Skip to content

Skip to table of contents

ਮੈਗਨਾ ਕਾਰਟਾ ਅਤੇ ਆਜ਼ਾਦੀ ਲਈ ਮਨੁੱਖਜਾਤੀ ਦੀ ਖੋਜ

ਮੈਗਨਾ ਕਾਰਟਾ ਅਤੇ ਆਜ਼ਾਦੀ ਲਈ ਮਨੁੱਖਜਾਤੀ ਦੀ ਖੋਜ

ਮੈਗਨਾ ਕਾਰਟਾ ਅਤੇ ਆਜ਼ਾਦੀ ਲਈ ਮਨੁੱਖਜਾਤੀ ਦੀ ਖੋਜ

ਬਰਤਾਨੀਆ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਇੰਗਲੈਂਡ ਦੇ ਸਰੀ ਇਲਾਕੇ ਵਿੱਚੋਂ ਦੀ ਟੇਮਜ਼ ਦਰਿਆ ਲੰਘਦਾ ਹੈ। ਦਰਿਆ ਦੇ ਕੰਢੇ ਘਾਹ ਦੇ ਇਕ ਮੈਦਾਨ ਵਿਚ ਇਕ ਯਾਦਗਾਰ ਹੈ ਜੋ ਲਗਭਗ 800 ਸਾਲ ਪਹਿਲਾਂ ਹੋਈ ਇਕ ਘਟਨਾ ਬਾਰੇ ਦੱਸਦੀ ਹੈ। ਇਸ ਮੈਦਾਨ ਦਾ ਨਾਂ ਰਨੀਮੀਡ ਹੈ ਅਤੇ ਇੱਥੇ ਅੰਗ੍ਰੇਜ਼ੀ ਬਾਦਸ਼ਾਹ ਜੌਨ (ਜਿਸ ਨੇ 1199 ਤੋਂ 1216 ਤਕ ਰਾਜ ਕੀਤਾ ਸੀ) ਆਪਣੇ ਵਿਰੋਧੀ ਬੈਰਨਾਂ ਨੂੰ ਮਿਲਿਆ ਸੀ। ਇਹ ਬੈਰਨ ਸ਼ਾਹੀ ਘਰਾਣਿਆਂ ਦੇ ਜ਼ਮੀਂਦਾਰ ਸਨ ਜੋ ਬਾਦਸ਼ਾਹ ਨਾਲ ਬਹੁਤ ਗੁੱਸੇ ਸਨ ਕਿਉਂਕਿ ਉਸ ਨੇ ਉਨ੍ਹਾਂ ਨੂੰ ਠੱਗਿਆ ਸੀ। ਬੈਰਨਾਂ ਨੇ ਮੰਗ ਕੀਤੀ ਕਿ ਬਾਦਸ਼ਾਹ ਕਾਨੂੰਨੀ ਤੌਰ ਤੇ ਉਨ੍ਹਾਂ ਨੂੰ ਖ਼ਾਸ ਹੱਕ ਦੇਵੇ। ਡਾਢੇ ਦਬਾਅ ਹੇਠ ਆ ਕੇ ਬਾਦਸ਼ਾਹ ਨੇ ਇਕ ਦਸਤਾਵੇਜ਼ ਤੇ ਆਪਣੀ ਮੁਹਰ ਲਗਾ ਦਿੱਤੀ। ਬਾਅਦ ਵਿਚ ਇਸ ਦਸਤਾਵੇਜ਼ ਨੂੰ ਮੈਗਨਾ ਕਾਰਟਾ (ਮਹਾਂ ਅਧਿਕਾਰ-ਪੱਤਰ) ਸੱਦਿਆ ਗਿਆ।

ਇਸ ਦਸਤਾਵੇਜ਼ ਨੂੰ “ਪੱਛਮੀ ਇਤਿਹਾਸ ਵਿਚ ਸਭ ਤੋਂ ਮਹੱਤਵਪੂਰਣ ਕਾਨੂੰਨੀ ਪੱਤਰ” ਕਿਉਂ ਸੱਦਿਆ ਗਿਆ ਹੈ? ਆਓ ਆਪਾਂ ਦੇਖੀਏ ਕਿ ਇਹ ਅਧਿਕਾਰ-ਪੱਤਰ ਕਿਉਂ ਲਿਖਿਆ ਗਿਆ ਸੀ ਅਤੇ ਆਜ਼ਾਦੀ ਲਈ ਮਨੁੱਖਜਾਤੀ ਦੀ ਖੋਜ ਬਾਰੇ ਇਸ ਤੋਂ ਸਾਨੂੰ ਕੀ ਪਤਾ ਲੱਗਦਾ ਹੈ।

