Skip to content

Skip to table of contents

ਕੀ ਤੁਹਾਨੂੰ ਆਪਣੇ ਵਾਲਾਂ ਦੀ ਚਿੰਤਾ ਹੈ?

ਕੀ ਤੁਹਾਨੂੰ ਆਪਣੇ ਵਾਲਾਂ ਦੀ ਚਿੰਤਾ ਹੈ?

ਕੀ ਤੁਹਾਨੂੰ ਆਪਣੇ ਵਾਲਾਂ ਦੀ ਚਿੰਤਾ ਹੈ?

ਤੁਸੀਂ ਸ਼ਾਇਦ ਹੋਰਨਾਂ ਕਈਆਂ ਲੋਕਾਂ ਵਾਂਗ ਰੋਜ਼ ਸ਼ੀਸ਼ੇ ਸਾਮ੍ਹਣੇ ਖੜ੍ਹੇ ਹੋ ਕੇ ਆਪਣੇ ਵਾਲਾਂ ਵੱਲ ਚੰਗੀ ਤਰ੍ਹਾਂ ਦੇਖਣ ਵਿਚ ਕਾਫ਼ੀ ਸਮਾਂ ਲਾਉਂਦੇ ਹੋਵੋ। ਆਦਮੀ ਤੇ ਔਰਤਾਂ ਦੋਵੇਂ ਆਪਣੇ ਵਾਲਾਂ ਵਿਚ ਦਿਲਚਸਪੀ ਲੈਂਦੇ ਹਨ ਅਤੇ ਕਦੀ-ਕਦੀ ਉਨ੍ਹਾਂ ਬਾਰੇ ਚਿੰਤਾ ਵੀ ਕਰਦੇ ਹਨ।

ਆਪਣੇ ਵਾਲਾਂ ਨੂੰ ਜਾਣੋ

ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਸਿਰ ਉੱਤੇ ਕਿੰਨੇ ਵਾਲ ਹਨ? ਆਮ ਤੌਰ ਤੇ ਇਕ ਲੱਖ। ਇਕ ਵਾਲ ਸਿਰਫ਼ 2-6 ਸਾਲ ਹੀ ਵਧਦਾ ਹੈ। ਫਿਰ ਉਹ ਝੜ ਜਾਂਦਾ ਹੈ ਅਤੇ ਕੁਝ ਸਮੇਂ ਬਾਅਦ ਉਸੇ ਮੁਸਾਮ ਵਿੱਚੋਂ ਇਕ ਨਵਾਂ ਵਾਲ ਉੱਗਣ ਲੱਗ ਪੈਂਦਾ ਹੈ। ਵਾਲ ਇੱਕੋ ਵਾਰ ਨਹੀਂ ਵੱਧਦੇ ਪਰ ਪੜਾਵਾਂ ਵਿਚ ਮੁੜ-ਮੁੜ ਕੇ ਆਉਂਦੇ ਹਨ। (27ਵੇਂ ਸਫ਼ੇ ਤੇ ਡੱਬੀ ਦੇਖੋ।) ਆਮ ਤੌਰ ਤੇ ਹਰ ਰੋਜ਼ 70 ਤੋਂ 100 ਵਾਲ ਕੁਦਰਤੀ ਤੌਰ ਤੇ ਝੜ ਜਾਂਦੇ ਹਨ। ਪਰ ਕਿਉਂਕਿ ਵਾਲ ਪੜਾਵਾਂ ਵਿਚ ਵਧਦੇ ਹਨ ਸਾਨੂੰ ਕੋਈ ਫ਼ਰਕ ਨਜ਼ਰ ਨਹੀਂ ਆਉਂਦਾ।

ਵਾਲਾਂ ਦੇ ਵੱਖਰੇ-ਵੱਖਰੇ ਰੰਗਾਂ ਦਾ ਕੀ ਕਾਰਨ ਹੈ? ਇਕ ਐਨਸਾਈਕਲੋਪੀਡੀਆ ਦੇ ਮੁਤਾਬਕ “ਵਾਲਾਂ ਦਾ ਰੰਗ ਕਾਫ਼ੀ ਹੱਦ ਤਕ ਜ਼ਿਆਦਾ ਜਾਂ ਘੱਟ ਭੂਰੇ-ਕਾਲੇ ਮਲੈਨਿਨ ਉੱਤੇ ਨਿਰਭਰ ਕਰਦਾ ਹੈ।” ਮਲੈਨਿਨ ਇਕ ਕੁਦਰਤੀ ਰੰਗ ਹੈ ਜੋ ਵਾਲਾਂ, ਚਮੜੀ ਤੇ ਅੱਖਾਂ ਵਿਚ ਹੁੰਦਾ ਹੈ। ਜਿਸ ਵਿਚ ਜ਼ਿਆਦਾ ਮਲੈਨਿਨ ਹੋਵੇ ਉਸ ਦੇ ਵਾਲ ਜ਼ਿਆਦਾ ਗੂੜ੍ਹੇ ਹੁੰਦੇ ਹਨ। ਜਿੰਨਾ ਮਲੈਨਿਨ ਘੱਟ ਹੋਵੇ ਉੱਨਾ ਹੀ ਵਾਲਾਂ ਦਾ ਰੰਗ ਵੀ ਹਲਕਾ ਹੋ ਜਾਂਦਾ ਹੈ, ਕਾਲੇ ਤੋਂ ਭੂਰਾ ਜਾਂ ਲਾਲ ਜਾਂ ਕੱਕਾ। ਜੇ ਵਾਲਾਂ ਵਿਚ ਮਲੈਨਿਨ ਹੈ ਹੀ ਨਹੀਂ, ਤਾਂ ਵਾਲ ਬਿਲਕੁਲ ਚਿੱਟੇ ਨਜ਼ਰ ਆਉਂਦੇ ਹਨ।

