Skip to content

Skip to table of contents

ਕੀ ਏਡਜ਼ ਨੂੰ ਖ਼ਤਮ ਕੀਤਾ ਜਾ ਸਕਦਾ ਹੈ? ਜੇ ਹਾਂ, ਤਾਂ ਕਿਵੇਂ?

ਕੀ ਏਡਜ਼ ਨੂੰ ਖ਼ਤਮ ਕੀਤਾ ਜਾ ਸਕਦਾ ਹੈ? ਜੇ ਹਾਂ, ਤਾਂ ਕਿਵੇਂ?

ਕੀ ਏਡਜ਼ ਨੂੰ ਖ਼ਤਮ ਕੀਤਾ ਜਾ ਸਕਦਾ ਹੈ? ਜੇ ਹਾਂ, ਤਾਂ ਕਿਵੇਂ?

ਅਫ਼ਰੀਕਾ ਦੇ ਕਈ ਦੇਸ਼ ਅਜੇ ਵੀ ਇਹ ਮੰਨਣ ਲਈ ਤਿਆਰ ਨਹੀਂ ਹਨ ਕਿ ਏਡਜ਼ ਦੀ ਮਹਾਂਮਾਰੀ ਫੈਲ ਰਹੀ ਹੈ। ਕੁਝ ਲੋਕ ਇਸ ਬਾਰੇ ਗੱਲ ਹੀ ਨਹੀਂ ਕਰਨੀ ਚਾਹੁੰਦੇ। ਪਰ ਹਾਲ ਹੀ ਦੇ ਸਾਲਾਂ ਵਿਚ ਲੋਕਾਂ ਨੂੰ ਅਤੇ ਖ਼ਾਸਕਰ ਨੌਜਵਾਨਾਂ ਨੂੰ ਏਡਜ਼ ਬਾਰੇ ਜਾਣਕਾਰੀ ਦੇਣ ਦੇ ਜਤਨ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਇਸ ਬਾਰੇ ਖੁੱਲ੍ਹ ਕੇ ਗੱਲ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਹੈ। ਫਿਰ ਵੀ ਇਹ ਜਤਨ ਜ਼ਿਆਦਾ ਕਾਮਯਾਬ ਨਹੀਂ ਹੋਏ। ਲੋਕਾਂ ਦੇ ਰਹਿਣ-ਸਹਿਣ ਅਤੇ ਰਿਵਾਜਾਂ ਨੂੰ ਬਦਲਣਾ ਬਹੁਤ ਮੁਸ਼ਕਲ ਹੈ ਕਿਉਂਕਿ ਇਹ ਉਨ੍ਹਾਂ ਵਿਚ ਪੱਕੀ ਤਰ੍ਹਾਂ ਨਾਲ ਜੜ੍ਹ ਫੜ ਚੁੱਕੇ ਹਨ।

ਡਾਕਟਰੀ ਖੇਤਰ ਵਿਚ ਤਰੱਕੀ

ਵਿਗਿਆਨੀਆਂ ਨੇ ਐੱਚ. ਆਈ. ਵੀ. ਬਾਰੇ ਕਾਫ਼ੀ ਕੁਝ ਪਤਾ ਕੀਤਾ ਹੈ ਅਤੇ ਕਈ ਦਵਾਈਆਂ ਤਿਆਰ ਕੀਤੀਆਂ ਹਨ ਜਿਨ੍ਹਾਂ ਨੂੰ ਖਾਣ ਨਾਲ ਬਹੁਤ ਸਾਰੇ ਮਰੀਜ਼ਾਂ ਦੀ ਜ਼ਿੰਦਗੀ ਦੇ ਕੁਝ ਸਾਲ ਵਧ ਗਏ ਹਨ। ਘੱਟੋ-ਘੱਟ ਤਿੰਨ ਰੈੱਟਰੋਵਾਇਰਸ-ਵਿਰੋਧੀ ਦਵਾਈਆਂ ਇਕੱਠੀਆਂ ਲੈਣ ਨਾਲ ਮਰੀਜ਼ਾਂ ਨੂੰ ਕਾਫ਼ੀ ਫ਼ਾਇਦਾ ਹੋਇਆ ਹੈ। ਇਸ ਇਲਾਜ ਨੂੰ ਬਹੁਤ ਅਸਰਦਾਰ ਰੈੱਟਰੋਵਾਇਰਸ-ਵਿਰੋਧੀ ਇਲਾਜ (highly active antiretroviral therapy) ਕਿਹਾ ਜਾਂਦਾ ਹੈ।

ਭਾਵੇਂ ਇਹ ਦਵਾਈਆਂ ਐੱਚ. ਆਈ. ਵੀ. ਦਾ ਪੱਕਾ ਇਲਾਜ ਨਹੀਂ ਹਨ, ਪਰ ਇਨ੍ਹਾਂ ਦੀ ਵਰਤੋਂ ਨਾਲ ਐੱਚ. ਆਈ. ਵੀ. ਦੇ ਮਰੀਜ਼ਾਂ ਵਿਚ ਮੌਤ ਦੀ ਦਰ ਘੱਟ ਗਈ ਹੈ। ਇਹ ਦਵਾਈਆਂ ਖ਼ਾਸ ਕਰਕੇ ਵਿਕਸਿਤ ਦੇਸ਼ਾਂ ਵਿਚ ਅਸਰਦਾਰ ਸਾਬਤ ਹੋਈਆਂ ਹਨ। ਕਈ ਲੋਕ ਇਸ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਵੀ ਇਹ ਦਵਾਈਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਪਰ ਇਹ ਦਵਾਈਆਂ ਬਹੁਤ ਮਹਿੰਗੀਆਂ ਹਨ ਜਿਸ ਕਰਕੇ ਗ਼ਰੀਬ ਦੇਸ਼ਾਂ ਦੇ ਜ਼ਿਆਦਾਤਰ ਲੋਕ ਇਨ੍ਹਾਂ ਨੂੰ ਨਹੀਂ ਖ਼ਰੀਦ ਸਕਦੇ।

