Skip to content

Skip to table of contents

“ਇਕ ਡਾਢਾ ਜ਼ੁਲਮ”

“ਇਕ ਡਾਢਾ ਜ਼ੁਲਮ”

“ਇਕ ਡਾਢਾ ਜ਼ੁਲਮ”

ਮੀਨਾ * 14 ਸਾਲ ਦੀ ਉਮਰ ਵਿਚ ਹੀ ਵੇਸਵਾ ਬਣ ਗਈ ਸੀ। ਉਸ ਦੀ ਆਪਣੀ ਮਾਂ ਨੇ ਹੀ ਉਸ ਨੂੰ ਇਸ ਧੰਦੇ ਵਿਚ ਧਕੇਲਿਆ ਸੀ ਜੋ ਉਸ ਨੂੰ ਕਹਿੰਦੀ ਸੀ ਕਿ ਉਹ ਸੋਹਣੀ-ਸੁਨੱਖੀ ਸੀ ਅਤੇ ਮਰਦ ਉਸ ਨੂੰ ਬਹੁਤ ਪਸੰਦ ਕਰਨਗੇ। ਨਾਲੇ ਉਹ ਬਹੁਤ ਸਾਰਾ ਪੈਸਾ ਵੀ ਕਮਾਵੇਗੀ। ਸ਼ਾਮ ਵੇਲੇ ਮੀਨਾ ਦੀ ਮਾਂ ਉਸ ਨੂੰ ਇਕ ਹੋਟਲ ਵਿਚ ਲੈ ਜਾਂਦੀ ਸੀ ਜਿੱਥੇ ਉਹ ਮਰਦਾਂ ਨਾਲ ਸੌਦਾ ਕਰਦੀ ਸੀ। ਉਹ ਮੀਨਾ ਦੀ ਕੀਮਤ ਵਸੂਲਣ ਲਈ ਨੇੜੇ-ਤੇੜੇ ਹੀ ਰਹਿੰਦੀ ਸੀ। ਹਰ ਰਾਤ, ਮੀਨਾ ਤਿੰਨ ਜਾਂ ਚਾਰ ਮਰਦਾਂ ਨਾਲ ਹਮਬਿਸਤਰ ਹੁੰਦੀ ਸੀ।

ਮੀਨਾ ਦੇ ਘਰ ਤੋਂ ਥੋੜ੍ਹੀ ਹੀ ਦੂਰੀ ਤੇ ਰਹਿੰਦੀ 13 ਸਾਲ ਦੀ ਕਾਜਲ ਨੂੰ ਵੀ ਵੇਸਵਾ ਬਣਨ ਲਈ ਮਜਬੂਰ ਕੀਤਾ ਗਿਆ ਸੀ। ਉਸ ਦਾ ਪਰਿਵਾਰ ਕਮਾਦ ਦੇ ਖੇਤਾਂ ਵਿਚ ਮਜ਼ਦੂਰੀ ਕਰਦਾ ਸੀ। ਉਨ੍ਹਾਂ ਦੇ ਤਬਕੇ ਦੇ ਦੂਸਰੇ ਕਈ ਪਰਿਵਾਰਾਂ ਵਾਂਗ, ਕਾਜਲ ਦਾ ਪਰਿਵਾਰ ਵੀ ਆਪਣੀ ਘੱਟ ਆਮਦਨੀ ਵਿਚ ਵਾਧਾ ਕਰਨ ਲਈ ਕਾਜਲ ਦੇ ਸਰੀਰ ਦਾ ਸੌਦਾ ਕਰਦਾ ਸੀ। ਇਕ ਹੋਰ ਇਲਾਕੇ ਵਿਚ, ਛੋਟੀ ਉਮਰੇ ਹੀ ਸਕੂਲ ਛੱਡਣ ਕਰਕੇ ਇੰਦਰਾ ਅਨਪੜ੍ਹ ਰਹਿ ਗਈ ਅਤੇ ਉਸ ਨੇ ਇਕ ਵੇਸਵਾ ਦੇ ਤੌਰ ਤੇ ਸੜਕਾਂ ਤੇ ਧੰਦਾ ਕਰਨਾ ਸ਼ੁਰੂ ਕਰ ਦਿੱਤਾ। ਡੇਜ਼ੀ ਮਸਾਂ ਛੇ ਸਾਲਾਂ ਦੀ ਸੀ ਜਦੋਂ ਉਸ ਦੇ ਹੀ ਇਕ ਭਰਾ ਨੇ ਉਸ ਦਾ ਬਲਾਤਕਾਰ ਕਰਨਾ ਸ਼ੁਰੂ ਕਰ ਦਿੱਤਾ। ਉਹ 14 ਸਾਲ ਦੀ ਉਮਰ ਵਿਚ ਵੇਸਵਾ ਬਣ ਗਈ।

