Skip to content

Skip to table of contents

ਮਾਮੂਲੀ ਜਿਹੀ ਮੂੰਗਫਲੀ ਦੇ ਕਿੰਨੇ ਸਾਰੇ ਫ਼ਾਇਦੇ

ਮਾਮੂਲੀ ਜਿਹੀ ਮੂੰਗਫਲੀ ਦੇ ਕਿੰਨੇ ਸਾਰੇ ਫ਼ਾਇਦੇ

ਮਾਮੂਲੀ ਜਿਹੀ ਮੂੰਗਫਲੀ ਦੇ ਕਿੰਨੇ ਸਾਰੇ ਫ਼ਾਇਦੇ

ਕੀ ਤੁਹਾਨੂੰ ਮੂੰਗਫਲੀ ਪਸੰਦ ਹੈ? ਜੇ ਹਾਂ, ਤਾਂ ਤੁਸੀਂ ਇਕੱਲੇ ਨਹੀਂ ਹੋ। ਤੁਹਾਡੇ ਵਾਂਗ ਦੁਨੀਆਂ ਦੇ ਹੋਰ ਵੀ ਬਹੁਤ ਸਾਰੇ ਲੋਕ ਮੂੰਗਫਲੀ ਪਸੰਦ ਕਰਦੇ ਹਨ। ਧਰਤੀ ਉੱਤੇ ਸਭ ਤੋਂ ਸੰਘਣੀ ਆਬਾਦੀ ਵਾਲੇ ਦੋ ਦੇਸ਼ਾਂ ਚੀਨ ਅਤੇ ਭਾਰਤ ਵਿਚ ਸਭ ਤੋਂ ਜ਼ਿਆਦਾ ਮੂੰਗਫਲੀ ਦੀ ਖੇਤੀ ਕੀਤੀ ਜਾਂਦੀ ਹੈ। ਦੁਨੀਆਂ ਭਰ ਵਿਚ ਮੂੰਗਫਲੀ ਦੀ ਕੁੱਲ ਫ਼ਸਲ ਦਾ ਅੱਧੇ ਨਾਲੋਂ ਜ਼ਿਆਦਾ ਹਿੱਸਾ ਇੱਥੇ ਉਗਾਇਆ ਜਾਂਦਾ ਹੈ।

ਅਮਰੀਕਾ ਹਰ ਸਾਲ ਅਰਬਾਂ ਕਿਲੋਗ੍ਰਾਮ ਮੂੰਗਫਲੀ ਪੈਦਾ ਕਰਦਾ ਹੈ ਜੋ ਕਿ ਦੁਨੀਆਂ ਦੀ ਕੁੱਲ ਮੂੰਗਫਲੀ ਦਾ ਲਗਭਗ 10 ਪ੍ਰਤਿਸ਼ਤ ਹੈ। ਅਰਜਨਟੀਨਾ, ਸੈਨੇਗਾਲ, ਸੂਡਾਨ, ਦੱਖਣੀ ਅਫ਼ਰੀਕਾ, ਨਾਈਜੀਰੀਆ, ਬ੍ਰਾਜ਼ੀਲ ਅਤੇ ਮਲਾਵੀ ਵੀ ਵੱਡੀ ਮਾਤਰਾ ਵਿਚ ਮੂੰਗਫਲੀ ਉਗਾਉਂਦੇ ਹਨ। ਮੂੰਗਫਲੀ ਇੰਨੀ ਮਸ਼ਹੂਰ ਕਿਵੇਂ ਹੋਈ? ਕੀ ਕਦੇ ਮੂੰਗਫਲੀ ਖਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ?