ਇਸ ਨਾਲ ਇਕ ਸਵਾਲ ਪੈਦਾ ਹੁੰਦਾ ਹੈ: ਕੀ ਪੈਸਾ ਮਨੁੱਖੀ ਜ਼ਿੰਦਗੀ ਨਾਲੋਂ ਜ਼ਿਆਦਾ ਅਹਿਮੀਅਤ ਰੱਖਦਾ ਹੈ? ਬ੍ਰਾਜ਼ੀਲ ਵਿਚ ਐੱਚ. ਆਈ. ਵੀ. ਅਤੇ ਏਡਜ਼ ਸੰਬੰਧੀ ਪ੍ਰੋਗ੍ਰਾਮ ਦੇ ਮੁਖੀ ਡਾ. ਪਾਉਲੂ ਟੇਸ਼ੇਰਾ ਨੇ ਇਸ ਸਥਿਤੀ ਬਾਰੇ ਟਿੱਪਣੀ ਕੀਤੀ: “ਨਫ਼ੇ ਦੇ ਲਾਲਚ ਵਿਚ ਅਸੀਂ ਹਜ਼ਾਰਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖ਼ਤਰੇ ਵਿਚ ਨਹੀਂ ਪਾ ਸਕਦੇ ਜੋ ਦਵਾਈਆਂ ਮਹਿੰਗੀਆਂ ਹੋਣ ਕਰਕੇ ਇਨ੍ਹਾਂ ਨੂੰ ਨਹੀਂ ਖ਼ਰੀਦ ਸਕਦੇ।” ਉਸ ਨੇ ਅੱਗੇ ਕਿਹਾ: “ਮੇਰੀ ਇਹੋ ਕੋਸ਼ਿਸ਼ ਰਹੇਗੀ ਕਿ ਮੁਨਾਫ਼ੇ ਕਰਕੇ ਇਨਸਾਨੀਅਤ ਦਾ ਗਲਾ ਨਾ ਘੁੱਟਿਆ ਜਾਵੇ।”

ਕੁਝ ਦੇਸ਼ਾਂ ਨੇ ਦਵਾਈਆਂ ਬਣਾਉਣ ਵਾਲੀਆਂ ਮਸ਼ਹੂਰ ਕੰਪਨੀਆਂ ਦੇ ਰਾਖਵੇਂ ਹੱਕ ਨੂੰ ਰੱਦ ਕਰ ਕੇ ਦੂਸਰੀਆਂ ਛੋਟੀਆਂ ਕੰਪਨੀਆਂ ਨੂੰ ਘੱਟ ਕੀਮਤ ਤੇ ਏਡਜ਼ ਦੀਆਂ ਦਵਾਈਆਂ ਬਣਾਉਣ ਜਾਂ ਵਿਦੇਸ਼ਾਂ ਤੋਂ ਮੰਗਵਾਉਣ ਦਾ ਹੱਕ ਦੇ ਦਿੱਤਾ ਹੈ। * ਸਾਊਥ ਅਫ਼ਰੀਕਨ ਮੈਡੀਕਲ ਜਰਨਲ ਕਹਿੰਦਾ ਹੈ ਕਿ ਇਕ ਅਧਿਐਨ ਮੁਤਾਬਕ “[ਛੋਟੀਆਂ ਕੰਪਨੀਆਂ ਦੁਆਰਾ ਬਣਾਈ ਗਈ] ਸਸਤੀ ਤੋਂ ਸਸਤੀ ਦਵਾਈ ਦੀ ਕੀਮਤ ਅਮਰੀਕਾ ਦੀਆਂ ਮੁੱਖ ਕੰਪਨੀਆਂ ਵੱਲੋਂ ਬਣਾਈਆਂ ਗਈਆਂ ਦਵਾਈਆਂ ਦੀ ਕੀਮਤ ਨਾਲੋਂ 82% ਘੱਟ ਸੀ।”

ਇਲਾਜ ਸੰਬੰਧੀ ਰੁਕਾਵਟਾਂ

ਕੁਝ ਸਮੇਂ ਬਾਅਦ ਦਵਾਈਆਂ ਦੀਆਂ ਮਸ਼ਹੂਰ ਕੰਪਨੀਆਂ ਨੇ ਵੀ ਵਿਕਾਸਸ਼ੀਲ ਦੇਸ਼ਾਂ ਨੂੰ ਏਡਜ਼ ਦੀਆਂ ਦਵਾਈਆਂ ਘੱਟ ਕੀਮਤ ਤੇ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦੀ ਆਸ ਸੀ ਕਿ ਇਸ ਤਰੀਕੇ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕ ਇਨ੍ਹਾਂ ਦਵਾਈਆਂ ਤੋਂ ਲਾਭ ਹਾਸਲ ਕਰ ਸਕਣਗੇ। ਪਰ ਵਿਕਾਸਸ਼ੀਲ ਦੇਸ਼ਾਂ ਵਿਚ ਇਨ੍ਹਾਂ ਦਵਾਈਆਂ ਨੂੰ ਲੋਕਾਂ ਤਕ ਪਹੁੰਚਾਉਣ ਵਿਚ ਕਈ ਵੱਡੀਆਂ ਰੁਕਾਵਟਾਂ ਆਉਂਦੀਆਂ ਹਨ। ਇਕ ਰੁਕਾਵਟ ਹੈ ਦਵਾਈਆਂ ਦੀ ਕੀਮਤ। ਭਾਵੇਂ ਦਵਾਈਆਂ ਦੀ ਕੀਮਤ ਕਾਫ਼ੀ ਹੱਦ ਤਕ ਘਟਾ ਦਿੱਤੀ ਗਈ ਹੈ, ਪਰ ਫਿਰ ਵੀ ਇਹ ਜ਼ਿਆਦਾਤਰ ਲੋਕਾਂ ਲਈ ਬਹੁਤ ਮਹਿੰਗੀਆਂ ਹਨ।

