Skip to content

Skip to table of contents

ਉਕਾਬ ਦੀ ਅੱਖ

ਉਕਾਬ ਦੀ ਅੱਖ

ਉਕਾਬ ਦੀ ਅੱਖ

ਸਪੇਨ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਜਦ ਕਿਸੇ ਨੂੰ ਇੱਲ ਦੀ ਅੱਖ ਵਾਲਾ ਸੱਦਿਆ ਜਾਂਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਉਸ ਦੀ ਨਜ਼ਰ ਤੇਜ਼ ਹੈ ਜਾਂ ਉਹ ਹਰ ਗੱਲ ਵਿਚ ਤਾੜ ਰੱਖਣ ਵਾਲਾ ਇਨਸਾਨ ਹੈ। ਹੋਰਨਾਂ ਦੇਸ਼ਾਂ ਵਿਚ ਵੀ ਸਦੀਆਂ ਤੋਂ ਇੱਲ ਜਾਂ ਉਕਾਬ ਦੀ ਅੱਖ ਬਾਰੇ ਅਜਿਹੇ ਅਖਾਣ ਬਣੇ ਹੋਏ ਹਨ। ਤਿੰਨ ਹਜ਼ਾਰ ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਅੱਯੂਬ ਦੀ ਪੋਥੀ ਵਿਚ ਉਕਾਬ ਬਾਰੇ ਲਿਖਿਆ ਗਿਆ ਸੀ ਕਿ “ਉਹ ਦੀਆਂ ਅੱਖਾਂ ਦੂਰੋਂ ਤਾੜ ਲੈਂਦੀਆਂ ਹਨ।”—ਅੱਯੂਬ 39:27, 29.

ਇਕ ਉਕਾਬ ਕਿੰਨੀ ਕੁ ਦੂਰ ਦੇਖ ਸਕਦਾ ਹੈ? ਗਿਨਿਸ ਬੁੱਕ ਆਫ਼ ਐਨਿਮਲ ਰੈਕੋਡਸ ਦੇ ਮੁਤਾਬਕ “ਚੰਗੇ ਮੌਸਮ ਵਿਚ ਇਕ ਸੁਨਹਿਰੀ ਉਕਾਬ ਕਿਸੇ ਖ਼ਰਗੋਸ਼ ਦੀ ਮਾੜੀ ਜਿਹੀ ਵੀ ਹਰਕਤ 2 ਕਿਲੋਮੀਟਰ ਦੂਰੋਂ ਦੇਖ ਸਕਦਾ ਹੈ।” ਹੋਰਨਾਂ ਲੋਕਾਂ ਦਾ ਅਨੁਮਾਨ ਹੈ ਕਿ ਉਕਾਬ ਇਸ ਤੋਂ ਵੀ ਦੂਰ ਦੇਖ ਸਕਦਾ ਹੈ!

ਕਿਹੜੀ ਗੱਲ ਉਕਾਬ ਦੀ ਨਜ਼ਰ ਨੂੰ ਇੰਨੀ ਤੇਜ਼ ਬਣਾਉਂਦੀ ਹੈ? ਪਹਿਲੀ ਗੱਲ ਤਾਂ ਇਹ ਹੈ ਕਿ ਉਕਾਬ ਦੇ ਸਿਰ ਤੇ ਦੋ ਵੱਡੀਆਂ-ਵੱਡੀਆਂ ਅੱਖਾਂ ਹਨ। ਬਰਤਾਨਵੀ ਪੰਛੀਆਂ ਬਾਰੇ ਇਕ ਪੁਸਤਕ ਵਿਚ ਨੋਟ ਕੀਤਾ ਗਿਆ ਹੈ ਕਿ ਜੇ ਸੁਨਹਿਰੀ ਉਕਾਬ ਦੀਆਂ ‘ਅੱਖਾਂ ਇਸ ਤੋਂ ਵੱਡੀਆਂ ਹੁੰਦੀਆਂ, ਤਾਂ ਉਨ੍ਹਾਂ ਨੇ ਇੰਨੀਆਂ ਭਾਰੀਆਂ ਹੋਣਾ ਸੀ ਕਿ ਉਸ ਲਈ ਉਡਣਾ ਮੁਸ਼ਕਲ ਹੋਣਾ ਸੀ।’