ਲੰਬੀ ਕਹਾਣੀ

ਕਿਹਾ ਜਾਂਦਾ ਹੈ ਕਿ ਮੂੰਗਫਲੀ ਸਭ ਤੋਂ ਪਹਿਲਾਂ ਦੱਖਣੀ ਅਮਰੀਕਾ ਵਿਚ ਉਗਾਈ ਜਾਂਦੀ ਸੀ। ਪੀਰੂ ਵਿੱਚੋਂ ਇਕ ਫੁੱਲਦਾਨ ਮਿਲਿਆ ਹੈ ਜੋ ਕਿ ਕੋਲੰਬਸ ਵੱਲੋਂ ਅਮਰੀਕਾ ਦੀ ਖੋਜ ਕਰਨ ਤੋਂ ਪਹਿਲਾਂ ਦੇ ਜ਼ਮਾਨੇ ਦਾ ਹੈ। ਇਸ ਫੁੱਲਦਾਨ ਦੀ ਸ਼ਕਲ ਮੂੰਗਫਲੀ ਵਰਗੀ ਹੈ ਅਤੇ ਇਸ ਉੱਤੇ ਮੂੰਗਫਲੀ ਵਰਗੀ ਚਿੱਤਰਕਾਰੀ ਕੀਤੀ ਹੋਈ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਸ ਵੇਲੇ ਦੇ ਲੋਕ ਮੂੰਗਫਲੀ ਦੇ ਕਿੰਨੇ ਸ਼ੌਕੀਨ ਸਨ। ਸਪੇਨੀ ਖੋਜੀਆਂ ਨੇ ਦੱਖਣੀ ਅਮਰੀਕਾ ਵਿਚ ਪਹਿਲੀ ਵਾਰ ਮੂੰਗਫਲੀ ਦੇਖੀ ਸੀ। ਉਨ੍ਹਾਂ ਦੀਆਂ ਸਮੁੰਦਰੀ ਯਾਤਰਾਵਾਂ ਦੌਰਾਨ ਮੂੰਗਫਲੀ ਉਨ੍ਹਾਂ ਲਈ ਵਧੀਆ ਭੋਜਨ ਸਾਬਤ ਹੋਈ। ਫਿਰ ਉਹ ਕੁਝ ਮੂੰਗਫਲੀ ਯੂਰਪ ਲੈ ਆਏ। ਯੂਰਪੀ ਲੋਕ ਮੂੰਗਫਲੀ ਨੂੰ ਹੋਰ ਤਰੀਕਿਆਂ ਨਾਲ ਵਰਤਣ ਲੱਗ ਪਏ, ਇੱਥੋਂ ਤਕ ਕਿ ਉਹ ਕੌਫ਼ੀ ਦੇ ਦਾਣਿਆਂ ਦੀ ਥਾਂ ਇਸ ਨੂੰ ਇਸਤੇਮਾਲ ਕਰਨ ਲੱਗੇ।

ਬਾਅਦ ਵਿਚ ਪੁਰਤਗਾਲ ਦੇ ਲੋਕ ਮੂੰਗਫਲੀ ਨੂੰ ਅਫ਼ਰੀਕਾ ਲੈ ਗਏ। ਇਹ ਜਲਦੀ ਹੀ ਅਫ਼ਰੀਕੀ ਲੋਕਾਂ ਦਾ ਮਨਪਸੰਦ ਭੋਜਨ ਬਣ ਗਈ। ਲੋਕਾਂ ਨੇ ਦੇਖਿਆ ਕਿ ਇਹ ਅਜਿਹੀ ਮਿੱਟੀ ਵਿਚ ਵੀ ਉੱਗ ਸਕਦੀ ਸੀ ਜੋ ਦੂਜੀਆਂ ਫ਼ਸਲਾਂ ਲਈ ਉਪਜਾਊ ਨਹੀਂ ਸੀ। ਦਰਅਸਲ, ਨਾਈਟ੍ਰੋਜਨ ਦੀ ਘਾਟ ਵਾਲੀ ਮਿੱਟੀ ਨੂੰ ਮੂੰਗਫਲੀ ਉਪਜਾਊ ਬਣਾਉਂਦੀ ਹੈ। ਫਿਰ ਗ਼ੁਲਾਮਾਂ ਦੇ ਵਪਾਰ ਦੇ ਸਮੇਂ ਦੌਰਾਨ ਮੂੰਗਫਲੀ ਅਫ਼ਰੀਕਾ ਤੋਂ ਉੱਤਰੀ ਅਮਰੀਕਾ ਪਹੁੰਚ ਗਈ।

ਪੁਰਤਗਾਲੀ ਲੋਕਾਂ ਨੇ 1530 ਦੇ ਦਹਾਕੇ ਦੌਰਾਨ ਮੂੰਗਫਲੀ ਨੂੰ ਭਾਰਤ ਅਤੇ ਮਕਾਓ ਵਿਚ ਪਹੁੰਚਾ ਦਿੱਤਾ ਤੇ ਸਪੇਨੀ ਲੋਕਾਂ ਨੇ ਫ਼ਿਲਪੀਨ ਵਿਚ। ਫਿਰ ਵਪਾਰੀ ਇਨ੍ਹਾਂ ਦੇਸ਼ਾਂ ਤੋਂ ਮੂੰਗਫਲੀ ਨੂੰ ਚੀਨ ਵਿਚ ਲੈ ਗਏ। ਚੀਨੀ ਲੋਕਾਂ ਨੇ ਦੇਖਿਆ ਕਿ ਕਾਲ ਦੌਰਾਨ ਮੂੰਗਫਲੀ ਬਹੁਤ ਕੰਮ ਆਵੇਗੀ।

