ਰੋਗ ਦਾ ਦੁਬਾਰਾ ਵਾਧਾ ਕਿਉਂ?
ਰੋਗ ਦਾ ਦੁਬਾਰਾ ਵਾਧਾ ਕਿਉਂ?
ਲਗਭਗ 40 ਸਾਲ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਕੀੜੇ-ਮਕੌੜਿਆਂ ਤੋਂ ਲੱਗਣ ਵਾਲੇ ਆਮ ਰੋਗ ਮਲੇਰੀਆ, ਪੀਲਾ ਤਾਪ ਅਤੇ ਡੈਂਗੂ ਤਾਪ ਧਰਤੀ ਤੋਂ ਤਕਰੀਬਨ ਖ਼ਤਮ ਕੀਤੇ ਜਾ ਚੁੱਕੇ ਸਨ। ਪਰ ਫਿਰ ਉਹ ਗੱਲ ਹੋਈ ਜਿਸ ਦੀ ਕਿਸੇ ਨੂੰ ਉਮੀਦ ਨਹੀਂ ਸੀ—ਕੀੜੇ-ਮਕੌੜਿਆਂ ਤੋਂ ਲੱਗਣ ਵਾਲੇ ਰੋਗ ਦੁਬਾਰਾ ਵਾਪਸ ਆ ਗਏ।
ਇਸ ਤਰ੍ਹਾਂ ਕਿਉਂ ਹੋਇਆ ਹੈ? ਇਕ ਕਾਰਨ ਇਹ ਹੈ ਕਿ ਕੀੜੇ-ਮਕੌੜੇ ਅਤੇ ਕੀਟਾਣੂ ਉਨ੍ਹਾਂ ਦਵਾਈਆਂ ਦੇ ਆਦੀ ਹੋ ਗਏ ਹਨ ਜੋ ਉਨ੍ਹਾਂ ਨੂੰ ਮਾਰਨ ਜਾਂ ਵਧਣ ਤੋਂ ਰੋਕਣ ਲਈ ਵਰਤੀਆਂ ਜਾਂਦੀਆਂ ਹਨ। ਇਹ ਸਮੱਸਿਆ ਇਸ ਕਰਕੇ ਪੈਦਾ ਹੋਈ ਹੈ ਕਿਉਂਕਿ ਲੋਕਾਂ ਨੇ ਨਾ ਸਿਰਫ਼ ਕੀਟ-ਨਾਸ਼ਕ ਦਵਾਈਆਂ ਦਾ ਹੱਦੋਂ ਵੱਧ ਇਸਤੇਮਾਲ ਕੀਤਾ ਹੈ, ਸਗੋਂ ਉਨ੍ਹਾਂ ਨੇ ਆਪ ਵੀ ਬੀਮਾਰ ਹੋਣ ਤੇ ਸਹੀ ਤਰੀਕੇ ਨਾਲ ਦਵਾਈ ਨਹੀਂ ਖਾਧੀ। ਮੱਛਰ ਨਾਂ ਦੀ ਅੰਗ੍ਰੇਜ਼ੀ ਪੁਸਤਕ ਅਨੁਸਾਰ “ਬਹੁਤ ਸਾਰੇ ਗ਼ਰੀਬ ਘਰਾਣਿਆਂ ਵਿਚ ਲੋਕ ਦਵਾਈ ਖ਼ਰੀਦ ਕੇ ਸਿਰਫ਼ ਉੱਨੀ ਹੀ ਵਰਤਦੇ ਹਨ ਜਿੰਨੀ ਦਵਾਈ ਨਾਲ ਉਨ੍ਹਾਂ ਨੂੰ ਥੋੜ੍ਹਾ ਆਰਾਮ ਆ ਜਾਵੇ, ਪਰ ਉਹ ਬਾਕੀ ਰੱਖ ਲੈਂਦੇ ਹਨ ਤਾਂਕਿ ਅਗਲੀ ਵਾਰ ਉਹੀ ਦਵਾਈ ਉਨ੍ਹਾਂ ਦੇ ਕੰਮ ਆ ਸਕੇ।” ਇਸ ਤਰ੍ਹਾਂ ਉਨ੍ਹਾਂ ਦਾ ਪੂਰੀ ਤਰ੍ਹਾਂ ਇਲਾਜ ਨਹੀਂ ਹੁੰਦਾ ਅਤੇ ਵਿਅਕਤੀ ਦੇ ਸਰੀਰ ਵਿਚ ਕੁਝ ਕੀਟਾਣੂ ਬਚ ਜਾਂਦੇ ਹਨ। ਫਿਰ ਇਹ ਕੀਟਾਣੂ ਅਜਿਹੇ ਕੀਟਾਣੂਆਂ ਨੂੰ ਜਨਮ ਦਿੰਦੇ ਹਨ ਜਿਨ੍ਹਾਂ ਉੱਤੇ ਦਵਾਈਆਂ ਦਾ ਕੋਈ ਅਸਰ ਨਹੀਂ ਪੈਂਦਾ।
ਮੌਸਮ ਵਿਚ ਤਬਦੀਲੀ
ਕੀੜੇ-ਮਕੌੜਿਆਂ ਤੋਂ ਲੱਗਣ ਵਾਲੇ ਰੋਗਾਂ ਦਾ ਦੁਬਾਰਾ ਵਾਧਾ ਇਸ ਲਈ ਵੀ ਹੋਇਆ ਹੈ ਕਿਉਂਕਿ ਵਾਤਾਵਰਣ ਵਿਚ ਅਤੇ ਲੋਕਾਂ ਦੀ ਰਹਿਣੀ-ਬਹਿਣੀ ਵਿਚ ਤਬਦੀਲੀਆਂ ਹੋਈਆਂ ਹਨ। ਮਿਸਾਲ ਲਈ, ਦੁਨੀਆਂ ਭਰ ਦੇ ਮੌਸਮ ਵਿਚ ਤਬਦੀਲੀ ਹੋਈ ਹੈ। ਕੁਝ ਸਾਇੰਸਦਾਨ ਮੰਨਦੇ ਹਨ ਕਿ ਜਿੱਦਾਂ-ਜਿੱਦਾਂ ਧਰਤੀ ਦੇ ਕੁਝ ਹਿੱਸਿਆਂ ਵਿਚ ਗਰਮੀ ਵਧੇਗੀ, ਉੱਦਾਂ-ਉੱਦਾਂ ਰੋਗ ਫੈਲਾਉਣ ਵਾਲੇ ਕੀੜੇ-ਮਕੌੜੇ ਠੰਢੇ ਇਲਾਕਿਆਂ ਵਿਚ ਚਲੇ ਜਾਣਗੇ। ਸਬੂਤ ਦਿਖਾਉਂਦੇ ਹਨ ਕਿ ਇਸ ਤਰ੍ਹਾਂ ਹੋ ਵੀ ਰਿਹਾ ਹੈ। ਹਾਵਰਡ ਮੈਡੀਕਲ ਸਕੂਲ, ਸਿਹਤ ਅਤੇ ਵਾਤਾਵਰਣ ਦੇ ਕੇਂਦਰ ਦੇ ਡਾ. ਪੌਲ ਆਰ. ਐਪਸਟਾਈਨ ਕਹਿੰਦੇ ਹਨ: “ਕੀੜੇ-ਮਕੌੜੇ ਅਤੇ ਉਨ੍ਹਾਂ ਤੋਂ ਲੱਗਣ ਵਾਲੇ ਰੋਗ (ਜਿਨ੍ਹਾਂ ਵਿਚ ਮਲੇਰੀਆ ਅਤੇ ਡੈਂਗੂ ਤਾਪ ਵੀ ਸ਼ਾਮਲ ਹਨ) ਅੱਜ ਅਫ਼ਰੀਕਾ, ਏਸ਼ੀਆ ਅਤੇ ਲਾਤੀਨੀ ਅਮਰੀਕਾ ਦੇ ਪਹਾੜੀ ਇਲਾਕਿਆਂ ਵਿਚ ਵੀ ਦੇਖੇ ਜਾ ਰਹੇ ਹਨ।” ਕਾਸਟਾ ਰੀਕਾ ਵਿਚ ਪਹਾੜਾਂ ਨੇ ਡੈਂਗੂ ਤਾਪ ਨੂੰ ਪਹਿਲਾਂ ਸ਼ਾਂਤ ਮਹਾਂਸਾਗਰ ਦੇ ਤੱਟਵਰਤੀ ਇਲਾਕਿਆਂ ਤਕ ਰੋਕ ਕੇ ਰੱਖਿਆ ਸੀ, ਪਰ ਹੁਣ ਇਹ ਰੋਗ ਪਹਾੜਾਂ ਨੂੰ ਵੀ ਪਾਰ ਕਰ ਕੇ ਪੂਰੇ ਦੇਸ਼ ਵਿਚ ਫੈਲ ਗਿਆ ਹੈ।