ਦੂਸਰੀ ਸਮੱਸਿਆ ਦਵਾਈਆਂ ਖਾਣ ਦੀ ਹੈ। ਕਈ ਗੋਲੀਆਂ ਨੂੰ ਰੋਜ਼ ਨਿਸ਼ਚਿਤ ਸਮੇਂ ਤੇ ਲੈਣ ਦੀ ਲੋੜ ਪੈਂਦੀ ਹੈ। ਜੇ ਮਰੀਜ਼ ਸਹੀ ਸਮੇਂ ਤੇ ਜਾਂ ਸਹੀ ਮਾਤਰਾ ਵਿਚ ਦਵਾਈ ਨਹੀਂ ਲੈਂਦਾ, ਤਾਂ ਨਤੀਜੇ ਵਜੋਂ ਐੱਚ. ਆਈ. ਵੀ. ਦੀਆਂ ਨਵੀਆਂ ਕਿਸਮਾਂ ਪੈਦਾ ਹੋ ਸਕਦੀਆਂ ਹਨ ਜਿਨ੍ਹਾਂ ਉੱਤੇ ਇਨ੍ਹਾਂ ਦਵਾਈਆਂ ਦਾ ਕੋਈ ਅਸਰ ਨਹੀਂ ਪੈਂਦਾ। ਅਫ਼ਰੀਕੀ ਦੇਸ਼ਾਂ ਵਿਚ ਇਹ ਨਿਸ਼ਚਿਤ ਕਰਨਾ ਬਹੁਤ ਹੀ ਮੁਸ਼ਕਲ ਹੈ ਕਿ ਮਰੀਜ਼ ਸਹੀ ਮਾਤਰਾ ਵਿਚ ਦਵਾਈ ਖਾਣ ਕਿਉਂਕਿ ਉੱਥੇ ਤਾਂ ਲੋਕਾਂ ਕੋਲ ਸ਼ਾਇਦ ਭੋਜਨ, ਸਾਫ਼ ਪਾਣੀ ਅਤੇ ਡਾਕਟਰੀ ਇਲਾਜ ਦੀਆਂ ਸਹੂਲਤਾਂ ਵੀ ਨਾ ਹੋਣ।

ਇਸ ਤੋਂ ਇਲਾਵਾ, ਡਾਕਟਰਾਂ ਨੂੰ ਦਵਾਈ ਖਾਣ ਵਾਲੇ ਮਰੀਜ਼ਾਂ ਉੱਤੇ ਨਜ਼ਰ ਰੱਖਣ ਦੀ ਵੀ ਲੋੜ ਹੈ। ਜੇ ਉਨ੍ਹਾਂ ਵਿਚ ਦਵਾਈ-ਵਿਰੋਧੀ ਵਾਇਰਸ ਪੈਦਾ ਹੋ ਜਾਂਦੇ ਹਨ, ਤਾਂ ਦਵਾਈਆਂ ਬਦਲਣੀਆਂ ਪੈਣਗੀਆਂ। ਇਸ ਦੇ ਲਈ ਤਜਰਬੇਕਾਰ ਮੈਡੀਕਲ ਸਟਾਫ਼ ਦੀ ਲੋੜ ਪੈਂਦੀ ਹੈ ਅਤੇ ਟੈੱਸਟ ਵੀ ਕਾਫ਼ੀ ਮਹਿੰਗੇ ਹੁੰਦੇ ਹਨ। ਨਾਲੇ ਦਵਾਈਆਂ ਦੇ ਉਲਟੇ ਅਸਰ ਵੀ ਪੈਂਦੇ ਹਨ ਅਤੇ ਦਵਾਈ-ਵਿਰੋਧੀ ਨਵੇਂ ਵਾਇਰਸ ਵਿਕਸਿਤ ਹੋ ਰਹੇ ਹਨ।

ਜੂਨ 2001 ਵਿਚ ਯੂ.ਐੱਨ. ਜਨਰਲ ਅਸੈਂਬਲੀ ਦੀ ਏਡਜ਼ ਉੱਤੇ ਕੀਤੀ ਗਈ ਖ਼ਾਸ ਸਭਾ ਵਿਚ ਵਿਕਾਸਸ਼ੀਲ ਦੇਸ਼ਾਂ ਦੀ ਮਦਦ ਕਰਨ ਲਈ ਇਕ ਵਿਸ਼ਵ ਸਿਹਤ ਫ਼ੰਡ ਕਾਇਮ ਕਰਨ ਦੀ ਪੇਸ਼ਕਸ਼ ਕੀਤੀ ਗਈ ਸੀ। ਇਹ ਅਨੁਮਾਨ ਲਗਾਇਆ ਗਿਆ ਸੀ ਕਿ ਇਸ ਕੰਮ ਲਈ 7 ਅਰਬ ਤੋਂ ਲੈ ਕੇ 10 ਅਰਬ ਅਮਰੀਕੀ ਡਾਲਰਾਂ ਦੀ ਲੋੜ ਪਵੇਗੀ। ਪਰ ਹੁਣ ਤਕ ਜਿੰਨੇ ਪੈਸੇ ਦਾਨ ਕਰਨ ਦੇ ਵਾਅਦੇ ਕੀਤੇ ਗਏ ਹਨ, ਉਹ ਲੋੜੀਂਦੇ ਫ਼ੰਡ ਨਾਲੋਂ ਬਹੁਤ ਹੀ ਘੱਟ ਹੈ।

