ਨਾਮੀ ਅਤੇ ਬਦਨਾਮ ਲੋਕਾਂ ਦਾ ਖ਼ਾਕਾ ਖਿੱਚਣਾ
ਨਾਮੀ ਅਤੇ ਬਦਨਾਮ ਲੋਕਾਂ ਦਾ ਖ਼ਾਕਾ ਖਿੱਚਣਾ
ਬਰਤਾਨੀਆ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ
ਕੀ ਤੁਸੀਂ ਕਦੇ ਕਿਸੇ ਦੇ ਚਿਹਰੇ ਦਾ ਖ਼ਾਕਾ ਖਿੱਚਣ ਦੀ ਕੋਸ਼ਿਸ਼ ਕੀਤੀ ਹੈ? ਮੇਰਾ ਯਕੀਨ ਕਰੋ ਇਹ ਕੋਈ ਸੌਖਾ ਕੰਮ ਨਹੀਂ। ਇਹ ਕੰਮ ਹੋਰ ਵੀ ਮੁਸ਼ਕਲ ਬਣ ਜਾਂਦਾ ਹੈ ਜਦੋਂ ਤੁਹਾਨੂੰ ਉਸ ਵਿਅਕਤੀ ਦਾ ਖ਼ਾਕਾ ਖਿੱਚਣਾ ਪੈਂਦਾ ਹੈ ਜਿਸ ਨੂੰ ਤੁਸੀਂ ਪਹਿਲੀ ਵਾਰ ਦੇਖਿਆ ਹੋਵੇ ਅਤੇ ਉਹ ਵੀ ਸਿਰਫ਼ ਕੁਝ ਹੀ ਮਿੰਟਾਂ ਲਈ। ਇਸ ਤੋਂ ਵੀ ਵੱਧ ਤੁਹਾਨੂੰ ਉਸ ਵਿਅਕਤੀ ਦਾ ਖ਼ਾਕਾ ਆਪਣੇ ਮਨ ਵਿਚ ਬਣੀ ਤਸਵੀਰ ਤੋਂ ਖਿੱਚਣਾ ਪੈਂਦਾ ਹੈ। ਆਖ਼ਰਕਾਰ ਤੁਹਾਨੂੰ ਰੰਗਦਾਰ ਖ਼ਾਕਾ ਟੈਲੀਵਿਯਨ ਤੇ ਪੇਸ਼ ਕਰਨ ਲਈ 30 ਮਿੰਟਾਂ ਵਿਚ ਤਿਆਰ ਕਰਨਾ ਪੈਂਦਾ ਹੈ!
ਸਾਡੇ ਵਰਗੇ ਆਮ ਲੋਕ ਅਜਿਹਾ ਮੁਸ਼ਕਲ ਕੰਮ ਪੂਰਾ ਨਹੀਂ ਕਰ ਸਕਦੇ। ਪਰ ਬਰਤਾਨੀਆ ਵਿਚ ਕੁਝ ਅਜਿਹੇ ਤੀਵੀਂ-ਆਦਮੀ ਹਨ ਜੋ ਇਸ ਕੰਮ ਵਿਚ ਮਾਹਰ ਹਨ। ਉਹ ਕੌਣ ਹਨ? ਹਾਂ, ਉਹ ਅਦਾਲਤ ਵਿਚ ਖ਼ਾਕੇ ਖਿੱਚਣ ਵਾਲੇ ਹਨ।
ਕਾਨੂੰਨੀ ਪਾਬੰਦੀਆਂ