ਪਰ ਦੁਨੀਆਂ ਭਰ ਵਿਚ ਵਧ ਰਹੇ ਤਾਪਮਾਨ ਕਰਕੇ ਹੋਰ ਵੀ ਤਬਦੀਲੀ ਹੋ ਰਹੀ ਹੈ। ਕੁਝ ਇਲਾਕਿਆਂ ਵਿਚ ਨਦੀਆਂ ਦਾ ਪਾਣੀ ਸੁੱਕਣ ਨਾਲ ਉਨ੍ਹਾਂ ਵਿਚ ਸਿਰਫ਼ ਗਾਰਾ ਹੀ ਰਹਿ ਗਿਆ ਹੈ ਅਤੇ ਦੂਸਰੇ ਇਲਾਕਿਆਂ ਵਿਚ ਮੀਂਹ ਅਤੇ ਹੜ੍ਹ ਆਉਣ ਮਗਰੋਂ ਕਈ ਥਾਵਾਂ ਤੇ ਪਾਣੀ ਖੜ੍ਹਾ ਰਹਿੰਦਾ ਹੈ। ਇਨ੍ਹਾਂ ਦੋਹਾਂ ਹਾਲਤਾਂ ਵਿਚ ਖੜ੍ਹੇ ਪਾਣੀ ਕਾਰਨ ਬਹੁਤ ਮੱਛਰ ਪੈਦਾ ਹੁੰਦੇ ਹਨ। ਇਸ ਤੋਂ ਇਲਾਵਾ ਗਰਮ ਮੌਸਮ ਵਿਚ ਮੱਛਰ ਜਲਦੀ ਪੈਦਾ ਹੁੰਦੇ ਹਨ। ਗਰਮੀਆਂ ਦੀ ਰੁੱਤ ਵੀ ਜ਼ਿਆਦਾ ਸਮੇਂ ਲਈ ਰਹਿੰਦੀ ਹੈ ਜਿਸ ਦੌਰਾਨ ਮੱਛਰ ਵਧਦੇ-ਫੁੱਲਦੇ ਹਨ। ਵਧਦੇ ਤਾਪਮਾਨ ਨਾਲ ਮੱਛਰਾਂ ਦੀਆਂ ਅੰਤੜੀਆਂ ਵਿਚ ਵੀ ਗਰਮੀ ਵਧ ਜਾਂਦੀ ਹੈ ਜਿਸ ਕਾਰਨ ਉਨ੍ਹਾਂ ਅੰਦਰ ਰੋਗ ਫੈਲਾਉਣ ਵਾਲੇ ਕੀਟਾਣੂਆਂ ਦੀ ਗਿਣਤੀ ਵੀ ਤੇਜ਼ੀ ਨਾਲ ਵਧਣ ਲੱਗਦੀ ਹੈ। ਨਤੀਜੇ ਵਜੋਂ, ਮੱਛਰ ਦੇ ਇਕ ਵਾਰ ਲੜਨ ਨਾਲ ਛੂਤ ਦੀ ਬੀਮਾਰੀ ਲੱਗਣ ਦਾ ਜ਼ਿਆਦਾ ਖ਼ਤਰਾ ਹੋ ਸਕਦਾ ਹੈ। ਇਸ ਤੋਂ ਇਲਾਵਾ ਹੋਰ ਵੀ ਪਰੇਸ਼ਾਨੀਆਂ ਹਨ।
ਲਾਈਮ ਰੋਗ ਦੀ ਮਿਸਾਲ
ਲੋਕਾਂ ਦੀ ਰਹਿਣੀ-ਬਹਿਣੀ ਵਿਚ ਆਈ ਤਬਦੀਲੀ ਕਰਕੇ ਵੀ ਕੀੜੇ-ਮਕੌੜਿਆਂ ਤੋਂ ਲੱਗਣ ਵਾਲੇ ਰੋਗ ਫੈਲ ਸਕਦੇ ਹਨ। ਇਹ
ਸਮਝਣ ਲਈ ਕਿ ਇਹ ਕਿਸ ਤਰ੍ਹਾਂ ਹੁੰਦਾ ਹੈ, ਸਾਨੂੰ ਕੀੜੇ-ਮਕੌੜਿਆਂ ਬਾਰੇ ਹੋਰ ਜ਼ਿਆਦਾ ਜਾਣਨ ਦੀ ਲੋੜ ਹੈ। ਕਈ ਰੋਗਾਂ ਦੇ ਫੈਲਣ ਵਿਚ ਸਿਰਫ਼ ਕੀੜੇ ਹੀ ਜ਼ਿੰਮੇਵਾਰ ਨਹੀਂ ਹੁੰਦੇ। ਇਕ ਜਾਨਵਰ ਜਾਂ ਪੰਛੀ ਦੇ ਸਰੀਰ ਉੱਤੇ ਰੋਗ ਫੈਲਾਉਣ ਵਾਲੇ ਕੀੜੇ-ਮਕੌੜੇ ਜਾਂ ਉਸ ਦੇ ਖ਼ੂਨ ਵਿਚ ਕੀਟਾਣੂ ਹੋ ਸਕਦੇ ਹਨ। ਭਾਵੇਂ ਇਹ ਜਾਨਵਰ ਜਾਂ ਪੰਛੀ ਆਪ ਰੋਗ ਤੋਂ ਬਚ ਜਾਣ, ਪਰ ਉਹ ਦੂਸਰਿਆਂ ਨੂੰ ਰੋਗ ਲਗਾ ਸਕਦੇ ਹਨ।ਲਾਈਮ ਰੋਗ ਵੱਲ ਧਿਆਨ ਦਿਓ। ਇਹ ਰੋਗ 1975 ਵਿਚ ਪਛਾਣਿਆ ਗਿਆ ਅਤੇ ਇਸ ਦਾ ਨਾਂ ਲਾਈਮ ਇਸ ਲਈ ਰੱਖਿਆ ਗਿਆ ਕਿਉਂਕਿ ਇਹ ਕਨੈਟੀਕਟ, ਅਮਰੀਕਾ ਵਿਚ ਲਾਈਮ ਨਾਂ ਦੇ ਇਲਾਕੇ ਵਿਚ ਪਹਿਲਾਂ ਦੇਖਿਆ ਗਿਆ ਸੀ। ਜਿਸ ਬੈਕਟੀਰੀਆ ਤੋਂ ਲਾਈਮ ਰੋਗ ਹੁੰਦਾ ਹੈ, ਇਹ ਸ਼ਾਇਦ 100 ਸਾਲ ਪਹਿਲਾਂ ਯੂਰਪ ਦੇ ਸਮੁੰਦਰੀ ਜਹਾਜ਼ਾਂ ਰਾਹੀਂ ਚੂਹਿਆਂ ਜਾਂ ਹੋਰ ਜਾਨਵਰਾਂ ਨਾਲ ਉੱਤਰੀ ਅਮਰੀਕਾ ਪਹੁੰਚਿਆ ਸੀ। ਜਦੋਂ ਇਕ ਚਿੱਚੜ ਕਿਸੇ ਛੂਤ ਵਾਲੇ ਜਾਨਵਰ ਦਾ ਖ਼ੂਨ ਚੂਸਦਾ ਹੈ, ਤਾਂ ਬੈਕਟੀਰੀਆ ਹਮੇਸ਼ਾ ਲਈ ਉਸ ਦੀਆਂ ਅੰਤੜੀਆਂ ਵਿਚ ਰਹਿੰਦਾ ਹੈ। ਜਦੋਂ ਇਹ ਚਿੱਚੜ ਬਾਅਦ ਵਿਚ ਕਿਸੇ ਹੋਰ ਜਾਨਵਰ ਜਾਂ ਇਨਸਾਨ ਨੂੰ ਲੜਦਾ ਹੈ, ਤਾਂ ਇਹ ਬੈਕਟੀਰੀਆ ਉਸ ਇਨਸਾਨ ਜਾਂ ਜਾਨਵਰ ਦੇ ਖ਼ੂਨ ਵਿਚ ਚਲਾ ਜਾਂਦਾ ਹੈ।
ਅਮਰੀਕਾ ਦੇ ਉੱਤਰ-ਪੂਰਬੀ ਇਲਾਕੇ ਵਿਚ ਲਾਈਮ ਰੋਗ ਬੜੇ ਚਿਰ ਤੋਂ ਮੌਜੂਦ ਹੈ। ਇਸ ਰੋਗ ਦਾ ਬੈਕਟੀਰੀਆ ਖ਼ਾਸ ਕਰਕੇ ਚਿੱਟੇ ਪੈਰਾਂ ਵਾਲੇ ਚੂਹਿਆਂ ਵਿਚ ਹੁੰਦਾ ਹੈ। ਇਨ੍ਹਾਂ ਚੂਹਿਆਂ ਦੇ ਸਰੀਰਾਂ ਉੱਤੇ ਚਿੱਚੜ ਵੀ ਪਲਦੇ ਹਨ। ਵੱਡੇ ਹੋ ਕੇ ਇਹ ਚਿੱਚੜ ਹਿਰਨਾਂ ਤੇ ਰਹਿਣਾ ਪਸੰਦ ਕਰਦੇ ਹਨ ਜਿੱਥੇ ਉਹ ਵਧਦੇ-ਫੁੱਲਦੇ ਹਨ। ਜਦੋਂ ਮਾਦਾ ਚਿੱਚੜ ਅੰਡੇ ਦੇਣ ਲਈ ਤਿਆਰ ਹੁੰਦੀ ਹੈ, ਤਾਂ ਉਹ ਹਿਰਨ ਦਾ ਖ਼ੂਨ ਚੂਸਣ ਮਗਰੋਂ ਜ਼ਮੀਨ ਤੇ ਡਿੱਗ ਪੈਂਦੀ ਹੈ। ਜਲਦੀ ਹੀ ਅੰਡਿਆਂ ਵਿੱਚੋਂ ਲਾਰਵੇ ਨਿਕਲਦੇ ਹਨ ਤੇ ਇਸ ਤਰ੍ਹਾਂ ਚਿੱਚੜਾਂ ਦੇ ਜੀਵਨ ਦਾ ਚੱਕਰ ਜਾਰੀ ਰਹਿੰਦਾ ਹੈ।
