Skip to content

Skip to table of contents

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਉਬਾਸੀਆਂ ਲਓ!

ਸਹਿਤ ਬਾਰੇ ਸਪੇਨ ਦੇ ਇਕ ਰਸਾਲੇ ਮੁਤਾਬਕ ਕੁੱਖ ਵਿਚ ਬੱਚੇ ਦੀ ਜਾਨ ਸ਼ੁਰੂ ਹੋਣ ਤੋਂ ਸਿਰਫ਼ 11 ਹਫ਼ਤੇ ਬਾਅਦ ਉਹ ਉਬਾਸੀਆਂ ਲੈਣ ਲੱਗ ਪੈਂਦਾ ਹੈ। ਜ਼ਾਹਰ ਹੁੰਦਾ ਹੈ ਕਿ ਤਕਰੀਬਨ ਸਾਰੇ ਥਣਧਾਰੀ ਜੀਵ ਤੇ ਕੁਝ ਪੰਛੀ ਅਤੇ ਰੀਂਗਣ ਵਾਲੇ ਜੀਵ ਵੀ ਉਬਾਸੀਆਂ ਲੈਂਦੇ ਹਨ। ਕਿਸੇ ਨੂੰ ਅਜੇ ਪੂਰੀ ਤਰ੍ਹਾਂ ਇਹ ਨਹੀਂ ਪਤਾ ਕਿ ਅਸੀਂ ਉਬਾਸੀਆਂ ਕਿਉਂ ਲੈਂਦੇ ਹਾਂ, ਪਰ ਖੋਜਕਾਰਾਂ ਨੇ ਦੇਖਿਆ ਹੈ ਕਿ ਉਬਾਸੀਆਂ ਦੇ ਨਾਲ-ਨਾਲ ਲੋਕ ਅੰਗੜਾਈਆਂ ਵੀ ਲੈਂਦੇ ਹਨ। ਉਹ ਨੋਟ ਕਰਦੇ ਹਨ ਕਿ ਇਨ੍ਹਾਂ ਹਰਕਤਾਂ ਦੇ ਨਾਲ “ਬਲੱਡ ਪ੍ਰੈਸ਼ਰ ਵਧਦਾ ਹੈ ਤੇ ਦਿਲ ਦੀ ਧੜਕਣ ਵੀ। ਇਸ ਦੇ ਨਾਲ ਸਾਡਾ ਸਰੀਰ ਤੇ ਸਾਡੇ ਜੋੜਾਂ ਵਿਚਲੀ ਟੈਨਸ਼ਨ ਘੱਟਦੀ ਹੈ।” ਜਦ ਅਸੀਂ ਆਪਣਾ ਮੂੰਹ ਕੱਸ ਕੇ ਉਬਾਸੀ ਨੂੰ ਰੋਕਦੇ ਹਾਂ, ਤਾਂ ਅਸੀਂ ਉਸ ਦੇ ਫ਼ਾਇਦਿਆਂ ਨੂੰ ਵੀ ਰੋਕਦੇ ਹਾਂ। ਇਸ ਕਰਕੇ ਖੋਜਕਾਰ ਇਹ ਸਲਾਹ ਦਿੰਦੇ ਹਨ ਕਿ ਜੇ ਹਾਲਾਤ ਸਹੀ ਹੋਣ, ਤਾਂ ਸਾਨੂੰ “ਮੂੰਹ ਅੱਡ ਕੇ ਕੁਦਰਤੀ ਤੌਰ ਤੇ” ਉਬਾਸੀ ਲੈਣੀ ਚਾਹੀਦੀ ਹੈ। ਕੀ ਪਤਾ ਇਕ ਵੱਡੀ ਸਾਰੀ ਉਬਾਸੀ ਨਾਲ ਤੁਹਾਡਾ ਦਿਨ ਹੀ ਸੋਹਣਾ ਲੰਘ ਜਾਵੇ! (g02 11/08)

