Skip to content

Skip to table of contents

ਸਾਰਾ ਪਾਣੀ ਕਿੱਥੇ ਜਾਂਦਾ ਹੈ?

ਸਾਰਾ ਪਾਣੀ ਕਿੱਥੇ ਜਾਂਦਾ ਹੈ?

ਸਾਰਾ ਪਾਣੀ ਕਿੱਥੇ ਜਾਂਦਾ ਹੈ?

ਆਸਟ੍ਰੇਲੀਆ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਆਹ ਕੀ? ਬਾਥਰੂਮ ਦੇ ਡਰੇਨ ਵਿੱਚੋਂ ਬਦਬੂਦਾਰ ਗੰਦਾ ਪਾਣੀ ਨਿਕਲਦਾ ਦੇਖ ਕੇ ਮੈਂ ਡਰ ਗਿਆ। ਮੇਰਾ ਘਰ ਛੱਪੜ ਬਣਨ ਦੇ ਆਸਾਰ ਨਜ਼ਰ ਆ ਰਹੇ ਸਨ। ਛੇਤੀ ਨਾਲ ਮੈਂ ਪਲੰਬਰ ਨੂੰ ਬੁਲਾਇਆ। ਘਬਰਾਹਟ ਨਾਲ ਮੇਰਾ ਮੂੰਹ ਸੁੱਕਦਾ ਜਾ ਰਿਹਾ ਸੀ। ਗੰਦੇ ਪਾਣੀ ਨਾਲ ਮੇਰੀਆਂ ਜੁਰਾਬਾਂ ਗਿੱਲੀਆਂ ਹੋ ਰਹੀਆਂ ਸਨ। ਬੜੀ ਮਾਯੂਸੀ ਨਾਲ ਮੈਂ ਪਲੰਬਰ ਦੀ ਉਡੀਕ ਕਰ ਰਿਹਾ ਸੀ ਅਤੇ ਸੋਚ ਰਿਹਾ ਸੀ ਕਿ ‘ਇਹ ਸਾਰਾ ਗੰਦਾ ਪਾਣੀ ਆਇਆ ਕਿੱਥੋਂ?’

ਪਲੰਬਰ ਨੇ ਡਰੇਨ ਵਿਚ ਫਸੇ ਗੰਦ-ਮੰਦ ਨੂੰ ਸਾਫ਼ ਕਰਦੇ ਹੋਏ ਦੱਸਿਆ: “ਆਮ ਸ਼ਹਿਰੀ ਇਕ ਦਿਨ ਵਿਚ 200 ਤੋਂ 400 ਲੀਟਰ ਪਾਣੀ ਇਸਤੇਮਾਲ ਕਰਦਾ ਹੈ। ਹਰ ਆਦਮੀ, ਔਰਤ ਅਤੇ ਬੱਚਾ ਸਾਲ ਵਿਚ ਲਗਭਗ 1,00,000 ਲੀਟਰ ਪਾਣੀ ਇਸਤੇਮਾਲ ਕਰਦਾ ਹੈ।” ਮੈਂ ਉਸ ਨੂੰ ਪੁੱਛਿਆ: “ਇਹ ਕਿੱਦਾਂ ਹੋ ਸਕਦਾ ਹੈ? ਮੈਂ ਇੰਨਾ ਸਾਰਾ ਪਾਣੀ ਤਾਂ ਨਹੀਂ ਪੀਂਦਾ!” “ਇਹ ਠੀਕ ਹੈ,” ਪਲੰਬਰ ਨੇ ਕਿਹਾ, “ਪਰ ਹਰ ਰੋਜ਼ ਤੁਸੀਂ ਨਹਾਉਣ ਲਈ ਸ਼ਾਵਰ ਜਾਂ ਬਾਥਟੱਬ ਇਸਤੇਮਾਲ ਕਰਦੇ ਹੋ, ਟਾਇਲਟ ਵਿਚ ਫਲੱਸ਼ ਕਰਦੇ ਹੋ ਅਤੇ ਸ਼ਾਇਦ ਤੁਸੀਂ ਕੱਪੜੇ ਜਾਂ ਭਾਂਡੇ ਧੋਣ ਵਾਲੀ ਮਸ਼ੀਨ ਵਿਚ ਪਾਣੀ ਇਸਤੇਮਾਲ ਕਰਦੇ ਹੋ। ਇਨ੍ਹਾਂ ਤਰੀਕਿਆਂ ਨਾਲ ਅਸੀਂ ਅੱਜ ਆਪਣੇ ਰੋਜ਼ਮੱਰਾ ਦੇ ਕੰਮਾਂ-ਕਾਰਾਂ ਵਿਚ ਆਪਣੇ ਦਾਦੇ-ਪੜਦਾਦਿਆਂ ਨਾਲੋਂ ਦੁਗਣਾ ਪਾਣੀ ਇਸਤੇਮਾਲ ਕਰਦੇ ਹਾਂ।” ਫਿਰ ਮੇਰੇ ਮਨ ਵਿਚ ਇਹ ਸਵਾਲ ਉੱਠਿਆ ਕਿ ‘ਇਹ ਸਾਰਾ ਪਾਣੀ ਆਖ਼ਰ ਜਾਂਦਾ ਕਿੱਥੇ ਹੈ?’