ਬੈਰਨਾਂ ਦੀਆਂ ਧਾਰਾਵਾਂ

ਜੌਨ ਬਾਦਸ਼ਾਹ ਦਾ ਰੋਮਨ ਕੈਥੋਲਿਕ ਗਿਰਜੇ ਨਾਲ ਝਗੜਾ ਹੋਇਆ ਸੀ। ਉਸ ਨੇ ਸਟੀਵਨ ਲੈਂਗਟਨ ਨੂੰ ਕੈਂਟਰਬਰੀ ਦੇ ਆਰਚਬਿਸ਼ਪ ਵਜੋਂ ਸਵੀਕਾਰ ਨਹੀਂ ਕੀਤਾ ਅਤੇ ਇਸ ਤਰ੍ਹਾਂ ਪੋਪ ਇਨੋਸੈਂਟ ਤੀਜੇ ਦਾ ਵਿਰੋਧ ਕੀਤਾ। ਨਤੀਜੇ ਵਜੋਂ ਚਰਚ ਨੇ ਉਸ ਦਾ ਸਾਥ ਛੱਡ ਦਿੱਤਾ ਅਤੇ ਉਸ ਨੂੰ ਧਰਮ ਵਿੱਚੋਂ ਛੇਕ ਦਿੱਤਾ ਗਿਆ। ਪਰ ਜੌਨ ਨੇ ਸੁਲ੍ਹਾ-ਸਫ਼ਾਈ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਇੰਗਲੈਂਡ ਤੇ ਆਇਰਲੈਂਡ ਦੇ ਰਾਜ ਪੋਪ ਨੂੰ ਸੌਂਪਣ ਦਾ ਫ਼ੈਸਲਾ ਕੀਤਾ। ਪੋਪ ਨੇ ਇਸ ਸ਼ਰਤ ਤੇ ਜੌਨ ਨੂੰ ਇਹ ਰਾਜ ਵਾਪਸ ਕਰ ਦਿੱਤੇ ਕਿ ਉਹ ਚਰਚ ਪ੍ਰਤੀ ਵਫ਼ਾਦਾਰ ਰਹੇ ਅਤੇ ਹਰ ਸਾਲ ਟੈਕਸ ਭਰੇ। ਇਸ ਤਰ੍ਹਾਂ ਜੌਨ ਪੋਪ ਦੇ ਅਧੀਨ ਹੋ ਗਿਆ।

ਪੈਸੇ ਦੀ ਤੰਗੀ ਨੇ ਇਸ ਬਾਦਸ਼ਾਹ ਲਈ ਹੋਰ ਵੀ ਸਮੱਸਿਆਵਾਂ ਪੈਦਾ ਕੀਤੀਆਂ। ਆਪਣੇ 17-ਸਾਲਾ ਰਾਜ ਦੌਰਾਨ, ਜੌਨ ਨੇ ਜ਼ਮੀਂਦਾਰਾਂ ਤੋਂ 11 ਵਾਰ ਜ਼ਿਆਦਾ ਟੈਕਸ ਲਿਆ ਸੀ। ਚਰਚ ਅਤੇ ਪੈਸਿਆਂ ਬਾਰੇ ਇਸ ਮੁਸੀਬਤ ਕਰਕੇ ਬਾਦਸ਼ਾਹ ਬਾਰੇ ਇਹ ਖ਼ਿਆਲ ਫੈਲ ਗਿਆ ਕਿ ਰਾਜੇ ਉੱਤੇ ਇਤਬਾਰ ਨਹੀਂ ਕੀਤਾ ਜਾ ਸਕਦਾ ਸੀ। ਦਰਅਸਲ ਰਾਜਾ ਜ਼ੁਲਮੀ ਤੇ ਵਿਸ਼ਵਾਸਘਾਤੀ ਸੀ।

ਅਖ਼ੀਰ ਵਿਚ, ਇਹ ਗੜਬੜ ਇੱਥੋਂ ਤਕ ਪਹੁੰਚ ਗਈ ਕਿ ਦੇਸ਼ ਦੇ ਉੱਤਰੀ ਇਲਾਕੇ ਵਿਚ ਬੈਰਨਾਂ ਨੇ ਹੋਰ ਟੈਕਸ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਲੰਡਨ ਤਕ ਜਲੂਸ ਕੱਢ ਕੇ ਐਲਾਨ ਕੀਤਾ ਕਿ ਉਹ ਬਾਦਸ਼ਾਹ ਦੇ ਅਧੀਨ ਨਹੀਂ ਰਹਿਣਗੇ। ਬੈਰਨਾਂ ਅਤੇ ਰਾਜੇ ਵਿਚਕਾਰ ਬਹੁਤ ਝਗੜਾ ਹੋਇਆ ਅਤੇ ਬਹੁਤ ਗੱਲਾਂ-ਬਾਤਾਂ ਚੱਲਦੀਆਂ ਰਹੀਆਂ। ਇਕ ਪਾਸੇ ਰਾਜਾ ਜੌਨ ਵਿੰਡਸਰ ਵਿਚ ਆਪਣੇ ਮਹਿਲ ਵਿਚ ਸੀ ਅਤੇ ਦੂਜੇ ਪਾਸੇ ਬੈਰਨ ਪੂਰਬ ਵਿਚ ਸਟੈਂਜ਼ ਨਾਂ ਦੇ ਨਗਰ ਵਿਚ ਸਨ। ਰਨੀਮੀਡ ਮੈਦਾਨ ਇਨ੍ਹਾਂ ਦੇ ਵਿਚਾਲੇ ਸੀ ਅਤੇ ਉਨ੍ਹਾਂ ਨੇ ਇੱਥੇ ਇਕ-ਦੂਜੇ ਦਾ ਆਮ੍ਹਣਾ-ਸਾਮ੍ਹਣਾ ਕੀਤਾ। ਇੱਥੇ ਸੋਮਵਾਰ 15 ਜੂਨ 1215 ਵਿਚ ਜੌਨ ਨੇ 49 ਧਾਰਾਵਾਂ ਵਾਲੇ ਦਸਤਾਵੇਜ਼ ਤੇ ਆਪਣੀ ਮੁਹਰ ਲਗਾਈ। ਇਹ ਇਸ ਤਰ੍ਹਾਂ ਸ਼ੁਰੂ ਹੁੰਦਾ ਹੈ: ‘ਇਹ ਉਹ ਧਾਰਾਵਾਂ ਹਨ ਜੋ ਬੈਰਨ ਚਾਹੁੰਦੇ ਹਨ ਅਤੇ ਜੋ ਬਾਦਸ਼ਾਹ ਨੇ ਮਨਜ਼ੂਰ ਕੀਤੀਆਂ ਹਨ।’

