ਸੰਸਾਰ ਉੱਤੇ ਨਜ਼ਰ
ਸੰਸਾਰ ਉੱਤੇ ਨਜ਼ਰ
ਟੈਲੀਫ਼ੋਨ ਰਾਹੀਂ ਵਧੀਆ ਖਾਣਾ
ਮੈਡਰਿਡ, ਸਪੇਨ ਵਿਚ ਕੁਆਰੇ ਮੁੰਡੇ ਲਜ਼ੀਜ਼ ਖਾਣਾ ਖਾਣਾ ਪਸੰਦ ਕਰਦੇ ਹਨ। ਪਰ ਰੁੱਝੇ ਹੋਣ ਕਰਕੇ ਉਨ੍ਹਾਂ ਕੋਲ ਖਾਣਾ ਪਕਾਉਣ ਦਾ ਸਮਾਂ ਨਹੀਂ ਹੁੰਦਾ ਜਾਂ ਫਿਰ ਆਦਤ ਨਹੀਂ ਹੁੰਦੀ। ਇਸ ਲਈ ਉਨ੍ਹਾਂ ਨੇ ਇਕ ਵਧੀਆ ਰਾਹ ਲੱਭਿਆ ਹੈ। ਸਪੇਨ ਦੀ ਅਖ਼ਬਾਰ ਐੱਲ ਪੌਈਸ ਮੁਤਾਬਕ, ਇੰਟਰਨੈੱਟ ਰਾਹੀਂ ਉਹ “ਟੈਲੀਮਦਰ” ਨਾਲ ਸੰਪਰਕ ਕਰਦੇ ਹਨ। ਜਿੱਦਾਂ ਮਾਵਾਂ ਆਪਣੇ ਪੁੱਤਰਾਂ ਨੂੰ ਖਾਣਾ ਬਣਾ ਕੇ ਖਿਲਾਉਂਦੀਆਂ ਹਨ, ਉਸੇ ਤਰ੍ਹਾਂ ਇਹ ਤੀਵੀਆਂ ਹਫ਼ਤੇ ਵਿਚ ਦੋ ਵਾਰ ਟੈਕਸੀ ਰਾਹੀਂ ਇਨ੍ਹਾਂ ਮੁੰਡਿਆਂ ਨੂੰ ਘਰ ਬਣਾਇਆ ਵਧੀਆ ਖਾਣਾ ਘੱਲਦੀਆਂ ਹਨ ਜੋ ਕਈ ਦਿਨਾਂ ਤਕ ਚੱਲਦਾ ਹੈ। ਉਹ ਮੱਛੀ, ਪਾਸਤਾ, ਸਬਜ਼ੀਆਂ, ਫਲੀਆਂ, ਮੀਟ, ਦੁੱਧ ਨਾਲ ਬਣੀਆਂ ਚੀਜ਼ਾਂ ਅਤੇ ਫਲ ਘੱਲਦੀਆਂ ਹਨ। ਇਹ ਤੀਵੀਆਂ ਇਨ੍ਹਾਂ ਮੁੰਡਿਆਂ ਨਾਲ ਟੈਲੀਫ਼ੋਨ ਰਾਹੀਂ ਸੰਪਰਕ ਰੱਖਦੀਆਂ ਹਨ ਅਤੇ ਉਨ੍ਹਾਂ ਤੋਂ ਉਨ੍ਹਾਂ ਦੀਆਂ ਲੋੜਾਂ, ਪਸੰਦ-ਨਾਪਸੰਦ ਅਤੇ ਫਰਿੱਜ ਵਿਚ ਪਏ ਖਾਣੇ ਦੀ ਮਾਤਰਾ ਬਾਰੇ ਪੁੱਛਦੀਆਂ ਹਨ। ਹਰ ਰੋਜ਼ ਚਾਰ ਜਾਂ ਜ਼ਿਆਦਾ ਲੋਕਾਂ ਲਈ ਦਫ਼ਤਰਾਂ ਵਿਚ ਖਾਣਾ ਘੱਲਣ ਦਾ ਵੀ ਪ੍ਰਬੰਧ ਹੈ। ਸ਼ਨੀਵਾਰ ਤੇ ਐਤਵਾਰ ਨੂੰ ਖ਼ਾਸ ਪਕਵਾਨ ਵੀ ਪਕਾਏ ਜਾਂਦੇ ਹਨ। (g03 1/22)
‘ਦਿਮਾਗ਼ ਲਈ ਝੂਠ ਬੋਲਣਾ ਬਹੁਤ ਔਖਾ ਕੰਮ ਹੈ’