ਸੁੱਤੇ ਹੋਏ ਅਬਾਬੀਲ ਪੰਛੀ ਥਾਂ-ਠਿਕਾਣੇ ਰਹਿੰਦੇ ਹਨ

ਅਬਾਬੀਲ ਉੱਡਦੇ ਹੋਏ ਨਾ ਸਿਰਫ਼ ਸੁੱਤੇ ਰਹਿੰਦੇ ਹਨ, ਪਰ ਉਹ ਆਪਣੇ ਇਲਾਕੇ ਦੇ ਉੱਪਰ-ਉੱਪਰ ਹੀ ਉੱਡਦੇ ਰਹਿੰਦੇ ਹਨ ਤੇ ਹਵਾ ਨਾਲ ਕਿਤੇ ਹੋਰ ਨਹੀਂ ਪਹੁੰਚ ਜਾਂਦੇ। ਇਸ ਬਾਰੇ ਜਾਣਨ ਲਈ ਸਵੀਡਨ ਦੀ ਇਕ ਯੂਨੀਵਰਸਿਟੀ ਦੇ ਦੋ ਪੰਛੀ-ਵਿਗਿਆਨੀਆਂ ਨੇ ਅਬਾਬੀਲ ਦੀ ਰਾਤ ਦੀ ਉਡਾਨ ਦੇਖਣ ਲਈ ਰੇਡਾਰ ਵਰਤਿਆ। ਸਾਇੰਸ ਦੇ ਇਕ ਜਰਮਨ ਰਸਾਲੇ ਵਿਚ ਰਿਪੋਰਟ ਕੀਤਾ ਗਿਆ ਕਿ ਖੋਜਕਾਰਾਂ ਨੇ ਅਬਾਬੀਲ ਨੂੰ ਇਕ ਕਿਸਮ ਦੇ ਤਰੀਕੇ ਨਾਲ ਉੱਡਦੇ ਦੇਖਿਆ। ਪੰਛੀ ਬਹੁਤ ਉੱਚੇ 3,000 ਮੀਟਰ ਤਕ ਉੱਡਦੇ ਹਨ। ਫਿਰ ਉਹ ਕੁਝ ਮਿੰਟਾਂ ਬਾਅਦ ਦਿਸ਼ਾ ਬਦਲ-ਬਦਲ ਕੇ ਹਵਾ ਵੱਲ ਉੱਡਦੇ ਹਨ। ਇਸ ਤਰ੍ਹਾਂ ਉੱਡ ਕੇ ਉਹ ਆਪਣੇ ਇਲਾਕੇ ਦੇ ਉੱਪਰੋਂ ਵਾਰ-ਵਾਰ ਲੰਘਦੇ ਰਹਿੰਦੇ ਹਨ। ਜੇ ਹਵਾ ਤੇਜ਼ ਨਾ ਚੱਲਦੀ ਹੋਵੇ, ਤਾਂ ਦੇਖਿਆ ਗਿਆ ਸੀ ਕਿ ਅਬਾਬੀਲ ਸੁੱਤੇ ਪਏ ਚੱਕਰ ਹੀ ਕੱਢਦੇ ਰਹਿੰਦੇ ਹਨ। (g02 11/22)

ਘਰ ਦਾ ਕੰਮ-ਕਾਜ ਚੰਗੀ ਕਸਰਤ ਹੈ

ਕੀ ਝਾੜੂ ਫੇਰਨ, ਪੋਚਾ ਮਾਰਨ ਅਤੇ ਬੱਚਿਆਂ ਦੀ ਦੇਖ-ਭਾਲ ਕਰਨ ਨੂੰ ਸਿਹਤਮੰਦ ਕਸਰਤ ਸਮਝਿਆ ਜਾ ਸਕਦਾ ਹੈ? ਆਸਟ੍ਰੇਲੀਆ ਵਿਚ ਕੁਈਨਜ਼ਲੈਂਡ ਯੂਨੀਵਰਸਿਟੀ ਦੇ ਇਕ ਅਧਿਐਨ ਅਨੁਸਾਰ ਇਸ ਸਵਾਲ ਦਾ ਜਵਾਬ ਹਾਂ ਹੈ। ਦ ਕੈਨਬਰਾ ਟਾਈਮਜ਼ ਅਖ਼ਬਾਰ ਦੱਸਦਾ ਹੈ ਕਿ ਇਸ ਅਧਿਐਨ ਲਈ ਸੱਤ ਮਾਵਾਂ ਚੁਣੀਆਂ ਗਈਆਂ ਸਨ ਜਿਨ੍ਹਾਂ ਦੇ ਬੱਚੇ ਪੰਜ ਸਾਲ ਤੋਂ ਘੱਟ ਉਮਰ ਦੇ ਸਨ। ਉਨ੍ਹਾਂ ਉੱਤੇ ਇਕ ਕਿਸਮ ਦੀ ਮਸ਼ੀਨ ਲਗਾਈ ਗਈ ਸੀ ਜਿਸ ਨਾਲ ਉਨ੍ਹਾਂ ਦੇ ਰੋਜ਼ਾਨਾਂ ਕੰਮ ਦੌਰਾਨ ਮਾਪਿਆ ਜਾ ਸਕਦਾ ਸੀ ਕਿ ਉਹ ਸਾਹ ਲੈ ਕੇ ਕਿੰਨੀ ਕੁ ਆਕਸੀਜਨ ਵਰਤਦੀਆਂ ਸਨ। ਖੋਜਕਾਰਾਂ ਦੇ ਮੁਤਾਬਕ “ਘਰ ਦੇ ਕੁਝ ਕੰਮ-ਕਾਰਾਂ ਵਿਚ ਇੰਨਾ ਜ਼ੋਰ ਲੱਗਦਾ ਹੈ ਕਿ ਇਨ੍ਹਾਂ ਤੋਂ ਸਹਿਤ ਨੂੰ ਕਾਫ਼ੀ ਫ਼ਾਇਦਾ ਹੋ ਸਕਦਾ ਹੈ।” ਪ੍ਰੋਫ਼ੈਸਰ ਵੈਂਡੀ ਬਰਾਊਨ ਕਹਿੰਦੀ ਹੈ ਕਿ “ਘਰ ਵਿਚ ਔਰਤਾਂ ਦੇ ਕੰਮ ਦੀ ਤੁਲਨਾ ਕਸਰਤ ਨਾਲ ਕੀਤੀ ਜਾ ਸਕਦੀ ਹੈ ਜਿਵੇਂ ਕਿ ਫਟਾਫਟ ਤੁਰਨਾ, ਸਾਈਕਲ ਚਲਾਉਣਾ ਜਾਂ ਤੈਰਨਾ।” ਉਸ ਨੇ ਅੱਗੇ ਕਿਹਾ: “ਇਹ ਤਾਂ ਸਿਰਫ਼ ਮੁਢਲੀ ਖੋਜ ਹੈ ਪਰ ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਜਦ ਔਰਤਾਂ ਸਾਰਾ ਦਿਨ ਘਰ ਵਿਚ ਕੰਮ ਕਰਦੀਆਂ ਰਹਿੰਦੀਆਂ ਹਨ, ਤਾਂ ਉਨ੍ਹਾਂ ਨੂੰ ਕੋਈ ਸੁਸਤ ਤੇ ਆਲਸੀ ਨਹੀਂ ਕਹਿ ਸਕਦਾ।” (g02 11/08)