ਬਨਸਪਤੀ-ਵਿਗਿਆਨੀਆਂ ਨੇ 1700 ਦੇ ਦਹਾਕੇ ਵਿਚ ਮੂੰਗਫਲੀ ਦਾ ਅਧਿਐਨ ਕਰ ਕੇ ਨਤੀਜਾ ਕੱਢਿਆ ਕਿ ਇਹ ਸੂਰਾਂ ਦੇ ਖਾਣ ਲਈ ਵਧੀਆ ਭੋਜਨ ਰਹੇਗਾ। ਅਮਰੀਕਾ ਦੇ ਦੱਖਣੀ ਕੈਰੋਲਾਇਨਾ ਵਿਚ 1800 ਦੇ ਦਹਾਕੇ ਦੇ ਸ਼ੁਰੂ ਵਿਚ ਵਪਾਰ ਦੇ ਮਕਸਦ ਨਾਲ ਮੂੰਗਫਲੀ ਦੀ ਖੇਤੀ ਕੀਤੀ ਜਾਣ ਲੱਗੀ। ਸੰਨ 1861 ਵਿਚ ਅਮਰੀਕਾ ਵਿਚ ਸ਼ੁਰੂ ਹੋਏ ਘਰੇਲੂ ਯੁੱਧ ਦੌਰਾਨ ਦੋਹਾਂ ਧਿਰਾਂ ਦੇ ਸੈਨਿਕ ਮੂੰਗਫਲੀ ਨੂੰ ਭੋਜਨ ਦੇ ਤੌਰ ਤੇ ਖਾਂਦੇ ਸਨ।

ਪਰ ਉਸ ਸਮੇਂ ਬਹੁਤ ਸਾਰੇ ਲੋਕ ਮੂੰਗਫਲੀ ਨੂੰ ਗ਼ਰੀਬਾਂ ਦਾ ਭੋਜਨ ਸਮਝਦੇ ਸਨ। ਸ਼ਾਇਦ ਇਸੇ ਕਰਕੇ ਅਮਰੀਕੀ ਕਿਸਾਨ ਵੱਡੀ ਮਾਤਰਾ ਵਿਚ ਮੂੰਗਫਲੀ ਨਹੀਂ ਉਗਾਉਂਦੇ ਸਨ। ਇਸ ਤੋਂ ਇਲਾਵਾ, ਸਾਲ 1900 ਤੋਂ ਪਹਿਲਾਂ ਕਿਸਾਨਾਂ ਕੋਲ ਆਧੁਨਿਕ ਮਸ਼ੀਨਾਂ ਨਹੀਂ ਸਨ ਜਿਸ ਕਰਕੇ ਮੂੰਗਫਲੀ ਉਗਾਉਣ ਲਈ ਬਹੁਤ ਸਾਰੇ ਕਾਮਿਆਂ ਤੇ ਪੈਸਿਆਂ ਦੀ ਲੋੜ ਪੈਂਦੀ ਸੀ।

