ਸੰਸਾਰ ਉੱਤੇ ਨਜ਼ਰ
ਸੰਸਾਰ ਉੱਤੇ ਨਜ਼ਰ
ਗਮਲਿਆਂ ਵਿਚ ਲਾਏ ਪੌਦਿਆਂ ਦਾ ਫ਼ਾਇਦਾ
ਲੰਡਨ ਦੀ ਟਾਈਮਜ਼ ਅਖ਼ਬਾਰ ਵਿਚ ਖੋਜਕਾਰਾਂ ਨੇ ਕਿਹਾ: “ਹਜ਼ਾਰਾਂ ਹੀ ਵਿਦਿਆਰਥੀ ਪੜ੍ਹਾਈ ਵਿਚ ਜ਼ਿਆਦਾ ਨੰਬਰ ਹਾਸਲ ਕਰ ਸਕਣਗੇ ਜੇਕਰ ਸਕੂਲਾਂ ਵਿਚ ਪੌਦੇ ਰੱਖੇ ਜਾਣ।” ਰੈਡਿੰਗ ਯੂਨੀਵਰਸਿਟੀ ਦੇ ਇਕ ਪ੍ਰੋਫ਼ੈਸਰ ਦਾ ਕਹਿਣਾ ਹੈ ਕਿ ਕੁਝ ਸਕੂਲਾਂ ਵਿਚ ਬੱਚਿਆਂ ਨਾਲ ਭਰੇ ਪਏ ਸਾਹ-ਘੁੱਟਵੇਂ ਕਮਰਿਆਂ ਵਿਚ ਕਾਰਬਨ ਡਾਈਆਕਸਾਈਡ ਦਾ ਲੇਵਲ ਸਹੀ ਲੇਵਲ ਤੋਂ 500 ਪ੍ਰਤਿਸ਼ਤ ਜ਼ਿਆਦਾ ਹੈ। ਨਤੀਜੇ ਵਜੋਂ ਬੱਚੇ ਧਿਆਨ ਨਹੀਂ ਲਗਾ ਸਕਦੇ ਅਤੇ ਉਹ ਇੰਨੀ ਤਰੱਕੀ ਨਹੀਂ ਕਰਦੇ। ਇਸ ਨੂੰ ਕਲਾਸ-ਰੂਮ ਦੀ ਬੀਮਾਰੀ ਸੱਦਿਆ ਗਿਆ ਹੈ। ਅਜਿਹਾ ਬੁਰਾ ਮਾਹੌਲ ਦਫ਼ਤਰਾਂ ਵਿਚ ਵੀ ਫੈਲਿਆ ਹੋਇਆ ਹੈ, ਪਰ ਕਲਾਸ-ਰੂਮਾਂ ਵਿਚ ਦਫ਼ਤਰਾਂ ਨਾਲੋਂ ਪੰਜ ਗੁਣਾ ਜ਼ਿਆਦਾ ਬੱਚੇ ਹੁੰਦੇ ਹਨ। ਕਿਹੋ ਜਿਹੇ ਪੌਦੇ ਫ਼ਾਇਦੇਮੰਦ ਸਾਬਤ ਹੋ ਸਕਦੇ ਹਨ? ਅਮਰੀਕਾ ਵਿਚ ਕੀਤੇ ਗਏ ਇਕ ਅਧਿਐਨ ਅਨੁਸਾਰ ਸਭ ਤੋਂ ਵਧੀਆ ਸਪਾਈਡਰ-ਪਲਾਂਟ ਨਾਂ ਦਾ ਪੌਦਾ ਹੈ। ਹੋਰ ਵੀ ਕਈ ਕਿਸਮਾਂ ਦੇ ਪੌਦੇ ਹਨ ਜੋ ਕਾਰਬਨ ਡਾਈਆਕਸਾਈਡ ਗੈਸ ਨੂੰ ਆਕਸੀਜਨ ਵਿਚ ਬਦਲ ਦਿੰਦੇ ਹਨ। (g03 6/08)
“ਬੋਲਦੇ” ਪੌਦੇ
