Skip to content

Skip to table of contents

ਜ਼ਖ਼ਮੀ ਕਰ ਦੇਣ ਵਾਲੀਆਂ ਗੱਲਾਂ ਨਾ ਕਰੋ

ਜ਼ਖ਼ਮੀ ਕਰ ਦੇਣ ਵਾਲੀਆਂ ਗੱਲਾਂ ਨਾ ਕਰੋ

ਬਾਈਬਲ ਦਾ ਦ੍ਰਿਸ਼ਟੀਕੋਣ

ਜ਼ਖ਼ਮੀ ਕਰ ਦੇਣ ਵਾਲੀਆਂ ਗੱਲਾਂ ਨਾ ਕਰੋ

“ਇੱਕੋ ਮੂੰਹ ਵਿੱਚੋਂ ਬਰਕਤ ਅਤੇ ਫਿਟਕਾਰ ਨਿੱਕਲਦੀ ਹੈ! ਹੇ ਮੇਰੇ ਭਰਾਵੋ, ਏਹ ਗੱਲਾਂ ਇਉਂ ਨਹੀਂ ਹੋਣੀਆਂ ਚਾਹੀਦੀਆਂ ਹਨ!”—ਯਾਕੂਬ 3:10.

ਸਾਡੀ ਬੋਲਣ ਦੀ ਕਾਬਲੀਅਤ ਸਾਨੂੰ ਜਾਨਵਰਾਂ ਤੋਂ ਵੱਖਰਾ ਕਰਦੀ ਹੈ। ਪਰ ਦੁੱਖ ਦੀ ਗੱਲ ਹੈ ਕਿ ਕੁਝ ਲੋਕ ਇਸ ਤੋਹਫ਼ੇ ਦਾ ਸਹੀ ਇਸਤੇਮਾਲ ਨਹੀਂ ਕਰਦੇ। ਕਈ ਵਾਰੀ ਲੋਕ ਦੂਜਿਆਂ ਦੀ ਬੇਇੱਜ਼ਤੀ ਕਰਨ, ਬੁਰਾ-ਭਲਾ ਕਹਿਣ, ਗਾਲ਼ਾਂ ਕੱਢਣ, ਕੁਫ਼ਰ ਬਕਣ, ਟਾਂਚ ਕਰਨ ਅਤੇ ਅਸ਼ਲੀਲ ਭਾਸ਼ਾ ਬੋਲਣ ਨਾਲ ਉਨ੍ਹਾਂ ਦੇ ਦਿਲ ਨੂੰ ਇੰਨੀ ਜ਼ਿਆਦਾ ਠੇਸ ਪਹੁੰਚਾ ਸਕਦੇ ਹਨ ਕਿ ਉਹ ਸਰੀਰਕ ਜ਼ਖ਼ਮਾਂ ਤੋਂ ਵੀ ਜ਼ਿਆਦਾ ਦਰਦਨਾਕ ਹੁੰਦੀ ਹੈ। ਬਾਈਬਲ ਕਹਿੰਦੀ ਹੈ ਕਿ “ਬੇਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਙੁ ਵਿੰਨ੍ਹਦੀਆਂ ਹਨ।”—ਕਹਾਉਤਾਂ 12:18.

ਜ਼ਿਆਦਾਤਰ ਲੋਕ ਆਮ ਹੀ ਗਾਲ਼ੀ-ਗਲੋਚ ਕਰਦੇ ਹਨ। ਅੱਜ-ਕੱਲ੍ਹ ਸਕੂਲਾਂ ਵਿਚ ਤਕਰੀਬਨ ਸਾਰੇ ਬੱਚੇ ਗੰਦੀਆਂ ਗਾਲ਼ਾਂ ਕੱਢਦੇ ਹਨ। ਕੁਝ ਲੋਕ ਕਹਿੰਦੇ ਹਨ ਕਿ ਆਪਣੇ ਦਿਲ ਦੀ ਭੜਾਸ ਕੱਢਣ ਲਈ ਗਾਲ਼ਾਂ ਕੱਢਣੀਆਂ ਫ਼ਾਇਦੇਮੰਦ ਹਨ। ਰਾਜਨੀਤੀ-ਸ਼ਾਸਤਰ ਦੇ ਇਕ ਵਿਦਿਆਰਥੀ ਨੇ ਲਿਖਿਆ: “ਸਾਨੂੰ ਗਾਲ਼ਾਂ ਉਦੋਂ ਹੀ ਕੱਢਣੀਆਂ ਚਾਹੀਦੀਆਂ ਹਨ ਜਦੋਂ ਅਸੀਂ ਆਮ ਲਫ਼ਜ਼ਾਂ ਵਿਚ ਆਪਣੀਆਂ ਭਾਵਨਾਵਾਂ ਦੀ ਗਹਿਰਾਈ ਜ਼ਾਹਰ ਨਹੀਂ ਕਰ ਸਕਦੇ।” ਮਸੀਹੀਆਂ ਦਾ ਇਸ ਬਾਰੇ ਕੀ ਨਜ਼ਰੀਆ ਹੋਣਾ ਚਾਹੀਦਾ ਹੈ? ਪਰਮੇਸ਼ੁਰ ਦਾ ਇਸ ਬਾਰੇ ਕੀ ਨਜ਼ਰੀਆ ਹੈ?