ਮੈਨੂੰ ਪਤਾ ਲੱਗਾ ਕਿ ਅਲੱਗ-ਅਲੱਗ ਦੇਸ਼ਾਂ ਜਾਂ ਵੱਖ-ਵੱਖ ਸ਼ਹਿਰਾਂ ਵਿਚ ਗੰਦੇ ਪਾਣੀ ਨੂੰ ਵੱਖੋ-ਵੱਖਰੇ ਤਰੀਕਿਆਂ ਨਾਲ ਸਾਫ਼ ਕੀਤਾ ਜਾਂਦਾ ਹੈ। ਕੁਝ ਦੇਸ਼ਾਂ ਵਿਚ ਗੰਦਾ ਪਾਣੀ ਲੋਕਾਂ ਦੀਆਂ ਜਾਨਾਂ ਲਈ ਖ਼ਤਰਾ ਬਣਿਆ ਹੈ। (ਸਫ਼ਾ 23 ਉੱਤੇ ਡੱਬੀਆਂ ਦੇਖੋ।) ਆਓ ਆਪਾਂ ਗੰਦੇ ਪਾਣੀ ਨੂੰ ਸਾਫ਼ ਕਰਨ ਵਾਲੇ ਪਲਾਂਟ ਦੀ ਸੈਰ ਕਰਨ ਚੱਲੀਏ। ਤੁਸੀਂ ਆਪਣੀਆਂ ਅੱਖਾਂ ਨਾਲ ਦੇਖ ਸਕਦੇ ਹੋ ਕਿ ਸਾਰਾ ਗੰਦਾ ਪਾਣੀ ਕਿੱਥੇ ਜਾਂਦਾ ਹੈ। ਨਾਲੇ ਤੁਸੀਂ ਸਮਝ ਜਾਓਗੇ ਕਿ ਭਾਵੇਂ ਤੁਸੀਂ ਕਿਸੇ ਵੀ ਥਾਂ ਤੇ ਰਹਿੰਦੇ ਹੋ, ਤੁਹਾਨੂੰ ਬਿਨਾਂ ਸੋਚੇ-ਸਮਝੇ ਨਾਲੀਆਂ ਜਾਂ ਟਾਇਲਟ ਵਿਚ ਚੀਜ਼ਾਂ ਕਿਉਂ ਨਹੀਂ ਸੁੱਟਣੀਆਂ ਚਾਹੀਦੀਆਂ।

ਗੰਦਾ ਪਾਣੀ ਸਾਫ਼ ਕਰਨ ਵਾਲਾ ਪਲਾਂਟ

ਤੁਸੀਂ ਸ਼ਾਇਦ ਸੋਚ ਰਹੇ ਹੋਵੋਗੇ ਕਿ ਭਲਾ ਵੇਸਟਵਾਟਰ ਟ੍ਰੀਟਮੈਂਟ ਪਲਾਂਟ (ਗੰਦਾ ਪਾਣੀ ਸਾਫ਼ ਕਰਨ ਵਾਲਾ ਪਲਾਂਟ) ਵੀ ਕੋਈ ਦੇਖਣ ਵਾਲੀ ਜਗ੍ਹਾ ਹੈ। ਮੈਂ ਤੁਹਾਡੇ ਨਾਲ ਸਹਿਮਤ ਹਾਂ। ਪਰ ਇਸੇ ਪਲਾਂਟ ਦੀ ਬਦੌਲਤ ਸਾਡਾ ਸ਼ਹਿਰ ਆਪਣੇ ਹੀ ਗੰਦ-ਮੰਦ ਵਿਚ ਡੁੱਬਣ ਤੋਂ ਬਚਿਆ ਹੋਇਆ ਹੈ। ਅਸੀਂ ਸਾਰੇ ਹੀ ਅਜਿਹੇ ਪਲਾਂਟਾਂ ਦੇ ਚੰਗੀ ਤਰ੍ਹਾਂ ਕੰਮ ਕਰਦੇ ਰਹਿਣ ਵਿਚ ਯੋਗਦਾਨ ਪਾ ਸਕਦੇ ਹਾਂ। ਚਲੋ ਆਪਾਂ ਜਾਣੀ-ਮਾਣੀ ਸਿਡਨੀ ਬੰਦਰਗਾਹ ਦੇ ਠੀਕ ਦੱਖਣ ਵੱਲ ਮਾਲਾਬਾਰ ਵਿਚ ਸਥਿਤ ਮੁੱਖ ਟ੍ਰੀਟਮੈਂਟ ਪਲਾਂਟ ਦੇਖਣ ਚੱਲੀਏ। ਮੇਰੇ ਬਾਥਰੂਮ ਦਾ ਗੰਦਾ ਪਾਣੀ ਇਸ ਪਲਾਂਟ ਤਕ ਕਿਵੇਂ ਪਹੁੰਚਦਾ ਹੈ?

ਜਦੋਂ ਮੈਂ ਟਾਇਲਟ ਵਿਚ ਫਲੱਸ਼ ਕਰਦਾ ਹਾਂ, ਬਰਤਨ ਧੋਣ ਮਗਰੋਂ ਗੰਦਾ ਪਾਣੀ ਡੋਲਦਾ ਹਾਂ ਜਾਂ ਨਹਾਉਂਦਾ ਹਾਂ, ਤਾਂ ਇਹ ਪਾਣੀ ਵੇਸਟਵਾਟਰ ਟ੍ਰੀਟਮੈਂਟ ਪਲਾਂਟ ਨੂੰ ਜਾਂਦਾ ਹੈ। ਪੰਜਾਹ ਕਿਲੋਮੀਟਰ ਦਾ ਸਫ਼ਰ ਤੈਅ ਕਰਨ ਮਗਰੋਂ ਇਹ ਪਾਣੀ ਟ੍ਰੀਟਮੈਂਟ ਪਲਾਂਟ ਵਿਚ ਪਹੁੰਚਦਾ ਹੈ। ਹਰ ਰੋਜ਼ 48 ਕਰੋੜ ਲੀਟਰ ਪਾਣੀ ਇਸ ਪਲਾਂਟ ਵਿਚ ਆਉਂਦਾ ਹੈ।

