Skip to content

Skip to table of contents

ਬਾਲ ਵੇਸਵਾ-ਗਮਨ ਵਿਚ ਵਾਧਾ ਕਿਉਂ?

ਬਾਲ ਵੇਸਵਾ-ਗਮਨ ਵਿਚ ਵਾਧਾ ਕਿਉਂ?

ਬਾਲ ਵੇਸਵਾ-ਗਮਨ ਵਿਚ ਵਾਧਾ ਕਿਉਂ?

ਕੀ ਤੁਹਾਨੂੰ ਪਤਾ ਹੈ ਕਿ ਨਸ਼ੀਲੀਆਂ ਦਵਾਈਆਂ ਅਤੇ ਹਥਿਆਰਾਂ ਦੇ ਵਪਾਰ ਤੋਂ ਬਾਅਦ ਦੁਨੀਆਂ ਵਿਚ ਇਨਸਾਨ-ਵਪਾਰ ਸਭ ਤੋਂ ਜ਼ਿਆਦਾ ਮੁਨਾਫ਼ੇ ਵਾਲਾ ਅਪਰਾਧ ਹੈ? ਸੰਯੁਕਤ ਰਾਸ਼ਟਰ ਸਿੱਖਿਅਕ, ਵਿਗਿਆਨਕ ਅਤੇ ਸਭਿਆਚਾਰਕ ਸੰਗਠਨ ਮੁਤਾਬਕ, ਪੂਰੀ ਦੁਨੀਆਂ ਵਿਚ ਹਰ ਪ੍ਰਕਾਰ ਦਾ ਵੇਸਵਾ-ਗਮਨ ਲਗਾਤਾਰ ਵਧਦਾ ਜਾ ਰਿਹਾ ਹੈ।

ਇਕ ਲਾਤੀਨੀ-ਅਮਰੀਕਨ ਦੇਸ਼ ਵਿਚ ਇਕ ਕਾਂਗਰਸੀ ਜਾਂਚ ਕਮੇਟੀ ਦੀ ਰਿਪੋਰਟ ਮੁਤਾਬਕ ਉੱਥੇ 5,00,000 ਤੋਂ ਵੀ ਜ਼ਿਆਦਾ ਬੱਚੀਆਂ ਵੇਸਵਾਵਾਂ ਵਜੋਂ ਕੰਮ ਕਰਦੀਆਂ ਹਨ, ਭਾਵੇਂ ਉਸ ਦੇਸ਼ ਵਿਚ ਵੇਸਵਾ-ਗਮਨ ਗ਼ੈਰ-ਕਾਨੂੰਨੀ ਹੈ।

ਇਕ ਹੋਰ ਦੇਸ਼ ਵਿਚ ਲਗਭਗ 3,00,000 ਬੱਚੀਆਂ ਸੜਕਾਂ ਤੇ ਵੇਸਵਾਵਾਂ ਵਜੋਂ ਕੰਮ ਕਰਦੀਆਂ ਹਨ, ਖ਼ਾਸ ਕਰਕੇ ਉਨ੍ਹਾਂ ਇਲਾਕਿਆਂ ਵਿਚ ਜਿੱਥੇ ਨਸ਼ੀਲੀਆਂ ਦਵਾਈਆਂ ਦਾ ਧੰਦਾ ਹੁੰਦਾ ਹੈ।

ਇਕ ਰਿਪੋਰਟ ਅਨੁਸਾਰ, ਏਸ਼ੀਆਈ ਦੇਸ਼ਾਂ ਵਿਚ ਲਗਭਗ ਦਸ ਲੱਖ ਕੁੜੀਆਂ ਗ਼ੁਲਾਮੀ ਦੀ ਹਾਲਤ ਵਿਚ ਰਹਿ ਕੇ ਵੇਸਵਾਵਾਂ ਵਜੋਂ ਕੰਮ ਕਰਦੀਆਂ ਹਨ। ਕੁਝ ਦੇਸ਼ ਤਾਂ ਬਾਲ ਵੇਸਵਾ-ਗਮਨ ਅਤੇ ਸੈਕਸ ਟੂਰਿਜ਼ਮ (ਕਾਮ-ਪੂਰਤੀ ਲਈ ਦੂਸਰੇ ਦੇਸ਼ਾਂ ਦੀ ਸੈਰ ਕਰਨੀ) ਦੇ ਕੇਂਦਰ ਮੰਨੇ ਜਾਂਦੇ ਹਨ।