ਬੋਨ, ਜਰਮਨੀ ਵਿਚ ਭੌਤਿਕ-ਵਿਗਿਆਨ ਦੀ ਇਕ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਲੇਜ਼ਰ ਵਾਲੇ ਮਾਈਕ੍ਰੋਫ਼ੋਨ ਬਣਾਏ ਹਨ ਜਿਨ੍ਹਾਂ ਨਾਲ ਪੌਦਿਆਂ ਵਿੱਚੋਂ ਨਿਕਲ ਰਹੀਆਂ “ਆਵਾਜ਼ਾਂ ਨੂੰ ਸੁਣਿਆ” ਜਾ ਸਕਦਾ ਹੈ। ਇਹ ਮਾਈਕ੍ਰੋਫ਼ੋਨ ਦਬਾਅ ਹੇਠਾਂ ਆਏ ਪੌਦਿਆਂ ਵਿੱਚੋਂ ਜੋ ਗੈਸ ਛੱਡੇ ਜਾਂਦੇ ਹਨ ਉਨ੍ਹਾਂ ਦੀ ਆਵਾਜ਼ ਨੂੰ ਸੁਣਦੇ ਹਨ। ਬੋਨ ਯੂਨੀਵਰਸਿਟੀ ਦੇ ਇਕ ਵਿਗਿਆਨੀ ਦਾ ਕਹਿਣਾ ਹੈ: “ਪੌਦਿਆਂ ਤੇ ਜਿੰਨਾ ਜ਼ਿਆਦਾ ਦਬਾਅ ਪੈਂਦਾ ਹੈ ਉੱਨਾ ਜ਼ਿਆਦਾ ਉੱਚੀ ਮਾਈਕ੍ਰੋਫ਼ੋਨ ਦੁਆਰਾ ਉਨ੍ਹਾਂ ਦੀ ਆਵਾਜ਼ ਸੁਣਦੀ ਹੈ।” ਇਕ ਵਾਰ ਇਕ ਚੰਗੀ-ਤਾਜ਼ੀ ਤਰ ਵਿੱਚੋਂ “ਬਹੁਤ ਹੀ ਉੱਚੀ ਆਵਾਜ਼” ਸੁਣਾਈ ਦਿੰਦੀ ਸੀ। “ਉਸ ਨੂੰ ਚੰਗੀ ਤਰ੍ਹਾਂ ਜਾਂਚ ਕਰਨ ਨਾਲ ਪਤਾ ਲੱਗਾ ਕਿ ਉਸ ਵਿਚ ਉੱਲੀ ਲੱਗੀ ਹੋਈ ਸੀ ਜੋ ਹਾਲੇ ਦਿੱਸਦੀ ਨਹੀਂ ਸੀ।” ਦਰਅਸਲ, ਉੱਲੀ ਦੇ ਨਿਸ਼ਾਨ ਲੱਗਣ ਵਿਚ ਕੁਝ ਅੱਠ ਤੋਂ ਨੌਂ ਦਿਨ ਲੱਗਦੇ ਹਨ ਅਤੇ ਸਿਰਫ਼ ਉਦੋਂ ਹੀ ਕਿਸਾਨ ਫ਼ਸਲ ਵਿਚ ਇਹ ਖ਼ਰਾਬੀ ਦੇਖ ਸਕਦੇ ਹਨ। ਲੰਡਨ ਦੀ ਟਾਈਮਜ਼ ਅਖ਼ਬਾਰ ਅਨੁਸਾਰ “ਪੌਦਿਆਂ ਦੀ ਆਵਾਜ਼ ਸੁਣਨੀ ਉਨ੍ਹਾਂ ਨੂੰ ਲੱਗੇ ਕੀੜੇ ਜਾਂ ਬੀਮਾਰੀ ਨੂੰ ਜਲਦੀ ਹੀ ਪਛਾਣਨ ਦਾ ਤਰੀਕਾ ਹੈ। ਇਹ ਜਾਣਨ ਨਾਲ ਕਿ ਪੌਦਿਆਂ ਤੇ ਕਿਹੋ ਜਿਹਾ ਦਬਾਅ ਪੈ ਸਕਦਾ ਹੈ ਉਨ੍ਹਾਂ ਦੇ ਸਟੋਰ ਕਰਨ ਅਤੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਤਕ ਲੈ ਜਾਣ ਵਿਚ ਵੀ ਕਾਫ਼ੀ ਮਦਦ ਮਿਲ ਸਕਦੀ ਹੈ।” (g03 5/08)
ਧਾਰਮਿਕ ਚੀਜ਼ਾਂ ਦੀ ਵਿਕਰੀ ਵਿਚ ਘਾਟਾ