ਪਰ 1903 ਵਿਚ ਅਮਰੀਕਾ ਦੇ ਖੇਤੀਬਾੜੀ ਵਿਗਿਆਨੀ ਜਾਰਜ ਵਾਸ਼ਿੰਗਟਨ ਕਾਰਵਰ ਨੇ ਮੂੰਗਫਲੀ ਦੇ ਪੌਦਿਆਂ ਨੂੰ ਨਵੇਂ ਤਰੀਕਿਆਂ ਨਾਲ ਵਰਤਣ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ। ਆਖ਼ਰਕਾਰ ਉਸ ਨੇ ਮੂੰਗਫਲੀ ਤੋਂ 300 ਤੋਂ ਜ਼ਿਆਦਾ ਚੀਜ਼ਾਂ ਬਣਾਈਆਂ ਜਿਨ੍ਹਾਂ ਵਿਚ ਸ਼ਰਾਬ, ਕਾਸਮੈਟਿਕ ਚੀਜ਼ਾਂ, ਡਾਈਆਂ, ਦਵਾਈਆਂ, ਕੱਪੜੇ ਧੋਣ ਵਾਲਾ ਸਾਬਣ, ਕੀੜੇਮਾਰ ਦਵਾਈਆਂ ਅਤੇ ਸਿਆਹੀ ਸ਼ਾਮਲ ਸਨ। ਕਾਰਵਰ ਨੇ ਕਿਸਾਨਾਂ ਨੂੰ ਦੱਸਿਆ ਕਿ ਉਹ ਸਿਰਫ਼ ਕਪਾਹ ਦੀ ਹੀ ਫ਼ਸਲ ਨਾ ਬੀਜਣ ਕਿਉਂਕਿ ਇਹ ਜ਼ਮੀਨ ਦੇ ਉਪਜਾਊਪਣ ਨੂੰ ਖ਼ਤਮ ਕਰਦੀ ਸੀ, ਸਗੋਂ ਵਿਚ-ਵਿਚਾਲੇ ਉਹ ਮੂੰਗਫਲੀ ਦੀ ਫ਼ਸਲ ਵੀ ਬੀਜਣ। ਉਸ ਵੇਲੇ ਕਪਾਹ ਦੀ ਸੁੰਡੀ ਕਪਾਹ ਨੂੰ ਬਰਬਾਦ ਕਰ ਰਹੀ ਸੀ ਜਿਸ ਕਾਰਨ ਬਹੁਤ ਸਾਰੇ ਕਿਸਾਨ ਕਾਰਵਰ ਦੀ ਸਲਾਹ ਤੇ ਚੱਲਣ ਲਈ ਪ੍ਰੇਰਿਤ ਹੋਏ। ਇਸ ਦਾ ਨਤੀਜਾ ਕੀ ਨਿਕਲਿਆ? ਇਹ ਫ਼ਸਲ ਇੰਨੀ ਕਾਮਯਾਬ ਰਹੀ ਕਿ ਅਮਰੀਕਾ ਦੇ ਦੱਖਣੀ ਹਿੱਸੇ ਵਿਚ ਕਿਸਾਨਾਂ ਨੇ ਜ਼ੋਰਾਂ-ਸ਼ੋਰਾਂ ਨਾਲ ਇਸ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਅੱਜ ਉੱਥੇ ਐਲਬਾਮਾ ਦੇ ਦੋਥਨ ਸ਼ਹਿਰ ਵਿਚ ਕਾਰਵਰ ਦਾ ਬੁੱਤ ਦੇਖਿਆ ਜਾ ਸਕਦਾ ਹੈ। ਉਦਯੋਗਿਕ ਕਸਬੇ ਐਲਬਾਮਾ ਵਿਚ ਕਪਾਹ ਦੀ ਸੁੰਡੀ ਦਾ ਬੁੱਤ ਵੀ ਖੜ੍ਹਾ ਕੀਤਾ ਗਿਆ ਹੈ ਕਿਉਂਕਿ ਇਸ ਦੁਆਰਾ ਮਚਾਈ ਤਬਾਹੀ ਨੇ ਕਿਸਾਨਾਂ ਨੂੰ ਮੂੰਗਫਲੀ ਉਗਾਉਣ ਲਈ ਪ੍ਰੇਰਿਤ ਕੀਤਾ ਸੀ।

ਮੂੰਗਫਲੀ ਦੀ ਖੇਤੀ

ਮੂੰਗਫਲੀ ਅਸਲ ਵਿਚ ਫਲੀਆਂ ਨਹੀਂ ਹਨ, ਸਗੋਂ ਮੂੰਗਫਲੀ ਦੇ ਪੌਦੇ ਦੇ ਬੀਜ ਹਨ। ਜਦੋਂ ਪੌਦੇ ਵਧਦੇ ਹਨ, ਤਾਂ ਇਸ ਨੂੰ ਪੀਲੇ ਫੁੱਲ ਲੱਗਦੇ ਹਨ ਜੋ ਆਪਣੇ ਆਪ ਪਰਾਗਿਤ ਹੋ ਜਾਂਦੇ ਹਨ।

ਪਰਾਗਿਤ ਹੋਣ ਤੋਂ ਬਾਅਦ, ਫੁੱਲ ਦੇ ਹੇਠੋਂ ਇਕ ਟਾਹਣੀ ਨਿਕਲ ਕੇ ਥੱਲੇ ਵੱਲ ਵਧਦੀ ਹੋਈ ਜ਼ਮੀਨ ਦੇ ਅੰਦਰ ਚਲੀ ਜਾਂਦੀ ਹੈ। ਇਸ ਦੇ ਸਿਰੇ ਤੇ ਇਕ ਡੋਡੀ ਹੁੰਦੀ ਹੈ ਜੋ ਜ਼ਮੀਨ ਦੀ ਸਤਹ ਦੇ ਨਾਲ-ਨਾਲ ਵਧਦੀ ਹੋਈ ਮੂੰਗਫਲੀ ਬਣ ਜਾਂਦੀ ਹੈ। ਇਕ ਪੌਦੇ ਨੂੰ 40 ਨਾਲੋਂ ਵੱਧ ਮੂੰਗਫਲੀ ਦੇ ਦਾਣੇ ਲੱਗਦੇ ਹਨ।

