰੀਕਾ ਵਿਚ ਏਡਜ਼ ਦਾ ਪਸਾਰ

ਅਫ਼ਰੀਕਾ ਵਿਚ ਏਡਜ਼ ਦਾ ਪਸਾਰ

“ਅਸੀਂ ਅੱਜ ਪੂਰੀ ਦੁਨੀਆਂ ਵਿਚ ਇਕ ਵੱਡੀ ਆਫ਼ਤ ਦਾ ਸਾਮ੍ਹਣਾ ਕਰ ਰਹੇ ਹਾਂ।”

ਅਫ਼ਰੀਕਾ ਵਿਚ ਐੱਚ. ਆਈ. ਵੀ. ਅਤੇ ਏਡਜ਼ ਦੀ ਸਮੱਸਿਆ ਨਾਲ ਨਜਿੱਠਣ ਲਈ ਯੂ. ਐੱਨ. ਵੱਲੋਂ ਘੱਲੇ ਗਏ ਖ਼ਾਸ ਦੂਤ ਸਟੀਵਨ ਲੂਇਸ ਨੇ ਇਹ ਸ਼ਬਦ ਕਹੇ ਸਨ। ਉਸ ਦੇ ਸ਼ਬਦਾਂ ਤੋਂ ਸਾਫ਼ ਪਤਾ ਚੱਲਦਾ ਹੈ ਕਿ ਅਫ਼ਰੀਕਾ ਦੇ ਉਪ-ਸਹਾਰਾ ਦੇਸ਼ਾਂ ਵਿਚ ਏਡਜ਼ ਨਾਂ ਦੀ ਆਫ਼ਤ ਬਹੁਤ ਲੋਕਾਂ ਲਈ ਚਿੰਤਾ ਦਾ ਕਾਰਨ ਬਣੀ ਹੋਈ ਹੈ।

ਐੱਚ. ਆਈ. ਵੀ. ਫੈਲਣ ਦੇ ਕਈ ਕਾਰਨ ਹਨ। ਏਡਜ਼ ਕਰਕੇ ਦੂਸਰੀਆਂ ਸਮੱਸਿਆਵਾਂ ਹੋਰ ਗੰਭੀਰ ਹੋ ਜਾਂਦੀਆਂ ਹਨ। ਅਫ਼ਰੀਕਾ ਦੇ ਕੁਝ ਦੇਸ਼ਾਂ ਅਤੇ ਦੁਨੀਆਂ ਦੇ ਹੋਰ ਦੇਸ਼ਾਂ ਵਿਚ ਜਿਨ੍ਹਾਂ ਹਾਲਤਾਂ ਕਰਕੇ ਏਡਜ਼ ਫੈਲਦੀ ਹੈ, ਉਨ੍ਹਾਂ ਦਾ ਸੰਬੰਧ ਅਕਸਰ ਹੇਠਾਂ ਦਿੱਤੀਆਂ ਗੱਲਾਂ ਨਾਲ ਹੁੰਦਾ ਹੈ।

ਨੈਤਿਕਤਾ: ਐੱਚ. ਆਈ. ਵੀ. ਸਹੇੜਨ ਦਾ ਮੁੱਖ ਜ਼ਰੀਆ ਜਿਨਸੀ ਸੰਬੰਧ ਹੁੰਦਾ ਹੈ, ਇਸ ਲਈ ਨੈਤਿਕ ਮਿਆਰਾਂ ਦੀ ਘਾਟ ਇਸ ਬੀਮਾਰੀ ਦੇ ਫੈਲਣ ਵਿਚ ਮਦਦ ਕਰਦੀ ਹੈ। ਪਰ ਕਈ ਲੋਕ ਮਹਿਸੂਸ ਕਰਦੇ ਹਨ ਕਿ ਅਣਵਿਆਹੇ ਲੋਕਾਂ ਨੂੰ ਜਿਨਸੀ ਸੰਬੰਧ ਨਾ ਰੱਖਣ ਦੀ ਸਲਾਹ ਦੇਣੀ ਸਹੀ ਨਹੀਂ ਹੈ। ਜੋਹਾਨਸਬਰਗ, ਦੱਖਣੀ ਅਫ਼ਰੀਕਾ ਦੀ ਅਖ਼ਬਾਰ ਦ ਸਟਾਰ ਵਿਚ ਫ਼ਰਾਂਸਵੌ ਡੂਫ਼ਰ ਲਿਖਦਾ ਹੈ: “ਨੌਜਵਾਨਾਂ ਨੂੰ ਸਿਰਫ਼ ਇਹ ਕਹਿਣਾ ਕਾਫ਼ੀ ਨਹੀਂ ਹੈ ਕਿ ਉਹ ਨਾਜਾਇਜ਼ ਸੰਬੰਧ ਨਾ ਰੱਖਣ। ਉਹ ਹਰ ਰੋਜ਼ ਅਨੈਤਿਕ ਲੋਕਾਂ ਦੀਆਂ ਮਿਸਾਲਾਂ ਦੇਖਦੇ ਹਨ ਜੋ ਉਨ੍ਹਾਂ ਦੇ ਲਿਬਾਸ ਤੇ ਹਾਰ-ਸ਼ਿੰਗਾਰ ਅਤੇ ਆਚਰਣ ਉੱਤੇ ਡੂੰਘਾ ਅਸਰ ਪਾਉਂਦੇ ਹਨ।”

ਨੌਜਵਾਨਾਂ ਦਾ ਆਚਰਣ ਇਸ ਗੱਲ ਦੀ ਹਾਮੀ ਭਰਦਾ ਹੈ। ਮਿਸਾਲ ਲਈ, ਇਕ ਦੇਸ਼ ਵਿਚ ਕੀਤੇ ਗਏ ਸਰਵੇਖਣ ਨੇ ਦਿਖਾਇਆ ਕਿ 12 ਤੋਂ ਲੈ ਕੇ 17 ਸਾਲ ਦੀ ਉਮਰ ਦੇ ਲਗਭਗ ਇਕ-ਤਿਹਾਈ ਨੌਜਵਾਨ ਨਾਜਾਇਜ਼ ਸੰਬੰਧ ਕਾਇਮ ਕਰ ਚੁੱਕੇ ਹਨ।