ਏਡਜ਼ ਵਰਗੀਆਂ ਜਿਨਸੀ ਬੀਮਾਰੀਆਂ ਦੇ ਡਰ ਕਰਕੇ ਗਾਹਕ ਬੱਚੀਆਂ ਲਈ ਉੱਚੀ ਕੀਮਤ ਦੇਣ ਲਈ ਤਿਆਰ ਹੁੰਦੇ ਹਨ ਕਿਉਂਕਿ ਲੋਕਾਂ ਦਾ ਮੰਨਣਾ ਹੈ ਕਿ ਕੁਆਰੀਆਂ ਹੋਣ ਕਰਕੇ ਬੱਚੀਆਂ ਨੂੰ ਇਹ ਬੀਮਾਰੀਆਂ ਨਹੀਂ ਹੁੰਦੀਆਂ। ਬ੍ਰਾਜ਼ੀਲ ਦੇ ਨਿਆਂ ਮੰਤਰਾਲੇ ਦੀ ਇਕ ਮੈਂਬਰ ਲੂਈਜ਼ਾ ਨਜ਼ੀਬ ਅਲੂਫ਼ ਦੱਸਦੀ ਹੈ: “ਏਡਜ਼ ਦੇ ਖ਼ੌਫ਼ ਕਰਕੇ ਬੰਦੇ ਹੁਣ ਛੋਟੀ ਤੋਂ ਛੋਟੀ ਉਮਰ ਦੇ ਮੁੰਡੇ-ਕੁੜੀਆਂ ਨਾਲ ਸਹਿਵਾਸ ਕਰਨ ਲੱਗ ਪਏ ਹਨ ਜਿਸ ਕਰਕੇ ਸਮੱਸਿਆ ਹੋਰ ਗੰਭੀਰ ਹੋ ਗਈ ਹੈ। ਬੱਚੀਆਂ ਅਤੇ ਜਵਾਨ ਕੁੜੀਆਂ ਦਾ ਲਿੰਗੀ ਸ਼ੋਸ਼ਣ ਇਸ ਸਮੇਂ ਬ੍ਰਾਜ਼ੀਲ ਦੀਆਂ ਗ਼ਰੀਬ ਔਰਤਾਂ ਦੀ ਸਭ ਤੋਂ ਵੱਡੀ ਸਮਾਜਕ ਸਮੱਸਿਆ ਹੈ।”

ਗ਼ਰੀਬੀ ਅਤੇ ਬਾਲ ਵੇਸਵਾ-ਗਮਨ

ਗ਼ਰੀਬੀ ਅਤੇ ਦੁੱਖ-ਭਰੇ ਮਾਹੌਲ ਵਿਚ ਬਾਲ ਵੇਸਵਾ-ਗਮਨ ਦਾ ਬੋਲ-ਬਾਲਾ ਹੁੰਦਾ ਹੈ। ਇਕ ਸਰਕਾਰੀ ਅਧਿਕਾਰੀ ਕਹਿੰਦੀ ਹੈ ਕਿ ਉਸ ਦੇ ਦੇਸ਼ ਵਿਚ “ਟੁੱਟੇ ਪਰਿਵਾਰ, ਦੁੱਖ ਅਤੇ ਭੁੱਖ” ਬੱਚਿਆਂ ਦੇ ਸ਼ੋਸ਼ਣ ਅਤੇ ਵੇਸਵਾ-ਗਮਨ ਦੇ ਮੁੱਖ ਕਾਰਨ ਹੁੰਦੇ ਹਨ। ਕੁਝ ਮਾਤਾ-ਪਿਤਾ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੀ ਗ਼ਰੀਬੀ ਤੋਂ ਮਜਬੂਰ ਹੋ ਕੇ ਆਪਣੀਆਂ ਬੱਚੀਆਂ ਨੂੰ ਵੇਸਵਾਵਾਂ ਬਣਾਇਆ ਸੀ। ਸੜਕਾਂ ਤੇ ਜ਼ਿੰਦਗੀ ਕੱਟਣ ਵਾਲੇ ਬੱਚੇ ਆਪਣਾ ਪੇਟ ਪਾਲਣ ਲਈ ਆਪਣਾ ਸਰੀਰ ਵੇਚਦੇ ਹਨ।

ਓ ਐਸਟਾਡੋ ਡੇ ਸਾਓ ਪੌਲੋ ਅਖ਼ਬਾਰ ਦੱਸਦੀ ਹੈ ਕਿ ਜਦੋਂ ਕੋਈ ਕੁੜੀ ਸੜਕ-ਛਾਪ ਗੈਂਗ ਦੀ ਮੈਂਬਰ ਬਣਦੀ ਹੈ, ਤਾਂ ਉਹ ਆਖ਼ਰਕਾਰ ਵੇਸਵਾ ਬਣ ਜਾਂਦੀ ਹੈ। ਆਪਣਾ ਢਿੱਡ ਪਾਲਣ ਲਈ ਪਹਿਲਾਂ ਤਾਂ ਉਹ ਚੋਰੀ-ਚਕਾਰੀ ਕਰਦੀ ਹੈ ਅਤੇ ਇਕ-ਅੱਧ ਵਾਰ ਆਪਣਾ ਜਿਸਮ ਵੇਚਦੀ ਹੈ। ਪਰ ਬਾਅਦ ਵਿਚ ਵੇਸਵਾ-ਗਮਨ ਹੀ ਉਸ ਦਾ ਪੇਸ਼ਾ ਬਣ ਜਾਂਦਾ ਹੈ।