ਮੂੰਗਫਲੀ ਲਈ ਗਰਮ ਮੌਸਮ ਦੇ ਨਾਲ-ਨਾਲ ਦਰਮਿਆਨੀ ਵਰਖਾ ਚੰਗੀ ਰਹਿੰਦੀ ਹੈ। ਬਿਜਾਈ ਤੇ ਵਾਢੀ ਦਾ ਸਮਾਂ 120 ਦਿਨਾਂ ਤੋਂ ਲੈ ਕੇ 160 ਦਿਨ ਹੋ ਸਕਦਾ ਹੈ ਜੋ ਕਿ ਮੂੰਗਫਲੀ ਦੀ ਕਿਸਮ ਅਤੇ ਮੌਸਮ ਉੱਤੇ ਨਿਰਭਰ ਹੈ। ਮੂੰਗਫਲੀ ਦੀ ਵਾਢੀ ਲਈ ਕਿਸਾਨ ਪੌਦਿਆਂ ਨੂੰ ਪੁੱਟ ਕੇ ਸੁੱਕਣਾ ਪਾ ਦਿੰਦੇ ਹਨ। ਸੁੱਕਣ ਤੋਂ ਬਾਅਦ ਮੂੰਗਫਲੀ ਖ਼ਰਾਬ ਨਹੀਂ ਹੁੰਦੀ ਅਤੇ ਇਸ ਨੂੰ ਕਈ ਦਿਨਾਂ ਤਕ ਸਾਂਭ ਕੇ ਰੱਖਿਆ ਜਾ ਸਕਦਾ ਹੈ। ਅੱਜ ਬਹੁਤ ਸਾਰੇ ਕਿਸਾਨ ਆਧੁਨਿਕ ਮਸ਼ੀਨਾਂ ਇਸਤੇਮਾਲ ਕਰਦੇ ਹਨ ਜੋ ਮੂੰਗਫਲੀ ਦੇ ਪੌਦਿਆਂ ਨੂੰ ਪੁੱਟ ਕੇ ਅਤੇ ਇਨ੍ਹਾਂ ਤੋਂ ਮਿੱਟੀ ਝਾੜ ਕੇ ਸੁੱਕਣਾ ਪਾ ਦਿੰਦੀਆਂ ਹਨ।

ਮੂੰਗਫਲੀ ਦੀ ਕਈ ਚੀਜ਼ਾਂ ਵਿਚ ਵਰਤੋਂ

ਮੂੰਗਫਲੀ ਵਿਚ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਵਿਚ ਰੇਸ਼ਾ, 13 ਵਿਟਾਮਿਨ ਅਤੇ 26 ਖਣਿਜ ਪਦਾਰਥ ਹਨ ਜੋ ਅੱਜ-ਕੱਲ੍ਹ ਬਜ਼ਾਰੂ ਖਾਣ ਵਾਲੀਆਂ ਚੀਜ਼ਾਂ ਵਿਚ ਨਹੀਂ ਮਿਲਦੇ। ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੱਸਦਾ ਹੈ ਕਿ “ਜੇ ਬਰਾਬਰ ਮਾਤਰਾ ਵਿਚ ਮੂੰਗਫਲੀ ਅਤੇ ਬੀਫ ਦੀ ਕਲੇਜੀ ਲਈ ਜਾਵੇ, ਤਾਂ ਮੂੰਗਫਲੀ ਵਿਚ ਵੱਧ ਪ੍ਰੋਟੀਨ, ਖਣਿਜ ਪਦਾਰਥ ਅਤੇ ਵਿਟਾਮਿਨ ਹੋਣਗੇ।” ਪਰ ਆਪਣੇ ਵਜ਼ਨ ਦਾ ਧਿਆਨ ਰੱਖਣ ਵਾਲਿਆਂ ਨੂੰ ਖ਼ਬਰਦਾਰ ਹੋਣ ਦੀ ਲੋੜ ਹੈ! ਮੂੰਗਫਲੀ ਵਿਚ “ਗਾੜ੍ਹੀ ਮਲਾਈ ਨਾਲੋਂ ਜ਼ਿਆਦਾ ਚਰਬੀ” ਅਤੇ “ਖੰਡ ਨਾਲੋਂ ਵੱਧ ਕੈਲੋਰੀਆਂ” ਹੁੰਦੀਆਂ ਹਨ।