ਬਦਲ ਰਹੇ ਹਾਲਾਤ
ਸਦੀਆਂ ਤੋਂ ਰੋਗਾਣੂ, ਜਾਨਵਰ ਅਤੇ ਕੀੜੇ-ਮਕੌੜੇ ਆਪਸ ਵਿਚ ਮਿਲ-ਜੁਲ ਕੇ ਰਹੇ ਹਨ ਅਤੇ ਉਨ੍ਹਾਂ ਨੇ ਇਨਸਾਨਾਂ ਦਾ ਕੁਝ ਨਹੀਂ ਵਿਗਾੜਿਆ। ਪਰ ਹੁਣ ਹਾਲਾਤ ਬਦਲਣ ਕਰਕੇ ਰੋਗ ਇਕ ਇਲਾਕੇ ਤਕ ਸੀਮਿਤ ਰਹਿਣ ਦੀ ਬਜਾਇ ਫੈਲ ਕੇ ਬਹੁਤ ਸਾਰੇ ਲੋਕਾਂ ਉੱਤੇ ਅਸਰ ਕਰ ਰਹੇ ਹਨ। ਲਾਈਮ ਰੋਗ ਦੇ ਸੰਬੰਧ ਵਿਚ ਕਿਹੜੀ ਤਬਦੀਲੀ ਹੋਈ ਸੀ?
ਅਤੀਤ ਵਿਚ ਹਿਰਨਾਂ ਦਾ ਸ਼ਿਕਾਰ ਕਰਨ ਵਾਲੇ ਜਾਨਵਰਾਂ ਨੇ ਹਿਰਨਾਂ ਤੇ ਰਹਿਣ ਵਾਲੇ ਚਿੱਚੜਾਂ ਨੂੰ ਇਨਸਾਨਾਂ ਤੋਂ ਦੂਰ ਰੱਖਿਆ ਸੀ। ਜਦੋਂ ਮੁਢਲੇ ਯੂਰਪੀ ਲੋਕ ਉੱਤਰੀ ਅਮਰੀਕਾ ਆਏ, ਤਾਂ ਉਨ੍ਹਾਂ ਨੇ ਖੇਤੀ ਕਰਨ ਲਈ ਜੰਗਲਾਂ ਨੂੰ ਕੱਟ ਦਿੱਤਾ। ਜੰਗਲ ਨਾ ਰਹਿਣ ਨਾਲ ਹਿਰਨਾਂ ਦੀ ਗਿਣਤੀ ਹੋਰ ਜ਼ਿਆਦਾ ਘੱਟ ਗਈ ਅਤੇ ਹਿਰਨਾਂ ਦਾ ਸ਼ਿਕਾਰ ਕਰਨ ਵਾਲੇ ਜਾਨਵਰ ਵੀ ਉੱਥੋਂ ਚਲੇ ਗਏ। ਪਰ 1800 ਦੇ ਦਹਾਕੇ ਦੇ ਅੱਧ ਵਿਚ ਕਿਸਾਨ ਇਨ੍ਹਾਂ ਇਲਾਕਿਆਂ ਨੂੰ ਛੱਡ ਕੇ ਪੱਛਮ ਵੱਲ ਚਲੇ ਗਏ। ਕੱਟੇ ਹੋਏ ਜੰਗਲਾਂ ਵਿਚ ਫਿਰ ਤੋਂ ਦਰਖ਼ਤ ਉੱਗਣ ਲੱਗ ਪਏ ਅਤੇ ਇਸ ਦੇ ਨਾਲ-ਨਾਲ ਹਿਰਨ ਵੀ ਮੁੜ ਆਏ, ਪਰ ਸ਼ਿਕਾਰੀ ਜਾਨਵਰ ਨਹੀਂ ਮੁੜੇ। ਇਸ ਤਰ੍ਹਾਂ ਹਿਰਨਾਂ ਦੀ ਗਿਣਤੀ ਜਲਦੀ ਵਧਦੀ ਗਈ ਅਤੇ ਉਨ੍ਹਾਂ ਦੇ ਨਾਲ-ਨਾਲ ਚਿੱਚੜਾਂ ਦੀ ਗਿਣਤੀ ਵੀ ਵਧ ਗਈ।
ਬਾਅਦ ਵਿਚ ਲਾਈਮ ਰੋਗ ਦਾ ਬੈਕਟੀਰੀਆ ਵੀ ਆ ਗਿਆ ਅਤੇ ਕਈ ਦਹਾਕਿਆਂ
ਤਕ ਜਾਨਵਰਾਂ ਵਿਚ ਰਹਿਣ ਦੇ ਬਾਵਜੂਦ ਇਨਸਾਨਾਂ ਨੂੰ ਇਸ ਤੋਂ ਕੋਈ ਖ਼ਤਰਾ ਨਹੀਂ ਸੀ। ਪਰ ਜਦੋਂ ਜ਼ਿਆਦਾ ਲੋਕ ਜੰਗਲ ਦੇ ਲਾਗੇ ਵੱਸਣ ਲੱਗ ਪਏ ਅਤੇ ਜੰਗਲਾਂ ਵਿਚ ਜਾਣ ਲੱਗ ਪਏ, ਤਾਂ ਚਿੱਚੜਾਂ ਨੇ ਇਨਸਾਨਾਂ ਨੂੰ ਲੜਨਾ ਸ਼ੁਰੂ ਕਰ ਦਿੱਤਾ ਅਤੇ ਇਨਸਾਨਾਂ ਨੂੰ ਲਾਈਮ ਰੋਗ ਲੱਗ ਗਿਆ।ਬਦਲ ਰਹੀ ਦੁਨੀਆਂ ਵਿਚ ਰੋਗ
ਇਹ ਸਿਰਫ਼ ਇਕ ਮਿਸਾਲ ਹੈ ਜੋ ਦਿਖਾਉਂਦੀ ਹੈ ਕਿ ਰੋਗ ਕਿਸ ਤਰ੍ਹਾਂ ਸ਼ੁਰੂ ਹੋ ਕੇ ਫੈਲਦੇ ਹਨ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਰੋਗ ਫੈਲਾਉਣ ਵਿਚ ਇਨਸਾਨਾਂ ਦਾ ਵੀ ਹੱਥ ਹੁੰਦਾ ਹੈ। ਪਰਿਸਥਿਤੀ-ਵਿਗਿਆਨੀ ਯੂਜੀਨ ਲਿੰਡਨ ਆਪਣੀ ਪੁਸਤਕ ਵਿਚ ਲਿਖਦੇ ਹਨ ਕਿ “ਤਕਰੀਬਨ ਸਾਰੇ ਰੋਗ ਇਨਸਾਨਾਂ ਦੇ ਦਖ਼ਲ ਦੇਣ ਨਾਲ ਹੀ ਵਾਪਸ ਆਏ ਹਨ।” ਮਨੁੱਖੀ ਦਖ਼ਲਅੰਦਾਜ਼ੀ ਦੀਆਂ ਕੁਝ ਹੋਰ ਮਿਸਾਲਾਂ ਉੱਤੇ ਗੌਰ ਕਰੋ: ਅੱਜ-ਕੱਲ੍ਹ ਜ਼ਿਆਦਾ ਲੋਕ ਸਫ਼ਰ ਕਰਦੇ ਹਨ ਅਤੇ ਤੇਜ਼ੀ ਨਾਲ ਇਕ ਥਾਂ ਤੋਂ ਦੂਜੀ ਥਾਂ ਪਹੁੰਚ ਜਾਂਦੇ ਹਨ। ਨਤੀਜੇ ਵਜੋਂ ਉਹ ਕੀੜੇ-ਮਕੌੜਿਆਂ ਅਤੇ ਉਨ੍ਹਾਂ ਵਿਚ ਰਹਿੰਦੇ ਰੋਗਾਣੂਆਂ ਨੂੰ ਵੀ ਪੂਰੀ ਦੁਨੀਆਂ ਵਿਚ ਫੈਲਾ ਸਕਦੇ ਹਨ। ਇਨਸਾਨ ਛੋਟੇ ਤੇ ਵੱਡੇ ਜੀਵ-ਜੰਤੂਆਂ ਦੇ ਕੁਦਰਤੀ ਨਿਵਾਸ-ਸਥਾਨਾਂ ਨੂੰ ਤਬਾਹ ਕਰ ਰਿਹਾ ਹੈ ਜਿਸ ਕਰਕੇ ਜੀਵ-ਵੰਨਸੁਵੰਨਤਾ ਅੱਜ ਖ਼ਤਰੇ ਵਿਚ ਹੈ। ਲਿੰਡਨ ਇਹ ਵੀ ਲਿਖਦੇ ਹਨ ਕਿ ‘ਹਵਾ ਅਤੇ ਪਾਣੀ ਦਾ ਪ੍ਰਦੂਸ਼ਣ ਫੈਲ ਰਿਹਾ ਹੈ ਜਿਸ ਨੇ ਜਾਨਵਰਾਂ ਅਤੇ ਇਨਸਾਨਾਂ ਦੀ ਰੋਗਾਂ ਨਾਲ ਲੜਨ ਦੀ ਸਮਰਥਾ ਨੂੰ ਘਟਾ ਦਿੱਤਾ ਹੈ।’ ਅੱਗੇ ਉਨ੍ਹਾਂ ਨੇ ਡਾ. ਐਪਸਟਾਈਨ ਦੀ ਗੱਲ ਦੁਹਰਾਈ: “ਦਰਅਸਲ ਇਨਸਾਨਾਂ ਨੇ ਵਾਤਾਵਰਣ ਦੇ ਸੰਤੁਲਨ ਨੂੰ ਵਿਗਾੜ ਕੇ ਧਰਤੀ ਦੀ ਰੋਗਾਂ ਨੂੰ ਕਾਬੂ ਵਿਚ ਰੱਖਣ ਦੀ ਸਮਰਥਾ ਘਟਾ ਦਿੱਤੀ ਹੈ ਅਤੇ ਇਸ ਹਾਲਤ ਵਿਚ ਰੋਗਾਣੂ ਤੇਜ਼ੀ ਨਾਲ ਵਧ-ਫੁੱਲ ਰਹੇ ਹਨ।”
ਰਾਜਨੀਤਿਕ ਅਸਥਿਰਤਾ ਕਰਕੇ ਲੜਾਈਆਂ ਲੱਗਦੀਆਂ ਹਨ ਜੋ ਧਰਤੀ ਦਾ ਨੁਕਸਾਨ ਕਰਨ ਤੋਂ ਇਲਾਵਾ ਸਿਹਤ-ਸੰਭਾਲ ਅਤੇ ਭੋਜਨ-ਵੰਡਾਈ ਦੇ ਪ੍ਰਬੰਧਾਂ ਨੂੰ ਤਹਿਸ-ਨਹਿਸ ਕਰ ਦਿੰਦੀਆਂ ਹਨ। ਇਸ ਦੇ ਨਾਲ-ਨਾਲ ਅਮੈਰੀਕਨ ਮਿਊਜ਼ੀਅਮ ਆਫ਼ ਨੈਚਰਲ ਹਿਸਟਰੀ ਦੀ ਇਕ ਪੁਸਤਿਕਾ ਬਾਇਓਬੁਲੇਟੀਨ ਕਹਿੰਦੀ ਹੈ: “ਭੁੱਖੇ ਤੇ ਕਮਜ਼ੋਰ ਲੋਕ ਸ਼ਰਨਾਰਥੀ ਕੈਂਪਾਂ ਵਿਚ ਰਹਿਣ ਲਈ ਮਜਬੂਰ ਹੋ ਜਾਂਦੇ ਹਨ ਜਿੱਥੇ ਭੀੜ ਅਤੇ ਗੰਦਗੀ ਹੋਣ ਕਰਕੇ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਛੂਤ ਦੇ ਰੋਗ ਲੱਗ ਜਾਂਦੇ ਹਨ।”
ਪੈਸਿਆਂ ਦੀ ਤੰਗੀ ਕਰਕੇ ਬਹੁਤ ਸਾਰੇ ਲੋਕ ਵੱਡੇ ਸ਼ਹਿਰਾਂ ਵਿਚ ਜਾਂ ਵਿਦੇਸ਼ ਜਾਣ ਲਈ ਮਜਬੂਰ ਹੋ ਜਾਂਦੇ ਹਨ। ਬਾਇਓਬੁਲੇਟੀਨ ਕਹਿੰਦੀ ਹੈ ਕਿ “ਰੋਗਾਣੂ ਭੀੜਾਂ ਪਸੰਦ ਕਰਦੇ ਹਨ।” ਸ਼ਹਿਰਾਂ ਦੀ ਆਬਾਦੀ ਤੇਜ਼ੀ ਨਾਲ ਵਧਣ ਕਰਕੇ “ਅਕਸਰ ਲੋਕਾਂ ਨੂੰ ਸਿਹਤ ਸੰਬੰਧੀ ਬੁਨਿਆਦੀ ਸਿੱਖਿਆ ਨਹੀਂ ਦਿੱਤੀ ਜਾਂਦੀ ਹੈ, ਉਨ੍ਹਾਂ ਨੂੰ ਚੰਗੀ ਖ਼ੁਰਾਕ ਨਹੀਂ ਮਿਲਦੀ ਅਤੇ ਟੀਕੇ ਲਾਉਣ ਦੇ ਪ੍ਰੋਗ੍ਰਾਮ ਪੂਰੇ ਨਹੀਂ ਕੀਤੇ ਜਾਂਦੇ।” ਜਿੱਥੇ ਬਹੁਤ ਸਾਰੇ ਲੋਕ ਇੱਕੋ ਬਸਤੀ ਵਿਚ ਰਹਿੰਦੇ ਹਨ, ਉੱਥੇ ਅਕਸਰ ਸਾਫ਼ ਪਾਣੀ, ਨਾਲੀਆਂ ਅਤੇ ਗੰਦ ਨੂੰ ਠਿਕਾਣੇ ਲਾਉਣ ਦੇ ਢੁਕਵੇਂ ਪ੍ਰਬੰਧ ਨਹੀਂ ਹੁੰਦੇ ਹਨ ਜਿਸ ਕਰਕੇ ਸਫ਼ਾਈ ਰੱਖਣੀ ਮੁਸ਼ਕਲ ਹੁੰਦੀ ਹੈ। ਅਜਿਹੇ ਗੰਦੇ ਮਾਹੌਲ ਵਿਚ ਕੀੜੇ-ਮਕੌੜੇ ਅਤੇ ਰੋਗ ਫੈਲਾਉਣ ਵਾਲੇ ਹੋਰ ਜੀਵ-ਜੰਤੂ ਆਸਾਨੀ ਨਾਲ ਵਧਦੇ-ਫੁੱਲਦੇ ਹਨ। ਫਿਰ ਵੀ, ਅਸੀਂ ਉਮੀਦ ਰੱਖ ਸਕਦੇ ਹਾਂ ਕਿ ਜਲਦੀ ਹੀ ਸਾਰੀਆਂ ਬੀਮਾਰੀਆਂ ਖ਼ਤਮ ਕੀਤੀਆਂ ਜਾਣਗੀਆਂ। ਅਗਲਾ ਲੇਖ ਸਾਨੂੰ ਇਸ ਬਾਰੇ ਹੋਰ ਜਾਣਕਾਰੀ ਦੇਵੇਗਾ। (g03 5/22)
[ਸਫ਼ੇ 11 ਉੱਤੇ ਸੁਰਖੀ]
“ਤਕਰੀਬਨ ਸਾਰੇ ਰੋਗ ਇਨਸਾਨਾਂ ਦੇ ਦਖ਼ਲ ਦੇਣ ਨਾਲ ਹੀ ਵਾਪਸ ਆਏ ਹਨ”
[ਸਫ਼ੇ 7 ਉੱਤੇ ਡੱਬੀ/ਤਸਵੀਰ]
ਪੱਛਮੀ ਨੀਲ ਵਾਇਰਸ ਦਾ ਅਮਰੀਕਾ ਉੱਤੇ ਹਮਲਾ
ਪੱਛਮੀ ਨੀਲ ਵਾਇਰਸ ਮੁੱਖ ਤੌਰ ਤੇ ਮੱਛਰਾਂ ਰਾਹੀਂ ਫੈਲਦਾ ਹੈ। ਇਹ ਪਹਿਲੀ ਵਾਰ 1937 ਵਿਚ ਯੂਗਾਂਡਾ ਵਿਚ ਦੇਖਿਆ ਗਿਆ ਸੀ, ਪਰ ਬਾਅਦ ਵਿਚ ਇਹ ਮੱਧ ਪੂਰਬੀ ਦੇਸ਼ਾਂ, ਏਸ਼ੀਆ, ਓਸ਼ਨੀਆ ਅਤੇ ਯੂਰਪ ਵਿਚ ਵੀ ਦੇਖਿਆ ਗਿਆ ਸੀ। ਇਹ ਵਾਇਰਸ 1999 ਵਿਚ ਹੀ ਪੱਛਮੀ ਅੱਧਗੋਲੇ ਵਿਚ ਦੇਖਿਆ ਗਿਆ ਸੀ। ਪਰ ਉਸ ਸਮੇਂ ਤੋਂ ਹੁਣ ਤਕ 3,000 ਤੋਂ ਜ਼ਿਆਦਾ ਲੋਕਾਂ ਨੂੰ ਇਹ ਛੂਤ ਦੀ ਬੀਮਾਰੀ ਲੱਗੀ ਹੈ ਅਤੇ 200 ਤੋਂ ਜ਼ਿਆਦਾ ਲੋਕ ਇਸ ਤੋਂ ਮਰ ਚੁੱਕੇ ਹਨ।
