Skip to content

Skip to table of contents

ਚੀਟਿੰਗ ਕਰਨ ਵਿਚ ਕੀ ਖ਼ਰਾਬੀ ਹੈ?

ਚੀਟਿੰਗ ਕਰਨ ਵਿਚ ਕੀ ਖ਼ਰਾਬੀ ਹੈ?

ਨੌਜਵਾਨ ਪੁੱਛਦੇ ਹਨ . . .

ਚੀਟਿੰਗ ਕਰਨ ਵਿਚ ਕੀ ਖ਼ਰਾਬੀ ਹੈ?

“ਸਾਰਿਆਂ ਨੂੰ ਪਤਾ ਹੈ ਕਿ ਚੀਟਿੰਗ ਕਰਨੀ ਗ਼ਲਤ ਹੈ, ਲੇਕਿਨ ਇਹ ਬੜੀ ਸੌਖੀ ਹੈ।”—17 ਸਾਲਾਂ ਦਾ ਜਿਮੀ।

ਕੀ ਤੁਸੀਂ ਕਦੀ ਇਮਤਿਹਾਨ ਵਿਚ ਆਪਣੇ ਕਿਸੇ ਦੋਸਤ ਦੇ ਪੇਪਰ ਵੱਲ ਦੇਖਣ ਦੀ ਕੋਸ਼ਿਸ਼ ਕੀਤੀ ਹੈ? ਇਸ ਤਰ੍ਹਾਂ ਕਰਨਾ ਬਹੁਤ ਆਮ ਹੈ। ਸਤਾਰਾਂ ਕੁ ਸਾਲਾਂ ਦੀ ਜੈਨਾ ਦੱਸਦੀ ਹੈ ਕਿ ਉਸ ਦੇ ਸਹਿਪਾਠੀ ਬੜੇ ਘਮੰਡ ਨਾਲ ਚੀਟਿੰਗ ਕਰਦੇ ਹਨ। ਉਸ ਨੇ ਕਿਹਾ: “ਉਹ ਸ਼ੇਖ਼ੀਆਂ ਮਾਰਦੇ ਹਨ ਕਿ ਉਨ੍ਹਾਂ ਨੇ ਕਿੱਦਾਂ-ਕਿੱਦਾਂ ਚੀਟਿੰਗ ਕੀਤੀ। ਜੇ ਤੁਸੀਂ ਉਨ੍ਹਾਂ ਵਾਂਗ ਨਹੀਂ ਕਰਦੇ, ਤਾਂ ਉਹ ਤੁਹਾਨੂੰ ਪਾਗਲ ਸਮਝਦੇ ਹਨ!”

ਅਮਰੀਕਾ ਵਿਚ ਇਕ ਖੋਜ ਦੌਰਾਨ ਪਤਾ ਲੱਗਿਆ ਕਿ ਕਲਾਸ ਦੇ ਉੱਤਮ ਵਿਦਿਆਰਥੀਆਂ ਵਿੱਚੋਂ 80 ਫੀ ਸਦੀ ਨੇ ਚੀਟਿੰਗ ਕੀਤੀ ਸੀ ਅਤੇ “ਸਭ ਤੋਂ ਉੱਚੇ ਨੰਬਰਾਂ” ਵਾਲੇ ਇਨ੍ਹਾਂ ਨੌਜਵਾਨਾਂ ਵਿੱਚੋਂ 95 ਫੀ ਸਦੀ ਨੂੰ ਫੜਿਆ ਵੀ ਨਹੀਂ ਗਿਆ। ਗਿਆਰਾਂ ਤੋਂ ਅਠਾਰਾਂ ਸਾਲਾਂ ਦੇ ਲਗਭਗ 20,000 ਵਿਦਿਆਰਥੀਆਂ ਦੇ ਸਰਵੇਖਣ ਤੋਂ ਬਾਅਦ ਇਕ ਸੰਸਥਾ ਨੇ ਇਹ ਸਿੱਟਾ ਕੱਢਿਆ: “ਜਿੱਥੇ ਸੱਚ ਅਤੇ ਈਮਾਨਦਾਰੀ ਦੀ ਗੱਲ ਹੈ, ਤਾਂ ਹਾਲਾਤ ਜ਼ਿਆਦਾ ਤੋਂ ਜ਼ਿਆਦਾ ਖ਼ਰਾਬ ਹੁੰਦੇ ਜਾ ਰਹੇ ਹਨ।” ਅਧਿਆਪਕ ਇਹ ਦੇਖ ਕੇ ਹੈਰਾਨ ਹੁੰਦੇ ਹਨ ਕਿ ਕਿੰਨੇ ਵਿਦਿਆਰਥੀ ਚੀਟਿੰਗ ਕਰਦੇ ਹਨ! ਸਕੂਲ ਦੇ ਇਕ ਡਾਇਰੈਕਟਰ ਨੇ ਇਹ ਵੀ ਕਿਹਾ: “ਉਹ ਵਿਦਿਆਰਥੀ ਵਿਰਲੇ ਹਨ ਜਿਹੜੇ ਚੀਟਿੰਗ ਨਹੀਂ ਕਰਦੇ।”