ਲੋਕ ਅਦਾਲਤੀ ਮੁਕੱਦਮਿਆਂ ਵਿਚ ਬਹੁਤ ਦਿਲਚਸਪੀ ਰੱਖਦੇ ਹਨ। ਕਈਆਂ ਦੇਸ਼ਾਂ ਵਿਚ ਆਮ ਤੌਰ ਤੇ ਇਹ ਮੁਕੱਦਮੇ ਟੈਲੀਵਿਯਨ ਤੇ ਪੇਸ਼ ਕੀਤੇ ਜਾਂਦੇ ਹਨ ਜਾਂ ਇਨ੍ਹਾਂ ਦੀਆਂ ਤਸਵੀਰਾਂ ਅਖ਼ਬਾਰਾਂ ਵਿਚ ਛਾਪੀਆਂ ਜਾਂਦੀਆਂ ਹਨ। ਪਰ ਬਰਤਾਨੀਆ ਵਿਚ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ। ਉੱਥੇ “ਕਿਸੇ ਵੀ ਅਦਾਲਤ ਵਿਚ ਕਿਸੇ ਦਾ ਖ਼ਾਕਾ ਖਿੱਚਣਾ” ਮਨ੍ਹਾ ਹੈ, ਚਾਹੇ ਉਹ ਜੱਜ, ਜਿਊਰੀ ਦਾ ਮੈਂਬਰ, ਗਵਾਹ, ਦੋਸ਼ੀ ਜਾਂ ਕੈਦੀ ਹੋਵੇ। * ਇਸ ਲਈ ਅਜਿਹੇ ਕਲਾਕਾਰਾਂ ਦੀ ਲੋੜ ਪੈਂਦੀ ਹੈ ਜੋ ਅਦਾਲਤੀ ਕਰਵਾਈ ਦੀ ਤਸਵੀਰ ਆਪਣੇ ਮਨ ਵਿਚ ਬਣਾ ਕੇ ਉਸ ਤੋਂ ਟੈਲੀਵਿਯਨ ਜਾਂ ਅਖ਼ਬਾਰਾਂ ਲਈ ਖ਼ਾਕਾ ਖਿੱਚ ਸਕਦੇ ਹਨ।
ਇਸ ਕਲਾ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਮੈਂ ਲੰਡਨ ਵਿਚ ਲੱਗੀ ਕਲਾ ਅਤੇ ਡੀਜ਼ਾਈਨ ਦੀ ਇਕ ਪ੍ਰਦਰਸ਼ਨੀ ਨੂੰ ਦੇਖਣ ਗਿਆ। ਉੱਥੇ ਮੈਨੂੰ ਬੈਥ ਨਾਂ ਦੀ ਕਲਾਕਾਰ ਮਿਲੀ ਜੋ ਖ਼ਾਕਾ ਖਿੱਚਣ ਵਿਚ ਮਾਹਰ ਹੈ। ਮੈਂ ਉਸ ਨੂੰ ਪੁੱਛਿਆ: “ਅਦਾਲਤ ਵਿਚ ਕਿਸੇ ਦੋਸ਼ੀ ਦਾ ਚਿਹਰਾ ਦੇਖਣ ਲਈ ਤੁਹਾਨੂੰ ਕਿੰਨਾ ਕੁ ਸਮਾਂ ਦਿੱਤਾ ਜਾਂਦਾ ਹੈ?”
ਸਮਾਂ ਅਤੇ ਮਕਸਦ
ਬੈਥ ਨੇ ਜਵਾਬ ਦਿੱਤਾ: “ਜਦੋਂ ਕੈਦੀ ਪਹਿਲੀ ਸੁਣਵਾਈ ਲਈ ਪੇਸ਼ ਹੁੰਦਾ ਹੈ, ਤਾਂ ਆਮ ਤੌਰ ਤੇ ਉਹ ਸਿਰਫ਼ ਦੋ ਮਿੰਟਾਂ ਲਈ ਹੀ ਕਚਹਿਰੀ ਵਿਚ ਖੜ੍ਹਦਾ ਹੁੰਦਾ ਹੈ। ਪਰ,” ਉਸ ਨੇ ਅੱਗੇ ਕਿਹਾ, “ਇੰਨਾ ਸਮਾਂ ਕਾਫ਼ੀ ਹੁੰਦਾ ਹੈ। ਮੈਂ ਇੰਨੇ ਸਮੇਂ ਵਿਚ ਉਸ ਦੇ ਨੈਣ-ਨਕਸ਼ ਚੰਗੀ ਤਰ੍ਹਾਂ ਦੇਖ ਕੇ ਆਪਣੇ ਮਨ ਵਿਚ ਉਸ ਦੀ ਤਸਵੀਰ ਬਣਾ ਸਕਦੀ ਹਾਂ। ਮੈਂ ਮਨ ਵਿਚ ਨੋਟ ਕਰ ਲੈਂਦੀ ਹਾਂ ਕਿ ਉਸ ਦਾ ਮੱਥਾ ਕਿੰਨਾ ਕੁ ਲੰਬਾ-ਚੌੜਾ ਹੈ ਅਤੇ ਉਸ ਦੇ ਕੰਨ ਕਿੱਡੇ-ਕਿੱਡੇ ਹਨ। ਜੇ ਉਸ ਨੇ ਦਾੜ੍ਹੀ ਰੱਖੀ ਹੋਵੇ ਜਾਂ ਚਸ਼ਮਾ ਲਗਾਇਆ ਹੋਵੇ, ਤਾਂ ਮੈਂ ਇਹ ਵੀ ਨੋਟ ਕਰ ਲੈਂਦੀ ਹਾਂ। ਇਹ ਸਾਰੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਹੀ ਮੈਂ ਉਸ ਦਾ ਸਹੀ ਖ਼ਾਕਾ ਖਿੱਚ ਸਕਦੀ ਹਾਂ।
“ਕਦੇ-ਕਦੇ ਮੇਰਾ ਕੰਮ ਹੋਰ ਵੀ ਔਖਾ ਹੋ ਜਾਂਦਾ ਹੈ। ਮਿਸਾਲ ਲਈ, ਹਾਲ ਹੀ ਦੇ ਸਮੇਂ ਵਿਚ ਕਚਹਿਰੀ ਵਿਚ 12 ਬੰਦੇ ਸਨ! ਇਹ ਸੱਚ ਹੈ ਕਿ ਉਹ ਉੱਥੇ ਕੁਝ 15 ਮਿੰਟਾਂ ਲਈ ਖੜ੍ਹੇ ਰਹੇ ਸਨ, ਪਰ 12 ਚਿਹਰਿਆਂ ਦਾ ਇੱਕੋ ਵਾਰ ਖ਼ਾਕਾ ਖਿੱਚਣ ਲਈ ਬਹੁਤ ਹੀ ਧਿਆਨ ਲਗਾਉਣਾ ਪੈਂਦਾ ਹੈ। ਸ਼ੁਕਰ ਹੈ ਕਿ ਮੈਂ ਇਕ ਵਾਰ ਕਿਸੇ ਚੀਜ਼ ਨੂੰ ਦੇਖ ਲਵਾਂ ਤਾਂ ਉਸ ਦੀ ਤਸਵੀਰ ਮੇਰੇ ਮਨ ਵਿਚ ਬਣ ਜਾਂਦੀ ਹੈ, ਪਰ ਇਸ ਹੁਨਰ ਨੂੰ ਸੁਧਾਰਨ ਲਈ ਮੈਨੂੰ ਬਹੁਤ ਸਾਲ ਲੱਗੇ ਹਨ। ਮੇਰੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਮੈਂ ਅਦਾਲਤ ਤੋਂ ਬਾਹਰ ਆਉਂਦੀ ਹਾਂ ਅਤੇ ਅੱਖਾਂ ਬੰਦ ਕਰਦੀ ਹਾਂ, ਤਾਂ ਮੈਨੂੰ ਉਹ ਚਿਹਰੇ ਜੋ ਮੈਂ ਅੰਦਰ ਦੇਖੇ ਹਨ ਸਾਫ਼-ਸਾਫ਼ ਨਜ਼ਰ ਆਉਣ।”