ਜਿਨ੍ਹਾਂ ਲੋਕਾਂ ਨੂੰ ਇਹ ਰੋਗ ਹੁੰਦਾ ਹੈ ਉਨ੍ਹਾਂ ਵਿੱਚੋਂ ਜ਼ਿਆਦਾਤਰ ਇਸ ਤੋਂ ਅਣਜਾਣ ਹੁੰਦੇ ਹਨ। ਕੁਝ ਰੋਗੀਆਂ ਵਿਚ ਫਲੂ ਵਰਗੇ ਲੱਛਣ ਨਜ਼ਰ ਆਉਂਦੇ ਹਨ। ਪਰ ਕੁਝ ਲੋਕ ਬਹੁਤ ਜ਼ਿਆਦਾ ਬੀਮਾਰ ਹੋ ਜਾਂਦੇ ਹਨ। ਉਨ੍ਹਾਂ ਨੂੰ ਦਿਮਾਗ਼ੀ ਬੁਖ਼ਾਰ ਹੋ ਜਾਂਦਾ ਹੈ ਤੇ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਦੀ ਝਿੱਲੀ ਵਿਚ ਸੋਜ ਪੈ ਜਾਂਦੀ ਹੈ। ਪੱਛਮੀ ਨੀਲ ਵਾਇਰਸ ਲਈ ਕੋਈ ਟੀਕਾ ਜਾਂ ਇਲਾਜ ਨਹੀਂ ਹੈ। ਅਮਰੀਕਾ ਵਿਚ ਰੋਗ ਨਿਯੰਤ੍ਰਣ ਅਤੇ ਰੋਕਥਾਮ ਕੇਂਦਰ ਚੇਤਾਵਨੀ ਦਿੰਦਾ ਹੈ ਕਿ ਅੰਗ-ਦਾਨ ਜਾਂ ਖ਼ੂਨ-ਦਾਨ ਦੁਆਰਾ ਵੀ ਪੱਛਮੀ ਨੀਲ ਵਾਇਰਸ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ਵਿਚ ਜਾ ਸਕਦਾ ਹੈ। ਸਾਲ 2002 ਵਿਚ ਇਕ ਰਿਪੋਰਟ ਨੇ ਕਿਹਾ ਕਿ “ਹਾਲੇ ਤਕ ਅਜਿਹਾ ਕੋਈ ਟੈੱਸਟ ਨਹੀਂ ਹੈ ਜਿਸ ਦੁਆਰਾ ਖ਼ੂਨ ਵਿਚ ਪੱਛਮੀ ਨੀਲ ਵਾਇਰਸ ਦੀ ਹੋਂਦ ਦਾ ਪਤਾ ਲਗਾਇਆ ਜਾ ਸਕੇ।”
[ਕ੍ਰੈਡਿਟ ਲਾਈਨ]
CDC/James D. Gathany
[ਸਫ਼ੇ 8, 9 ਉੱਤੇ ਡੱਬੀ/ਤਸਵੀਰ]
ਤੁਸੀਂ ਆਪਣਾ ਬਚਾਅ ਕਿਸ ਤਰ੍ਹਾਂ ਕਰ ਸਕਦੇ ਹੋ? ਤੁਹਾਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ
ਜਾਗਰੂਕ ਬਣੋ! ਨੇ ਸੰਸਾਰ ਭਰ ਵਿਚ ਕੀੜੇ-ਮਕੌੜਿਆਂ ਨਾਲ ਭਰੇ ਅਤੇ ਰੋਗਾਂ ਨਾਲ ਗ੍ਰਸਤ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਤੋਂ ਸਿਹਤਮੰਦ ਰਹਿਣ ਬਾਰੇ ਸੁਝਾਅ ਮੰਗੇ। ਇਹ ਸੁਝਾਅ ਤੁਹਾਡੇ ਇਲਾਕੇ ਵਿਚ ਫ਼ਾਇਦੇਮੰਦ ਸਾਬਤ ਹੋ ਸਕਦੇ ਹਨ।
ਸਭ ਤੋਂ ਜ਼ਰੂਰੀ ਹੈ ਸਫ਼ਾਈ
◼ ਆਪਣਾ ਘਰ ਸਾਫ਼ ਰੱਖੋ
“ਜਿਨ੍ਹਾਂ ਡੱਬਿਆਂ ਵਿਚ ਖਾਣ ਦੀਆਂ ਚੀਜ਼ਾਂ ਰੱਖੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ਢੱਕ ਕੇ ਰੱਖੋ। ਭੋਜਨ ਪਕਾਉਣ ਤੋਂ ਬਾਅਦ ਉਸ ਨੂੰ ਢੱਕ ਕੇ ਰੱਖੋ। ਜੇ ਕੁਝ ਡੁੱਲ ਜਾਵੇ, ਤਾਂ ਉਸ ਨੂੰ ਉਸੇ ਵੇਲੇ ਸਾਫ਼ ਕਰੋ। ਗੰਦੇ ਭਾਂਡਿਆਂ ਨੂੰ ਰਾਤ ਭਰ ਐਵੇਂ ਹੀ ਨਾ ਛੱਡੋ ਅਤੇ ਨਾ ਹੀ ਸਵੇਰ ਤਕ ਬਚਿਆ-ਖੁਚਿਆ ਖਾਣਾ ਘਰ ਦੇ ਬਾਹਰ ਰੱਖ ਛੱਡੋ। ਉਸ ਨੂੰ ਢੱਕ ਦਿਓ ਜਾਂ ਦੱਬ ਦਿਓ ਕਿਉਂਕਿ ਕੀੜੇ-ਮਕੌੜੇ ਅਤੇ ਚੂਹੇ ਰਾਤ ਨੂੰ ਖਾਣਾ ਲੱਭਣ ਲਈ ਨਿਕਲਦੇ ਹਨ। ਘਰ ਵਿਚ ਸੀਮੈਂਟ ਦਾ ਫ਼ਰਸ਼ ਲਗਾਓ ਕਿਉਂਕਿ ਪੱਕੇ ਫ਼ਰਸ਼ ਨੂੰ ਕੀੜਿਆਂ ਤੋਂ ਮੁਕਤ ਰੱਖਣਾ ਅਤੇ ਇਸ ਨੂੰ ਸਾਫ਼ ਕਰਨਾ ਜ਼ਿਆਦਾ ਆਸਾਨ ਹੁੰਦਾ ਹੈ।”—ਅਫ਼ਰੀਕਾ।
“ਫਲ ਜਾਂ ਹੋਰ ਕੋਈ ਵੀ ਚੀਜ਼ ਜਿਸ ਨੂੰ ਕੀੜੇ-ਮਕੌੜੇ ਪਸੰਦ ਕਰਦੇ ਹਨ, ਸਟੋਰ ਵਿਚ ਰੱਖੋ। ਬੱਕਰੀ, ਸੂਰ, ਕੁੱਕੜ ਤੇ ਦੂਜੇ ਜਾਨਵਰ ਘਰ ਦੇ ਬਾਹਰ ਰੱਖੋ। ਘਰ ਦੇ ਬਾਹਰ ਬਣੇ ਪਖਾਨਿਆਂ ਨੂੰ ਢੱਕ ਕੇ ਰੱਖੋ। ਜਾਨਵਰਾਂ ਦੇ ਗੋਹੇ ਜਾਂ ਮੀਂਗਣਾਂ ਨੂੰ ਤੁਰੰਤ ਦੱਬ ਦਿਓ ਜਾਂ ਉਸ ਉੱਤੇ ਚੂਨਾ ਪਾ ਦਿਓ ਤਾਂਕਿ ਇਸ ਉੱਤੇ ਮੱਖੀਆਂ ਨਾ ਬੈਠਣ। ਭਾਵੇਂ ਤੁਹਾਡੇ ਗੁਆਂਢੀ ਇਹ ਕੰਮ ਨਹੀਂ ਕਰਦੇ, ਫਿਰ ਵੀ ਇਸ ਤਰ੍ਹਾਂ ਕਰਨ ਨਾਲ ਤੁਸੀਂ ਕੁਝ ਹੱਦ ਤਕ ਕੀੜੇ-ਮਕੌੜਿਆਂ ਨੂੰ ਦੂਰ ਰੱਖ ਸਕੋਗੇ ਅਤੇ ਆਪਣੇ ਗੁਆਂਢੀਆਂ ਲਈ ਇਕ ਚੰਗੀ ਮਿਸਾਲ ਕਾਇਮ ਕਰੋਗੇ।”—ਦੱਖਣੀ ਅਮਰੀਕਾ।