ਇਸ ਪਲਾਂਟ ਦੇ ਸਮਾਜ ਸੰਪਰਕ ਅਧਿਕਾਰੀ ਰੌਸ ਨੇ ਮੈਨੂੰ ਸਮਝਾਇਆ ਕਿ ਇਹ ਪਲਾਂਟ ਦੇਖਣ ਨੂੰ ਕਿਉਂ ਭੈੜਾ ਨਹੀਂ ਲੱਗਦਾ ਅਤੇ ਕਿਉਂ ਇਸ ਤੋਂ ਬਦਬੂ ਨਹੀਂ ਆਉਂਦੀ। ਉਸ ਨੇ ਦੱਸਿਆ: “ਪਲਾਂਟ ਦਾ ਜ਼ਿਆਦਾਤਰ ਹਿੱਸਾ ਜ਼ਮੀਨ ਦੇ ਹੇਠਾਂ ਹੋਣ ਕਰਕੇ ਅਸੀਂ ਗੰਦੇ ਪਾਣੀ ਵਿੱਚੋਂ ਪੈਦਾ ਹੋਣ ਵਾਲੀਆਂ ਗੈਸਾਂ ਨੂੰ ਏਅਰ ਸਕ੍ਰਬਰ (ਵੱਡੇ-ਵੱਡੇ ਗਮਲਿਆਂ ਦੇ ਆਕਾਰ ਵਾਲੀਆਂ ਚਿਮਨੀਆਂ ਦੀ ਕਤਾਰ) ਵਿੱਚੋਂ ਲੰਘਾਉਂਦੇ ਹਾਂ ਜਿੱਥੇ ਗੈਸਾਂ ਦੀ ਬਦਬੂ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ। ਫਿਰ ਸਾਫ਼ ਕੀਤੀ ਗਈ ਹਵਾ ਨੂੰ ਵਾਤਾਵਰਣ ਵਿਚ ਛੱਡਿਆ ਜਾਂਦਾ ਹੈ। ਭਾਵੇਂ ਕਿ ਇਸ ਪਲਾਂਟ ਦੇ ਆਲੇ-ਦੁਆਲੇ ਹਜ਼ਾਰਾਂ ਘਰ ਹਨ, ਪਰ ਸਾਲ ਵਿਚ ਸਿਰਫ਼ ਦਸ ਕੁ ਲੋਕ ਹੀ ਬਦਬੂ ਦੀ ਸਮੱਸਿਆ ਬਾਰੇ ਸ਼ਿਕਾਇਤ ਕਰਦੇ ਹਨ।” ਇਹ ਕਹਿਣ ਮਗਰੋਂ ਰੌਸ ਸਾਨੂੰ ਪਲਾਂਟ ਦੇ ਉਸੇ ਹਿੱਸੇ ਵਿਚ ਲੈ ਗਿਆ ਜੋ ਇਸ “ਬਦਬੂ ਦੀ ਸਮੱਸਿਆ” ਦਾ ਸੋਮਾ ਹੈ।

ਗੰਦਾ ਪਾਣੀ ਕੀ ਹੁੰਦਾ ਹੈ?

ਪਲਾਂਟ ਵਿਚ ਜਾਂਦੇ ਸਮੇਂ ਸਾਡਾ ਗਾਈਡ ਸਾਨੂੰ ਦੱਸਦਾ ਹੈ: “ਗੰਦੇ ਪਾਣੀ ਵਿਚ 99.9 ਪ੍ਰਤਿਸ਼ਤ ਪਾਣੀ ਅਤੇ ਬਾਕੀ ਹਿੱਸਾ ਮਨੁੱਖੀ ਗੰਦ-ਮੰਦ, ਰਸਾਇਣ ਅਤੇ ਹੋਰ ਦੂਸਰੀਆਂ ਛੋਟੀਆਂ-ਮੋਟੀਆਂ ਚੀਜ਼ਾਂ ਹੁੰਦੀਆਂ ਹਨ। ਇਹ ਪਲਾਂਟ ਸਮੁੰਦਰ ਤਲ ਤੋਂ 2 ਮੀਟਰ [6 ਫੁੱਟ] ਹੇਠਾਂ ਜ਼ਮੀਨ ਵਿਚ ਬਣਿਆ ਹੋਇਆ ਹੈ। ਲਗਭਗ 1,30,000 ਏਕੜ ਜ਼ਮੀਨ ਉੱਤੇ ਬਣੇ ਘਰਾਂ ਅਤੇ ਫੈਕਟਰੀਆਂ ਦਾ ਗੰਦਾ ਪਾਣੀ 20,000 ਕਿਲੋਮੀਟਰ ਲੰਬੇ ਪਾਈਪਾਂ ਦੁਆਰਾ ਇਸ ਵਿਚ ਦਾਖ਼ਲ ਹੁੰਦਾ ਹੈ। ਇੱਥੇ ਇਹ ਪਾਣੀ ਕਈ ਜਾਲੀਆਂ ਵਿੱਚੋਂ ਲੰਘਦਾ ਹੈ ਜੋ ਕੱਪੜੇ-ਲੀੜੇ, ਪੱਥਰ, ਕਾਗਜ਼ ਅਤੇ ਪਲਾਸਟਿਕ ਨੂੰ ਛਾਣ ਕੇ ਵੱਖ ਕਰ ਦਿੰਦੀਆਂ ਹਨ। ਇਸ ਮਗਰੋਂ ਗ੍ਰਿਟ ਚੇਂਬਰਾਂ ਵਿਚ, ਜੈਵਿਕ ਪਦਾਰਥ ਹਵਾ ਦੇ ਬੁਲਬੁਲਿਆਂ ਰਾਹੀਂ ਪਾਣੀ ਵਿਚ ਤਰਦੇ ਰਹਿੰਦੇ ਹਨ, ਜਦੋਂ ਕਿ ਜ਼ਿਆਦਾ ਭਾਰੀ ਰੋੜੇ-ਕੰਕਰ ਹੇਠਾਂ ਬੈਠ ਜਾਂਦੇ ਹਨ। ਇਨ੍ਹਾਂ ਰੋੜੇ-ਕੰਕਰਾਂ ਨੂੰ ਇਕੱਠਾ ਕਰ ਕੇ ਭਰਤੀ ਪਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ। ਬਾਕੀ ਬਚੇ ਗੰਦੇ ਪਾਣੀ ਨੂੰ 15 ਮੀਟਰ [50 ਫੁੱਟ] ਉੱਪਰ ਬਣੀਆਂ ਸੈਡੀਮੈਂਟੇਸ਼ਨ ਟੈਂਕੀਆਂ ਵਿਚ ਪੰਪ ਕੀਤਾ ਜਾਂਦਾ ਹੈ।”