“ਬੀਮਾਰੀ ਜੋ ਨਹੀਂ ਲੱਗਣੀ ਚਾਹੀਦੀ”

ਆਸਟ੍ਰੇਲੀਆ ਦਾ ਦ ਸਨ-ਹੈਰਲਡ ਅਖ਼ਬਾਰ ਕਹਿੰਦਾ ਹੈ ਕਿ “ਔਸਟੀਓਪਰੋਸਿਸ ਉਹ ਬੀਮਾਰੀ ਹੈ ਜੋ ਸਾਨੂੰ ਨਹੀਂ ਲੱਗਣੀ ਚਾਹੀਦੀ। ਇਹ ਬੀਮਾਰੀ ਰੋਕੀ ਜਾ ਸਕਦੀ ਹੈ। ਫਿਰ ਵੀ ਮੰਨਿਆ ਜਾਂਦਾ ਹੈ ਕਿ 2020 ਤਕ ਹਸਪਤਾਲਾਂ ਵਿਚ ਤਿੰਨਾਂ ਵਿੱਚੋਂ ਇਕ ਮੰਜੇ ਵਿਚ ਅਜਿਹੀ ਔਰਤ ਪਈ ਹੋਵੇਗੀ ਜਿਸ ਦੀ ਕੋਈ ਹੱਡੀ ਟੁੱਟ ਗਈ ਹੈ।” ਔਸਟੀਓਪਰੋਸਿਸ ਦੀ ਬੀਮਾਰੀ ਹੱਡੀਆਂ ਨੂੰ ਨਾਜ਼ੁਕ ਬਣਾ ਦਿੰਦੀ ਹੈ। ਇਸ ਬਾਰੇ ਇਕ ਆਸਟ੍ਰੇਲੀਆਈ ਸੰਸਥਾ ਦੀ ਰਿਪੋਰਟ ਕਹਿੰਦੀ ਹੈ ਕਿ “ਇਹ ਜ਼ਿਆਦਾ ਕਲੈਸਟਰੋਲ, ਅਲਰਜੀਆਂ ਜਾਂ ਜ਼ੁਕਾਮ ਨਾਲੋਂ ਵੀ ਆਮ ਹੈ। ਇਸ ਦਾ ਖ਼ਰਚ ਸ਼ੱਕਰ ਰੋਗ ਅਤੇ ਦਮੇ ਤੋਂ ਜ਼ਿਆਦਾ ਹੈ। ਔਰਤਾਂ ਨੂੰ ਲੱਗਣ ਵਾਲੇ ਸਾਰੇ ਕੈਂਸਰਾਂ ਨਾਲੋਂ ਉਹ ਜ਼ਿਆਦਾਤਰ ਲੱਕ ਦੀ ਹੱਡੀ ਟੁੱਟਣ ਕਰਕੇ ਮਰਦੀਆਂ ਹਨ।” ਇਕ ਡਾਕਟਰੀ ਪ੍ਰੋਫ਼ੈਸਰ ਦੇ ਮੁਤਾਬਕ ਔਸਟੀਓਪਰੋਸਿਸ ਕਰਕੇ ਆਸਟ੍ਰੇਲੀਆ ਦੀਆਂ ਅੱਧੀਆਂ ਔਰਤਾਂ ਤੇ ਇਕ ਤਿਹਾਈ ਆਦਮੀਆਂ ਦੀਆਂ ਉਨ੍ਹਾਂ ਦੀ ਜ਼ਿੰਦਗੀ ਵਿਚ ਕੋਈ-ਨ-ਕੋਈ ਹੱਡੀਆਂ ਟੁੱਟਣਗੀਆਂ। ਅਖ਼ਬਾਰ ਵਿਚ ਕਿਹਾ ਗਿਆ ਹੈ ਕਿ “ਹੱਡੀਆਂ ਨੂੰ ਮਜ਼ਬੂਤ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ 30 ਸਾਲ ਦੀ ਉਮਰ ਤੋਂ ਪਹਿਲਾਂ ਬਾਕਾਇਦਾ ਕਸਰਤ ਕਰੋ ਅਤੇ ਕਾਫ਼ੀ ਕੈਲਸੀਅਮ ਖਾਓ।” ਔਸਟੀਓਪਰੋਸਿਸ ਦਾ ਖ਼ਤਰਾ ਹੋਰ ਵੀ ਘਟਾਇਆ ਜਾ ਸਕਦਾ ਹੈ ਜੇ ਤੁਸੀਂ ਸਿਗਰਟ ਨਾ ਪੀਵੋਂ ਅਤੇ ਬਹੁਤੀ ਸ਼ਰਾਬ ਜਾਂ ਕੈਫੀਨ ਵੀ ਨਾ ਪੀਵੋਂ। ਚੰਗੀਆਂ ਆਦਤਾਂ ਵਿਚ ਰੈਗੂਲਰ ਕਸਰਤ ਕਰਨ ਦੀ ਤੇ ਅਜਿਹੀ ਖ਼ੁਰਾਕ ਖਾਣ ਦੀ ਜ਼ਰੂਰਤ ਹੈ ਜਿਸ ਵਿਚ ਜ਼ਿਆਦਾ ਕੈਲਸੀਅਮ ਤੇ ਵਿਟਾਮਿਨ ਡੀ ਹੋਣ। (g02 11/22)