ਅਧਿਕਾਰ-ਪੱਤਰ ਅਨੁਸਾਰ ਆਜ਼ਾਦੀ

ਪਰ ਇਹ ਗੱਲ ਜਲਦੀ ਜ਼ਾਹਰ ਹੋ ਗਈ ਕਿ ਲੋਕ ਜੌਨ ਬਾਦਸ਼ਾਹ ਉੱਤੇ ਭਰੋਸਾ ਨਹੀਂ ਰੱਖਦੇ ਸਨ। ਭਾਵੇਂ ਕਈ ਲੋਕ ਬਾਦਸ਼ਾਹ ਅਤੇ ਪੋਪ ਦੇ ਵਿਰੁੱਧ ਸਨ, ਫਿਰ ਵੀ ਬਾਦਸ਼ਾਹ ਨੇ ਰੋਮ ਵਿਚ ਪੋਪ ਨੂੰ ਮਿਲਣ ਲਈ ਏਲਚੀ ਭੇਜੇ। ਪੋਪ ਨੇ ਫ਼ੌਰਨ ਫ਼ਰਮਾਨ ਜਾਰੀ ਕੀਤੇ ਕਿ ਰਨੀਮੀਡ ਦਾ ਇਕਰਾਰਨਾਮਾ ਨਾਜਾਇਜ਼ ਹੈ। ਇਸ ਖ਼ਬਰ ਨਾਲ ਇੰਗਲੈਂਡ ਵਿਚ ਘਰੇਲੂ ਯੁੱਧ ਸ਼ੁਰੂ ਹੋ ਗਿਆ। ਲੇਕਿਨ, ਅਗਲੇ ਸਾਲ ਜੌਨ ਦੀ ਅਚਾਨਕ ਮੌਤ ਹੋ ਗਈ ਅਤੇ ਉਸ ਦਾ 9-ਸਾਲਾ ਪੁੱਤਰ ਹੈਨਰੀ ਰਾਜ-ਗੱਦੀ ਤੇ ਬੈਠ ਗਿਆ।

ਹੈਨਰੀ ਦੇ ਸਮਰਥਕਾਂ ਨੇ ਰਨੀਮੀਡ ਦੇ ਇਕਰਾਰਨਾਮੇ ਨੂੰ ਦੁਬਾਰਾ ਜਾਰੀ ਕਰਨ ਦਾ ਇੰਤਜ਼ਾਮ ਕੀਤਾ। ਮੈਗਨਾ ਕਾਰਟਾ ਨਾਂ ਦੀ ਪੁਸਤਿਕਾ ਅਨੁਸਾਰ ਇਸ ਨਵੇਂ ਐਡੀਸ਼ਨ ਨੇ ‘ਮੈਗਨਾ ਕਾਰਟਾ ਦੇ ਮਕਸਦ ਨੂੰ ਬਦਲ ਦਿੱਤਾ। ਇਹ ਜ਼ਾਲਮੀ ਰਾਜੇ ਉੱਤੇ ਕਾਬੂ ਰੱਖਣ ਦੀ ਬਜਾਇ ਅਜਿਹਾ ਇਕਰਾਰਨਾਮਾ ਬਣ ਗਿਆ ਜਿਸ ਨਾਲ ਲੋਕਾਂ ਨੂੰ ਰਾਜੇ ਦਾ ਪੱਖ ਲੈਣ ਲਈ ਇਕੱਠਾ ਕੀਤਾ ਜਾ ਸਕਦਾ ਸੀ।’ ਹੈਨਰੀ ਦੇ ਰਾਜ ਦੌਰਾਨ ਇਹ ਇਕਰਾਰਨਾਮਾ ਕਈ ਵਾਰੀ ਜਾਰੀ ਕੀਤਾ ਗਿਆ। ਜਦੋਂ ਉਸ ਦੇ ਬਾਅਦ ਐਡਵਰਡ ਪਹਿਲਾ ਰਾਜਾ ਬਣਿਆ, ਤਾਂ ਉਸ ਨੇ ਵੀ 12 ਅਕਤੂਬਰ 1297 ਵਿਚ ਮੈਗਨਾ ਕਾਰਟਾ ਨੂੰ ਸਵੀਕਾਰ ਕੀਤਾ। ਇਸ ਲਈ ਮੈਗਨਾ ਕਾਰਟਾ ਦੀ ਇਕ ਕਾਪੀ ਉਨ੍ਹਾਂ ਲਿਖਤੀ ਕਾਨੂੰਨਾਂ ਵਿਚ ਦਰਜ ਕੀਤੀ ਗਈ ਜਿਨ੍ਹਾਂ ਨੂੰ ਪਾਰਲੀਮੈਂਟ ਵਿਚ ਵਰਤਿਆ ਜਾਂਦਾ ਸੀ।