ਸਾਰੀ ਦੁਨੀਆਂ ਵਿਚ, ਮੂੰਗਫਲੀ ਕਈ ਤਰ੍ਹਾਂ ਦੇ ਖਾਣੇ ਬਣਾਉਣ ਵਿਚ ਵਰਤੀ ਜਾਂਦੀ ਹੈ। ਇਸ ਦੇ ਸੁਆਦ ਦਾ ਫੱਟ ਪਤਾ ਲੱਗ ਜਾਂਦਾ ਹੈ। ਖਾਣੇ ਸੰਬੰਧੀ ਲਿਖਣ ਵਾਲੀ ਇਕ ਲੇਖਕਾ ਆਨੀਆ ਫੋਨ ਬਰੈਮਜ਼ਨ ਦੱਸਦੀ ਹੈ ਕਿ “ਮੂੰਗਫਲੀ ਦਾ ਸੁਆਦ ਇੱਦਾਂ ਦਾ ਹੈ ਕਿ ਕਿਸੇ ਵੀ ਚੀਜ਼ ਵਿਚ ਮਿਲਾਉਣ ਤੇ ਇਸ ਦਾ ਸੁਆਦ ਨਹੀਂ ਬਦਲਦਾ। ਇਸ ਲਈ, ਇੰਡੋਨੇਸ਼ੀਆ ਦੀ ਪੀਨੱਟ ਚਟਣੀ, ਪੱਛਮੀ ਅਫ਼ਰੀਕਾ ਦੇ ਸੂਪ, ਚਾਈਨੀਜ਼ ਨੂਡਲਜ਼, ਪੀਰੂ ਦੀ ਦਾਲ ਅਤੇ ਪੀਨੱਟ ਬਟਰ ਦੇ ਸੈਂਡਵਿਚ ਦਾ ਸੁਆਦ ਇੱਕੋ ਜਿਹਾ ਹੀ ਹੁੰਦਾ ਹੈ।”

ਦੁਨੀਆਂ ਭਰ ਵਿਚ ਮੂੰਗਫਲੀ ਨੂੰ ਸਨੈਕ ਦੇ ਤੌਰ ਤੇ ਵੀ ਖਾਧਾ ਜਾਂਦਾ ਹੈ। ਮਿਸਾਲ ਲਈ, ਭਾਰਤ ਵਿਚ ਮੂੰਗਫਲੀ ਨੂੰ ਦੂਜੀਆਂ ਚੀਜ਼ਾਂ ਨਾਲ ਮਿਲਾ ਕੇ ਸੜਕਾਂ ਤੇ ਆਮ ਵੇਚਿਆ ਜਾਂਦਾ ਹੈ। ਦ ਗ੍ਰੇਟ ਅਮੈਰੀਕਨ ਪੀਨੱਟ ਕਿਤਾਬ ਅਨੁਸਾਰ, ਪੀਨੱਟ ਬਟਰ (ਜਿਸ ਨੂੰ ਕੁਝ ਦੇਸ਼ਾਂ ਵਿਚ ਲੋਕ ਬ੍ਰੈੱਡ ਉੱਤੇ ਲਾ ਕੇ ਖਾਂਦੇ ਹਨ) ਬਾਰੇ ਕਿਹਾ ਜਾਂਦਾ ਸੀ ਕਿ “ਸੇਂਟ ਲੂਈ [ਅਮਰੀਕਾ] ਵਿਚ ਤਕਰੀਬਨ 1890 ਵਿਚ ਇਕ ਡਾਕਟਰ ਨੇ ਪੀਨੱਟ ਬਟਰ ਖ਼ਾਸ ਕਰਕੇ ਬਜ਼ੁਰਗਾਂ ਦੀ ਸਿਹਤ ਨਰੋਈ ਕਰਨ ਲਈ ਬਣਾਇਆ ਸੀ।”

ਮੂੰਗਫਲੀ ਤੋਂ ਹੋਰ ਵੀ ਕਈ ਚੀਜ਼ਾਂ ਬਣਾਈਆਂ ਜਾਂਦੀਆਂ ਹਨ। ਏਸ਼ੀਆ ਵਿਚ ਖਾਣਾ ਬਣਾਉਣ ਲਈ ਇਸ ਦਾ ਤੇਲ ਵੀ ਕੱਢਿਆ ਜਾਂਦਾ ਹੈ। ਇਸ ਵਿਚ ਬਹੁਤ ਜ਼ਿਆਦਾ ਤਾਪਮਾਨ ਤੇ ਖਾਣਾ ਬਣਾਇਆ ਜਾ ਸਕਦਾ ਹੈ ਅਤੇ ਇਸ ਤੇਲ ਵਿਚ ਪਕਾਈ ਜਾਂਦੀ ਚੀਜ਼ ਦਾ ਸੁਆਦ ਨਹੀਂ ਰਲਦਾ।

ਬ੍ਰਾਜ਼ੀਲ ਵਿਚ ਤੇਲ ਕੱਢਣ ਤੋਂ ਬਾਅਦ ਬਚੀ ਖਲ਼ ਪਸ਼ੂਆਂ ਨੂੰ ਖੁਆਈ ਜਾਂਦੀ ਹੈ। ਮੂੰਗਫਲੀ ਤੋਂ ਬਣੀਆਂ ਹੋਰ ਚੀਜ਼ਾਂ ਅਸੀਂ ਰੋਜ਼ ਵਰਤਦੇ ਹਾਂ।—ਉੱਪਰ ਦੇਖੋ।

ਖ਼ਬਰਦਾਰ—ਮੂੰਗਫਲੀ ਤੋਂ ਅਲਰਜੀ ਵੀ ਹੁੰਦੀ ਹੈ!