ਵਿਗਿਆਨੀ ਆਸਵੰਦ ਹਨ ਕਿ ਉਹ ਇਸ ਬੀਮਾਰੀ ਲਈ ਵੈਕਸੀਨ ਬਣਾਉਣ ਵਿਚ ਜ਼ਰੂਰ ਸਫ਼ਲ ਹੋਣਗੇ। ਇਸ ਸਮੇਂ ਕਈ ਦੇਸ਼ਾਂ ਵਿਚ ਵੱਖ-ਵੱਖ ਵੈਕਸੀਨਾਂ ਨੂੰ ਪਰਖਿਆ ਜਾ ਰਿਹਾ ਹੈ। ਜੇ ਇਹ ਕੋਸ਼ਿਸ਼ਾਂ ਸਫ਼ਲ ਹੋ ਗਈਆਂ, ਤਾਂ ਵੀ ਇਨ੍ਹਾਂ ਵੈਕਸੀਨਾਂ ਨੂੰ ਬਣਾਉਣ, ਅਜ਼ਮਾਉਣ ਅਤੇ ਇਨਸਾਨਾਂ ਲਈ ਫ਼ਾਇਦੇਮੰਦ ਸਾਬਤ ਕਰਨ ਵਿਚ ਕਈ ਸਾਲ ਲੱਗ ਜਾਣਗੇ।

ਥਾਈਲੈਂਡ, ਬ੍ਰਾਜ਼ੀਲ ਅਤੇ ਯੂਗਾਂਡਾ ਵਰਗੇ ਕੁਝ ਦੇਸ਼ਾਂ ਨੇ ਏਡਜ਼ ਦੇ ਮਰੀਜ਼ਾਂ ਦਾ ਇਲਾਜ ਕਰਨ ਵਿਚ ਕਾਫ਼ੀ ਸਫ਼ਲਤਾ ਹਾਸਲ ਕੀਤੀ ਹੈ। ਬ੍ਰਾਜ਼ੀਲ ਨੇ ਦੇਸੀ ਕੰਪਨੀਆਂ ਦੁਆਰਾ ਬਣਾਈਆਂ ਗਈਆਂ ਦਵਾਈਆਂ ਵੰਡ ਕੇ ਏਡਜ਼ ਨਾਲ ਹੁੰਦੀਆਂ ਮੌਤਾਂ ਦੀ ਦਰ ਨੂੰ 50 ਪ੍ਰਤਿਸ਼ਤ ਘਟਾ ਦਿੱਤਾ ਹੈ। ਛੋਟਾ ਜਿਹਾ ਅਮੀਰ ਦੇਸ਼ ਬਾਤਸਵਾਨਾ ਆਪਣੇ ਦੇਸ਼ ਦੇ ਸਾਰੇ ਮਰੀਜ਼ਾਂ ਲਈ ਰੈੱਟਰੋਵਾਇਰਸ-ਵਿਰੋਧੀ ਦਵਾਈਆਂ ਅਤੇ ਜ਼ਰੂਰੀ ਸਿਹਤ-ਸੰਭਾਲ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।

ਏਡਜ਼ ਦੀ ਹਾਰ

ਕੁਝ ਮਹਾਂਮਾਰੀਆਂ ਅਤੇ ਏਡਜ਼ ਵਿਚ ਇਕ ਖ਼ਾਸ ਫ਼ਰਕ ਇਹ ਹੈ ਕਿ ਏਡਜ਼ ਤੋਂ ਬਚਿਆ ਜਾ ਸਕਦਾ ਹੈ। ਜੇ ਲੋਕੀ ਬਾਈਬਲ ਦੇ ਬੁਨਿਆਦੀ ਅਸੂਲਾਂ ਉੱਤੇ ਚੱਲਣ, ਤਾਂ ਜ਼ਿਆਦਾ ਕਰਕੇ ਉਹ ਇਸ ਬੀਮਾਰੀ ਤੋਂ ਬਚ ਸਕਦੇ ਹਨ।

ਬਾਈਬਲ ਦੇ ਨੈਤਿਕ ਮਿਆਰ ਸਪੱਸ਼ਟ ਹਨ। ਅਣਵਿਆਹਿਆਂ ਨੂੰ ਨਾਜਾਇਜ਼ ਸੰਬੰਧ ਕਾਇਮ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। (1 ਕੁਰਿੰਥੀਆਂ 6:18) ਵਿਆਹੇ ਲੋਕਾਂ ਨੂੰ ਵੀ ਆਪਣੇ ਸਾਥੀ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਹੈ ਅਤੇ ਵਿਭਚਾਰ ਕਰਨ ਤੋਂ ਬਚਣਾ ਚਾਹੀਦਾ ਹੈ। (ਇਬਰਾਨੀਆਂ 13:4) ਬਾਈਬਲ ਸਾਨੂੰ ਲਹੂ ਤੋਂ ਵੀ ਬਚੇ ਰਹਿਣ ਦੀ ਤਾਕੀਦ ਕਰਦੀ ਹੈ ਜਿਸ ਨੂੰ ਮੰਨਣ ਨਾਲ ਸਾਡੀ ਰਾਖੀ ਹੁੰਦੀ ਹੈ।—ਰਸੂਲਾਂ ਦੇ ਕਰਤੱਬ 15:28, 29.

ਜਿਹੜੇ ਲੋਕ ਐੱਚ. ਆਈ. ਵੀ. ਨਾਲ ਪੀੜਿਤ ਹਨ, ਉਹ ਵੀ ਪਰਮੇਸ਼ੁਰ ਦੇ ਵਾਅਦਿਆਂ ਬਾਰੇ ਸਿੱਖ ਕੇ ਅਤੇ ਉਸ ਦੀਆਂ ਮੰਗਾਂ ਨੂੰ ਪੂਰਾ ਕਰ ਕੇ ਖ਼ੁਸ਼ੀ ਅਤੇ ਦਿਲਾਸਾ ਹਾਸਲ ਕਰ ਸਕਦੇ ਹਨ। ਉਹ ਪਰਮੇਸ਼ੁਰ ਦੇ ਵਾਅਦੇ ਅਨੁਸਾਰ ਅਜਿਹੀ ਦੁਨੀਆਂ ਦੀ ਆਸ ਰੱਖ ਸਕਦੇ ਹਨ ਜਿਸ ਵਿਚ ਬੀਮਾਰੀਆਂ ਨਹੀਂ ਹੋਣਗੀਆਂ।

