Skip to content

Skip to table of contents

ਦੁਨੀਆਂ ਦੀ ਇਕ ਸਭ ਤੋਂ ਫ਼ਾਇਦੇਮੰਦ ਗਿਰੀ

ਦੁਨੀਆਂ ਦੀ ਇਕ ਸਭ ਤੋਂ ਫ਼ਾਇਦੇਮੰਦ ਗਿਰੀ

ਦੁਨੀਆਂ ਦੀ ਇਕ ਸਭ ਤੋਂ ਫ਼ਾਇਦੇਮੰਦ ਗਿਰੀ

ਇਹ ਬਹੁਤ ਹੀ ਅਨੋਖੀ “ਗਿਰੀ” ਹੈ ਜੋ ਪੂਰੀ ਦੁਨੀਆਂ ਘੁੰਮ ਚੁੱਕੀ ਹੈ। ਇਹ ਖਾਣ ਤੇ ਪੀਣ ਦੋਵਾਂ ਦੇ ਕੰਮ ਆਉਂਦੀ ਹੈ। ਇਸ ਗਿਰੀ ਦੇ ਦਰਖ਼ਤ ਗਰਮ ਟਾਪੂਆਂ ਦੀ ਸ਼ਾਨ ਹਨ। ਅਸੀਂ ਕਿਸ ਗਿਰੀ ਦੀ ਗੱਲ ਕਰ ਰਹੇ ਹਾਂ? ਅਸੀਂ ਨਾਰੀਅਲ ਦੀ ਗੱਲ ਕਰ ਰਹੇ ਹਾਂ ਜੋ ਕਿ ਦੁਨੀਆਂ ਦਾ ਇਕ ਸਭ ਤੋਂ ਫ਼ਾਇਦੇਮੰਦ ਫਲ ਹੈ। *

ਜਿਹੜੇ ਲੋਕ ਗਰਮ ਦੇਸ਼ਾਂ ਤੋਂ ਨਹੀਂ ਹਨ, ਉਹ ਨਾਰੀਅਲ ਦੇ ਦਰਖ਼ਤਾਂ ਨੂੰ ਦੇਖ ਕੇ ਸਿਰਫ਼ ਕਿਸੇ ਗਰਮ ਟਾਪੂ ਉੱਤੇ ਛੁੱਟੀਆਂ ਮਨਾਉਣ ਬਾਰੇ ਹੀ ਸੋਚਦੇ ਹਨ। ਪਰ ਜਿਹੜੇ ਲੋਕ ਗਰਮ ਦੇਸ਼ਾਂ ਵਿਚ ਰਹਿੰਦੇ ਹਨ, ਨਾਰੀਅਲ ਉਨ੍ਹਾਂ ਦੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਹੈ। ਇੰਡੋਨੇਸ਼ੀਆ ਦੇ ਲੋਕ ਕਹਿੰਦੇ ਹਨ ਕਿ ਇਸ ਫਲ ਦੇ “ਉੱਨੇ ਹੀ ਫ਼ਾਇਦੇ ਹਨ ਜਿੰਨੇ ਸਾਲ ਵਿਚ ਦਿਨ।” ਫ਼ਿਲਪੀਨ ਵਿਚ ਇਹ ਕਿਹਾ ਜਾਂਦਾ ਹੈ ਕਿ “ਜੇ ਕੋਈ ਨਾਰੀਅਲ ਬੀਜਦਾ ਹੈ, ਤਾਂ ਉਹ ਆਪਣੇ ਲਈ ਭਾਂਡੇ ਤੇ ਕੱਪੜੇ, ਭੋਜਨ ਤੇ ਪਾਣੀ ਅਤੇ ਘਰ ਬੀਜਦਾ ਹੈ ਅਤੇ ਆਪਣੇ ਬੱਚਿਆਂ ਲਈ ਵਿਰਾਸਤ ਬੀਜਦਾ ਹੈ।”