ਦੱਖਣੀ ਅਫ਼ਰੀਕਾ ਵਿਚ ਬਲਾਤਕਾਰ ਨੂੰ ਇਕ ਕੌਮੀ ਬਿਪਤਾ ਕਿਹਾ ਗਿਆ ਹੈ। ਜੋਹਾਨਸਬਰਗ ਦੀ ਸਿਟੀਜ਼ਨ ਅਖ਼ਬਾਰ ਵਿਚ ਇਕ ਨਿਊਜ਼ ਰਿਪੋਰਟ ਨੇ ਕਿਹਾ ਕਿ “ਇਸ ਦੇਸ਼ ਦੀਆਂ ਔਰਤਾਂ ਅਤੇ ਵਧਦੀ ਗਿਣਤੀ ਵਿਚ ਬੱਚਿਆਂ ਦੀ ਸਿਹਤ ਨੂੰ ਜਿੰਨਾ ਖ਼ਤਰਾ ਬਲਾਤਕਾਰ ਤੋਂ ਹੈ, ਉੱਨਾ ਹੋਰ ਕਿਸੇ ਸਮੱਸਿਆ ਤੋਂ ਨਹੀਂ ਹੈ।” ਇਹੋ ਲੇਖ ਅੱਗੇ ਕਹਿੰਦਾ ਹੈ: “ਹਾਲ ਹੀ ਵਿਚ ਬੱਚਿਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਦੁਗਣੀਆਂ ਹੋ ਗਈਆਂ ਹਨ . . . ਲੋਕ ਇਸ ਕਰਕੇ ਬੱਚਿਆਂ ਉੱਤੇ ਇਹ ਜ਼ੁਲਮ ਢਾਹੁੰਦੇ ਹਨ ਕਿਉਂਕਿ ਉਹ ਸੋਚਦੇ ਹਨ ਕਿ ਬੱਚਿਆਂ ਨਾਲ ਬਲਾਤਕਾਰ ਕਰਨ ਨਾਲ ਐੱਚ. ਆਈ. ਵੀ. ਨਾਲ ਪੀੜਿਤ ਵਿਅਕਤੀ ਠੀਕ ਹੋ ਜਾਂਦੇ ਹਨ।”

ਜਿਨਸੀ ਬੀਮਾਰੀਆਂ: ਉਪ-ਸਹਾਰਾ ਦੇਸ਼ਾਂ ਵਿਚ ਜਿਨਸੀ ਬੀਮਾਰੀਆਂ ਦੀ ਦਰ ਬਹੁਤ ਉੱਚੀ ਹੈ। ਸਾਊਥ ਅਫ਼ਰੀਕਨ ਮੈਡੀਕਲ ਜਰਨਲ ਨੇ ਕਿਹਾ: “ਜੇ ਕਿਸੇ ਨੂੰ ਜਿਨਸੀ ਬੀਮਾਰੀ ਹੈ, ਤਾਂ ਉਸ ਨੂੰ ਐੱਚ. ਆਈ. ਵੀ.-1 ਲੱਗਣ ਦਾ ਖ਼ਤਰਾ 2 ਤੋਂ 5 ਗੁਣਾ ਵਧ ਜਾਂਦਾ ਹੈ।”

ਗ਼ਰੀਬੀ: ਅਫ਼ਰੀਕਾ ਦੇ ਕਈ ਦੇਸ਼ ਗ਼ਰੀਬੀ ਨਾਲ ਜੂਝ ਰਹੇ ਹਨ ਜਿਸ ਕਰਕੇ ਅਜਿਹੇ ਹਾਲਾਤ ਪੈਦਾ ਹੁੰਦੇ ਹਨ ਜਿਨ੍ਹਾਂ ਵਿਚ ਏਡਜ਼ ਆਸਾਨੀ ਨਾਲ ਫੈਲਦੀ ਹੈ। ਕਈ ਵਿਕਾਸਸ਼ੀਲ ਦੇਸ਼ਾਂ ਵਿਚ ਬੁਨਿਆਦੀ ਸਹੂਲਤਾਂ ਨਹੀਂ ਹੁੰਦੀਆਂ ਜੋ ਵਿਕਸਿਤ ਦੇਸ਼ਾਂ ਵਿਚ ਆਮ ਹਨ। ਜ਼ਿਆਦਾਤਰ ਲੋਕਾਂ ਦੇ ਘਰਾਂ ਵਿਚ ਨਾ ਤਾਂ ਬਿਜਲੀ ਹੈ ਅਤੇ ਨਾ ਹੀ ਪੀਣ ਲਈ ਸਾਫ਼ ਪਾਣੀ। ਪੇਂਡੂ ਇਲਾਕਿਆਂ ਵਿਚ ਸੜਕਾਂ ਖ਼ਸਤੀ ਹਾਲਤ ਵਿਚ ਹੁੰਦੀਆਂ ਹਨ ਜਾਂ ਹੁੰਦੀਆਂ ਹੀ ਨਹੀਂ। ਕਈ ਲੋਕ ਕੁਪੋਸ਼ਣ ਦੇ ਸ਼ਿਕਾਰ ਹਨ ਅਤੇ ਡਾਕਟਰੀ ਸਹੂਲਤਾਂ ਨਾ ਹੋਣ ਦੇ ਬਰਾਬਰ ਹਨ।

ਵਪਾਰ ਤੇ ਉਦਯੋਗ ਉੱਤੇ ਵੀ ਏਡਜ਼ ਦਾ ਮਾੜਾ ਅਸਰ ਪੈਂਦਾ ਹੈ। ਖਾਣਾਂ ਵਿਚ ਕੰਮ ਕਰਨ ਵਾਲੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਹ ਬੀਮਾਰੀ ਲੱਗਣ ਕਰਕੇ ਕੰਪਨੀਆਂ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ। ਕੁਝ ਕੰਪਨੀਆਂ ਇਸ ਸਮੱਸਿਆ ਨਾਲ ਨਜਿੱਠਣ ਲਈ ਆਟੋਮੈਟਿਕ ਮਸ਼ੀਨਾਂ ਦੀ ਵਰਤੋਂ ਕਰਨ ਬਾਰੇ ਸੋਚ ਰਹੀਆਂ ਹਨ। ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਸਾਲ 2000 ਵਿਚ ਇਕ ਪਲੈਟੀਨਮ ਖਾਣ ਵਿਚ ਏਡਜ਼ ਨਾਲ ਪੀੜਿਤ ਮੁਲਾਜ਼ਮਾਂ ਦੀ ਗਿਣਤੀ ਲਗਭਗ ਦੁੱਗਣੀ ਹੋ ਗਈ ਸੀ ਅਤੇ ਲਗਭਗ 26 ਪ੍ਰਤਿਸ਼ਤ ਮੁਲਾਜ਼ਮ ਇਸ ਬੀਮਾਰੀ ਤੋਂ ਪੀੜਿਤ ਸਨ।