ਬਾਈਬਲ ਸਾਨੂੰ ਭਰੋਸਾ ਦਿੰਦੀ ਹੈ ਕਿ ਜਲਦੀ ਹੀ ਇਨਸਾਨਾਂ ਦੀਆਂ ਸਾਰੀਆਂ ਬੀਮਾਰੀਆਂ ਅਤੇ ਦੁੱਖ-ਤਕਲੀਫ਼ਾਂ ਖ਼ਤਮ ਹੋ ਜਾਣਗੀਆਂ। ਇਹ ਵਾਅਦਾ ਪਰਕਾਸ਼ ਦੀ ਪੋਥੀ ਨਾਮਕ ਕਿਤਾਬ ਵਿਚ ਕੀਤਾ ਗਿਆ ਹੈ: “ਮੈਂ ਸਿੰਘਾਸਣ ਤੋਂ ਇੱਕ ਵੱਡੀ ਅਵਾਜ਼ ਇਹ ਆਖਦੇ ਸੁਣੀ ਭਈ ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਓਹਨਾਂ ਨਾਲ ਡੇਰਾ ਕਰੇਗਾ ਅਤੇ ਓਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਓਹਨਾਂ ਦਾ ਪਰਮੇਸ਼ੁਰ ਹੋ ਕੇ ਓਹਨਾਂ ਦੇ ਨਾਲ ਰਹੇਗਾ। ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”—ਪਰਕਾਸ਼ ਦੀ ਪੋਥੀ 21:3, 4.

ਇਹ ਭਰੋਸਾ ਸਿਰਫ਼ ਉਨ੍ਹਾਂ ਨੂੰ ਹੀ ਨਹੀਂ ਦਿੱਤਾ ਜਾਂਦਾ ਜੋ ਮਹਿੰਗੀਆਂ ਦਵਾਈਆਂ ਖ਼ਰੀਦ ਸਕਦੇ ਹਨ। ਪਰਕਾਸ਼ ਦੀ ਪੋਥੀ ਦੇ ਅਧਿਆਇ 21 ਵਾਂਗ ਯਸਾਯਾਹ 33:24 ਵੀ ਵਾਅਦਾ ਕਰਦਾ ਹੈ: “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” ਉਸ ਸਮੇਂ ਪੂਰੀ ਧਰਤੀ ਉੱਤੇ ਹਰ ਇਨਸਾਨ ਪਰਮੇਸ਼ੁਰ ਦੇ ਕਾਨੂੰਨਾਂ ਨੂੰ ਮੰਨੇਗਾ ਅਤੇ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੋਵੇਗਾ। ਉਦੋਂ ਏਡਜ਼ ਦੀ ਜਾਨਲੇਵਾ ਮਹਾਂਮਾਰੀ ਅਤੇ ਬਾਕੀ ਸਾਰੀਆਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਦਿੱਤਾ ਜਾਵੇਗਾ। (g02 11/08)

[ਫੁਟਨੋਟ]

^ ਪੈਰਾ 7 ਮੁੱਖ ਕੰਪਨੀਆਂ ਦਵਾਈਆਂ ਦੀ ਕਾਢ ਕੱਢਦੀਆਂ ਹਨ ਜਿਨ੍ਹਾਂ ਉੱਤੇ ਉਨ੍ਹਾਂ ਦਾ ਰਾਖਵਾਂ ਹੱਕ ਹੁੰਦਾ ਹੈ। ਪਰ ਵਿਸ਼ਵ ਵਪਾਰ ਸੰਗਠਨ ਦੇ ਮੈਂਬਰ ਦੇਸ਼ ਸੰਕਟ ਦੀ ਸਥਿਤੀ ਵਿਚ ਇਸ ਕਾਨੂੰਨੀ ਹੱਕ ਨੂੰ ਰੱਦ ਕਰ ਸਕਦੇ ਹਨ ਅਤੇ ਦੂਸਰੀਆਂ ਕੰਪਨੀਆਂ ਨੂੰ ਇਹ ਦਵਾਈਆਂ ਬਣਾਉਣ ਦੀ ਮਨਜ਼ੂਰੀ ਦੇ ਸਕਦੇ ਹਨ।

[ਸਫ਼ੇ 9, 10 ਉੱਤੇ ਡੱਬੀ/ਤਸਵੀਰਾਂ]

ਮੈਨੂੰ ਇਸੇ ਇਲਾਜ ਦੀ ਤਲਾਸ਼ ਸੀ

ਮੈਂ ਅਫ਼ਰੀਕਾ ਦੇ ਦੱਖਣੀ ਹਿੱਸੇ ਵਿਚ ਰਹਿੰਦੀ ਹਾਂ ਅਤੇ ਮੇਰੀ ਉਮਰ 23 ਸਾਲ ਹੈ। ਮੈਨੂੰ ਅਜੇ ਵੀ ਉਹ ਦਿਨ ਯਾਦ ਹੈ ਜਦੋਂ ਮੈਨੂੰ ਆਪਣੇ ਐੱਚ. ਆਈ. ਵੀ. ਪਾਜ਼ਿਟਿਵ ਹੋਣ ਦਾ ਪਤਾ ਲੱਗਾ ਸੀ।