ਇਹ ਗੱਲ ਬਿਲਕੁਲ ਸਹੀ ਹੈ। ਨਾਰੀਅਲ—ਜ਼ਿੰਦਗੀ ਦਾ ਦਰਖ਼ਤ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਅਨੁਸਾਰ, ਨਾਰੀਅਲ ਨੂੰ “ਸਿਰਫ਼ ਖਾਣ-ਪੀਣ ਜਾਂ ਇਸ ਦੇ ਤੇਲ ਨੂੰ ਖਾਣਾ ਬਣਾਉਣ ਲਈ ਹੀ ਨਹੀਂ ਵਰਤਿਆ ਜਾਂਦਾ, ਸਗੋਂ ਇਸ ਦੇ ਪੱਤਿਆਂ ਨੂੰ ਘਰਾਂ ਉੱਤੇ ਛੱਤਾਂ ਪਾਉਣ ਲਈ, ਇਸ ਦਾ ਬਾਣ ਰੱਸੀਆਂ ਅਤੇ ਚਟਾਈਆਂ ਬਣਾਉਣ, ਖੋਲ ਭਾਂਡਿਆਂ ਤੇ ਗਹਿਣਿਆਂ ਦੇ ਤੌਰ ਤੇ ਅਤੇ ਇਸ ਦਾ ਮਿੱਠਾ ਦੁੱਧ ਖੰਡ ਅਤੇ ਸ਼ਰਾਬ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ।” ਇਹ ਕਿਤਾਬ ਅੱਗੇ ਦੱਸਦੀ ਹੈ: “ਜੇ ਸਹੀ ਤਰੀਕੇ ਨਾਲ ਇਸ ਨੂੰ ਕੱਟਿਆ ਜਾਵੇ, ਤਾਂ ਇਸ ਦੀ ਲੱਕੜ ਵੀ ਕੰਮ ਆ ਸਕਦੀ ਹੈ।” ਅਸਲ ਵਿਚ, ਹਿੰਦ ਮਹਾਂਸਾਗਰ ਵਿਚ ਮਾਲਦੀਵ ਟਾਪੂ ਦੇ ਲੋਕਾਂ ਨੇ ਨਾਰੀਅਲ ਦੀ ਲੱਕੜ ਦੀਆਂ ਕਿਸ਼ਤੀਆਂ ਬਣਾਈਆਂ ਅਤੇ ਇਹ ਕਿਹਾ ਜਾਂਦਾ ਹੈ ਕਿ ਇਨ੍ਹਾਂ ਵਿਚ ਬੈਠ ਕੇ ਉਹ ਅਰਬ ਦੇਸ਼ਾਂ ਅਤੇ ਫ਼ਿਲਪੀਨ ਗਏ ਸਨ। ਪਰ ਜਿੰਨੀ ਦੁਨੀਆਂ ਨਾਰੀਅਲ ਨੇ ਘੁੰਮੀ ਹੈ, ਉੱਨੀ ਇਸ ਦੇ ਕਾਸ਼ਤਕਾਰਾਂ ਨੇ ਵੀ ਨਹੀਂ ਘੁੰਮੀ।

ਸਮੁੰਦਰੀ ਯਾਤਰਾ ਕਰਨ ਵਾਲਾ ਬੀ

ਨਾਰੀਅਲ ਤਕਰੀਬਨ ਸਾਰੇ ਗਰਮ ਦੇਸ਼ਾਂ ਦੇ ਸਮੁੰਦਰੀ ਕੰਢਿਆਂ ਉੱਤੇ ਝੱਟ ਉੱਗ ਪੈਂਦਾ ਹੈ, ਬਸ਼ਰਤੇ ਕਿ ਉੱਥੇ ਕਾਫ਼ੀ ਮੀਂਹ ਪੈਂਦਾ ਹੋਵੇ। ਭਾਵੇਂ ਕਿ ਲੋਕ ਨਾਰੀਅਲ ਉਗਾਉਂਦੇ ਹਨ, ਪਰ ਇਹ ਧਰਤੀ ਦੀਆਂ ਕੁਝ ਦੂਰ-ਦੁਰੇਡੀਆਂ ਥਾਵਾਂ ਤੇ ਆਪੇ ਹੀ ਪਹੁੰਚ ਗਿਆ ਹੈ। ਨਾਰੀਅਲ ਦੇ ਬੀ ਕਈ ਤਰੀਕਿਆਂ ਨਾਲ ਫੈਲੇ ਹਨ, ਪਰ ਇਹ ਖ਼ਾਸ ਕਰਕੇ ਸਮੁੰਦਰ ਦੀਆਂ ਲਹਿਰਾਂ ਤੇ ਸਵਾਰੀ ਕਰਦਾ ਹੈ। ਅਤੇ ਇਸੇ ਕਰਕੇ ਇਹ ਪੂਰੀ ਦੁਨੀਆਂ ਘੁੰਮਣ ਵਿਚ ਕਾਮਯਾਬ ਹੋਇਆ ਹੈ।