ਏਡਜ਼ ਦਾ ਸਭ ਤੋਂ ਦੁਖਦਾਈ ਨਤੀਜਾ ਇਹ ਨਿਕਲਦਾ ਹੈ ਕਿ ਏਡਜ਼ ਨਾਲ ਮਰਨ ਵਾਲੇ ਲੋਕਾਂ ਦੇ ਬੱਚੇ ਅਨਾਥ ਹੋ ਜਾਂਦੇ ਹਨ। ਮਾਪੇ ਅਤੇ ਪੈਸੇ-ਧੇਲੇ ਪੱਖੋਂ ਸੁਰੱਖਿਆ ਗੁਆਉਣ ਤੋਂ ਇਲਾਵਾ, ਇਨ੍ਹਾਂ ਬੱਚਿਆਂ ਨੂੰ ਏਡਜ਼ ਨਾਲ ਲੱਗੇ ਕਲੰਕ ਦਾ ਵੀ ਸਾਮ੍ਹਣਾ ਕਰਨਾ ਪੈਂਦਾ ਹੈ। ਉਨ੍ਹਾਂ ਦੇ ਰਿਸ਼ਤੇਦਾਰ ਜਾਂ ਤਬਕੇ ਦੇ ਲੋਕ ਅਕਸਰ ਆਪ ਹੀ ਗ਼ਰੀਬ ਹੋਣ ਕਰਕੇ ਉਨ੍ਹਾਂ ਦੀ ਮਦਦ ਕਰਨ ਦੇ ਯੋਗ ਨਹੀਂ ਹੁੰਦੇ ਜਾਂ ਮਦਦ ਕਰਨੀ ਹੀ ਨਹੀਂ ਚਾਹੁੰਦੇ। ਕਈ ਅਨਾਥਾਂ ਨੂੰ ਸਕੂਲ ਦੀ ਪੜ੍ਹਾਈ ਛੱਡਣੀ ਪੈਂਦੀ ਹੈ। ਕੁਝ ਆਪਣਾ ਪੇਟ ਪਾਲਣ ਲਈ ਵੇਸਵਾਗਮਨ ਦਾ ਸਹਾਰਾ ਲੈਂਦੇ ਹਨ ਜਿਸ ਕਾਰਨ ਏਡਜ਼ ਦੀ ਬੀਮਾਰੀ ਹੋਰ ਫੈਲਦੀ ਜਾਂਦੀ ਹੈ। ਕਈ ਦੇਸ਼ਾਂ ਵਿਚ ਸਰਕਾਰੀ ਜਾਂ ਗ਼ੈਰ-ਸਰਕਾਰੀ ਸੰਸਥਾਵਾਂ ਇਨ੍ਹਾਂ ਅਨਾਥਾਂ ਦੀ ਮਦਦ ਕਰ ਰਹੀਆਂ ਹਨ।

ਅਗਿਆਨਤਾ: ਐੱਚ. ਆਈ. ਵੀ. ਨਾਲ ਪੀੜਿਤ ਬਹੁਤ ਸਾਰੇ ਲੋਕ ਆਪਣੀ ਬੀਮਾਰੀ ਤੋਂ ਅਣਜਾਣ ਹੁੰਦੇ ਹਨ। ਇਸ ਬੀਮਾਰੀ ਨਾਲ ਲੱਗਣ ਵਾਲੇ ਕਲੰਕ ਕਰਕੇ ਕਈ ਲੋਕ ਆਪਣੀ ਜਾਂਚ ਕਰਾਉਣ ਤੋਂ ਡਰਦੇ ਹਨ। ਐੱਚ. ਆਈ. ਵੀ. ਅਤੇ ਏਡਜ਼ ਸੰਬੰਧੀ ਸੰਯੁਕਤ ਰਾਸ਼ਟਰ ਦੇ ਸਾਂਝੇ ਪ੍ਰੋਗ੍ਰਾਮ (UNAIDS) ਦੀ ਇਕ ਪ੍ਰੈੱਸ ਰਿਲੀਸ ਵਿਚ ਕਿਹਾ ਗਿਆ ਸੀ ਕਿ “ਜਿਨ੍ਹਾਂ ਲੋਕਾਂ ਨੂੰ ਐੱਚ. ਆਈ. ਵੀ. ਹੈ ਜਾਂ ਹੋਣ ਦਾ ਸ਼ੱਕ ਹੁੰਦਾ ਹੈ, ਉਨ੍ਹਾਂ ਦਾ ਹਸਪਤਾਲਾਂ ਵਿਚ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਲੋਕ ਉਨ੍ਹਾਂ ਨੂੰ ਕਿਰਾਏ ਉੱਤੇ ਮਕਾਨ ਜਾਂ ਨੌਕਰੀ ਨਹੀਂ ਦਿੰਦੇ, ਦੋਸਤ ਤੇ ਸਹਿਕਰਮੀ ਉਨ੍ਹਾਂ ਤੋਂ ਦੂਰ-ਦੂਰ ਰਹਿੰਦੇ ਹਨ। ਬੀਮਾ ਕੰਪਨੀਆਂ ਉਨ੍ਹਾਂ ਦਾ ਬੀਮਾ ਨਹੀਂ ਕਰਦੀਆਂ ਅਤੇ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਨਹੀਂ ਜਾਣ ਦਿੱਤਾ ਜਾਂਦਾ।” ਕਈ ਲੋਕਾਂ ਨੂੰ ਤਾਂ ਜਾਨੋਂ ਮਾਰ ਦਿੱਤਾ ਗਿਆ ਜਦੋਂ ਦੂਸਰਿਆਂ ਨੂੰ ਪਤਾ ਲੱਗਾ ਕਿ ਉਹ ਐੱਚ. ਆਈ. ਵੀ. ਅਤੇ ਪਾਜ਼ਿਟਿਵ ਸਨ।

ਸਭਿਆਚਾਰ: ਕਈ ਅਫ਼ਰੀਕੀ ਸਭਿਆਚਾਰਾਂ ਵਿਚ ਔਰਤ ਨੂੰ ਆਪਣੇ ਪਤੀ ਤੋਂ ਇਹ ਪੁੱਛਣ ਦਾ ਹੱਕ ਨਹੀਂ ਹੈ ਕਿ ਉਸ ਦੇ ਕਿਸੇ ਨਾਲ ਨਾਜਾਇਜ਼ ਸੰਬੰਧ ਤਾਂ ਨਹੀਂ। ਔਰਤਾਂ ਆਪਣੇ ਪਤੀਆਂ ਨਾਲ ਜਿਨਸੀ ਸੰਬੰਧ ਰੱਖਣ ਤੋਂ ਵੀ ਇਨਕਾਰ ਨਹੀਂ ਕਰ ਸਕਦੀਆਂ ਤੇ ਨਾ ਹੀ ਉਨ੍ਹਾਂ ਨੂੰ ਸੁਰੱਖਿਅਤ ਸੈਕਸ ਕਰਨ ਦਾ ਸੁਝਾਅ ਦੇ ਸਕਦੀਆਂ ਹਨ। ਉਨ੍ਹਾਂ ਦੇ ਸਭਿਆਚਾਰਕ ਵਿਚਾਰਾਂ ਤੋਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਉਨ੍ਹਾਂ ਨੂੰ ਏਡਜ਼ ਬਾਰੇ ਗਿਆਨ ਨਹੀਂ ਹੈ ਜਾਂ ਉਹ ਇਸ ਬਾਰੇ ਜਾਣਨਾ ਹੀ ਨਹੀਂ ਚਾਹੁੰਦੇ। ਮਿਸਾਲ ਲਈ, ਜਦੋਂ ਕਿਸੇ ਨੂੰ ਏਡਜ਼ ਹੋ ਜਾਂਦੀ ਹੈ, ਤਾਂ ਉਹ ਕਹਿੰਦੇ ਹਨ ਕਿ ਕਿਸੇ ਨੇ ਉਨ੍ਹਾਂ ਉੱਤੇ ਟੂਣਾ ਕਰ ਦਿੱਤਾ ਹੈ, ਇਸ ਲਈ ਉਹ ਟੂਣਾ-ਟੱਪਾ ਕਰਨ ਵਾਲਿਆਂ ਕੋਲੋਂ ਇਲਾਜ ਕਰਵਾਉਂਦੇ ਹਨ।