ਕਦੇ-ਕਦੇ ਜਵਾਨ ਕੁੜੀਆਂ ਨੂੰ ਵੇਸਵਾਵਾਂ ਦੇ ਤੌਰ ਤੇ ਦੂਸਰੇ ਦੇਸ਼ਾਂ ਵਿਚ ਭੇਜਿਆ ਜਾਂਦਾ ਹੈ। ਯੂਨੈਸਕੋ ਸੋਰਸਿਸ ਦੀ ਇਕ ਰਿਪੋਰਟ ਦੱਸਦੀ ਹੈ: “ਪਰਵਾਸੀ ਵੇਸਵਾਵਾਂ ਆਪਣੀ ਕਮਾਈ ਵਾਪਸ ਆਪਣੇ ਘਰ ਭੇਜਦੀਆਂ ਹਨ ਜੋ ਕਿ ਕੁਝ ਏਸ਼ੀਆਈ ਤੇ ਅਫ਼ਰੀਕੀ ਦੇਸ਼ਾਂ ਦੇ ਗ਼ਰੀਬ ਲੋਕਾਂ ਲਈ ਕਾਫ਼ੀ ਸਾਰਾ ਪੈਸਾ ਹੁੰਦਾ ਹੈ। ਇਨ੍ਹਾਂ ਦੇਸ਼ਾਂ ਵਿਚ ਵੇਸਵਾ-ਗਮਨ ਇਸ ਲਈ ਵੀ ਵਧਦਾ ਜਾ ਰਿਹਾ ਹੈ ਕਿਉਂਕਿ ਅਮੀਰ ਦੇਸ਼ਾਂ ਤੋਂ ਲੋਕ ਨੌਜਵਾਨ ਮੁੰਡੇ-ਕੁੜੀਆਂ ਅਤੇ ਬੱਚੀਆਂ ਦੀਆਂ ‘ਸੇਵਾਵਾਂ’ ਹਾਸਲ ਕਰਨ ਦੇ ਉਦੇਸ਼ ਨਾਲ ਇੱਥੇ ਆਉਂਦੇ ਹਨ।”

ਇਕ ਲਾਤੀਨੀ-ਅਮਰੀਕੀ ਸ਼ਹਿਰ ਵਿਚ ਸੜਕਾਂ ਤੇ ਧੰਦਾ ਕਰਨ ਵਾਲੀਆਂ ਬੱਚੀਆਂ ਨੂੰ ਜਿਹੜੇ ਖ਼ਤਰਿਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਇਨ੍ਹਾਂ ਬਾਰੇ ਦੱਸਦੇ ਹੋਏ ਟਾਈਮ ਰਸਾਲਾ ਕਹਿੰਦਾ ਹੈ: “ਕੁਝ ਵੇਸਵਾਵਾਂ ਤਾਂ ਮਸਾਂ 12 ਸਾਲਾਂ ਦੀਆਂ ਹਨ। ਇਹ ਬੱਚੀਆਂ ਅਕਸਰ ਟੁੱਟੇ ਪਰਿਵਾਰਾਂ ਤੋਂ ਭੱਜ ਕੇ ਸੜਕਾਂ ਤੇ ਰਹਿਣ ਲੱਗਦੀਆਂ ਹਨ। ਉਹ ਦਿਨ ਵੇਲੇ ਕਿਧਰੇ ਵੀ ਜਗ੍ਹਾ ਲੱਭ ਕੇ ਸੌਂ ਜਾਂਦੀਆਂ ਹਨ ਅਤੇ ਰਾਤ ਨੂੰ ਡਿਸਕੋ ਵਰਗੀਆਂ ਥਾਵਾਂ ਦਾ ਚੱਕਰ ਲਾਉਂਦੀਆਂ ਹਨ ਜਿੱਥੇ ਮਲਾਹ ਦਿਲ-ਪਰਚਾਵਿਆਂ ਦੀ ਭਾਲ ਵਿਚ ਆਉਂਦੇ ਹਨ।”

ਕਦੇ-ਕਦੇ ਬਾਲ ਵੇਸਵਾਵਾਂ ਨੂੰ ਨਸ਼ੀਲੀਆਂ ਦਵਾਈਆਂ ਦੇ ਕੇ ਉਨ੍ਹਾਂ ਨਾਲ ਅਜਿਹਾ ਦੁਰਵਿਵਹਾਰ ਕੀਤਾ ਜਾਂਦਾ ਹੈ ਜੋ ਉਹ ਹੋਸ਼ ਵਿਚ ਰਹਿੰਦੀਆਂ ਆਪਣੇ ਨਾਲ ਕਦੀ ਵੀ ਨਾ ਹੋਣ ਦਿੰਦੀਆਂ। ਮਿਸਾਲ ਲਈ, ਵੇਜ਼ਾ ਰਸਾਲਾ ਦੱਸਦਾ ਹੈ ਕਿ ਪੁਲਸ ਨੂੰ ਇਕ ਡਾਕਟਰ ਕੋਲੋਂ 92 ਵਿਡਿਓ ਟੇਪਾਂ ਮਿਲੀਆਂ ਜੋ ਉਸ ਨੇ 50 ਤੋਂ ਜ਼ਿਆਦਾ ਔਰਤਾਂ, ਜਿਨ੍ਹਾਂ ਵਿੱਚੋਂ ਕੁਝ ਅੱਲ੍ਹੜ ਉਮਰ ਦੀਆਂ ਸਨ, ਨੂੰ ਤਸੀਹੇ ਦੇਣ ਵੇਲੇ ਬਣਾਈਆਂ ਸਨ।