ਮਾਪੇ ਆਪਣੇ ਬੱਚਿਆਂ ਤੋਂ ਉਮੀਦ ਰੱਖਦੇ ਹਨ ਕਿ ਸਕੂਲੇ ਉਹ ਈਮਾਨਦਾਰੀ ਨਾਲ ਕੰਮ ਕਰਨਗੇ। ਲੇਕਿਨ ਅਫ਼ਸੋਸ ਦੀ ਗੱਲ ਹੈ ਕਿ ਕਈ ਨੌਜਵਾਨ ਚੀਟਿੰਗ ਕਰ ਕੇ ਆਪਣੀ ਈਮਾਨਦਾਰੀ ਤੇ ਧੱਬਾ ਲਗਾ ਦਿੰਦੇ ਹਨ। ਅੱਜ-ਕੱਲ੍ਹ ਨੌਜਵਾਨ ਚੀਟਿੰਗ ਕਰਨ ਦੇ ਕਿਹੜੇ ਤਰੀਕੇ ਇਸਤੇਮਾਲ ਕਰਦੇ ਹਨ? ਉਹ ਕਿਉਂ ਚੀਟਿੰਗ ਕਰਦੇ ਹਨ? ਅਤੇ ਤੁਹਾਨੂੰ ਇਸ ਤੋਂ ਕਿਉਂ ਪਰਹੇਜ਼ ਕਰਨਾ ਚਾਹੀਦਾ?

ਚੀਟਿੰਗ ਕਰਨ ਦੇ ਨਵੇਂ ਤਰੀਕੇ

ਇਸ ਆਧੁਨਿਕ ਯੁੱਗ ਵਿਚ ਚੀਟਿੰਗ ਕਰਨ ਦੇ ਬਥੇਰੇ ਚਲਾਕ ਤਰੀਕੇ ਹਨ। ਵੈਸੇ, ਕਿਸੇ ਦੇ ਪੇਪਰ ਤੋਂ ਨਕਲ ਕਰਨ ਦੀ ਗੱਲ ਛੱਡੋ ਅੱਜ-ਕੱਲ੍ਹ ਤਾਂ ਚੀਟਿੰਗ ਕਰਨ ਲਈ ਬੜੇ ਤਕਨੀਕੀ ਯੰਤਰ ਇਸਤੇਮਾਲ ਕੀਤੇ ਜਾ ਰਹੇ ਹਨ। ਮਿਸਾਲ ਲਈ, ਮੋਬਾਇਲ ਫ਼ੋਨਾਂ ਜਾਂ ਪੇਜਰਾਂ ਰਾਹੀਂ ਇਮਤਿਹਾਨਾਂ ਦੌਰਾਨ ਵਿਦਿਆਰਥੀਆਂ ਨੂੰ ਜਵਾਬ ਘੱਲੇ ਜਾ ਸਕਦੇ ਹਨ; ਕੈਲਕੁਲੇਟਰਾਂ ਵਿਚ ਜਾਣਕਾਰੀ ਪਹਿਲਾਂ ਤੋਂ ਪਾਈ ਜਾ ਸਕਦੀ ਹੈ; ਛੋਟੇ-ਛੋਟੇ ਕੈਮਰਿਆਂ ਨੂੰ ਕੱਪੜਿਆਂ ਵਿਚ ਛੁਪਾ ਕੇ ਕਿਸੇ ਹੋਰ ਨੂੰ ਸਵਾਲ ਘੱਲੇ ਜਾ ਸਕਦੇ ਹਨ ਤਾਂਕਿ ਉਹ ਮਦਦ ਕਰ ਸਕਣ; ਇਨਫਰਾ-ਰੈੱਡ ਯੰਤਰ ਰਾਹੀਂ ਵੀ ਕਲਾਸ ਵਿਚ ਇਕ-ਦੂਜੇ ਨੂੰ ਸੁਨੇਹੇ ਘੱਲੇ ਜਾ ਸਕਦੇ ਹਨ; ਇਸ ਦੇ ਨਾਲ-ਨਾਲ ਇੰਟਰਨੈੱਟ ਤੋਂ ਹਰ ਵਿਸ਼ੇ ਤੇ ਪੂਰੇ ਕੀਤੇ ਹੋਏ ਪੇਪਰ ਮਿਲ ਸਕਦੇ ਹਨ!