ਡਾਕਟਰੀ ਸਹੂਲਤਾਂ ਦੀ ਘਾਟ: ਅਫ਼ਰੀਕਾ ਵਿਚ ਤਾਂ ਪਹਿਲਾਂ ਹੀ ਡਾਕਟਰੀ ਸਹੂਲਤਾਂ ਦੀ ਘਾਟ ਸੀ, ਪਰ ਏਡਜ਼ ਫੈਲਣ ਨਾਲ ਉੱਥੇ ਦੇ ਹਾਲਾਤ ਹੋਰ ਵੀ ਖ਼ਰਾਬ ਹੋ ਗਏ ਹਨ। ਦੋ ਵੱਡੇ ਹਸਪਤਾਲਾਂ ਦੇ ਅਧਿਕਾਰੀ ਕਹਿੰਦੇ ਹਨ ਕਿ ਉਨ੍ਹਾਂ ਦੇ ਹਸਪਤਾਲਾਂ ਵਿਚ ਅੱਧੇ ਤੋਂ ਜ਼ਿਆਦਾ ਮਰੀਜ਼ ਐੱਚ. ਆਈ. ਵੀ. ਨਾਲ ਪੀੜਿਤ ਹਨ। ਕਵਾਜ਼ੂਲੂ-ਨਾਟਲ ਦੇ ਇਕ ਹਸਪਤਾਲ ਦੇ ਮੁੱਖ ਮੈਡੀਕਲ ਅਫ਼ਸਰ ਨੇ ਕਿਹਾ ਕਿ ਹਸਪਤਾਲ ਵਿਚ ਹੱਦੋਂ ਵੱਧ ਮਰੀਜ਼ ਹਨ। ਅਕਸਰ ਇਕ ਮੰਜੇ ਉੱਤੇ ਦੋ-ਦੋ ਮਰੀਜ਼ ਹੁੰਦੇ ਹਨ ਅਤੇ ਤੀਜਾ ਮਰੀਜ਼ ਮੰਜੇ ਹੇਠਾਂ ਜ਼ਮੀਨ ਉੱਤੇ ਲੰਮਾ ਪਾਇਆ ਹੁੰਦਾ ਹੈ!—ਸਾਊਥ ਅਫ਼ਰੀਕਨ ਮੈਡੀਕਲ ਜਰਨਲ।

ਅਫ਼ਰੀਕਾ ਵਿਚ ਹਾਲਾਤ ਬਹੁਤ ਹੀ ਖ਼ਰਾਬ ਹਨ, ਪਰ ਸਬੂਤ ਦਿਖਾਉਂਦੇ ਹਨ ਕਿ ਇਹ ਮਹਾਂਮਾਰੀ ਅਜੇ ਹੋਰ ਤਬਾਹੀ ਮਚਾ ਸਕਦੀ ਹੈ। UNAIDS ਪ੍ਰੋਗ੍ਰਾਮ ਦੇ ਪੀਟਰ ਪਿਯੋ ਨੇ ਕਿਹਾ ਸੀ ਕਿ “ਇਹ ਤਾਂ ਸਿਰਫ਼ ਸ਼ੁਰੂਆਤ ਹੀ ਹੈ।”

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਕੁਝ ਦੇਸ਼ ਇਸ ਬੀਮਾਰੀ ਨਾਲ ਨਜਿੱਠਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਜੂਨ 2001 ਵਿਚ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਪਹਿਲੀ ਵਾਰ ਐੱਚ. ਆਈ. ਵੀ. ਅਤੇ ਏਡਜ਼ ਉੱਤੇ ਚਰਚਾ ਕਰਨ ਲਈ ਖ਼ਾਸ ਕਾਨਫ਼ਰੰਸ ਬੁਲਾਈ ਸੀ। ਕੀ ਇਨਸਾਨਾਂ ਦੀ ਮਿਹਨਤ ਫਲ ਲਿਆਵੇਗੀ? ਕੀ ਏਡਜ਼ ਦੀ ਘਾਤਕ ਬੀਮਾਰੀ ਨੂੰ ਰੋਕਿਆ ਜਾ ਸਕਦਾ ਹੈ? (g02 11/08)

[ਸਫ਼ੇ 5 ਉੱਤੇ ਡੱਬੀ/​ਤਸਵੀਰ]

ਏਡਜ਼ ਲਈ ਨਿਵਾਇਰਪੀਨ ਨਾਮਕ ਦਵਾਈ ਅਤੇ ਦੱਖਣੀ ਅਫ਼ਰੀਕਾ ਦੀ ਦੁਚਿੱਤੀ

ਨਿਵਾਇਰਪੀਨ (Nevirapine) ਕੀ ਹੈ? ਪੱਤਰਕਾਰ ਨਿਕੋਲ ਇਟਾਨੋ ਦੇ ਅਨੁਸਾਰ, ਇਹ “ਇਕ ਰੈੱਟਰੋਵਾਇਰਸ-ਵਿਰੋਧੀ ਦਵਾਈ ਹੈ ਅਤੇ ਟੈੱਸਟਾਂ ਤੋਂ ਪਤਾ ਚੱਲਿਆ ਹੈ ਕਿ ਇਸ ਦਵਾਈ ਨਾਲ [ਮਾਂ ਤੋਂ] ਬੱਚੇ ਨੂੰ ਏਡਜ਼ ਲੱਗਣ ਦੀ ਸੰਭਾਵਨਾ 50 ਪ੍ਰਤਿਸ਼ਤ ਘੱਟ ਸਕਦੀ ਹੈ।” ਦਵਾਈਆਂ ਦੀ ਇਕ ਜਰਮਨ ਕੰਪਨੀ ਨੇ ਦੱਖਣੀ ਅਫ਼ਰੀਕਾ ਨੂੰ ਅਗਲੇ ਪੰਜ ਸਾਲਾਂ ਤਕ ਮੁਫ਼ਤ ਵਿਚ ਇਹ ਦਵਾਈ ਦੇਣ ਦੀ ਪੇਸ਼ਕਸ਼ ਕੀਤੀ ਸੀ। ਪਰ ਅਗਸਤ 2001 ਤਕ ਦੱਖਣੀ ਅਫ਼ਰੀਕਾ ਦੀ ਸਰਕਾਰ ਨੇ ਇਹ ਪੇਸ਼ਕਸ਼ ਸਵੀਕਾਰ ਨਹੀਂ ਕੀਤੀ ਸੀ। ਕਿਉਂ?