[ਤਸਵੀਰ]
ਜੇ ਤੁਸੀਂ ਖਾਣਾ ਜਾਂ ਕੂੜਾ-ਕਰਕਟ ਨਾ ਢੱਕੋ, ਤਾਂ ਤੁਸੀਂ ਕੀੜੇ-ਮਕੌੜਿਆਂ ਨੂੰ ਆਪਣੇ ਨਾਲ ਰੋਟੀ ਖਾਣ ਲਈ ਬੁਲਾ ਰਹੇ ਹੋ
◼ ਆਪਣੇ ਸਰੀਰ ਦੀ ਸਫ਼ਾਈ
“ਸਾਬਣ ਮਹਿੰਗਾ ਨਹੀਂ ਹੈ, ਇਸ ਲਈ ਆਪਣੇ ਹੱਥ ਤੇ ਕੱਪੜੇ ਧੋਣ ਦੀ ਆਦਤ ਪਾਓ, ਖ਼ਾਸ ਕਰਕੇ ਲੋਕਾਂ ਜਾਂ ਜਾਨਵਰਾਂ ਨੂੰ ਛੋਹਣ ਤੋਂ ਬਾਅਦ। ਜਾਨਵਰਾਂ ਦੀਆਂ ਲੋਥਾਂ ਨੂੰ ਹੱਥ ਨਾ ਲਾਓ। ਵਾਰ-ਵਾਰ ਆਪਣੇ ਮੂੰਹ, ਨੱਕ ਤੇ ਅੱਖਾਂ ਨੂੰ ਹੱਥ ਨਾ ਲਾਓ। ਭਾਵੇਂ ਕਿ ਕੱਪੜੇ ਜ਼ਿਆਦਾ ਗੰਦੇ ਨਾ ਲੱਗਣ, ਫਿਰ ਵੀ ਉਨ੍ਹਾਂ ਨੂੰ ਬਾਕਾਇਦਾ ਧੋਣਾ ਚਾਹੀਦਾ ਹੈ। ਪਰ ਯਾਦ ਰੱਖੋ ਕਿ ਕੁਝ ਸਾਬਣਾਂ ਦੀ ਮਹਿਕ ਕੀੜੇ-ਮਕੌੜਿਆਂ ਨੂੰ ਚੰਗੀ ਲੱਗਦੀ ਹੈ, ਇਸ ਲਈ ਬਿਨਾਂ ਮਹਿਕ ਵਾਲੇ ਸਾਬਣ ਅਤੇ ਹੋਰ ਚੀਜ਼ਾਂ ਵਰਤੋ।”—ਅਫ਼ਰੀਕਾ।
ਆਪਣਾ ਬਚਾਅ ਕਰੋ
◼ ਪਾਣੀ ਖੜ੍ਹਨ ਨਾ ਦਿਓ
ਪਾਣੀ ਦੀ ਟੈਂਕੀ ਅਤੇ ਟੱਬ ਢੱਕ ਕੇ ਰੱਖੋ। ਸਾਰੇ ਡੱਬੇ ਜਿਨ੍ਹਾਂ ਵਿਚ ਪਾਣੀ ਜਮ੍ਹਾ ਹੋ ਸਕਦਾ ਹੈ, ਸੁੱਟ ਦਿਓ। ਫੁੱਲਦਾਨਾਂ ਵਿਚ ਪਾਣੀ ਇਕੱਠਾ ਨਾ ਹੋਣ ਦਿਓ। ਜਿਹੜਾ ਪਾਣੀ ਚਾਰ ਦਿਨਾਂ ਤੋਂ ਵੱਧ ਖੜ੍ਹਾ ਰਹਿੰਦਾ ਹੈ ਉਸ ਵਿਚ ਮੱਛਰ ਪੈਦਾ ਹੋ ਸਕਦੇ ਹਨ।—ਦੱਖਣ-ਪੂਰਬੀ ਏਸ਼ੀਆ।
◼ ਕੀੜੇ-ਮਕੌੜਿਆਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ
ਗਰਮ ਦੇਸ਼ਾਂ ਵਿਚ ਸੂਰਜ ਜਲਦੀ ਡੁੱਬ ਜਾਂਦਾ ਹੈ, ਇਸ ਕਰਕੇ ਕਈ ਕੰਮ ਹਨੇਰੇ ਵਿਚ ਕਰਨੇ ਪੈਂਦੇ ਹਨ ਜਦੋਂ ਜ਼ਿਆਦਾ ਕੀੜੇ-ਮਕੌੜੇ ਫਿਰਦੇ ਹਨ। ਜੇਕਰ ਤੁਸੀਂ ਬਾਹਰ ਬੈਠੇ ਰਹੋ ਜਾਂ ਬਾਹਰ ਸੌਂਵੋ, ਤਾਂ ਤੁਹਾਨੂੰ ਕੀੜੇ-ਮਕੌੜਿਆਂ ਤੋਂ ਰੋਗ ਲੱਗਣ ਦਾ ਜ਼ਿਆਦਾ ਖ਼ਤਰਾ ਹੋਵੇਗਾ। ਇਸ ਵੇਲੇ ਕੀੜੇ-ਮਕੌੜਿਆਂ ਤੋਂ ਦੂਰ ਰਹੋ।—ਅਫ਼ਰੀਕਾ।
[ਤਸਵੀਰ]
ਜਦੋਂ ਤੁਸੀਂ ਬਾਹਰ ਸੌਂਦੇ ਹੋ, ਤਾਂ ਤੁਸੀਂ ਮੱਛਰਾਂ ਦਾ ਭੋਜਨ ਬਣਦੇ ਹੋ
ਅਜਿਹੇ ਕੱਪੜੇ ਪਾਓ ਜੋ ਸਰੀਰ ਨੂੰ ਢੱਕ ਕੇ ਰੱਖਦੇ ਹਨ, ਖ਼ਾਸਕਰ ਜੰਗਲ ਵਿਚ। ਆਪਣੇ ਕੱਪੜਿਆਂ ਅਤੇ ਸਰੀਰ ਤੇ ਕੀੜੇ-ਮਾਰ ਦਵਾਈ ਨੂੰ ਹਮੇਸ਼ਾ ਹਿਦਾਇਤਾਂ ਅਨੁਸਾਰ ਵਰਤੋ। ਬਾਹਰ ਸਮਾਂ ਬਿਤਾਉਣ ਤੋਂ ਬਾਅਦ ਦੇਖੋ ਕਿ ਤੁਹਾਨੂੰ ਜਾਂ ਤੁਹਾਡੇ ਬੱਚਿਆਂ ਨੂੰ ਕੋਈ ਚਿੱਚੜ ਤਾਂ ਨਹੀਂ ਚਿੰਬੜਿਆ ਹੈ। ਪਾਲਤੂ ਜਾਨਵਰਾਂ ਨੂੰ ਤੰਦਰੁਸਤ ਅਤੇ ਕੀੜੇ-ਮਕੌੜਿਆਂ ਤੋਂ ਦੂਰ ਰੱਖੋ।—ਉੱਤਰੀ ਅਮਰੀਕਾ।
ਪਸ਼ੂਆਂ ਨੂੰ ਸਿਰਫ਼ ਜ਼ਰੂਰਤ ਪੈਣ ਤੇ ਹੱਥ ਲਾਓ ਕਿਉਂਕਿ ਕੀੜੇ-ਮਕੌੜਿਆਂ ਕਾਰਨ ਪਸ਼ੂਆਂ ਤੋਂ ਇਨਸਾਨਾਂ ਨੂੰ ਰੋਗ ਲੱਗ ਸਕਦੇ ਹਨ।—ਮੱਧ ਏਸ਼ੀਆ।
ਸਾਰੇ ਪਰਿਵਾਰ ਨੂੰ ਕੀੜੇ-ਮਾਰ ਦਵਾਈ ਵਾਲੀਆਂ ਮੱਛਰਦਾਨੀਆਂ ਵਰਤਣੀਆਂ ਚਾਹੀਦੀਆਂ ਹਨ। ਖਿੜਕੀਆਂ ਤੇ ਜਾਲੀ ਲਗਾਓ ਅਤੇ ਜਾਲੀ ਨੂੰ ਠੀਕ ਹਾਲਾਤ ਵਿਚ ਰੱਖੋ। ਵਾਧਰੇ ਹੇਠਾਂ ਤਰੇੜਾਂ ਨੂੰ ਭਰ ਦਿਓ ਜਿਨ੍ਹਾਂ ਵਿੱਚੋਂ ਦੀ ਕੀੜੇ-ਮਕੌੜੇ ਘਰ ਦੇ ਅੰਦਰ ਆ ਸਕਦੇ ਹਨ। ਅਜਿਹੇ ਕੰਮ ਕਰਨ ਲਈ ਪੈਸੇ ਜ਼ਰੂਰ ਲੱਗਣਗੇ, ਪਰ ਤੁਹਾਡੇ ਇਸ ਤੋਂ ਜ਼ਿਆਦਾ ਪੈਸੇ ਬਰਬਾਦ ਹੋਣਗੇ ਜੇ ਤੁਹਾਨੂੰ ਆਪਣਾ ਬੱਚਾ ਹਸਪਤਾਲ ਦਾਖ਼ਲ ਕਰਾਉਣਾ ਪਵੇ ਜਾਂ ਜੇ ਘਰ ਵਿਚ ਰੋਜ਼ੀ ਕਮਾਉਣ ਵਾਲਾ ਬੰਦਾ ਬੀਮਾਰ ਪੈ ਜਾਵੇ।—ਅਫ਼ਰੀਕਾ।