ਪੋਲਿਸ਼ ਦੇ ਨਿਊਜ਼ਵੀਕ ਰਸਾਲੇ ਨੇ ਦੱਸਿਆ ਕਿ ਸਦੀਆਂ ਤੋਂ ਪੋਲੈਂਡ ਵਿਚ “ਧਾਰਮਿਕ ਚੀਜ਼ਾਂ ਵੇਚਣ ਦੁਆਰਾ ਚੰਗਾ ਪੈਸਾ ਬਣਦਾ ਸੀ।” ਪਰ ਹਾਲ ਹੀ ਦੇ ਸਮੇਂ ਵਿਚ ਬਹੁਤ ਹੀ ਘੱਟ ਮੂਰਤੀਆਂ ਵਿਕਦੀਆਂ ਹਨ। ਭਾਵੇਂ ਕਿ 2002 ਵਿਚ ਪੋਪ ਦੇ ਪੋਲੈਂਡ ਨੂੰ ਆਉਣ ਬਾਰੇ ਕਾਫ਼ੀ ਮਸ਼ਹੂਰੀ ਕੀਤੀ ਗਈ ਸੀ, ਫਿਰ ਵੀ ਲੋਕਾਂ ਨੇ ਪਹਿਲਾਂ ਵਾਂਗ ਚੇਨਾਂ ਅਤੇ ਧਾਰਮਿਕ ਤਸਵੀਰਾਂ ਨਹੀਂ ਖ਼ਰੀਦੀਆਂ। ਰਸਾਲੇ ਨੇ ਅੱਗੇ ਕਿਹਾ: ‘ਬਾਜ਼ਾਰ ਵਿਚ ਪੋਪ ਦੇ ਲੱਖਾਂ ਹੀ ਮਿੱਟੀ ਅਤੇ ਧਾਤ ਦੇ ਬਣੇ ਬੁੱਤ, ਤੱਪੜ, ਤਸਵੀਰਾਂ ਅਤੇ ਮੂਰਤੀਆਂ ਦੇ ਢੇਰ ਲੱਗੇ ਹੋਏ ਸਨ।’ ਪਰ “ਗਾਹਕ ਇਹੋ ਜਿਹੀਆਂ ਚੀਜ਼ਾਂ ਪਸੰਦ ਨਹੀਂ ਕਰਦੇ।” ਹੁਣ ਜ਼ਿਆਦਾ ਮਸ਼ਹੂਰ ਪਲਾਸਟਿਕ ਕਾਰਡ ਹਨ ਜਿਨ੍ਹਾਂ ਦੇ ਇਕ ਪਾਸੇ “ਧਾਰਮਿਕ ਤਸਵੀਰ” ਅਤੇ ਦੂਸਰੇ ਪਾਸੇ “ਸੋਨੇ ਰੰਗ ਦੇ ਮਣਕੇ ਜੜੇ ਹੁੰਦੇ ਹਨ।” ਪੋਲੈਂਡੇ ਦੇ ਇਕ ਰਸਾਲੇ ਦਾ ਕਹਿਣਾ ਹੈ ਕਿ ‘ਪੋਪ ਦੀ ਤਸਵੀਰ ਵਾਲੇ ਇਹ ਕਾਰਡ’ ਹੁਣ ਬਹੁਤ ਹੀ ਮਸ਼ਹੂਰ ਹਨ। (g03 5/22)
ਗਰਭਵਤੀ ਔਰਤਾਂ ਲਈ ਵਧੀਆ ਸਲਾਹ
ਆਸਟ੍ਰੇਲੀਆ ਦੀ ਸਨ-ਹੈਰਲਡ ਅਖ਼ਬਾਰ ਨੇ ਕਿਹਾ: “70 ਤੋਂ 80 ਪ੍ਰਤਿਸ਼ਤ ਗਰਭਵਤੀ ਔਰਤਾਂ ਦਾ ਸਵੇਰੇ-ਸਵੇਰੇ ਦਿਲ ਕੱਚਾ ਹੁੰਦਾ ਹੈ।” ਅਕਸਰ ਦਿਲ ਕੱਚਾ ਹੋਣ ਦੇ ਨਾਲ-ਨਾਲ ਉਨ੍ਹਾਂ ਨੂੰ ਉਲਟੀਆਂ ਵੀ ਲੱਗਦੀਆਂ ਹਨ। ਕਈਆਂ ਦਾ ਖ਼ਿਆਲ ਹੈ ਕਿ ਇਸ ਦਾ ਕਾਰਨ ਇਹ ਹੈ ਕਿ ਗਰਭ ਦੌਰਾਨ ਪ੍ਰੋਜੇਸਟਰੌਨ ਨਾਂ ਦੇ ਹਾਰਮੋਨ ਦੀ ਗਿਣਤੀ ਵੱਧ ਜਾਂਦੀ ਹੈ, ਨਤੀਜੇ ਵਜੋਂ ਪੇਟ ਵਿਚ ਬਹੁਤ ਜ਼ਿਆਦਾ ਐਸਿਡ ਬਣ ਜਾਂਦਾ ਹੈ। ਇਸ ਦੇ ਨਾਲ-ਨਾਲ “ਸੁੰਘਣ-ਸ਼ਕਤੀ ਅੱਗੇ ਨਾਲੋਂ ਤੇਜ਼ ਹੋ ਜਾਂਦੀ ਹੈ ਜਿਸ ਕਾਰਨ ਔਰਤ ਦਾ ਜੀ ਕੱਚਾ ਹੋ ਸਕਦਾ ਹੈ।” ਜਦ ਕਿ ਇਸ ਦਾ ਕੋਈ ਪੱਕਾ ਇਲਾਜ ਨਹੀਂ ਹੈ, ਅਖ਼ਬਾਰ ਵਿਚ ਇਹ ਸਲਾਹ ਦਿੱਤੀ ਗਈ ਸੀ ਕਿ ਔਰਤ ਨੂੰ ਗਰਮ ਥਾਂ ਨਹੀਂ ਜਾਣਾ ਚਾਹੀਦਾ ਕਿਉਂਕਿ ਗਰਮੀ ਵਿਚ ਦਿਲ ਹੋਰ ਵੀ ਖ਼ਰਾਬ ਹੁੰਦਾ ਹੈ। ਚੰਗੀ ਤਰ੍ਹਾਂ ਆਰਾਮ ਕਰਨਾ ਜ਼ਰੂਰੀ ਹੈ ਅਤੇ ਨਿੰਬੂ ਚੀਰ ਕੇ ਸੁੰਘਣਾ ਵੀ ਚੰਗਾ ਹੁੰਦਾ ਹੈ। ਅਖ਼ਬਾਰ ਨੇ ਅੱਗੇ ਕਿਹਾ: “ਸਵੇਰ ਨੂੰ ਪਲੰਘ ਤੋਂ ਉੱਠਣ ਤੋਂ ਪਹਿਲਾਂ ਸੁੱਕਾ ਬਿਸਕੁਟ ਜਾਂ ਸਿਰੀਅਲ ਖਾਣ ਦੀ ਕੋਸ਼ਿਸ਼ ਕਰੋ। ਪਲੰਘ ਤੋਂ ਹੌਲੀ-ਹੌਲੀ ਉੱਠੋ। ਅਜਿਹੇ ਖਾਣੇ ਖਾਓ ਜਿਨ੍ਹਾਂ ਵਿਚ ਜ਼ਿਆਦਾ ਪ੍ਰੋਟੀਨ ਹੈ।” ਅਖ਼ਬਾਰ ਦਾ ਕਹਿਣਾ ਹੈ ਕਿ ਚੰਗੀ ਗੱਲ ਇਹ ਹੈ ਕਿ “ਹਾਲ ਹੀ ਵਿਚ ਕੀਤੇ ਗਏ ਅਧਿਐਨ ਸੰਕੇਤ ਕਰਦੇ ਹਨ ਕਿ ਜਿਨ੍ਹਾਂ ਔਰਤਾਂ ਦਾ ਗਰਭ ਦੌਰਾਨ ਦਿਲ ਕੱਚਾ ਹੁੰਦਾ ਹੈ, ਉਨ੍ਹਾਂ ਦਾ ਗਰਭਪਾਤ ਘੱਟ ਹੁੰਦਾ ਹੈ।” (g03 4/22)
ਮੀਡੀਆ ਵਿਚ ਭਾਰਤੀ ਲੋਕਾਂ ਦੀ ਵੱਧ ਰਹੀ ਦਿਲਚਸਪੀ
ਇਕ ਸਰਵੇਖਣ ਅਨੁਸਾਰ ਭਾਰਤ ਵਿਚ ਅਖ਼ਬਾਰ ਪੜ੍ਹਨ ਵਾਲਿਆਂ ਦੀ ਗਿਣਤੀ 1999 ਵਿਚ 13.1 ਕਰੋੜ ਸੀ ਜੋ ਗਿਣਤੀ 2002 ਤਕ ਵੱਧ ਕੇ 15.5 ਕਰੋੜ ਹੋ ਗਈ। ਦੇਸ਼ ਵਿਚ ਅਖ਼ਬਾਰਾਂ ਅਤੇ ਤਰ੍ਹਾਂ-ਤਰ੍ਹਾਂ ਦੇ ਰਸਾਲੇ ਪੜ੍ਹਨ ਵਾਲਿਆਂ ਦੀ ਕੁੱਲ ਗਿਣਤੀ 18 ਕਰੋੜ ਹੈ। ਭਾਰਤ ਦੀ ਆਬਾਦੀ 100 ਕਰੋੜ ਹੈ ਜਿਨ੍ਹਾਂ ਵਿੱਚੋਂ ਕੁਝ 65 ਪ੍ਰਤਿਸ਼ਤ ਲੋਕ ਪੜ੍ਹੇ-ਲਿਖੇ ਹਨ, ਇਸ ਲਈ ਕਿਹਾ ਜਾ ਸਕਦਾ ਹੈ ਕਿ ਹਾਲੇ ਹੋਰਨਾਂ ਲੋਕਾਂ ਨੂੰ ਵੀ ਪੜ੍ਹਨ ਦੀ ਲੋੜ ਹੈ। ਦੇਸ਼ ਦੇ ਕੁਝ 38.3 ਕਰੋੜ ਲੋਕ ਟੈਲੀਵਿਯਨ ਦੇਖਦੇ ਹਨ ਅਤੇ 68 ਕਰੋੜ ਤੋਂ ਜ਼ਿਆਦਾ ਲੋਕ ਰੇਡੀਓ ਸੁਣਦੇ ਹਨ। ਸਾਲ 1999 ਵਿਚ 14 ਲੱਖ ਲੋਕ ਇੰਟਰਨੈੱਟ ਵਰਤਦੇ ਸਨ ਜੋ ਗਿਣਤੀ ਹੁਣ 60 ਲੱਖ ਤਕ ਪਹੁੰਚ ਗਈ ਹੈ। ਜਿਨ੍ਹਾਂ ਘਰਾਂ ਵਿਚ ਟੈਲੀਵਿਯਨ ਹਨ ਉਨ੍ਹਾਂ ਵਿੱਚੋਂ ਤਕਰੀਬਨ ਅੱਧਿਆਂ ਕੋਲ ਕੇਬਲ ਅਤੇ ਸੈਟੇਲਾਇਟ ਟੀ. ਵੀ. ਹਨ, ਜੋ ਕਿ ਪਿਛਲੇ ਤਿੰਨ ਸਾਲਾਂ ਦੌਰਾਨ 31 ਪ੍ਰਤਿਸ਼ਤ ਵਾਧਾ ਹੈ। (g03 5/08)
ਮਾਲਾ ਜਪਣ ਵਿਚ ਦਿਲਚਸਪੀ ਵਧਾਉਣ ਦੀ ਕੋਸ਼ਿਸ਼
ਨਿਊਜ਼ਵੀਕ ਰਸਾਲੇ ਨੇ ਦੱਸਿਆ ਕਿ “ਪਿਛਲੇ 500 ਸਾਲਾਂ ਤਕ ਰੋਮਨ ਕੈਥੋਲਿਕ ਧਰਮ ਦੇ ਮੈਂਬਰ
ਪ੍ਰਭੂ ਦੀ ਪ੍ਰਾਰਥਨਾ ਅਤੇ ਕੁਆਰੀ ਮਰਿਯਮ ਦੀ ਪ੍ਰਾਰਥਨਾ ਮੰਤਰ ਵਾਂਗ ਜਪਦੇ ਆਏ ਹਨ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਯਿਸੂ ਅਤੇ ਉਸ ਦੀ ਮਾਂ ਦੇ ਜੀਵਨ ਵਿਚ ਵਾਪਰੀਆਂ 15 ਖ਼ਾਸ ਘਟਨਾਵਾਂ ਜਾਂ ‘ਅਣਜਾਣ’ ਗੱਲਾਂ ਉੱਤੇ ਮਨਨ ਕਰਨ ਦਾ ਮੌਕਾ ਮਿਲਦਾ ਹੈ। . . . ