ਮੈਂ ਨਫ਼ਰਤ ਦੀਆਂ ਜ਼ੰਜੀਰਾਂ ਨੂੰ ਤੋੜ ਸੁੱਟਿਆ
ਮੈਂ ਨਫ਼ਰਤ ਦੀਆਂ ਜ਼ੰਜੀਰਾਂ ਨੂੰ ਤੋੜ ਸੁੱਟਿਆ
ਹੋਸੇ ਗੋਮੇਜ਼ ਦੀ ਜ਼ਬਾਨੀ
ਮੇਰਾ ਜਨਮ 8 ਸਤੰਬਰ 1964 ਨੂੰ ਫ਼ਰਾਂਸ ਦੇ ਦੱਖਣੀ ਹਿੱਸੇ ਵਿਚ ਸਥਿਤ ਰੌਨੀਅਕ ਨਾਂ ਦੇ ਛੋਟੇ ਜਿਹੇ ਕਸਬੇ ਵਿਚ ਹੋਇਆ ਸੀ। ਮੇਰੇ ਮਾਤਾ-ਪਿਤਾ, ਦਾਦਾ-ਦਾਦੀ ਤੇ ਨਾਨਾ-ਨਾਨੀ ਸਾਰੇ ਹੀ ਐਨਡੁਲੂਸੀਅਨ ਮੂਲ ਦੇ ਜਿਪਸੀ ਯਾਨੀ ਵਣਜਾਰੇ ਸਨ। ਉਹ ਉੱਤਰੀ ਅਫ਼ਰੀਕਾ ਦੇ ਅਲਜੀਰੀਆ ਅਤੇ ਮੋਰਾਕੋ ਦੇ ਜੰਮਪਲ ਸਨ। ਆਮ ਤੌਰ ਤੇ ਜਿਪਸੀ ਲੋਕਾਂ ਦੇ ਵੱਡੇ ਅਤੇ ਸਾਂਝੇ ਪਰਿਵਾਰ ਹੁੰਦੇ ਹਨ ਅਤੇ ਸਾਡਾ ਪਰਿਵਾਰ ਵੀ ਕੋਈ ਵੱਖਰਾ ਨਹੀਂ ਸੀ।
ਮੇਰੇ ਪਿਤਾ ਜੀ ਬੜੇ ਹੀ ਗੁੱਸੇ ਤੇ ਹਿੰਸਕ ਸੁਭਾਅ ਦੇ ਆਦਮੀ ਸਨ ਅਤੇ ਮੈਨੂੰ ਅਜੇ ਵੀ ਯਾਦ ਹੈ ਕਿ ਉਹ ਮੇਰੇ ਮਾਤਾ ਜੀ ਨੂੰ ਕਿੰਨਾ ਮਾਰਦੇ-ਕੁੱਟਦੇ ਹੁੰਦੇ ਸਨ। ਆਖ਼ਰ ਤੰਗ ਆ ਕੇ ਮੇਰੇ ਮਾਤਾ ਜੀ ਨੇ ਤਲਾਕ ਲੈਣ ਦਾ ਫ਼ੈਸਲਾ ਕੀਤਾ ਜੋ ਕਿ ਜਿਪਸੀ ਸਭਿਆਚਾਰ ਲਈ ਇਕ ਅਨੋਖੀ ਗੱਲ ਸੀ। ਮਾਤਾ ਜੀ ਮੈਨੂੰ, ਮੇਰੇ ਭਰਾ ਤੇ ਮੇਰੀ ਭੈਣ ਨੂੰ ਬੈਲਜੀਅਮ ਲੈ ਗਏ ਜਿੱਥੇ ਅਸੀਂ ਬੜੀ ਸ਼ਾਂਤੀ ਨਾਲ ਅਗਲੇ ਅੱਠ ਸਾਲ ਗੁਜ਼ਾਰੇ।
ਪਰ ਫਿਰ ਸਾਡੇ ਹਾਲਾਤ ਬਦਲੇ। ਅਸੀਂ ਆਪਣੇ ਪਿਤਾ ਜੀ ਨੂੰ ਮਿਲਣਾ ਚਾਹੁੰਦੇ ਸੀ, ਇਸ ਲਈ ਮਾਤਾ ਜੀ ਸਾਨੂੰ ਫ਼ਰਾਂਸ ਵਾਪਸ ਲੈ ਗਏ ਅਤੇ ਪਿਤਾ ਜੀ ਨਾਲ ਸੁਲ੍ਹਾ-ਸਫ਼ਾਈ ਕਰ ਲਈ। ਮੇਰੇ ਲਈ ਪਿਤਾ ਜੀ ਨਾਲ ਰਹਿਣਾ ਬੜਾ ਔਖਾ ਸੀ। ਬੈਲਜੀਅਮ ਵਿਚ ਮਾਤਾ ਜੀ ਜਿੱਥੇ ਵੀ ਜਾਂਦੇ, ਉਹ ਸਾਨੂੰ ਨਾਲ ਲੈ ਜਾਂਦੇ ਸਨ। ਪਰ ਇੱਥੇ ਪਿਤਾ ਜੀ ਦੇ ਪਰਿਵਾਰ ਵਿਚ ਇਹ ਅਸੂਲ ਸੀ ਕਿ ਮਰਦ ਸਿਰਫ਼ ਮਰਦਾਂ ਨਾਲ ਹੀ ਸੰਗਤ ਕਰਦੇ ਸਨ। ਉਨ੍ਹਾਂ ਦੇ ਪੁਰਸ਼-ਪ੍ਰਧਾਨ ਸਮਾਜ ਵਿਚ ਇਹ ਰਾਇ ਪ੍ਰਚਲਿਤ ਸੀ ਕਿ ਸਾਰੇ ਹੱਕ ਮਰਦਾਂ ਦੇ ਹਨ ਅਤੇ ਘਰ ਦੇ ਸਾਰੇ ਕੰਮ ਔਰਤਾਂ ਦੇ। ਮਿਸਾਲ ਲਈ ਇਕ ਵਾਰ ਰਾਤ ਦੇ ਖਾਣੇ ਤੋਂ ਬਾਅਦ ਜਦੋਂ ਮੈਂ ਭਾਂਡੇ ਧੋਣ ਵਿਚ ਭੂਆ ਜੀ ਦੀ ਮਦਦ ਕਰਨੀ ਚਾਹੀ, ਤਾਂ ਮੇਰੇ ਚਾਚਾ ਜੀ ਨੇ ਮੈਨੂੰ ਸਮਲਿੰਗੀ ਕਿਹਾ। ਉਨ੍ਹਾਂ ਦੇ ਪਰਿਵਾਰ ਵਿਚ ਸਿਰਫ਼ ਔਰਤਾਂ ਹੀ ਭਾਂਡੇ ਧੋਂਦੀਆਂ ਸਨ। ਹੌਲੀ-ਹੌਲੀ ਉਨ੍ਹਾਂ ਦੇ ਇਸ ਭੈੜੇ ਰਵੱਈਏ ਦਾ ਮੇਰੇ ਉੱਤੇ ਵੀ ਅਸਰ ਪੈਣ ਲੱਗਾ।