ਇਸ ਅਧਿਕਾਰ-ਪੱਤਰ ਨੇ ਰਾਜੇ ਦੇ ਅਧਿਕਾਰ ਨੂੰ ਸੀਮਿਤ ਕੀਤਾ। ਹੁਣ ਉਹ ਵੀ ਆਪਣੀ ਪਰਜਾ ਦੀ ਤਰ੍ਹਾਂ ਇਸ ਕਾਨੂੰਨ ਦੇ ਅਧੀਨ ਸੀ। ਵੀਹਵੀਂ ਸਦੀ ਦਾ ਮਸ਼ਹੂਰ ਇਤਿਹਾਸਕਾਰ ਅਤੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੇ ਅਨੁਸਾਰ ਮੈਗਨਾ ਕਾਰਟਾ ਰਾਹੀਂ “ਬਾਦਸ਼ਾਹੀ ਕੋਲ ਸ਼ਕਤੀ ਤਾਂ ਸੀ, ਪਰ ਇਸ ਦੀ ਇਕ ਹੱਦ ਸੀ ਤਾਂਕਿ ਇਕ ਜ਼ਾਲਮ ਜਾਂ ਮੂਰਖ ਰਾਜਾ ਆਪਣੇ ਅਧਿਕਾਰ ਦਾ ਨਾਜਾਇਜ਼ ਫ਼ਾਇਦਾ ਨਹੀਂ ਉਠਾ ਸਕਦਾ ਸੀ।” ਇਹ ਕਿੰਨੇ ਵਧੀਆ ਖ਼ਿਆਲ ਸਨ! ਪਰ ਇਸ ਇਕਰਾਰਨਾਮੇ ਦਾ ਆਮ ਲੋਕਾਂ ਉੱਤੇ ਕੀ ਅਸਰ ਪਿਆ ਸੀ? ਉਸ ਸਮੇਂ ਤਾਂ ਇਸ ਦਾ ਉਨ੍ਹਾਂ ਉੱਤੇ ਬਹੁਤਾ ਅਸਰ ਨਹੀਂ ਪਿਆ। ਦਰਅਸਲ ਮੈਗਨਾ ਕਾਰਟਾ ਵਿਚ ਸਿਰਫ਼ “ਆਜ਼ਾਦ ਮਨੁੱਖਾਂ” ਦੇ ਹੱਕਾਂ ਬਾਰੇ ਲਿਖਿਆ ਗਿਆ ਸੀ, ਜੋ ਉਦੋਂ ਬਹੁਤ ਹੀ ਥੋੜ੍ਹੇ ਸਨ। *

ਐਨਸਾਈਕਲੋਪੀਡੀਆ ਬ੍ਰਿਟੈਨਿਕਾ ਅਨੁਸਾਰ ਮੈਗਨਾ ਕਾਰਟਾ “ਜਲਦੀ ਹੀ ਅਤਿਆਚਾਰ ਦੇ ਖ਼ਿਲਾਫ਼ ਲੋਕਾਂ ਦੀ ਪੁਕਾਰ ਬਣ ਗਿਆ, ਹਰ ਨਵੀਂ ਪੀੜ੍ਹੀ ਇਹ ਸਮਝਦੀ ਸੀ ਕਿ ਇਹ ਉਨ੍ਹਾਂ ਦੀ ਆਜ਼ਾਦੀ ਦੀ ਰਾਖੀ ਕਰਨ ਲਈ ਵਰਤਿਆ ਜਾ ਸਕਦਾ ਸੀ।” ਮੈਗਨਾ ਕਾਰਟਾ ਦੀ ਮਹੱਤਤਾ ਇਸ ਤੋਂ ਦੇਖੀ ਜਾ ਸਕਦੀ ਹੈ ਕਿ ਇੰਗਲੈਂਡ ਦੀ ਪਾਰਲੀਮੈਂਟ ਦਾ ਹਰ ਸੈਸ਼ਨ ਸ਼ੁਰੂ ਹੋਣ ਤੇ ਇਸ ਦੇ ਅਧਿਕਾਰ ਨੂੰ ਦੁਬਾਰਾ ਮਨਜ਼ੂਰ ਕੀਤਾ ਜਾਂਦਾ ਸੀ।