ਜਦੋਂ ਨਾਰੀਅਲ ਪੱਕ ਜਾਂਦਾ ਹੈ, ਤਾਂ ਇਹ ਆਪੇ ਜ਼ਮੀਨ ਤੇ ਡਿੱਗ ਪੈਂਦਾ ਹੈ। ਕਈ ਵਾਰ ਇਹ ਰਿੜਦਾ-ਰਿੜਦਾ ਸਮੁੰਦਰ ਦੇ ਕੰਢੇ ਤੇ ਚਲਾ ਜਾਂਦਾ ਹੈ। ਜਵਾਰਭਾਟਾ ਫਿਰ ਇਸ ਨੂੰ ਸਮੁੰਦਰ ਵਿਚ ਲੈ ਜਾਂਦਾ ਹੈ। ਇਸ ਦੇ ਰੇਸ਼ੇਦਾਰ ਛਿਲਕੇ ਵਿਚ ਕਾਫ਼ੀ ਹਵਾ ਮੌਜੂਦ ਹੁੰਦੀ ਹੈ, ਇਸ ਲਈ ਇਹ ਪਾਣੀ ਉੱਤੇ ਤਰਦਾ ਰਹਿੰਦਾ ਹੈ। ਜੇ ਨਾਰੀਅਲ ਸ਼ਾਂਤ ਮਹਾਂਸਾਗਰ ਵਿਚ ਸਥਿਤ ਕਿਸੇ ਖਾਰੀ ਝੀਲ (lagoon) ਦੇ ਕੰਢੇ ਤੇ ਪਿਆ ਹੋਵੇ, ਤਾਂ ਇਹ ਹੌਲੀ-ਹੌਲੀ ਤਰਦਾ ਹੋਇਆ ਝੀਲ ਦੇ ਦੂਜੇ ਪਾਸੇ ਚਲਾ ਜਾਂਦਾ ਹੈ। ਪਰ ਜੇ ਇਹ ਝੀਲ ਵਿੱਚੋਂ ਨਿਕਲ ਕੇ ਸਮੁੰਦਰ ਵਿਚ ਚਲਾ ਜਾਵੇ, ਤਾਂ ਇਹ ਦੂਰ-ਦੂਰ ਤਕ ਜਾ ਸਕਦਾ ਹੈ।

ਖਾਰੇ ਪਾਣੀ ਵਿਚ ਤਕਰੀਬਨ ਸਾਰੇ ਬੀ ਗਲ ਜਾਂਦੇ ਹਨ, ਪਰ ਖਾਰੇ ਪਾਣੀ ਨੂੰ ਨਾਰੀਅਲ ਦੇ ਸਖ਼ਤ ਖੋਲ ਵਿਚ ਵੜਨ ਲਈ ਬਹੁਤ ਸਮਾਂ ਲੱਗਦਾ ਹੈ। ਨਾਰੀਅਲ ਸਮੁੰਦਰ ਵਿਚ ਤਿੰਨ ਮਹੀਨੇ ਤਰਦਾ ਰਹਿ ਸਕਦਾ ਹੈ ਤੇ ਕਦੇ-ਕਦੇ ਇਹ ਹਜ਼ਾਰਾਂ ਕਿਲੋਮੀਟਰ ਸਫ਼ਰ ਤੈ ਕਰ ਲੈਂਦਾ ਹੈ। ਇੰਨਾ ਸਮਾਂ ਖਾਰੇ ਪਾਣੀ ਵਿਚ ਰਹਿਣ ਦੇ ਬਾਵਜੂਦ ਵੀ ਇਹ ਕਿਸੇ ਸਮੁੰਦਰੀ ਕੰਢੇ ਤੇ ਪਹੁੰਚ ਕੇ ਪੁੰਗਰ ਜਾਂਦਾ ਹੈ। ਸ਼ਾਇਦ ਇਸੇ ਕਰਕੇ ਬਹੁਤ ਸਾਰੇ ਗਰਮ ਦੇਸ਼ਾਂ ਦੇ ਸਮੁੰਦਰੀ ਕੰਢਿਆਂ ਨੂੰ ਇਸ ਨੇ ਆਪਣਾ ਘਰ ਬਣਾਇਆ ਹੋਇਆ ਹੈ।