[ਤਸਵੀਰ]
ਦਵਾਈਆਂ ਖ਼ਰੀਦਣ ਅਤੇ ਡਾਕਟਰਾਂ ਦੀ ਫੀਸ ਦੇਣ ਨਾਲੋਂ ਕੀੜੇ-ਮਾਰ ਦਵਾਈ ਵਾਲੀਆਂ ਮੱਛਰਦਾਨੀਆਂ ਖ਼ਰੀਦਣੀਆਂ ਸਸਤੀਆਂ ਹਨ
ਆਪਣੇ ਘਰ ਵਿਚ ਕੀੜੇ-ਮਕੌੜਿਆਂ ਨੂੰ ਲੁੱਕਣ ਲਈ ਥਾਂ ਨਾ ਦੇਵੋ। ਕੰਧਾਂ ਤੇ ਛੱਤਾਂ ਨੂੰ ਪਲਸਤਰ ਕਰੋ ਅਤੇ ਤਰੇੜਾਂ ਨੂੰ ਭਰ ਦਿਓ। ਛੱਪਰ ਹੇਠਾਂ ਕੀੜੇ-ਮਕੌੜੇ ਰੋਕਣ ਵਾਲਾ ਕੱਪੜਾ ਪਾਓ। ਕਾਗਜ਼ ਤੇ ਕੱਪੜੇ ਦੇ ਢੇਰ ਨਾ ਲਾਈ ਰੱਖੋ ਅਤੇ ਕੰਧਾਂ ਤੇ ਬਹੁਤ ਸਾਰੀਆਂ ਤਸਵੀਰਾਂ ਨਾ ਟੰਗੋ ਕਿਉਂਕਿ ਇਨ੍ਹਾਂ ਦੇ ਪਿੱਛੇ ਕੀੜੇ-ਮਕੌੜੇ ਲੁਕ ਸਕਦੇ ਹਨ।—ਦੱਖਣੀ ਅਮਰੀਕਾ।
ਕੁਝ ਲੋਕ ਸਮਝਦੇ ਹਨ ਕਿ ਕੀੜੇ-ਮਕੌੜੇ ਅਤੇ ਚੂਹੇ ਮਹਿਮਾਨ ਹੁੰਦੇ ਹਨ। ਇਹ ਗੱਲ ਝੂਠੀ ਹੈ! ਉਨ੍ਹਾਂ ਨੂੰ ਘਰੋਂ ਬਾਹਰ ਕੱਢੋ। ਕੀੜੇ-ਮਾਰ ਦਵਾਈਆਂ ਨੂੰ ਹਿਦਾਇਤਾਂ ਅਨੁਸਾਰ ਇਸਤੇਮਾਲ ਕਰੋ। ਮੱਖੀਆਂ ਫੜਨ ਵਾਲਾ ਪਿੰਜਰਾ ਤੇ ਮੱਖੀ ਮਾਰਨ ਵਾਲੀ ਚਪਟੀ ਵਰਤੋ। ਜੁਗਤੀ ਬਣੋ: ਇਕ ਔਰਤ ਨੇ ਕੱਪੜੇ ਦੀ ਲੰਮੀ ਨਾਲੀ ਸੀਂਤੀ, ਉਸ ਵਿਚ ਰੇਤ ਪਾਈ ਅਤੇ ਦਰਵਾਜ਼ੇ ਹੇਠਾਂ ਉਸ ਨੂੰ ਰੱਖ ਦਿੱਤਾ ਤਾਂਕਿ ਕੀੜੇ-ਮਕੌੜੇ ਅੰਦਰ ਨਾ ਆ ਸਕਣ।—ਅਫ਼ਰੀਕਾ।
[ਤਸਵੀਰ]
ਕੀੜੇ-ਮਕੌੜੇ ਸਾਡੇ ਮਹਿਮਾਨ ਨਹੀਂ ਹੁੰਦੇ। ਉਨ੍ਹਾਂ ਨੂੰ ਘਰੋਂ ਬਾਹਰ ਕੱਢੋ!
◼ ਬੀਮਾਰ ਹੋਣ ਤੋਂ ਬਚਣਾ
ਤੰਦਰੁਸਤ ਰਹਿਣ ਲਈ ਚੰਗੀ ਖ਼ੁਰਾਕ ਖਾਓ, ਆਰਾਮ ਕਰੋ ਅਤੇ ਕਸਰਤ ਕਰੋ। ਦਬਾਅ ਘਟਾਓ।—ਅਫ਼ਰੀਕਾ।
ਮੁਸਾਫ਼ਰ: ਕਿਤੇ ਵੀ ਜਾਣ ਤੋਂ ਪਹਿਲਾਂ ਪਤਾ ਕਰੋ ਕਿ ਉਸ ਇਲਾਕੇ ਵਿਚ ਤੁਹਾਡੀ ਸਿਹਤ ਨੂੰ ਕਿਹੜੇ ਖ਼ਤਰੇ ਹੋ ਸਕਦੇ ਹਨ। ਅਜਿਹੀ ਜਾਣਕਾਰੀ ਸਿਹਤ ਵਿਭਾਗ ਅਤੇ ਸਰਕਾਰੀ ਇੰਟਰਨੈੱਟ ਸਾਈਟ ਤੋਂ ਮਿਲ ਸਕਦੀ ਹੈ। ਉਸ ਇਲਾਕੇ ਵਿਚ ਜਾਣ ਤੋਂ ਪਹਿਲਾਂ ਦਵਾਈ ਲੈਣੀ ਸ਼ੁਰੂ ਕਰ ਦਿਓ।
ਜਦੋਂ ਤੁਸੀਂ ਬੀਮਾਰ ਹੋ ਜਾਂਦੇ ਹੋ
◼ ਇਕਦਮ ਡਾਕਟਰ ਨੂੰ ਮਿਲੋ
ਜੇ ਤੁਸੀਂ ਜਲਦੀ ਡਾਕਟਰ ਨੂੰ ਮਿਲੋ, ਤਾਂ ਬਹੁਤ ਸਾਰੇ ਰੋਗਾਂ ਦਾ ਇਲਾਜ ਹੋ ਸਕਦਾ ਹੈ।
◼ ਸਹੀ ਮੁਆਇਨਾ ਕਰਾਓ
ਉਨ੍ਹਾਂ ਡਾਕਟਰਾਂ ਕੋਲ ਜਾਓ ਜੋ ਕੀੜੇ-ਮਕੌੜਿਆਂ ਤੋਂ ਲੱਗਣ ਵਾਲੇ ਰੋਗਾਂ ਨੂੰ ਅਤੇ ਗਰਮ ਦੇਸ਼ਾਂ ਵਿਚ ਹੋਣ ਵਾਲੇ ਰੋਗਾਂ ਨੂੰ ਪਛਾਣ ਸਕਦੇ ਹਨ। ਡਾਕਟਰ ਨੂੰ ਬੀਮਾਰੀ ਦੇ ਲੱਛਣ ਦੱਸੋ ਅਤੇ ਇਹ ਵੀ ਕਿ ਤੁਸੀਂ ਕਿੱਥੇ-ਕਿੱਥੇ ਗਏ ਸੀ, ਭਾਵੇਂ ਤੁਸੀਂ ਕਾਫ਼ੀ ਦੇਰ ਪਹਿਲਾਂ ਉੱਥੇ ਗਏ ਸੀ। ਐਂਟੀਬਾਇਓਟਿਕਸ ਜ਼ਰੂਰਤ ਪੈਣ ਤੇ ਹੀ ਵਰਤੋ ਅਤੇ ਦਵਾਈ ਦਾ ਕੋਰਸ ਪੂਰਾ ਕਰੋ।
[ਤਸਵੀਰ]
ਕੀੜੇ-ਮਕੌੜਿਆਂ ਤੋਂ ਲੱਗਣ ਵਾਲੇ ਰੋਗ ਹੋਰ ਬੀਮਾਰੀਆਂ ਵਰਗੇ ਲੱਗਦੇ ਹਨ। ਆਪਣੇ ਡਾਕਟਰ ਨੂੰ ਦੱਸੋ ਕਿ ਤੁਸੀਂ ਕਿੱਥੇ-ਕਿੱਥੇ ਗਏ ਸੀ
[ਕ੍ਰੈਡਿਟ ਲਾਈਨ]
Globe: Mountain High Maps® Copyright © 1997 Digital Wisdom, Inc.