ਭੱਦੇ ਮਜ਼ਾਕਾਂ ਤੋਂ ਘਿਰਣਾ ਕਰੋ

ਭੱਦੇ ਮਜ਼ਾਕ ਕਰਨੇ ਜਾਂ ਸੁਣਨੇ ਅੱਜ ਕੋਈ ਨਵੀਂ ਗੱਲ ਨਹੀਂ ਹੈ। ਕੀ ਤੁਹਾਨੂੰ ਪਤਾ ਕਿ ਤਕਰੀਬਨ 2,000 ਸਾਲ ਪਹਿਲਾਂ ਰਸੂਲਾਂ ਦੇ ਜ਼ਮਾਨੇ ਵਿਚ ਵੀ ਲੋਕ ਇਸ ਤਰ੍ਹਾਂ ਦੇ ਮਜ਼ਾਕ ਕਰਦੇ ਸਨ? ਮਿਸਾਲ ਲਈ, ਕੁਲੁੱਸੈ ਕਲੀਸਿਯਾ ਦੇ ਕੁਝ ਲੋਕ ਗੁੱਸੇ ਵਿਚ ਆ ਕੇ ਦੂਜਿਆਂ ਨੂੰ ਠੇਸ ਪਹੁੰਚਾਉਣ ਵਾਲੀਆਂ ਗੰਦੀਆਂ ਗਾਲ਼ਾਂ ਕੱਢਦੇ ਸਨ। ਇਸ ਤਰ੍ਹਾਂ ਉਨ੍ਹਾਂ ਨੇ ਸ਼ਾਇਦ ਦੂਜਿਆਂ ਤੋਂ ਬਦਲਾ ਲੈਣ ਲਈ ਕੀਤਾ ਹੋਵੇਗਾ। ਇਸੇ ਤਰ੍ਹਾਂ, ਅੱਜ ਵੀ ਬਹੁਤ ਸਾਰੇ ਲੋਕ ਗੁੱਸੇ ਵਿਚ ਆ ਕੇ ਗਾਲ਼ਾਂ ਕੱਢਦੇ ਹਨ। ਇਸ ਲਈ ਕੁਲੁੱਸੈ ਦੇ ਮਸੀਹੀਆਂ ਨੂੰ ਲਿਖੀ ਪੌਲੁਸ ਦੀ ਚਿੱਠੀ ਅੱਜ ਸਾਡੇ ਲਈ ਵੀ ਮਾਅਨੇ ਰੱਖਦੀ ਹੈ। ਪੌਲੁਸ ਨੇ ਲਿਖਿਆ: “ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਅਰਥਾਤ ਕੋਪ, ਕ੍ਰੋਧ, ਬਦੀ, ਦੁਰਬਚਨ, ਅਤੇ ਆਪਣੇ ਮੂੰਹੋਂ ਗੰਦੀਆਂ ਗਾਲਾਂ ਕੱਢਣੀਆਂ ਛੱਡ ਦਿਓ।” (ਕੁਲੁੱਸੀਆਂ 3:8) ਇਸ ਤੋਂ ਸਾਫ਼ ਜ਼ਾਹਰ ਹੈ ਕਿ ਮਸੀਹੀਆਂ ਨੂੰ ਗੁੱਸਾ ਕਰਨ ਅਤੇ ਗਾਲ਼ਾਂ ਕੱਢਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਗੁੱਸਾ ਕਰਨ ਨਾਲ ਹੀ ਮੂੰਹੋਂ ਗਾਲ਼ਾਂ ਨਿਕਲਦੀਆਂ ਹਨ।