ਸਤਾਰਵੀਂ ਸਦੀ ਵਿਚ ਇੰਗਲੈਂਡ ਦੇ ਵਕੀਲ ਮੈਗਨਾ ਕਾਰਟਾ ਦੀਆਂ ਧਾਰਾਵਾਂ ਵਰਤ ਕੇ ਅਜਿਹੇ ਹੱਕ ਦਿਲਾਉਂਦੇ ਸਨ ਜਿਵੇਂ ਕਿ ਜਿਊਰੀ ਮੁਕੱਦਮਾ ਸੁਣ ਸਕਦੀ ਹੈ, ਹੇਬੀਅਸ ਕਾਰਪਸ, * ਕਾਨੂੰਨ ਅਨੁਸਾਰ ਸਾਰੇ ਬਰਾਬਰ ਹਨ, ਕੋਈ ਵੀ ਕਿਸੇ ਨੂੰ ਜ਼ਬਰਦਸਤੀ ਗਿਰਫ਼ਤਾਰ ਨਹੀਂ ਕਰ ਸਕਦਾ ਅਤੇ ਪਾਰਲੀਮੈਂਟ ਕੰਟ੍ਰੋਲ ਰੱਖ ਸਕਦੀ ਹੈ ਕਿ ਕਿੰਨਾ ਟੈਕਸ ਇਕੱਠਾ ਕੀਤਾ ਜਾਵੇਗਾ। ਇਸ ਲਈ ਬਰਤਾਨਵੀ ਸਿਆਸਤਦਾਨ ਵਿਲਿਅਮ ਪਿਟ ਦੀਆਂ ਨਜ਼ਰਾਂ ਵਿਚ ਮੈਗਨਾ ਕਾਰਟਾ ‘ਅੰਗ੍ਰੇਜ਼ ਸਰਕਾਰ ਦੀ ਬਾਈਬਲ ਸੀ।’

ਆਜ਼ਾਦੀ ਲਈ ਖੋਜ ਚਾਲੂ ਹੈ

ਲੌਰਡ ਬਿੰਗਮ 1996 ਤੋਂ ਲੈ ਕੇ 2000 ਤਕ ਇੰਗਲੈਂਡ ਅਤੇ ਵੇਲਜ਼ ਵਿਚ ਉੱਚੀ ਅਦਾਲਤ ਦਾ ਜਸਟਿਸ ਸੀ। ਉਸ ਦਾ ਕਹਿਣਾ ਹੈ ਕਿ “ਇਤਿਹਾਸ ਵਿਚ ਕਈ ਵਾਰ ਮੈਗਨਾ ਕਾਰਟਾ ਦੀ ਕਾਨੂੰਨੀ ਤੌਰ ਤੇ ਮਹੱਤਤਾ ਇਸ ਉੱਤੇ ਨਹੀਂ ਆਧਾਰਿਤ ਸੀ ਕਿ ਉਸ ਵਿਚ ਕੀ ਲਿਖਿਆ ਗਿਆ ਹੈ, ਸਗੋਂ ਇਸ ਉੱਤੇ ਆਧਾਰਿਤ ਸੀ ਕਿ ਲੋਕਾਂ ਨੇ ਉਸ ਦਾ ਕੀ ਮਤਲਬ ਕੱਢਿਆ ਸੀ।” ਫਿਰ ਵੀ, ਇਸ ਅਧਿਕਾਰ-ਪੱਤਰ ਦੇ ਸੰਬੰਧ ਵਿਚ ਆਜ਼ਾਦੀ ਦੇ ਖ਼ਿਆਲ ਅੰਗ੍ਰੇਜ਼ੀ ਬੋਲਣ ਵਾਲੇ ਲੋਕਾਂ ਵਿਚ ਫੈਲ ਗਏ।

ਜਿਹੜੇ ਲੋਕ 1620 ਵਿਚ ਇੰਗਲੈਂਡ ਤੋਂ ਉੱਤਰੀ ਅਮਰੀਕਾ ਵਿਚ ਜਾ ਕੇ ਵਸ ਗਏ ਸਨ, ਉਹ ਮੈਗਨਾ ਕਾਰਟਾ ਦੀ ਇਕ ਕਾਪੀ ਆਪਣੇ ਨਾਲ ਲੈ ਗਏ। ਸਾਲ 1775 ਵਿਚ ਅਮਰੀਕਾ ਵਿਚ ਬਰਤਾਨਵੀ ਬਸਤੀਆਂ ਦੇ ਵਾਸੀਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਸਰਕਾਰ ਉਨ੍ਹਾਂ ਦੀ ਸੁਣਨ ਤੋਂ ਬਗੈਰ ਉਨ੍ਹਾਂ ਤੇ ਟੈਕਸ ਲਾ ਰਹੀ ਸੀ। ਉਸ ਇਲਾਕੇ ਦੀ ਕਾਨੂੰਨੀ ਸਭਾ ਜੋ ਅੱਜ ਮੈਸੇਚਿਉਸੇਟਸ ਦੇ ਰਾਜ ਵਿਚ ਹੈ, ਨੇ ਕਿਹਾ ਕਿ ਅਜਿਹਾ ਟੈਕਸ ਲਾਉਣਾ ਮੈਗਨਾ ਕਾਰਟਾ ਦੀ ਉਲੰਘਣਾ ਹੈ। ਦਰਅਸਲ ਉਸ ਸਮੇਂ ਮੈਸੇਚਿਉਸੇਟਸ ਦੀ ਸਰਕਾਰੀ ਮੁਹਰ ਤੇ ਇਕ ਆਦਮੀ ਦੀ ਤਸਵੀਰ ਸੀ ਜਿਸ ਦੇ ਇਕ ਹੱਥ ਵਿਚ ਤਲਵਾਰ ਅਤੇ ਦੂਜੇ ਵਿਚ ਮੈਗਨਾ ਕਾਰਟਾ ਸੀ।