ਇਸ ਭਿਆਨਕ ਹਕੀਕਤ ਦੇ ਬਾਵਜੂਦ, ਇਕ ਜਵਾਨ ਵੇਸਵਾ ਨੇ ਕਿਹਾ: “ਜੇ ਮੈਂ ਕੰਮ ਲੱਭਣ ਦੀ ਕੋਸ਼ਿਸ਼ ਕਰਾਂ ਵੀ, ਤਾਂ ਮੈਨੂੰ ਆਪਣਾ ਢਿੱਡ ਭਰਨ ਜੋਗਾ ਕੰਮ ਨਹੀਂ ਮਿਲਣਾ ਕਿਉਂਕਿ ਮੈਨੂੰ ਕੋਈ ਹੋਰ ਕੰਮ ਨਹੀਂ ਆਉਂਦਾ। ਮੇਰੇ ਪਰਿਵਾਰ ਨੂੰ ਮੇਰੇ ਪੇਸ਼ੇ ਬਾਰੇ ਸਭ ਕੁਝ ਪਤਾ ਹੈ। ਮੈਂ ਇਹ ਪੇਸ਼ਾ ਛੱਡਣਾ ਨਹੀਂ ਚਾਹੁੰਦੀ। ਇਹ ਮੇਰਾ ਆਪਣਾ ਜਿਸਮ ਹੈ ਅਤੇ ਮੈਂ ਇਸ ਨਾਲ ਜੋ ਚਾਹਾਂ ਕਰ ਸਕਦੀ ਹਾਂ।”

ਪਰ ਸੱਚਾਈ ਤਾਂ ਇਹ ਹੈ ਕਿ ਇਨ੍ਹਾਂ ਕੁੜੀਆਂ ਨੇ ਵੇਸਵਾ ਬਣਨ ਬਾਰੇ ਕਦੇ ਸੋਚਿਆ ਵੀ ਨਹੀਂ ਸੀ। ਇਕ ਸਮਾਜ-ਸੇਵਕਾ ਦਾ ਕਹਿਣਾ ਹੈ ਕਿ ਕਈ ਜਵਾਨ ਵੇਸਵਾਵਾਂ “ਵਿਆਹ ਕਰਾਉਣਾ ਚਾਹੁੰਦੀਆਂ ਹਨ” ਅਤੇ ਆਪਣੇ ਸੁਪਨਿਆਂ ਦੇ “ਰਾਜਕੁਮਾਰ” ਦੀ ਉਡੀਕ ਕਰਦੀਆਂ ਹਨ। ਅਜਿਹੇ ਕਈ ਗੁੰਝਲਦਾਰ ਹਾਲਾਤ ਹਨ ਜੋ ਇਨ੍ਹਾਂ ਨੂੰ ਵੇਸਵਾ ਦੀ ਜ਼ਿੰਦਗੀ ਅਪਣਾਉਣ ਲਈ ਮਜਬੂਰ ਕਰਦੇ ਹਨ, ਪਰ ਇਕ ਖੋਜਕਾਰ ਕਹਿੰਦਾ ਹੈ ਕਿ “ਸਭ ਤੋਂ ਦੁੱਖ ਤੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜ਼ਿਆਦਾਤਰ ਕੁੜੀਆਂ ਨਾਲ ਆਪਣੇ ਹੀ ਘਰ ਵਿਚ ਬਲਾਤਕਾਰ ਕੀਤਾ ਗਿਆ ਸੀ।”

ਬਾਲ ਵੇਸਵਾ-ਗਮਨ ਦਾ ਅੰਤ?

ਫਿਰ ਵੀ, ਅਜਿਹੀ ਤਰਸਯੋਗ ਜ਼ਿੰਦਗੀ ਜੀ ਰਹੀਆਂ ਇਨ੍ਹਾਂ ਬੱਚੀਆਂ ਲਈ ਉਮੀਦ ਹੈ। ਵੱਖ-ਵੱਖ ਉਮਰ ਦੀਆਂ ਬਹੁਤ ਸਾਰੀਆਂ ਵੇਸਵਾਵਾਂ ਨੇ ਆਪਣੀਆਂ ਜ਼ਿੰਦਗੀਆਂ ਨੂੰ ਬਦਲਿਆ ਹੈ। (ਸਫ਼ਾ 7 ਉੱਤੇ “ਲੋਕ ਬਦਲ ਸਕਦੇ ਹਨ” ਡੱਬੀ ਦੇਖੋ।) ਦੁਨੀਆਂ ਭਰ ਵਿਚ, ਪਰਮੇਸ਼ੁਰ ਦੇ ਬਚਨ ਬਾਈਬਲ ਨੇ ਲੱਖਾਂ ਲੋਕਾਂ ਦੀ ਚੰਗੇ ਗੁਆਂਢੀ ਅਤੇ ਪਰਿਵਾਰ ਦੇ ਵਿਸ਼ਵਾਸਯੋਗ ਮੈਂਬਰ ਬਣਨ ਵਿਚ ਮਦਦ ਕੀਤੀ ਹੈ। ਉਨ੍ਹਾਂ ਲੋਕਾਂ ਬਾਰੇ ਜੋ ਪਹਿਲਾਂ ਹਰਾਮਕਾਰ, ਜ਼ਨਾਹਕਾਰ, ਚੋਰ, ਲੋਭੀ ਤੇ ਸ਼ਰਾਬੀ ਸਨ, ਅਸੀਂ ਪੜ੍ਹਦੇ ਹਾਂ: “ਤੁਹਾਡੇ ਵਿੱਚੋਂ ਕਈਕੁ ਏਹੋ ਜੇਹੇ ਸਨ ਪਰ ਪ੍ਰਭੁ ਯਿਸੂ ਮਸੀਹ ਦੇ ਨਾਮ ਤੋਂ ਅਤੇ ਸਾਡੇ ਪਰਮੇਸ਼ੁਰ ਦੇ ਆਤਮਾ ਤੋਂ ਤੁਸੀਂ ਧੋਤੇ ਗਏ ਅਰ ਤੁਸੀਂ ਪਵਿੱਤਰ ਕੀਤੇ ਗਏ ਅਰ ਤੁਸੀਂ ਧਰਮੀ ਠਹਿਰਾਏ ਗਏ।”—1 ਕੁਰਿੰਥੀਆਂ 6:9-11.