ਰਸੋਈ ਵਿਚ ਨਾਰੀਅਲ ਦੀ ਅਹਿਮ ਥਾਂ

ਜਿਹੜੇ ਲੋਕ ਗਰਮ ਦੇਸ਼ਾਂ ਵਿਚ ਨਹੀਂ ਰਹਿੰਦੇ, ਉਹ ਸੋਚਦੇ ਹਨ ਕਿ ਟਾਫ਼ੀਆਂ ਜਾਂ ਬਿਸਕੁਟ ਬਣਾਉਣ ਲਈ ਹੀ ਨਾਰੀਅਲ ਨੂੰ ਇਸਤੇਮਾਲ ਕੀਤਾ ਜਾਂਦਾ ਹੈ। ਪਰ ਜੇ ਤੁਸੀਂ ਦੱਖਣ-ਪੂਰਬੀ ਏਸ਼ੀਆ ਜਾਓਗੇ, ਤਾਂ ਤੁਸੀਂ ਦੇਖੋਗੇ ਕਿ ਉੱਥੇ ਨਾਰੀਅਲ ਕਿੰਨੇ ਵੱਖ-ਵੱਖ ਤਰੀਕਿਆਂ ਨਾਲ ਇਸਤੇਮਾਲ ਕੀਤਾ ਜਾਂਦਾ ਹੈ। ਸ਼ਾਂਤ ਮਹਾਂਸਾਗਰ ਅਤੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਵਿਚ ਭੋਜਨ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਦੱਸਦੀ ਹੈ ਕਿ “ਹਵਾਈ ਤੋਂ ਲੈ ਕੇ ਬੈਂਕਾਕ ਤਕ ਸਾਰੇ ਦੇਸ਼ਾਂ, ਇਲਾਕਿਆਂ ਅਤੇ ਟਾਪੂਆਂ ਉੱਤੇ ਖਾਣੇ ਵਿਚ ਮੁੱਖ ਤੌਰ ਤੇ ਨਾਰੀਅਲ ਵਰਤਿਆ ਜਾਂਦਾ ਹੈ।” ਇਹ ਕਿਤਾਬ ਇਹ ਵੀ ਦੱਸਦੀ ਹੈ ਕਿ ਇਨ੍ਹਾਂ ਇਲਾਕਿਆਂ ਦੇ ਲੋਕਾਂ ਲਈ ‘ਨਾਰੀਅਲ ਜ਼ਿੰਦਗੀ ਦੀ ਇਕ ਅਹਿਮ ਲੋੜ ਹੈ ਜਿਸ ਤੋਂ ਉਹ ਵੱਖਰੇ-ਵੱਖਰੇ ਤਰੀਕਿਆਂ ਨਾਲ ਬਣਾਏ ਅਣਗਿਣਤ ਪਕਵਾਨਾਂ ਤੇ ਸੁਆਦਾਂ ਰਾਹੀਂ ਸ਼ਕਤੀ ਪ੍ਰਾਪਤ ਕਰਦੇ ਹਨ।’

