Skip to content

Skip to table of contents

ਕੀ ਹਾਲਾਤ ਕਦੇ ਸੁਧਰਨਗੇ?

ਕੀ ਹਾਲਾਤ ਕਦੇ ਸੁਧਰਨਗੇ?

ਕੀ ਹਾਲਾਤ ਕਦੇ ਸੁਧਰਨਗੇ?

ਅੱਜ ਵਿਸ਼ਵ ਸਿਹਤ ਸੰਗਠਨ ਅਤੇ ਹੋਰ ਸੰਸਥਾਵਾਂ ਰੋਗਾਂ ਦੇ ਫੈਲਾਉ ਉੱਤੇ ਨਿਗਰਾਨੀ ਰੱਖਣ ਅਤੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਹ ਨਵੀਆਂ ਦਵਾਈਆਂ ਦੀ ਖੋਜ ਲਈ ਅਤੇ ਕੀੜੇ-ਮਕੌੜਿਆਂ ਤੋਂ ਲੱਗਣ ਵਾਲੇ ਰੋਗਾਂ ਦੀ ਸਮੱਸਿਆ ਦਾ ਹੱਲ ਕਰਨ ਲਈ ਪੂਰੀ ਵਾਹ ਲਾ ਰਹੀਆਂ ਹਨ। ਬਹੁਤ ਸਾਰੀਆਂ ਸੰਸਥਾਵਾਂ ਲੋਕਾਂ ਨੂੰ ਜਾਣਕਾਰੀ ਦੇ ਰਹੀਆਂ ਹਨ। ਲੋਕ ਆਪ ਵੀ ਰੋਗਾਂ ਬਾਰੇ ਜਾਣਕਾਰੀ ਲੈਣ ਦੁਆਰਾ ਆਪਣਾ ਬਚਾਅ ਕਰ ਸਕਦੇ ਹਨ। ਫਿਰ ਵੀ, ਕੁਝ ਲੋਕਾਂ ਦਾ ਬਚਾਅ ਕਰਨਾ ਅਤੇ ਪੂਰੇ ਸੰਸਾਰ ਦੇ ਰੋਗਾਂ ਨੂੰ ਕਾਬੂ ਵਿਚ ਕਰਨਾ ਦੋ ਵੱਖਰੀਆਂ ਗੱਲਾਂ ਹਨ।

ਬਹੁਤ ਸਾਰੇ ਮਾਹਰ ਮੰਨਦੇ ਹਨ ਕਿ ਰੋਗਾਂ ਉੱਤੇ ਕਾਬੂ ਪਾਉਣ ਲਈ, ਪੂਰੀ ਦੁਨੀਆਂ ਵਿਚ ਲੋਕਾਂ ਨੂੰ ਇਕ-ਦੂਜੇ ਉੱਤੇ ਭਰੋਸਾ ਰੱਖਦੇ ਹੋਏ ਇਕੱਠੇ ਮਿਲ ਕੇ ਕੰਮ ਕਰਨਾ ਪਵੇਗਾ। ਲਾਰੀ ਗੈਰਟ ਨਾਂ ਦੀ ਮੰਨੀ-ਪ੍ਰਮੰਨੀ ਰਿਪੋਰਟਰ ਨੇ ਆ ਰਹੀ ਮਹਾਂਮਾਰੀ—ਅਸੰਤੁਲਿਤ ਦੁਨੀਆਂ ਵਿਚ ਨਵੇਂ ਰੋਗ ਨਾਂ ਦੀ ਆਪਣੀ ਅੰਗ੍ਰੇਜ਼ੀ ਪੁਸਤਕ ਵਿਚ ਲਿਖਿਆ: “ਸੰਸਾਰ ਭਰ ਵਿਚ ਲੋਕਾਂ ਅਤੇ ਦੇਸ਼ਾਂ ਦਾ ਆਪਸ ਵਿਚ ਜ਼ਿਆਦਾ ਸੰਪਰਕ ਹੋਣ ਕਰਕੇ ਕੋਈ ਵੀ ਇਨਸਾਨ ਇਹ ਨਹੀਂ ਕਹਿ ਸਕਦਾ ਕਿ ਉਹ ਆਪਣੇ ਗੁਆਂਢ, ਸੂਬੇ, ਦੇਸ਼ ਜਾਂ ਅੱਧਗੋਲੇ ਵਿਚ ਜੋ ਕੁਝ ਕਰਦਾ ਹੈ ਉਸ ਦਾ ਬਾਕੀ ਦੁਨੀਆਂ ਉੱਤੇ ਕੋਈ ਅਸਰ ਨਹੀਂ ਪਵੇਗਾ। ਰੋਗਾਣੂ ਅਤੇ ਰੋਗ ਫੈਲਾਉਣ ਵਾਲੇ ਜੀਵ-ਜੰਤੂ ਇਨਸਾਨਾਂ ਦੀਆਂ ਬਣਾਈਆਂ ਹੋਈਆਂ ਨਕਲੀ ਸਰਹੱਦਾਂ ਨੂੰ ਨਹੀਂ ਪਛਾਣਦੇ।” ਇਕ ਦੇਸ਼ ਵਿਚ ਜਦੋਂ ਕੋਈ ਬੀਮਾਰੀ ਫੈਲਦੀ ਹੈ, ਤਾਂ ਸਿਰਫ਼ ਗੁਆਂਢੀ ਦੇਸ਼ਾਂ ਵਿਚ ਹੀ ਨਹੀਂ, ਸਗੋਂ ਪੂਰੀ ਦੁਨੀਆਂ ਨੂੰ ਚਿੰਤਾ ਪੈ ਜਾਂਦੀ ਹੈ।

ਕੁਝ ਸਰਕਾਰਾਂ ਅਤੇ ਲੋਕ ਦੂਸਰੇ ਦੇਸ਼ਾਂ ਦੀ ਮਦਦ ਨੂੰ ਸ਼ੱਕੀ ਨਜ਼ਰ ਨਾਲ ਦੇਖਦੇ ਹਨ, ਭਾਵੇਂ ਕਿ ਇਹ ਦੇਸ਼ ਉਨ੍ਹਾਂ ਦੇ ਫ਼ਾਇਦੇ ਲਈ ਰੋਗਾਂ ਨੂੰ ਫੈਲਣ ਤੋਂ ਰੋਕਣ ਦੇ ਪ੍ਰੋਗ੍ਰਾਮ ਚਲਾ ਰਹੇ ਹੋਣ। ਇਸ ਤੋਂ ਇਲਾਵਾ, ਸਰਕਾਰਾਂ ਦੀ ਤੰਗ-ਨਜ਼ਰ ਅਤੇ ਵਪਾਰਕ ਲਾਲਚ ਕਰਕੇ ਵੀ ਰੋਗਾਂ ਨੂੰ ਕਾਬੂ ਕਰਨ ਦੇ ਅੰਤਰਰਾਸ਼ਟਰੀ ਜਤਨ ਅਕਸਰ ਨਾਕਾਮ ਹੋ ਜਾਂਦੇ ਹਨ। ਰੋਗਾਂ ਨਾਲ ਮਨੁੱਖਾਂ ਦੇ ਮੁਕਾਬਲੇ ਵਿਚ, ਕੀ ਰੋਗਾਣੂ ਜਿੱਤ ਜਾਣਗੇ? ਲਿਖਾਰੀ ਯੂਜੀਨ ਲਿੰਡਨ ਮੰਨਦਾ ਹੈ ਕਿ ਰੋਗਾਣੂਆਂ ਦੀ ਹੀ ਜਿੱਤ ਹੋਵੇਗੀ ਕਿਉਂਕਿ “ਹੁਣ ਬਹੁਤ ਦੇਰ ਹੋ ਚੁੱਕੀ ਹੈ।”

ਉਮੀਦ ਦੀ ਕਿਰਨ

ਬੀਮਾਰੀਆਂ ਇੰਨੀ ਤੇਜ਼ੀ ਨਾਲ ਫੈਲ ਰਹੀਆਂ ਹਨ ਕਿ ਵਿਗਿਆਨਕ ਅਤੇ ਤਕਨਾਲੋਜੀਕਲ ਤਰੱਕੀ ਬਹੁਤ ਪਿੱਛੇ ਰਹਿ ਗਈ ਹੈ। ਕੀੜੇ-ਮਕੌੜਿਆਂ ਤੋਂ ਲੱਗਣ ਵਾਲੇ ਰੋਗਾਂ ਤੋਂ ਇਲਾਵਾ ਇਨਸਾਨਾਂ ਦੀ ਸਿਹਤ ਨੂੰ ਹੋਰ ਵੀ ਕਈ ਖ਼ਤਰੇ ਹਨ। ਫਿਰ ਵੀ, ਉਮੀਦ ਦੀ ਕਿਰਨ ਹੈ। ਭਾਵੇਂ ਕਿ ਸਾਇੰਸਦਾਨ ਹੁਣ ਸਮਝ ਰਹੇ ਹਨ ਕਿ ਜੀਵ-ਜੰਤੂਆਂ ਦਾ ਆਪਸੀ ਸੰਬੰਧ ਕਿੰਨਾ ਗੁੰਝਲਦਾਰ ਹੈ, ਪਰ ਉਹ ਪਛਾਣਦੇ ਹਨ ਕਿ ਧਰਤੀ ਵਿਚ ਆਪਣੇ ਆਪ ਨੂੰ ਠੀਕ ਕਰਨ ਦੀ ਯੋਗਤਾ ਹੈ। ਸਾਡੀ ਧਰਤੀ ਇਸ ਤਰੀਕੇ ਨਾਲ ਬਣਾਈ ਗਈ ਹੈ ਕਿ ਇਹ ਆਪਣੇ ਆਪ ਹੀ ਵਾਤਾਵਰਣ ਵਿਚ ਦੁਬਾਰਾ ਸੰਤੁਲਨ ਲਿਆ ਸਕਦੀ ਹੈ। ਮਿਸਾਲ ਲਈ, ਜਦੋਂ ਜੰਗਲ ਕੱਟੇ ਜਾਂਦੇ ਹਨ, ਤਾਂ ਕੁਝ ਸਮਾਂ ਮਗਰੋਂ ਉਹ ਦੁਬਾਰਾ ਉੱਗ ਪੈਂਦੇ ਹਨ ਅਤੇ ਜਿੱਦਾਂ-ਜਿੱਦਾਂ ਸਮਾਂ ਬੀਤਦਾ ਹੈ, ਉੱਦਾਂ-ਉੱਦਾਂ ਜੀਵਾਣੂਆਂ, ਕੀੜੇ-ਮਕੌੜਿਆਂ ਤੇ ਜਾਨਵਰਾਂ ਦੇ ਆਪਸੀ ਸੰਬੰਧ ਸਹੀ ਹੋ ਜਾਂਦੇ ਹਨ।

ਇਸ ਤੋਂ ਵੀ ਜ਼ਰੂਰੀ ਗੱਲ ਇਹ ਹੈ ਕਿ ਧਰਤੀ ਦਾ ਸ਼ਾਨਦਾਰ ਡੀਜ਼ਾਈਨ ਇਸ ਗੱਲ ਦਾ ਸਬੂਤ ਹੈ ਕਿ ਸਾਡੇ ਕਰਤਾਰ ਨੇ ਕੁਦਰਤ ਦੀ ਹਰ ਚੀਜ਼ ਅਤੇ ਚੱਕਰਾਂ ਨੂੰ ਸੋਚ-ਸਮਝ ਕੇ ਬਣਾਇਆ ਹੈ। ਕਈ ਵਿਗਿਆਨੀ ਖ਼ੁਦ ਕਹਿੰਦੇ ਹਨ ਕਿ ਧਰਤੀ ਬਣਾਉਣ ਵਾਲੀ ਜ਼ਰੂਰ ਕੋਈ ਬੁੱਧੀਮਾਨ ਹਸਤੀ ਹੈ। ਜੀ ਹਾਂ, ਡੂੰਘੀ ਤਰ੍ਹਾਂ ਸੋਚ-ਵਿਚਾਰ ਕਰਨ ਵਾਲੇ ਲੋਕ ਇਸ ਗੱਲ ਦਾ ਇਨਕਾਰ ਨਹੀਂ ਕਰ ਸਕਦੇ ਕਿ ਰੱਬ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਸਾਡਾ ਕਰਤਾਰ, ਯਹੋਵਾਹ ਪਰਮੇਸ਼ੁਰ, ਸਰਬਸ਼ਕਤੀਮਾਨ ਹੋਣ ਦੇ ਨਾਲ-ਨਾਲ ਸਾਡੇ ਨਾਲ ਪਿਆਰ ਵੀ ਕਰਦਾ ਹੈ। ਉਹ ਸਾਨੂੰ ਖ਼ੁਸ਼ ਦੇਖਣਾ ਚਾਹੁੰਦਾ ਹੈ।

