Skip to content

Skip to table of contents

ਸਾਡੇ ਪਾਠਕਾਂ ਵੱਲੋਂ

ਸਾਡੇ ਪਾਠਕਾਂ ਵੱਲੋਂ

ਸਾਡੇ ਪਾਠਕਾਂ ਵੱਲੋਂ

ਅਧਿਆਪਕਾਂ ਮੈਂ ਪਿਛਲੇ 4 ਸਾਲਾਂ ਤੋਂ ਛੋਟੇ ਬੱਚਿਆਂ ਨੂੰ ਪੜ੍ਹਾਉਂਦੀ ਆਈ ਹਾਂ ਅਤੇ ਜਦੋਂ ਮੈਂ ਤੁਹਾਡੇ “ਅਧਿਆਪਕਾਂ ਬਿਨਾਂ ਕਿੱਦਾਂ ਸਰੇ?” (ਜੁਲਾਈ-ਸਤੰਬਰ 2002) ਲੇਖ ਪੜ੍ਹੇ ਤਾਂ ਮੈਂ ਬਹੁਤ ਖ਼ੁਸ਼ ਹੋਈ। ਮੈਂ ਅੱਜ-ਕੱਲ੍ਹ ਦੇ ਬੱਚਿਆਂ ਬਾਰੇ ਇਕ ਗੱਲ ਦੇਖੀ ਹੈ ਕਿ ਉਹ ਸਹੀ ਤੇ ਗ਼ਲਤ ਵਿਚਕਾਰ ਫ਼ਰਕ ਨਹੀਂ ਜਾਣਦੇ। ਇਹ ਬਹੁਤ ਪਰੇਸ਼ਾਨੀ ਦੀ ਗੱਲ ਹੈ ਕਿਉਂਕਿ ਬੱਚੇ ਆਪਣੇ ਸਾਰੇ ਹੱਕ ਤਾਂ ਜਾਣ ਲੈਂਦੇ ਹਨ ਪਰ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਸਮਝਦੇ। ਇਹ ਗੱਲ ਅਧਿਆਪਕਾਂ ਲਈ ਇਕ ਮੁਸ਼ਕਲ ਖੜ੍ਹੀ ਕਰਦੀ ਹੈ। ਪਰ ਫਿਰ ਵੀ, ਬੱਚਿਆਂ ਨੂੰ ਪੜ੍ਹਾਉਣ ਤੋਂ ਬਹੁਤ ਖ਼ੁਸ਼ੀ ਮਿਲਦੀ ਹੈ, ਖ਼ਾਸਕਰ ਜਦ ਉਹ ਪੜ੍ਹਾਈ ਵਿਚ ਦਿਲਚਸਪੀ ਲੈਂਦੇ ਹਨ ਅਤੇ ਤਰੱਕੀ ਕਰਦੇ ਹਨ।

ਜੇ. ਕੇ., ਅਮਰੀਕਾ (g02 10/22)

ਅਧਿਆਪਕਾਂ ਦੇ ਬਾਰੇ ਲੇਖਾਂ ਲਈ ਤੁਹਾਡਾ ਬਹੁਤ ਧੰਨਵਾਦ। ਇਨ੍ਹਾਂ ਨੇ ਇਹ ਸਮਝਣ ਵਿਚ ਮੇਰੀ ਮਦਦ ਕੀਤੀ ਕਿ ਅਧਿਆਪਕ ਵਿਦਿਆਰਥੀਆਂ ਲਈ ਕਿੰਨੀਆਂ ਕੁਰਬਾਨੀਆਂ ਦਿੰਦੇ ਹਨ, ਉਦੋਂ ਵੀ ਜਦੋਂ ਆਮ ਤੌਰ ਤੇ ਅਸੀਂ ਉਨ੍ਹਾਂ ਲਈ ਕੁਝ ਨਹੀਂ ਕਰਦੇ।

ਏਸ. ਐੱਮ., ਇਟਲੀ (g02 10/22)

ਮੇਰੀ ਉਮਰ 8 ਸਾਲਾਂ ਦੀ ਹੈ। ਅਧਿਆਪਕਾਂ ਬਾਰੇ ਤੁਹਾਡੇ ਲੇਖਾਂ ਤੋਂ ਮੈਨੂੰ ਪੱਤਾ ਲੱਗਾ ਕਿ ਅਧਿਆਪਕ ਵਿਦਿਆਰਥੀਆਂ ਨੂੰ ਬਹੁਤ ਪਿਆਰ ਕਰਦੇ ਹਨ। ਉਹ ਬੱਚਿਆਂ ਨਾਲ ਉਦੋਂ ਵੀ ਪਿਆਰ ਕਰਦੇ ਹਨ ਜਦੋਂ ਉਨ੍ਹਾਂ ਨੂੰ ਸਿਖਾਉਣਾ ਮੁਸ਼ਕਲ ਲੱਗਦਾ ਹੈ। ਮੈਂ ਆਪਣੇ ਅਧਿਆਪਕ ਨੂੰ ਚਿੱਠੀ ਲਿਖ ਕੇ ਉਸ ਦਾ ਧੰਨਵਾਦ ਕੀਤਾ। ਮੇਰੀ ਛੋਟੀ ਭੈਣ 4 ਸਾਲਾਂ ਦੀ ਹੈ ਤਾਂ ਅਸੀਂ ਦੋਵੇਂ ਹੋਰਨਾਂ ਨੂੰ ਯਹੋਵਾਹ ਬਾਰੇ ਸਿਖਾਉਣਾ ਸਿੱਖ ਰਹੀਆਂ ਹਾਂ। ਕਈ ਵਾਰੀ ਇਹ ਸਾਨੂੰ ਮੁਸ਼ਕਲ ਲੱਗਦਾ ਹੈ, ਪਰ ਅਸੀਂ ਹੌਸਲਾ ਨਹੀਂ ਹਾਰਦੀਆਂ ਕਿਉਂਕਿ ਅਸੀਂ ਵੀ ਲੋਕਾਂ ਨਾਲ ਪਿਆਰ ਕਰਦੀਆਂ ਹਾਂ।

ਟੀ. ਐਮ., ਅਮਰੀਕਾ (g02 10/22)

ਅਧਿਆਪਕ ਦੀ ਆਪਣੀ ਨੌਕਰੀ ਛੱਡਣ ਤੋਂ 4 ਸਾਲ ਬਾਅਦ ਮੇਰੇ ਇਕ ਵਿਦਿਆਰਥੀ ਨੇ ਮੈਨੂੰ ਖਤ ਲਿਖਿਆ। ਉਸ ਨੇ ਉਨ੍ਹਾਂ ਸਮਿਆਂ ਲਈ ਮੇਰਾ ਧੰਨਵਾਦ ਕੀਤਾ ਜਦ ਮੈਂ ਉਸ ਦੀ ਮਦਦ ਕੀਤੀ। ਉਸ ਨੇ ਖਤ ਦੇ ਨਾਲ ਆਪਣੇ ਹੱਥੀਂ ਬਣਾਇਆ ਹੋਇਆ ਇਕ ਬੁੱਕਮਾਰਕ ਵੀ ਭੇਜਿਆ। ਤੁਸੀਂ ਆਪ ਕਲਪਨਾ ਕਰ ਸਕਦੇ ਹੋ ਕਿ ਇਹ ਖਤ ਮਿਲਣ ਤੇ ਮੈਂ ਕਿੰਨੀ ਖ਼ੁਸ਼ ਹੋਈ!

ਏ. ਆਰ., ਸਲੋਵੀਨੀਆ (g02 10/22)

ਮੈਂ ਇਹ ਰਸਾਲਾ ਆਪਣੇ ਬੱਚਿਆਂ ਦੇ ਪ੍ਰਿੰਸੀਪਲ ਅਤੇ ਦੋ ਹੋਰ ਅਧਿਆਪਕਾਂ ਨੂੰ ਦਿੱਤਾ। ਮੈਂ ਦੋ ਦਿਨਾਂ ਬਾਅਦ ਰਸਾਲੇ ਬਾਰੇ ਉਨ੍ਹਾਂ ਦੇ ਵਿਚਾਰ ਪੁੱਛਣ ਗਈ ਅਤੇ ਉਨ੍ਹਾਂ ਨੇ ਮੇਰੇ ਤੋਂ ਅੰਗ੍ਰੇਜ਼ੀ ਤੇ ਸਪੇਨੀ ਭਾਸ਼ਾਵਾਂ ਵਿਚ 20 ਹੋਰ ਰਸਾਲੇ ਮੰਗੇ ਤਾਂਕਿ ਉਹ ਸਕੂਲ ਵਿਚ ਦੂਸਰੇ ਬੱਚਿਆਂ ਦੇ ਮਾਪਿਆਂ ਨੂੰ ਦੇ ਸਕਣ।