ਇਹ ਟੈਂਕੀਆਂ ਕੁੱਲ ਮਿਲਾ ਕੇ ਫੁਟਬਾਲ ਮੈਦਾਨ ਜਿੰਨੀ ਥਾਂ ਘੇਰਦੀਆਂ ਹਨ। ਇਨ੍ਹਾਂ ਨੂੰ ਦੇਖ ਕੇ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਜੇ ਗੈਸਾਂ ਦੀ ਬਦਬੂ ਖ਼ਤਮ ਕਰਨ ਵਾਲੀ ਪ੍ਰਣਾਲੀ ਇੰਨੀ ਅਸਰਦਾਰ ਨਾ ਹੁੰਦੀ, ਤਾਂ ਗੁਆਂਢੀਆਂ ਦੀਆਂ ਸ਼ਿਕਾਇਤਾਂ ਦਾ ਕੋਈ ਅੰਤ ਨਹੀਂ ਹੋਣਾ ਸੀ। ਜਦੋਂ ਪਾਣੀ ਹੌਲੀ-ਹੌਲੀ ਟੈਂਕੀਆਂ ਵਿੱਚੋਂ ਲੰਘਦਾ ਹੈ, ਤਾਂ ਤੇਲ ਅਤੇ ਗ੍ਰੀਸ ਪਾਣੀ ਦੇ ਉੱਪਰ ਆ ਜਾਂਦੇ ਹਨ ਜਿਨ੍ਹਾਂ ਨੂੰ ਉੱਪਰੋਂ ਲਾਹ ਲਿਆ ਜਾਂਦਾ ਹੈ। ਸਲੱਜ ਜਾਂ ਗਾਰਾ ਹੇਠਾਂ ਬੈਠ ਜਾਂਦਾ ਹੈ ਜਿਸ ਨੂੰ ਵੱਡੇ-ਵੱਡੇ ਆਟੋਮੈਟਿਕ ਬਲੇਡ ਇਕੱਠਾ ਕਰ ਕੇ ਅੱਗੇ ਘੱਲ ਦਿੰਦੇ ਹਨ ਜਿੱਥੇ ਇਸ ਗਾਰੇ ਨੂੰ ਸਾਫ਼ ਕੀਤਾ ਜਾਂਦਾ ਹੈ।

ਸਾਫ਼ ਕੀਤਾ ਗਿਆ ਪਾਣੀ ਸਮੁੰਦਰ ਦੀ ਤਹਿ ਵਿਚ ਵਿਛਾਈ ਗਈ ਤਿੰਨ ਕਿਲੋਮੀਟਰ ਲੰਬੀ ਸੁਰੰਗ ਰਾਹੀਂ ਸਮੁੰਦਰ ਵਿਚ ਜਾ ਪੈਂਦਾ ਹੈ। ਲਹਿਰਾਂ ਤੋਂ 60-80 ਮੀਟਰ ਹੇਠਾਂ ਤੇਜ਼ ਸਮੁੰਦਰੀ ਤਰੰਗਾਂ ਇਸ ਪਾਣੀ ਨੂੰ ਦੂਰ-ਦੂਰ ਤਕ ਵਹਾ ਲੈ ਜਾਂਦੀਆਂ ਹਨ ਅਤੇ ਸਮੁੰਦਰ ਦਾ ਖਾਰਾ ਪਾਣੀ ਇਸ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੰਦਾ ਹੈ। ਪਲਾਂਟ ਵਿਚ ਗਾਰੇ ਨੂੰ ਐਨੋਰੋਬਿਕ ਡਾਈਜੈਸਟਰ ਨਾਂ ਦੀਆਂ ਵੱਡੀਆਂ ਟੈਂਕੀਆਂ ਵਿਚ ਪੰਪ ਕੀਤਾ ਜਾਂਦਾ ਹੈ। ਇੱਥੇ ਸੂਖਮ-ਜੀਵ ਇਸ ਜੈਵਿਕ ਪਦਾਰਥ ਨੂੰ ਮੀਥੇਨ ਗੈਸ ਅਤੇ ਰਸਾਇਣਕ ਤੌਰ ਤੇ ਨੁਕਸਾਨ-ਰਹਿਤ ਗਾਰੇ ਵਿਚ ਬਦਲ ਦਿੰਦੇ ਹਨ।