ਇਹ ਸੱਚ ਹੈ ਕਿ ਬਹੁਤ ਸਾਰੇ ਲੋਕ ਦੂਜਿਆਂ ਤੇ ਵਾਰ ਕਰਨ ਜਾਂ ਉਨ੍ਹਾਂ ਨੂੰ ਠੇਸ ਪਹੁੰਚਾਉਣ ਲਈ ਗਾਲ਼ਾਂ ਨਹੀਂ ਕੱਢਦੇ। ਉਹ ਆਮ ਤੌਰ ਤੇ ਗੱਲਬਾਤ ਕਰਦੇ ਸਮੇਂ ਗੰਦ-ਮੰਦ ਬਕਦੇ ਰਹਿੰਦੇ ਹਨ। ਕੁਝ ਲੋਕਾਂ ਨੂੰ ਗਾਲ਼ ਕੱਢਣ ਤੋਂ ਬਿਨਾਂ ਗੱਲ ਹੀ ਨਹੀਂ ਕਰਨੀ ਆਉਂਦੀ। ਕਈ ਵਾਰੀ ਭੱਦੇ ਮਜ਼ਾਕ ਹੱਸਣ-ਹਸਾਉਣ ਲਈ ਵੀ ਕੀਤੇ ਜਾਂਦੇ ਹਨ। ਕੀ ਸਾਨੂੰ ਇਸ ਤਰ੍ਹਾਂ ਦੇ ਮਜ਼ਾਕ ਕਰਨੇ ਚਾਹੀਦੇ ਹਨ? ਜ਼ਰਾ ਅਗਲੀ ਗੱਲ ਤੇ ਗੌਰ ਕਰੋ।

ਅੱਜ ਦੇ ਜ਼ਮਾਨੇ ਵਿਚ ਲੋਕ ਅਕਸਰ ਸੈਕਸ ਬਾਰੇ ਭੱਦੇ ਮਜ਼ਾਕ ਕਰਦੇ ਹਨ। ਆਪਣੇ ਆਪ ਨੂੰ ਇੱਜ਼ਤਦਾਰ ਕਹਿਣ ਵਾਲੇ ਲੋਕ ਵੀ ਇਸ ਤਰ੍ਹਾਂ ਦੇ ਮਜ਼ਾਕ ਸੁਣ ਕੇ ਖ਼ੁਸ਼ ਹੁੰਦੇ ਹਨ। (ਰੋਮੀਆਂ 1:28-32) ਤਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਬਹੁਤ ਸਾਰੇ ਪੇਸ਼ਾਵਰ ਕਾਮੇਡੀਅਨ ਕੁਦਰਤੀ ਜਾਂ ਗ਼ੈਰ-ਕੁਦਰਤੀ ਅਸ਼ਲੀਲ ਹਰਕਤਾਂ ਨੂੰ ਆਪਣੇ ਮਜ਼ਾਕ ਦਾ ਵਿਸ਼ਾ ਬਣਾਉਂਦੇ ਹਨ। ਇਸ ਤਰ੍ਹਾਂ ਦੇ ਭੱਦੇ ਮਜ਼ਾਕ ਬਹੁਤ ਸਾਰੀਆਂ ਫ਼ਿਲਮਾਂ ਅਤੇ ਟੈਲੀਵਿਯਨਾਂ ਤੇ ਦੇਖਣ ਅਤੇ ਰੇਡੀਓ ਪ੍ਰੋਗ੍ਰਾਮਾਂ ਵਿਚ ਸੁਣਨ ਨੂੰ ਮਿਲਦੇ ਹਨ।

ਬਾਈਬਲ ਭੱਦੇ ਮਜ਼ਾਕਾਂ ਬਾਰੇ ਸਾਫ਼-ਸਾਫ਼ ਸਲਾਹ ਦਿੰਦੀ ਹੈ। ਪੌਲੁਸ ਰਸੂਲ ਨੇ ਅਫ਼ਸੁਸ ਦੇ ਮਸੀਹੀਆਂ ਨੂੰ ਲਿਖਿਆ: “ਹਰਾਮਕਾਰੀ ਅਤੇ ਹਰ ਭਾਂਤ ਦੇ ਗੰਦ ਮੰਦ ਅਥਵਾ ਲੋਭ ਦਾ ਤੁਹਾਡੇ ਵਿੱਚ ਨਾਉਂ ਵੀ ਨਾ ਹੋਵੇ ਜਿਵੇਂ ਸੰਤਾਂ ਨੂੰ ਜੋਗ ਹੈ ਅਤੇ ਨਾ ਬੇਸ਼ਰਮੀ, ਨਾ ਮੂੜ੍ਹ ਬਚਨ ਅਥਵਾ ਠੱਠੇ ਬਾਜ਼ੀ ਜੋ ਅਜੋਗ ਹਨ।” (ਅਫ਼ਸੀਆਂ 5:3, 4) ਇਸ ਤੋਂ ਸਾਫ਼ ਜ਼ਾਹਰ ਹੈ ਕਿ ਪਰਮੇਸ਼ੁਰ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਪਸੰਦ ਨਹੀਂ ਹਨ, ਚਾਹੇ ਇਹ ਦੂਜਿਆਂ ਨੂੰ ਠੇਸ ਪਹੁੰਚਾਉਣ ਲਈ ਕੀਤੀਆਂ ਜਾਂਦੀਆਂ ਹਨ ਜਾਂ ਨਹੀਂ। ਇਹ ਗੱਲਾਂ ਜਾਇਜ਼ ਨਹੀਂ ਹਨ ਕਿਉਂਕਿ ਇਹ ਦੂਜਿਆਂ ਨੂੰ ਜ਼ਖ਼ਮੀ ਕਰਦੀਆਂ ਹਨ।

ਕੌੜੇ ਲਫ਼ਜ਼ ਪਰਮੇਸ਼ੁਰ ਨੂੰ ਪਸੰਦ ਨਹੀਂ ਹਨ

ਭੱਦੇ ਮਜ਼ਾਕ ਤੋਂ ਇਲਾਵਾ ਹੋਰ ਵੀ ਕਈ ਗੱਲਾਂ ਦੂਜਿਆਂ ਦੇ ਦਿਲਾਂ ਨੂੰ ਜ਼ਖ਼ਮੀ ਕਰਦੀਆਂ ਹਨ। ਦੂਜਿਆਂ ਦੀ ਬੇਇੱਜ਼ਤੀ ਕਰਨ, ਤਾਅਨੇ-ਮਿਹਣੇ ਮਾਰਨ ਅਤੇ ਸਖ਼ਤ ਲਫ਼ਜ਼ਾਂ ਵਿਚ ਨੁਕਤਾਚੀਨੀ ਕਰਨ ਨਾਲ ਗਹਿਰੀ ਚੋਟ ਲੱਗ ਸਕਦੀ ਹੈ। ਇਹ ਸੱਚ ਹੈ ਕਿ ਅਸੀਂ ਸਾਰੇ ਹੀ ਆਪਣੀ ਜ਼ਬਾਨ ਨਾਲ ਪਾਪ ਕਰਦੇ ਹਾਂ, ਖ਼ਾਸ ਕਰਕੇ ਅੱਜ ਦੇ ਜ਼ਮਾਨੇ ਵਿਚ ਜਦੋਂ ਲੋਕ ਆਮ ਦੂਸਰਿਆਂ ਨੂੰ ਤਾਅਨੇ ਮਾਰਦੇ ਹਨ ਜਾਂ ਪਿੱਠ ਪਿੱਛੇ ਚੁਗ਼ਲੀਆਂ ਕਰਦੇ ਹਨ। (ਯਾਕੂਬ 3:2) ਪਰ ਸੱਚੇ ਮਸੀਹੀਆਂ ਨੂੰ ਕਦੀ ਵੀ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਬਾਈਬਲ ਸਾਫ਼ ਦੱਸਦੀ ਹੈ ਕਿ ਯਹੋਵਾਹ ਪਰਮੇਸ਼ੁਰ ਠੇਸ ਪਹੁੰਚਾਉਣ ਵਾਲੀਆਂ ਗੱਲਾਂ ਨੂੰ ਪਸੰਦ ਨਹੀਂ ਕਰਦਾ।