ਐਮ. ਐਮ., ਅਮਰੀਕਾ (g02 10/22)

ਪਿਛਲੇ ਸਾਲ ਮੈਂ ਚਾਰ ਮਹੀਨਿਆਂ ਲਈ ਛੋਟੇ ਬੱਚਿਆਂ ਦੇ ਸਕੂਲ ਵਿਚ ਪੜ੍ਹਾਇਆ ਸੀ। ਮੇਰੇ ਸਾਥੀ ਅਧਿਆਪਕਾਂ ਦੀ ਇਹ ਸ਼ਿਕਾਇਤ ਸੀ ਕਿ ਅੱਜ-ਕੱਲ੍ਹ ਮਾਪੇ ਸਾਡੇ ਕੰਮ ਦੀ ਇੰਨੀ ਕਦਰ ਨਹੀਂ ਕਰਦੇ ਜਿਸ ਕਰਕੇ ਸਾਡਾ ਕੰਮ ਹੋਰ ਵੀ ਮੁਸ਼ਕਲ ਬਣ ਜਾਂਦਾ ਹੈ। ਤਾਂ ਫਿਰ, ਜਦ ਤੁਹਾਡੇ ਲੇਖ ਨੇ ਬੜੇ ਮਾਣ ਤੇ ਆਦਰ ਨਾਲ ਅਧਿਆਪਕਾਂ ਦੇ ਕੰਮ ਬਾਰੇ ਗੱਲ ਕੀਤੀ ਤਾਂ ਮੈਨੂੰ ਬਹੁਤ ਖ਼ੁਸ਼ੀ ਮਿਲੀ। ਜਦੋਂ ਪੜ੍ਹਾਉਣ ਦੇ ਮੇਰੇ ਚਾਰ ਮਹੀਨੇ ਖ਼ਤਮ ਹੋਏ, ਤਾਂ ਵਿਦਿਆਰਥੀਆਂ ਤੋਂ ਮੈਨੂੰ ਧੰਨਵਾਦ ਦੇ ਬਹੁਤ ਸਾਰੇ ਖਤ ਮਿਲੇ। ਹਰੇਕ ਖਤ ਮੇਰੇ ਲਈ ਇਕ ਕੀਮਤੀ ਤੋਹਫ਼ਾ ਹੈ!

ਏਸ. ਅਈ., ਜਪਾਨ (g02 10/22)

ਗੁਬਾਰੇ ਵਿਚ ਸਫ਼ਰ “ਹਵਾ ਵਿਚ ਉੱਡਣਾ” (8 ਮਾਰਚ 2002 [ਅੰਗ੍ਰੇਜ਼ੀ]) ਨਾਂ ਦੇ ਵਧੀਆ ਲੇਖ ਲਈ ਤੁਹਾਡਾ ਬਹੁਤ ਧੰਨਵਾਦ। ਕਈ ਸਾਲਾਂ ਤੋਂ ਮੇਰੇ ਦਿਲ ਦੀ ਚਾਹਤ ਰਹੀ ਹੈ ਕਿ ਮੈਂ ਇਕ ਵਾਰ ਗੁਬਾਰੇ ਵਿਚ ਸਫ਼ਰ ਕਰਾਂ। ਮੇਰਾ ਸੁਪਨਾ ਅਜੇ ਅਧੂਰਾ ਹੀ ਹੈ ਸੋ ਤੁਹਾਡੇ ਲੇਖ ਨੇ ਇਸ ਸੁਪਨੇ ਨੂੰ ਕੁਝ ਹੱਦ ਤਕ ਪੂਰਾ ਕੀਤਾ। ਲੇਖ ਪੜ੍ਹਦੇ ਹੋਏ ਮੈਂ ਇਸ ਤਰ੍ਹਾਂ ਮਹਿਸੂਸ ਕੀਤਾ ਕਿ ਮੈਂ ਵੀ ਗੁਬਾਰੇ ਵਿਚ ਸਫ਼ਰ ਕਰ ਰਹੀ ਸੀ। ਮੈਨੂੰ ਲੱਗਾ ਕਿ ਮੈਂ ਗੁਬਾਰੇ ਦੀ ਟੋਕਰੀ ਵਿਚ ਹੀ ਸੀ ਜਿਉਂ-ਜਿਉਂ ਉਹ ਜ਼ਮੀਨ ਤੋਂ ਉੱਠ ਕੇ ਹੌਲੀ-ਹੌਲੀ ਹਵਾ ਦੇ ਨਾਲ-ਨਾਲ ਚੱਲਣ ਲੱਗ ਪਿਆ! ਇੰਨੀ ਉਚਾਈ ਤੋਂ ਧਰਤੀ ਕਿੰਨੀ ਛੋਟੀ ਜਿਹੀ ਲੱਗਦੀ ਹੋਵੇਗੀ। ਫਿਰ ਵੀ, ਧਰਤੀ ਅਤੇ ਉਸ ਉੱਤੇ ਲੋਕ ਇੰਨੇ ਛੋਟੇ ਲੱਗਣ ਦੇ ਬਾਵਜੂਦ ਯਹੋਵਾਹ ਦੀਆਂ ਨਜ਼ਰਾਂ ਵਿਚ ਬਹੁਤ ਕੀਮਤੀ ਹਨ।