ਅਧਿਆਪਕ ਚੀਟਿੰਗ ਕਰਨ ਦੇ ਇਸ ਝੁਕਾਅ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ, ਲੇਕਿਨ ਇਹ ਸੌਖਾ ਨਹੀਂ ਹੈ। ਦਰਅਸਲ, ਵਿਦਿਆਰਥੀ ਅਤੇ ਅਧਿਆਪਕ ਵੀ ਇਸ ਬਾਰੇ ਸਹਿਮਤ ਨਹੀਂ ਹਨ ਕਿ ਕਿਹੜਿਆਂ ਕੰਮਾਂ ਨੂੰ ਚੀਟਿੰਗ ਕਿਹਾ ਜਾਂਦਾ ਹੈ। ਮਿਸਾਲ ਲਈ, ਜਦੋਂ ਵਿਦਿਆਰਥੀਆਂ ਦੇ ਗਰੁੱਪ ਇਕੱਠੇ ਕੰਮ ਕਰਦੇ ਹਨ, ਤਾਂ ਉਨ੍ਹਾਂ ਨੂੰ ਇਕ-ਦੂਜੇ ਨਾਲ ਮਿਲ ਕੇ ਕੰਮ ਕਰਨਾ ਪੈਂਦਾ ਹੈ। ਤਾਂ ਫਿਰ ਕੌਣ ਕਹਿ ਸਕਦਾ ਹੈ ਕਿ ਕਦੋਂ ਅਤੇ ਕਿੱਦਾਂ ਚੀਟਿੰਗ ਹੁੰਦੀ ਹੈ। ਇਸ ਦੇ ਨਾਲ-ਨਾਲ ਅਜਿਹੇ ਗਰੁੱਪਾਂ ਵਿਚ ਅਜਿਹੇ ਵਿਦਿਆਰਥੀ ਵੀ ਹੋ ਸਕਦੇ ਹਨ ਜੋ ਦੂਸਰਿਆਂ ਦਾ ਫ਼ਾਇਦਾ ਉਠਾਉਂਦੇ ਹਨ ਅਤੇ ਆਪ ਕੁਝ ਨਹੀਂ ਕਰਦੇ। ਕਾਲਜ ਜਾਂਦੇ ਯੂਜੀ ਨਾਂ ਦੇ ਲੜਕੇ ਨੇ ਕਿਹਾ: “ਕਈ ਸਟੂਡੈਂਟ ਬੜੇ ਆਲਸੀ ਹਨ—ਉਹ ਕੁਝ ਵੀ ਨਹੀਂ ਕਰਦੇ, ਲੇਕਿਨ ਉਨ੍ਹਾਂ ਨੂੰ ਫਿਰ ਵੀ ਚੰਗੇ ਨੰਬਰ ਮਿਲ ਜਾਂਦੇ ਹਨ!”

ਉਹ ਚੀਟਿੰਗ ਕਿਉਂ ਕਰਦੇ?

ਇਕ ਸਰਵੇ ਦੇ ਮੁਤਾਬਕ ਵਿਦਿਆਰਥੀਆਂ ਨੇ ਦੱਸਿਆ ਕਿ ਚੀਟਿੰਗ ਕਰਨ ਦਾ ਮੁੱਖ ਕਾਰਨ ਇਹ ਸੀ ਕਿ ਉਨ੍ਹਾਂ ਨੇ ਇਮਤਿਹਾਨਾਂ ਤੋਂ ਪਹਿਲਾਂ ਚੰਗੀ ਤਿਆਰੀ ਨਹੀਂ ਕੀਤੀ ਸੀ। ਦੂਸਰੇ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਇਸ ਲਈ ਚੀਟਿੰਗ ਕਰਨ ਲਈ ਮਜਬੂਰ ਹੋਏ ਕਿਉਂਕਿ ਸਕੂਲੇ ਸਾਰੇ ਇਸੇ ਤਰ੍ਹਾਂ ਕਰਦੇ ਸਨ ਜਾਂ ਉਨ੍ਹਾਂ ਦੇ ਮਾਪੇ ਉਨ੍ਹਾਂ ਤੋਂ ਵੱਡੀਆਂ ਉਮੀਦਾਂ ਰੱਖਦੇ ਸਨ। ਤੇਰਾਂ ਸਾਲਾਂ ਦੇ ਸੈੱਮ ਨੇ ਕਿਹਾ: “ਮੇਰੇ ਮਾਪਿਆਂ ਨੂੰ ਸਿਰਫ਼ ਇਹੀ ਹੈ ਕਿ ਮੇਰੇ ਚੰਗੇ ਨੰਬਰ ਹੋਣ। ਉਹ ਮੈਨੂੰ ਪੁੱਛਦੇ ਹੁੰਦੇ: ‘ਗਣਿਤ ਦੇ ਟੈੱਸਟ ਵਿਚ ਤੇਰੇ ਕੀ ਨੰਬਰ ਆਏ? ਅੰਗ੍ਰੇਜ਼ੀ ਦੇ ਪੇਪਰ ਵਿਚ ਤੈਨੂੰ ਕੀ ਨੰਬਰ ਮਿਲਿਆ?’ ਉਹ ਤਾਂ ਮੇਰਾ ਸਿਰ ਖਾ ਲੈਂਦੇ!”