ਪੈਨਸਿਲਵੇਨੀਆ ਦੀ ਯੂਨੀਵਰਸਿਟੀ ਵਿਚ ਖੋਜਕਾਰਾਂ ਨੇ ਇਹ ਪਤਾ ਲਗਾਇਆ ਹੈ ਕਿ ਇਨਸਾਨ ਦੇ ਦਿਮਾਗ਼ ਨੂੰ ਸੱਚ ਬੋਲਣ ਨਾਲੋਂ ਝੂਠ ਬੋਲਣ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਡਾਕਟਰ ਡੈਨੀਅਲ ਲੌਂਗਲੇਬਨ ਇਸ ਬਾਰੇ ਅਧਿਐਨ ਕਰ ਰਿਹਾ ਹੈ। ਇਸ ਕੰਮ ਵਾਸਤੇ ਉਹ ਫੰਕਸ਼ਨਲ ਮਗਨੈਟਿਕ ਰੈਜ਼ੋਨੈਂਸ ਇਮੇਜਿੰਗ (fMRI) ਮਸ਼ੀਨ ਵਰਤਦਾ ਹੈ ਜੋ ਦਿਮਾਗ਼ ਦੇ ਉਨ੍ਹਾਂ ਹਿੱਸਿਆਂ ਨੂੰ ਉਜਾਗਰ ਕਰਦੀ ਹੈ ਜੋ ਝੂਠ ਬੋਲਣ ਵੇਲੇ ਹਰਕਤ ਵਿਚ ਆਉਂਦੇ ਹਨ। ਜਦੋਂ ਸਾਡੇ ਤੋਂ ਕੋਈ ਸਵਾਲ ਪੁੱਛਿਆ ਜਾਂਦਾ ਹੈ, ਤਾਂ ਸਾਡਾ ਦਿਮਾਗ਼ ਪਹਿਲਾਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਇਸ ਮਗਰੋਂ “ਝੂਠਾ ਬੰਦਾ ਸੁਭਾਵਕ ਹੀ ਪਹਿਲਾਂ ਸਹੀ ਜਵਾਬ ਬਾਰੇ ਸੋਚਦਾ ਹੈ ਤੇ ਫਿਰ ਝੂਠਾ ਜਵਾਬ ਘੜਦਾ ਜਾਂ ਦਿੰਦਾ ਹੈ,” ਮੈਕਸੀਕੋ ਸ਼ਹਿਰ ਦੀ ਦ ਨਿਊਜ਼ ਅਖ਼ਬਾਰ ਕਹਿੰਦੀ ਹੈ। “ਬਿਨਾਂ ਕੋਸ਼ਿਸ਼ ਕੀਤੇ ਤੁਸੀਂ ਦਿਮਾਗ਼ ਤੋਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ,” ਲੌਂਗਲੇਬਨ ਕਹਿੰਦਾ ਹੈ। “ਝੂਠ ਬੋਲਣ ਦਾ ਕੰਮ ਸੱਚ ਬੋਲਣ ਨਾਲੋਂ ਜ਼ਿਆਦਾ ਗੁੰਝਲਦਾਰ ਹੈ ਜਿਸ ਕਰਕੇ ਦਿਮਾਗ਼ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ।” ਦਿਮਾਗ਼ ਦੇ ਜ਼ਿਆਦਾ ਕੰਮ ਕਰਨ ਕਰਕੇ ਇਮੇਜਿੰਗ ਮਸ਼ੀਨ ਉੱਤੇ ਦਿਮਾਗ਼ ਦੇ ਕੁਝ ਹਿੱਸੇ ਬਲਬ ਵਾਂਗ ਜਗਣ ਲੱਗ ਪੈਂਦੇ ਹਨ। ਇਹੋ ਅਖ਼ਬਾਰ ਦੱਸਦੀ ਹੈ ਕਿ “ਝੂਠ ਬੋਲਣ ਵਿਚ ਮਾਹਰ ਬੰਦੇ ਦੇ ਦਿਮਾਗ਼ ਲਈ ਵੀ ਝੂਠ ਬੋਲਣਾ ਬਹੁਤ ਔਖਾ ਕੰਮ ਹੈ।” (g03 2/22)
ਦੁਨੀਆਂ ਦੇ 25 ਪ੍ਰਤਿਸ਼ਤ ਅੰਨ੍ਹੇ ਲੋਕ ਭਾਰਤ ਵਿਚ ਹਨ
“ਇਹ ਬੜੇ ਅਫ਼ਸੋਸ ਦੀ ਗੱਲ ਹੈ ਕਿ ਭਾਰਤ ਵਿਚ ਇਕ ਕਰੋੜ ਵੀਹ ਲੱਖ ਲੋਕ ਅੰਨ੍ਹੇ ਹਨ ਜੋ ਕਿ ਦੁਨੀਆਂ ਦੇ ਕੁੱਲ ਅੰਨ੍ਹੇ ਲੋਕਾਂ ਦੀ ਗਿਣਤੀ ਦਾ 25 ਪ੍ਰਤਿਸ਼ਤ ਹਿੱਸਾ ਹੈ,” ਭਾਰਤ ਦੀ ਡੈਕਨ ਹੈਰਲਡ ਅਖ਼ਬਾਰ ਦੱਸਦੀ ਹੈ। ਪੂਰੇ ਭਾਰਤ ਵਿਚ 40 ਤੋਂ ਜ਼ਿਆਦਾ ਸ਼ਹਿਰਾਂ ਦੇ ਕਾਲਜਾਂ ਅਤੇ ਸਕੂਲਾਂ ਤੋਂ ਇਕੱਠੀ ਕੀਤੀ ਗਈ ਜਾਣਕਾਰੀ ਦੇ ਆਧਾਰ ਤੇ ਯੂਥ ਵਿਜ਼ਨ ਇੰਡੀਆ, 2002 ਦੁਆਰਾ ਤਿਆਰ ਕੀਤੀ ਗਈ ਰਿਪੋਰਟ ਨੇ ਇਹ ਦੱਸਿਆ ਕਿ “50 ਪ੍ਰਤਿਸ਼ਤ ਤੋਂ ਜ਼ਿਆਦਾ ਨੌਜਵਾਨਾਂ ਨੂੰ ਇਹ ਪਤਾ ਨਹੀਂ ਸੀ ਕਿ ਉਨ੍ਹਾਂ ਨੂੰ ਆਪਣੀਆਂ ਅੱਖਾਂ ਦਾ ਇਲਾਜ ਕਰਾਉਣ ਦੀ ਜ਼ਰੂਰਤ ਸੀ।” ਰਿਪੋਰਟ ਦੇ ਮੁਤਾਬਕ, ਭਾਰਤ ਵਿਚ ਅੱਖਾਂ ਦੇ ਜ਼ਿਆਦਾਤਰ ਮਰੀਜ਼ਾਂ ਦੀ ਨਜ਼ਰ ਕਮਜ਼ੋਰ ਹੈ ਜਾਂ ਫਿਰ ਉਨ੍ਹਾਂ ਨੂੰ ਮੋਤੀਆਬਿੰਦ ਹੈ। ਇਨ੍ਹਾਂ ਦੋਵਾਂ ਬੀਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ। ਇਸ ਅਖ਼ਬਾਰ ਨੇ ਦੱਸਿਆ ਕਿ ਭਾਰਤ ਵਿਚ ਇਸ ਸਮੱਸਿਆ ਦੇ ਮੁੱਖ ਕਾਰਨ ਇਹ ਹਨ ਕਿ ਦੇਸ਼ ਵਿਚ “ਅੱਖਾਂ ਦੇ ਚੰਗੇ ਡਾਕਟਰਾਂ ਦੀ ਘਾਟ ਹੈ” ਅਤੇ “ਜ਼ਿਆਦਾਤਰ ਲੋਕਾਂ ਨੂੰ ਆਪਣੀ ਕਮਜ਼ੋਰ ਹੋ ਰਹੀ ਨਜ਼ਰ ਬਾਰੇ ਪਤਾ ਹੀ ਨਹੀਂ ਹੁੰਦਾ।” ਇਸ ਨੇ ਅੱਗੇ ਕਿਹਾ: “ਵਿਸ਼ਵ ਸਿਹਤ ਸੰਗਠਨ ਮੁਤਾਬਕ ਭਾਰਤ ਵਿਚ 40,000 ਨਜ਼ਰ ਟੈੱਸਟ ਕਰਨ ਵਾਲੇ ਡਾਕਟਰ ਹੋਣੇ ਚਾਹੀਦੇ ਹਨ, ਪਰ ਇੱਥੇ ਸਿਰਫ਼ 5,000 ਡਾਕਟਰ ਹੀ ਹਨ।” (g03 1/08)