ਐਸ. ਏ., ਜਰਮਨੀ (g02 10/22)

ਦੋਸ਼-ਭਾਵਨਾਵਾਂ “ਬਾਈਬਲ ਦਾ ਦ੍ਰਿਸ਼ਟੀਕੋਣ: ਕੀ ਦੋਸ਼ੀ ਭਾਵਨਾਵਾਂ ਹਮੇਸ਼ਾ ਨੁਕਸਾਨਦੇਹ ਹੁੰਦੀਆਂ ਹਨ?” (8 ਮਾਰਚ 2002 [ਅੰਗ੍ਰੇਜ਼ੀ]) ਨਾਂ ਦੇ ਲੇਖ ਦੀ ਮੈਨੂੰ ਬਹੁਤ ਜ਼ਰੂਰਤ ਸੀ। ਪਾਇਨੀਅਰੀ ਸੇਵਾ ਵਿਚ ਮੇਰੇ ਟੀਚੇ ਬਹੁਤ ਉੱਚੇ ਸਨ। ਆਪਣੀ ਸਹੇਲੀ ਬਾਰੇ ਮੇਰੇ ਵਿਚਾਰ ਬਹੁਤ ਸਖ਼ਤ ਸਨ ਅਤੇ ਮੇਰੇ ਲਈ ਆਪਣੇ ਜਜ਼ਬਾਤਾਂ ਤੇ ਕਾਬੂ ਰੱਖਣਾ ਬਹੁਤ ਮੁਸ਼ਕਲ ਸੀ। ਪਰ ਇਸ ਲੇਖ ਰਾਹੀਂ ਮੈਂ ਸਿੱਖਿਆ ਕਿ ਜੇ ਕੋਈ ਹਰ ਕੰਮ ਉਸ ਤਰ੍ਹਾਂ ਨਾ ਕਰੇ ਜਿਸ ਤਰ੍ਹਾਂ ਸਾਡੀਆਂ ਨਜ਼ਰਾਂ ਵਿਚ ਸਹੀ ਹੈ ਤਾਂ ਇਹ ਗੱਲ ਠੀਕ ਨਹੀਂ ਹੈ ਕਿ ਅਸੀਂ ਉਨ੍ਹਾਂ ਨੂੰ ਨਿਕੰਮੇ ਮਹਿਸੂਸ ਕਰਾਈਏ। ਇਸ ਤਰ੍ਹਾਂ ਕਰਨ ਨਾਲ ਅਸੀਂ ਪ੍ਰੇਮ ਨਹੀਂ ਦਿਖਾ ਰਹੇ ਅਤੇ ਨਾ ਹੀ ਅਸੀਂ ਕਿਸੇ ਨੂੰ ਫ਼ਾਇਦਾ ਪਹੁੰਚਾ ਰਹੇ ਹਾਂ। ਮੈਂ ਖ਼ੁਸ਼ ਹਾਂ ਕਿ ਮੈਂ ਆਪਣੇ ਖ਼ਿਆਲ ਬਦਲ ਸਕੀ ਹਾਂ। ਮਿਹਰਬਾਨੀ ਸਾਨੂੰ ਯਹੋਵਾਹ ਦੇ ਨਜ਼ਰੀਏ ਬਾਰੇ ਸਿਖਾਉਂਦੇ ਰਹੋ।

ਕੇ. ਕੇ., ਜਪਾਨ (g02 10/22)