ਬਾਈਬਲ ਇਹ ਵੀ ਸਮਝਾਉਂਦੀ ਹੈ ਕਿ ਪਹਿਲੇ ਇਨਸਾਨ ਨੇ ਜਾਣ-ਬੁੱਝ ਕੇ ਪਾਪ ਕੀਤਾ ਸੀ, ਜਿਸ ਤੋਂ ਸਾਨੂੰ ਸਾਰਿਆਂ ਨੂੰ ਪਾਪ, ਬੀਮਾਰੀ ਅਤੇ ਮੌਤ ਮਿਲੀ। ਕੀ ਇਸ ਦਾ ਇਹ ਮਤਲਬ ਹੈ ਕਿ ਅਸੀਂ ਹਮੇਸ਼ਾ ਲਈ ਦੁੱਖ ਭੋਗਦੇ ਰਹਾਂਗੇ? ਨਹੀਂ! ਪਰਮੇਸ਼ੁਰ ਦਾ ਮਕਸਦ ਹੈ ਕਿ ਸਾਡੀ ਧਰਤੀ ਇਕ ਸੁੰਦਰ ਬਾਗ਼ ਦੀ ਤਰ੍ਹਾਂ ਬਣਾਈ ਜਾਵੇ ਜਿੱਥੇ ਇਨਸਾਨ ਦੂਸਰੇ ਛੋਟੇ-ਵੱਡੇ ਪ੍ਰਾਣੀਆਂ ਨਾਲ ਸ਼ਾਂਤੀ ਵਿਚ ਰਹਿਣ। ਬਾਈਬਲ ਅਜਿਹੀ ਦੁਨੀਆਂ ਦਾ ਵਾਅਦਾ ਕਰਦੀ ਹੈ ਜਿਸ ਵਿਚ ਕੋਈ ਵੀ ਪ੍ਰਾਣੀ, ਚਾਹੇ ਉਹ ਵੱਡਾ ਜਾਨਵਰ ਹੋਵੇ ਜਾਂ ਇਕ ਛੋਟਾ ਕੀੜਾ, ਮਨੁੱਖਾਂ ਦਾ ਕੁਝ ਨਹੀਂ ਵਿਗਾੜੇਗਾ।—ਯਸਾਯਾਹ 11:6-9.

ਇਨਸਾਨਾਂ ਨੂੰ ਵੀ ਅਜਿਹੇ ਸੁੰਦਰ ਹਾਲਾਤ ਕਾਇਮ ਰੱਖਣ ਲਈ ਮਿਲ ਕੇ ਧਰਤੀ ਦੀ ਦੇਖ-ਭਾਲ ਕਰਨੀ ਪਵੇਗੀ। ਸ਼ੁਰੂ ਵਿਚ ਪਰਮੇਸ਼ੁਰ ਨੇ ਮਨੁੱਖ ਨੂੰ ਧਰਤੀ ਦੀ “ਰਾਖੀ” ਕਰਨ ਦੀ ਜ਼ਿੰਮੇਵਾਰੀ ਦਿੱਤੀ ਸੀ। (ਉਤਪਤ 2:15) ਆਉਣ ਵਾਲੇ ਫਿਰਦੌਸ ਵਿਚ ਇਨਸਾਨ ਪਰਮੇਸ਼ੁਰ ਦੀ ਹਰ ਹਿਦਾਇਤ ਦੀ ਪਾਲਣਾ ਕਰ ਕੇ ਇਸ ਕੰਮ ਨੂੰ ਪੂਰਾ ਕਰਨਗੇ। ਤਾਂ ਫਿਰ, ਆਓ ਅਸੀਂ ਉਸ ਦਿਨ ਦੀ ਉਡੀਕ ਕਰੀਏ ਜਦੋਂ “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।”—ਯਸਾਯਾਹ 33:24. (g03 5/22)