ਚੰਗੇ ਨੰਬਰ ਹਾਸਲ ਕਰਨ ਦੇ ਲਗਾਤਾਰ ਦਬਾਅ ਕਰਕੇ ਕਈ ਵਿਦਿਆਰਥੀ ਚੀਟਿੰਗ ਕਰਨ ਤੇ ਉੱਤਰ ਆਉਂਦੇ ਹਨ। ਨੌਜਵਾਨਾਂ ਬਾਰੇ ਇਕ ਕਿਤਾਬ ਕਹਿੰਦੀ ਹੈ: “ਇਹ ਗੱਲ ਠੀਕ ਨਹੀਂ ਕਿ ਬੱਚੇ ਜ਼ਿਆਦਾ ਦਬਾਅ ਕਰਕੇ ਪੜ੍ਹਾਈ ਤੋਂ ਸੰਤੁਸ਼ਟੀ ਪਾਉਣ ਦੀ ਬਜਾਇ ਝੂਠ ਦਾ ਸਹਾਰਾ ਲੈ ਕੇ ਚੰਗੇ ਨੰਬਰ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ।” ਕਈ ਵਿਦਿਆਰਥੀ ਇਸ ਗੱਲ ਨਾਲ ਸਹਿਮਤ ਹੁੰਦੇ ਹਨ। ਕੋਈ ਵੀ ਜਣਾ ਟੈੱਸਟ ਜਾਂ ਇੱਥੋਂ ਤਕ ਕਿ ਆਪਣਾ ਕੋਰਸ ਫੇਲ੍ਹ ਨਹੀਂ ਕਰਨਾ ਚਾਹੁੰਦਾ। ਵੱਡੇ ਸਕੂਲ ਜਾਣ ਵਾਲਾ ਜਿਮੀ ਨਾਂ ਦਾ ਮੁੰਡਾ ਕਹਿੰਦਾ ਹੈ ਕਿ “ਕਈ ਬੱਚੇ ਤਾਂ ਬੱਸ ਫੇਲ੍ਹ ਹੋਣ ਤੋਂ ਬਿਲਕੁਲ ਡਰਦੇ ਹਨ। ਭਾਵੇਂ ਕਿ ਉਹ ਟੈੱਸਟ ਵਿਚ ਸਵਾਲਾਂ ਦੇ ਜਵਾਬ ਜਾਣਦੇ ਵੀ ਹੋਣ ਉਹ ਪੂਰੀ ਤਸੱਲੀ ਕਰਨ ਲਈ ਫਿਰ ਵੀ ਚੀਟਿੰਗ ਕਰਦੇ ਹਨ।”

ਬਹੁਤ ਸਾਰੇ ਲੋਕ ਈਮਾਨਦਾਰੀ ਦੇ ਮਿਆਰਾਂ ਨੂੰ ਛੱਡਣ ਲਈ ਤਿਆਰ ਹਨ। ਇਨ੍ਹਾਂ ਨੂੰ ਦੇਖ ਕੇ ਸ਼ਾਇਦ ਦੂਸਰਿਆਂ ਨੂੰ ਚੀਟਿੰਗ ਇੰਨੀ ਬੁਰੀ ਗੱਲ ਨਾ ਲੱਗੇ। ਕਦੀ-ਕਦੀ ਸ਼ਾਇਦ ਇਸ ਤਰ੍ਹਾਂ ਵੀ ਲੱਗੇ ਕਿ ਚੀਟਿੰਗ ਕਰਨ ਵਿਚ ਫ਼ਾਇਦੇ ਹਨ। ਸਤਾਰਾਂ ਸਾਲਾਂ ਦਾ ਗ੍ਰੈਗ ਕਹਿੰਦਾ ਹੈ: “ਕੱਲ੍ਹ ਹੀ ਮੈਂ ਆਪਣੀ ਕਲਾਸ ਵਿਚ ਕਿਸੇ ਨੂੰ ਚੀਟਿੰਗ ਕਰਦਿਆਂ ਦੇਖਿਆ ਸੀ। ਅੱਜ ਜਦ ਅਧਿਆਪਕ ਨੇ ਟੈੱਸਟ ਦੇ ਰਿਜ਼ੱਲਟ ਦਿੱਤੇ ਤਾਂ ਉਸ ਨੂੰ ਮੇਰੇ ਨਾਲੋਂ ਜ਼ਿਆਦਾ ਨੰਬਰ ਮਿਲੇ।” ਦੂਸਰਿਆਂ ਨੂੰ ਚੀਟਿੰਗ ਕਰਦੇ ਦੇਖ ਕੇ ਕਈਆਂ ਉੱਤੇ ਇਸੇ ਤਰ੍ਹਾਂ ਕਰਨ ਦਾ ਬੁਰਾ ਅਸਰ ਪੈ ਜਾਂਦਾ ਹੈ। ਯੂਜੀ ਕਹਿੰਦਾ ਹੈ “ਕਈ ਵਿਦਿਆਰਥੀ ਸੋਚਦੇ ਹਨ ਕਿ ‘ਜੇ ਬਾਕੀ ਕਰਦੇ ਹਨ ਤਾਂ ਮੈਨੂੰ ਵੀ ਕਰਨਾ ਪੈਣਾ ਹੈ।’” ਪਰ ਕੀ ਇਹ ਸੱਚ ਹੈ?

ਧੋਖੇ-ਭਰੀ ਆਦਤ

ਚੀਟਿੰਗ ਕਰਨ ਦੀ ਤੁਲਨਾ ਚੋਰੀ ਕਰਨ ਨਾਲ ਕਰੋ। ਬਹੁਤ ਸਾਰੇ ਲੋਕ ਚੋਰੀ ਕਰਦੇ ਹਨ। ਪਰ ਕੀ ਇਹ ਇਸ ਨੂੰ ਸਹੀ ਬਣਾ ਦਿੰਦਾ ਹੈ? ਤੁਸੀਂ ਸ਼ਾਇਦ ਕਹੋ ‘ਬਿਲਕੁਲ ਨਹੀਂ,’ ਖ਼ਾਸ ਕਰਕੇ ਉਦੋਂ ਜਦੋਂ ਤੁਹਾਡੇ ਪੈਸੇ ਚੁਰਾਏ ਜਾਣ! ਚੀਟਿੰਗ ਕਰਨ ਦੁਆਰਾ ਅਸੀਂ ਉਸ ਕੰਮ ਲਈ ਵਡਿਆਈ ਲੈ ਰਹੇ ਹਾਂ ਜੋ ਅਸੀਂ ਕੀਤਾ ਹੀ ਨਹੀਂ। ਹੋ ਸਕਦਾ ਹੈ ਕਿ ਅਸੀਂ ਉਨ੍ਹਾਂ ਲੋਕਾਂ ਦਾ ਵੀ ਫ਼ਾਇਦਾ ਉਠਾਉਂਦੇ ਹਾਂ ਜੋ ਈਮਾਨਦਾਰ ਹਨ। (ਅਫ਼ਸੀਆਂ 4:28) ਹਾਲ ਹੀ ਵਿਚ ਸਕੂਲੋਂ ਹਟੇ ਟੋਮੀ ਨੇ ਚੀਟਿੰਗ ਬਾਰੇ ਕਿਹਾ “ਇਸ ਤਰ੍ਹਾਂ ਕਰਨਾ ਬਿਲਕੁਲ ਗ਼ਲਤ ਹੈ। ਤੁਸੀਂ ਕਹਿ ਰਹੇ ਹੋ ਕਿ ‘ਮੈਂ ਸਾਰੀਆਂ ਗੱਲਾਂ ਜਾਣਦਾ ਹਾਂ’ ਜਦ ਕਿ ਤੁਹਾਨੂੰ ਇਨ੍ਹਾਂ ਬਾਰੇ ਨਹੀਂ ਪਤਾ। ਤੁਸੀਂ ਝੂਠ ਬੋਲ ਰਹੇ ਹੋ।” ਕੁਲੁੱਸੀਆਂ 3:9 ਵਿਚ ਇਸ ਬਾਰੇ ਬਾਈਬਲ ਦਾ ਨਜ਼ਰੀਆ ਸਾਫ਼-ਸਾਫ਼ ਦੱਸਿਆ ਗਿਆ ਹੈ: “ਇੱਕ ਦੂਏ ਨਾਲ ਝੂਠ ਨਾ ਮਾਰੋ।”

ਚੀਟਿੰਗ ਇਕ ਅਜਿਹੀ ਆਦਤ ਬਣ ਸਕਦੀ ਹੈ ਜਿਸ ਤੇ ਕਾਬੂ ਪਾਉਣਾ ਔਖਾ ਹੋ ਸਕਦਾ ਹੈ। ਜੈਨਾ ਕਹਿੰਦੀ ਹੈ ਕਿ “ਚੀਟਿੰਗ ਕਰਨ ਵਾਲੇ ਮੰਨ ਲੈਂਦੇ ਹਨ ਕਿ ਇਮਤਿਹਾਨ ਪਾਸ ਕਰਨ ਲਈ ਉਨ੍ਹਾਂ ਨੂੰ ਪੜ੍ਹਾਈ ਕਰਨੀ ਹੀ ਨਹੀਂ ਪੈਂਦੀ। ਇਸ ਲਈ ਉਹ ਚੀਟਿੰਗ ਕਰਨ ਉੱਤੇ ਨਿਰਭਰ ਹੁੰਦੇ ਹਨ। ਪਰ ਜਦੋਂ ਇਕੱਲੇ ਉਨ੍ਹਾਂ ਨੂੰ ਕੋਈ ਕੰਮ ਕਰਨਾ ਪੈਂਦਾ ਹੈ ਤਾਂ ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕੰਮ ਕਿੱਥੋਂ ਸ਼ੁਰੂ ਕਰਨਾ ਹੈ।”

ਗਲਾਤੀਆਂ 6:7 ਵਿਚ ਇਕ ਗੰਭੀਰ ਗੱਲ ਦੱਸੀ ਗਈ ਹੈ: “ਮਨੁੱਖ ਜੋ ਕੁਝ ਬੀਜਦਾ ਹੈ ਸੋਈਓ ਵੱਢੇਗਾ ਭੀ।” ਸਕੂਲੇ ਚੀਟਿੰਗ ਕਰਨ ਦੇ ਕਈ ਬੁਰੇ ਨਤੀਜੇ ਨਿਕਲ ਸਕਦੇ ਹਨ: ਤੁਹਾਡਾ ਜ਼ਮੀਰ ਤੁਹਾਨੂੰ ਤੰਗ ਕਰ ਸਕਦਾ, ਤੁਹਾਡੇ ਦੋਸਤ ਸ਼ਾਇਦ ਤੁਹਾਡੇ ਉੱਤੇ ਹੁਣ ਭਰੋਸਾ ਨਾ ਰੱਖਣ ਅਤੇ ਤੁਹਾਡੀ ਪੜ੍ਹਾਈ ਵਿਚ ਰੁਕਾਵਟ ਪੈ ਸਕਦੀ ਹੈ ਕਿਉਂਕਿ ਸਿੱਖਣ ਦੀ ਬਜਾਇ ਤੁਸੀਂ ਦੂਸਰਿਆਂ ਦੀ ਨਕਲ ਕਰਦੇ ਹੋਏ ਚੀਟਿੰਗ ਕੀਤੀ। ਜਾਨਲੇਵਾ ਕੈਂਸਰ ਵਾਂਗ ਇਹ ਧੋਖੇ-ਭਰੀ ਆਦਤ ਤੁਹਾਡੀ ਜ਼ਿੰਦਗੀ ਦੇ ਹੋਰ ਪਹਿਲੂਆਂ ਉੱਤੇ ਵੀ ਬੁਰਾ ਅਸਰ ਪਾ ਸਕਦੀ ਹੈ ਅਤੇ ਤੁਹਾਡੇ ਸਭ ਤੋਂ ਕੀਮਤੀ ਦੋਸਤੀਆਂ ਵਿਚ ਜ਼ਹਿਰ ਘੋਲ ਸਕਦੀ ਹੈ। ਇਸ ਦੇ ਨਾਲ-ਨਾਲ ਇਹ ਪਰਮੇਸ਼ੁਰ ਨਾਲ ਤੁਹਾਡੇ ਰਿਸ਼ਤੇ ਉੱਤੇ ਜ਼ਰੂਰ ਬੁਰਾ ਅਸਰ ਪਾਵੇਗੀ ਜੋ ਕਿ ਛਲ ਜਾਂ ਧੋਖਾ ਦੇਣ ਵਾਲੇ ਨਾਲ ਘਿਣ ਕਰਦਾ ਹੈ।—ਕਹਾਉਤਾਂ 11:1.