ਸਿਰ ਵਿਚ ਕਰ ਪੈਣ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੂੰ ਵਾਲ ਝੜਨ ਦਾ ਜਾਂ ਧੌਲ਼ੇ ਵਾਲਾਂ ਦਾ ਫ਼ਿਕਰ ਹੁੰਦਾ ਹੈ।

ਕੀ ਤੁਹਾਡੇ ਧੌਲ਼ੇ ਆਏ ਹਨ?

ਧੌਲ਼ਿਆਂ ਨੂੰ ਅਕਸਰ ਬੁਢਾਪੇ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ। ਆਮ ਤੌਰ ਤੇ ਬੁੜੇ ਬੰਦਿਆਂ ਦੇ ਵਾਲ ਚਿੱਟੇ ਹੁੰਦੇ ਹਨ। ਇਹ ਸੱਚ ਹੈ ਕਿ ਉਮਰ ਦੇ ਵਧਣ ਨਾਲ ਧੌਲ਼ੇ ਜ਼ਰੂਰ ਆਉਂਦੇ ਹਨ। ਪਰ ਵੱਡੀ ਉਮਰ ਤੋਂ ਇਲਾਵਾ ਹੋਰ ਕਾਰਨਾਂ ਕਰਕੇ ਵੀ ਧੌਲ਼ੇ ਆ ਜਾਂਦੇ ਹਨ, ਜਿਵੇਂ ਕਿ ਖ਼ੁਰਾਕ ਦੀਆਂ ਮਾੜੀਆਂ ਆਦਤਾਂ। ਭਾਵੇਂ ਕਿਸੇ ਦੇ ਵਾਲਾਂ ਦਾ ਰੰਗ ਗੂੜ੍ਹਾ ਹੋਵੇ ਜਾਂ ਹਲਕਾ, ਕੋਈ ਆਦਮੀ ਹੋਵੇ ਜਾਂ ਔਰਤ, ਫਿਰ ਵੀ ਧੌਲ਼ੇ ਸਾਰਿਆਂ ਦੇ ਆਉਂਦੇ ਹਨ। ਪਰ ਜਿਨ੍ਹਾਂ ਦੇ ਵਾਲ ਕਾਲੇ ਹਨ ਉਨ੍ਹਾਂ ਦੇ ਧੌਲ਼ੇ ਜਲਦੀ ਨਜ਼ਰ ਆ ਜਾਂਦੇ ਹਨ।

ਕੁਝ ਲੋਕ ਭਾਵੇਂ ਅਜੇ ਜਵਾਨ ਹਨ, ਪਰ ਉਨ੍ਹਾਂ ਦੇ ਧੌਲ਼ੇ ਵਾਲਾਂ ਕਰਕੇ ਉਹ ਵੱਡੀ ਉਮਰ ਦੇ ਲੱਗਦੇ ਹਨ। ਇਸ ਭੁਲੇਖੇ ਤੋਂ ਉਹ ਖ਼ੁਸ਼ ਨਹੀਂ ਹਨ। ਦੂਜੇ ਹੱਥ ਅਜਿਹੇ ਲੋਕ ਵੀ ਹਨ ਜਿਨ੍ਹਾਂ ਦੇ ਸਿਆਣੇ ਹੋਣ ਦੇ ਬਾਵਜੂਦ ਅਜੇ ਤਕ ਧੌਲ਼ੇ ਨਹੀਂ ਆਏ ਅਤੇ ਇਸ ਤੋਂ ਉਹ ਪਰੇਸ਼ਾਨ ਹਨ ਕਿਉਂਕਿ ਉਨ੍ਹਾਂ ਨੂੰ ਆਪਣੀ ਉਮਰ ਮੁਤਾਬਕ ਮਾਣ ਨਹੀਂ ਮਿਲਦਾ।

ਵਾਲ ਚਿੱਟੇ ਹੋਣ ਦਾ ਇਹ ਮਤਲਬ ਨਹੀਂ ਕਿ ਵਾਲ ਮਰ ਗਏ ਹਨ। ਵੈਸੇ ਸਾਰੇ ਵਾਲ ਜੋ ਨਜ਼ਰ ਆਉਂਦੇ ਹਨ ਪਹਿਲਾਂ ਹੀ ਮਰ ਚੁੱਕੇ ਹਨ। ਹਰ ਵਾਲ ਦੀ ਜੜ੍ਹ ਖੋਪੜੀ ਦੀ ਚਮੜੀ ਦੇ ਥੱਲੇ ਹੁੰਦੀ ਹੈ। ਇਸ ਹਿੱਸੇ ਨੂੰ ਬੱਲਬ ਸੱਦਿਆ ਜਾਂਦਾ ਹੈ ਅਤੇ ਵਾਲਾਂ ਦਾ ਸਿਰਫ਼ ਇਹੀ ਹਿੱਸਾ ਜ਼ਿੰਦਾ ਹੁੰਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਬੱਲਬ ਵਾਲ ਬਣਾਉਣ ਦੀ ਫੈਕਟਰੀ ਹੈ। ਬੱਲਬ ਅੰਦਰਲੇ ਸੈੱਲ ਵਧ ਕੇ ਵਾਲ ਬਣਨਾ ਸ਼ੁਰੂ ਹੁੰਦਾ ਹੈ। ਉਸ ਸਮੇਂ ਵਾਲ ਰੰਗ ਦੇ ਸੈੱਲਾਂ ਤੋਂ ਮਲੈਨਿਨ ਚੂਸ ਲੈਂਦਾ ਹੈ। ਇਸ ਕਰਕੇ ਜੇ ਰੰਗ ਦੇ ਸੈੱਲ ਮਲੈਨਿਨ ਬਣਾਉਣੋਂ ਹਟ ਜਾਣ, ਤਾਂ ਵਾਲ ਸਫੇਦ ਹੋ ਜਾਂਦੇ ਹਨ।

ਅਜੇ ਤਕ ਕੋਈ ਇਹ ਨਹੀਂ ਜਾਣਦਾ ਕਿ ਰੰਗ ਦੇ ਸੈੱਲ ਮਲੈਨਿਨ ਬਣਾਉਣੋਂ ਕਿਉਂ ਰੁੱਕ ਜਾਂਦੇ ਹਨ। ਇਸ ਕਰਕੇ ਧੌਲ਼ੇ ਵਾਲਾਂ ਦਾ ਕੋਈ ਪੱਕਾ ਇਲਾਜ ਨਹੀਂ ਲੱਭਿਆ ਹੈ। ਇਹ ਗੱਲ ਵੀ ਜਾਣੀ ਗਈ ਹੈ ਕਿ ਰੰਗ ਦੇ ਜਿਹੜੇ ਸੈੱਲ ਕੰਮ ਕਰਨੋਂ ਰੁੱਕ ਗਏ ਹਨ, ਉਹ ਦੁਬਾਰਾ ਕੰਮ ਕਰਨ ਲੱਗ ਸਕਦੇ ਹਨ। ਦਿਲਚਸਪੀ ਦੀ ਗੱਲ ਹੈ ਕਿ ਬਾਈਬਲ ਵਿਚ ਕਈ ਵਾਰ ਵਾਲਾਂ ਦੀ ਗੱਲ ਕੀਤੀ ਗਈ ਹੈ। ਯਿਸੂ ਦੀ ਇਕ ਉਦਾਹਰਣ ਵਿਚ ਉਸ ਨੇ ਕਿਹਾ: “ਤੂੰ ਇੱਕ ਵਾਲ ਨੂੰ ਧੌਲਾ ਯਾ ਕਾਲਾ ਨਹੀਂ ਕਰ ਸੱਕਦਾ।” (ਮੱਤੀ 5:36) ਇਸ ਗੱਲ ਤੋਂ ਜ਼ਾਹਰ ਹੁੰਦਾ ਹੈ ਕਿ ਲੋਕਾਂ ਨੇ ਬਹੁਤ ਸਮੇਂ ਤੋਂ ਜਾਣ ਲਿਆ ਹੈ ਕਿ ਨਾ ਤਾਂ ਧੌਲ਼ੇ ਆਉਣੇ ਰੋਕੇ ਜਾ ਸਕਦੇ ਹਨ ਤੇ ਨਾ ਇਨ੍ਹਾਂ ਦਾ ਕੋਈ ਇਲਾਜ ਹੈ।

ਕੁਝ ਲੋਕ ਮਲੈਨਿਨ ਦੇ ਟੀਕੇ ਵਰਗੇ ਨਵੇਂ ਕਿਸਮ ਦੇ ਇਲਾਜ ਅਜ਼ਮਾ ਕੇ ਦੇਖਦੇ ਹਨ। ਕੁਝ ਹੋਰ ਲੋਕ ਵਾਲਾਂ ਨੂੰ ਰੰਗਦੇ ਹਨ ਜੋ ਕਿ ਕੋਈ ਨਵੀਂ ਗੱਲ ਨਹੀਂ ਹੈ। ਪ੍ਰਾਚੀਨ ਯੂਨਾਨੀ ਤੇ ਰੋਮੀ ਲੋਕ ਵਾਲ ਰੰਗਿਆ ਕਰਦੇ ਸਨ। ਪ੍ਰਾਚੀਨ ਮਿਸਰੀ ਲੋਕ ਆਪਣੇ ਵਾਲ ਰੰਗਣ ਲਈ ਬਲਦ ਦਾ ਖ਼ੂਨ ਵਰਤਦੇ ਸਨ। ਇਤਿਹਾਸ ਵਿਚ ਰਿਕਾਰਡ ਕੀਤਾ ਗਿਆ ਹੈ ਕਿ ਯਿਸੂ ਮਸੀਹ ਦੇ ਜ਼ਮਾਨੇ ਵਿਚ ਰਹਿਣ ਵਾਲੇ ਹੇਰੋਦੇਸ ਮਹਾਨ ਨੇ ਜਵਾਨ ਦਿੱਸਣ ਲਈ ਆਪਣੇ ਵਾਲ ਰੰਗੇ ਸਨ।

ਪਰ ਵਾਰ-ਵਾਰ ਵਾਲ ਰੰਗਣ ਲਈ ਕਾਫ਼ੀ ਸਮਾਂ ਲੱਗਦਾ ਹੈ ਤੇ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ। ਰੰਗ ਲਾਉਣ ਦੇ ਕਾਰਨ ਕਈਆਂ ਦੀ ਚਮੜੀ ਤੇ ਧੱਫੜ ਪੈ ਜਾਂਦੇ ਹਨ ਜਾਂ ਉਨ੍ਹਾਂ ਨੂੰ ਹੋਰ ਅਲਰਜੀ ਹੋ ਜਾਂਦੀ ਹੈ। ਭਾਵੇਂ ਤੁਸੀਂ ਆਪਣੇ ਵਾਲਾਂ ਨੂੰ ਰੰਗਣ ਦਾ ਫ਼ੈਸਲਾ ਕਰੋ, ਪਰ ਉਹ ਸਮਾਂ ਵੀ ਆ ਸਕਦਾ ਹੈ ਜਦੋਂ ਤੁਸੀਂ ਸ਼ਾਇਦ ਵਾਲ ਫਿਰ ਤੋਂ ਨਾ ਰੰਗਣੇ ਚਾਹੋ। ਉਸ ਸਮੇਂ ਤੁਹਾਨੂੰ ਦੇਖਣਾ ਪਵੇਗਾ ਕਿ ਤੁਹਾਡੇ ਕਿੰਨੇ ਕੁ ਧੌਲ਼ੇ ਆ ਗਏ ਹਨ ਤੇ ਕੁਝ ਸਮੇਂ ਲਈ ਤੁਹਾਡੇ ਅੱਧੇ ਵਾਲ ਚਿੱਟੇ ਹੋਣਗੇ ਤੇ ਅੱਧੇ ਰੰਗੇ ਹੋਏ। ਫਿਰ ਵੀ ਇਸ ਗੱਲ ਤੋਂ ਤੁਹਾਨੂੰ ਹੌਸਲਾ ਮਿਲ ਸਕਦਾ ਹੈ ਕਿ ਚਿੱਟੇ ਵਾਲਾਂ ਨਾਲ ਤੁਹਾਨੂੰ ਅਜਿਹਾ ਮਾਣ ਮਿਲੇਗਾ ਜੋ ਤੁਹਾਨੂੰ ਪਹਿਲਾਂ ਕਦੇ ਨਹੀਂ ਮਿਲਿਆ ਸੀ। ਬਾਈਬਲ ਕਹਿੰਦੀ ਹੈ: “ਧੌਲਾ ਸਿਰ ਸਜਾਵਟ ਦਾ ਮੁਕਟ ਹੈ।”—ਕਹਾਉਤਾਂ 16:31.

ਵਿਰਲੇ ਵਾਲ ਤੇ ਗੰਜਾਪਣ

ਵਾਲਾਂ ਦੇ ਮਸਲਿਆਂ ਵਿਚ ਦੋ ਹੋਰ ਕਾਫ਼ੀ ਆਮ ਮਸਲੇ ਹਨ ਯਾਨੀ ਵਿਰਲੇ ਵਾਲ ਤੇ ਗੰਜਾਪਣ। ਇਹ ਵੀ ਬਹੁਤ ਸਮੇਂ ਤੋਂ ਝੱਲੇ ਗਏ ਹਨ। ਪ੍ਰਾਚੀਨ ਮਿਸਰ ਵਿਚ ਗੰਜ ਦੇ ਇਲਾਜ ਲਈ ਲੋਕ ਸ਼ੇਰਾਂ, ਦਰਿਆਈ ਘੋੜਿਆਂ, ਮਗਰਮੱਛਾਂ, ਬਿੱਲੀਆਂ, ਸੱਪਾਂ ਤੇ ਬੱਤਖਾਂ ਦੀ ਚਰਬੀ ਵਰਤਦੇ ਸਨ। ਅੱਜ-ਕੱਲ੍ਹ ਤੁਸੀਂ ਬਾਜ਼ਾਰਾਂ ਵਿਚ ਵਾਲਾਂ ਦੀ ਸੰਭਾਲ ਲਈ ਕਈ ਕਿਸਮ ਦੀਆਂ ਚੀਜ਼ਾਂ ਖ਼ਰੀਦ ਸਕਦੇ ਹੋ ਅਤੇ ਹਰ ਸਾਲ ਲੋਕ ਇਨ੍ਹਾਂ ਤੇ ਬਹੁਤ ਸਾਰਾ ਪੈਸਾ ਖ਼ਰਚ ਕਰਦੇ ਹਨ।

ਜਦੋਂ ਵਾਲਾਂ ਦਾ ਵਧਣ ਦਾ ਢੰਗ ਬਦਲ ਜਾਂਦਾ ਹੈ, ਤਾਂ ਗੰਜ ਪੈਣ ਲੱਗ ਪੈਂਦੀ ਹੈ। ਮਾੜੀ ਖ਼ੁਰਾਕ, ਲੰਮੇ ਚਿਰ ਦਾ ਤਾਪ ਜਾਂ ਚਮੜੀ ਦੀ ਕੋਈ ਹੋਰ ਬੀਮਾਰੀ ਕਰਕੇ ਵਾਲ ਵਧਣ ਦਾ ਢੰਗ ਬਦਲ ਸਕਦਾ ਹੈ। ਗਰਭ-ਅਵਸਥਾ ਅਤੇ ਬੱਚੇ ਦੇ ਜਨਮ ਕਰਕੇ ਵੀ ਵਾਲਾਂ ਦੇ ਵਧਣ ਵਿਚ ਫ਼ਰਕ ਪੈ ਸਕਦਾ ਹੈ। ਇਸ ਸਮੇਂ ਦੌਰਾਨ ਸ਼ਾਇਦ ਨਵੇਂ ਵਾਲ ਉੱਗਣ ਤੋਂ ਪਹਿਲਾਂ ਪੁਰਾਣੇ ਵਾਲ ਝੜ ਜਾਣ। ਹਾਲਾਤ ਬਦਲਣ ਤੇ ਵਾਲ ਇਸ ਤਰ੍ਹਾਂ ਝੜਨੋਂ ਹਟ ਜਾਂਦੇ ਹਨ ਅਤੇ ਫਿਰ ਪਹਿਲਾਂ ਵਾਂਗ ਵਧਣ ਲੱਗ ਪੈਂਦੇ ਹਨ।