ਮੂੰਗਫਲੀ ਨੂੰ ਕੋਲਡ ਸਟੋਰੇਜ ਵਿਚ ਰੱਖੇ ਬਿਨਾਂ ਵੀ ਕਾਫ਼ੀ ਲੰਬੇ ਸਮੇਂ ਤਕ ਸਾਂਭ ਕੇ ਰੱਖਿਆ ਜਾ ਸਕਦਾ ਹੈ। ਪਰ ਸਾਵਧਾਨੀ ਵਰਤਣ ਦੀ ਲੋੜ ਹੈ। ਉੱਲੀ ਲੱਗੀ ਮੂੰਗਫਲੀ ਵਿਚ ਐਫਲਾਟੌਕਸਨ ਨਾਂ ਦਾ ਜ਼ਹਿਰ ਹੁੰਦਾ ਹੈ ਜੋ ਕੈਂਸਰ ਦਾ ਕਾਰਨ ਬਣਦਾ ਹੈ। ਮੂੰਗਫਲੀ ਤੋਂ ਕੁਝ ਲੋਕਾਂ ਨੂੰ ਅਲਰਜੀ ਹੁੰਦੀ ਹੈ। ਰੋਕਥਾਮ (ਅੰਗ੍ਰੇਜ਼ੀ) ਰਸਾਲਾ ਦੱਸਦਾ ਹੈ ਕਿ ਅਲਰਜੀ ਕਾਰਨ “ਕਈ ਲੋਕਾਂ ਦਾ ਨੱਕ ਵੱਗਦਾ ਹੈ ਅਤੇ ਧੱਫੜ ਹੋ ਜਾਂਦੇ ਹਨ ਅਤੇ ਕਈਆਂ ਨੂੰ ਜਾਨਲੇਵਾ ਐਨਾਫਲੈਕਟਿਕ ਦੌਰੇ ਪੈਂਦੇ ਹਨ।” ਬਹੁਤ ਸਾਰੇ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਬੱਚੇ ਮੂੰਗਫਲੀ ਦੀ ਅਲਰਜੀ ਦੇ ਸ਼ਿਕਾਰ ਹੋ ਰਹੇ ਹਨ।

ਰੋਕਥਾਮ ਰਸਾਲਾ ਦੱਸਦਾ ਹੈ ਕਿ ਜੇ ਬੱਚੇ ਦੇ ਮਾਂ-ਬਾਪ ਦੋਨਾਂ ਨੂੰ ਦਮਾ ਹੈ, ਅਲਰਜੀ ਕਾਰਨ ਨੱਕ ਵਿਚ ਸੋਜਸ਼ ਰਹਿੰਦੀ ਹੈ ਜਾਂ ਚੰਬਲ ਹੈ, ਤਾਂ ਉਸ ਬੱਚੇ ਨੂੰ ਮੂੰਗਫਲੀ ਤੋਂ ਅਲਰਜੀ ਹੋਣ ਦਾ ਕਾਫ਼ੀ ਖ਼ਤਰਾ ਹੈ।

ਇਹੀ ਗੱਲ ਨਵਜੰਮੇ ਬੱਚਿਆਂ ਤੇ ਵੀ ਲਾਗੂ ਹੁੰਦੀ ਹੈ ਜਿਨ੍ਹਾਂ ਦੀਆਂ ਮਾਵਾਂ ਨੂੰ ਲੰਬੇ ਸਮੇਂ ਤੋਂ ਕੁਝ ਚੀਜ਼ਾਂ ਤੋਂ ਅਲਰਜੀ ਹੈ ਅਤੇ ਜਿਨ੍ਹਾਂ ਬੱਚਿਆਂ ਨੂੰ ਪਹਿਲੇ ਸਾਲ ਦੌਰਾਨ ਦੁੱਧ ਤੋਂ ਅਲਰਜੀ ਹੋ ਜਾਂਦੀ ਹੈ। ਅਮਰੀਕਾ ਦੇ ਜੌਨ ਹਾਪਕਿੰਸ ਯੂਨੀਵਰਸਿਟੀ ਮੈਡੀਕਲ ਸੈਂਟਰ ਵਿਚ ਬੱਚਿਆਂ ਦੇ ਰੋਗਾਂ ਦਾ ਮਾਹਰ ਪ੍ਰੋਫ਼ੈਸਰ ਹਿਊ ਸੈਮਸਨ ਕਹਿੰਦਾ ਹੈ ਕਿ “ਇਨ੍ਹਾਂ ਪਰਿਵਾਰਾਂ ਨੂੰ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਉਦੋਂ ਤਕ ਬੱਚਿਆਂ ਨੂੰ ਪੀਨੱਟ ਬਟਰ ਨਾ ਦੇਣ ਜਦੋਂ ਤਕ ਉਹ ਤਿੰਨ ਸਾਲ ਦੇ ਨਾ ਹੋ ਜਾਣ।”