ਬਾਈਬਲ ਸਮਿਆਂ ਵਾਂਗ ਅੱਜ ਵੀ ਇਸ ਤਰ੍ਹਾਂ ਦੇ ਕਈ ਲੋਕ ਹਨ ਜਿਨ੍ਹਾਂ ਨੇ ਆਪਣੇ ਭੈੜੇ ਰਾਹ ਛੱਡੇ ਹਨ। ਪਰ ਫਿਰ ਵੀ, ਜਿਨਸੀ ਸ਼ੋਸ਼ਣ ਨੂੰ ਰੋਕਣ ਲਈ ਇੰਨਾ ਹੀ ਕਾਫ਼ੀ ਨਹੀਂ ਹੈ। ਕੁਝ ਸਰਕਾਰਾਂ ਅਤੇ ਸੰਸਥਾਵਾਂ ਸੈਕਸ ਟੂਰਿਜ਼ਮ ਅਤੇ ਬਾਲ ਵੇਸਵਾ-ਗਮਨ ਦੇ ਵਿਰੁੱਧ ਲੜ ਰਹੀਆਂ ਹਨ। ਪਰ ਹਕੀਕਤ ਤਾਂ ਇਹ ਹੈ ਕਿ ਇਨਸਾਨ ਇਨ੍ਹਾਂ ਦੁੱਖਾਂ ਅਤੇ ਗ਼ਰੀਬੀ ਨੂੰ ਹਟਾ ਨਹੀਂ ਸਕਦੇ। ਕਾਨੂੰਨ ਬਣਾਉਣ ਵਾਲੇ ਲੋਕ ਦੂਸਰਿਆਂ ਦੇ ਦਿਲਾਂ-ਦਿਮਾਗ਼ਾਂ ਵਿੱਚੋਂ ਗੰਦੇ ਵਿਚਾਰਾਂ ਅਤੇ ਭੈੜੇ ਰਵੱਈਏ ਨੂੰ ਕੱਢ ਨਹੀਂ ਸਕਦੇ ਜੋ ਇਸ ਸਮੱਸਿਆ ਦੀ ਜੜ੍ਹ ਹਨ।

ਪਰ ਇਕ ਅਜਿਹਾ ਜ਼ਰੀਆ ਹੈ ਜਿਸ ਦੁਆਰਾ ਇਹ ਸਾਰੀਆਂ ਸਮੱਸਿਆਵਾਂ ਦੂਰ ਕੀਤੀਆਂ ਜਾਣਗੀਆਂ। ਇਹ ਹੈ ਪਰਮੇਸ਼ੁਰ ਦਾ ਰਾਜ। ਅਗਲਾ ਲੇਖ ਇਸ ਬਾਰੇ ਹੋਰ ਜਾਣਕਾਰੀ ਦੇਵੇਗਾ। (g03 2/08)

[ਸਫ਼ੇ 6 ਉੱਤੇ ਸੁਰਖੀ]

ਬਾਲ ਵੇਸਵਾ-ਗਮਨ ਦਾ ਕਾਰਨ ਅਕਸਰ ਗ਼ਰੀਬੀ ਹੁੰਦਾ ਹੈ

[ਸਫ਼ੇ 6 ਉੱਤੇ ਡੱਬੀ]