ਜਲਦੀ ਹੀ ਪਿਤਾ ਜੀ ਨੇ ਫਿਰ ਤੋਂ ਮੇਰੇ ਮਾਤਾ ਜੀ ਨੂੰ ਮਾਰਨ-ਕੁੱਟਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਕਈ ਵਾਰ ਜਦੋਂ ਮੈਂ ਤੇ ਮੇਰੇ ਭਰਾ ਨੇ ਮਾਤਾ ਜੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਤਾਂ ਪਿਤਾ ਜੀ ਉਲਟਾ ਸਾਨੂੰ ਹੀ ਕੁੱਟਣ ਲੱਗ ਪੈਂਦੇ ਸਨ। ਉਨ੍ਹਾਂ ਦੇ ਮੁੱਕਿਆਂ ਤੋਂ ਬਚਣ ਲਈ ਸਾਨੂੰ ਬਾਰੀ ਤੋਂ ਕੁੱਦ ਕੇ ਨੱਠਣਾ ਪੈਂਦਾ ਸੀ। ਪਿਤਾ ਜੀ ਤਾਂ ਮੇਰੀ ਭੈਣ ਨੂੰ ਵੀ ਕੁੱਟ ਦਿੰਦੇ ਸਨ। ਨਤੀਜੇ ਵਜੋਂ, ਮੈਂ ਜ਼ਿਆਦਾ ਸਮਾਂ ਘਰੋਂ ਬਾਹਰ ਹੀ ਰਹਿੰਦਾ ਸੀ। ਉਦੋਂ ਮੈਂ ਪੰਦਰਾਂ ਸਾਲਾਂ ਦਾ ਹੋ ਚੁੱਕਾ ਸੀ, ਪਰ ਮੈਨੂੰ ਆਪਣੀ ਜ਼ਿੰਦਗੀ ਵਿਚ ਕੋਈ ਮੰਜ਼ਲ ਨਜ਼ਰ ਨਹੀਂ ਆ ਰਹੀ ਸੀ।
ਮੈਂ ਆਪਣੇ ਹਿੰਸਕ ਸੁਭਾਅ ਕਰਕੇ ਆਪਣੇ ਕਬੀਲੇ ਵਿਚ ਬਦਨਾਮ ਹੋ ਗਿਆ। ਦੂਸਰਿਆਂ ਉੱਤੇ ਰੋਹਬ ਪਾ ਕੇ ਮੈਨੂੰ ਬੜਾ ਮਜ਼ਾ ਆਉਂਦਾ ਸੀ। ਕਦੀ-ਕਦੀ ਤਾਂ ਮੈਂ ਜਾਣ-ਬੁੱਝ ਕੇ ਦੂਸਰੇ ਮੁੰਡਿਆਂ ਨਾਲ ਪੰਗਾ ਲੈਂਦਾ ਸੀ, ਪਰ ਬਹੁਤ ਘੱਟ ਮੁੰਡੇ ਮੇਰੇ ਨਾਲ ਲੜਨ ਲਈ ਤਿਆਰ ਹੁੰਦੇ ਸਨ ਕਿਉਂਕਿ ਮੈਂ ਅਕਸਰ ਆਪਣੇ ਕੋਲ ਚਾਕੂ ਜਾਂ ਜ਼ੰਜੀਰ ਰੱਖਦਾ ਸੀ। ਕੁਝ ਸਮੇਂ ਬਾਅਦ ਮੈਂ ਕਾਰਾਂ ਚੋਰੀ ਕਰ ਕੇ ਵੇਚਣ ਦਾ ਧੰਦਾ ਸ਼ੁਰੂ ਕਰ ਦਿੱਤਾ। ਕਦੇ-ਕਦੇ ਮੈਂ ਦਿਲ-ਪਰਚਾਵੇ ਲਈ ਕਾਰਾਂ ਨੂੰ ਅੱਗ ਲਾ ਦਿੰਦਾ ਸੀ ਅਤੇ ਫਿਰ ਬੈਠ ਕੇ ਫ਼ਾਇਰ-ਬ੍ਰਿਗੇਡ ਨੂੰ ਅੱਗ ਬੁਝਾਉਂਦੇ ਦੇਖਦਾ ਸੀ। ਬਾਅਦ ਵਿਚ ਮੈਂ ਦੁਕਾਨਾਂ ਤੇ ਗੁਦਾਮਾਂ ਵਿਚ ਚੋਰੀ ਕਰਨੀ ਸ਼ੁਰੂ ਕਰ ਦਿੱਤੀ। ਮੈਂ ਕਈ ਵਾਰ ਜੇਲ੍ਹ ਗਿਆ ਅਤੇ ਹਰ ਵਾਰ ਮੈਂ ਮਦਦ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ!