ਅੱਜ ਦੁਨੀਆਂ ਦੇ ਕਈ ਹਿੱਸਿਆਂ ਵਿਚ ਬਾਲ ਵੇਸਵਾ-ਗਮਨ ਇਕ ਭਿਆਨਕ ਹਕੀਕਤ ਬਣ ਚੁੱਕਾ ਹੈ। ਇਸ ਦੇ ਬਹੁਤ ਹੀ ਦਰਦਨਾਕ ਨਤੀਜੇ ਨਿਕਲੇ ਹਨ। ਬਾਲ ਵੇਸਵਾਵਾਂ ਭਾਵੇਂ ਕਦੇ-ਕਦਾਈਂ ਜਾਂ ਪੇਸ਼ੇ ਵਜੋਂ ਆਪਣੇ ਸਰੀਰ ਦਾ ਸੌਦਾ ਕਰਦੀਆਂ ਹਨ, ਪਰ ਉਹ ਅਕਸਰ ਅਪਰਾਧ ਤੇ ਨਸ਼ੇ ਵੀ ਕਰਨ ਲੱਗ ਪੈਂਦੀਆਂ ਹਨ। ਕਈ ਬੱਚੇ ਡੂੰਘੀ ਨਿਰਾਸ਼ਾ ਤੇ ਹੀਣ-ਭਾਵਨਾ ਦੇ ਸ਼ਿਕਾਰ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਇਸ ਘਿਣਾਉਣੀ ਜ਼ਿੰਦਗੀ ਤੋਂ ਛੁੱਟਣ ਦੀ ਕੋਈ ਆਸ ਨਜ਼ਰ ਨਹੀਂ ਆਉਂਦੀ।