ਜਦੋਂ ਮੈਂ ਆਪਣੀ ਮੰਮੀ ਨਾਲ ਹਸਪਤਾਲ ਗਈ, ਤਾਂ ਡਾਕਟਰ ਨੇ ਸਾਨੂੰ ਇਹ ਖ਼ਬਰ ਦਿੱਤੀ। ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਦੁਖਦਾਈ ਖ਼ਬਰ ਸੀ। ਮੈਂ ਪਰੇਸ਼ਾਨ ਹੋ ਗਈ। ਮੈਨੂੰ ਡਾਕਟਰ ਦੇ ਸ਼ਬਦਾਂ ਉੱਤੇ ਵਿਸ਼ਵਾਸ ਹੀ ਨਹੀਂ ਸੀ ਹੁੰਦਾ। ਮੈਂ ਸੋਚਿਆ ਕਿ ਲੈਬਾਰਟਰੀ ਨੇ ਜ਼ਰੂਰ ਟੈੱਸਟ ਵਿਚ ਗ਼ਲਤੀ ਕੀਤੀ ਹੋਣੀ। ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਮੈਂ ਕੀ ਕਹਾਂ ਜਾਂ ਕਰਾਂ। ਮੇਰਾ ਰੋਣ ਦਾ ਜੀਅ ਕਰਦਾ ਸੀ, ਪਰ ਹੰਝੂ ਸਨ ਕਿ ਨਿਕਲਣ ਦਾ ਨਾਂ ਹੀ ਨਹੀਂ ਲੈ ਰਹੇ ਸਨ। ਡਾਕਟਰ ਮੰਮੀ ਜੀ ਨੂੰ ਰੈੱਟਰੋਵਾਇਰਸ-ਵਿਰੋਧੀ ਦਵਾਈਆਂ ਬਾਰੇ ਅਤੇ ਹੋਰ ਗੱਲਾਂ ਬਾਰੇ ਦੱਸ ਰਿਹਾ ਸੀ, ਪਰ ਪਰੇਸ਼ਾਨੀ ਕਾਰਨ ਮੈਂ ਉਸ ਦੀ ਕਿਸੇ ਵੀ ਗੱਲ ਵੱਲ ਧਿਆਨ ਨਾ ਦਿੱਤਾ।

ਮੈਨੂੰ ਸ਼ੱਕ ਸੀ ਕਿ ਯੂਨੀਵਰਸਿਟੀ ਵਿਚ ਕਿਸੇ ਮੁੰਡੇ ਤੋਂ ਮੈਨੂੰ ਇਹ ਬੀਮਾਰੀ ਲੱਗੀ ਸੀ। ਮੈਨੂੰ ਕਿਸੇ ਅਜਿਹੇ ਵਿਅਕਤੀ ਦੀ ਲੋੜ ਸੀ ਜੋ ਮੇਰੇ ਦਰਦ ਨੂੰ ਸਮਝ ਸਕਦਾ। ਪਰ ਇਹੋ ਜਿਹਾ ਮੈਨੂੰ ਕੋਈ ਨਹੀਂ ਮਿਲਿਆ। ਮੈਂ ਬਹੁਤ ਹੀ ਨਿਰਾਸ਼ ਹੋ ਗਈ ਕਿ ਮੈਂ  ਹੁਣ ਜ਼ਿੰਦਗੀ ਵਿਚ ਕੁਝ ਵੀ ਕਰਨ ਦੇ ਕਾਬਲ ਨਹੀਂ ਰਹੀ ਸੀ। ਭਾਵੇਂ ਮੇਰੇ ਪਰਿਵਾਰ ਨੇ ਮੇਰੀ ਹਰ ਤਰੀਕੇ ਨਾਲ ਮਦਦ ਕੀਤੀ, ਪਰ ਮੈਂ ਬਹੁਤ ਹੀ ਘਬਰਾਈ ਹੋਈ ਸੀ। ਮੈਨੂੰ ਕਿਸੇ ਪਾਸਿਓਂ ਵੀ ਆਸ ਨਜ਼ਰ ਨਹੀਂ ਆਉਂਦੀ ਸੀ। ਆਮ ਨੌਜਵਾਨਾਂ ਵਾਂਗ ਮੈਂ ਵੀ ਕਈ ਸੁਪਨੇ ਦੇਖੇ ਸਨ। ਦੋ ਸਾਲਾਂ ਬਾਅਦ ਮੈਂ ਬੈਚਲਰ ਆਫ਼ ਸਾਇੰਸ ਦੀ ਡਿਗਰੀ ਹਾਸਲ ਕਰਨੀ ਸੀ, ਪਰ ਹੁਣ ਮੇਰੇ ਸਾਰੇ ਸੁਪਨੇ ਚੂਰ-ਚੂਰ ਹੋ ਗਏ ਸਨ।

ਡਾਕਟਰ ਦੀ ਹਿਦਾਇਤ ਮੁਤਾਬਕ ਮੈਂ ਰੈੱਟਰੋਵਾਇਰਸ-ਵਿਰੋਧੀ ਦਵਾਈਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਏਡਜ਼ ਦੇ ਸਲਾਹਕਾਰਾਂ ਨਾਲ ਵੀ ਗੱਲਬਾਤ ਕੀਤੀ, ਪਰ ਮੇਰਾ ਡਿਪਰੈਸ਼ਨ ਘਟਣ ਦੀ ਬਜਾਇ ਵਧਦਾ ਹੀ ਗਿਆ। ਮੈਂ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਕਿ ਉਹ ਮੈਨੂੰ ਮਰਨ ਤੋਂ ਪਹਿਲਾਂ ਸੱਚੀ ਮਸੀਹੀਅਤ ਦਾ ਰਾਹ ਦਿਖਾ ਦੇਵੇ। ਮੈਂ ਇਕ ਪੈਂਟਕਾਸਟਲ ਚਰਚ ਦੀ ਮੈਂਬਰ ਸੀ, ਪਰ ਮੇਰੇ ਗਿਰਜੇ ਦਾ ਇਕ ਵੀ ਬੰਦਾ ਮੈਨੂੰ ਮਿਲਣ ਨਹੀਂ ਆਇਆ। ਮੈਂ ਜਾਣਨਾ ਚਾਹੁੰਦੀ ਸੀ ਕਿ ਮਰਨ ਮਗਰੋਂ ਮੇਰਾ ਕੀ ਹੋਵੇਗਾ।

ਅਗਸਤ 1999 ਦੀ ਇਕ ਸਵੇਰ ਨੂੰ ਯਹੋਵਾਹ ਦੀਆਂ ਦੋ ਗਵਾਹਾਂ ਨੇ ਮੇਰਾ ਦਰਵਾਜ਼ਾ ਖੜਕਾਇਆ। ਉਸ ਦਿਨ ਮੇਰੀ ਤਬੀਅਤ ਬਹੁਤ ਹੀ ਖ਼ਰਾਬ ਸੀ, ਫਿਰ ਵੀ ਮੈਂ ਬੈਠ ਕੇ ਉਨ੍ਹਾਂ ਦੀ ਗੱਲ ਸੁਣੀ। ਉਨ੍ਹਾਂ ਨੇ ਆਪਣੀ ਜਾਣ-ਪਛਾਣ ਕਰਾਉਣ ਤੋਂ ਬਾਅਦ ਦੱਸਿਆ ਕਿ ਉਹ ਬਾਈਬਲ ਬਾਰੇ ਸਿੱਖਣ ਵਿਚ ਲੋਕਾਂ ਦੀ ਮਦਦ ਕਰ ਰਹੀਆਂ ਹਨ। ਆਪਣੀਆਂ ਪ੍ਰਾਰਥਨਾਵਾਂ ਦਾ ਜਵਾਬ ਪਾ ਕੇ ਮੈਨੂੰ ਬਹੁਤ ਖ਼ੁਸ਼ੀ ਹੋਈ। ਪਰ ਉਦੋਂ ਮੈਂ ਇੰਨੀ ਕਮਜ਼ੋਰ ਹੋ ਚੁੱਕੀ ਸੀ ਕਿ ਮੇਰੇ ਲਈ ਜ਼ਿਆਦਾ ਦੇਰ ਤਕ ਪੜ੍ਹਨਾ ਜਾਂ ਕਿਸੇ ਗੱਲ ਵੱਲ ਧਿਆਨ ਦੇਣਾ ਔਖਾ ਸੀ।

ਫਿਰ ਵੀ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਬਾਈਬਲ ਬਾਰੇ ਸਿਖਾਓ ਅਤੇ ਉਨ੍ਹਾਂ ਨੇ ਮੇਰੇ ਨਾਲ ਸਟੱਡੀ ਕਰਨ ਦਾ ਦਿਨ ਮਿਥਿਆ। ਪਰ ਦੁੱਖ ਦੀ ਗੱਲ ਹੈ ਕਿ ਉਹ ਦਿਨ ਆਉਣ ਤੋਂ ਪਹਿਲਾਂ ਹੀ ਮੇਰੀ ਮਾਨਸਿਕ ਹਾਲਤ ਇੰਨੀ ਵਿਗੜ ਗਈ ਕਿ ਮੈਨੂੰ ਇਕ ਮਨੋਰੋਗ ਹਸਪਤਾਲ ਵਿਚ ਦਾਖ਼ਲ ਹੋਣਾ ਪਿਆ। ਤਿੰਨ ਹਫ਼ਤਿਆਂ ਬਾਅਦ ਘਰ ਵਾਪਸ ਆਉਣ ਤੇ ਮੈਨੂੰ ਇਹ ਜਾਣ ਕੇ ਬੜੀ ਖ਼ੁਸ਼ੀ ਹੋਈ ਕਿ ਭੈਣਾਂ ਮੈਨੂੰ ਭੁੱਲੀਆਂ ਨਹੀਂ ਸਨ। ਮੈਨੂੰ ਯਾਦ ਹੈ ਕਿ ਉਨ੍ਹਾਂ ਵਿੱਚੋਂ ਇਕ ਗਵਾਹ ਮੇਰਾ ਹਾਲ-ਚਾਲ ਪੁੱਛਦੀ ਰਹਿੰਦੀ ਸੀ। ਸਾਲ ਦੇ ਅਖ਼ੀਰ ਵਿਚ ਮੇਰੀ ਤਬੀਅਤ ਥੋੜ੍ਹੀ-ਬਹੁਤ ਸੰਭਲ ਗਈ ਅਤੇ ਮੈਂ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਪਰ ਇਹ ਮੇਰੇ ਲਈ ਆਸਾਨ ਨਹੀਂ ਸੀ ਕਿਉਂਕਿ ਮੇਰੀ ਸਿਹਤ ਝੱਟ ਵਿਗੜ ਜਾਂਦੀ ਸੀ। ਪਰ ਮੇਰੇ ਨਾਲ ਸਟੱਡੀ ਕਰਨ ਵਾਲੀ ਭੈਣ ਮੇਰੀ ਹਾਲਤ ਸਮਝਦੀ ਸੀ ਅਤੇ ਬਹੁਤ ਹੀ ਸਬਰ ਨਾਲ ਮੈਨੂੰ ਸਟੱਡੀ ਕਰਾਉਂਦੀ ਸੀ।

ਮੈਨੂੰ ਬਾਈਬਲ ਤੋਂ ਯਹੋਵਾਹ ਅਤੇ ਉਸ ਦੇ ਗੁਣਾਂ ਬਾਰੇ ਸਿੱਖ ਕੇ ਬਹੁਤ ਚੰਗਾ ਲੱਗਾ। ਮੈਂ ਸਿੱਖਿਆ ਕਿ ਯਹੋਵਾਹ ਨੂੰ ਜਾਣਨ ਅਤੇ ਸਦਾ ਦੀ ਜ਼ਿੰਦਗੀ ਦੀ ਆਸ ਰੱਖਣ ਦਾ ਕੀ ਮਤਲਬ ਸੀ। ਜ਼ਿੰਦਗੀ ਵਿਚ ਪਹਿਲੀ ਵਾਰ ਮੈਨੂੰ ਪਤਾ ਲੱਗਾ ਕਿ ਇਨਸਾਨ ਉੱਤੇ ਦੁੱਖ ਕਿਉਂ ਆਉਂਦੇ ਹਨ। ਪਰਮੇਸ਼ੁਰ ਦੇ ਰਾਜ ਬਾਰੇ ਸਿੱਖ ਕੇ ਮੈਨੂੰ ਬਹੁਤ ਹੀ ਖ਼ੁਸ਼ੀ ਹੋਈ ਜੋ ਸਾਰੀਆਂ ਮਨੁੱਖੀ ਸਰਕਾਰਾਂ ਨੂੰ ਖ਼ਤਮ ਕਰ ਦੇਵੇਗਾ। ਇਸ ਗਿਆਨ ਨੇ ਮੈਨੂੰ ਆਪਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਨਾਲ ਬਦਲਣ ਦਾ ਹੌਸਲਾ ਦਿੱਤਾ।

ਇਸੇ ਇਲਾਜ ਦੀ ਮੈਨੂੰ ਤਲਾਸ਼ ਸੀ। ਇਹ ਸਿੱਖ ਕੇ ਮੇਰੇ ਦਿਲ ਨੂੰ ਬਹੁਤ ਆਰਾਮ ਮਿਲਿਆ ਕਿ ਯਹੋਵਾਹ ਮੈਨੂੰ ਅਜੇ ਵੀ ਪਿਆਰ ਕਰਦਾ ਹੈ ਅਤੇ ਮੇਰੀ ਪਰਵਾਹ ਕਰਦਾ ਹੈ! ਪਹਿਲਾਂ ਮੈਂ ਸੋਚਦੀ ਹੁੰਦੀ ਸੀ ਕਿ ਪਰਮੇਸ਼ੁਰ ਮੈਨੂੰ ਨਫ਼ਰਤ ਕਰਦਾ ਹੈ ਜਿਸ ਕਰਕੇ ਮੈਨੂੰ ਇਹ ਭੈੜੀ ਬੀਮਾਰੀ ਲੱਗੀ ਹੈ। ਪਰ ਮੈਂ ਸਿੱਖਿਆ ਕਿ ਸਾਡੇ ਨਾਲ ਪਿਆਰ ਕਰਨ ਕਰਕੇ ਯਹੋਵਾਹ ਨੇ ਯਿਸੂ ਮਸੀਹ ਦੇ ਬਲੀਦਾਨ ਦੇ ਆਧਾਰ ਉੱਤੇ ਸਾਡੇ ਪਾਪਾਂ ਨੂੰ ਮਾਫ਼ ਕਰਨ ਦਾ ਪ੍ਰਬੰਧ ਕੀਤਾ ਹੈ। ਇਸ ਤੋਂ ਮੈਨੂੰ ਪਤਾ ਲੱਗਾ ਕਿ ਪਰਮੇਸ਼ੁਰ ਨੂੰ ਮੇਰੀ ਚਿੰਤਾ ਹੈ, ਜਿਵੇਂ 1 ਪਤਰਸ 5:7 ਵਿਚ ਲਿਖਿਆ ਹੈ: “ਆਪਣੀ ਸਾਰੀ ਚਿੰਤਾ ਓਸ ਉੱਤੇ ਸੁਟ ਛੱਡੋ ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ।”

ਹਰ ਰੋਜ਼ ਬਾਈਬਲ ਦੀ ਸਟੱਡੀ ਕਰ ਕੇ ਅਤੇ ਕਲੀਸਿਯਾ ਸਭਾਵਾਂ ਵਿਚ ਜਾ ਕੇ ਮੈਂ ਯਹੋਵਾਹ ਨਾਲ ਰਿਸ਼ਤਾ ਗੂੜ੍ਹਾ ਰੱਖਣ ਦੀ ਬਹੁਤ ਕੋਸ਼ਿਸ਼ ਕਰ ਰਹੀ ਹਾਂ। ਇਹ ਸੌਖਾ ਤਾਂ ਨਹੀਂ ਹੈ, ਪਰ ਮੈਂ ਦਿਲ ਖੋਲ੍ਹ ਕੇ ਯਹੋਵਾਹ ਨੂੰ ਆਪਣੀ ਸਾਰੀ ਚਿੰਤਾ ਦੱਸ ਦਿੰਦੀ ਹਾਂ ਅਤੇ ਉਸ ਤੋਂ ਤਾਕਤ ਅਤੇ ਹੌਸਲੇ ਲਈ ਪ੍ਰਾਰਥਨਾ ਕਰਦੀ ਹਾਂ। ਕਲੀਸਿਯਾ ਦੇ ਮੈਂਬਰ ਵੀ ਮੈਨੂੰ ਪੂਰਾ ਸਹਾਰਾ ਦਿੰਦੇ ਹਨ, ਇਸ ਲਈ ਮੈਂ ਖ਼ੁਸ਼ ਹਾਂ।

ਮੈਂ ਦੂਸਰੇ ਗਵਾਹਾਂ ਨਾਲ ਮਿਲ ਕੇ ਬਾਕਾਇਦਾ ਪ੍ਰਚਾਰ ਦਾ ਕੰਮ ਵੀ ਕਰਦੀ ਹਾਂ। ਮੈਂ ਦੂਸਰਿਆਂ ਦੀ, ਖ਼ਾਸਕਰ ਉਨ੍ਹਾਂ ਲੋਕਾਂ ਦੀ ਮਦਦ ਕਰਨੀ ਚਾਹੁੰਦੀ ਹਾਂ ਜਿਨ੍ਹਾਂ ਦੀ ਹਾਲਤ ਮੇਰੇ ਵਰਗੀ ਹੈ। ਦਸੰਬਰ 2001 ਵਿਚ ਮੈਂ ਬਪਤਿਸਮਾ ਲੈ ਲਿਆ।

[ਤਸਵੀਰ]

ਪਰਮੇਸ਼ੁਰ ਦੇ ਰਾਜ ਬਾਰੇ ਸਿੱਖ ਕੇ ਮੈਨੂੰ ਬਹੁਤ ਹੀ ਖ਼ੁਸ਼ੀ ਹੋਈ

[ਸਫ਼ੇ 8 ਉੱਤੇ ਤਸਵੀਰ]

ਬਾਤਸਵਾਨਾ ਵਿਚ ਏਡਜ਼ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਵਾਲੀ ਟੀਮ

[ਸਫ਼ੇ 10 ਉੱਤੇ ਤਸਵੀਰ]

ਫਿਰਦੌਸ ਰੂਪੀ ਧਰਤੀ ਉੱਤੇ ਹਰ ਇਨਸਾਨ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੋਵੇਗਾ