ਵਲਾਇਤੀ ਬਿੱਜੂ—ਜੰਗਲ ਦਾ ਮਾਲਕ
ਵਲਾਇਤੀ ਬਿੱਜੂ—ਜੰਗਲ ਦਾ ਮਾਲਕ
ਬਰਤਾਨੀਆ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ
ਇਕ ਪੰਛੀ ਦੀ ਆਵਾਜ਼ ਨੇ ਜੰਗਲ ਦਾ ਸੰਨਾਟਾ ਖ਼ਤਮ ਕਰ ਦਿੱਤਾ। ਅੰਬਰਾਂ ਵਿਚ ਸੂਰਜ ਹੌਲੀ-ਹੌਲੀ ਡੁੱਬਦਾ ਜਾ ਰਿਹਾ ਸੀ। ਮੈਂ ਇਕ ਦਰਖ਼ਤ ਦੇ ਡਿਗੇ ਹੋਏ ਤਣੇ ਤੇ ਬੈਠ ਗਿਆ। ਬਾਰਸ਼ ਪੈਣ ਤੋਂ ਬਾਅਦ ਸ਼ਾਮ ਦੀ ਹਵਾ ਵਿਚ ਗਿੱਲੇ ਪੌਦਿਆਂ ਦੀ ਮਹਿਕ ਸਮਾਈ ਹੋਈ ਸੀ।
ਮੈਂ ਬੈਠਣ ਲਈ ਬੜੇ ਧਿਆਨ ਨਾਲ ਇਹ ਤਣਾ ਚੁਣਿਆ ਸੀ ਤਾਂਕਿ ਹਵਾ ਹੌਲੇ-ਹੌਲੇ ਮੇਰੀ ਵੱਲ ਵਗੇ। ਮੈਂ ਇੱਥੇ ਬਿੱਜੂਆਂ ਨੂੰ ਦੇਖਣ ਆਇਆ ਸਾਂ। ਬਿੱਜੂ ਦੀਆਂ ਅੱਖਾਂ ਛੋਟੀਆਂ-ਛੋਟੀਆਂ ਹੁੰਦੀਆਂ ਹਨ ਅਤੇ ਉਸ ਦੇ ਚਿੱਟੇ ਨੋਕਦਾਰ ਕੰਨ ਵੀ ਛੋਟੇ ਜਿਹੇ ਹੁੰਦੇ ਹਨ। ਪਰ ਮੈਨੂੰ ਪਤਾ ਹੈ ਕਿ ਉਸ ਦੀ ਸੁਣਨ ਅਤੇ ਸੁੰਘਣ ਦੀ ਸ਼ਕਤੀ ਦਾ ਕਦੇ ਵੀ ਘੱਟ ਅੰਦਾਜ਼ਾ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਉਸ ਦੀਆਂ ਇਹ ਦੋਵੇਂ ਸ਼ਕਤੀਆਂ ਤੇਜ਼ ਹਨ। ਮੈਂ ਜਾਣਦਾ ਸਾਂ ਕਿ ਜੇ ਉਸ ਨੇ ਮੈਨੂੰ ਸੁੰਘ ਜਾਂ ਸੁਣ ਲਿਆ, ਤਾਂ ਉਹ ਝੱਟ ਜ਼ਮੀਨ ਦੇ ਹੇਠ ਆਪਣੀ ਖੁੱਡ ਵਿਚ ਵਾਪਸ ਚਲਿਆ ਜਾਵੇਗਾ ਅਤੇ ਬਾਕੀ ਦੀ ਰਾਤ ਮੁੜ ਕੇ ਨਹੀਂ ਨਿਕਲੇਗਾ।
ਯੂਰਪੀ ਬਿੱਜੂ ਇਕ ਵੱਡਾ ਤੇ ਲੁਕ-ਛੁਪ ਕੇ ਰਹਿਣ ਵਾਲਾ ਜਾਨਵਰ ਹੈ। ਉਹ ਤਕਰੀਬਨ ਇਕ ਮੀਟਰ ਲੰਬਾ (ਤਿੰਨ ਫੁੱਟ) ਤੇ 30 ਸੈਂਟੀਮੀਟਰ (ਇੱਕ ਫੁੱਟ) ਉੱਚਾ ਹੋ ਸਕਦਾ ਹੈ। ਉਸ ਦਾ ਔਸਤ ਭਾਰ 12 ਕਿਲੋ ਹੁੰਦਾ ਹੈ। ਉਸ ਦੀ ਖੱਲ ਸੁਆਹ-ਰੰਗੀ ਅਤੇ ਉਸ ਦਾ ਮੂੰਹ ਤੇ ਹੇਠਲਾ ਪਾਸਾ ਕਾਲਾ ਹੁੰਦਾ ਹੈ। ਉਸ ਦੀਆਂ ਠਿਗਣੀਆਂ ਲੱਤਾਂ ਵੀ ਕਾਲੀਆਂ ਹੁੰਦੀਆਂ ਹਨ ਅਤੇ ਉਸ ਦੀ ਮੋਟੀ ਪੂਛ ਸੁਆਹ-ਰੰਗੀ ਹੁੰਦੀ ਹੈ। ਉਸ ਦੇ ਪੰਜਿਆਂ ਦੀਆਂ ਪੰਜ-ਪੰਜ ਉਂਗਲੀਆਂ ਹੁੰਦੀਆਂ ਹਨ ਜਿਨ੍ਹਾਂ ਦੀਆਂ ਮਜ਼ਬੂਤ ਨਹੁੰਦਰਾਂ ਹੁੰਦੀਆਂ ਹਨ।
ਉਸ ਦੀ ਥੁਥਨੀ ਤੋਂ ਤਿੰਨ ਚੌੜੀਆਂ ਧਾਰੀਆਂ ਸ਼ੁਰੂ ਹੋ ਕੇ ਉਸ ਦੇ ਕੰਨਾਂ ਤੋਂ ਪਾਰ ਲੰਘਦੀਆਂ ਹਨ। ਇਹ ਧਾਰੀਆਂ ਸਿਰਫ਼ ਉਸ ਦੀ ਖ਼ੂਬਸੂਰਤੀ ਹੀ ਨਹੀਂ ਹਨ ਪਰ ਇਨ੍ਹਾਂ ਬਾਰੇ ਕਾਫ਼ੀ ਵਾਦ-ਵਿਵਾਦ ਵੀ ਹੁੰਦਾ ਹੈ। ਕੁਝ ਲੋਕ ਕਹਿੰਦੇ ਹਨ ਕਿ ਘੁੱਪ ਹਨੇਰੀ ਰਾਤ ਵਿਚ ਬਿੱਜੂ ਇਕ ਦੂਜੇ ਨੂੰ ਇਨ੍ਹਾਂ ਧਾਰੀਆਂ ਦੇ ਜ਼ਰੀਏ ਪਛਾਣ ਸਕਦੇ ਹਨ, ਪਰ ਅਸੀਂ ਜਾਣਦੇ ਹਾਂ ਕਿ ਬਿੱਜੂ ਇਕ ਦੂਜੇ ਨੂੰ ਮੁਸ਼ਕ ਦੇ ਜ਼ਰੀਏ ਪਛਾਣਦੇ ਹਨ। ਇਨ੍ਹਾਂ ਧਾਰੀਆਂ ਦਾ ਕਾਰਨ ਜੋ ਮਰਜ਼ੀ ਹੋਵੇ, ਪਰ ਇਹ ਬਿੱਜੂ ਨੂੰ ਸੋਹਣਾ ਜ਼ਰੂਰ ਬਣਾ ਦਿੰਦੀਆਂ ਹਨ।
ਬਿੱਜੂ ਵਲਾਇਤ ਦੇ ਪੇਂਡੂ ਇਲਾਕਿਆਂ ਵਿਚ ਕਾਫ਼ੀ ਆਮ ਹਨ। ਉਹ ਹਮੇਸ਼ਾ ਸੁਰੰਗਾਂ ਖੋਦ ਕੇ ਜ਼ਮੀਨ ਥੱਲੇ ਕਮਰੇ ਤੇ ਰਾਹ ਬਣਾਉਂਦੇ ਰਹਿੰਦੇ ਹਨ। ਉਨ੍ਹਾਂ ਦੀ ਖੁੱਡ 30 ਮੀਟਰ ਚੌੜੀ ਹੋ ਸਕਦੀ ਹੈ ਤੇ ਭੁੱਲ-ਭੁਲਈਏ ਵਿਚ ਪਾ ਦੇਣ ਵਾਲੀਆਂ ਸੁਰੰਗਾਂ 300 ਮੀਟਰ ਲੰਬੀਆਂ ਹੋ ਸਕਦੀਆਂ ਹਨ! ਬਿੱਜੂ ਰਾਤ ਨੂੰ ਜਾਗਣ ਵਾਲਾ ਜਾਨਵਰ ਹੈ ਅਤੇ ਇਹ ਦਿਨੇ ਆਮ ਤੌਰ ਤੇ ਆਪਣੀ ਖੁੱਡ ਵਿਚ ਸੁੱਤਾ ਰਹਿੰਦਾ ਹੈ। ਕੁਝ ਕਮਰਿਆਂ ਵਿਚ ਘਾਹ-ਫੂਸ ਵਿਛਾਇਆ ਹੁੰਦਾ ਹੈ ਜਿੱਥੇ ਬਿੱਜੂ ਦੀ ਘਰ-ਵਾਲੀ ਆਪਣੇ ਬੱਚਿਆਂ ਨੂੰ ਜਨਮ ਦਿੰਦੀ ਹੈ।
ਜ਼ਮੀਨ ਦੇ ਉੱਪਰ ਖ਼ਾਸ ਕਰਕੇ ਦਰਖ਼ਤਾਂ ਦੇ ਲਾਗੇ ਜਾਂ ਝਾੜੀਆਂ ਵਿਚ ਖੁੱਡ ਦੇ ਕਈ ਮੂੰਹ ਹੁੰਦੇ ਹਨ। ਇੰਗਲੈਂਡ ਵਿਚ ਕੁਝ ਖੁੱਡਾਂ ਦੇ 50 ਤੋਂ ਜ਼ਿਆਦਾ ਮੂੰਹ ਹਨ ਅਤੇ ਉਹ 150 ਤੋਂ ਜ਼ਿਆਦਾ ਸਾਲ ਪੁਰਾਣੀਆਂ ਹਨ। ਇਨ੍ਹਾਂ ਵਿਚ ਬਿੱਜੂ ਦੇ ਇੱਕੋ ਪਰਿਵਾਰ ਦੀਆਂ ਕਈ ਪੀੜ੍ਹੀਆਂ ਰਹਿ ਸਕਦੀਆਂ ਹਨ। ਬਿੱਜੂ 15 ਸਾਲ ਜਾਂ ਇਸ ਤੋਂ ਵੀ ਵੱਧ ਜੀ ਸਕਦੇ ਹਨ, ਪਰ ਆਮ ਤੌਰ ਤੇ ਉਹ 2-3 ਸਾਲ ਹੀ ਜੀਉਂਦੇ ਹਨ।
ਬਿੱਜੂ ਦੀ ਖੁੱਡ ਨੂੰ ਬਾਹਰੋਂ ਪਛਾਣਨਾ ਮੁਸ਼ਕਲ ਨਹੀਂ ਹੈ ਕਿਉਂਕਿ ਉਹ ਉਸ ਵਿੱਚੋਂ ਮਿੱਟੀ ਅਤੇ ਵੱਡੇ-ਛੋਟੇ ਪੱਥਰ ਬਾਹਰ ਸੁੱਟ ਦਿੰਦਾ ਹੈ। ਇਸੇ ਕਰਕੇ ਖੁੱਡ ਦੇ ਮੂੰਹ ਦੇ ਲਾਗੇ ਮਿੱਟੀ ਦੇ ਵੱਡੇ-ਵੱਡੇ ਢੇਰ ਲੱਗੇ ਹੁੰਦੇ ਹਨ। ਬਿੱਜੂ ਨੇ ਆਪਣੀ ਖੁੱਡ ਵਿੱਚੋਂ ਕੀ-ਕੀ ਬਾਹਰ ਸੁੱਟਿਆ ਹੈ, ਇਹ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਜਾਨਵਰ ਕਿੰਨਾ ਤਕੜਾ ਹੈ।
ਪਰ ਤੁਹਾਨੂੰ ਇਹ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਕਿਸੇ ਖੁੱਡ ਵਿਚ ਕੋਈ ਰਹਿੰਦਾ ਵੀ ਹੈ? ਸਭ ਤੋਂ ਪਹਿਲਾਂ ਬਿੱਜੂ ਦੀਆਂ ਲੈਟਰੀਨਾਂ ਵੱਲ ਦੇਖੋ ਜੋ ਕਿ ਉਸ ਦੀ ਖੁੱਡ ਦੇ ਆਲੇ-ਦੁਆਲੇ 15 ਤੋਂ 23 ਸੈਂਟੀਮੀਟਰ (ਛੇ ਤੋਂ ਨੌਂ ਇੰਚ) ਚੌੜੇ ਤੇ 23 ਸੈਂਟੀਮੀਟਰ (ਨੌਂ ਇੰਚ) ਡੂੰਘੇ ਟੋਏ ਹੁੰਦੇ ਹਨ। ਜੇ ਇਨ੍ਹਾਂ ਟੋਇਆਂ ਵਿਚ ਟੱਟੀ ਨਜ਼ਰ ਆਉਂਦੀ ਹੈ, ਖ਼ਾਸ ਕਰਕੇ ਜੇ ਉਹ ਤਾਜ਼ੀ ਹੈ, ਤਾਂ ਬਿੱਜੂ ਜ਼ਰੂਰ ਆਪਣੇ ਘਰ ਵਿਚ ਹੈ। ਖੁੱਡ ਦੇ ਬਾਹਰ ਬਿੱਜੂ ਕਈ ਪਾਸਿਓਂ ਆਉਂਦਾ-ਜਾਂਦਾ ਹੈ, ਜਿਸ ਕਰਕੇ ਕਈ ਪੱਧਰੇ ਰਾਹ ਬਣ ਜਾਂਦੇ ਹਨ। ਗਰਮੀਆਂ ਦੇ ਮੌਸਮ ਵਿਚ ਤੁਹਾਨੂੰ ਖੁੱਡ ਦੇ ਆਲੇ-ਦੁਆਲੇ ਦਾ ਘਾਹ ਮਿੱਧਿਆ ਹੋਇਆ ਨਜ਼ਰ ਆਵੇਗਾ। ਚਿੱਕੜ ਵਿਚ ਬਿੱਜੂ ਦੇ ਪੰਜਿਆਂ ਦੇ ਨਿਸ਼ਾਨ ਦਿੱਸਦੇ ਹਨ। ਖੁੱਡ ਦੇ ਲਾਗੇ ਜੇ ਤੁਸੀਂ ਦਰਖ਼ਤਾਂ ਵੱਲ ਦੇਖੋਂ, ਤਾਂ ਤੁਹਾਨੂੰ ਚਿੱਕੜ ਦੇ ਨਿਸ਼ਾਨ ਦਿੱਸਣਗੇ। ਦਰਖ਼ਤਾਂ ਤੇ ਝਰੀਟਾਂ ਵੀ ਨਜ਼ਰ ਆਉਣਗੀਆਂ ਜਿੱਥੇ ਬਿੱਜੂ ਆਪਣੀਆਂ ਪਿਛਲੀਆਂ ਲੱਤਾਂ ਤੇ ਖੜ੍ਹਾ ਹੋ ਕੇ ਆਪਣੇ ਤਕੜੇ ਪੰਜਿਆਂ ਨਾਲ ਬਿੱਲੀ ਵਾਂਗ ਅੰਗੜਾਈ ਲੈਂਦਾ ਹੈ। ਜੇ ਖੁੱਡ ਬਹੁਤ ਵੱਡੀ ਹੈ, ਤਾਂ ਬਿੱਜੂ ਨੂੰ ਦੇਖਣਾ ਮੁਸ਼ਕਲ ਹੋ ਸਕਦਾ ਹੈ ਕਿਉਂਕਿ ਉਹ ਕਿਸੇ ਵੀ ਮੂੰਹ ਰਾਹੀਂ ਆ-ਜਾ ਸਕਦਾ ਹੈ। ਇਸ ਕਰਕੇ ਸਵੇਰੇ-ਸਵੇਰੇ ਜਾਓ ਅਤੇ ਹਰ ਮੋਰੀ ਉੱਤੇ ਛੋਟੀਆਂ-ਛੋਟੀਆਂ ਟਾਹਣੀਆਂ ਰੱਖ ਦਿਓ। ਅਗਲੀ ਸਵੇਰ ਤੁਸੀਂ ਦੇਖੋਗੇ ਕਿ ਬਿੱਜੂ ਨੇ ਕਿਹੜੀਆਂ ਮੋਰੀਆਂ ਵਰਤੀਆਂ ਸਨ ਕਿਉਂਕਿ ਉਨ੍ਹਾਂ ਤੋਂ ਟਾਹਣੀਆਂ ਹਟਾ ਦਿੱਤੀਆਂ ਗਈਆਂ ਹੋਣਗੀਆਂ।
ਖ਼ੁਰਾਕ ਦੀ ਤਲਾਸ਼ ਵਿਚ ਬਿੱਜੂ ਰਾਤ ਨੂੰ ਕਾਫ਼ੀ ਦੂਰ ਤਕ ਜਾਂਦਾ ਹੈ। ਉਹ ਬੀਚ ਅਤੇ ਬਲੂਤ ਦੇ ਦਰਖ਼ਤਾਂ ਦੇ ਬੀ ਇਕੱਠੇ ਕਰਦਾ ਹੈ ਜਾਂ ਉਹ ਖ਼ਰਗੋਸ਼ ਦੀ ਖੁੱਡ ਵਿੱਚੋਂ ਉਸ ਦੇ ਬੱਚੇ ਜਾਂ ਧਮੂੜੀ ਦੇ ਛੱਤੇ ਵਿੱਚੋਂ ਉਸ ਦੇ ਲਾਰਵੇ ਕੱਢ ਲੈਂਦਾ ਹੈ। ਉਹ ਮੁੱਖ ਤੌਰ ਤੇ ਕੀ ਖਾਂਦਾ ਹੈ? ਗੰਡੋਏ! ਵੈਸੇ ਬਿੱਜੂ ਫਲ, ਫੁੱਲ, ਖੁੰਬਾਂ ਤੇ ਭੂੰਡਾਂ ਵਰਗੀ ਕੋਈ ਵੀ ਚੀਜ਼ ਖਾ ਲੈਂਦਾ ਹੈ। ਇਕ ਬਰਸਾਤੀ ਰਾਤ ਮੈਂ ਨੋਟ ਕੀਤਾ ਕਿ ਬਿੱਜੂ ਆਪਣੀ ਖੁੱਡ ਤੋਂ ਦੂਰ ਨਹੀਂ ਗਏ ਕਿਉਂਕਿ ਘਾਹ ਵਿਚ ਬਹੁਤ ਸਾਰੇ ਕਾਲੇ ਘੋਗੇ ਸਨ। ਇਨ੍ਹਾਂ ਨੂੰ ਉਹ ਖਾਣਾ ਬਹੁਤ ਪਸੰਦ ਕਰਦੇ ਹਨ।
ਆਮ ਤੌਰ ਤੇ ਬਿੱਜੂ ਜੁਲਾਈ ਵਿਚ ਮੇਲ ਕਰਦੇ ਹਨ ਅਤੇ ਫਰਵਰੀ ਵਿਚ ਉਨ੍ਹਾਂ ਦੇ 4-5 ਬੱਚੇ ਪੈਦਾ ਹੁੰਦੇ ਹਨ। ਜਦ ਬੱਚੇ ਤਿੰਨ ਮਹੀਨਿਆਂ ਦੇ ਹੁੰਦੇ ਹਨ, ਤਾਂ ਉਹ ਖੁੱਡ ਤੋਂ ਬਾਹਰ ਨਿਕਲ ਕੇ ਖੁੱਡ ਦੇ ਲਾਗੇ-ਲਾਗੇ ਖੇਡਦੇ ਹਨ। ਜਦ ਬੱਚੇ ਬਾਹਰ ਹੁੰਦੇ ਹਨ, ਤਾਂ ਬਿੱਜੂ ਤੇ ਉਸ ਦੀ ਘਰ-ਵਾਲੀ ਖੁੱਡ ਦੀ ਸਫ਼ਾਈ ਕਰਦੇ ਹਨ ਤੇ ਨਵਾਂ ਘਾਹ-ਫੂਸ ਵਿਛਾਉਂਦੇ ਹਨ। ਇਹ ਜਾਨਵਰ ਬਹੁਤ ਹੀ ਸਾਫ਼-ਸੁਥਰੇ ਹਨ ਅਤੇ ਆਪਣੀਆਂ ਖੁੱਡਾਂ ਨੂੰ ਵੀ ਬਹੁਤ ਸਾਫ਼ ਰੱਖਦੇ ਹਨ। ਬਸੰਤ ਤੇ ਪਤਝੜ ਦੇ ਮੌਸਮ ਵਿਚ ਘਾਹ-ਫੂਸ ਦੇ ਵਿਛਾਉਣੇ ਨੂੰ ਹਵਾ ਲਗਵਾਉਣੀ ਤਾਂ ਉਨ੍ਹਾਂ ਲਈ ਆਮ ਹੈ ਪਰ ਉਹ ਕਿਸੇ ਵੀ ਮਹੀਨੇ ਇਸ ਤਰ੍ਹਾਂ ਕਰ ਲੈਂਦੇ ਹਨ। ਮਾਪੇ ਪੁਰਾਣੇ ਘਾਹ-ਫੂਸ ਨੂੰ ਘੜੀਸ ਕੇ ਬਾਹਰ ਲੈ ਆਉਂਦੇ ਹਨ ਅਤੇ ਤਾਜ਼ਾ ਘਾਹ-ਫੂਸ ਅੰਦਰ ਲੈ ਜਾਂਦੇ ਹਨ। ਉਹ ਇੱਕੋ ਰਾਤ ਵਿਚ 30 ਪੂਲੀਆਂ ਇਕੱਠੀਆਂ ਕਰਦੇ ਹਨ। ਇਨ੍ਹਾਂ ਨੂੰ ਉਹ ਆਪਣੀ ਠੋਡੀ ਤੇ ਆਪਣੇ ਮੋਹਰਲੇ ਪੰਜਿਆਂ ਵਿਚ ਫੜ ਕੇ ਪਿਛਾਹਾਂ ਨੂੰ ਤੁਰ-ਤੁਰ ਕੇ ਆਪਣੀ ਖੁੱਡ ਵਿਚ ਲੈ ਜਾਂਦੇ ਹਨ।
ਬਿੱਜੂ ਦੀ ਪੂਛ ਦੇ ਥੱਲੇ ਇਕ ਗਲੈਂਡ ਹੁੰਦਾ ਹੈ ਜਿਸ ਵਿੱਚੋਂ ਉਹ ਘਾਹ ਦੇ ਗੁੱਛਿਆਂ, ਪੱਥਰਾਂ ਜਾਂ ਵਾੜ ਦੀਆਂ ਥੰਮ੍ਹੀਆਂ ਤੇ ਇਕ ਮੁਸ਼ਕਦਾਰ ਤਰਲ ਛਿੜਕਦਾ ਹੈ। ਇਸ ਨਾਲ ਉਹ ਆਪਣੇ ਇਲਾਕੇ ਤੇ ਨਿਸ਼ਾਨ ਲਗਾਉਂਦਾ ਹੈ। ਉਹ ਇਕ ਦੂਜੇ ਨੂੰ ਪਛਾਣਨ ਲਈ ਵੀ ਇਕ ਦੂਜੇ ਉੱਤੇ ਇਹ ਤਰਲ ਛਿੜਕਦੇ ਹਨ। ਇਸ ਮੁਸ਼ਕ ਕਰਕੇ ਬਿੱਜੂ ਪਿੱਛੇ ਨੂੰ ਤੁਰਦਾ ਹੋਇਆ ਵੀ ਆਪਣੀ ਖੁੱਡ ਲੱਭ ਲੈਂਦਾ ਹੈ।
ਪੰਛੀ ਦੀ ਆਵਾਜ਼ ਥੰਮ੍ਹ ਗਈ ਅਤੇ ਹਨੇਰੇ ਜੰਗਲ ਵਿਚ ਸਭ ਕੁਝ ਸ਼ਾਂਤ ਹੋ ਗਿਆ ਸੀ। ਮੈਂ ਬਿਲਕੁਲ ਚੁੱਪ-ਚਾਪ ਬਿਨਾਂ ਹਿੱਲੇ ਬੈਠਾ ਸਾਂ। ਫਿਰ ਮੈਨੂੰ ਬਿੱਜੂ ਦਾ ਕਾਲਾ ਤੇ ਚਿੱਟਾ ਚਿਹਰਾ ਨਜ਼ਰ ਆਇਆ। ਕੁਝ ਪਲ ਲਈ ਉਹ ਆਪਣੀ ਖੁੱਡ ਦੇ ਮੂੰਹ ਤੇ ਖੜ੍ਹਾ ਰਿਹਾ ਤੇ ਬਾਹਰ ਜਾਣ ਤੋਂ ਪਹਿਲਾਂ ਹਵਾ ਸੁੰਘ ਕੇ ਖ਼ਤਰੇ ਦੀ ਜਾਂਚ ਕਰਦਾ ਰਿਹਾ। ਫਿਰ ਉਹ ਬੜੀ ਸ਼ਾਨ ਨਾਲ ਚੱਲ ਪਿਆ ਜਿਵੇਂ ਕੋਈ ਜ਼ਮੀਨਦਾਰ ਆਪਣੇ ਮਹਿਲ ਦੇ ਬਾਗ਼ਾਂ ਦੀ ਜ਼ਮੀਨ ਦੀ ਸੈਰ ਕਰਨ ਨਿਕਲਿਆ ਹੋਵੇ। (g02 11/08)
[ਸਫ਼ੇ 12, 13 ਉੱਤੇ ਤਸਵੀਰ]
ਕਮਰਾ ਜਿੱਥੇ ਬੱਚੇ ਪੈਦਾ ਹੁੰਦੇ ਹਨ
ਸੌਣ ਦਾ ਕਮਰਾ
ਵਿਛਾਉਣਾ
[ਸਫ਼ੇ 13 ਉੱਤੇ ਤਸਵੀਰ]
ਬਿੱਜੂ ਦੇ ਬੱਚੇ
[ਸਫ਼ੇ 13 ਉੱਤੇ ਤਸਵੀਰਾਂ]
ਬਿੱਜੂ ਦੀ ਖ਼ੁਰਾਕ ਵਿਚ ਦਰਖ਼ਤਾਂ ਦੇ ਬੀ, ਖੁੰਬਾਂ ਅਤੇ ਗੰਡੋਏ ਸ਼ਾਮਲ ਹੁੰਦੇ ਹਨ
[ਸਫ਼ੇ 13 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Badger photos: © Steve Jackson, www.badgers.org.uk