ਹਾਂ, ਮੈਂ ਪਰਮੇਸ਼ੁਰ ਨੂੰ ਮੰਨਦਾ ਸੀ। ਬੈਲਜੀਅਮ ਵਿਚ ਮੈਂ ਇਕ ਕ੍ਰਿਸਚੀਅਨ ਸਕੂਲ ਵਿਚ ਪੜ੍ਹਿਆ ਸੀ। ਇਸ ਲਈ ਮੈਨੂੰ ਪਤਾ ਸੀ ਕਿ ਜੋ ਕੁਝ ਮੈਂ ਕਰ ਰਿਹਾ ਸੀ ਉਹ ਗ਼ਲਤ ਸੀ। ਪਰ ਫਿਰ ਵੀ ਮੈਂ ਗ਼ਲਤ ਕੰਮ ਕਰਨੇ ਨਾ ਛੱਡੇ। ਮੈਂ ਸੋਚਦਾ ਸੀ ਕਿ ਮੈਂ ਕਦੇ ਵੀ ਪ੍ਰਾਰਥਨਾ ਕਰ ਕੇ ਆਪਣੇ ਪਾਪਾਂ ਦੀ ਮਾਫ਼ੀ ਪਾ ਸਕਦਾ ਸੀ।
ਸਾਲ 1984 ਵਿਚ ਮੈਨੂੰ ਚੋਰੀ ਦੇ ਜੁਰਮ ਵਿਚ 11 ਮਹੀਨੇ ਦੀ ਸਜ਼ਾ ਸੁਣਾਈ ਗਈ। ਇਹ ਸਜ਼ਾ ਮੈਂ ਮਾਰਸੇਲਜ਼ ਦੀ ਬੋਮੈੱਟ ਜੇਲ੍ਹ ਵਿਚ ਕੱਟੀ। ਉੱਥੇ ਮੈਂ ਆਪਣੇ ਸਰੀਰ ਦੇ ਵੱਖ-ਵੱਖ ਅੰਗਾਂ ਉੱਤੇ ਗੋਦਨੇ ਗੁੰਦਵਾਏ। ਸਰੀਰ ਦੇ ਇਕ ਹਿੱਸੇ ਤੇ ਮੈਂ “ਨਫ਼ਰਤ ਤੇ ਬਦਲਾ” ਸ਼ਬਦ ਗੁੰਦਵਾਏ
ਸਨ। ਗ਼ਲਤ ਰਾਹ ਨੂੰ ਛੱਡਣ ਦੀ ਬਜਾਇ, ਜੇਲ੍ਹ ਵਿਚ ਰਹਿ ਕੇ ਮੇਰੇ ਵਿਚ ਸਾਰੇ ਅਧਿਕਾਰੀਆਂ ਅਤੇ ਸਮਾਜ ਪ੍ਰਤੀ ਡੂੰਘੀ ਨਫ਼ਰਤ ਪੈਦਾ ਹੋ ਗਈ। ਤਿੰਨ ਮਹੀਨਿਆਂ ਬਾਅਦ ਜੇਲ੍ਹ ਤੋਂ ਛੁੱਟਣ ਤੇ ਮੇਰੇ ਵਿਚ ਪਹਿਲਾਂ ਨਾਲੋਂ ਵੀ ਜ਼ਿਆਦਾ ਨਫ਼ਰਤ ਤੇ ਕੁੜੱਤਣ ਸੀ। ਫਿਰ ਇਕ ਦੁਖਾਂਤ ਨੇ ਮੇਰੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ।ਬਦਲੇ ਦੀ ਅੱਗ
ਮੇਰੇ ਪਰਿਵਾਰ ਦੀ ਇਕ ਹੋਰ ਜਿਪਸੀ ਪਰਿਵਾਰ ਨਾਲ ਦੁਸ਼ਮਣੀ ਸੀ। ਮੈਂ ਤੇ ਮੇਰੇ ਤਾਇਆਂ-ਚਾਚਿਆਂ ਨੇ ਦੂਸਰੇ ਪਰਿਵਾਰ ਦੇ ਮੈਂਬਰਾਂ ਦਾ ਸਾਮ੍ਹਣਾ ਕਰਨ ਅਤੇ ਮਸਲੇ ਨੂੰ ਨਿਪਟਾਉਣ ਦਾ ਫ਼ੈਸਲਾ ਕੀਤਾ। ਦੋਨੋਂ ਧਿਰਾਂ ਦੇ ਲੋਕ ਹਥਿਆਰਾਂ ਨਾਲ ਲੈਸ ਸਨ। ਲੜਾਈ ਵਿਚ ਮੇਰੇ ਤਾਇਆ ਜੀ ਅਤੇ ਉਨ੍ਹਾਂ ਦੇ ਇਕ ਚਚੇਰੇ ਭਰਾ ਦਾ ਕਤਲ ਹੋ ਗਿਆ। ਉਨ੍ਹਾਂ ਦੀ ਮੌਤ ਦਾ ਮੈਨੂੰ ਇੰਨਾ ਸਦਮਾ ਪਹੁੰਚਿਆ ਕਿ ਮੈਂ ਉੱਥੇ ਹੀ ਸੜਕ ਤੇ ਬੰਦੂਕ ਫੜੀ ਪਾਗਲਾਂ ਵਾਂਗ ਚਿਲਾਉਂਦਾ ਰਿਹਾ। ਆਖ਼ਰ ਮੇਰੇ ਇਕ ਚਾਚੇ ਨੇ ਮੇਰੇ ਹੱਥੋਂ ਬੰਦੂਕ ਖੋਹ ਲਈ।