ਮਿਸਾਲ ਲਈ, ਬਾਈਬਲ ਵਿਚ ਰਾਜਿਆਂ ਦੀ ਦੂਜੀ ਕਿਤਾਬ ਵਿਚ ਅਸੀਂ ਮੁੰਡਿਆਂ ਦੀ ਇਕ ਟੋਲੀ ਬਾਰੇ ਪੜ੍ਹਦੇ ਹਾਂ ਜਿਨ੍ਹਾਂ ਨੇ ਨਬੀ ਅਲੀਸ਼ਾ ਨੂੰ ਠੱਠਾ ਕੀਤਾ ਸੀ। ਬਿਰਤਾਂਤ ਦੱਸਦਾ ਹੈ ਕਿ ਉਨ੍ਹਾਂ ਨੇ “ਠੱਠਾ ਕਰ ਕੇ ਉਹ ਨੂੰ ਆਖਿਆ, ਚੜ੍ਹਿਆ ਜਾ ਗੰਜੇ ਸਿਰ ਵਾਲਿਆ ਚੜ੍ਹਿਆ ਜਾ ਗੰਜੇ ਸਿਰ ਵਾਲਿਆ।” ਯਹੋਵਾਹ ਨੇ ਉਨ੍ਹਾਂ ਮੁੰਡਿਆਂ ਦੇ ਦਿਲਾਂ ਨੂੰ ਪੜ੍ਹ ਕੇ ਉਨ੍ਹਾਂ ਦੇ ਭੈੜੇ ਇਰਾਦੇ ਨੂੰ ਜਾਣ ਲਿਆ ਸੀ। ਇਸ ਲਈ ਉਸ ਨੇ ਉਨ੍ਹਾਂ ਦੇ ਇਸ ਠੱਠੇ ਨੂੰ ਗੰਭੀਰਤਾ ਨਾਲ ਲਿਆ। ਬਿਰਤਾਂਤ ਦੱਸਦਾ ਹੈ ਕਿ ਇਸ ਅਪਮਾਨ ਕਾਰਨ ਪਰਮੇਸ਼ੁਰ ਨੇ 42 ਮੁੰਡਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।—2 ਰਾਜਿਆਂ 2:23, 24.

ਇਸਰਾਏਲੀ ਲੋਕਾਂ ਨੇ “ਪਰਮੇਸ਼ੁਰ ਦੇ ਦੂਤਾਂ ਨੂੰ ਠੱਠੇ ਕੀਤੇ ਅਤੇ ਉਨ੍ਹਾਂ ਦੀਆਂ ਗੱਲਾਂ ਦੀ ਨਿੰਦਿਆ ਕੀਤੀ ਅਤੇ ਉਹ ਦੇ ਨਬੀਆਂ ਦਾ ਮਖੌਲ ਉਡਾਇਆ, ਐਥੋਂ ਤੀਕ ਕਿ ਯਹੋਵਾਹ ਦਾ ਗੁੱਸਾ ਆਪਣੇ ਲੋਕਾਂ ਉੱਤੇ ਅਜਿਹਾ ਭੜਕਿਆ ਕਿ ਕੋਈ ਚਾਰਾ ਨਾ ਰਿਹਾ।” (2 ਇਤਹਾਸ 36:16) ਹਾਲਾਂਕਿ ਪਰਮੇਸ਼ੁਰ ਦਾ ਗੁੱਸਾ ਲੋਕਾਂ ਉੱਤੇ ਇਸ ਲਈ ਭੜਕਿਆ ਸੀ ਕਿਉਂਕਿ ਉਹ ਮੂਰਤੀ-ਪੂਜਾ ਕਰਨ ਲੱਗ ਪਏ ਸਨ ਅਤੇ ਪਰਮੇਸ਼ੁਰ ਦੇ ਕਹਿਣੇ ਵਿਚ ਨਹੀਂ ਰਹੇ ਸਨ, ਪਰ ਬਾਈਬਲ ਗੌਰ ਕਰਨ ਵਾਲੀ ਖ਼ਾਸ ਗੱਲ ਇਹ ਦੱਸਦੀ ਹੈ ਕਿ ਉਨ੍ਹਾਂ ਨੇ ਪਰਮੇਸ਼ੁਰ ਦੇ ਨਬੀਆਂ ਨੂੰ ਬੁਰਾ-ਭਲਾ ਕਹਿ ਕੇ ਉਨ੍ਹਾਂ ਦਾ ਮਖੌਲ ਉਡਾਇਆ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਅਜਿਹੇ ਰਵੱਈਏ ਨੂੰ ਪਸੰਦ ਨਹੀਂ ਕਰਦਾ।