ਗਾਰੇ ਤੋਂ ਮਿੱਟੀ ਤਕ

ਮੈਂ ਸ਼ੁਕਰ ਕੀਤਾ ਜਦੋਂ ਰੌਸ ਮੈਨੂੰ ਵਾਪਸ ਖੁੱਲ੍ਹੀ ਹਵਾ ਵਿਚ ਲੈ ਆਇਆ। ਇਸ ਮਗਰੋਂ ਅਸੀਂ ਇਕ ਏਅਰ-ਟਾਈਟ ਸਲੱਜ ਟੈਂਕੀ ਉੱਤੇ ਚੜ੍ਹ ਗਏ। ਰੌਸ ਅੱਗੇ ਕਹਿੰਦਾ ਹੈ: “ਪਲਾਂਟ ਨੂੰ ਚਲਾਉਣ ਲਈ ਸ਼ਕਤੀਸ਼ਾਲੀ ਇਲੈਕਟ੍ਰਿਕ ਜੈਨਰੇਟਰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਸੂਖਮ-ਜੀਵਾਂ ਦੁਆਰਾ ਪੈਦਾ ਕੀਤੀ ਗਈ ਮੀਥੇਨ ਗੈਸ ਪਲਾਂਟ ਨੂੰ ਚਲਾਉਣ ਲਈ 60 ਪ੍ਰਤਿਸ਼ਤ ਬਿਜਲੀ ਮੁਹੱਈਆ ਕਰਦੀ ਹੈ। ਫਿਰ ਗਾਰੇ ਨੂੰ ਰੋਗਾਣੂ-ਮੁਕਤ ਕੀਤਾ ਜਾਂਦਾ ਹੈ ਅਤੇ ਇਸ ਵਿਚ ਚੂਨਾ ਮਿਲਾ ਕੇ ਇਸ ਨੂੰ ਖਾਦ ਬਣਾਇਆ ਜਾਂਦਾ ਹੈ। ਇਸ ਖਾਦ ਨੂੰ ਬਾਇਓਸਾਲਿਡ ਕਹਿੰਦੇ ਹਨ। ਮਾਲਾਬਾਰ ਸਿਉਵੇਜ਼ ਟ੍ਰੀਟਮੈਂਟ ਪਲਾਂਟ ਹਰ ਸਾਲ 40,000 ਟਨ ਖਾਦ ਪੈਦਾ ਕਰਦਾ ਹੈ। ਦਸ ਸਾਲ ਪਹਿਲਾਂ ਇਸ ਗਾਰੇ ਨੂੰ ਰੋਗਾਣੂ-ਮੁਕਤ ਕੀਤੇ ਬਗੈਰ ਹੀ ਸਾੜ ਜਾਂ ਸਮੁੰਦਰ ਵਿਚ ਸੁੱਟ ਦਿੱਤਾ ਜਾਂਦਾ ਸੀ; ਹੁਣ ਇਸ ਗਾਰੇ ਦੀ ਚੰਗੀ ਵਰਤੋਂ ਕੀਤੀ ਜਾ ਰਹੀ ਹੈ।”

ਰੌਸ ਨੇ ਮੈਨੂੰ ਇਕ ਬਰੋਸ਼ਰ ਦਿੱਤਾ ਜਿਸ ਵਿਚ ਲਿਖਿਆ ਸੀ: “ਜਦੋਂ [ਨਿਊ ਸਾਊਥ ਵੇਲਜ਼] ਦੇ ਜੰਗਲਾਂ ਵਿਚ ਇਹ ਖਾਦ ਪਾਈ ਗਈ, ਤਾਂ ਦਰਖ਼ਤ 20 ਤੋਂ 35 ਪ੍ਰਤਿਸ਼ਤ ਜ਼ਿਆਦਾ ਵਧੇ-ਫੁੱਲੇ।” ਇਸ ਵਿਚ ਇਹ ਵੀ ਕਿਹਾ ਗਿਆ ਸੀ ਕਿ ‘ਜਦੋਂ ਕਣਕ ਦੇ ਖੇਤਾਂ ਵਿਚ ਇਹ ਖਾਦ ਪਾਈ ਗਈ, ਤਾਂ ਪੈਦਾਵਾਰ ਵਿਚ 70 ਪ੍ਰਤਿਸ਼ਤ ਵਾਧਾ ਹੋਇਆ।’ ਇਸ ਤੋਂ ਮੈਨੂੰ ਪਤਾ ਲੱਗਾ ਕਿ ਮੈਂ ਹੁਣ ਇਸ ਖਾਦ ਨੂੰ ਆਪਣੇ ਬਗ਼ੀਚੇ ਵਿਚ ਵੀ ਇਸਤੇਮਾਲ ਕਰ ਸਕਦਾ ਹਾਂ।

ਅੱਖੋਂ ਓਹਲੇ ਮਨੋਂ ਓਹਲੇ?