ਵੱਡੀਆਂ ਹੋਣ ਤੋਂ ਇਲਾਵਾ ਉਕਾਬ ਦੀਆਂ ਅੱਖਾਂ ਵਿਚ ਸਾਡੀਆਂ ਅੱਖਾਂ ਨਾਲੋਂ ਪੰਜ ਗੁਣਾ ਜ਼ਿਆਦਾ ਪ੍ਰਕਾਸ਼ ਦੀਆਂ ਕਿਰਨਾਂ ਗ੍ਰਹਿਣ ਕਰਨ ਵਾਲੇ ਸੈੱਲ ਹਨ। ਸਾਡੀਆਂ ਅੱਖਾਂ ਵਿਚ ਰਾਈ ਦੇ ਇਕ ਦਾਣੇ ਜਿੱਡੀ ਜਗ੍ਹਾ ਤੇ 2 ਲੱਖ ਸੈੱਲ ਫਿੱਟ ਹੋਣਗੇ, ਪਰ ਉਸ ਦੀਆਂ ਅੱਖਾਂ ਵਿਚ 10 ਲੱਖ। ਤਕਰੀਬਨ ਹਰੇਕ ਸੈੱਲ ਰੱਸੀ ਵਰਗੀ ਨੇਤਰ-ਨਾੜੀ ਰਾਹੀਂ ਦਿਮਾਗ਼ ਵਿਚ ਇਕ ਨਿਓਰੋਨ ਸੈੱਲ ਨਾਲ ਜੁੜਿਆ ਹੋਇਆ ਹੈ, ਜਿਸ ਨਾਲ ਅੱਖ ਤੋਂ ਦਿਮਾਗ਼ ਤਕ ਜਾਣਕਾਰੀ ਪਹੁੰਚਦੀ ਹੈ। ਉਕਾਬ ਦੀ ਨੇਤਰ-ਨਾੜੀ ਵਿਚ ਇਨਸਾਨ ਦੀ ਨੇਤਰ-ਨਾੜੀ ਨਾਲੋਂ ਦੁਗਣੇ ਧਾਗੇ ਹਨ। ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਇਹ ਪੰਛੀ ਰੰਗਾਂ ਨੂੰ ਇੰਨੀ ਚੰਗੀ ਤਰ੍ਹਾਂ ਕਿਉਂ ਦੇਖ ਸਕਦੇ ਹਨ! ਅਖ਼ੀਰ ਵਿਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਹੋਰਨਾਂ ਪੰਛੀਆਂ ਵਾਂਗ ਸ਼ਿਕਾਰੀ ਪੰਛੀਆਂ ਦੀਆਂ ਅੱਖਾਂ ਤੇ ਅਜਿਹਾ ਜ਼ੋਰਦਾਰ ਲੈੱਨਜ਼ ਲੱਗਾ ਹੁੰਦਾ ਹੈ ਜਿਸ ਨਾਲ ਉਹ ਝੱਟ ਕੁਝ ਸੈਂਟੀਮੀਟਰ ਪਈ ਨੇੜਲੀ ਚੀਜ਼ ਤੋਂ ਦੂਰ ਕਿਸੇ ਚੀਜ਼ ਤੇ ਆਪਣਾ ਫੋਕਸ ਬਦਲ ਸਕਦੇ ਹਨ। ਇਸ ਗੱਲ ਵਿਚ ਵੀ ਉਨ੍ਹਾਂ ਦੀਆਂ ਅੱਖਾਂ ਸਾਡੀਆਂ ਅੱਖਾਂ ਨਾਲੋਂ ਵਧੀਆ ਹਨ।