ਮਰਨ ਵਾਲੇ ਮੇਰੇ ਤਾਇਆ ਜੀ ਦਾ ਨਾਂ ਪੀਏਰ ਸੀ। ਉਹ ਮੇਰੇ ਪਿਤਾ ਸਮਾਨ ਸਨ ਅਤੇ ਉਨ੍ਹਾਂ ਦੀ ਮੌਤ ਨੇ ਮੇਰੇ ਦਿਲ ਨੂੰ ਚੀਰ ਕੇ ਰੱਖ ਦਿੱਤਾ। ਮੈਂ ਜਿਪਸੀ ਰਿਵਾਜ ਮੁਤਾਬਕ ਮਾਤਮ ਮਨਾਇਆ। ਕਈ ਦਿਨਾਂ ਤਕ ਮੈਂ ਨਾ ਤਾਂ ਸ਼ੇਵ ਕੀਤੀ ਤੇ ਨਾ ਹੀ ਮੀਟ ਖਾਧਾ। ਮੇਰਾ ਟੈਲੀਵਿਯਨ ਦੇਖਣ ਜਾਂ ਸੰਗੀਤ ਸੁਣਨ ਨੂੰ ਵੀ ਮਨ ਨਹੀਂ ਕੀਤਾ। ਮੈਂ ਕਸਮ ਖਾਧੀ ਕਿ ਮੈਂ ਆਪਣੇ ਤਾਇਆ ਜੀ ਦੀ ਮੌਤ ਦਾ ਬਦਲਾ ਲੈ ਕੇ ਰਹਾਂਗਾ, ਪਰ ਮੇਰੇ ਘਰ ਦਿਆਂ ਨੇ ਮੈਨੂੰ ਬੰਦੂਕ ਨਹੀਂ ਦਿੱਤੀ।
ਅਗਸਤ 1984 ਵਿਚ ਮੈਂ ਫ਼ੌਜ ਵਿਚ ਭਰਤੀ ਹੋ ਗਿਆ। ਵੀਹ ਸਾਲ ਦੀ ਉਮਰ ਤੇ ਮੈਂ ਸੰਯੁਕਤ ਰਾਸ਼ਟਰ ਸੰਘ ਦੀ ਸ਼ਾਂਤੀ-ਸਥਾਪਨਾ ਫ਼ੌਜ ਵਿਚ ਭਰਤੀ ਹੋ ਗਿਆ ਜੋ ਉਦੋਂ ਲੇਬਨਾਨ ਵਿਚ ਤਾਇਨਾਤ ਸੀ। ਮੈਂ ਮਰਨ-ਮਾਰਨ ਲਈ ਤਿਆਰ ਸੀ। ਮੈਂ ਬਹੁਤ ਗਾਂਜਾ ਪੀਂਦਾ ਸੀ। ਇਸ ਨਾਲ ਮੈਨੂੰ ਬੜੀ ਸ਼ਾਂਤੀ ਮਿਲਦੀ ਸੀ ਅਤੇ ਮੈਨੂੰ ਲੱਗਦਾ ਸੀ ਕਿ ਕੋਈ ਮੇਰਾ ਕੁਝ ਨਹੀਂ ਵਿਗਾੜ ਸਕਦਾ।
ਲੇਬਨਾਨ ਵਿਚ ਹਥਿਆਰ ਆਸਾਨੀ ਨਾਲ ਮਿਲ ਜਾਂਦੇ ਸਨ। ਇਸ ਲਈ ਮੈਂ ਹਥਿਆਰ ਖ਼ਰੀਦ ਕੇ ਇਨ੍ਹਾਂ ਨੂੰ ਫ਼ਰਾਂਸ ਘੱਲਣ ਦਾ ਫ਼ੈਸਲਾ ਕੀਤਾ ਤਾਂਕਿ ਮੈਂ ਆਪਣੇ ਤਾਇਆ ਜੀ ਦੀ ਮੌਤ ਦਾ ਬਦਲਾ ਲੈ ਸਕਾਂ। ਮੈਂ ਦੋ ਪਿਸਤੌਲਾਂ ਤੇ ਗੋਲੀਆਂ ਖ਼ਰੀਦੀਆਂ। ਪਿਸਤੌਲਾਂ ਦੇ ਪੁਰਜੇ-ਪੁਰਜੇ ਕਰ ਕੇ ਮੈਂ ਇਨ੍ਹਾਂ ਨੂੰ ਦੋ ਰੇਡੀਓ ਵਿਚ ਲੁਕੋ ਦਿੱਤਾ ਅਤੇ ਇਨ੍ਹਾਂ ਨੂੰ ਘਰ ਭੇਜ ਦਿੱਤਾ।
ਆਪਣੀ ਫ਼ੌਜੀ ਸੇਵਾ ਦੇ ਖ਼ਤਮ ਹੋਣ ਤੋਂ ਦੋ ਹਫ਼ਤੇ ਪਹਿਲਾਂ, ਮੈਂ ਤੇ ਮੇਰੇ ਤਿੰਨ ਸਾਥੀ ਇਜਾਜ਼ਤ ਲਏ ਬਗੈਰ ਹੀ ਫ਼ੌਜੀ ਸੇਵਾ ਤੋਂ ਗ਼ੈਰ-ਹਾਜ਼ਰ ਰਹੇ। ਵਾਪਸ ਆਉਣ ਤੇ ਸਾਨੂੰ ਗਿਰਫ਼ਤਾਰ ਕਰ ਲਿਆ ਗਿਆ। ਮੈਨੂੰ ਇੰਨਾ ਗੁੱਸਾ ਆਇਆ ਕਿ ਮੈਂ ਜੇਲ੍ਹ ਵਿਚ ਹੀ ਇਕ ਗਾਰਡ ਉੱਤੇ ਹਮਲਾ ਕਰ ਦਿੱਤਾ। ਇਕ ਜਿਪਸੀ ਹੋਣ ਦੇ ਨਾਤੇ, ਕਿਸੇ ਹੋਰ ਜਾਤ ਦੇ ਵਿਅਕਤੀ ਦੁਆਰਾ ਬੇਇੱਜ਼ਤ ਕੀਤੇ ਜਾਣਾ ਮੇਰੇ ਲਈ ਸਹਿਣ ਤੋਂ ਬਾਹਰ ਸੀ। ਅਗਲੇ ਦਿਨ ਮੈਂ ਇਕ ਅਫ਼ਸਰ ਉੱਤੇ ਹਮਲਾ ਕਰ ਦਿੱਤਾ। ਇਸ ਮਗਰੋਂ ਮੈਂ ਆਪਣੀ ਫ਼ੌਜੀ ਸੇਵਾ ਦੇ ਬਾਕੀ ਦਿਨ ਲੀਅਨਜ਼ ਦੀ ਮੌਂਟਲੂਏਕ ਜੇਲ੍ਹ ਵਿਚ ਗੁਜ਼ਾਰੇ।
ਜੇਲ੍ਹ ਵਿਚ ਆਜ਼ਾਦੀ ਮਿਲੀ