ਜਦੋਂ ਅਸੀਂ ਪੂਰਾ ਪਲਾਂਟ ਘੁੰਮ ਲਿਆ, ਤਾਂ ਸਾਡੇ ਗਾਈਡ ਨੇ ਸਾਨੂੰ ਚੇਤੇ ਕਰਾਇਆ ਕਿ ਸਾਨੂੰ ਨਾਲੀਆਂ ਵਿਚ ਪੇਂਟ, ਤੇਲ, ਕੀਟਨਾਸ਼ਕ ਦਵਾਈਆਂ ਜਾਂ ਦੂਜੀਆਂ ਦਵਾਈਆਂ ਨਹੀਂ ਡੋਲਣੀਆਂ ਚਾਹੀਦੀਆਂ। ਇਨ੍ਹਾਂ ਚੀਜ਼ਾਂ ਨਾਲ ਟ੍ਰੀਟਮੈਂਟ ਪਲਾਂਟ ਵਿਚ ਸੂਖਮ-ਜੀਵ ਮਰ ਸਕਦੇ ਹਨ ਅਤੇ ਗੰਦੇ ਪਾਣੀ ਨੂੰ ਸਾਫ਼ ਕਰਨ ਵਿਚ ਰੁਕਾਵਟ ਪੈਦਾ ਹੋ ਸਕਦੀ ਹੈ। ਉਸ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ‘ਤੇਲ ਅਤੇ ਗ੍ਰੀਸ ਹੌਲੀ-ਹੌਲੀ ਨਾਲੀਆਂ ਨੂੰ ਬੰਦ ਕਰ ਦੇਣਗੇ, ਠੀਕ ਜਿਵੇਂ ਚਰਬੀ ਸਾਡੀਆਂ ਲਹੂ-ਨਾੜੀਆਂ ਨੂੰ ਬੰਦ ਕਰ ਸਕਦੀ ਹੈ। ਜਦੋਂ ਅਸੀਂ ਟਾਇਲਟ ਵਿਚ ਡਾਇਪਰ, ਕੱਪੜਾ ਅਤੇ ਪਲਾਸਟਿਕ ਸੁੱਟਦੇ ਹਾਂ, ਤਾਂ ਇਹ ਪਾਈਪਾਂ ਵਿਚ ਅੜ ਕੇ ਇਨ੍ਹਾਂ ਨੂੰ ਬੰਦ ਕਰ ਦਿੰਦੇ ਹਨ।’ ਮੈਂ ਇਕ ਸਬਕ ਸਿੱਖਿਆ ਹੈ ਕਿ ਅਸੀਂ ਕਚਰੇ ਨੂੰ ਟਾਇਲਟ ਵਿਚ ਸੁੱਟ ਕੇ ਅੱਖੋਂ ਓਹਲੇ ਤਾਂ ਕਰ ਸਕਦੇ ਹਾਂ, ਪਰ ਇਹ ਜ਼ਿਆਦਾ ਦੇਰ ਤਕ ਮਨੋਂ ਓਹਲੇ ਨਹੀਂ ਰਹਿੰਦਾ। ਜਦੋਂ ਡਰੇਨ ਬੰਦ ਹੋ ਜਾਣ ਕਰਕੇ ਬਾਥਰੂਮ ਵਿਚ ਗੰਦਾ ਪਾਣੀ ਭਰ ਜਾਂਦਾ ਹੈ, ਤਾਂ ਸਾਨੂੰ ਚੇਤੇ ਆਉਂਦਾ ਹੈ ਕਿ ਅਸੀਂ ਡਰੇਨ ਵਿਚ ਕੀ-ਕੀ ਸੁੱਟਿਆ ਸੀ। ਇਸ ਲਈ, ਅਗਲੀ ਵਾਰ ਨਹਾਉਣ ਸਮੇਂ, ਟਾਇਲਟ ਵਿਚ ਪਾਣੀ ਫਲੱਸ਼ ਕਰਨ ਵੇਲੇ ਜਾਂ ਬਰਤਨ ਧੋਣ ਮਗਰੋਂ ਗੰਦਾ ਪਾਣੀ ਸੁੱਟਣ ਵੇਲੇ ਇਹ ਯਾਦ ਰੱਖੋ ਕਿ ਸਾਰਾ ਪਾਣੀ ਕਿੱਥੇ ਜਾ ਰਿਹਾ ਹੈ। (g02 10/08)

[ਸਫ਼ਾ 21 ਉੱਤੇ ਡੱਬੀ/​ਤਸਵੀਰ]