ਵਾਲ ਝੜਨ ਦੀ ਇਕ ਬੀਮਾਰੀ ਨੂੰ ਐਲਪੀਸ਼ੀਆ ਕਿਹਾ ਜਾਂਦਾ ਹੈ। * ਇਸ ਨਾਲ ਅਕਸਰ ਸਿਰ ਦੇ ਕੁਝ ਹਿੱਸਿਆਂ ਵਿਚ ਗੰਜ ਪੈ ਜਾਂਦੀ ਹੈ। ਨਵੀਂ ਰਿਸਰਚ ਤੋਂ ਪਤਾ ਲੱਗਦਾ ਹੈ ਕਿ ਇਹ ਬੀਮਾਰੀ ਸ਼ਾਇਦ ਸਾਡੇ ਸਰੀਰ ਦੇ ਉਸ ਭਾਗ ਦਾ ਨੁਕਸ ਹੈ ਜੋ ਸਾਨੂੰ ਰੋਗਾਂ ਤੋਂ ਮੁਕਤ ਰੱਖਦਾ ਹੈ।

ਆਮ ਕਰਕੇ ਆਦਮੀਆਂ ਦੇ ਸਿਰਾਂ ਤੇ ਗੰਜ ਜ਼ਿਆਦਾ ਹੁੰਦੀ ਹੈ। ਇਹ ਮੱਥੇ ਤੋਂ ਸ਼ੁਰੂ ਹੁੰਦੀ ਹੈ ਜਾਂ ਸਿਰ ਦੇ ਗੱਭੇ ਵਾਲ ਝੜਨ ਲੱਗ ਪੈਂਦੇ ਹਨ। ਫਿਰ ਇਹ ਹੌਲੀ-ਹੌਲੀ ਵਧਣ ਲੱਗ ਪੈਂਦੀ ਹੈ। ਗੰਜੇ ਹਿੱਸੇ ਵਿਚ ਵਾਲ ਪਹਿਲਾਂ ਵਾਂਗ ਨਹੀਂ ਉੱਗਦੇ ਅਤੇ ਸਮੇਂ ਦੇ ਬੀਤਣ ਨਾਲ ਉੱਗਣੋਂ ਬਿਲਕੁਲ ਹਟ ਜਾਂਦੇ ਹਨ। ਇਕ ਐਨਸਾਈਕਲੋਪੀਡੀਆ ਦੇ ਮੁਤਾਬਕ “ਗੰਜ ਪੈਣ ਤੋਂ ਪਹਿਲਾਂ ਉਸ ਹਿੱਸੇ ਦੇ ਵਾਲ ਝੜ ਜਾਂਦੇ ਹਨ ਅਤੇ ਉਸ ਥਾਂ ਤੇ ਬਾਰੀਕ ਵਾਲ ਆਉਂਦੇ ਹਨ।” ਹੌਲੀ-ਹੌਲੀ ਉਸ ਹਿੱਸੇ ਦੇ ਵਾਲ ਹੋਰ ਪਤਲੇ ਹੋ ਜਾਂਦੇ ਹਨ ਤੇ ਜਲਦੀ ਝੜ ਜਾਂਦੇ ਹਨ ਤੇ ਅਖ਼ੀਰ ਵਿਚ ਦੁਬਾਰਾ ਉਨ੍ਹਾਂ ਦੀ ਥਾਂ ਤੇ ਹੋਰ ਵਾਲ ਨਹੀਂ ਆਉਂਦੇ। ਇਸ ਤਰ੍ਹਾਂ ਦੀ ਗੰਜ ਦੀ ਸਮੱਸਿਆ ਸ਼ਾਇਦ ਖ਼ਾਨਦਾਨੀ ਹੋਵੇ ਅਤੇ ਹਾਰਮੋਨਜ਼ ਦੀ ਗੜਬੜ ਕਰਕੇ ਹੋਵੇ।