ਮੌਂਟਲੂਏਕ ਜੇਲ੍ਹ ਵਿਚ ਪਹੁੰਚਣ ਤੇ ਇਕ ਬੜੇ ਹੀ ਹੱਸਮੁਖ ਨੌਜਵਾਨ ਨੇ ਮੇਰਾ ਸੁਆਗਤ ਕੀਤਾ। ਮੈਨੂੰ ਪਤਾ ਲੱਗਾ ਕਿ ਉਹ ਇਕ ਯਹੋਵਾਹ ਦਾ ਗਵਾਹ ਸੀ ਅਤੇ ਉਹ ਤੇ ਉਸ ਦੇ ਸਾਥੀ ਫ਼ੌਜ ਵਿਚ ਭਰਤੀ ਹੋਣ ਤੋਂ ਇਨਕਾਰ ਕਰਨ ਕਰਕੇ ਜੇਲ੍ਹ ਵਿਚ ਬੰਦ ਸਨ। ਇਹ ਸੁਣ ਕੇ ਮੈਨੂੰ ਬੜੀ ਹੈਰਾਨੀ ਹੋਈ ਅਤੇ ਮੇਰੇ ਵਿਚ ਹੋਰ ਜਾਣਨ ਦੀ ਇੱਛਾ ਪੈਦਾ ਹੋਈ।
ਮੈਂ ਸਿੱਖਿਆ ਕਿ ਯਹੋਵਾਹ ਦੇ ਗਵਾਹ ਪਰਮੇਸ਼ੁਰ ਨੂੰ ਸੱਚਾ ਪਿਆਰ ਕਰਦੇ ਸਨ। ਮੈਂ ਉਨ੍ਹਾਂ ਦੇ ਉੱਚੇ ਨੈਤਿਕ ਮਿਆਰਾਂ ਤੋਂ ਪ੍ਰਭਾਵਿਤ ਹੋਇਆ। ਮੇਰੇ ਮਨ ਵਿਚ ਕਈ ਸਵਾਲ ਸਨ। ਖ਼ਾਸਕਰ ਮੈਂ ਇਹ ਜਾਣਨਾ ਚਾਹੁੰਦਾ ਸੀ ਕਿ ਮਰੇ ਹੋਏ ਲੋਕ ਸੁਪਨਿਆਂ ਰਾਹੀਂ ਜੀਉਂਦੇ ਲੋਕਾਂ ਨਾਲ ਗੱਲ ਕਰ ਸਕਦੇ ਸਨ ਜਾਂ ਨਹੀਂ ਕਿਉਂਕਿ ਬਹੁਤ ਸਾਰੇ ਜਿਪਸੀ ਇਸ ਗੱਲ ਵਿਚ ਵਿਸ਼ਵਾਸ ਕਰਦੇ ਸਨ। ਜ਼ੌਨ-ਪੌਲ ਨਾਂ ਦੇ ਇਕ ਯਹੋਵਾਹ ਦੇ ਗਵਾਹ ਨੇ ਮੈਨੂੰ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ * ਨਾਮਕ ਕਿਤਾਬ ਦੀ ਮਦਦ ਨਾਲ ਬਾਈਬਲ ਸਿਖਾਉਣ ਦੀ ਪੇਸ਼ਕਸ਼ ਕੀਤੀ।
ਮੈਂ ਇਹ ਕਿਤਾਬ ਇੱਕੋ ਰਾਤ ਵਿਚ ਪੜ੍ਹ ਲਈ ਅਤੇ ਇਸ ਦੀਆਂ ਕਈ ਗੱਲਾਂ ਨੇ ਮੇਰੇ ਦਿਲ ਨੂੰ ਛੋਹ ਲਿਆ। ਮੈਨੂੰ ਜੇਲ੍ਹ ਵਿਚ ਸੱਚੀ ਆਜ਼ਾਦੀ ਮਿਲ ਗਈ ਸੀ! ਜਦੋਂ ਮੈਂ ਜੇਲ੍ਹ ਤੋਂ ਰਿਹਾ ਹੋ ਕੇ ਘਰ ਲਈ ਰਵਾਨਾ ਹੋਇਆ, ਤਾਂ ਮੇਰਾ ਪੂਰਾ ਬੈਗ ਬਾਈਬਲ-ਆਧਾਰਿਤ ਕਿਤਾਬਾਂ ਨਾਲ ਭਰਿਆ ਹੋਇਆ ਸੀ।
ਆਪਣੇ ਇਲਾਕੇ ਦੇ ਯਹੋਵਾਹ ਦੇ ਗਵਾਹਾਂ ਨੂੰ ਮਿਲਣ ਲਈ ਮੈਂ ਮਾਰਟੀਗ ਕਸਬੇ ਵਿਚ ਉਨ੍ਹਾਂ ਦੇ ਕਿੰਗਡਮ ਹਾਲ ਗਿਆ। ਇਸ ਵਾਰ ਪੂਰੇ ਸਮੇਂ ਦੇ ਇਕ ਜਵਾਨ ਪ੍ਰਚਾਰਕ ਏਰੀਕ ਨੇ ਮੇਰੇ ਨਾਲ ਸਟੱਡੀ ਜਾਰੀ ਰੱਖੀ। ਕੁਝ ਹੀ ਦਿਨਾਂ ਮਗਰੋਂ ਮੈਂ ਸਿਗਰਟ ਪੀਣੀ ਅਤੇ ਆਪਣੇ ਪੁਰਾਣੇ ਦੋਸਤਾਂ ਨੂੰ ਮਿਲਣਾ ਛੱਡ ਦਿੱਤਾ ਜਿਹੜੇ ਅਪਰਾਧ ਕਰਨ ਵਿਚ ਮੇਰਾ ਸਾਥ ਦਿੰਦੇ ਸਨ। ਮੈਂ ਠਾਣ ਲਿਆ ਕਿ ਮੈਂ ਕਹਾਉਤਾਂ 27:11 ਅਨੁਸਾਰ ਚੱਲਾਂਗਾ ਜੋ ਕਹਿੰਦਾ ਹੈ: “ਹੇ ਮੇਰੇ ਪੁੱਤ੍ਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸੱਕਾਂ ਜਿਹੜਾ ਮੈਨੂੰ ਮੇਹਣਾ ਮਾਰਦਾ ਹੈ।” ਮੈਂ ਯਹੋਵਾਹ ਨੂੰ ਇਕ ਪਿਤਾ ਦੇ ਰੂਪ ਵਿਚ ਦੇਖਿਆ ਜੋ ਮੇਰੇ ਨਾਲ ਬਹੁਤ ਪਿਆਰ ਕਰਦਾ ਹੈ ਅਤੇ ਮੈਂ ਵੀ ਉਸ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ।