ਗੰਦੇ ਪਾਣੀ ਨੂੰ ਸਾਫ਼ ਕਰ ਕੇ ਪੀਣ ਦੇ ਯੋਗ ਬਣਾਉਣਾ

ਔਰੇਂਜ ਕਾਉਂਟੀ ਅਮਰੀਕਾ ਵਿਚ ਕੈਲੇਫ਼ੋਰਨੀਆ ਦਾ ਉਹ ਇਲਾਕਾ ਹੈ ਜਿੱਥੇ ਬਹੁਤ ਘੱਟ ਮੀਂਹ ਪੈਂਦਾ ਹੈ। ਇਸ ਕਾਉਂਟੀ ਦੇ ਲੱਖਾਂ ਵਸਨੀਕਾਂ ਨੂੰ ਗੰਦੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਦੇ ਇਕ ਆਧੁਨਿਕ ਤਰੀਕੇ ਤੋਂ ਲਾਭ ਹੋਇਆ ਹੈ। ਹਰ ਰੋਜ਼ ਲੱਖਾਂ ਲੀਟਰ ਗੰਦੇ ਪਾਣੀ ਨੂੰ ਸਮੁੰਦਰ ਵਿਚ ਸੁੱਟਣ ਦੀ ਬਜਾਇ, ਜ਼ਿਆਦਾਤਰ ਪਾਣੀ ਨੂੰ ਦੁਬਾਰਾ ਇਸਤੇਮਾਲ ਕੀਤਾ ਜਾਂਦਾ ਹੈ। ਕਈ ਸਾਲਾਂ ਤੋਂ ਵੇਸਟਵਾਟਰ ਟ੍ਰੀਟਮੈਂਟ ਪਲਾਂਟ ਦੀ ਬਦੌਲਤ ਹੀ ਇਹ ਸੰਭਵ ਹੋ ਸਕਿਆ ਹੈ। ਪਾਣੀ ਨੂੰ ਸਾਫ਼ ਕਰਨ ਲਈ ਇਸ ਨੂੰ ਤਿੰਨ ਪੜਾਵਾਂ ਵਿੱਚੋਂ ਲੰਘਾਇਆ ਜਾਂਦਾ ਹੈ। ਇਸ ਮਗਰੋਂ ਪਾਣੀ ਇੰਨਾ ਸਾਫ਼ ਹੋ ਜਾਂਦਾ ਹੈ ਕਿ ਲੋਕ ਇਸ ਨੂੰ ਪੀ ਸਕਦੇ ਹਨ। ਫਿਰ ਇਹ ਜ਼ਮੀਨ ਥੱਲੇ ਪਾਣੀ ਦੇ ਸੋਮਿਆਂ ਵਿਚ ਜਾ ਰਲਦਾ ਹੈ। ਇਸ ਤਰੀਕੇ ਨਾਲ ਇਹ ਸੋਮੇ ਭਰੇ ਰਹਿੰਦੇ ਹਨ ਜਿਸ ਕਰਕੇ ਸਮੁੰਦਰ ਦਾ ਖਾਰਾ ਪਾਣੀ ਇਨ੍ਹਾਂ ਸੋਮਿਆਂ ਵਿਚ ਦਾਖ਼ਲ ਨਹੀਂ ਹੁੰਦਾ ਅਤੇ ਇਨ੍ਹਾਂ ਸੋਮਿਆਂ ਦਾ ਪਾਣੀ ਖਾਰਾ ਹੋਣ ਤੋਂ ਬਚਿਆ ਰਹਿੰਦਾ ਹੈ। ਇਸ ਇਲਾਕੇ ਵਿਚ ਵਰਤੇ ਜਾਂਦੇ ਪਾਣੀ ਦਾ 75 ਪ੍ਰਤਿਸ਼ਤ ਪਾਣੀ ਇਨ੍ਹਾਂ ਸੋਮਿਆਂ ਤੋਂ ਹੀ ਆਉਂਦਾ ਹੈ।

[ਸਫ਼ਾ 23 ਉੱਤੇ ਡੱਬੀ]

ਪਾਣੀ ਬਚਾਉਣ ਦੇ ਪੰਜ ਤਰੀਕੇ

◼ ਚੋਂਦੀਆਂ ਟੂਟੀਆਂ ਨੂੰ ਠੀਕ ਕਰੋ ਕਿਉਂਕਿ ਇਕ ਚੋਂਦੀ ਟੂਟੀ ਇਕ ਸਾਲ ਵਿਚ 7,000 ਲੀਟਰ ਪਾਣੀ ਬਰਬਾਦ ਕਰ ਸਕਦੀ ਹੈ।

◼ ਜੇ ਟਾਇਲਟ ਵਿਚ ਫਲੱਸ਼ ਦੀ ਟੈਂਕੀ ਚੋਂਦੀ ਹੈ, ਤਾਂ ਇਸ ਨੂੰ ਠੀਕ ਕਰਾਓ ਕਿਉਂਕਿ ਇਹ ਸਾਲ ਵਿਚ 16,000 ਲੀਟਰ ਪਾਣੀ ਬਰਬਾਦ ਕਰ ਸਕਦੀ ਹੈ।

◼ ਅਜਿਹਾ ਸ਼ਾਵਰ ਲਗਵਾਓ ਜਿਸ ਨਾਲ ਪਾਣੀ ਦੀ ਬਚਤ ਹੋਵੇ। ਆਮ ਸ਼ਾਵਰ ਦੇ ਮੂੰਹ ਵਿੱਚੋਂ ਇਕ ਮਿੰਟ ਵਿਚ 18 ਲੀਟਰ ਪਾਣੀ ਨਿਕਲਦਾ ਹੈ; ਛੋਟੇ ਮੂੰਹ ਵਾਲਾ ਸ਼ਾਵਰ ਇਕ ਮਿੰਟ ਵਿਚ 9 ਲੀਟਰ ਪਾਣੀ ਛੱਡਦਾ ਹੈ। ਇਸ ਦਾ ਮਤਲਬ ਹੈ ਕਿ ਚਾਰ ਮੈਂਬਰਾਂ ਵਾਲਾ ਪਰਿਵਾਰ ਇਕ ਸਾਲ ਵਿਚ 80,000 ਲੀਟਰ ਪਾਣੀ ਦੀ ਬਚਤ ਕਰੇਗਾ।