ਇਕ “ਸੰਤ” ਜੋ ਗੰਢਾਂ ਖੋਲ੍ਹਦੀ ਹੈ

ਵੇਜ਼ਾ ਅਖ਼ਬਾਰ ਨੋਟ ਕਰਦਾ ਹੈ ਕਿ “ਹਾਲ ਹੀ ਦੇ ਸਾਲਾਂ ਦੌਰਾਨ ਅਸਫ਼ਲਤਾਵਾਂ ਦਾ ਸੁਰੱਖਿਅਕ ਸੰਤ ਜੂਡ ਥੇਡੀਅਸ; ਨਿਰਾਸ਼ ਹੋਣ ਵਾਲਿਆਂ ਦੀ ਮੁਕਤੀਦਾਤੀ ਸੰਤ ਰੀਟਾ; ਕਰਜ਼ਾਈਆਂ ਦੀ ਰੱਖਿਅਕ ਸੰਤ ਹੇਡਵਿਗ; ਜਲਦੀ ਮਦਦ ਚਾਹੁਣ ਵਾਲਿਆਂ ਦਾ ਸੰਤ ਐਕਸੀਪਿਡਾਇਟਸ ਸਾਰੇ ਇਕ ਵਾਰ ਮਸ਼ਹੂਰ ਹੋ ਚੁੱਕੇ ਹਨ।” ਬ੍ਰਾਜ਼ੀਲ ਦੇ ਕੈਥੋਲਿਕ ਲੋਕਾਂ ਵਿਚ ਹੁਣ ਇਕ ਹੋਰ “ਸੰਤ” ਬਹੁਤ ਮਸ਼ਹੂਰ ਹੋਈ ਹੈ ਜਿਸ ਨੂੰ “ਗੰਢਾਂ ਖੋਲ੍ਹਣ ਵਾਲੀ ਬੀਬੀ” ਸੱਦਿਆ ਗਿਆ ਹੈ। ਇਹ ਅਜੀਬ ਨਾਂ ਇਕ ਤਸਵੀਰ ਤੋਂ ਬਣਿਆ ਹੈ ਜੋ ਔਗਜ਼ਬਰਗ, ਜਰਮਨੀ ਦੇ ਇਕ ਗਿਰਜੇ ਵਿਚ ਟੰਗੀ ਹੋਈ ਹੈ। ਇਸ ਤਸਵੀਰ ਵਿਚ ਕੁਆਰੀ ਮਰੀਅਮ ਨੂੰ ਇਕ ਰਿਬਨ ਦੀਆਂ ਗੰਢਾਂ ਖੋਲ੍ਹਦੇ ਦਿਖਾਇਆ ਗਿਆ ਹੈ। ਇਸ ਨੂੰ ਅਖ਼ਬਾਰਾਂ ਤੇ ਟੈਲੀਵਿਯਨ ਵਿਚ ਮਸ਼ਹੂਰ ਕੀਤਾ ਗਿਆ ਹੈ ਅਤੇ ਹੁਣ “ਗੰਢਾਂ ਖੋਲ੍ਹਣ ਵਾਲੀ ਬੀਬੀ” ਦੇ ਕਈ ਪੁਜਾਰੀ ਹਨ। ਲੋਕ ਆਪਣੀਆਂ ਜ਼ਿੰਦਗੀਆਂ ਵਿਚ ਸਹਿਤ, ਸ਼ਾਦੀ ਅਤੇ ਪੈਸਿਆਂ ਸੰਬੰਧ ਗੁੰਝਲਦਾਰ ਮਾਮਲਿਆਂ ਵਿਚ ਮਦਦ ਭਾਲਦੇ ਹਨ। ਇਸ ਦੇ ਨਾਲ-ਨਾਲ ਬਾਜ਼ਾਰਾਂ ਵਿਚ ਇਸ ਬੀਬੀ ਬਾਰੇ ਬਹੁਤ ਸਾਰੀਆਂ ਚੀਜ਼ਾਂ ਵਿਕ ਰਹੀਆਂ ਹਨ ਜਿਵੇਂ ਕਿ ਮੈਡਲ, ਮਾਲ਼ਾ, ਮੂਰਤੀਆਂ ਅਤੇ ਕਾਰਾਂ ਤੇ ਲਾਉਣ ਵਾਲੇ ਸੁਨੇਹੇ। ਬ੍ਰਾਜ਼ੀਲ ਦੇ ਸਭ ਤੋਂ ਵੱਡੇ ਮਕਬਰੇ ਦਾ ਪ੍ਰਬੰਧਕ ਡੌਰਸੀ ਨੀਚੋਲੀ ਕਹਿੰਦਾ ਹੈ ਕਿ “‘ਗੰਢਾਂ ਖੋਲ੍ਹਣ ਵਾਲੀ’ ਦਾ ਇਹ ਝੱਸ ਕੋਈ ਬੁਰੀ ਗੱਲ ਨਹੀਂ ਹੈ, ਪਰ ਇਹ ਬਹੁਤੀ ਦੇਰ ਨਹੀਂ ਰਹੇਗਾ।” (g02 11/22)

ਪੁਲਾੜ ਵਿਚ ਇੰਜੀਲ

ਵਿਗਿਆਨੀ ਅਜੇ ਤਕ ਬਹਿਸ ਕਰਦੇ ਆਏ ਹਨ ਕਿ ਧਰਤੀ ਤੋਂ ਬਾਹਰ ਕੋਈ ਜੀਵ-ਜੰਤੂ ਵਸਦੇ ਹਨ ਜਾਂ ਨਹੀਂ। ਪਰ ਇਕ ਜਰਮਨ ਅਖ਼ਬਾਰ ਰਿਪੋਰਟ ਕਰਦਾ ਹੈ ਕਿ ਵੈਟੀਕਨ ਆਬਜ਼ਰਵੇਟਰੀ ਦੇ ਪਾਦਰੀਆਂ ਨੇ ਇਹ ਸਿੱਟਾ ਕੱਢਿਆ ਹੈ ਕਿ “ਧਰਤੀ ਦੇ ਜੀਵ-ਜੰਤੂਆਂ ਤੋਂ ਇਲਾਵਾ ਬ੍ਰਹਿਮੰਡ ਵਿਚ ਪਰਮੇਸ਼ੁਰ ਦੇ ਹੋਰ ਜੰਤੂ ਵੀ ਹਨ। ਪਰਮੇਸ਼ੁਰ ਨੇ ਧਰਤੀਓਂ ਪਾਰ ਵੀ ਜੀਵ-ਜੰਤੂ ਉਤਪੰਨ ਕੀਤੇ ਸਨ।” ਉਸ ਆਬਜ਼ਰਵੇਟਰੀ ਦੇ ਨਿਰਦੇਸ਼ਕ ਜੋਰਜ ਕੌਈਨ ਨੇ ਇਸ ਤਰ੍ਹਾਂ ਸਮਝਾਇਆ: “ਸਾਡੇ ਇਕੱਲਿਆ ਲਈ ਇਹ ਬ੍ਰਹਿਮੰਡ ਬਹੁਤ ਵੱਡਾ ਹੈ।” ਕਈਆਂ ਮੱਠਵਾਸੀਆਂ ਨੇ ਧਰਤੀਓਂ ਪਾਰ ਰਹਿੰਦੇ ਜੀਵ-ਜੰਤੂਆਂ ਤਕ ਇੰਜੀਲ ਨੂੰ ਪਹੁੰਚਾਉਣ ਲਈ ਪੁਲਾੜ ਵਿਚ ਨਵੇਂ ਨੇਮ ਨੂੰ ਕੋਡ ਵਿਚ ਬਦਲ ਕੇ ਭੇਜਿਆ ਹੈ। ਇਸ ਅਖ਼ਬਾਰ ਨੇ ਅੱਗੇ ਰਿਪੋਰਟ ਕੀਤਾ ਕਿ ਵੈਟੀਕਨ ਜਾਣਨਾ ਚਾਹੁੰਦਾ ਹੈ ਕਿ “ਕੀ ਯਿਸੂ ਮਸੀਹ ਹੋਰਨਾਂ ਗ੍ਰਹਿਆਂ ਤੇ ਵੀ ਪ੍ਰਗਟ ਹੋ ਚੁੱਕਾ ਹੈ।” ਸ਼੍ਰੀਮਾਨ ਕੌਈਨ ਨੇ ਅੱਗੇ ਕਿਹਾ ਕਿ “ਕੀ ਯਿਸੂ ਮਸੀਹ ਨੇ ਉਨ੍ਹਾਂ ਗ੍ਰਹਿਆਂ ਦੇ ਵਾਸੀਆਂ ਨੂੰ ਵੀ ਮੁਕਤੀ ਦਿੱਤੀ ਹੈ।” (g02 11/22)