ਫਿਰ ਮੈਂ ਬੈਥ ਨੂੰ ਪੁੱਛਿਆ: “ਜਿਨ੍ਹਾਂ ਵਿਅਕਤੀਆਂ ਨਾਲ ਤੁਹਾਡੀ ਅਦਾਲਤ ਵਿਚ ਮੁਲਾਕਾਤ ਹੁੰਦੀ ਹੈ ਉਨ੍ਹਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਕਿੰਨਾ ਕੁ ਸਮੇਂ ਲਗਾਉਂਦੇ ਹੋ?” ਬੈਥ ਦੇ ਜਵਾਬ ਨੇ ਮੈਨੂੰ ਬੜਾ ਹੈਰਾਨ ਕੀਤਾ।
“ਇਕ ਰਿਪੋਰਟਰ ਤੋਂ ਭਿੰਨ ਮੈਂ ਕੋਈ ਰਿਸਰਚ ਨਹੀਂ ਕਰਦੀ ਹੁੰਦੀ। ਜਦੋਂ ਮੈਂ ਅਦਾਲਤ ਵਿਚ ਆਉਂਦੀ ਹਾਂ, ਤਾਂ ਮੇਰਾ ਮਨ ਵਿਚ ਵਿਅਕਤੀ ਬਾਰੇ ਕੋਈ ਵਿਚਾਰ ਨਹੀਂ ਹੁੰਦਾ। ਮੈਂ ਨਹੀਂ ਚਾਹੁੰਦੀ ਕਿ ਮੇਰੇ ਖ਼ਿਆਲਾਂ ਦਾ ਅਸਰ ਮੇਰੇ ਕੰਮ ਉੱਤੇ ਪਵੇ। ਲੋਕਾਂ ਦੇ ਹਾਵ-ਭਾਵ ਹਰ ਦਿਨ ਬਦਲਦੇ ਰਹਿੰਦੇ ਹਨ ਇਸ ਲਈ ਜਿੱਦਾਂ-ਜਿੱਦਾਂ ਅਦਾਲਤੀ ਕਾਰਵਾਈ ਕੀਤੀ ਜਾਂਦੀ ਹੈ ਮੈਂ ਉਸ ਨੂੰ ਠੀਕ ਉਸੇ ਤਰ੍ਹਾਂ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਦੀ ਹਾਂ। ਮੈਨੂੰ ਯਾਦ ਰੱਖਣਾ ਪੈਂਦਾ ਹੈ ਕਿ ਟੈਲੀਵਿਯਨ ਤੇ ਜਾਂ ਅਖ਼ਬਾਰ ਵਿਚ ਛਾਪੇ ਗਏ ਮੇਰੇ ਖ਼ਾਕੇ ਜਿਊਰੀ ਦੇ ਮੈਂਬਰ ਵੀ ਦੇਖ ਸਕਦੇ ਹਨ ਅਤੇ ਮੈਂ ਨਹੀਂ ਚਾਹੁੰਦੀ ਕਿ ਉਹ ਉਨ੍ਹਾਂ ਨੂੰ ਦੇਖ ਕੇ ਇਹ ਕਹਿਣ ਕਿ ‘ਇਸ ਵਿਅਕਤੀ ਦੀ ਸੂਰਤ ਤੋਂ ਹੀ ਪਤਾ ਲੱਗਦਾ ਹੈ ਕਿ ਉਹ ਦੋਸ਼ੀ ਹੈ!’ ਇਸ ਲਈ ਕਿਹਾ ਜਾ ਸਕਦਾ ਹੈ ਕਿ ਅਦਾਲਤ ਵਿਚ ਕਿਸੇ ਦਾ ਖ਼ਾਕਾ ਖਿੱਚਣਾ ਕਿਸੇ ਦੀ ਤਸਵੀਰ ਬਣਾਉਣ ਤੋਂ ਬਹੁਤ ਹੀ ਵੱਖਰਾ ਹੈ।”