◼ ਜੇ ਤੁਹਾਡੀ ਫਲੱਸ਼ ਦੀ ਟੈਂਕੀ ਵਿਚ ਅੱਧਾ ਪਾਣੀ ਜਾਂ ਪੂਰਾ ਪਾਣੀ ਫਲੱਸ਼ ਕਰਨ ਦਾ ਸਿਸਟਮ ਹੈ, ਤਾਂ ਜਿੱਥੋਂ ਤਕ ਹੋ ਸਕੇ ਟੈਂਕੀ ਦਾ ਅੱਧਾ ਪਾਣੀ ਹੀ ਫਲੱਸ਼ ਕਰੋ। ਇਸ ਤਰ੍ਹਾਂ, ਚਾਰ ਮੈਂਬਰਾਂ ਵਾਲਾ ਪਰਿਵਾਰ ਇਕ ਸਾਲ ਵਿਚ 36,000 ਲੀਟਰ ਤੋਂ ਵੀ ਜ਼ਿਆਦਾ ਪਾਣੀ ਬਚਾਵੇਗਾ।

◼ ਟੂਟੀਆਂ ਵਿਚ ਏਅਰੇਟਰ [ਹਵਾ ਮਿਲਾਉਣ ਵਾਲਾ ਯੰਤਰ] ਲਗਵਾਓ। ਇਹ ਜ਼ਿਆਦਾ ਮਹਿੰਗਾ ਨਹੀਂ ਹੁੰਦਾ। ਇਨ੍ਹਾਂ ਦੀ ਵਰਤੋਂ ਨਾਲ ਅੱਧੇ ਪਾਣੀ ਨਾਲ ਹੀ ਕੰਮ ਸਰ ਜਾਂਦਾ ਹੈ।

[ਸਫ਼ਾ 23 ਉੱਤੇ ਡੱਬੀ]

ਦੁਨੀਆਂ ਭਰ ਵਿਚ ਗੰਦੇ ਪਾਣੀ ਦੀ ਸਮੱਸਿਆ

“ਅਜੇ ਵੀ 1 ਅਰਬ 20 ਕਰੋੜ ਲੋਕਾਂ ਕੋਲ ਪੀਣ ਲਈ ਸਾਫ਼ ਪਾਣੀ ਨਹੀਂ ਹੈ ਅਤੇ 2 ਅਰਬ 90 ਕਰੋੜ ਲੋਕਾਂ ਦੇ ਘਰਾਂ ਵਿਚ ਗੰਦਗੀ ਨੂੰ ਸਹੀ ਢੰਗ ਨਾਲ ਠਿਕਾਣੇ ਲਗਾਉਣ ਦੇ ਪ੍ਰਬੰਧ ਨਹੀਂ ਹਨ। ਸਿੱਟੇ ਵਜੋਂ, ਪਾਣੀ ਰਾਹੀਂ ਫੈਲਣ ਵਾਲੀਆਂ ਬੀਮਾਰੀਆਂ ਨਾਲ ਹਰ ਸਾਲ 50 ਲੱਖ ਲੋਕ ਮਰਦੇ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬੱਚੇ ਹੁੰਦੇ ਹਨ।”—ਦ ਹੇਗ, ਨੀਦਰਲੈਂਡਜ਼ ਵਿਚ ਕੀਤਾ ਗਿਆ ਦੂਸਰਾ ਵਿਸ਼ਵ ਪਾਣੀ ਫੋਰਮ।

[ਸਫ਼ਾ 22 ਉੱਤੇ ਡਾਇਆਗ੍ਰਾਮ/ਤਸਵੀਰਾਂ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਮਾਲਾਬਾਰ ਸਿਉਵੇਜ਼ ਟ੍ਰੀਟਮੈਂਟ ਪਲਾਂਟ (ਸਾਦੀ ਤਸਵੀਰ)

1. ਗੰਦਾ ਪਾਣੀ ਪਲਾਂਟ ਵਿਚ ਆਉਂਦਾ ਹੈ

2. ਪਾਣੀ ਛਾਣਿਆ ਜਾਂਦਾ ਹੈ

3. ਗ੍ਰਿਟ ਚੇਂਬਰ

4. ਰੋੜੇ-ਕੰਕਰ ਭਰਤੀ ਪਾਉਣ ਦੀ ਜਗ੍ਹਾ ਨੂੰ ਲੈ ਜਾਏ ਜਾਂਦੇ ਹਨ

5. ਸੈਡੀਮੈਂਟੇਸ਼ਨ ਟੈਂਕੀਆਂ

6. ਸਮੁੰਦਰ ਨੂੰ

7. ਐਨੋਰੋਬਿਕ ਡਾਈਜੈਸਟਰ

8. ਇਲੈਕਟ੍ਰਿਕ ਜੈਨਰੇਟਰ

9. ਬਾਇਓਸਾਲਿਡ (ਖਾਦ) ਟੈਂਕੀਆਂ

[ਤਸਵੀਰਾਂ]

ਐਨੋਰੋਬਿਕ ਡਾਈਜੈਸਟਰ ਨਾਂ ਦੀਆਂ ਟੈਂਕੀਆਂ ਵਿਚ ਗਾਰਾ ਮੀਥੇਨ ਗੈਸ ਅਤੇ ਖਾਦ ਵਿਚ ਬਦਲ ਜਾਂਦਾ ਹੈ

ਮੀਥੇਨ ਗੈਸ ਪਲਾਂਟ ਨੂੰ ਚਲਾਉਣ ਲਈ ਬਿਜਲੀ ਮੁਹੱਈਆ ਕਰਦੀ ਹੈ