ਜਿਹੜੇ ਲੋਕ ਚੀਟਿੰਗ ਦਾ ਸਹਾਰਾ ਲੈਂਦੇ ਹਨ ਉਹ ਸਿਰਫ਼ ਆਪਣੇ ਆਪ ਨੂੰ ਹੀ ਬੇਵਕੂਫ ਬਣਾ ਰਹੇ ਹਨ। (ਕਹਾਉਤਾਂ 12:19) ਆਪਣੇ ਕੰਮਾਂ ਰਾਹੀਂ ਉਹ ਪ੍ਰਾਚੀਨ ਯਰੂਸ਼ਲਮ ਦੇ ਸ਼ਹਿਰ ਵਿਚ ਉਨ੍ਹਾਂ ਦੁਸ਼ਟ ਹਾਕਮਾਂ ਵਾਂਗ ਬਣਦੇ ਹਨ ਜਿਨ੍ਹਾਂ ਨੇ ਕਿਹਾ: “ਅਸਾਂ ਝੂਠ ਨੂੰ ਆਪਣੀ ਪਨਾਹ ਬਣਾਇਆ, ਅਤੇ ਧੋਖੇ ਵਿੱਚ ਅਸਾਂ ਆਪ ਨੂੰ ਲੁਕਾਇਆ।” (ਯਸਾਯਾਹ 28:15) ਲੇਕਿਨ, ਅਸਲੀਅਤ ਤਾਂ ਇਹ ਹੈ ਕਿ ਧੋਖੇਬਾਜ਼ ਇਨਸਾਨ ਆਪਣੇ ਕੰਮ ਪਰਮੇਸ਼ੁਰ ਤੋਂ ਨਹੀਂ ਲੁਕੋ ਸਕਦਾ।—ਇਬਰਾਨੀਆਂ 4:13.

ਚੀਟਿੰਗ ਨਾ ਕਰੋ!

ਕਈ ਵਾਰ ਨੌਜਵਾਨ ਪੜ੍ਹਾਈ ਦੀ ਬਜਾਇ ਚੀਟਿੰਗ ਕਰਨ ਵਿਚ ਬਹੁਤ ਮਿਹਨਤ ਕਰਦੇ ਅਤੇ ਚਤੁਰਾਈ ਵਰਤਦੇ ਹਨ। ਅਠਾਰਾਂ ਸਾਲਾਂ ਦੀ ਐਬੀ ਕਹਿੰਦੀ ਹੈ “ਜੇ ਉਹ ਇੰਨਾ ਧਿਆਨ ਪੜ੍ਹਾਈ ਵਿਚ ਲਾਉਣ ਜਿੰਨਾ ਉਹ ਚੀਟਿੰਗ ਵਿਚ ਲਾਉਂਦੇ ਹਨ ਤਾਂ ਸ਼ਾਇਦ ਉਨ੍ਹਾਂ ਨੂੰ ਚੰਗੇ ਨੰਬਰ ਮਿਲ ਸਕਦੇ ਹਨ।”

ਇਹ ਗੱਲ ਮੰਨਣੀ ਪੈਂਦੀ ਹੈ ਕਿ ਚੀਟਿੰਗ ਕਰਨ ਦੀ ਬਹੁਤ ਵੱਡੀ ਖਿੱਚ ਹੈ। ਪਰ ਤੁਹਾਨੂੰ ਇਸ ਬੁਰੇ ਕੰਮ ਤੋਂ ਪਰਹੇਜ਼ ਕਰਨਾ ਚਾਹੀਦਾ ਹੈ! (ਕਹਾਉਤਾਂ 2:10-15) ਇਹ ਕਿਵੇਂ? ਪਹਿਲੀ ਗੱਲ ਹੈ, ਯਾਦ ਰੱਖੋ ਕਿ ਤੁਸੀਂ ਸਕੂਲੇ ਸਿੱਖਣ ਵਾਸਤੇ ਜਾਂਦੇ ਹੋ। ਇਹ ਸੱਚ ਹੈ ਕਿ ਤੁਸੀਂ ਅਜਿਹੀ ਜਾਣਕਾਰੀ ਵੀ ਸ਼ਾਇਦ ਹਾਸਲ ਕਰੋਗੇ ਜੋ ਤੁਹਾਨੂੰ ਫਜ਼ੂਲ ਲੱਗੇ ਅਤੇ ਜਿਸ ਨੂੰ ਤੁਸੀਂ ਬਾਅਦ ਵਿਚ ਕਦੀ ਨਹੀਂ ਵਰਤੋਗੇ। ਪਰ ਚੀਟਿੰਗ ਕਰ ਕੇ ਤੁਸੀਂ ਸਿੱਖਣ ਦੀ ਮਹੱਤਤਾ ਨੂੰ ਅਣਡਿੱਠ ਕਰਦੇ ਹੋ। ਨਵੀਆਂ ਗੱਲਾਂ ਸਿੱਖਣ ਦੀ ਅਤੇ ਜਾਣਕਾਰੀ ਨੂੰ ਲਾਗੂ ਕਰਨ ਦੀ ਤੁਹਾਡੀ ਯੋਗਤਾ ਇਵੇਂ ਕਮ ਹੋਵੇਗੀ। ਮਿਹਨਤ ਤੋਂ ਬਗੈਰ ਸਮਝ ਨਹੀਂ ਮਿਲਦੀ, ਸਾਨੂੰ ਕੁਝ ਨਾ ਕੁਝ ਕਰਨਾ ਪੈਂਦਾ ਹੈ। ਬਾਈਬਲ ਕਹਿੰਦੀ ਹੈ: “ਸਤ ਨੂੰ ਮੁੱਲ ਲੈ, ਉਹ ਨੂੰ ਵੇਚੀਂ ਨਾ, ਨਾਲੇ ਬੁੱਧ, ਸਿੱਖਿਆ ਅਤੇ ਸਮਝ ਨੂੰ ਵੀ।” (ਕਹਾਉਤਾਂ 23:23) ਜੀ ਹਾਂ, ਤੁਹਾਨੂੰ ਅਧਿਐਨ ਅਤੇ ਇਮਤਿਹਾਨਾਂ ਦੀ ਤਿਆਰੀ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਜਿਮੀ ਸਲਾਹ ਦਿੰਦਾ ਹੈ: “ਤੁਹਾਨੂੰ ਟੈੱਸਟ ਤੋਂ ਪਹਿਲਾਂ ਤਿਆਰੀ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਨੂੰ ਵਿਸ਼ਵਾਸ ਹੋਵੇਗਾ ਕਿ ਤੁਸੀਂ ਜਵਾਬ ਜਾਣਦੇ ਹੋ।”

ਸੱਚ ਹੈ ਕਿ ਕਦੀ-ਕਦੀ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਨਾ ਪਤਾ ਹੋਣ ਅਤੇ ਇਸ ਕਰਕੇ ਤੁਹਾਨੂੰ ਚੰਗੇ ਨੰਬਰ ਨਾ ਮਿਲਣ। ਫਿਰ ਵੀ, ਜੇ ਤੁਸੀਂ ਆਪਣੇ ਅਸੂਲਾਂ ਉੱਤੇ ਟਿਕੇ ਰਹੋ, ਤਾਂ ਤੁਸੀਂ ਸ਼ਾਇਦ ਦੇਖ ਸਕੋਗੇ ਕਿ ਤੁਹਾਨੂੰ ਕਿਸ ਗੱਲ ਵਿਚ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ।—ਕਹਾਉਤਾਂ 21:5.

ਯੂਜੀ, ਜਿਸ ਦਾ ਪਹਿਲਾ ਵੀ ਜ਼ਿਕਰ ਕੀਤਾ ਸੀ, ਯਹੋਵਾਹ ਦਾ ਇਕ ਗਵਾਹ ਹੈ। ਉਹ ਸਮਝਾਉਂਦਾ ਹੈ ਕਿ ਉਹ ਕੀ ਕਰਦਾ ਹੈ ਜਦੋਂ ਉਸ ਦੀ ਕਲਾਸ ਦੇ ਬੱਚੇ ਚੀਟਿੰਗ ਕਰਨ ਵਿਚ ਉਸ ਦੀ ਮਦਦ ਮੰਗਦੇ ਹਨ: “ਪਹਿਲੀ ਗੱਲ ਹੈ ਕਿ ਮੈਂ ਉਨ੍ਹਾਂ ਨੂੰ ਦੱਸ ਦਿੰਦਾ ਹਾਂ ਕਿ ਮੈਂ ਯਹੋਵਾਹ ਦਾ ਇਕ ਗਵਾਹ ਹਾਂ। ਇਸ ਗੱਲ ਨੇ ਮੇਰੀ ਬਹੁਤ ਮਦਦ ਕੀਤੀ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਯਹੋਵਾਹ ਦੇ ਗਵਾਹ ਈਮਾਨਦਾਰ ਇਨਸਾਨ ਹਨ। ਜੇ ਕਿਸੇ ਟੈੱਸਟ ਦੌਰਾਨ ਮੈਥੋਂ ਕੋਈ ਸਵਾਲ ਦਾ ਜਵਾਬ ਪੁੱਛੇ ਤਾਂ ਮੈਂ ਉਨ੍ਹਾਂ ਨੂੰ ਨਾ ਕਰ ਦਿੰਦਾ ਹਾਂ ਅਤੇ ਬਾਅਦ ਵਿਚ ਉਨ੍ਹਾਂ ਨੂੰ ਸਮਝਾ ਦਿੰਦਾ ਕਿ ਮੈਂ ਇਸ ਤਰ੍ਹਾਂ ਕਿਉਂ ਕੀਤਾ ਸੀ।”