ਆਪਣੇ ਆਪ ਨੂੰ ਬਦਲਣ ਦਾ ਔਖਾ ਕੰਮ
ਮੇਰੇ ਲਈ ਮਸੀਹੀ ਅਸੂਲਾਂ ਉੱਤੇ ਚੱਲਣਾ ਬੜਾ ਹੀ ਔਖਾ ਸੀ। ਮਿਸਾਲ ਲਈ, ਮੈਂ ਇਕ ਵਾਰ ਆਪਣੇ ਆਪ ਨੂੰ ਨਸ਼ੇ ਕਰਨ ਤੋਂ ਨਾ ਰੋਕ ਸਕਿਆ ਤੇ ਕਈ ਹਫ਼ਤਿਆਂ ਤਕ ਨਸ਼ਾ
ਕਰਦਾ ਰਿਹਾ। ਪਰ ਮੇਰੇ ਲਈ ਆਪਣੇ ਅੰਦਰ ਬਲਦੀ ਬਦਲੇ ਦੀ ਅੱਗ ਨੂੰ ਬੁਝਾਉਣਾ ਸਭ ਤੋਂ ਮੁਸ਼ਕਲ ਸੀ। ਏਰੀਕ ਨੂੰ ਇਹ ਪਤਾ ਨਹੀਂ ਸੀ ਕਿ ਮੈਂ ਹਰ ਵਕਤ ਆਪਣੇ ਕੋਲ ਬੰਦੂਕ ਰੱਖਦਾ ਸੀ ਅਤੇ ਮੈਂ ਅਜੇ ਵੀ ਆਪਣੇ ਤਾਇਆ ਜੀ ਦੇ ਕਾਤਲਾਂ ਤੋਂ ਬਦਲਾ ਲੈਣ ਦੀ ਯੋਜਨਾ ਬਣਾ ਰਿਹਾ ਸੀ। ਕਈ ਵਾਰ ਤਾਂ ਮੈਂ ਪੂਰੀ-ਪੂਰੀ ਰਾਤ ਆਪਣੇ ਦੁਸ਼ਮਣਾਂ ਦਾ ਥਹੁ-ਪਤਾ ਲੱਭਣ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ।ਜਦੋਂ ਮੈਂ ਆਖ਼ਰ ਏਰੀਕ ਨੂੰ ਇਸ ਬਾਰੇ ਦੱਸਿਆ, ਤਾਂ ਉਸ ਨੇ ਮੈਨੂੰ ਸਾਫ਼-ਸਾਫ਼ ਸਮਝਾਇਆ ਕਿ ਜਦੋਂ ਤਕ ਮੈਂ ਹਥਿਆਰ ਚੁੱਕੀ ਆਪਣੇ ਦੁਸ਼ਮਣਾਂ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕਰਦਾ ਰਹਾਂਗਾ, ਉਦੋਂ ਤਕ ਮੇਰਾ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਨਹੀਂ ਬਣ ਸਕਦਾ। ਮੇਰੇ ਅੱਗੇ ਦੋ ਰਾਹ ਸਨ ਜਿਨ੍ਹਾਂ ਵਿੱਚੋਂ ਮੈਨੂੰ ਇਕ ਨੂੰ ਚੁਣਨਾ ਪੈਣਾ ਸੀ। ਰੋਮੀਆਂ 12:19 ਵਿਚ ਪੌਲੁਸ ਰਸੂਲ ਦੀ ਇਸ ਤਾਕੀਦ ਉੱਤੇ ਮੈਂ ਬੜਾ ਸੋਚ-ਵਿਚਾਰ ਕੀਤਾ: “ਹੇ ਪਿਆਰਿਓ, ਆਪਣਾ ਬਦਲਾ ਨਾ ਲਓ ਪਰ ਕ੍ਰੋਧ ਨੂੰ ਜਾਣ ਦਿਓ।” ਇਸ ਤਰ੍ਹਾਂ ਕਰ ਕੇ ਅਤੇ ਯਹੋਵਾਹ ਨੂੰ ਵਾਰ-ਵਾਰ ਪ੍ਰਾਰਥਨਾ ਕਰ ਕੇ ਮੈਂ ਆਖ਼ਰ ਬਦਲਾ ਲੈਣ ਦੀ ਇੱਛਾ ਨੂੰ ਦਬਾਉਣ ਵਿਚ ਕਾਮਯਾਬ ਹੋ ਗਿਆ। (ਜ਼ਬੂਰਾਂ ਦੀ ਪੋਥੀ 55:22) ਬਾਅਦ ਵਿਚ ਮੈਂ ਆਪਣੇ ਹਥਿਆਰ ਵੀ ਸੁੱਟ ਦਿੱਤੇ। ਇਕ ਸਾਲ ਤਕ ਬਾਈਬਲ ਦਾ ਅਧਿਐਨ ਕਰਨ ਮਗਰੋਂ ਮੈਂ 26 ਦਸੰਬਰ 1986 ਨੂੰ ਬਪਤਿਸਮਾ ਲੈ ਕੇ ਯਹੋਵਾਹ ਨੂੰ ਕੀਤੇ ਆਪਣੇ ਸਮਰਪਣ ਦਾ ਸਬੂਤ ਦਿੱਤਾ।