“ਖ਼ਾਸ ਪਲ ਦਾ ਇੰਤਜ਼ਾਰ”
ਜਦੋਂ ਮੈਂ ਬੈਥ ਨੂੰ ਪੁੱਛਿਆ ਕਿ ਉਸ ਦੀ ਕਾਮਯਾਬੀ ਦਾ ਰਾਜ਼ ਕੀ ਹੈ, ਤਾਂ ਉਸ ਨੇ ਜਵਾਬ ਦਿੱਤਾ: “ਮੈਂ ਇਕ ਖ਼ਾਸ ਪਲ ਦਾ ਇੰਤਜ਼ਾਰ ਕਰਦੀ ਹਾਂ। ਹਾਂ, ਮੈਂ ਉਸ ਪਲ ਦਾ ਖ਼ਾਕਾ ਖਿੱਚਣ ਦੀ ਕੋਸ਼ਿਸ਼ ਕਰਦੀ ਹਾਂ ਜਿਸ ਤੋਂ ਅਦਾਲਤੀ ਕਾਰਵਾਈ ਦਾ ਮਾਹੌਲ ਚੰਗੀ ਤਰ੍ਹਾਂ ਮਹਿਸੂਸ ਕੀਤਾ ਜਾ ਸਕੇ। ਮਿਸਾਲ ਲਈ, ਜਦੋਂ ਇਕ ਦੋਸ਼ੀ ਨੇ ਆਪਣਾ ਸਿਰ ਹੱਥਾਂ ਵਿਚ ਰੱਖ ਕੇ ਅਸਲੀਅਤ ਤੋਂ ਅੱਖਾਂ ਮੀਟਣ ਦੀ ਕੋਸ਼ਿਸ਼ ਕੀਤੀ, ਤਾਂ ਕੋਈ ਸ਼ੱਕ ਨਹੀਂ ਰਿਹਾ ਕਿ ਉਹ ਗੁਨਾਹਗਾਰ ਸੀ। ਇਕ ਵਾਰ ਇਕ ਔਰਤ ਨੂੰ ਪੁੱਛਿਆ ਗਿਆ, ‘ਕੀ ਤੂੰ ਇਕ ਚੰਗੀ ਮਾਂ ਹੈ?’ ਤਾਂ ਉਸ ਦੇ ਜਵਾਬ ਤੋਂ ਬਿਹਤਰ ਉਸ ਦੇ ਚਿਹਰੇ ਤੋਂ ਹੀ ਪਤਾ ਲੱਗ ਗਿਆ ਕਿ ਉਹ ਕਿਹੋ ਜਿਹੀ ਮਾਂ ਸੀ। ਇਸੇ ਤਰ੍ਹਾਂ ਜਦੋਂ ਕੋਈ ਰੁਮਾਲ ਨਾਲ ਆਪਣੇ ਹੰਝੂ ਪੂੰਝਦਾ ਨਜ਼ਰ ਆਉਂਦਾ ਹੈ, ਤਾਂ ਅਸੀਂ ਉਸ ਦੇ ਗਹਿਰੇ ਜਜ਼ਬਾਤ ਮਹਿਸੂਸ ਕਰ ਸਕਦੇ ਹਾਂ।
“ਚਿੱਤਰਕਾਰ ਨੂੰ ਆਪਣੇ ਖ਼ਾਕੇ ਵਿਚ ਅਦਾਲਤ ਦਾ ਪੂਰਾ ਮਾਹੌਲ ਦਿਖਾਉਣਾ ਪੈਂਦਾ ਹੈ ਯਾਨੀ ਉਸ ਨੂੰ ਜੱਜ, ਵਕੀਲਾਂ, ਅਦਾਲਤੀ ਅਧਿਕਾਰੀਆਂ, ਕਿਤਾਬਾਂ ਅਤੇ ਫਰਨੀਚਰ ਆਦਿ ਦਾ ਵੀ ਖ਼ਾਕਾ ਖਿੱਚਣਾ ਪੈਂਦਾ ਹੈ। ਇਹ ਸਭ ਕੁਝ ਲੋਕ ਆਪ ਨਹੀਂ ਦੇਖ ਸਕਦੇ ਇਸ ਲਈ ਉਹ ਅਜਿਹੀਆਂ ਤਸਵੀਰਾਂ ਵਿਚ ਬਹੁਤ ਦਿਲਚਸਪੀ ਰੱਖਦੇ ਹਨ। ਮੈਂ ਆਪਣੇ ਖ਼ਾਕੇ ਕਿੱਥੇ ਖਿੱਚਦੀ ਹਾਂ? ਕਦੇ-ਕਦੇ ਅਦਾਲਤ ਦੇ ਪ੍ਰੈੱਸਰੂਮ ਵਿਚ ਜਾ ਕੇ ਖਿੱਚਦੀ ਹਾਂ, ਪਰ ਜ਼ਿਆਦਾਤਰ ਕਿਸੇ ਸ਼ਾਂਤ ਜਗ੍ਹਾ ਵਿਚ ਪੌੜੀਆਂ ਉੱਤੇ ਬੈਠ ਕੇ ਮੈਂ ਖ਼ਾਕਾ ਖਿੱਚਦੀ ਹਾਂ। ਪਰ ਫਿਰ ਮੈਨੂੰ ਕਾਹਲੀ-ਕਾਹਲੀ ਕਚਹਿਰੀ ਵਿਚ ਵਾਪਸ ਜਾ ਕਿ ਕਿਸੇ ਨਵੇਂ ਗਵਾਹ ਦਾ ਜਾਂ ਵਕੀਲ ਦਾ ਚਿਹਰਾ ਆਪਣੇ ਖ਼ਾਕੇ ਵਿਚ ਸ਼ਾਮਲ ਕਰਨਾ ਪੈਂਦਾ ਹੈ।” ਮੁਸਕਰਾਉਂਦੀ ਹੋਈ, ਬੈਥ ਨੇ ਅੱਗੇ ਕਿਹਾ: “ਹਾਂ ਮੈਂ ਜਾਣਦੀ ਹਾਂ ਕਿ ਮੇਰੇ ਕਈ ਖ਼ਾਕੇ ਹੁਣ ਵਕੀਲਾਂ ਦੇ ਦਫ਼ਤਰਾਂ ਵਿਚ ਲਗਾਏ ਹੋਏ ਹਨ।”
ਮੈਂ ਬੜੀ ਦਿਲਚਸਪੀ ਨਾਲ ਉਸ ਦੇ ਸਟੈਂਡ ਉੱਤੇ ਰੱਖੇ ਖ਼ਾਕਿਆਂ ਨੂੰ ਦੇਖਿਆ। ਅਤੇ ਇਕਦਮ ਮੈਨੂੰ ਉਹ ਮੁਕੱਦਮੇ ਯਾਦ ਆਏ ਜੋ ਨਾਮੀ ਅਤੇ ਬਦਨਾਮ ਲੋਕਾਂ ਉੱਤੇ ਚਲਾਏ ਗਏ ਸਨ ਜਿਨ੍ਹਾਂ ਬਾਰੇ ਮੈਂ ਕੁਝ ਹੀ ਸਾਲ ਪਹਿਲਾਂ ਪੜ੍ਹਿਆ ਸੀ। ਕੁਝ ਦਸ ਮਿੰਟਾਂ ਬਾਅਦ ਮੈਂ ਉੱਥੋਂ ਜਾਣ ਹੀ ਵਾਲਾ ਸੀ ਅਤੇ ਬੈਥ ਨੇ ਮੈਨੂੰ ਰੰਗਦਾਰ ਖ਼ਾਕਾ ਦਿੱਤਾ। ਅਰੇ ਵਾਹ, ਇਹ ਤਾਂ ਮੇਰੀ ਤਸਵੀਰ ਹੈ! (g03 4/08)
[ਫੁਟਨੋਟ]
^ ਪੈਰਾ 6 ਇਹ ਗੱਲ ਸਕਾਟਲੈਂਡ ਵਿਚ ਨਹੀਂ ਲਾਗੂ ਹੁੰਦੀ।
[ਸਫ਼ੇ 24, 25 ਉੱਤੇ ਤਸਵੀਰਾਂ]
(ਖੱਬੇ ਪਾਸੇ) ਅਖ਼ਬਾਰ ਵਿਚ ਛਾਪਿਆ ਗਿਆ ਇਕ ਕਚਹਿਰੀ ਦਾ ਖ਼ਾਕਾ
[ਕ੍ਰੈਡਿਟ ਲਾਈਨ]
© The Guardian