ਆਦਮੀਆਂ ਵਿਚ ਗੰਜ ਪੈਣੀ ਜਵਾਨੀ ਵਿਚ ਸ਼ੁਰੂ ਹੋ ਸਕਦੀ ਹੈ ਪਰ ਆਮ ਕਰਕੇ ਇਹ ਲਗਭਗ 35 ਸਾਲ ਦੀ ਉਮਰ ਤੇ ਸ਼ੁਰੂ ਹੁੰਦੀ ਹੈ। ਭਾਵੇਂ ਬਹੁਤ ਸਾਰੇ ਆਦਮੀਆਂ ਦੇ ਗੰਜ ਪੈਂਦੀ ਹੈ ਪਰ ਇਹ ਹਰ ਨਸਲ ਜਾਂ ਹਰ ਇਨਸਾਨ ਲਈ ਵੱਖਰੀ ਰਫ਼ਤਾਰ ਨਾਲ ਵਾਪਰਦੀ ਹੈ। ਅਫ਼ਸੋਸ ਦੀ ਗੱਲ ਹੈ ਕਿ ਅਜੇ ਤਕ ਇਸ ਲਈ ਕੋਈ ਪੱਕਾ ਇਲਾਜ ਨਹੀਂ ਮਿਲਿਆ ਹੈ। ਕੁਝ ਆਦਮੀ ਸ਼ਾਇਦ ਨਕਲੀ ਵਾਲ ਲਗਾਉਣ ਜਾਂ ਡਾਕਟਰਾਂ ਤੋਂ ਆਪਣੇ ਸੰਘਣੇ ਵਾਲਾਂ ਨੂੰ ਵਿਰਲੇ ਹਿੱਸਿਆਂ ਤੇ ਟ੍ਰਾਂਸਪਲਾਂਟ ਕਰਵਾਉਣ। ਜੇ ਆਦਮੀ ਆਪਣੇ ਰਹਿੰਦੇ ਵਾਲਾਂ ਦੀ ਚੰਗੀ ਸੰਭਾਲ ਕਰਨ, ਤਾਂ ਉਨ੍ਹਾਂ ਦੇ ਵਾਲ ਇੰਨੀ ਜਲਦੀ ਝੜਨਗੇ ਨਹੀਂ।

ਵਿਰਲੇ ਵਾਲਾਂ ਦਾ ਇਹ ਮਤਲਬ ਨਹੀਂ ਕਿ ਕਿਸੇ ਦੇ ਵਾਲ ਹਮੇਸ਼ਾ ਲਈ ਝੜ ਗਏ ਹਨ। ਇਸ ਦੀ ਬਜਾਇ ਇਸ ਦਾ ਮਤਲਬ ਹੋ ਸਕਦਾ ਹੈ ਕਿ ਕਿਸੇ ਦੇ ਵਾਲ ਇੰਨੇ ਪਤਲੇ ਜਾਂ ਬਾਰੀਕ ਹੋ ਗਏ ਹਨ ਕਿ ਉਹ ਦੇਖਣ ਨੂੰ ਵਿਰਲੇ ਨਜ਼ਰ ਆਉਂਦੇ ਹਨ। ਵਾਲ ਕਿੰਨੇ ਕੁ ਮੋਟੇ ਹੁੰਦੇ ਹਨ? ਇਕ ਜਾਇਜ਼ੇ ਦੇ ਮੁਤਾਬਕ ਕੁਝ ਲੋਕਾਂ ਦੇ ਵਾਲ 50 ਮਾਈਕਰੋਨ ਮੋਟੇ ਹੋ ਸਕਦੇ ਹਨ ਤੇ ਕੁਝ ਹੋਰਨਾਂ ਲੋਕਾਂ ਦੇ ਵਾਲ 100 ਮਾਈਕਰੋਨ ਮੋਟੇ ਹੋ ਸਕਦੇ ਹਨ। * ਉਮਰ ਵਧਣ ਨਾਲ ਸਾਰਿਆਂ ਦੇ ਵਾਲ ਪਤਲੇ ਹੋ ਜਾਂਦੇ ਹਨ। ਥੋੜ੍ਹੇ ਜਿਹੇ ਮਾਈਕਰੋਨ ਦਾ ਫ਼ਰਕ ਸ਼ਾਇਦ ਇੰਨਾ ਜ਼ਿਆਦਾ ਨਾ ਲੱਗੇ। ਪਰ ਇਹ ਗੱਲ ਯਾਦ ਰੱਖੋ ਕਿ ਹਰੇਕ ਸਿਰ ਤੇ ਲਗਭਗ ਇਕ ਲੱਖ ਵਾਲ ਹਨ। ਜੇ ਹਰੇਕ ਵਾਲ ਥੋੜ੍ਹਾ ਜਿਹਾ ਹੀ ਬਾਰੀਕ ਹੋ ਜਾਵੇ, ਤਾਂ ਸਾਰੇ ਵਾਲਾਂ ਵਿਚ ਕਾਫ਼ੀ ਫ਼ਰਕ ਨਜ਼ਰ ਆਵੇਗਾ।

ਵਾਲਾਂ ਦੀ ਸੰਭਾਲ

ਹਰ ਮਹੀਨੇ ਵਿਚ ਵਾਲ ਇਕ ਸੈਂਟੀਮੀਟਰ ਵੱਧਦੇ ਹਨ। ਇਹ ਸਰੀਰ ਦੇ ਹੋਰ ਕਿਸੇ ਵੀ ਹਿੱਸੇ ਨਾਲੋਂ ਜਲਦੀ ਵਧਣ ਵਾਲੀ ਚੀਜ਼ ਹੈ। ਜੇ ਮਿਣਿਆ ਜਾਵੇ, ਤਾਂ ਇਕ ਦਿਨ ਵਿਚ ਸਾਰੇ ਵਾਲਾਂ ਦੀ ਕੁੱਲ ਲੰਬਾਈ 20 ਮੀਟਰ ਤੋਂ ਜ਼ਿਆਦਾ ਹੁੰਦੀ ਹੈ!