ਨਾਰੀਅਲ ਨੇ ਗਰਮ ਦੇਸ਼ਾਂ ਦੇ ਲੋਕਾਂ ਦੀਆਂ ਰਸੋਈਆਂ ਵਿਚ ਜੋ ਅਹਿਮ ਥਾਂ ਬਣਾਈ ਹੈ, ਉਸ ਦਾ ਕਾਰਨ ਬੜਾ ਸਾਧਾਰਣ ਹੈ: ਇਸ ਤੋਂ ਪਾਣੀ, ਦੁੱਧ ਅਤੇ ਖਾਣਾ ਬਣਾਉਣ ਲਈ ਤੇਲ ਮਿਲਦਾ ਹੈ। ਕੱਚੀ ਤੇ ਹਰੀ ਗਿਰੀ ਵਿਚਲੇ ਮਿੱਠੇ ਪਾਣੀ ਨੂੰ ਨਾਰੀਅਲ ਪਾਣੀ ਜਾਂ ਨਾਰੀਅਲ ਦਾ ਰਸ ਕਿਹਾ ਜਾਂਦਾ ਹੈ। ਨਾਰੀਅਲ ਪਾਣੀ ਪੀਣ ਵਿਚ ਬੜਾ ਸੁਆਦੀ ਅਤੇ ਤਾਜ਼ਗੀ ਦੇਣ ਵਾਲਾ ਹੁੰਦਾ ਹੈ ਤੇ ਇਹ ਗਰਮ ਦੇਸ਼ਾਂ ਵਿਚ ਆਮ ਤੌਰ ਤੇ ਸੜਕਾਂ ਉੱਤੇ ਵਿਕਦਾ ਹੈ। ਨਾਰੀਅਲ ਦਾ ਦੁੱਧ ਬਣਾਉਣ ਲਈ ਨਾਰੀਅਲ ਦੇ ਕੱਦੂਕਸ ਕੀਤੇ ਗੁੱਦੇ ਨੂੰ ਪਾਣੀ ਵਿਚ ਮਿਲਾਇਆ ਜਾਂਦਾ ਹੈ ਤੇ ਫਿਰ ਇਸ ਨੂੰ ਨਿਚੋੜ ਕੇ ਦੁੱਧ ਕੱਢ ਲਿਆ ਜਾਂਦਾ ਹੈ। ਨਾਰੀਅਲ ਦਾ ਦੁੱਧ ਸੂਪ, ਚੱਟਣੀਆਂ ਅਤੇ ਰੋਟੀਆਂ ਨੂੰ ਸੁਆਦੀ ਬਣਾਉਣ ਲਈ ਜਾਂ ਤਰੀ ਨੂੰ ਗਾੜ੍ਹਾ ਬਣਾਉਣ ਲਈ ਵਰਤਿਆ ਜਾਂਦਾ ਹੈ।

ਨਾਰੀਅਲ ਦਾ ਤੇਲ ਕੱਢਣ ਲਈ ਕਿਸਾਨ ਪੱਕੇ ਹੋਏ ਨਾਰੀਅਲ ਨੂੰ ਦੋ ਹਿੱਸਿਆਂ ਵਿਚ ਤੋੜ ਕੇ ਧੁੱਪੇ ਸੁਕਾਉਂਦੇ ਹਨ। ਸੁੱਕ ਜਾਣ ਤੇ ਖੋਪੇ ਨੂੰ ਖੋਲ ਵਿੱਚੋਂ ਕੱਢ ਕੇ ਉਸ ਵਿੱਚੋਂ ਤੇਲ ਕੱਢ ਲਿਆ ਜਾਂਦਾ ਹੈ। ਗਰਮ ਦੇਸ਼ਾਂ ਵਿਚ ਨਾਰੀਅਲ ਤੇਲ ਹੀ ਆਮ ਤੌਰ ਤੇ ਖਾਣਾ ਬਣਾਉਣ ਲਈ ਵਰਤਿਆ ਜਾਂਦਾ ਹੈ। ਪੱਛਮੀ ਦੇਸ਼ਾਂ ਵਿਚ ਇਸ ਨੂੰ ਮਾਰਜਰੀਨ, ਆਈਸ-ਕ੍ਰੀਮ ਤੇ ਬਿਸਕੁਟ ਬਣਾਉਣ ਲਈ ਵਰਤਿਆ ਜਾਂਦਾ ਹੈ।