ਇਨੂਕਟਿਟੂਟ ਭਾਸ਼ਾ ਵਿਚ ਬਾਈਬਲ
ਕੈਨੇਡੀਅਨ ਬਾਈਬਲ ਸੋਸਾਇਟੀ ਨੇ ਇਨੂਕਟਿਟੂਟ ਭਾਸ਼ਾ ਵਿਚ ਪੂਰੀ ਬਾਈਬਲ ਦਾ ਅਨੁਵਾਦ ਕਰ ਲਿਆ ਹੈ। ਅਨੁਵਾਦ ਕਰਨ ਵਿਚ 23 ਸਾਲ ਲੱਗੇ। ਇਨੂਕਟਿਟੂਟ ਭਾਸ਼ਾ ਕੈਨੇਡਾ ਦੇ ਇਨੁਵਟ ਲੋਕ ਬੋਲਦੇ ਹਨ। ਇਸ ਭਾਸ਼ਾ ਵਿਚ ਅਨੁਵਾਦ ਕਰਨਾ ਬਹੁਤ ਮੁਸ਼ਕਲ ਸੀ। “ਇਨੁਵਟ ਸਭਿਆਚਾਰ ਦੇ ਲੋਕ ਸਿਰਫ਼ ਸੀਲ ਮੱਛੀਆਂ, ਵਾਲਰਸ ਤੇ ਬਹੁਤ ਥੋੜ੍ਹੇ ਦਰਖ਼ਤਾਂ ਬਾਰੇ ਹੀ ਜਾਣਦੇ ਹਨ, ਇਸ ਲਈ ਇਨੂਕਟਿਟੂਟ ਭਾਸ਼ਾ ਵਿਚ ਭੇਡਾਂ, ਊਠ ਤੇ ਗਧੇ ਅਤੇ ਖਜੂਰ ਦੇ ਦਰਖ਼ਤਾਂ ਬਾਰੇ ਸਮਝਾਉਣਾ ਇਕ ਚੁਣੌਤੀ ਸੀ,” ਹੌਰਟ ਵੀਨਜ਼, ਕੈਨੇਡੀਅਨ ਬਾਈਬਲ ਸੋਸਾਇਟੀ ਦੇ ਬਾਈਬਲ ਅਨੁਵਾਦ ਵਿਭਾਗ ਦੇ ਡਾਇਰੈਕਟਰ ਨੇ ਕਿਹਾ। “ਉਦਾਹਰਣ ਲਈ ਬਾਈਬਲ ਵਿਚ ਖਜੂਰ ਦੇ ਦਰਖ਼ਤਾਂ ਲਈ ਬਹੁਤ ਸਾਰੇ ਸ਼ਬਦ ਵਰਤੇ ਗਏ ਹਨ। ਪਰ ਕੈਨੇਡਾ ਦੇ ਉੱਤਰੀ ਹਿੱਸੇ ਵਿਚ ਸਥਿਤ ਨੂਨਾਵੂਟ ਇਲਾਕੇ ਵਿਚ ਕੋਈ ਦਰਖ਼ਤ ਹੈ ਹੀ ਨਹੀਂ ਜਿਸ ਕਰਕੇ ਲੋਕਾਂ ਨੂੰ ਖਜੂਰ ਦੇ ਦਰਖ਼ਤਾਂ ਬਾਰੇ ਸਮਝਾਉਣਾ ਬਹੁਤ ਔਖਾ ਹੈ।” ਕੈਨੇਡਾ ਦੇ ਤਕਰੀਬਨ 28,000 ਲੋਕ ਇਨੂਕਟਿਟੂਟ ਭਾਸ਼ਾ ਬੋਲਦੇ ਹਨ। ਨੈਸ਼ਨਲ ਪੋਸਟ ਦੇ ਮੁਤਾਬਕ “ਬਾਈਬਲ ਹੁਣ 2,285 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਉਪਲਬਧ ਹੈ।” (g03 1/08)
ਗਿਰਜਿਆਂ ਨੂੰ ਨਵਾਂ ਰੂਪ ਦੇਣਾ
“ਜਦੋਂ ਮਾਰਕ ਟਵੇਨ 1881 ਵਿਚ ਮਾਂਟ੍ਰੀਆਲ ਗਿਆ ਸੀ, ਉਸ ਵੇਲੇ ਉਸ ਨੇ ਕਿਹਾ ਕਿ ‘ਜੇ ਤੁਸੀਂ ਹਵਾ ਵਿਚ ਪੱਥਰ ਮਾਰੋ, ਤਾਂ ਕਿਸੇ-ਨਾ-ਕਿਸੇ ਗਿਰਜੇ ਦੀ ਬਾਰੀ ਦਾ ਸ਼ੀਸ਼ਾ ਟੁੱਟੇਗਾ ਹੀ ਟੁੱਟੇਗਾ।’ ਅੱਜ-ਕੱਲ੍ਹ ਤੁਸੀਂ ਸ਼ਾਇਦ ਪੱਥਰ ਮਾਰ ਕੇ ਕਿਸੇ ਗਿਰਜੇ ਵਿਚ ਰਿਹਾਇਸ਼ੀ ਮਕਾਨ ਦੀ ਬਾਰੀ ਦਾ ਸ਼ੀਸ਼ਾ ਭੰਨ ਦਿਓ,” ਮਾਂਟ੍ਰੀਆਲ ਦੀ ਦ ਗਜ਼ੈਟ ਅਖ਼ਬਾਰ ਕਹਿੰਦੀ ਹੈ। ਭਾਵੇਂ ਕਿ ਸ਼ਹਿਰ ਵਿਚ ਅਜੇ ਵੀ ਲਗਭਗ 600 ਗਿਰਜੇ ਹਨ, ਪਰ ਇਹ ਅਖ਼ਬਾਰ ਦੱਸਦੀ ਹੈ ਕਿ ਇਨ੍ਹਾਂ ਵਿੱਚੋਂ ਤਕਰੀਬਨ 100 ਗਿਰਜੇ, ਜ਼ਿਆਦਾ ਕਰਕੇ ਕੈਥੋਲਿਕ ਗਿਰਜੇ, ਅਗਲੇ ਦਸਾਂ ਸਾਲਾਂ ਦੌਰਾਨ ਵੇਚ ਦਿੱਤੇ ਜਾਣਗੇ। ਮਾਂਟ੍ਰੀਆਲ ਵਿਚ ਇਕ ਕੈਥੋਲਿਕ ਅਖ਼ਬਾਰ ਮੁਤਾਬਕ “1960 ਤੋਂ ਹੁਣ ਤਕ ਤਕਰੀਬਨ 25 ਕੈਥੋਲਿਕ ਗਿਰਜੇ ਬੰਦ ਕਰ ਦਿੱਤੇ ਗਏ ਹਨ।” ਕੈਨੇਡਾ ਵਿਚ 1871 ਵਿਚ 15 ਲੱਖ ਕੈਥੋਲਿਕ ਸਨ ਜੋ ਵਧ ਕੇ 1971 ਵਿਚ ਲਗਭਗ ਇਕ ਕਰੋੜ ਹੋ ਗਏ; ਪਰ “ਗਿਰਜੇ ਜਾਣ ਵਾਲਿਆਂ ਦੀ ਗਿਣਤੀ ਬਹੁਤ ਹੀ ਘੱਟ ਗਈ, ਖ਼ਾਸ ਕਰਕੇ ਕਿਊਬੈੱਕ ਵਿਚ,” ਦ ਗਜ਼ੈਟ ਅਖ਼ਬਾਰ ਨੇ ਦੱਸਿਆ। ਮਾਂਟ੍ਰੀਆਲ ਦੇ ਗਿਰਜਿਆਂ ਦੇ ਕੰਮ ਦੇ ਇੰਚਾਰਜ ਬਰਨਾਰ ਫੌਰਟਨ ਨੇ ਅਖ਼ਬਾਰ ਨੂੰ ਦੱਸਿਆ ਕਿ ਮਾਂਟ੍ਰੀਆਲ ਵਿਚ 1970 ਵਿਚ 75 ਪ੍ਰਤਿਸ਼ਤ ਲੋਕ ਗਿਰਜੇ ਆਉਂਦੇ ਸਨ, ਪਰ ਅੱਜ ਸਿਰਫ਼ 8 ਪ੍ਰਤਿਸ਼ਤ ਲੋਕ ਹੀ ਗਿਰਜੇ ਆਉਂਦੇ ਹਨ। (g03 2/22)