ਬਹੁਤ ਵੱਡੀ ਕੀਮਤ

ਡੇਜ਼ੀ ਸਿਰਫ਼ ਛੇ ਸਾਲ ਦੀ ਸੀ ਜਦੋਂ ਉਸ ਦੇ ਇਕ ਭਰਾ ਨੇ ਉਸ ਨਾਲ ਬਲਾਤਕਾਰ ਕੀਤਾ। ਨਤੀਜੇ ਵਜੋਂ, ਉਹ ਆਪਣੇ ਵੱਡੇ ਭਰਾ ਕੋਲ ਰਹਿਣ ਲੱਗ ਪਈ। ਫਿਰ ਉਸ ਨੇ 14 ਸਾਲ ਦੀ ਉਮਰ ਵਿਚ ਇਕ ਨਾਈਟ ਕਲੱਬ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕੁਝ ਹੀ ਦਿਨਾਂ ਮਗਰੋਂ ਡੇਜ਼ੀ ਬੀਮਾਰ ਪੈ ਗਈ। ਜਦੋਂ ਉਸ ਦੀ ਤਬੀਅਤ ਠੀਕ ਹੋਈ, ਤਾਂ ਕਲੱਬ ਦੇ ਮਾਲਕਾਂ ਨੇ ਉਸ ਨੂੰ ਦੱਸਿਆ ਕਿ ਉਨ੍ਹਾਂ ਨੇ ਉਸ ਦੀ ਬੀਮਾਰੀ ਤੇ ਬਹੁਤ ਪੈਸਾ ਖ਼ਰਚਿਆ ਸੀ ਜੋ ਉਸ ਨੂੰ ਚੁਕਾਉਣਾ ਪਵੇਗਾ। ਇਹ ਕਰਜ਼ਾ ਉਤਾਰਨ ਲਈ ਡੇਜ਼ੀ ਨੂੰ ਮਜਬੂਰਨ ਵੇਸਵਾ ਬਣਨਾ ਪਿਆ। ਲਗਭਗ ਇਕ ਸਾਲ ਮਗਰੋਂ ਵੀ ਉਸ ਦਾ ਕਰਜ਼ਾ ਲੱਥਿਆ ਨਹੀਂ ਸੀ ਅਤੇ ਇੰਜ ਲੱਗਦਾ ਸੀ ਕਿ ਉਹ ਪੂਰੀ ਜ਼ਿੰਦਗੀ ਉਨ੍ਹਾਂ ਦੀ ਗ਼ੁਲਾਮੀ ਕਰਦੀ ਰਹੇਗੀ। ਪਰ ਫਿਰ ਇਕ ਮਲਾਹ ਨੇ ਉਸ ਦਾ ਬਾਕੀ ਦਾ ਕਰਜ਼ਾ ਚੁਕਾ ਦਿੱਤਾ ਅਤੇ ਉਸ ਨੂੰ ਕੋਈ ਹੋਰ ਸ਼ਹਿਰ ਲੈ ਗਿਆ। ਉਸ ਨੇ ਵੀ ਡੇਜ਼ੀ ਨਾਲ ਗ਼ੁਲਾਮਾਂ ਵਰਗਾ ਸਲੂਕ ਕੀਤਾ। ਆਖ਼ਰਕਾਰ ਡੇਜ਼ੀ ਨੇ ਉਸ ਨੂੰ ਛੱਡ ਦਿੱਤਾ ਅਤੇ ਕੁਝ ਸਮੇਂ ਮਗਰੋਂ ਇਕ ਹੋਰ ਆਦਮੀ ਨਾਲ ਰਹਿਣ ਲੱਗ ਪਈ। ਉਹ ਉਸ ਆਦਮੀ ਨਾਲ ਤਿੰਨ ਸਾਲ ਤਕ ਰਹੀ ਜਿਸ ਮਗਰੋਂ ਉਨ੍ਹਾਂ ਨੇ ਆਪਸ ਵਿਚ ਵਿਆਹ ਕਰਾ ਲਿਆ। ਘਰ ਵਿਚ ਕਲੇਸ਼ ਰਹਿਣ ਕਰਕੇ ਡੇਜ਼ੀ ਨੇ ਤਿੰਨ ਵਾਰੀ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ।

ਬਾਅਦ ਵਿਚ ਡੇਜ਼ੀ ਅਤੇ ਉਸ ਦੇ ਪਤੀ ਨੇ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕੀਤਾ। ਪਰ ਉਹ ਸੋਚਦੀ ਸੀ ਕਿ ਉਹ ਯਹੋਵਾਹ ਦੀ ਗਵਾਹ ਬਣਨ ਦੇ ਯੋਗ ਨਹੀਂ ਸੀ। ਜਦੋਂ ਉਸ ਨੂੰ ਬਾਈਬਲ ਵਿੱਚੋਂ ਦਿਖਾਇਆ ਗਿਆ ਕਿ ਯਹੋਵਾਹ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਕਬੂਲ ਕਰਦਾ ਹੈ ਜੋ ਆਪਣੇ ਆਪ ਨੂੰ ਬਦਲ ਲੈਂਦੇ ਹਨ, ਤਾਂ ਡੇਜ਼ੀ ਨੇ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰ ਦਿੱਤੀ। ਉਸ ਨੇ ਸਹੀ ਕੰਮ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕੀਤੀ, ਪਰ ਫਿਰ ਵੀ ਉਸ ਨੂੰ ਲੱਗਦਾ ਸੀ ਕਿ ਉਹ ਪਰਮੇਸ਼ੁਰ ਨੂੰ ਖ਼ੁਸ਼ ਨਹੀਂ ਕਰ ਰਹੀ ਸੀ। ਸਿੱਟੇ ਵਜੋਂ, ਉਹ ਬਹੁਤ ਹੀ ਉਦਾਸ ਹੋ ਜਾਂਦੀ ਸੀ। ਬਲਾਤਕਾਰ ਅਤੇ ਵੇਸਵਾ ਦੀ ਜ਼ਿੰਦਗੀ ਜੀਉਣ ਕਰਕੇ ਉਸ ਦੀਆਂ ਭਾਵਨਾਵਾਂ ਨੂੰ ਗਹਿਰੀ ਸੱਟ ਲੱਗੀ ਸੀ, ਪਰ ਖ਼ੁਸ਼ੀ ਦੀ ਗੱਲ ਹੈ ਕਿ ਦੂਸਰਿਆਂ ਦੀ ਮਦਦ ਨਾਲ ਉਸ ਦੇ ਜ਼ਖ਼ਮ ਭਰ ਰਹੇ ਹਨ।

[ਸਫ਼ੇ 7 ਉੱਤੇ ਡੱਬੀ]