ਦੱਖਣੀ ਅਫ਼ਰੀਕਾ ਵਿਚ 47 ਲੱਖ ਲੋਕ ਐੱਚ. ਆਈ. ਵੀ. ਨਾਲ ਪੀੜਿਤ ਹਨ। ਇਹ ਗਿਣਤੀ ਦੁਨੀਆਂ ਦੇ ਹੋਰ ਕਿਸੇ ਵੀ ਦੇਸ਼ ਨਾਲੋਂ ਜ਼ਿਆਦਾ ਹੈ। ਫਰਵਰੀ 2002 ਵਿਚ ਦੀ ਇਕੌਨਮਿਸਟ ਨਾਮਕ ਲੰਡਨ ਦੀ ਅਖ਼ਬਾਰ ਨੇ ਕਿਹਾ ਸੀ ਕਿ ਦੱਖਣੀ ਅਫ਼ਰੀਕਾ ਦਾ ਰਾਸ਼ਟਰਪਤੀ ਟੌਬੋ ਮਬੇਕੀ “ਇਸ ਗੱਲ ਤੇ ਯਕੀਨ ਨਹੀਂ ਕਰਦਾ ਕਿ ਐੱਚ. ਆਈ. ਵੀ. ਨਾਲ ਏਡਜ਼ ਹੁੰਦੀ ਹੈ” ਅਤੇ “ਉਸ ਨੂੰ ਏਡਜ਼ ਦੀਆਂ ਦਵਾਈਆਂ ਦੇ ਖ਼ਰਚ ਅਤੇ ਫ਼ਾਇਦਿਆਂ ਉੱਤੇ ਸ਼ੱਕ ਹੈ ਅਤੇ ਉਹ ਸੋਚਦਾ ਹੈ ਕਿ ਇਨ੍ਹਾਂ ਦੇ ਉਲਟੇ ਅਸਰ ਵੀ ਪੈ ਸਕਦੇ ਹਨ। ਭਾਵੇਂ ਉਸ ਨੇ ਇਨ੍ਹਾਂ ਦਵਾਈਆਂ ਉੱਤੇ ਰੋਕ ਨਹੀਂ ਲਗਾਈ, ਪਰ ਦੱਖਣੀ ਅਫ਼ਰੀਕਾ ਦੇ ਡਾਕਟਰਾਂ ਨੂੰ ਇਹ ਦਵਾਈਆਂ ਨਾ ਦੇਣ ਲਈ ਕਿਹਾ ਗਿਆ ਹੈ।” ਇਹ ਵੱਡੀ ਚਿੰਤਾ ਦਾ ਵਿਸ਼ਾ ਕਿਉਂ ਹੈ? ਕਿਉਂਕਿ ਦੱਖਣੀ ਅਫ਼ਰੀਕਾ ਵਿਚ 25 ਪ੍ਰਤਿਸ਼ਤ ਗਰਭਵਤੀ ਔਰਤਾਂ ਐੱਚ. ਆਈ. ਵੀ. ਨਾਲ ਪੀੜਿਤ ਹਨ ਅਤੇ ਹਰ ਸਾਲ ਹਜ਼ਾਰਾਂ ਬੱਚੇ ਜਨਮ ਤੋਂ ਹੀ ਐੱਚ. ਆਈ. ਵੀ. ਪਾਜ਼ਿਟਿਵ ਹੁੰਦੇ ਹਨ।

ਇਹ ਸਮੱਸਿਆ ਖੜ੍ਹੀ ਹੋਣ ਕਰਕੇ, ਸਰਕਾਰ ਨੂੰ ਨਿਵਾਇਰਪੀਨ ਦਵਾਈ ਵੰਡਣ ਲਈ ਮਜਬੂਰ ਕਰਨ ਵਾਸਤੇ ਦੱਖਣੀ ਅਫ਼ਰੀਕਾ ਦੀਆਂ ਅਦਾਲਤਾਂ ਦਾ ਦਰਵਾਜ਼ਾ ਖੜਕਾਇਆ ਗਿਆ। ਅਪ੍ਰੈਲ 2002 ਵਿਚ ਦੱਖਣੀ ਅਫ਼ਰੀਕਾ ਦੀ ਸੰਵਿਧਾਨਕ ਅਦਾਲਤ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ। ਦ ਵਾਸ਼ਿੰਗਟਨ ਪੋਸਟ ਅਖ਼ਬਾਰ ਵਿਚ ਰਵੀ ਨੈੱਸਮਨ ਨੇ ਲਿਖਿਆ ਕਿ ਅਦਾਲਤ ਨੇ ਹੁਕਮ ਦਿੱਤਾ ਕਿ “ਸਰਕਾਰ ਹਸਪਤਾਲਾਂ ਤੇ ਕਲੀਨਿਕਾਂ ਵਿਚ ਮਰੀਜ਼ਾਂ ਨੂੰ ਇਹ ਦਵਾਈ ਦੇਵੇ ਅਤੇ ਇਹ ਨਿਸ਼ਚਿਤ ਕਰੇ ਕਿ ਸਾਰੇ ਮਰੀਜ਼ ਇਸ ਦਵਾਈ ਨੂੰ ਸਹੀ ਤਰੀਕੇ ਨਾਲ ਲੈਣ।” ਭਾਵੇਂ ਦੱਖਣੀ ਅਫ਼ਰੀਕਾ ਦੀ ਸਰਕਾਰ ਪਹਿਲਾਂ ਵੀ ਇਸ ਦਵਾਈ ਦੇ ਅਸਰ ਨੂੰ ਪਰਖਣ ਲਈ ਪੂਰੇ ਦੇਸ਼ ਵਿਚ 18 ਖ਼ਾਸ ਥਾਵਾਂ ਤੇ ਇਹ ਦਵਾਈ ਵੰਡ ਰਹੀ ਸੀ, ਪਰ ਕਿਹਾ ਜਾਂਦਾ ਹੈ ਕਿ ਇਸ ਨਵੇਂ ਅਦਾਲਤੀ ਫ਼ੈਸਲੇ ਨਾਲ ਦੇਸ਼ ਦੀਆਂ ਸਾਰੀਆਂ ਐੱਚ. ਆਈ. ਵੀ. ਪਾਜ਼ਿਟਿਵ ਗਰਭਵਤੀ ਤੀਵੀਆਂ ਨੂੰ ਆਸ਼ਾ ਮਿਲੀ ਹੈ।