ਇਸ ਲਈ ਬਾਈਬਲ ਮਸੀਹੀਆਂ ਨੂੰ ਸਲਾਹ ਦਿੰਦੀ ਹੈ: “ਕਿਸੇ ਬੁੱਢੇ ਨੂੰ ਨਾ ਝਿੜਕੀਂ।” (1 ਤਿਮੋਥਿਉਸ 5:1) ਇਹ ਸਲਾਹ ਇਕ-ਦੂਜੇ ਨਾਲ ਸਾਡੇ ਸਲੂਕ ਉੱਤੇ ਵੀ ਲਾਗੂ ਕੀਤੀ ਜਾ ਸਕਦੀ ਹੈ। ਬਾਈਬਲ ਸਾਨੂੰ ‘ਕਿਸੇ ਦੀ ਬਦਨਾਮੀ ਨਾ ਕਰਨ ਅਤੇ ਝਗੜਾਲੂ ਨਹੀਂ ਸਗੋਂ ਸੀਲ ਸੁਭਾਉ ਹੋਣ ਅਤੇ ਸੱਭੇ ਮਨੁੱਖਾਂ ਨਾਲ ਪੂਰੀ ਨਰਮਾਈ ਰੱਖਣ’ ਲਈ ਉਤਸ਼ਾਹਿਤ ਕਰਦੀ ਹੈ।—ਤੀਤੁਸ 3:2.

ਆਪਣੇ ਬੁੱਲ੍ਹਾਂ ਨੂੰ ਰੋਕਣਾ

ਕਦੀ-ਕਦੀ ਕਿਸੇ ਉੱਤੇ ਸ਼ਬਦਾਂ ਦਾ ਵਾਰ ਕਰਨ ਤੋਂ ਆਪਣੇ ਆਪ ਨੂੰ ਰੋਕਣਾ ਮੁਸ਼ਕਲ ਹੁੰਦਾ ਹੈ। ਜਦੋਂ ਕਿਸੇ ਨੂੰ ਠੇਸ ਪਹੁੰਚਦੀ ਹੈ, ਤਾਂ ਉਹ ਠੇਸ ਪਹੁੰਚਾਉਣ ਵਾਲੇ ਨੂੰ ਸਜ਼ਾ ਦੇਣ ਲਈ ਰੁੱਖੇ ਤੇ ਕੌੜੇ ਸ਼ਬਦ ਬੋਲਣੇ ਜਾਇਜ਼ ਸਮਝਦਾ ਹੈ, ਭਾਵੇਂ ਉਹ ਉਸ ਨੂੰ ਮੂੰਹ ਤੇ ਕਹਿੰਦਾ ਹੈ ਜਾਂ ਪਿੱਠ ਪਿੱਛੇ। ਪਰ ਮਸੀਹੀ ਇਸ ਤਰ੍ਹਾਂ ਨਹੀਂ ਕਰਦੇ। ਕਹਾਉਤਾਂ 10:19 ਕਹਿੰਦਾ ਹੈ: “ਗੱਪਾਂ ਦੇ ਵਾਧੇ ਵਿੱਚ ਅਪਰਾਧ ਦੀ ਕਮੀ ਨਹੀਂ, ਪਰ ਜੋ ਆਪਣਿਆਂ ਬੁੱਲ੍ਹਾਂ ਨੂੰ ਰੋਕਦਾ ਹੈ ਉਹ ਦਾਨਾ ਹੈ।”