ਖ਼ੂਨ ਲੈਣ ਨਾਲ ਫੇਫੜਿਆਂ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ
“ਜਿਹੜੇ ਲੋਕ ਲਹੂ ਦੇ ਕਣਾਂ ਤੋਂ ਬਣੀਆਂ ਦਵਾਈਆਂ ਲੈਂਦੇ ਹਨ, ਖ਼ਾਸ ਕਰਕੇ ਜਿਨ੍ਹਾਂ ਵਿਚ ਪਲਾਜ਼ਮਾ ਹੁੰਦਾ ਹੈ, ਉਨ੍ਹਾਂ ਦੇ ਫੇਫੜੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਸਕਦੇ ਹਨ,” ਅਮਰੀਕਾ ਦੇ ਭੋਜਨ ਅਤੇ ਦਵਾਈ ਵਿਭਾਗ ਦਾ ਇਕ ਰਸਾਲਾ ਐੱਫ਼. ਡੀ. ਏ. ਕੰਜ਼ਿਊਮਰ ਇਸ ਤਰ੍ਹਾਂ ਕਹਿੰਦਾ ਹੈ। ਜੇ ਇਸ ਸਮੱਸਿਆ ਦੀ ਜਲਦੀ ਪਛਾਣ ਕਰ ਕੇ ਸਹੀ ਇਲਾਜ ਨਾ ਕੀਤਾ ਜਾਵੇ, ਤਾਂ ਮਰੀਜ਼ ਦੀ ਮੌਤ ਹੋ ਸਕਦੀ ਹੈ। “ਫੇਫੜੇ ਉਸ ਵੇਲੇ ਜ਼ਖ਼ਮੀ ਹੋ ਸਕਦੇ ਹਨ ਜਦੋਂ ਖ਼ੂਨ ਦਾਨ ਕਰਨ ਵਾਲੇ ਦੇ ਖ਼ੂਨ ਦੇ ਚਿੱਟੇ ਸੈੱਲ ਵਿਚ ਐਂਟੀਬਾਡੀਜ਼ ਖ਼ੂਨ ਲੈਣ ਵਾਲੇ ਦੇ ਖ਼ੂਨ ਦੇ ਚਿੱਟੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਇਸ ਕਰਕੇ ਫੇਫੜਿਆਂ ਦੇ ਟਿਸ਼ੂ ਬਦਲ ਜਾਂਦੇ ਹਨ ਜਿਸ ਕਰਕੇ ਤਰਲ ਇਨ੍ਹਾਂ ਦੇ ਅੰਦਰ ਚਲਾ ਜਾਂਦਾ ਹੈ। ਇਹ ਸਮੱਸਿਆ ਖ਼ਾਸ ਕਰਕੇ ਉਦੋਂ ਪੈਦਾ ਹੁੰਦੀ ਹੈ ਜਦੋਂ ਮਰੀਜ਼ ਉਨ੍ਹਾਂ ਤੀਵੀਆਂ ਦਾ ਖ਼ੂਨ ਲੈਂਦਾ ਹੈ ਜਿਨ੍ਹਾਂ ਦੇ ਦੋ ਤੋਂ ਜ਼ਿਆਦਾ ਬੱਚੇ ਹਨ ਜਾਂ ਫਿਰ ਮਰੀਜ਼ ਉਨ੍ਹਾਂ ਲੋਕਾਂ ਦਾ ਖ਼ੂਨ ਲੈਂਦਾ ਹੈ ਜਿਨ੍ਹਾਂ ਨੇ ਆਪ ਪਹਿਲਾਂ ਕਈ ਵਾਰ ਖ਼ੂਨ ਲਿਆ ਸੀ।” ਇਸ ਬੀਮਾਰੀ ਦੇ ਲੱਛਣ ਹਨ: “ਬੁਖ਼ਾਰ, ਸਾਹ ਔਖਾ ਆਉਣਾ ਤੇ ਬਲੱਡ-ਪ੍ਰੈਸ਼ਰ ਘੱਟਣਾ। ਐਕਸ-ਰੇ ਤੋਂ ਪਤਾ ਚੱਲਦਾ ਹੈ ਕਿ [ਖ਼ੂਨ ਲੈਣ ਵਾਲੇ] ਮਰੀਜ਼ ਦੇ ਫੇਫੜੇ ਪੂਰੀ ਤਰ੍ਹਾਂ ਚਿੱਟੇ ਹੋ ਜਾਂਦੇ ਹਨ।” (g03 3/08)