[ਸਫ਼ੇ 6 ਉੱਤੇ ਡੱਬੀ/​ਤਸਵੀਰ]

ਇਕ ਮੱਕਾਰ ਵਾਇਰਸ ਮਨੁੱਖੀ ਸੈੱਲ ਨੂੰ ਧੋਖਾ ਦਿੰਦਾ ਹੈ

ਆਓ ਆਪਾਂ ਥੋੜ੍ਹੇ ਸਮੇਂ ਲਈ ਐੱਚ. ਆਈ. ਵੀ. (ਮਨੁੱਖੀ ਸਰੀਰ ਦੀ ਸੁਰੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰਨ ਵਾਲੇ ਵਾਇਰਸ) ਦੀ ਸੂਖਮ ਦੁਨੀਆਂ ਵਿਚ ਜਾਈਏ। ਇਕ ਵਿਗਿਆਨੀ ਨੇ ਕਿਹਾ: “ਬਹੁਤ ਸਾਲਾਂ ਤੋਂ ਇਲੈਕਟ੍ਰਾਨ ਮਾਈਕ੍ਰੋਸਕੋਪ ਰਾਹੀਂ ਇਸ ਵਾਇਰਸ ਦੇ ਕਣ ਦੀ ਜਾਂਚ ਕਰਨ ਮਗਰੋਂ ਮੈਨੂੰ ਅਜੇ ਵੀ ਇਸ ਸੂਖਮ-ਜੀਵ ਦਾ ਸ਼ਾਨਦਾਰ ਅਤੇ ਗੁੰਝਲਦਾਰ ਅੰਦਰੂਨੀ ਡੀਜ਼ਾਈਨ ਦੇਖ ਕੇ ਬਹੁਤ ਹੈਰਾਨੀ ਹੁੰਦੀ ਹੈ।”

ਵਾਇਰਸ ਇਕ ਬੈਕਟੀਰੀਆ ਨਾਲੋਂ ਵੀ ਛੋਟਾ ਹੁੰਦਾ ਹੈ, ਜਦੋਂ ਕਿ ਬੈਕਟੀਰੀਆ ਇਕ ਆਮ ਮਨੁੱਖੀ ਸੈੱਲ ਤੋਂ ਕਿਤੇ ਜ਼ਿਆਦਾ ਛੋਟਾ ਹੁੰਦਾ ਹੈ। ਇਕ ਵਿਗਿਆਨੀ ਅਨੁਸਾਰ, ਐੱਚ. ਆਈ. ਵੀ. ਇੰਨਾ ਸੂਖਮ ਹੈ ਕਿ ਇਕ ਬਿੰਦੀ (.) ਵਿਚ “23 ਕਰੋੜ [ਐੱਚ. ਆਈ. ਵੀ. ਦੇ ਕਣ] ਸਮਾ ਸਕਦੇ ਹਨ।” ਵਾਇਰਸ ਉਦੋਂ ਤਕ ਵਧ-ਫੁੱਲ ਨਹੀਂ ਸਕਦਾ ਜਦੋਂ ਤਕ ਇਹ ਕਿਸੇ ਸੈੱਲ ਵਿਚ ਪ੍ਰਵੇਸ਼ ਕਰ ਕੇ ਇਸ ਨੂੰ ਆਪਣੇ ਕਬਜ਼ੇ ਵਿਚ ਨਹੀਂ ਲੈ ਲੈਂਦਾ।

ਜਦੋਂ ਐੱਚ. ਆਈ. ਵੀ. ਮਨੁੱਖੀ ਸਰੀਰ ਵਿਚ ਪ੍ਰਵੇਸ਼ ਕਰਦਾ ਹੈ, ਤਾਂ ਇਸ ਨੂੰ ਸਰੀਰ ਦੀ ਸੁਰੱਖਿਆ ਪ੍ਰਣਾਲੀ ਦੇ ਜ਼ਬਰਦਸਤ ਵਿਰੋਧ ਦਾ ਸਾਮ੍ਹਣਾ ਕਰਨਾ ਪੈਂਦਾ ਹੈ। * ਹੱਡੀਆਂ ਦੇ ਗੁੱਦੇ ਵਿਚ ਵ੍ਹਾਈਟ ਬਲੱਡ ਸੈੱਲ ਉਤਪੰਨ ਹੁੰਦੇ ਹਨ ਜੋ ਇਕ ਸੁਰੱਖਿਆ ਫ਼ੌਜ ਦਾ ਕੰਮ ਕਰਦੇ ਹਨ। ਇਨ੍ਹਾਂ ਵ੍ਹਾਈਟ ਸੈੱਲਾਂ ਵਿਚ ਮੁੱਖ ਤੌਰ ਤੇ ਦੋ ਤਰ੍ਹਾਂ ਦੇ ਲਿਮਫ਼ੋਸਾਈਟ ਹੁੰਦੇ ਹਨ, ਟੀ-ਸੈੱਲ ਅਤੇ ਬੀ-ਸੈੱਲ। ਦੂਸਰੇ ਵ੍ਹਾਈਟ ਬਲੱਡ ਸੈੱਲਾਂ ਨੂੰ ਫ਼ੇਗੋਸਾਈਟ ਜਾਂ “ਸੈੱਲ ਈਟਰ” (ਸੈੱਲਾਂ ਨੂੰ ਨਿਗਲ ਜਾਣ ਵਾਲੇ) ਕਿਹਾ ਜਾਂਦਾ ਹੈ।