ਜਦੋਂ ਇਸ ਨਵੀਂ ਕੌਮ ਦੇ ਪ੍ਰਤਿਨਿਧ ਸੰਯੁਕਤ ਰਾਜ ਅਮਰੀਕਾ ਦਾ ਕਾਨੂੰਨੀ ਪੱਤਰ ਤਿਆਰ ਕਰਨ ਲਈ ਇਕੱਠੇ ਹੋਏ, ਤਾਂ ਉਨ੍ਹਾਂ ਨੇ ਕਾਨੂੰਨੀ ਆਜ਼ਾਦੀ ਦੇ ਸਿਧਾਂਤ ਨੂੰ ਕਾਇਮ ਰੱਖਿਆ। ਇਹੀ ਸਿਧਾਂਤ ਅਮਰੀਕਾ ਦੇ ਅਧਿਕਾਰਾਂ ਦੇ ਬਿਲ ਦੀ ਨੀਂਹ ਹੈ। ਇਸ ਲਈ 1957 ਵਿਚ ਮੈਗਨਾ ਕਾਰਟਾ ਦੇ ਅਧਿਕਾਰ ਮੰਨਦੇ ਹੋਏ ਅਮਰੀਕੀ ਵਕੀਲਾਂ ਨੇ ਰਨੀਮੀਡ ਵਿਚ ਇਕ ਯਾਦਗਾਰ ਖੜ੍ਹੀ ਕੀਤੀ ਜਿਸ ਤੇ ਲਿਖਿਆ ਹੋਇਆ ਹੈ: “ਮੈਗਨਾ ਕਾਰਟਾ ਦੀ ਯਾਦ ਵਿਚ—ਕਾਨੂੰਨੀ ਆਜ਼ਾਦੀ ਦਾ ਪ੍ਰਤੀਕ।”

ਸਾਲ 1948 ਵਿਚ ਅਮਰੀਕੀ ਸਿਆਸਤਦਾਨ ਐਲਾਨੋਰ ਰੁਜ਼ਾਵਲਟ ਨੇ ਮਨੁੱਖੀ ਅਧਿਕਾਰਾਂ ਦਾ ਵਿਸ਼ਵ-ਵਿਆਪੀ ਘੋਸ਼ਣਾ-ਪੱਤਰ ਲਿਖਣ ਵਿਚ ਮਦਦ ਕੀਤੀ। ਉਸ ਦੀ ਉਮੀਦ ਸੀ ਕਿ ਇਹ “ਹਰ ਜਗ੍ਹਾ ਸਾਰੇ ਇਨਸਾਨਾਂ ਦਾ ਅੰਤਰਰਾਸ਼ਟਰੀ ਮੈਗਨਾ ਕਾਰਟਾ” ਬਣ ਜਾਵੇਗਾ। ਵਾਕਈ, ਮੈਗਨਾ ਕਾਰਟਾ ਦੇ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਇਨਸਾਨ ਆਜ਼ਾਦੀ ਲਈ ਕਿੰਨੇ ਤਰਸਦੇ ਹਨ। ਲੋਕਾਂ ਦੇ ਉੱਚੇ ਖ਼ਿਆਲਾਂ ਦੇ ਬਾਵਜੂਦ ਅੱਜ ਕਈ ਮੁਲਕਾਂ ਵਿਚ ਲੋਕਾਂ ਦੀਆਂ ਮੂਲ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਅਤੇ ਉਨ੍ਹਾਂ ਦੇ ਹੱਕ ਖੋਹੇ ਜਾਂਦੇ ਹਨ। ਇਤਿਹਾਸ ਗਵਾਹ ਹੈ ਕਿ ਮਨੁੱਖੀ ਸਰਕਾਰਾਂ ਸਾਰਿਆਂ ਨੂੰ ਆਜ਼ਾਦੀ ਨਹੀਂ ਦੇ ਸਕਦੀਆਂ। ਇਸ ਲਈ ਯਹੋਵਾਹ ਦੇ ਗਵਾਹ ਇਕ ਹੋਰ ਕਿਸਮ ਦੀ ਸਰਕਾਰ ਦੇ ਕਾਨੂੰਨ ਮੰਨਦੇ ਹਨ। ਇਹ ਪਰਮੇਸ਼ੁਰ ਦੀ ਸਰਕਾਰ ਹੈ।