ਅਸਰ-ਰਸੂਖ ਵਾਲੇ ਵਿਅਕਤੀਆਂ ਨੂੰ ਬਾਲ ਵੇਸਵਾ-ਗਮਨ ਦੇ ਭਿਆਨਕ ਅਸਰਾਂ ਦਾ ਅਹਿਸਾਸ ਹੈ। ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਫ਼ਰਨਾਂਡੂ ਏਨਰੀਕ ਕਾਰਡੋਸੂ ਨੇ ਬਿਲਕੁਲ ਸਹੀ ਕਿਹਾ: “ਬਾਲ ਵੇਸਵਾ-ਗਮਨ ਇਕ ਡਾਢਾ ਜ਼ੁਲਮ ਹੈ।” ਬ੍ਰਾਜ਼ੀਲ ਦੀ ਇਕ ਅਖ਼ਬਾਰ ਨੇ ਬਾਲ ਵੇਸਵਾ-ਗਮਨ ਬਾਰੇ ਇਹ ਗੱਲ ਕਹੀ ਸੀ: “ਜਿਨ੍ਹਾਂ ਦੇਸ਼ਾਂ ਵਿਚ ਲੋਕ ਬਾਲ ਵੇਸਵਾ-ਗਮਨ ਨੂੰ ਆਮ ਗੱਲ ਸਮਝ ਕੇ ਇਸ ਦੇ ਵਿਰੁੱਧ ਆਵਾਜ਼ ਨਹੀਂ ਉਠਾਉਂਦੇ, ਸਗੋਂ ਇਸ ਤੋਂ ਹੋਣ ਵਾਲੇ [ਮੁਨਾਫ਼ਿਆਂ] ਦੇ ਲਾਲਚ ਵਿਚ ਇਸ ਕੰਮ ਨੂੰ ਹੱਲਾਸ਼ੇਰੀ ਦਿੰਦੇ ਹਨ, ਉਨ੍ਹਾਂ ਦੇਸ਼ਾਂ ਵਿਚ ਹਰ ਰੋਜ਼ ਇਸ ਦੇ ਭਿਆਨਕ ਸਿੱਟੇ ਦੇਖਣ ਨੂੰ ਮਿਲਦੇ ਹਨ। ਬਾਲ ਵੇਸਵਾ-ਗਮਨ ਤੋਂ ਜਿੰਨਾ ਮੁਨਾਫ਼ਾ ਹੁੰਦਾ ਹੈ, ਉਸ ਤੋਂ ਕਿਤੇ ਜ਼ਿਆਦਾ ਨਿੱਜੀ, ਪਰਿਵਾਰਕ ਅਤੇ ਸਮਾਜਕ ਸਮੱਸਿਆਵਾਂ ਪੈਦਾ ਹੋਈਆਂ ਹਨ।”

ਪਰ ਸ਼ੁਭਚਿੰਤਕਾਂ ਵੱਲੋਂ ਬਾਲ ਵੇਸਵਾ-ਗਮਨ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਹ ਸਮੱਸਿਆ ਵਧਦੀ ਚਲੀ ਜਾ ਰਹੀ ਹੈ। ਇਸ ਭਿਆਨਕ ਸਮੱਸਿਆ ਦੇ ਪੈਦਾ ਹੋਣ ਦੇ ਕੀ ਕਾਰਨ ਹਨ? ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਜੁਰਮ ਨੂੰ ਕਿਉਂ ਸਹਿਣ ਕਰਦੇ ਹਨ ਜਾਂ ਇਸ ਨੂੰ ਕਿਉਂ ਹੱਲਾਸ਼ੇਰੀ ਵੀ ਦਿੰਦੇ ਹਨ? (g03 2/08)

[ਫੁਟਨੋਟ]

^ ਪੈਰਾ 2 ਇਸ ਲੇਖ-ਲੜੀ ਵਿਚ ਅਸਲੀ ਨਾਂ ਨਹੀਂ ਵਰਤੇ ਗਏ ਹਨ।

[ਸਫ਼ੇ 3 ਉੱਤੇ ਸੁਰਖੀ]

“ਬਾਲ ਵੇਸਵਾ-ਗਮਨ ਇਕ ਡਾਢਾ ਜ਼ੁਲਮ ਹੈ।”​—ਬ੍ਰਾਜ਼ੀਲ ਦਾ ਸਾਬਕਾ ਰਾਸ਼ਟਰਪਤੀ ਫ਼ਰਨਾਂਡੂ ਏਨਰੀਕ ਕਾਰਡੋਸੂ

[ਸਫ਼ੇ 4 ਉੱਤੇ ਸੁਰਖੀ]

“ਹਰ ਉਮਰ, ਲਿੰਗ, ਜਾਤੀ, ਨਸਲ ਜਾਂ ਵਰਗ ਦੇ ਇਨਸਾਨ ਦਾ ਕਿਸੇ ਵੀ ਪ੍ਰਕਾਰ ਦਾ ਲਿੰਗੀ ਸ਼ੋਸ਼ਣ ਕਰਨਾ ਇਨਸਾਨੀਅਤ ਦੇ ਉਲਟ ਹੈ ਅਤੇ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।”​—ਯੂਨੈਸਕੋ ਸੋਰਸਿਸ