ਨਾਰੀਅਲ ਨੂੰ ਦਰਖ਼ਤ ਤੋਂ ਲਾਹੁਣਾ ਕੋਈ ਸੌਖਾ ਕੰਮ ਨਹੀਂ। ਅਕਸਰ ਇਕ ਬੰਦਾ ਦਰਖ਼ਤ ਤੇ ਚੜ੍ਹ ਕੇ ਨਾਰੀਅਲ ਤੋੜਦਾ ਹੈ। ਪਰ ਕਈ ਲੋਕ ਇਕ ਵੱਡੇ ਸਾਰੇ ਡੰਡੇ ਦੇ ਸਿਰੇ ਤੇ ਦਾਤੀ ਬੰਨ੍ਹ ਕੇ ਨਾਰੀਅਲ ਤੋੜਦੇ ਹਨ। ਇੰਡੋਨੇਸ਼ੀਆ ਵਿਚ ਬਾਂਦਰਾਂ ਨੂੰ ਨਾਰੀਅਲ ਤੋੜਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਜ਼ਿਆਦਾ ਲੋਕ ਪੱਕੇ ਨਾਰੀਅਲ ਨੂੰ ਤੋੜਨ ਲਈ ਇਕ ਆਸਾਨ ਤਰੀਕਾ ਵਰਤਦੇ ਹਨ—ਉਹ ਉਸ ਵੇਲੇ ਤਕ ਉਡੀਕ ਕਰਦੇ ਹਨ ਜਦੋਂ ਤਕ ਨਾਰੀਅਲ ਪੱਕ ਕੇ ਆਪਣੇ ਆਪ ਜ਼ਮੀਨ ਤੇ ਨਹੀਂ ਡਿੱਗ ਪੈਂਦਾ।

ਭਾਵੇਂ ਇਸ ਨੂੰ ਜਿੱਦਾਂ ਮਰਜ਼ੀ ਤੋੜਿਆ ਜਾਵੇ, ਪਰ ਨਾਰੀਅਲ ਦੇ ਬਹੁਤ ਸਾਰੇ ਲਾਭ ਹੋਣ ਕਰਕੇ ਇਹ ਆਮਦਨੀ ਦਾ ਵਧੀਆ ਜ਼ਰੀਆ ਹੈ ਤੇ ਬਹੁਤ ਸਾਰੇ ਲੋਕਾਂ ਦੇ ਖਾਣ ਦੇ ਕੰਮ ਆਉਂਦਾ ਹੈ। ਇਸ ਲਈ ਜਦੋਂ ਕਦੇ ਤੁਸੀਂ ਨਾਰੀਅਲ ਦੇ ਦਰਖ਼ਤ ਨੂੰ ਦੇਖੋ—ਭਾਵੇਂ ਇਹ ਅਸਲੀ ਹੋਵੇ ਜਾਂ ਫੋਟੋ ਵਿਚ—ਤਾਂ ਇਹ ਗੱਲ ਯਾਦ ਰੱਖੋ ਕਿ ਨਾਰੀਅਲ ਦੇ ਦਰਖ਼ਤ ਸਿਰਫ਼ ਗਰਮ ਦੇਸ਼ਾਂ ਦੇ ਸਮੁੰਦਰੀ ਕਿਨਾਰਿਆਂ ਨੂੰ ਸਜਾਉਣ ਲਈ ਹੀ ਨਹੀਂ ਹਨ। ਇਸ ਦਰਖ਼ਤ ਨੂੰ ਦੁਨੀਆਂ ਦੀਆਂ ਸਭ ਤੋਂ ਫ਼ਾਇਦੇਮੰਦ “ਗਿਰੀਆਂ” ਲੱਗਦੀਆਂ ਹਨ। (g03 3/22)

[ਫੁਟਨੋਟ]

^ ਪੈਰਾ 2 ਭਾਵੇਂ ਕੁਝ ਦੇਸ਼ਾਂ ਵਿਚ ਨਾਰੀਅਲ ਨੂੰ ਗਿਰੀ ਨਹੀਂ ਮੰਨਿਆ ਜਾਂਦਾ, ਪਰ ਕਈ ਕਿਤਾਬਾਂ ਇਸ ਫਲ ਦੇ ਬੀ ਨੂੰ ਗਿਰੀ ਕਹਿੰਦੀਆਂ ਹਨ।