ਥਰਮਾਮੀਟਰਾਂ ਤੋਂ ਜ਼ਹਿਰ

ਨੈਸ਼ਨਲ ਜੀਓਗਰਾਫਿਕ ਰਸਾਲਾ ਕਹਿੰਦਾ ਹੈ ਕਿ “ਸਿਰਫ਼ ਇੱਕੋ ਥਰਮਾਮੀਟਰ ਨਾਲ 4.5 ਹੈਕਟੇਅਰ ਵੱਡੀ ਝੀਲ ਦਾ ਪਾਣੀ ਵਿਗੜ ਸਕਦਾ ਹੈ। ਹਰ ਸਾਲ ਅਮਰੀਕਾ ਵਿਚ ਟੁੱਟੇ ਹੋਏ ਥਰਮਾਮੀਟਰਾਂ ਤੋਂ 17 ਟਨ ਪਾਰਾ ਨਾਲ਼ੀਆਂ ਵਿਚ ਪਾਇਆ ਜਾਂਦਾ ਹੈ।” ਮੱਛੀਆਂ ਇਸ ਪਾਰੇ ਨੂੰ ਖਾਂਦੀਆਂ ਹਨ, ਫਿਰ ਇਨਸਾਨ ਮੱਛੀਆਂ ਨੂੰ ਖਾਂਦੇ ਹਨ ਅਤੇ ਇਸ ਤਰ੍ਹਾਂ ਉਹ ਪਾਰਾ ਲੋਕਾਂ ਅੰਦਰ ਚਲਾ ਜਾਂਦਾ ਹੈ ਜਿਸ ਨਾਲ ਦਿਮਾਗ਼ ਤੇ ਵੱਡਾ ਅਸਰ ਪੈਂਦਾ ਹੈ। ਕਈਆਂ ਸ਼ਹਿਰਾਂ ਵਿਚ ਪਾਰੇ ਵਾਲੇ ਥਰਮਾਮੀਟਰ ਵਰਤਣੇ ਮਨਾ ਹਨ। ਬੋਸਟਨ ਇਕ ਅਜਿਹਾ ਸ਼ਹਿਰ ਹੈ ਜਿੱਥੇ ਕੁਝ ਦੁਕਾਨਾਂ ਪਾਰੇ ਵਾਲੇ ਥਰਮਾਮੀਟਰ ਦੀ ਥਾਂ ਤੁਹਾਨੂੰ ਡਿਜੀਟਲ ਜਾਂ ਕੋਈ ਹੋਰ ਥਰਮਾਮੀਟਰ ਦੇਣਗੇ ਜੋ ਇੰਨਾ ਖ਼ਤਰਨਾਕ ਨਹੀਂ ਹੋਵੇਗਾ। (g02 10/08)

ਸਭ ਤੋਂ ਤੇਜ਼ ਰੋਲਰ ਕੋਸਟਰ

ਜਪਾਨ ਦੇ ਅਸਾਹੀ ਸ਼ਿੱਮਬੁਨ ਅਖ਼ਬਾਰ ਨੇ ਰਿਪੋਰਟ ਕੀਤਾ ਕਿ “ਫ਼ੁਜੀਕਿਉ ਹਾਈਲੈਂਡ ਅਮੁਜ਼ਮੈਂਟ ਪਾਰਕ ਦੇ ਮੇਲੇ ਵਿਚ ਦੁਨੀਆਂ ਦਾ ਸਭ ਤੋਂ ਤੇਜ਼ ਰੋਲਰ ਕੋਸਟਰ ਸ਼ੁਰੂ ਕੀਤਾ ਗਿਆ ਹੈ। ਇਹ ਦੋ ਸਕਿੰਟਾਂ ਦੇ ਅੰਦਰ-ਅੰਦਰ 172 ਕਿਲੋਮੀਟਰ ਤੇਜ਼ ਚੱਲ ਸਕਦਾ ਹੈ ਤੇ ਨਾਜ਼ੁਕ ਤਬੀਅਤ ਵਾਲਿਆਂ ਲਈ ਨਹੀਂ ਹੈ। ਇਸ ਵਿਚ ਬੈਠਣਾ ਰਾਕਟ ਵਿਚ ਬੈਠਣ ਦੇ ਸਮਾਨ ਹੈ। ਇਸ ਦੀਆਂ ਸਵਾਰੀਆਂ ਫਾਈਟਰ ਹਵਾਈ ਜਹਾਜ਼ ਪਾਇਲਟਾਂ ਵਾਂਗ ਗੁਰੂਤਾ ਦੀ ਖਿੱਚ ਮਹਿਸੂਸ ਕਰਦੀਆਂ ਹਨ।” ਇਸ ਰੋਲਰ ਕੋਸਟਰ ਨੂੰ ਬਣਾਉਣ ਵਾਲੀ ਕੰਪਨੀ ਦੇ ਪ੍ਰਾਜੈਕਟ ਡਾਇਰੈਕਟਰ ਹੀਥ ਰੌਬਰਟਸਨ ਨੇ ਕਿਹਾ: “ਜਦੋਂ ਜਹਾਜ਼ ਚਲਾਇਆ ਜਾਂਦਾ ਹੈ, ਤਾਂ ਉਸ ਦੀ ਸ਼ਕਤੀ ਗੁਰੂਤਾ ਦੀ ਖਿੱਚ ਨਾਲੋਂ 2.5 ਗੁਣਾਂ ਜ਼ਿਆਦਾ ਹੋ ਸਕਦੀ ਹੈ। ਇਸ ਰੋਲਰ ਕੋਸਟਰ ਦੀ ਸ਼ਕਤੀ 3.6 ਗੁਣਾਂ ਜ਼ਿਆਦਾ ਹੈ।” ਇਹ ਰੋਲਰ ਕੋਸਟਰ “ਛੋਟੇ ਹਵਾਈ ਜਹਾਜ਼ ਦੇ ਪਹੀਇਆਂ” ਤੇ ਚੱਲਦਾ ਹੈ ਅਤੇ ਇਸ ਨੂੰ ਚਲਾਉਣ ਲਈ ਤਿੰਨਾਂ ਕੰਪ੍ਰੈਸਰਾਂ ਦੀ ਜ਼ਰੂਰਤ ਹੁੰਦੀ ਹੈ ਜੋ 50,000 ਹਾਰਸ ਪਾਵਰ ਦੀ ਸ਼ਕਤੀ ਪੈਦਾ ਕਰਦੇ ਹਨ। ਇਹ “ਇਕ ਛੋਟੇ ਰਾਕਟ ਦੇ ਸਮਾਨ ਹੈ।” (g02 09/22)