ਇਸ ਮਾਮਲੇ ਵਿਚ ਪਰਮੇਸ਼ੁਰ ਦੇ ਦੂਤ ਚੰਗੀ ਮਿਸਾਲ ਕਾਇਮ ਕਰਦੇ ਹਨ। ਉਨ੍ਹਾਂ ਨੂੰ ਇਨਸਾਨਾਂ ਦੁਆਰਾ ਕੀਤੇ ਜਾਂਦੇ ਸਾਰੇ ਬੁਰੇ ਕੰਮਾਂ ਦਾ ਪਤਾ ਹੈ। ਹਾਲਾਂਕਿ ਦੂਤਾਂ ਵਿਚ ਇਨਸਾਨਾਂ ਨਾਲੋਂ ਕਿਤੇ ਜ਼ਿਆਦਾ ਬਲ ਅਤੇ ਤਾਕਤ ਹੈ, ਫਿਰ ਵੀ ਉਹ ਯਹੋਵਾਹ ਦਾ ਆਦਰ ਕਰਦੇ ਹੋਏ “ਮਿਹਣਾ ਮਾਰ ਕੇ ਪ੍ਰਭੁ ਦੇ ਅੱਗੇ [ਇਨਸਾਨਾਂ] ਉੱਤੇ ਦੋਸ਼ ਨਹੀਂ ਲਾਉਂਦੇ।” (2 ਪਤਰਸ 2:11) ਉਨ੍ਹਾਂ ਨੂੰ ਪਤਾ ਹੈ ਕਿ ਪਰਮੇਸ਼ੁਰ ਹਰ ਇਨਸਾਨ ਦੇ ਬੁਰੇ ਕੰਮਾਂ ਨੂੰ ਜਾਣਦਾ ਹੈ ਅਤੇ ਉਨ੍ਹਾਂ ਨੂੰ ਸੁਧਾਰਨ ਲਈ ਪੂਰੀ ਤਰ੍ਹਾਂ ਕਾਬਲ ਵੀ ਹੈ, ਇਸ ਲਈ ਦੂਤ ਆਪਣੇ ਬੁੱਲ੍ਹਾਂ ਨੂੰ ਰੋਕੀ ਰੱਖਦੇ ਹਨ। ਸਾਰੇ ਦੂਤਾਂ ਦੇ ਮੁਖੀ ਮੀਕਾਏਲ ਨੇ ਵੀ ਸ਼ਤਾਨ ਦੇ ਲਈ ਕੋਈ ਗ਼ਲਤ ਲਫ਼ਜ਼ ਇਸਤੇਮਾਲ ਨਹੀਂ ਕੀਤੇ।—ਯਹੂਦਾਹ 9.

ਮਸੀਹੀ ਇਨ੍ਹਾਂ ਦੂਤਾਂ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਬਾਈਬਲ ਦੀ ਇਸ ਸਲਾਹ ਤੇ ਚੱਲਦੇ ਹਨ: “ਆਪਣਾ ਬਦਲਾ ਨਾ ਲਓ ਪਰ ਕ੍ਰੋਧ ਨੂੰ ਜਾਣ ਦਿਓ ਕਿਉਂ ਜੋ ਲਿਖਿਆ ਹੋਇਆ ਹੈ ਕਿ ਪ੍ਰਭੁ ਆਖਦਾ ਹੈ ਭਈ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਵੱਟਾ ਲਾਹਵਾਂਗਾ।”—ਰੋਮੀਆਂ 12:17-19.

ਕਈ ਵਾਰੀ ਸਾਡੀ ਆਵਾਜ਼ ਦਾ ਖਰ੍ਹਵਾਪਣ ਵੀ ਦੂਸਰਿਆਂ ਨੂੰ ਠੇਸ ਪਹੁੰਚਾ ਸਕਦਾ ਹੈ। ਪਤੀ-ਪਤਨੀ ਉੱਚਾ-ਨੀਵਾਂ ਬੋਲ ਕੇ ਇਕ-ਦੂਜੇ ਨੂੰ ਚੋਟ ਪਹੁੰਚਾਉਂਦੇ ਹਨ। ਕਈ ਮਾਤਾ-ਪਿਤਾ ਅਕਸਰ ਬੱਚਿਆਂ ਉੱਤੇ ਚਿਲਾਉਂਦੇ ਰਹਿੰਦੇ ਹਨ। ਪਰ ਸਾਨੂੰ ਆਪਣੇ ਜਜ਼ਬਾਤ ਜ਼ਾਹਰ ਕਰਨ ਲਈ ਚਿਲਾਉਣ ਦੀ ਲੋੜ ਨਹੀਂ ਹੈ। ਬਾਈਬਲ ਕਹਿੰਦੀ ਹੈ: “ਸਭ ਕੁੜੱਤਣ, ਕ੍ਰੋਧ, ਕੋਪ, ਰੌਲਾ, ਅਤੇ ਦੁਰਬਚਨ ਸਾਰੀ ਬੁਰਿਆਈ ਸਣੇ ਤੁਹਾਥੋਂ ਦੂਰ ਹੋਵੇ।” (ਅਫ਼ਸੀਆਂ 4:31) ਬਾਈਬਲ ਇਹ ਵੀ ਕਹਿੰਦੀ ਕਿ ‘ਪ੍ਰਭੁ ਦਾ ਦਾਸ ਝਗੜਾ ਨਾ ਕਰੇ ਸਗੋਂ ਸਭਨਾਂ ਨਾਲ ਅਸੀਲ ਹੋਵੇ।’—2 ਤਿਮੋਥਿਉਸ 2:24.

ਚੰਗਾ ਕਰਨ ਵਾਲੇ ਲਫ਼ਜ਼

ਕਿਉਂਕਿ ਅੱਜ ਲੋਕ ਆਮ ਹੀ ਗਾਲ਼ਾਂ ਕੱਢਦੇ ਅਤੇ ਗੰਦ-ਮੰਦ ਬਕਦੇ ਹਨ, ਇਸ ਲਈ ਮਸੀਹੀਆਂ ਨੂੰ ਅਜਿਹੀਆਂ ਗੱਲਾਂ ਕਰਨ ਤੋਂ ਬਚਣ ਲਈ ਕੋਈ ਤਰੀਕਾ ਲੱਭਣਾ ਚਾਹੀਦਾ ਹੈ। ਬਾਈਬਲ ਇਕ ਚੰਗਾ ਤਰੀਕਾ ਇਹ ਦੱਸਦੀ ਹੈ ਕਿ ਅਸੀਂ ਦੂਜਿਆਂ ਨੂੰ ਪਿਆਰ ਕਰੀਏ। (ਮੱਤੀ 7:12; ਲੂਕਾ 10:27) ਦਿਲੋਂ ਦੂਜਿਆਂ ਦੀ ਪਰਵਾਹ ਕਰਨ ਅਤੇ ਪਿਆਰ ਕਰਨ ਨਾਲ ਅਸੀਂ ਹਮੇਸ਼ਾ ਚੰਗਾ ਕਰਨ ਵਾਲੇ ਲਫ਼ਜ਼ ਇਸਤੇਮਾਲ ਕਰਾਂਗੇ। ਬਾਈਬਲ ਕਹਿੰਦੀ ਹੈ: “ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿੱਕਲੇ ਸਗੋਂ ਜਿਵੇਂ ਲੋੜ ਪਵੇ ਉਹ ਗੱਲ ਨਿੱਕਲੇ ਜਿਹੜੀ ਹੋਰਨਾਂ ਦੀ ਉੱਨਤੀ ਲਈ ਚੰਗੀ ਹੋਵੇ ਭਈ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ।”—ਅਫ਼ਸੀਆਂ 4:29.

ਆਪਣੇ ਮਨਾਂ ਵਿਚ ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਬਿਠਾਉਣ ਨਾਲ ਵੀ ਅਸੀਂ ਜ਼ਖ਼ਮੀ ਕਰਨ ਵਾਲੀਆਂ ਗੱਲਾਂ ਕਰਨ ਤੋਂ ਬਚਾਂਗੇ। ਬਾਈਬਲ ਦਾ ਅਧਿਐਨ ਕਰਨ ਅਤੇ ਇਸ ਉੱਤੇ ਮਨਨ ਕਰਨ ਨਾਲ ਸਾਨੂੰ ‘ਹਰ ਪਰਕਾਰ ਦਾ ਗੰਦ ਮੰਦ ਪਰੇ ਸੁੱਟਣ’ ਵਿਚ ਮਦਦ ਮਿਲ ਸਕਦੀ ਹੈ। (ਯਾਕੂਬ 1:21) ਜੀ ਹਾਂ, ਪਰਮੇਸ਼ੁਰ ਦਾ ਬਚਨ ਸਾਡੇ ਮਨਾਂ ਨੂੰ ਚੰਗਾ ਕਰ ਸਕਦਾ ਹੈ। (g03 6/08)