ਟੀ-ਸੈੱਲ ਵੱਖ-ਵੱਖ ਪ੍ਰਕਾਰ ਦੇ ਹੁੰਦੇ ਹਨ ਅਤੇ ਹਰ ਇਕ ਦੇ ਵੱਖੋ-ਵੱਖਰੇ ਕੰਮ ਹੁੰਦੇ ਹਨ। ਦੁਸ਼ਮਣ ਵਾਇਰਸ ਨਾਲ ਲੜਨ ਵਿਚ ਸਹਾਇਕ ਟੀ-ਸੈੱਲ (helper T cells) ਮੁੱਖ ਭੂਮਿਕਾ ਨਿਭਾਉਂਦੇ ਹਨ। ਸਹਾਇਕ ਟੀ-ਸੈੱਲ ਸਰੀਰ ਵਿਚ ਪ੍ਰਵੇਸ਼ ਕਰਨ ਵਾਲੇ ਦੁਸ਼ਮਣਾਂ ਦਾ ਪਤਾ ਲਗਾਉਣ ਵਿਚ ਮਦਦ ਕਰਦੇ ਹਨ ਅਤੇ ਇਨ੍ਹਾਂ ਦੁਸ਼ਮਣਾਂ ਦਾ ਖ਼ਾਤਮਾ ਕਰਨ ਲਈ ਸਰੀਰ ਨੂੰ ਲੋੜੀਂਦੇ ਸੈੱਲ ਪੈਦਾ ਕਰਨ ਦਾ ਨਿਰਦੇਸ਼ ਦਿੰਦੇ ਹਨ। ਇਸ ਲਈ ਐੱਚ. ਆਈ. ਵੀ. ਮੁੱਖ ਤੌਰ ਤੇ ਇਨ੍ਹਾਂ ਸਹਾਇਕ ਟੀ-ਸੈੱਲਾਂ ਉੱਤੇ ਹੀ ਹਮਲਾ ਕਰਦਾ ਹੈ। ਜਦੋਂ ਦੁਸ਼ਮਣ ਸਰੀਰ ਦੇ ਕੁਝ ਸੈੱਲਾਂ ਵਿਚ ਪ੍ਰਵੇਸ਼ ਕਰ ਜਾਂਦੇ ਹਨ, ਤਾਂ ਨਾਸ਼ਕ ਟੀ-ਸੈੱਲ (killer T cells) ਹਰਕਤ ਵਿਚ ਆ ਕੇ ਇਨ੍ਹਾਂ ਨੁਕਸਾਨੇ ਗਏ ਸਹਾਇਕ ਟੀ-ਸੈੱਲਾਂ ਨੂੰ ਨਾਸ਼ ਕਰ ਦਿੰਦੇ ਹਨ। ਬੀ-ਸੈੱਲ ਇਨਫੈਕਸ਼ਨਾਂ ਨਾਲ ਲੜਨ ਲਈ ਐਂਟੀਬਾਡੀਜ਼ ਪੈਦਾ ਕਰਦੇ ਹਨ।

ਇਕ ਮੱਕਾਰ ਰਣਨੀਤੀ

ਐੱਚ. ਆਈ. ਵੀ. ਨੂੰ ਰੈੱਟਰੋਵਾਇਰਸ ਕਿਹਾ ਜਾਂਦਾ ਹੈ। ਐੱਚ. ਆਈ. ਵੀ. ਦਾ ਜਣਨ-ਤੱਤ ਡੀ. ਐੱਨ. ਏ. (ਡੀਆਕਸੀਰਾਈਬੋਨੁਕਲੇਇਕ ਐਸਿਡ) ਦੀ ਬਜਾਇ, ਆਰ. ਐੱਨ. ਏ. (ਰਾਈਬੋਨੁਕਲੇਇਕ ਐਸਿਡ) ਹੁੰਦਾ ਹੈ। ਐੱਚ. ਆਈ. ਵੀ. ਇਕ ਕਿਸਮ ਦਾ ਲੈਨਟੀਵਾਇਰਸ (ਰੈੱਟਰੋਵਾਇਰਸ ਦਾ ਇਕ ਖ਼ਾਸ ਉਪ-ਵਰਗ) ਹੈ ਕਿਉਂਕਿ ਇਨਫ਼ੈਕਸ਼ਨ ਹੋਣ ਤੋਂ ਬਾਅਦ ਕਾਫ਼ੀ ਸਮੇਂ ਤਕ ਇਸ ਬੀਮਾਰੀ ਦੇ ਗੰਭੀਰ ਲੱਛਣ ਨਜ਼ਰ ਨਹੀਂ ਆਉਂਦੇ।

ਜਦੋਂ ਐੱਚ. ਆਈ. ਵੀ. ਇਕ ਸਹਾਇਕ ਟੀ-ਸੈੱਲ ਵਿਚ ਪ੍ਰਵੇਸ਼ ਕਰਦਾ ਹੈ, ਤਾਂ ਉਹ ਆਪਣਾ ਮਕਸਦ ਪੂਰਾ ਕਰਨ ਲਈ ਇਸ ਸੈੱਲ ਨੂੰ ਇਸਤੇਮਾਲ ਕਰਦਾ ਹੈ। ਇਹ ਵਾਇਰਸ ਉਸ ਸੈੱਲ ਦੇ ਡੀ. ਐੱਨ. ਏ. ਨੂੰ ਇਸ ਤਰੀਕੇ ਨਾਲ “ਮੁੜ ਪ੍ਰੋਗ੍ਰਾਮ” ਕਰ ਦਿੰਦਾ ਹੈ ਕਿ ਇਹ ਸੈੱਲ ਆਪ ਹੀ ਬਹੁਤ ਸਾਰੇ ਐੱਚ. ਆਈ. ਵੀ. ਬਣਾਉਣ ਲੱਗ ਪੈਂਦਾ ਹੈ। ਪਰ ਇਸ ਤਰ੍ਹਾਂ ਕਰਨ ਤੋਂ ਪਹਿਲਾਂ, ਐੱਚ. ਆਈ. ਵੀ. ਨੂੰ ਆਪਣੀ “ਭਾਸ਼ਾ” ਬਦਲਣੀ ਪਵੇਗੀ। ਇਸ ਨੂੰ ਆਪਣੇ ਆਰ. ਐੱਨ. ਏ. ਨੂੰ ਡੀ. ਐੱਨ. ਏ. ਵਿਚ ਬਦਲਣਾ ਪਵੇਗਾ ਤਾਂਕਿ ਸੈੱਲ ਦਾ ਪ੍ਰੋਗ੍ਰਾਮ ਵਾਇਰਸ ਦੀਆਂ ਹਿਦਾਇਤਾਂ ਨੂੰ ਪੜ੍ਹ ਅਤੇ ਸਮਝ ਸਕੇ। ਇਹ ਕਰਨ ਲਈ ਐੱਚ. ਆਈ. ਵੀ. ਇਕ ਵਾਇਰਲ ਐਨਜ਼ਾਈਮ ਨੂੰ ਇਸਤੇਮਾਲ ਕਰਦਾ ਹੈ ਜਿਸ ਨੂੰ ਰਿਵਰਸ ਟ੍ਰਾਂਸਕ੍ਰਿਪਟੇਸ ਕਹਿੰਦੇ ਹਨ। ਅਖ਼ੀਰ ਵਿਚ ਇਹ ਸਹਾਇਕ ਟੀ-ਸੈੱਲ ਮਰ ਜਾਂਦਾ ਹੈ, ਪਰ ਮਰਨ ਤੋਂ ਪਹਿਲਾਂ ਇਹ ਐੱਚ. ਆਈ. ਵੀ. ਦੇ ਹਜ਼ਾਰਾਂ ਕਣ ਪੈਦਾ ਕਰ ਚੁੱਕਾ ਹੁੰਦਾ ਹੈ। ਫਿਰ ਇਹ ਨਵੇਂ ਕਣ ਦੂਸਰੇ ਸਹਾਇਕ ਟੀ-ਸੈੱਲਾਂ ਉੱਤੇ ਹਮਲਾ ਕਰਦੇ ਹਨ।