ਭਾਰਤ ਵਿਚ ਤਮਾਖੂ ਸੰਬੰਧਿਤ ਦਿਲ ਦੀ ਬੀਮਾਰੀ

ਮੁੰਬਈ ਤੋਂ ਇਕ ਰਿਪੋਰਟ ਮਿਲੀ ਹੈ ਕਿ “ਦਿਲ ਦੇ ਮਾਹਰ ਕਹਿ ਰਹੇ ਹਨ ਕਿ ਭਾਰਤ ਵਿਚ ਦਿਲ ਦੇ ਰੋਗ ਵੱਧ ਰਹੇ ਹਨ। ਜਸਲੋਕ ਹਸਪਤਾਲ ਦੇ ਹਿਰਦਾ-ਵਿਗਿਆਨ ਵਿਭਾਗ ਦੇ ਡਾਇਰੈਕਟਰ ਡਾਕਟਰ ਅਸ਼ਵਿਨ ਮੈਹਤਾ ਦੇ ਮੁਤਾਬਕ ਭਾਰਤੀਆਂ ਨੂੰ ਜਮਾਂਦਰੂ ਤੌਰ ਤੇ ਦਿਲ ਦੀ ਬੀਮਾਰੀ ਲੱਗਣ ਦੀ ਸੰਭਾਨਾ ਹੈ।” ਖ਼ਾਸ ਚਿੰਤਾ ਅੱਜ-ਕੱਲ੍ਹ ਇਹ ਹੈ ਕਿ ਨੌਜਵਾਨਾਂ ਨੂੰ “ਦਿਲ ਦੀ ਕਸਰ ਹੋ ਜਾਂਦੀ ਹੈ ਕਿਉਂਕਿ ਉਹ ਸਿਗਰਟ ਪੀਂਦੇ ਹਨ।” ਮੁੰਬਈ ਹਸਪਤਾਲ ਦੇ ਸਲਾਹਕਾਰ ਕਾਰਡਿਆਲੋਜਿਸਟ ਡਾਕਟਰ ਤਿਵਾਰੀ ਮੰਨਦੇ ਹਨ ਕਿ ਜੇ ਕੋਈ ਵੱਡੀ ਤਬਦੀਲੀ ਛੇਤੀ ਨਾ ਕੀਤੀ ਗਈ, ਤਾਂ ਇਕ ਦਿਨ ਭਾਰਤ ਵਿਚ ਦਿਲ ਦੇ ਸਭ ਤੋਂ ਜ਼ਿਆਦਾ ਮਰੀਜ਼ ਹੋਣਗੇ। ਦ ਟਾਈਮਜ਼ ਆਫ਼ ਇੰਡੀਆ ਦੇ ਮੁਤਾਬਕ ਲਾਗਲੇ ਬੰਗਲਾਦੇਸ਼ ਵਿਚ 35 ਤੋਂ 49 ਸਾਲ ਦੀ ਉਮਰ ਦੇ ਆਦਮੀਆਂ ਵਿੱਚੋਂ 70 ਫੀ ਸਦੀ ਸਿਗਰਟ ਪੀਂਦੇ ਹਨ ਅਤੇ “ਜਿਉਂ-ਜਿਉਂ ਆਮਦਨ ਘਟਦੀ ਗਈ ਤਾਂ ਸਿਗਰਟ ਪੀਣ ਦੀ ਰਫ਼ਤਾਰ ਵੱਧਦੀ ਗਈ।” ਸਿਗਰਟ ਪੀਣ ਵਾਲਾ ਹਰੇਕ ਇਨਸਾਨ “ਕੱਪੜਿਆਂ, ਘਰ, ਸਹਿਤ ਅਤੇ ਪੜ੍ਹਾਈ-ਲਿਖਾਈ ਉੱਤੇ ਜਿਨ੍ਹਾਂ ਕੁਲ ਮਿਲਾ ਕੇ ਖ਼ਰਚਾ ਕਰਦਾ ਹੈ, ਉਹ ਉਸ ਨਾਲੋਂ ਸਿਗਰਟਾਂ ਤੇ ਦੁਗਣਾਂ ਖ਼ਰਚਾ ਕਰਦਾ ਹੈ।” ਅਨੁਮਾਨ ਲਗਾਇਆ ਜਾਂਦਾ ਹੈ ਕਿ ਜੋ ਪੈਸਾ ਤਮਾਖੂ ਤੇ ਲਾਇਆ ਜਾਂਦਾ ਜੇ ਉਹ ਖਾਣੇ ਤੇ ਵਰਤਿਆ ਜਾਵੇ, ਤਾਂ ਇਸ ਗ਼ਰੀਬ ਦੇਸ਼ ਦੇ ਇਕ ਕਰੋੜ 50 ਲੱਖ ਲੋਕ ਚੰਗੀ ਤਰ੍ਹਾਂ ਰੋਟੀ ਖਾ ਸਕਣ। (g02 09/22)