ਬਾਈਬਲ ਵਿਚ ਪਰਮੇਸ਼ੁਰ ਬਾਰੇ ਲਿਖਿਆ ਹੈ ਕਿ “ਜਿੱਥੇ ਕਿਤੇ ਪ੍ਰਭੁ ਦਾ ਆਤਮਾ ਹੈ ਉੱਥੇ ਹੀ ਅਜ਼ਾਦੀ ਹੈ।” (2 ਕੁਰਿੰਥੀਆਂ 3:17) ਜੇਕਰ ਤੁਸੀਂ ਪਰਮੇਸ਼ੁਰ ਦੇ ਰਾਜ ਅਧੀਨ ਮਨੁੱਖਜਾਤੀ ਨੂੰ ਪੇਸ਼ ਕੀਤੀ ਗਈ ਆਜ਼ਾਦੀ ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਕਿਉਂ ਨਾ ਯਹੋਵਾਹ ਦੇ ਗਵਾਹਾਂ ਤੋਂ ਇਸ ਬਾਰੇ ਪੁੱਛੋ? ਇਸ ਦਾ ਜਵਾਬ ਸਿਰਫ਼ ਦਿਲਚਸਪ ਹੀ ਨਹੀਂ ਪਰ ਆਜ਼ਾਦੀ ਵੀ ਦਿੰਦਾ ਹੈ। (g02 12/22)

[ਫੁਟਨੋਟ]

^ ਪੈਰਾ 12 ਪੱਛਮੀ ਸਭਿਅਤਾ ਦੇ ਇਤਿਹਾਸ ਬਾਰੇ ਇਕ ਪੁਸਤਕ ਕਹਿੰਦੀ ਹੈ ਕਿ “ਜਦ ਕਿ 1215 ਵਿਚ ‘ਆਜ਼ਾਦ ਵਿਅਕਤੀ’ ਬਹੁਤੇ ਨਹੀਂ ਸਨ, ਪਰ ਸਤਾਰਵੀਂ ਸਦੀ ਤਕ ਲਗਭਗ ਸਾਰੇ ਮਨੁੱਖ ਆਜ਼ਾਦ ਸਨ।”

^ ਪੈਰਾ 14 ਹੇਬੀਅਸ ਕਾਰਪਸ ਲਾਤੀਨੀ ਭਾਸ਼ਾ ਤੋਂ ਹੈ, ਜਿਸ ਦਾ ਮਤਲਬ ਹੈ ਕਿ “ਜਿਸਮਾਨੀ ਹਾਜ਼ਰੀ।” ਇਹ ਨਾਜਾਇਜ਼ ਕੈਦ ਕਰਨ ਦੀ ਜਾਂਚ-ਪੜਤਾਲ ਲਈ ਕਾਨੂੰਨੀ ਹੁਕਮਨਾਮਾ ਹੈ।

[ਸਫ਼ੇ 27 ਉੱਤੇ ਡੱਬੀ/​ਤਸਵੀਰ]

ਮਹਾਂ ਅਧਿਕਾਰ-ਪੱਤਰ

ਸ਼ੁਰੂ ਵਿਚ ਮੈਗਨਾ ਕਾਰਟਾ (“ਮਹਾਂ ਅਧਿਕਾਰ-ਪੱਤਰ” ਲਈ ਲਾਤੀਨੀ ਨਾਂ) “ਬੈਰਨਾਂ ਦੀਆਂ ਧਾਰਾਵਾਂ” ਸੱਦਿਆ ਜਾਂਦਾ ਸੀ। ਜੌਨ ਬਾਦਸ਼ਾਹ ਨੇ ਇਸ 49 ਧਾਰਾਵਾਂ ਵਾਲੇ ਇਕਰਾਰਨਾਮੇ ਨੂੰ ਆਪਣੀ ਮੁਹਰ ਲਗਾਈ ਸੀ। ਅਗਲੇ ਕੁਝ ਦਿਨਾਂ ਦੌਰਾਨ ਇਸ ਇਕਰਾਰਨਾਮੇ ਦੀਆਂ ਧਾਰਾਵਾਂ 63 ਤਕ ਵਧ ਗਈਆਂ ਅਤੇ ਬਾਦਸ਼ਾਹ ਨੇ ਇਨ੍ਹਾਂ ਨੂੰ ਮਨਜ਼ੂਰ ਕਰ ਕੇ ਫਿਰ ਤੋਂ ਆਪਣੀ ਮੁਹਰ ਲਗਾਈ। ਫਿਰ 1217 ਵਿਚ ਇਸ ਨੂੰ ਦੁਬਾਰਾ ਜਾਰੀ ਕੀਤਾ ਗਿਆ ਅਤੇ ਇਸ ਨਾਲ ਬਣ ਤੇ ਜੰਗਲ ਸੰਬੰਧੀ ਕਾਨੂੰਨਾਂ ਬਾਰੇ ਇਕ ਹੋਰ ਛੋਟਾ ਅਧਿਕਾਰ ਪੱਤਰ ਸੀ। ਇਸ ਸਮੇਂ ਤੋਂ ਲੈ ਕੇ ਇਨ੍ਹਾਂ ਧਾਰਾਵਾਂ ਨੂੰ ਮੈਗਨਾ ਕਾਰਟਾ ਸੱਦਿਆ ਗਿਆ।