ਚਾਹੇ ਤੁਸੀਂ ਮੂੰਗਫਲੀ ਖਾਣੀ ਪਸੰਦ ਕਰਦੇ ਹੋ ਜਾਂ ਨਹੀਂ, ਪਰ ਬਹੁਤ ਸਾਰੀਆਂ ਚੀਜ਼ਾਂ ਵਿਚ ਕੀਤੀ ਜਾਂਦੀ ਇਸ ਦੀ ਵਰਤੋਂ ਬਾਰੇ ਦਿੱਤੀ ਜਾਣਕਾਰੀ ਨਾਲ ਇਸ ਮਾਮੂਲੀ ਜਿਹੀ ਮੂੰਗਫਲੀ ਬਾਰੇ ਤੁਹਾਡੀ ਕਦਰ ਵਧ ਗਈ ਹੋਵੇਗੀ। (g03 4/22)

[ਸਫ਼ੇ 28 ਉੱਤੇ ਡੱਬੀ/​ਤਸਵੀਰ]

ਮੂੰਗਫਲੀ ਰੋਜ਼ਮੱਰਾ ਦੀਆਂ ਕਈ ਚੀਜ਼ਾਂ ਵਿਚ ਪਾਈ ਜਾਂਦੀ ਹੈ

• ਵੌਲਬੋਰਡ

• ਬਾਲਣ

• ਬਿੱਲੀ ਦਾ ਬਿਸਤਰਾ

• ਕਾਗਜ਼

• ਕੱਪੜੇ ਧੋਣ ਵਾਲਾ ਸਾਬਣ

• ਮੱਲ੍ਹਮ

• ਧਾਤਾਂ ਨੂੰ ਲਿਸ਼ਕਾਉਣ ਵਾਲੀ ਪਾਲਿਸ਼

• ਬਲੀਚ

• ਸਿਆਹੀ

• ਐਕਸਲ ਨੂੰ ਦੇਣ ਵਾਲੀ ਗ੍ਰੀਸ

• ਸ਼ੇਵਿੰਗ ਕ੍ਰੀਮ

• ਮੂੰਹ ਤੇ ਲਾਉਣ ਵਾਲੀ ਕ੍ਰੀਮ

• ਸਾਬਣ

• ਲਿਨੋਲੀਅਮ

• ਰਬੜ

• ਕਾਸਮੈਟਿਕ

• ਰੰਗ

• ਸਿੱਕਾ-ਬਾਰੂਦ

• ਸ਼ੈਂਪੂ

• ਦਵਾਈਆਂ

[ਕ੍ਰੈਡਿਟ ਲਾਈਨ]

ਸ੍ਰੋਤ: The Great American Peanut

[ਸਫ਼ਾ 26 ਉੱਤੇ ਡਾਇਆਗ੍ਰਾਮ/​ਤਸਵੀਰ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਪੱਤੇ

ਡੋਡੀ

ਜ਼ਮੀਨ ਦੀ ਸਤਹ

ਜੜ੍ਹਾਂ ਮੂੰਗਫਲੀ

[ਕ੍ਰੈਡਿਟ ਲਾਈਨ]

The Peanut Farmer magazine

[ਸਫ਼ੇ 26 ਉੱਤੇ ਤਸਵੀਰ]

ਜਾਰਜ ਵਾਸ਼ਿੰਗਟਨ ਕਾਰਵਰ ਦਾ ਬੁੱਤ

[ਸਫ਼ੇ 27 ਉੱਤੇ ਤਸਵੀਰ]

ਅਮਰੀਕਾ

[ਸਫ਼ੇ 27 ਉੱਤੇ ਤਸਵੀਰ]

ਅਫ਼ਰੀਕਾ

[ਸਫ਼ੇ 27 ਉੱਤੇ ਤਸਵੀਰ]

ਏਸ਼ੀਆ

[ਕ੍ਰੈਡਿਟ ਲਾਈਨ]

FAO photo/R. Faidutti

[ਸਫ਼ੇ 27 ਉੱਤੇ ਤਸਵੀਰ]

ਮੂੰਗਫਲੀ ਦੇ ਵੱਖ-ਵੱਖ ਰੂਪ

[ਸਫ਼ੇ 28 ਉੱਤੇ ਤਸਵੀਰ]

ਕੁਝ ਦੇਸ਼ਾਂ ਵਿਚ ਪੀਨੱਟ ਬਟਰ ਮਨਪਸੰਦ ਭੋਜਨ ਹੈ