ਉਕਾਬ ਦੀ ਨਜ਼ਰ ਦਿਨ ਦੀ ਰੌਸ਼ਨੀ ਵਿਚ ਤੇਜ਼ ਹੁੰਦੀ ਹੈ ਪਰ ਰਾਤ ਨੂੰ ਉੱਲੂਆਂ ਦੀ ਨਜ਼ਰ ਤੇਜ਼ ਹੁੰਦੀ ਹੈ। ਇਸ ਤਰ੍ਹਾਂ ਕਿਉਂ ਹੈ? ਕਿਉਂਕਿ ਪ੍ਰਕਾਸ਼ ਦੀਆਂ ਕਿਰਨਾਂ ਗ੍ਰਹਿਣ ਕਰਨ ਵਾਲੇ ਦੋ ਤਰ੍ਹਾਂ ਦੇ ਸੈੱਲ ਹੁੰਦੇ ਹਨ। ਤਿਕੋਣ ਨੁਮਾ ਸੈੱਲ ਦਿਨ ਵਿਚ ਨਿਗਾਹ ਤੇਜ਼ ਕਰਦੇ ਹਨ ਤੇ ਡੰਡੇ ਨੁਮਾ ਸੈੱਲ ਰਾਤ ਵਿਚ ਨਿਗਾਹ ਤੇਜ਼ ਕਰਦੇ ਹਨ। ਉੱਲੂਆਂ ਦੀਆਂ ਅੱਖਾਂ ਵਿਚ ਜ਼ਿਆਦਾ ਡੰਡੇ ਨੁਮਾ ਸੈੱਲ ਹੁੰਦੇ ਹਨ ਅਤੇ ਉਨ੍ਹਾਂ ਦੀ ਅੱਖ ਦਾ ਲੈੱਨਜ਼ ਵੀ ਵੱਡਾ ਹੁੰਦਾ ਹੈ। ਇਸ ਕਰਕੇ ਰਾਤ ਨੂੰ ਉਨ੍ਹਾਂ ਦੀ ਨਜ਼ਰ ਸਾਡੇ ਨਾਲੋਂ 100 ਗੁਣਾ ਜ਼ਿਆਦਾ ਤੇਜ਼ ਹੁੰਦੀ ਹੈ। ਜਦ ਕਦੇ ਰਾਤ ਨੂੰ ਘੁੱਪ ਹਨੇਰਾ ਹੁੰਦਾ ਹੈ, ਤਾਂ ਸ਼ਿਕਾਰ ਕਰਨ ਲਈ ਉੱਲੂ ਨੂੰ ਆਪਣੇ ਕੰਨਾਂ ਦੀ ਤੇਜ਼ ਸ਼ਕਤੀ ਤੇ ਨਿਰਭਰ ਕਰਨਾ ਪੈਂਦਾ ਹੈ।

ਇਨ੍ਹਾਂ ਪੰਛੀਆਂ ਨੂੰ ਕਿਸ ਨੇ ਅਜਿਹੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਹਨ? ਪਰਮੇਸ਼ੁਰ ਨੇ ਅੱਯੂਬ ਨੂੰ ਪੁੱਛਿਆ ਸੀ: “ਕੀ ਉਕਾਬ ਤੇਰੇ ਹੁਕਮ ਨਾਲ ਉੱਚਾ ਜਾਂਦਾ ਹੈ?” ਕਿਸੇ ਇਨਸਾਨ ਕੋਲ ਇਸ ਤਰ੍ਹਾਂ ਦਾ ਹੁਕਮ ਦੇਣ ਦੀ ਸ਼ਕਤੀ ਹੀ ਨਹੀਂ ਹੈ। ਅੱਯੂਬ ਨੇ ਈਨ ਮੰਨ ਕੇ ਸਵੀਕਾਰ ਕੀਤਾ: “ਮੈਂ ਜਾਣਦਾ ਹਾਂ ਭਈ ਤੂੰ [ਯਹੋਵਾਹ] ਸਭ ਕੁਝ ਕਰ ਸੱਕਦਾ ਹੈਂ।” (ਅੱਯੂਬ 39:27; 42:1, 2) ਉਕਾਬ ਦੀ ਅੱਖ ਤਾਂ ਸਿਰਫ਼ ਇਕ ਹੀ ਗੱਲ ਹੈ ਜਿਸ ਤੋਂ ਅਸੀਂ ਆਪਣੇ ਸਿਰਜਣਹਾਰ ਦੀ ਬੁੱਧੀ ਸਮਝ ਸਕਦੇ ਹਾਂ। (g02 12/22)

[ਸਫ਼ੇ 29 ਉੱਤੇ ਤਸਵੀਰ]

ਸੁਨਹਿਰੀ ਉਕਾਬ

[ਸਫ਼ੇ 29 ਉੱਤੇ ਤਸਵੀਰ]

ਸਨੋਈ ਉੱਲੂ