ਮੇਰਾ ਪਰਿਵਾਰ ਵੀ ਯਹੋਵਾਹ ਦੀ ਸੇਵਾ ਕਰਨ ਲੱਗ ਪਿਆ
ਮੇਰੇ ਵਿਚ ਆਏ ਬਦਲਾਅ ਨੂੰ ਦੇਖ ਕੇ ਮੇਰੇ ਮਾਤਾ-ਪਿਤਾ ਨੇ ਵੀ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਮੁੜ ਵਿਆਹ ਕਰਾ ਲਿਆ ਅਤੇ ਮੇਰੇ ਮਾਤਾ ਜੀ ਨੇ ਜੁਲਾਈ 1989 ਵਿਚ ਬਪਤਿਸਮਾ ਲੈ ਲਿਆ। ਬਾਅਦ ਵਿਚ ਮੇਰੇ ਪਰਿਵਾਰ ਦੇ ਕਈ ਦੂਸਰੇ ਮੈਂਬਰਾਂ ਨੇ ਵੀ ਬਾਈਬਲ ਦੇ ਸੰਦੇਸ਼ ਨੂੰ ਸਵੀਕਾਰ ਕੀਤਾ ਅਤੇ ਯਹੋਵਾਹ ਦੇ ਗਵਾਹ ਬਣ ਗਏ।
ਅਗਸਤ 1988 ਵਿਚ ਮੈਂ ਪੂਰਾ ਸਮਾਂ ਪ੍ਰਚਾਰ ਕਰਨ ਦਾ ਫ਼ੈਸਲਾ ਕੀਤਾ। ਮੇਰੀ ਕਲੀਸਿਯਾ ਦੀ ਹੀ ਇਕ ਭੈਣ ਕਾਟੀਆ ਨਾਲ ਮੈਨੂੰ ਪਿਆਰ ਹੋ ਗਿਆ। ਸਾਲ 1989 ਦੀ 10 ਜੂਨ ਨੂੰ ਅਸੀਂ ਵਿਆਹ ਕਰਾ ਲਿਆ। ਵਿਆਹ ਦਾ ਪਹਿਲਾ ਸਾਲ ਬੜਾ ਹੀ ਔਖਾ ਸੀ ਕਿਉਂਕਿ ਮੈਨੂੰ ਔਰਤਾਂ ਪ੍ਰਤੀ ਆਪਣੇ ਨਜ਼ਰੀਏ ਨੂੰ ਅਜੇ ਵੀ ਬਦਲਣ ਦੀ ਲੋੜ ਸੀ। ਮੇਰੇ ਲਈ 1 ਪਤਰਸ 3:7 ਦੀ ਸਲਾਹ ਨੂੰ ਲਾਗੂ ਕਰਨਾ ਬੜਾ ਮੁਸ਼ਕਲ ਸੀ ਜੋ ਪਤੀ ਨੂੰ ਆਪਣੀ ਪਤਨੀ ਦਾ ਆਦਰ ਕਰਨ ਦੀ ਤਾਕੀਦ ਕਰਦਾ ਹੈ। ਮੈਨੂੰ ਆਪਣੇ ਗ਼ਰੂਰ ਨੂੰ ਛੱਡਣ ਅਤੇ ਆਪਣੀ ਸੋਚ ਬਦਲਣ ਲਈ ਵਾਰ-ਵਾਰ ਯਹੋਵਾਹ ਤੋਂ ਤਾਕਤ ਮੰਗਣੀ ਪੈਂਦੀ ਸੀ। ਹੌਲੀ-ਹੌਲੀ ਮੈਂ ਆਪਣੇ ਆਪ ਨੂੰ ਬਦਲ ਲਿਆ ਤੇ ਸਾਡੇ ਸੰਬੰਧਾਂ ਵਿਚ ਸੁਧਾਰ ਹੋਇਆ।
ਅਜੇ ਵੀ ਮੈਂ ਜਦੋਂ ਆਪਣੇ ਤਾਇਆ ਜੀ ਦੀ ਮੌਤ ਬਾਰੇ ਸੋਚਦਾ ਹਾਂ, ਤਾਂ ਮੈਂ ਤੜਫ਼ ਉੱਠਦਾ ਹਾਂ ਅਤੇ ਆਪਣੇ ਹੰਝੂਆਂ ਨੂੰ ਰੋਕ ਨਹੀਂ ਪਾਉਂਦਾ। ਉਨ੍ਹਾਂ ਦੇ ਕਤਲ ਦੀਆਂ ਯਾਦਾਂ ਅਜੇ ਵੀ ਮੈਨੂੰ ਸਤਾਉਂਦੀਆਂ ਹਨ। ਬਪਤਿਸਮੇ ਤੋਂ ਬਾਅਦ ਵੀ ਕਈ ਸਾਲਾਂ ਤਕ ਮੈਨੂੰ ਚਿੰਤਾ ਲੱਗੀ ਰਹਿੰਦੀ ਸੀ ਕਿ ਜੇ ਕਦੇ ਮੈਂ ਦੁਸ਼ਮਣ ਪਰਿਵਾਰ ਦੇ ਕਿਸੇ ਮੈਂਬਰ ਨੂੰ ਅਚਾਨਕ ਟੱਕਰ ਗਿਆ, ਤਾਂ ਮੈਂ ਕੀ ਕਰਾਂਗਾ। ਜੇ ਉਨ੍ਹਾਂ ਨੇ ਮੇਰੇ ਉੱਤੇ ਹਮਲਾ ਕੀਤਾ, ਤਾਂ ਕੀ ਮੇਰੀ ਪੁਰਾਣੀ ਸ਼ਖ਼ਸੀਅਤ ਉੱਭਰ ਕੇ ਸਾਮ੍ਹਣੇ ਆ ਜਾਵੇਗੀ?