ਯੂਜੀ ਉਸ ਗੱਲ ਨਾਲ ਸਹਿਮਤ ਹੈ ਜੋ ਪੌਲੁਸ ਰਸੂਲ ਨੇ ਇਬਰਾਨੀਆਂ ਨੂੰ ਕਹੀ ਸੀ: “ਅਸੀਂ ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰਨੀ ਚਾਹੁੰਦੇ ਹਾਂ।” (ਇਬਰਾਨੀਆਂ 13:18) ਈਮਾਨਦਾਰੀ ਦੇ ਉੱਚੇ ਮਿਆਰਾਂ ਉੱਤੇ ਡਟੇ ਰਹਿਣ ਅਤੇ ਚੀਟਿੰਗ ਨਾ ਕਰਨ ਦਾ ਪੱਕਾ ਇਰਾਦਾ ਬਣਾਉਣ ਦੁਆਰਾ ਤੁਸੀਂ ਚੰਗੇ ਨੰਬਰਾਂ ਦਾ ਅਸਲੀ ਮੁੱਲ ਪਾ ਸਕੋਗੇ। ਤੁਸੀਂ ਆਪਣੇ ਮਾਪਿਆਂ ਨੂੰ ਸਭ ਤੋਂ ਵਧੀਆ ਤੋਹਫ਼ਾ ਦਿੰਦੇ ਹੋ—ਤੁਹਾਡੀ ਮਸੀਹੀ ਈਮਾਨਦਾਰੀ ਦਾ ਰਿਕਾਰਡ। (3 ਯੂਹੰਨਾ 4) ਇਸ ਤੋਂ ਇਲਾਵਾ ਤੁਸੀਂ ਸ਼ੁੱਧ ਜ਼ਮੀਰ ਕਾਇਮ ਰੱਖਦੇ ਹੋ ਅਤੇ ਇਸ ਵਿਚ ਖ਼ੁਸ਼ੀ ਪਾ ਸਕਦੇ ਹੋ ਕਿ ਤੁਸੀਂ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰ ਰਹੇ ਹੋ।—ਕਹਾਉਤਾਂ 27:11.

ਤਾਂ ਫਿਰ, ਚੀਟਿੰਗ ਕਰਨ ਦੀ ਆਦਤ ਜਿੰਨੀ ਮਰਜ਼ੀ ਫੈਲੀ ਹੋਈ ਹੋਵੇ ਇਸ ਤੋਂ ਦੂਰ ਰਹੋ! ਇਸ ਤਰ੍ਹਾਂ ਤੁਸੀਂ ਦੂਸਰਿਆਂ ਨਾਲ ਚੰਗਾ ਰਿਸ਼ਤਾ ਰੱਖ ਸਕੋਗੇ ਅਤੇ ਸਭ ਤੋਂ ਵੱਧ ਸੱਚ ਦੇ ਪਰਮੇਸ਼ੁਰ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖ ਸਕੋਗੇ।—ਜ਼ਬੂਰਾਂ ਦੀ ਪੋਥੀ 11:7; 31:5. (g03 1/22)

[ਸਫ਼ੇ 18 ਉੱਤੇ ਸੁਰਖੀ]

ਚੀਟਿੰਗ ਕਰਨ ਵਾਲਾ ਅਕਸਰ ਇਹ ਨਹੀਂ ਸਮਝਦਾ ਕਿ ਉਹ ਅਸਲ ਵਿਚ ਚੋਰੀ ਕਰ ਰਿਹਾ ਹੈ

[ਸਫ਼ੇ 18 ਉੱਤੇ ਸੁਰਖੀ]

ਅਕਸਰ ਚੀਟਿੰਗ ਕਰਨ ਵਾਲੇ ਹੋਰ ਵੀ ਬੇਈਮਾਨ ਕੰਮ ਕਰਨ ਲੱਗ ਪੈਂਦੇ ਹਨ

[ਸਫ਼ੇ 19 ਉੱਤੇ ਸੁਰਖੀ]

ਚੀਟਿੰਗ ਕਰਨ ਵਾਲਾ ਪਰਮੇਸ਼ੁਰ ਤੋਂ ਆਪਣੇ ਕੰਮ ਨਹੀਂ ਲੁਕੋ ਸਕਦਾ

[ਸਫ਼ੇ 19 ਉੱਤੇ ਤਸਵੀਰ]

ਟੈੱਸਟ ਤੋਂ ਪਹਿਲਾਂ ਚੰਗੀ ਤਿਆਰੀ ਕਰਨ ਨਾਲ ਆਤਮ-ਵਿਸ਼ਵਾਸ ਵਧਦਾ ਹੈ