ਦਰਖ਼ਤ ਸ਼ਹਿਰਾਂ ਵਿਚ ਪ੍ਰਦੂਸ਼ਣ ਘਟਾਉਂਦੇ ਹਨ
“ਪਹਿਲੀ ਵਾਰ ਵਿਗਿਆਨੀ ਇਹ ਪਤਾ ਲਗਾ ਸਕੇ ਹਨ ਕਿ ਵੱਖ-ਵੱਖ ਤਰ੍ਹਾਂ ਦੇ ਦਰਖ਼ਤ ਕਿੰਨਾ ਕੁ ਪ੍ਰਦੂਸ਼ਣ ਘਟਾ ਸਕਦੇ ਹਨ,” ਲੰਡਨ ਵਿਚ ਛਪਣ ਵਾਲੀ ਅਖ਼ਬਾਰ ਦ ਸੰਡੇ ਟਾਈਮਜ਼ ਨੇ ਦੱਸਿਆ। ਵੈੱਸਟ ਮਿਡਲੈਂਡਜ਼ ਇਲਾਕੇ ਵਿਚ ਤਿੰਨ ਸਾਲ ਤਕ ਅਧਿਐਨ ਕਰਨ ਦੌਰਾਨ, ਇੰਗਲੈਂਡ ਅਤੇ ਸਕਾਟਲੈਂਡ ਦੇ ਵਿਗਿਆਨੀਆਂ ਨੇ ਵੱਖਰੀ-ਵੱਖਰੀ ਕਿਸਮ ਦੇ ਤਕਰੀਬਨ 32,000 ਦਰਖ਼ਤਾਂ ਤੋਂ ਇਹ ਦੇਖਣ ਲਈ ਮਿੱਟੀ ਦੇ ਨਮੂਨੇ ਲਏ ਹਨ ਕਿ ਕਿਹੜੀ ਕਿਸਮ ਦੇ ਦਰਖ਼ਤਾਂ ਨੇ ਵਾਤਾਵਰਣ ਵਿੱਚੋਂ ਨੁਕਸਾਨਦਾਇਕ ਰਸਾਇਣਾਂ ਦੇ ਕਣਾਂ ਨੂੰ ਸਭ ਤੋਂ ਜ਼ਿਆਦਾ ਚੂਸਿਆ ਹੈ। ਵਿਗਿਆਨੀਆਂ ਨੇ ਵਾਤਾਵਰਣ ਵਿਚ ਇਨ੍ਹਾਂ ਕਣਾਂ ਅਤੇ ਓਜ਼ੋਨ ਪੱਧਰ ਨੂੰ ਵੀ ਮਾਪਿਆ। ਸੂਮ ਰੁੱਖ, ਲਾਰਚ ਅਤੇ ਸਕਾਟ ਪਾਈਨ ਦਰਖ਼ਤਾਂ ਨੇ ਸਭ ਤੋਂ ਜ਼ਿਆਦਾ ਨੁਕਸਾਨਦਾਇਕ ਕਣਾਂ ਨੂੰ ਚੂਸਿਆ ਅਤੇ ਬਲੂਤ, ਬੇਦ ਅਤੇ ਪੌਪਲਰ ਦਰਖ਼ਤਾਂ ਨੇ ਸਭ ਤੋਂ ਘੱਟ। ਇਸ ਅਧਿਐਨ ਤੋਂ ਪਤਾ ਚੱਲਿਆ ਹੈ ਕਿ “ਦਰਖ਼ਤ ਘਾਹ ਤੇ ਪੌਦਿਆਂ ਨਾਲੋਂ ਤਿੰਨ ਗੁਣਾਂ ਜ਼ਿਆਦਾ ਅਸਰਦਾਰ ਢੰਗ ਨਾਲ ਵਾਤਾਵਰਣ ਵਿੱਚੋਂ ਪ੍ਰਦੂਸ਼ਣ ਘਟਾਉਂਦੇ ਹਨ।” ਇਕ ਕੰਪਿਊਟਰ ਪ੍ਰੋਗ੍ਰਾਮ ਨੇ ਦਿਖਾਇਆ ਕਿ ਜੇ ਵੈੱਸਟ ਮਿਡਲੈਂਡਜ਼ ਦੇ ਮੈਦਾਨਾਂ ਦੇ ਅੱਧੇ ਇਲਾਕੇ ਵਿਚ ਦਰਖ਼ਤ ਲਾਏ ਜਾਣ, ਤਾਂ ਹਵਾ ਵਿਚ ਫੈਲਿਆ ਪ੍ਰਦੂਸ਼ਣ 20 ਪ੍ਰਤਿਸ਼ਤ ਘੱਟ ਜਾਵੇਗਾ। (g03 1/22)