ਇਕ ਦਿਨ ਮੈਂ ਇਕ ਨੇੜੇ ਦੀ ਕਲੀਸਿਯਾ ਵਿਚ ਪਬਲਿਕ ਭਾਸ਼ਣ ਦੇਣ ਗਿਆ ਸੀ। ਉੱਥੇ ਮੈਂ ਪੈਪਾ ਨਾਂ ਦੀ ਕੁੜੀ ਨੂੰ ਦੇਖਿਆ ਜੋ ਕਿ ਮੇਰੇ ਤਾਇਆ ਜੀ ਦੇ ਕਾਤਲਾਂ ਦੀ ਰਿਸ਼ਤੇਦਾਰ ਸੀ। ਮੈਂ ਮੰਨਦਾ ਹਾਂ ਕਿ ਉਸ ਨੂੰ ਦੇਖ ਕੇ ਮੇਰੇ ਲਈ ਆਪਣੀ ਨਫ਼ਰਤ ਦੀ ਭਾਵਨਾ ਨੂੰ ਦਬਾਉਣਾ ਬੜਾ ਹੀ ਔਖਾ ਸੀ। ਪਰ ਮੇਰੀ ਮਸੀਹੀ ਸ਼ਖ਼ਸੀਅਤ ਨੇ ਮੈਨੂੰ ਰੋਕੀ ਰੱਖਿਆ। ਬਾਅਦ ਵਿਚ ਜਦੋਂ ਪੈਪਾ ਨੇ ਬਪਤਿਸਮਾ ਲਿਆ, ਤਾਂ ਮੈਂ ਉਸ ਕੋਲ ਜਾ ਕੇ ਉਸ ਨੂੰ ਗਲੇ ਲਗਾਇਆ ਅਤੇ ਉਸ ਨੂੰ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰਨ ਤੇ ਵਧਾਈ ਦਿੱਤੀ। ਪੁਰਾਣੀ ਦੁਸ਼ਮਣੀ ਨੂੰ ਭੁਲਾ ਕੇ ਮੈਂ ਉਸ ਨੂੰ ਆਪਣੀ ਗੁਰ-ਭੈਣ ਕਬੂਲ ਕਰ ਲਿਆ।
ਮੈਂ ਹਰ ਰੋਜ਼ ਯਹੋਵਾਹ ਦਾ ਧੰਨਵਾਦ ਕਰਦਾ ਹਾਂ ਕਿ ਉਸ ਨੇ ਨਫ਼ਰਤ ਦੀਆਂ ਜ਼ੰਜੀਰਾਂ ਨੂੰ ਤੋੜਨ ਵਿਚ ਮੇਰੀ ਮਦਦ ਕੀਤੀ। ਜੇ ਯਹੋਵਾਹ ਨੇ ਮੇਰੇ ਉੱਤੇ ਦਇਆ ਨਾ ਕੀਤੀ ਹੁੰਦੀ, ਤਾਂ ਮੈਂ ਅੱਜ ਪਤਾ ਨਹੀਂ ਕਿੱਥੇ ਹੁੰਦਾ। ਇਹ ਸਭ ਉਸ ਦੀ ਮਿਹਰ ਹੈ ਕਿ ਅੱਜ ਮੇਰਾ ਇਕ ਹੱਸਦਾ-ਖੇਡਦਾ ਪਰਿਵਾਰ ਹੈ। ਮੈਂ ਉਸ ਨਵੀਂ ਦੁਨੀਆਂ ਦੀ ਵੀ ਉਡੀਕ ਕਰ ਰਿਹਾ ਹਾਂ ਜੋ ਨਫ਼ਰਤ ਤੇ ਹਿੰਸਾ ਤੋਂ ਆਜ਼ਾਦ ਹੋਵੇਗੀ। ਜੀ ਹਾਂ, ਮੈਨੂੰ ਪੱਕਾ ਯਕੀਨ ਹੈ ਕਿ ਪਰਮੇਸ਼ੁਰ ਦਾ ਇਹ ਵਾਅਦਾ ਜ਼ਰੂਰ ਪੂਰਾ ਹੋਵੇਗਾ: “ਓਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣਗੇ, ਅਤੇ ਕੋਈ ਓਹਨਾਂ ਨੂੰ ਨਹੀਂ ਡਰਾਏਗਾ, ਕਿਉਂ ਜੋ ਸੈਨਾਂ ਦੇ ਯਹੋਵਾਹ ਦਾ ਮੁਖ ਵਾਕ ਹੈ।”—ਮੀਕਾਹ 4:4. (g03 1/08)
[ਫੁਟਨੋਟ]
^ ਪੈਰਾ 18 ਯਹੋਵਾਹ ਦੇ ਗਵਾਹਾਂ ਦੀ ਇਕ ਕਿਤਾਬ।
[ਸਫ਼ੇ 15 ਉੱਤੇ ਤਸਵੀਰ]
ਲੇਬਨਾਨ ਵਿਚ 1985 ਵਿਚ ਯੂ.ਐੱਨ. ਦੀ ਸ਼ਾਂਤੀ-ਸਥਾਪਨਾ ਫ਼ੌਜ ਨਾਲ
[ਸਫ਼ੇ 16 ਉੱਤੇ ਤਸਵੀਰ]
ਆਪਣੀ ਪਤਨੀ ਕਾਟੀਆ ਅਤੇ ਪੁੱਤਰ ਟੀਮੀਓ ਤੇ ਪੀਏਰ ਨਾਲ