ਭਾਵੇਂ ਡਾਕਟਰਾਂ ਨੂੰ ਧੌਲ਼ਿਆਂ ਤੇ ਗੰਜੇਪਣ ਦਾ ਕੋਈ ਪੱਕਾ ਇਲਾਜ ਨਹੀਂ ਲੱਭਿਆ ਹੈ, ਫਿਰ ਵੀ ਅਸੀਂ ਆਪਣੇ ਵਾਲਾਂ ਦੀ ਸੰਭਾਲ ਚੰਗੀ ਤਰ੍ਹਾਂ ਕਰ ਸਕਦੇ ਹਾਂ। ਇਹ ਜ਼ਰੂਰੀ ਹੈ ਕਿ ਤੁਸੀਂ ਚੰਗੀ ਖ਼ੁਰਾਕ ਖਾਵੋ ਅਤੇ ਕਿ ਤੁਹਾਡੀ ਖੋਪੜੀ ਤਕ ਖ਼ੂਨ ਚੰਗੀ ਤਰ੍ਹਾਂ ਨਾਲ ਪਹੁੰਚੇ। ਭਾਰ ਘਟਾਉਣ ਲਈ ਚੰਗੀ ਤਰ੍ਹਾਂ ਰੋਟੀ ਨਾ ਖਾਣ ਕਰਕੇ ਧੌਲ਼ੇ ਆ ਜਾਂਦੇ ਹਨ ਅਤੇ ਵਾਲ ਵਿਰਲੇ ਹੋ ਜਾਂਦੇ ਹਨ। ਵਾਲਾਂ ਦੀ ਦੇਖ-ਭਾਲ ਕਰਨ ਦੇ ਮਾਹਰ ਕਹਿੰਦੇ ਹਨ ਕਿ ਸਾਨੂੰ ਬਾਕਾਇਦਾ ਆਪਣੇ ਵਾਲਾਂ ਨੂੰ ਸ਼ੈਂਪੂ ਕਰਨਾ ਚਾਹੀਦਾ ਹੈ। ਉਹ ਇਹ ਵੀ ਕਹਿੰਦੇ ਹਨ ਕਿ ਸਾਨੂੰ ਆਪਣੇ ਨਹੁੰਆਂ ਨਾਲ ਆਪਣੇ ਸਿਰ ਨੂੰ ਖੁਰਕਣ ਤੋਂ ਪਰਹੇਜ਼ ਕਰਨ ਦੇ ਨਾਲ-ਨਾਲ ਆਪਣੀ ਖੋਪੜੀ ਦੀ ਮਾਲਸ਼ ਕਰਨੀ ਚਾਹੀਦੀ ਹੈ। ਇਸ ਨਾਲ ਸਾਡੀ ਖੋਪੜੀ ਤਕ ਖ਼ੂਨ ਚੰਗੀ ਤਰ੍ਹਾਂ ਪਹੁੰਚਦਾ ਹੈ। ਸ਼ੈਂਪੂ ਕਰਨ ਤੋਂ ਬਾਅਦ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਧੋਵੋ ਤਾਂਕਿ ਸਾਰਾ ਸ਼ੈਂਪੂ ਨਿਕਲ ਜਾਵੇ।

ਬਹੁਤੇ ਜ਼ੋਰ ਨਾਲ ਆਪਣੇ ਵਾਲਾਂ ਵਿਚ ਕੰਘੀ ਨਾ ਕਰੋ। ਜੇ ਤੁਹਾਡੇ ਵਾਲ ਲੰਬੇ ਹਨ, ਤਾਂ ਚੰਗਾ ਹੋਵੇਗਾ ਜੇ ਤੁਸੀਂ ਗਿੱਲੇ ਵਾਲਾਂ ਨੂੰ ਉੱਪਰੋਂ ਥੱਲੇ ਤਕ ਨਾ ਵਾਹੋ। ਇਸ ਦੀ ਬਜਾਇ ਪਹਿਲਾਂ ਵਾਲਾਂ ਨੂੰ ਫੜ ਕੇ ਥੱਲਿਓਂ ਗੁੰਝਲਾਂ ਨੂੰ ਕੱਢੋਂ। ਫਿਰ ਵਾਲਾਂ ਨੂੰ ਗੱਭਿਓਂ ਥੱਲੇ ਤਕ ਵਾਹੋ। ਫਿਰ ਅਖ਼ੀਰ ਵਿਚ ਆਪਣੇ ਵਾਲਾਂ ਨੂੰ ਛੱਡ ਕੇ ਉੱਪਰੋਂ ਥੱਲੇ ਤਕ ਵਾਹੋ।

ਜਦ ਤੁਹਾਨੂੰ ਨਵੇਂ ਧੌਲ਼ੇ ਨਜ਼ਰ ਆਉਂਦੇ ਹਨ ਜਾਂ ਤੁਹਾਡੇ ਵਾਲ ਝੜਨ ਲੱਗ ਪੈਂਦੇ ਹਨ, ਤਾਂ ਤੁਹਾਨੂੰ ਫ਼ਿਕਰ ਜ਼ਰੂਰ ਹੁੰਦਾ ਹੈ। ਪਰ ਯਾਦ ਰੱਖੋ ਕਿ ਦੂਸਰੇ ਲੋਕ ਤੁਹਾਡੇ ਵਾਲਾਂ ਨਾਲੋਂ ਤੁਹਾਡੇ ਵੱਲ ਜ਼ਿਆਦਾ ਧਿਆਨ ਦਿੰਦੇ ਹਨ। ਜੇ ਤੁਸੀਂ ਵਾਲ ਰੰਗਣੇ ਚਾਹੋ, ਨਕਲੀ ਵਾਲ ਵਰਤਣੇ ਚਾਹੋ ਜਾਂ ਡਾਕਟਰ ਤੋਂ ਕੋਈ ਇਲਾਜ ਕਰਾਉਣਾ ਚਾਹੋ, ਤਾਂ ਇਹ ਤੁਹਾਡੀ ਆਪਣੀ ਮਰਜ਼ੀ ਹੈ। ਤੁਹਾਡੇ ਵਾਲਾਂ ਦਾ ਭਾਵੇਂ ਜੋ ਵੀ ਰੰਗ ਹੈ ਅਤੇ ਤੁਹਾਡੇ ਸਿਰ ਤੇ ਭਾਵੇਂ ਕਿੰਨੇ ਵਾਲ ਹਨ, ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਆਪਣੇ ਵਾਲਾਂ ਨੂੰ ਸਾਫ਼-ਸੁਥਰੇ ਅਤੇ ਸੁਆਰ ਕੇ ਰੱਖੋ। (g02 8/08)

[ਫੁਟਨੋਟ]

^ ਪੈਰਾ 17 ਅੰਗ੍ਰੇਜ਼ੀ ਦੇ 22 ਅਪ੍ਰੈਲ 1991 ਜਾਗਰੂਕ ਬਣੋ! ਰਸਾਲੇ ਦਾ 12ਵਾਂ ਸਫ਼ਾ ਦੇਖੋ।

^ ਪੈਰਾ 20 ਇਕ ਮਾਈਕਰੋਨ ਇਕ ਮਿਲੀਮੀਟਰ ਦਾ ਇਕ ਹਜ਼ਾਰਵਾਂ ਹਿੱਸਾ ਹੈ।

[ਸਫ਼ਾ 27 ਉੱਤੇ ਡੱਬੀ/​ਡਾਇਆਗ੍ਰਾਮ]

ਵਾਲ ਕਿਸ ਤਰ੍ਹਾਂ ਉੱਗਦੇ ਹਨ?

ਸਾਰੇ ਵਾਲ ਇੱਕੋ ਵਾਰ ਨਹੀਂ ਉੱਗਦੇ। ਉਨ੍ਹਾਂ ਦੇ ਵਧਣ ਦੇ ਪੜਾ ਮਗਰੋਂ ਤਬਦੀਲੀ ਦਾ ਪੜਾ ਆਉਂਦਾ ਹੈ ਅਤੇ ਫਿਰ ਅਜਿਹਾ ਸੁਸਤ ਪੜਾ ਜਦੋਂ ਕੁਝ ਨਹੀਂ ਹੁੰਦਾ। ਇਕ ਐਨਸਾਈਕਲੋਪੀਡੀਆ ਦੇ ਮੁਤਾਬਕ ਇਸ ਸੁਸਤ ਪੜਾ ਵਿਚ ਵਾਲ ਹੋਰ ਨਹੀਂ ਵਧਦੇ। ਇਸ ਸਮੇਂ ਦੌਰਾਨ ਵਾਲ ਰੋਮ-ਖੂਹ (follicle) ਵਿਚ ਉਸ ਸਮੇਂ ਤਕ ਰਹਿੰਦੇ ਹਨ ਜਦ ਤਕ ਵਧਣ ਦਾ ਪੜਾ ਨਾ ਸ਼ੁਰੂ ਹੋ ਜਾਵੇ। ਵਧਣ ਦੇ ਪੜਾ ਦੌਰਾਨ ਨਵਾਂ ਵਾਲ ਪੁਰਾਣੇ ਵਾਲ ਨੂੰ ਬਾਹਰ ਧੱਕ ਦਿੰਦਾ ਹੈ। ਸਾਡੇ ਸਾਰੇ ਵਾਲਾਂ ਵਿੱਚੋਂ 85 ਤੋਂ 90 ਫੀ ਸਦੀ ਵਾਲ ਵਧਣ ਦੇ ਪੜਾ ਵਿਚ ਹੁੰਦੇ ਹਨ, 10 ਤੋਂ 15 ਫੀ ਸਦੀ ਵਾਲ ਉਸ ਸੁਸਤ ਪੜਾ ਵਿਚ ਹੁੰਦੇ ਹਨ ਜਦੋਂ ਕੁਝ ਨਹੀਂ ਹੁੰਦਾ ਅਤੇ ਇਕ ਫੀ ਸਦੀ ਪੁਰਾਣੇ ਤੋਂ ਨਵੇਂ ਬਦਲ ਰਹੇ ਹੁੰਦੇ ਹਨ।

[ਡਾਇਆਗ੍ਰਾਮ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਪਹਿਲਾ ਵਾਲ

ਵਧਦਾ ਵਾਲ

ਰੋਮ-ਖੂਹ

ਖ਼ੂਨ ਦੀ ਨਾੜੀ

ਤੇਲ ਦਾ ਗਲੈਂਡ

ਵਾਲ

ਪੁਰਾਣਾ ਵਾਲ

ਸੁਸਤ ਪੜਾ

ਨਵਾਂ ਵਾਲ

[ਪੂਰੇ ਸਫ਼ੇ 24 ਉੱਤੇ ਤਸਵੀਰ]