ਲੋਕ ਬਦਲ ਸਕਦੇ ਹਨ

ਜਦੋਂ ਯਿਸੂ ਮਸੀਹ ਧਰਤੀ ਉੱਤੇ ਸੀ, ਤਾਂ ਉਸ ਨੂੰ ਦੁਖੀ ਤੇ ਪਾਪੀ ਇਨਸਾਨਾਂ ਨਾਲ ਬੜੀ ਹਮਦਰਦੀ ਸੀ। ਉਹ ਜਾਣਦਾ ਸੀ ਕਿ ਹਰ ਉਮਰ ਦੀਆਂ ਵੇਸਵਾਵਾਂ ਆਪਣੀ ਜ਼ਿੰਦਗੀ ਨੂੰ ਬਦਲ ਸਕਦੀਆਂ ਸਨ। ਯਿਸੂ ਨੇ ਧਾਰਮਿਕ ਆਗੂਆਂ ਨੂੰ ਤਾਂ ਇਹ ਵੀ ਕਹਿ ਦਿੱਤਾ ਸੀ: “ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਮਸੂਲੀਏ ਅਤੇ ਕੰਜਰੀਆਂ ਤੁਹਾਡੇ ਨਾਲੋਂ ਪਹਿਲਾਂ ਪਰਮੇਸ਼ੁਰ ਦੇ ਰਾਜ ਵਿੱਚ ਜਾਂਦੇ ਹਨ।” (ਮੱਤੀ 21:31) ਆਪਣੇ ਜੀਵਨ-ਢੰਗ ਕਰਕੇ ਸਮਾਜ ਵੱਲੋਂ ਦੁਰਕਾਰੀਆਂ ਗਈਆਂ ਇਨ੍ਹਾਂ ਪਸ਼ਚਾਤਾਪੀ ਤੀਵੀਆਂ ਨੇ ਪਰਮੇਸ਼ੁਰ ਦੇ ਪੁੱਤਰ ਵਿਚ ਨਿਹਚਾ ਕਰ ਕੇ ਆਪਣੇ ਪਾਪਾਂ ਦੀ ਮਾਫ਼ੀ ਹਾਸਲ ਕੀਤੀ। ਉਹ ਪਰਮੇਸ਼ੁਰ ਦੇ ਰਾਜ ਦੀਆਂ ਬਰਕਤਾਂ ਹਾਸਲ ਕਰਨ ਲਈ ਆਪਣੀ ਵੇਸਵਾ ਦੀ ਜ਼ਿੰਦਗੀ ਛੱਡ ਕੇ ਪਰਮੇਸ਼ੁਰ ਦੇ ਧਰਮੀ ਮਿਆਰਾਂ ਅਨੁਸਾਰ ਜੀਉਣ ਲਈ ਤਿਆਰ ਸਨ। ਅੱਜ ਵੀ ਹਰ ਪ੍ਰਕਾਰ ਦੇ ਲੋਕ ਪਰਮੇਸ਼ੁਰ ਦੇ ਬਚਨ ਵਿਚ ਦਿੱਤੀਆਂ ਸਿੱਖਿਆਵਾਂ ਨੂੰ ਸਵੀਕਾਰ ਕਰ ਰਹੇ ਹਨ ਅਤੇ ਆਪਣੀਆਂ ਜ਼ਿੰਦਗੀਆਂ ਬਦਲ ਰਹੇ ਹਨ।

ਪਹਿਲੇ ਲੇਖ ਵਿਚ ਜ਼ਿਕਰ ਕੀਤੀਆਂ ਗਈਆਂ ਮੀਨਾ, ਕਾਜਲ ਅਤੇ ਇੰਦਰਾ ਦੇ ਤਜਰਬਿਆਂ ਉੱਤੇ ਗੌਰ ਕਰੋ। ਮੀਨਾ ਨੂੰ ਨਾ ਸਿਰਫ਼ ਵੇਸਵਾ ਦੀ ਜ਼ਿੰਦਗੀ ਛੱਡਣ ਲਈ ਆਪਣੀ ਮਾਂ ਦੇ ਜ਼ਬਰਦਸਤ ਵਿਰੋਧ ਦਾ ਸਾਮ੍ਹਣਾ ਕਰਨਾ ਪਿਆ, ਸਗੋਂ ਨਸ਼ੇ ਛੱਡਣ ਲਈ ਵੀ ਉਸ ਨੂੰ ਸਖ਼ਤ ਸੰਘਰਸ਼ ਕਰਨਾ ਪਿਆ। ਉਹ ਦੱਸਦੀ ਹੈ: “ਇਕ ਵੇਸਵਾ ਦੀ ਜ਼ਿੰਦਗੀ ਜੀਉਣ ਕਰਕੇ ਮੇਰੇ ਵਿਚ ਹੀਣ-ਭਾਵਨਾ ਪੈਦਾ ਹੋ ਗਈ ਸੀ ਅਤੇ ਇਸ ਨੂੰ ਭੁਲਾਉਣ ਲਈ ਮੈਂ ਨਸ਼ੇ ਦਾ ਸਹਾਰਾ ਲੈਂਦੀ ਸੀ।” ਜਦੋਂ ਉਹ ਯਹੋਵਾਹ ਦੇ ਗਵਾਹਾਂ ਦੀਆਂ ਮਸੀਹੀ ਸਭਾਵਾਂ ਵਿਚ ਗਈ, ਤਾਂ ਸਾਰਿਆਂ ਨੇ ਉਸ ਦਾ ਕਿੱਦਾਂ ਸੁਆਗਤ ਕੀਤਾ? ਇਸ ਬਾਰੇ ਮੀਨਾ ਦੱਸਦੀ ਹੈ: “ਕਲੀਸਿਯਾ ਦੇ ਮੈਂਬਰਾਂ ਦਾ ਪਿਆਰ ਦੇਖ ਕੇ ਮੈਂ ਹੈਰਾਨ ਰਹਿ ਗਈ। ਵੱਡੇ-ਛੋਟੇ ਸਾਰੇ ਹੀ ਮੇਰੇ ਨਾਲ ਬੜੇ ਅਦਬ ਨਾਲ ਪੇਸ਼ ਆਏ। ਮੈਂ ਦੇਖਿਆ ਕਿ ਵਿਆਹੇ ਹੋਏ ਆਦਮੀ ਆਪਣੀਆਂ ਪਤਨੀਆਂ ਪ੍ਰਤੀ ਵਫ਼ਾਦਾਰ ਸਨ। ਮੈਂ ਬਹੁਤ ਹੀ ਖ਼ੁਸ਼ ਹਾਂ ਕਿ ਸਾਰੇ ਲੋਕਾਂ ਨੇ ਮੇਰੇ ਵੱਲ ਦੋਸਤੀ ਦਾ ਹੱਥ ਵਧਾਇਆ।”