[ਸਫ਼ੇ 10 ਉੱਤੇ ਡੱਬੀ/ਤਸਵੀਰ]
ਕੀ ਕੀੜੇ-ਮਕੌੜੇ ਐੱਚ. ਆਈ. ਵੀ. ਫੈਲਾਉਂਦੇ ਹਨ?
ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤਕ ਖੋਜ ਕਰਨ ਤੋਂ ਬਾਅਦ ਕੀਟ-ਵਿਗਿਆਨੀਆਂ ਅਤੇ ਮੈਡੀਕਲ ਵਿਗਿਆਨੀਆਂ ਨੂੰ ਕੋਈ ਸਬੂਤ ਨਹੀਂ ਮਿਲਿਆ ਕਿ ਮੱਛਰ ਜਾਂ ਹੋਰ ਕੀੜੇ-ਮਕੌੜੇ ਐੱਚ. ਆਈ. ਵੀ. (ਏਡਜ਼ ਦਾ ਵਾਈਰਸ) ਫੈਲਾਉਂਦੇ ਹਨ।
ਮੱਛਰਾਂ ਦਾ ਮੂੰਹ ਇਕ ਸਿਰਿੰਜ ਵਰਗਾ ਨਹੀਂ ਹੁੰਦਾ ਜਿਸ ਰਾਹੀਂ ਖ਼ੂਨ ਚੂਸ ਕੇ ਫਿਰ ਵਿਅਕਤੀ ਦੇ ਸਰੀਰ ਵਿਚ ਦੁਬਾਰਾ ਪਾਇਆ ਜਾ ਸਕਦਾ ਹੈ। ਇਸ ਦੀ ਬਜਾਇ, ਮੱਛਰ ਮੂੰਹ ਦੇ ਇਕ ਭਾਗ ਰਾਹੀਂ ਖ਼ੂਨ ਚੂਸਦੇ ਹਨ ਅਤੇ ਦੂਸਰੇ ਰਾਹੀਂ ਥੁੱਕ ਕੱਢਦੇ ਹਨ। ਐੱਚ. ਆਈ. ਵੀ. ਦਾ ਇਕ ਮਾਹਰ ਜੋ ਜ਼ੈਂਬੀਆ ਵਿਚ ਡਿਸਟ੍ਰਿਕਟ ਹੈੱਲਥ ਮੈਨੇਜਮੈਂਟ ਟੀਮ ਨਾਲ ਕੰਮ ਕਰਦਾ ਹੈ, ਸਮਝਾਉਂਦਾ ਹੈ ਕਿ ਅੱਗੇ ਕੀ ਹੁੰਦਾ ਹੈ। ਮੱਛਰ ਦੀ ਪਾਚਨ ਪ੍ਰਣਾਲੀ ਖ਼ੂਨ ਨੂੰ ਵੱਖ-ਵੱਖ ਤੱਤਾਂ ਵਿਚ ਵੰਡ ਦਿੰਦੀ ਹੈ ਜਿਸ ਕਰਕੇ ਵਾਈਰਸ ਨਸ਼ਟ ਹੋ ਜਾਂਦਾ ਹੈ। ਐੱਚ. ਆਈ. ਵੀ. ਕੀੜੇ-ਮਕੌੜਿਆਂ ਦੇ ਮਲ-ਮੂਤਰ ਵਿਚ ਨਹੀਂ ਮਿਲਦਾ। ਅਤੇ ਮਲੇਰੀਆ ਦੇ ਪਰਜੀਵਾਂ ਤੋਂ ਉਲਟ, ਐੱਚ. ਆਈ. ਵੀ. ਮੱਛਰ ਦੀ ਥੁੱਕ-ਗ੍ਰੰਥੀ ਵਿਚ ਪ੍ਰਵੇਸ਼ ਨਹੀਂ ਕਰਦਾ।
ਐੱਚ. ਆਈ. ਵੀ. ਸਹੇੜਨ ਲਈ ਇਕ ਵਿਅਕਤੀ ਦੇ ਅੰਦਰ ਬਹੁਤ ਸਾਰੇ ਜੀਵਾਣੂ ਜਾਣੇ ਜ਼ਰੂਰੀ ਹਨ। ਜੇ ਇਕ ਮੱਛਰ ਇਕ ਵਿਅਕਤੀ ਤੋਂ ਉੱਡ ਕੇ ਸਿੱਧਾ ਦੂਜੇ ਵਿਅਕਤੀ ਦਾ ਖ਼ੂਨ ਚੂਸਦਾ ਹੈ, ਤਾਂ ਉਸ ਦੇ ਮੂੰਹ ਤੇ ਜੋ ਖ਼ੂਨ ਹੋਵੇਗਾ, ਇਹ ਛੂਤ ਲਾਉਣ ਜੋਗਾ ਨਹੀਂ ਹੋਵੇਗਾ। ਮਾਹਰਾਂ ਦਾ ਕਹਿਣਾ ਹੈ ਕਿ ਐੱਚ. ਆਈ. ਵੀ.-ਪਾਜ਼ਿਟਿਵ ਖ਼ੂਨ ਨਾਲ ਭਰੇ ਮੱਛਰ ਨੂੰ ਇਕ ਖੁੱਲ੍ਹੇ ਜ਼ਖ਼ਮ ਉੱਤੇ ਮਾਰਨ ਨਾਲ ਵੀ ਐੱਚ. ਆਈ. ਵੀ. ਦੀ ਛੂਤ ਨਹੀਂ ਲੱਗੇਗੀ।
[ਕ੍ਰੈਡਿਟ ਲਾਈਨ]
CDC/James D. Gathany
[ਸਫ਼ੇ 7 ਉੱਤੇ ਤਸਵੀਰ]
ਹਿਰਨਾਂ ਤੇ ਰਹਿਣ ਵਾਲਾ ਚਿੱਚੜ ਲਾਈਮ ਰੋਗ ਫੈਲਾਉਂਦਾ ਹੈ (ਸੱਜੇ ਪਾਸੇ ਵੱਡਾ ਕਰ ਕੇ ਦਿਖਾਇਆ ਗਿਆ ਹੈ)
ਖੱਬਿਓਂ ਸੱਜੇ: ਬਾਲਗ ਮਾਦਾ, ਬਾਲਗ ਨਰ ਅਤੇ ਨਾਬਾਲਗ ਚਿੱਚੜ ਦੇ ਅਸਲੀ ਸਾਈਜ਼ ਦਿਖਾਏ ਗਏ ਹਨ
[ਕ੍ਰੈਡਿਟ ਲਾਈਨ]
All ticks: CDC
[ਸਫ਼ੇ 10, 11 ਉੱਤੇ ਤਸਵੀਰਾਂ]
ਹੜ੍ਹ, ਗੰਦਗੀ ਅਤੇ ਇਨਸਾਨਾਂ ਦਾ ਇਕ ਥਾਂ ਤੋਂ ਦੂਜੀ ਥਾਂ ਸਫ਼ਰ ਕਰਨ ਨਾਲ ਕੀੜੇ-ਮਕੌੜਿਆਂ ਤੋਂ ਲੱਗਣ ਵਾਲੇ ਰੋਗ ਫੈਲਦੇ ਹਨ
[ਕ੍ਰੈਡਿਟ ਲਾਈਨ]
FOTO UNACIONES (from U.S. Army)