ਜਦੋਂ ਸਹਾਇਕ ਟੀ-ਸੈੱਲਾਂ ਦੀ ਗਿਣਤੀ ਬਹੁਤ ਘੱਟ ਜਾਂਦੀ ਹੈ, ਤਦ ਮਨੁੱਖੀ ਸਰੀਰ ਵਿਚ ਦੂਸਰੇ ਵਿਸ਼ਾਣੂਆਂ ਦੇ ਹਮਲਿਆਂ ਨੂੰ ਰੋਕਣ ਦੀ ਤਾਕਤ ਨਹੀਂ ਰਹਿੰਦੀ। ਮਨੁੱਖੀ ਸਰੀਰ ਹਰ ਤਰ੍ਹਾਂ ਦੀਆਂ ਬੀਮਾਰੀਆਂ ਤੇ ਇਨਫੈਕਸ਼ਨਾਂ ਦਾ ਸ਼ਿਕਾਰ ਹੋ ਜਾਂਦਾ ਹੈ। ਐੱਚ. ਆਈ. ਵੀ. ਨੇ ਸਰੀਰ ਦੀ ਸੁਰੱਖਿਆ ਪ੍ਰਣਾਲੀ ਨੂੰ ਵਿਗਾੜ ਦਿੱਤਾ ਹੁੰਦਾ ਹੈ ਅਤੇ ਪੀੜਿਤ ਵਿਅਕਤੀ ਪੂਰੀ ਤਰ੍ਹਾਂ ਏਡਜ਼ ਦਾ ਸ਼ਿਕਾਰ ਹੋ ਜਾਂਦਾ ਹੈ।

ਇਹ ਸੀ ਐੱਚ. ਆਈ. ਵੀ. ਦੇ ਕੰਮ ਕਰਨ ਦੇ ਤਰੀਕੇ ਦੀ ਆਸਾਨ ਸ਼ਬਦਾਂ ਵਿਚ ਵਿਆਖਿਆ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਖੋਜਕਾਰਾਂ ਨੇ ਮਨੁੱਖੀ ਸਰੀਰ ਦੀ ਸੁਰੱਖਿਆ ਪ੍ਰਣਾਲੀ ਅਤੇ ਐੱਚ. ਆਈ. ਵੀ. ਬਾਰੇ ਅਜੇ ਹੋਰ ਬਹੁਤ ਕੁਝ ਸਿੱਖਣਾ ਹੈ।

ਦੁਨੀਆਂ ਭਰ ਵਿਚ ਲਗਭਗ 20 ਸਾਲਾਂ ਤੋਂ ਸਿਰਕੱਢ ਡਾਕਟਰੀ ਖੋਜਕਾਰਾਂ ਨੇ ਇਸ ਸੂਖਮ ਵਾਇਰਸ ਬਾਰੇ ਹੋਰ ਜ਼ਿਆਦਾ ਜਾਣਨ ਲਈ ਸਖ਼ਤ ਮਿਹਨਤ ਕੀਤੀ ਹੈ। ਇਸ ਖੋਜ ਉੱਤੇ ਬਹੁਤ ਸਾਰਾ ਪੈਸਾ ਵੀ ਲੱਗਾ ਹੈ। ਇਸ ਦੇ ਨਤੀਜੇ ਵਜੋਂ ਉਨ੍ਹਾਂ ਨੇ ਐੱਚ. ਆਈ. ਵੀ. ਬਾਰੇ ਕਾਫ਼ੀ ਕੁਝ ਸਿੱਖਿਆ ਹੈ। ਕੁਝ ਸਾਲ ਪਹਿਲਾਂ ਡਾ. ਸ਼ਰਵਨ ਬੀ. ਨੂਲੈਂਡ ਨਾਂ ਦੇ ਇਕ ਸਰਜਨ ਨੇ ਕਿਹਾ ਸੀ: ‘ਮਨੁੱਖੀ ਸਰੀਰ ਦੀ ਸੁਰੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰਨ ਵਾਲੇ ਵਾਇਰਸ ਬਾਰੇ ਹਾਸਲ ਕੀਤੀ ਗਈ ਜਾਣਕਾਰੀ ਅਤੇ ਇਸ ਵਾਇਰਸ ਦੇ ਹਮਲਿਆਂ ਨੂੰ ਰੋਕਣ ਲਈ ਕੀਤੀ ਗਈ ਤਰੱਕੀ ਸੱਚ-ਮੁੱਚ ਹੈਰਾਨੀਜਨਕ ਹੈ।’

ਪਰ ਫਿਰ ਵੀ ਏਡਜ਼ ਮਨੁੱਖੀ ਜਾਨਾਂ ਦਾ ਸ਼ਿਕਾਰ ਕਰਦੀ ਹੋਈ ਅੱਗੇ ਵਧਦੀ ਜਾ ਰਹੀ ਹੈ।

[ਫੁਟਨੋਟ]

[ਤਸਵੀਰ]

ਐੱਚ. ਆਈ. ਵੀ. ਮਨੁੱਖੀ ਸਰੀਰ ਦੀ ਸੁਰੱਖਿਆ ਪ੍ਰਣਾਲੀ ਦੇ ਲਿਮਫ਼ੋਸਾਈਟਾਂ ਉੱਤੇ ਹਮਲਾ ਕਰ ਕੇ ਇਨ੍ਹਾਂ ਦਾ ਪ੍ਰੋਗ੍ਰਾਮ ਬਦਲ ਦਿੰਦਾ ਹੈ ਜਿਸ ਕਰਕੇ ਲਿਮਫ਼ੋਸਾਈਟ ਆਪ ਹੀ ਐੱਚ. ਆਈ. ਵੀ. ਬਣਾਉਣ ਲੱਗ ਪੈਂਦੇ ਹਨ

[ਕ੍ਰੈਡਿਟ ਲਾਈਨ]

CDC, Atlanta, Ga.

[ਸਫ਼ੇ 7 ਉੱਤੇ ਤਸਵੀਰ]

ਹਜ਼ਾਰਾਂ ਨੌਜਵਾਨ ਬਾਈਬਲ ਦੇ ਮਿਆਰਾਂ ਉੱਤੇ ਚੱਲ ਰਹੇ ਹਨ