ਇਨ੍ਹਾਂ 63 ਧਾਰਾਵਾਂ ਨੂੰ 9 ਹਿੱਸਿਆਂ ਵਿਚ ਵੰਡਿਆ ਗਿਆ ਹੈ। ਮਿਸਾਲ ਲਈ, ਬੈਰਨਾਂ ਦੀਆਂ ਸ਼ਿਕਾਇਤਾਂ, ਕਾਨੂੰਨ ਤੇ ਇਨਸਾਫ਼ ਵਿਚ ਸੁਧਾਰ ਅਤੇ ਚਰਚ ਦੀ ਆਜ਼ਾਦੀ। ਧਾਰਾ 39 ਬਰਤਾਨਵੀ ਕਾਨੂੰਨ ਅਧੀਨ ਲੋਕਾਂ ਨੂੰ ਆਜ਼ਾਦੀ ਅਤੇ ਹੱਕ ਦੇਣ ਦੀ ਇਤਿਹਾਸਕ ਨੀਂਹ ਹੈ ਜਿਸ ਵਿਚ ਲਿਖਿਆ ਹੈ: “ਕਿਸੇ ਵੀ ਆਜ਼ਾਦ ਆਦਮੀ ਨੂੰ ਗਿਰਫ਼ਤਾਰ ਜਾਂ ਕੈਦ ਨਹੀਂ ਕੀਤਾ ਜਾ ਸਕਦਾ, ਉਸ ਦੇ ਹੱਕ ਜਾਂ ਉਸ ਦੀ ਸੰਪਤੀ ਨਹੀਂ ਖੋਹੀ ਜਾ ਸਕਦੀ, ਉਸ ਨੂੰ ਕਾਨੂੰਨੀ ਸਹਾਇਤਾ ਤੋਂ ਵੰਚਿਤ ਨਹੀਂ ਕੀਤਾ ਜਾ ਸਕਦਾ, ਦੇਸ਼ਨਿਕਾਲਾ ਨਹੀਂ ਦਿੱਤਾ ਜਾ ਸਕਦਾ, ਉਸ ਦੀ ਪਦਵੀ ਨਹੀਂ ਖੋਹੀ ਜਾ ਸਕਦੀ, ਅਤੇ ਨਾ ਹੀ ਉਸ ਨਾਲ ਜ਼ਬਰਦਸਤੀ ਕੀਤੀ ਜਾ ਸਕਦੀ ਹੈ। ਇਹ ਗੱਲਾਂ ਸਿਰਫ਼ ਅਦਾਲਤ ਦੇ ਹੱਥੀਂ ਉਸ ਦੀ ਕਾਨੂੰਨੀ ਕਾਰਵਾਈ ਤੋਂ ਬਾਅਦ ਹੀ ਕੀਤੀਆਂ ਜਾ ਸਕਦੀਆਂ ਹਨ।”

[ਤਸਵੀਰ]

Background: ਮੈਗਨਾ ਕਾਰਟਾ ਦਾ ਤੀਜਾ ਸੰਸ਼ੋਧਨ

[ਕ੍ਰੈਡਿਟ ਲਾਈਨ]

By permission of the British Library, 46144 Exemplification of King Henry III’s reissue of Magna Carta 1225

[ਸਫ਼ੇ 26 ਉੱਤੇ ਤਸਵੀਰ]

ਜੌਨ ਬਾਦਸ਼ਾਹ

[ਕ੍ਰੈਡਿਟ ਲਾਈਨ]

From the book Illustrated Notes on English Church History (Vols. I and II)

[ਸਫ਼ੇ 26 ਉੱਤੇ ਤਸਵੀਰ]

ਜੌਨ ਬਾਦਸ਼ਾਹ ਆਪਣਾ ਤਾਜ ਪੋਪ ਦੇ ਏਲਚੀ ਨੂੰ ਸੌਂਪਦੇ ਹੋਏ

[ਕ੍ਰੈਡਿਟ ਲਾਈਨ]

From the book The History of Protestantism (Vol. I)

[ਸਫ਼ੇ 27 ਉੱਤੇ ਤਸਵੀਰ]

ਜੌਨ ਬਾਦਸ਼ਾਹ 1215 ਵਿਚ ਆਪਣੇ ਬੈਰਨਾਂ ਨੂੰ ਮਿਲ ਕੇ ਮੈਗਨਾ ਕਾਰਟਾ ਉੱਤੇ ਆਪਣੀ ਮੁਹਰ ਲਗਾਉਂਦਾ ਹੈ

[ਕ੍ਰੈਡਿਟ ਲਾਈਨ]

From the book The Story of Liberty, 1878

[ਸਫ਼ੇ 28 ਉੱਤੇ ਤਸਵੀਰ]

ਰਨੀਮੀਡ, ਇੰਗਲੈਂਡ ਵਿਚ ਮੈਗਨਾ ਕਾਰਟਾ ਦੀ ਯਾਦਗਾਰ

[ਕ੍ਰੈਡਿਟ ਲਾਈਨ]

ABAJ/Stephen Hyde

[ਸਫ਼ੇ 26 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]

Top background: By permission of the British Library, Cotton Augustus II 106 Exemplification of King John’s Magna Carta 1215; King John’s Seal: Public Record Office, London