[ਸਫ਼ਾ 24 ਉੱਤੇ ਡੱਬੀ/​ਤਸਵੀਰਾਂ]

ਨਾਰੀਅਲ ਬਾਰੇ ਕੁਝ ਦਿਲਚਸਪ ਗੱਲਾਂ

ਕੋਕੋਨੱਟ ਕਰੈਬ ਨਾਰੀਅਲ ਦੀ ਕੀਮਤ ਨੂੰ ਸਿਰਫ਼ ਇਨਸਾਨ ਹੀ ਨਹੀਂ ਪਛਾਣਦੇ। ਕੋਕੋਨੱਟ ਕਰੈਬ ਨਾਂ ਦਾ ਕੇਕੜਾ ਦਿਨ ਵੇਲੇ ਖੁੱਡ ਵਿਚ ਰਹਿੰਦਾ ਹੈ ਤੇ ਰਾਤ ਨੂੰ ਨਾਰੀਅਲ ਖਾਣ ਲਈ ਬਾਹਰ ਨਿਕਲਦਾ ਹੈ। ਭਾਵੇਂ ਕਿ ਨਾਰੀਅਲ ਨੂੰ ਖੋਲ੍ਹਣ ਲਈ ਇਨਸਾਨ ਦਾਤ ਵਰਤਦੇ ਹਨ, ਪਰ ਇਹ ਕੇਕੜਾ ਨਾਰੀਅਲ ਨੂੰ ਪੱਥਰ ਉੱਤੇ ਵਾਰ-ਵਾਰ ਮਾਰਦਾ ਹੈ ਜਦੋਂ ਤਕ ਨਾਰੀਅਲ ਟੁੱਟ ਨਹੀਂ ਜਾਂਦਾ। ਇਹ ਕੇਕੜਾ ਆਮ ਤੌਰ ਤੇ ਨਾਰੀਅਲ ਹੀ ਖਾਂਦਾ ਹੈ ਤੇ ਇਹ 30 ਤੋਂ ਜ਼ਿਆਦਾ ਸਾਲ ਜੀਉਂਦਾ ਰਹਿ ਸਕਦਾ ਹੈ।

ਹਾਰ-ਸ਼ਿੰਗਾਰ ਦੇ ਸਮਾਨ ਵਿਚ ਨਾਰੀਅਲ ਨਾਰੀਅਲ ਤੇਲ ਚਮੜੀ ਲਈ ਬਹੁਤ ਫ਼ਾਇਦੇਮੰਦ ਹੈ, ਇਸ ਲਈ ਇਹ ਲਿਪਸਟਿੱਕ ਅਤੇ ਧੁੱਪ ਤੋਂ ਬਚਾਉਣ ਵਾਲੇ ਲੋਸ਼ਨ ਵਿਚ ਵਰਤਿਆ ਜਾਂਦਾ ਹੈ। ਜੇ ਤੁਸੀਂ ਬਾਇਓਡੀਗ੍ਰੇਡਬਲ ਸਾਬਣ ਜਾਂ ਸ਼ੈਂਪੂ ਵਰਤਦੇ ਹੋ ਜਿਸ ਦੀ ਬਹੁਤ ਝੱਗ ਬਣਦੀ ਹੈ, ਤਾਂ ਉਸ ਵਿਚ ਨਾਰੀਅਲ ਤੇਲ ਹੋ ਸਕਦਾ ਹੈ।

[ਤਸਵੀਰਾਂ]

ਨਾਰੀਅਲ ਉੱਤੇ ਸਮੁੰਦਰ ਦੇ ਪਾਣੀ ਦਾ ਜਲਦੀ ਅਸਰ ਨਹੀਂ ਹੁੰਦਾ

ਕੋਕੋਨੱਟ ਕਰੈਬ

ਨਾਰੀਅਲ ਦਾ ਪੌਦਾ

[ਕ੍ਰੈਡਿਟ ਲਾਈਨ]

Godo-Foto

[ਸਫ਼ੇ 23 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Top right inset: Godo-Foto