ਧਰਮ ਅਤੇ ਲੜਾਈਆਂ
“ਅੱਜ ਸਭ ਤੋਂ ਹਿੰਸਕ ਅਤੇ ਖ਼ਤਰਨਾਕ ਮਤਭੇਦ . . . ਧਰਮ ਨਾਲ ਸੰਬੰਧ ਰੱਖਦੇ ਹਨ,” ਯੂ. ਐੱਸ. ਏ. ਟੂਡੇ ਨਾਂ ਦੀ ਅਖ਼ਬਾਰ ਨੇ ਕਿਹਾ। ਇਨ੍ਹਾਂ ਨੂੰ ਹੱਲ ਕਰਨਾ ਵੀ ਬਹੁਤ ਮੁਸ਼ਕਲ ਹੁੰਦਾ ਹੈ। “ਕੂਟਨੀਤੀ—ਉਦਾਹਰਣ ਲਈ, ਸਮਝੌਤਾ ਕਰਨ ਲਈ ਤਿਆਰ ਹੋਣਾ ਅਤੇ ਪੁਰਾਣੇ ਗਿਲੇ-ਸ਼ਿਕਵਿਆਂ ਨੂੰ ਭੁਲਾਉਣਾ—ਉਸ ਵੇਲੇ ਕੰਮ ਨਹੀਂ ਕਰਦੀ ਜਦੋਂ ਦੋਵੇਂ ਧਿਰਾਂ ਇਹ ਦਾਅਵਾ ਕਰਦੀਆਂ ਹਨ ਕਿ ਪਰਮੇਸ਼ੁਰ ਉਨ੍ਹਾਂ ਦੇ ਨਾਲ ਹੈ,” ਇਸ ਅਖ਼ਬਾਰ ਨੇ ਕਿਹਾ। “ਇਸ ਤਰ੍ਹਾਂ ਉਦੋਂ ਵੀ ਹੁੰਦਾ ਹੈ ਜਦੋਂ ਜ਼ਮੀਨ ਜਾਂ ਤਾਕਤ ਦੇ ਸੰਘਰਸ਼ ਵਿਚ ਲੋਕਾਂ ਦੀ ਹਮਦਰਦੀ ਜਿੱਤਣ ਲਈ ਧਰਮ ਨੂੰ ਇਕ ਜ਼ਰੀਏ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ।” ਧਾਰਮਿਕ ਮਤਭੇਦ ਥੋੜ੍ਹੇ ਸਮੇਂ ਲਈ ਵੀ ਸ਼ਾਂਤੀ ਕਾਇਮ ਕਰਨੀ ਮੁਸ਼ਕਲ ਬਣਾ ਦਿੰਦੇ ਹਨ। ਇਸ ਦੀ ਤਾਜ਼ਾ ਮਿਸਾਲ ਹੈ ਕੋਸੋਵੋ। ਈਸਟਰ ਦੇ ਤਿਉਹਾਰ ਵੇਲੇ ਯੁੱਧਬੰਦੀ ਉੱਤੇ ਵਿਚਾਰ ਕੀਤਾ ਗਿਆ ਸੀ, ਪਰ ਉਹ ਕਿਸੇ ਫ਼ੈਸਲੇ ਤੇ ਨਾ ਪਹੁੰਚ ਸਕੇ ਕਿਉਂਕਿ ਕੈਥੋਲਿਕ ਕਿਸੇ ਹੋਰ ਤਾਰੀਖ਼ ਤੇ ਈਸਟਰ ਮਨਾਉਂਦੇ ਹਨ ਅਤੇ ਆਰਥੋਡਾਕਸ ਕਿਸੇ ਹੋਰ ਤਾਰੀਖ਼ ਨੂੰ ਮਨਾਉਂਦੇ ਹਨ। “ਨਤੀਜੇ ਵਜੋਂ ਯੁੱਧਬੰਦੀ ਹੋ ਨਹੀਂ ਪਾਈ,” ਯੂ. ਐੱਸ. ਏ. ਟੂਡੇ ਦੱਸਦੀ ਹੈ। (g03 1/22)