ਕਾਜਲ ਜਦੋਂ 17 ਸਾਲ ਦੀ ਸੀ, ਤਾਂ ਉਸ ਨੂੰ ਯਹੋਵਾਹ ਦੇ ਗਵਾਹ ਮਿਲੇ। ਉਸ ਨੇ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ, ਪਰ ਫਿਰ ਵੀ ਉਹ ਕੁਝ ਸਮੇਂ ਤਕ ਵੇਸਵਾ ਵਜੋਂ ਕੰਮ ਕਰਦੀ ਰਹੀ। ਹੌਲੀ-ਹੌਲੀ ਉਸ ਨੂੰ ਬਾਈਬਲ ਦੀਆਂ ਸਿੱਖਿਆਵਾਂ ਦੇ ਮੁੱਲ ਦਾ ਅਹਿਸਾਸ ਹੋਣ ਲੱਗਾ। ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਉਹ ਦੂਰ ਕਿਸੇ ਹੋਰ ਸ਼ਹਿਰ ਚਲੇ ਗਈ ਜਿੱਥੇ ਉਹ ਯਹੋਵਾਹ ਦੀ ਇਕ ਗਵਾਹ ਬਣ ਗਈ।

ਇੰਦਰਾ ਨੇ ਛੋਟੀ ਉਮਰ ਵਿਚ ਹੀ ਵੇਸਵਾ ਦਾ ਪੇਸ਼ਾ ਅਪਣਾ ਲਿਆ ਸੀ। ਐਸ਼ਪਰਸਤੀ ਅਤੇ ਸ਼ਰਾਬ ਉਸ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੀਆਂ ਸਨ। ਪਰ ਫਿਰ ਇੰਦਰਾ ਨੇ ਬਾਈਬਲ ਸਿੱਖਣੀ ਸ਼ੁਰੂ ਕਰ ਦਿੱਤੀ, ਭਾਵੇਂ ਕਿ ਉਹ ਸੋਚਦੀ ਸੀ ਕਿ ਪਰਮੇਸ਼ੁਰ ਕਦੇ ਵੀ ਉਸ ਨੂੰ ਮਾਫ਼ ਨਹੀਂ ਕਰੇਗਾ। ਹੌਲੀ-ਹੌਲੀ ਇੰਦਰਾ ਨੂੰ ਅਹਿਸਾਸ ਹੋਇਆ ਕਿ ਯਹੋਵਾਹ ਪਰਮੇਸ਼ੁਰ ਪਸ਼ਚਾਤਾਪੀ ਪਾਪੀਆਂ ਨੂੰ ਮਾਫ਼ ਕਰਦਾ ਹੈ। ਉਹ ਹੁਣ ਮਸੀਹੀ ਕਲੀਸਿਯਾ ਦੀ ਇਕ ਮੈਂਬਰ ਹੈ। ਉਸ ਦਾ ਵਿਆਹ ਹੋ ਚੁੱਕਾ ਹੈ ਅਤੇ ਉਸ ਦੇ ਤਿੰਨ ਬੱਚੇ ਹਨ। ਇੰਦਰਾ ਕਹਿੰਦੀ ਹੈ: “ਮੈਂ ਬਹੁਤ ਹੀ ਖ਼ੁਸ਼ ਹਾਂ ਅਤੇ ਯਹੋਵਾਹ ਦਾ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਸ ਨੇ ਮੈਨੂੰ ਚਿੱਕੜ ਵਿੱਚੋਂ ਕੱਢ ਕੇ ਆਪਣੇ ਸਾਫ਼ ਸੰਗਠਨ ਵਿਚ ਥਾਂ ਦਿੱਤੀ ਹੈ।”

ਇਹ ਤਜਰਬੇ ਦਿਖਾਉਂਦੇ ਹਨ ਕਿ ਬਾਈਬਲ ਦਾ ਇਹ ਵਾਕ ਸੱਚ ਹੈ ਕਿ ਪਰਮੇਸ਼ੁਰ ਚਾਹੁੰਦਾ ਹੈ ਕਿ “ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।”—1 ਤਿਮੋਥਿਉਸ 2:4.

[ਸਫ਼ੇ 7 ਉੱਤੇ ਤਸਵੀਰ]

ਬਾਲ ਵੇਸਵਾਵਾਂ ਅਕਸਰ ਨਸ਼ਿਆਂ ਦੀਆਂ ਵੀ ਸ਼ਿਕਾਰ ਹੁੰਦੀਆਂ ਹਨ

[ਸਫ਼ੇ 5 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

© Jan Banning/Panos Pictures, 1997