ਉੱਚੀਆਂ ਇਮਾਰਤਾਂ ਦੀ ਅਜੇ ਵੀ ਮੰਗ

ਯੂ. ਐੱਸ. ਨਿਊਜ਼ ਐਂਡ ਵਰਲਡ ਰਿਪੋਰਟ ਕਹਿੰਦਾ ਹੈ ਕਿ “ਟਵਿਨ ਟਾਵਰਜ਼ ਦੀ ਤਬਾਹੀ ਨੇ ਆਰਕੀਟੈਕਟਾਂ ਤੇ ਇੰਜੀਨੀਅਰਾਂ ਨੂੰ ਝਟਕਾ ਕੇ ਰੱਖ ਦਿੱਤਾ ਹੈ ਅਤੇ ਉਨ੍ਹਾਂ ਦੀ ਡਰ ਨਾਲ ਵਾਕਫ਼ੀਅਤ ਹੋਈ ਹੈ। ਇਸ ਦੇ ਬਾਵਜੂਦ ਆਸਮਾਨ ਨੂੰ ਛੂਹੰਦੀਆਂ ਇਮਾਰਤਾਂ ਦੀ ਮੰਗ ਖ਼ਤਮ ਨਹੀਂ ਹੋਣ ਵਾਲੀ।” ਇਸ ਦਾ ਇਕ ਕਾਰਨ ਹੈ ਕਿ ਕਈਆਂ ਥਾਂਵਾਂ ਵਿਚ ਜ਼ਮੀਨ ਦੀ ਘਾਟ ਹੈ ਤੇ ਉਹ ਹੈ ਵੀ ਬੜੀ ਮਹਿੰਗੀ। ਇਸ ਤੋਂ ਇਲਾਵਾ ਸ਼ਹਿਰ ਇਕ ਤੋਂ ਦੂਜੇ ਨਾਲੋਂ ਵਧੀਆ ਦਿਖਾਈ ਦੇਣਾ ਚਾਹੁੰਦੇ ਹਨ। ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਆਰਕੀਟੈਕਚਰ ਦੇ ਸਕੂਲ ਦੇ ਡੀਨ ਨੇ ਕਿਹਾ ਕਿ ਗਗਨ-ਚੁੰਬੀਆਂ ਇਮਾਰਤਾਂ ਨਾਲ “ਸ਼ਹਿਰ ਦਾ ਨਾਂ ਮਸ਼ਹੂਰ ਹੋ ਜਾਂਦਾ ਹੈ ਅਤੇ ਉਹ ਨਵੇਂ ਫ਼ੈਸ਼ਨ ਦਾ ਬਣ ਜਾਂਦਾ ਹੈ।” ਪਰ ਅੱਜ-ਕੱਲ੍ਹ ਆਰਕੀਟੈਕਟ ਚਰਚਾ ਕਰ ਰਹੇ ਹਨ ਕਿ ਉਹ ਆਪਣੀਆਂ ਇਮਾਰਤਾਂ ਨੂੰ ਅੱਗੇ ਨਾਲੋਂ ਸੁਰੱਖਿਅਤ ਕਿਸ ਤਰ੍ਹਾਂ ਬਣਾ ਸਕਦੇ ਹਨ। ਇਮਾਰਤਾਂ ਨੂੰ ਹਮਲੇ ਤੋਂ ਬਚਾਉਣ ਲਈ ਉਨ੍ਹਾਂ ਦੀਆਂ ਕੰਧਾਂ ਤੇ ਖਿੜਕੀਆਂ ਜ਼ਿਆਦਾ ਮਜ਼ਬੂਤ ਬਣਾਈਆਂ ਜਾ ਸਕਦੀਆਂ ਹਨ ਪਰ ਇਹ ਬਹੁਤ ਭਾਰੀਆਂ ਹੋ ਜਾਂਦੀਆਂ ਹਨ ਅਤੇ ਜ਼ਿਆਦਾ ਮਹਿੰਗੀਆਂ ਵੀ ਪੈਂਦੀਆਂ ਹਨ। ਚੀਨ ਦੇਸ਼ ਵਿਚ ਕਾਨੂੰਨ ਦੇ ਮੁਤਾਬਕ ਹਰ 15 ਮੰਜ਼ਲਾਂ ਬਾਅਦ ਇਕ ਖਾਲੀ “ਪਨਾਹ ਮੰਜ਼ਲ” ਬਣਾਉਣੀ ਪੈਂਦੀ ਹੈ। ਹੋਰਨਾਂ ਥਾਂਵਾਂ ਤੇ ਕਾਨੂੰਨ ਦੇ ਮੁਤਾਬਕ ਅੱਗ ਬੁਝਾਉਣ ਵਾਲੇ ਬੰਦਿਆਂ ਲਈ ਇਕ ਖ਼ਾਸ ਲਿਫਟ ਹੋਣੀ ਜ਼ਰੂਰੀ ਹੈ ਜੋ ਸਿੱਧੀ ਉੱਪਰ ਜਾਵੇਗੀ। ਉੱਥੇ ਅਜਿਹੀਆਂ ਪੌੜੀਆਂ ਵੀ ਹੋਣੀਆਂ ਚਾਹੀਦੀਆਂ ਹਨ ਜਿੱਥੇ ਹਵਾ ਦੇ ਜ਼ਿਆਦਾ ਦਬਾਅ ਕਰਕੇ ਧੂੰਆਂ ਨਹੀਂ ਇਕੱਠਾ ਹੁੰਦਾ। ਸ਼ੰਘਾਈ ਵਿਚ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਬਣਨ ਵਾਲੀ ਹੈ। ਉਸ ਦੇ ਡੀਜ਼ਾਈਨਕਾਰ ਪਹਿਲਾਂ ਹੀ ਉਸ ਦੇ ਡੀਜ਼ਾਈਨ ਵਿਚ ਚੌਕਸੀ ਵਰਤ ਰਹੇ ਹਨ। (g02 09/22)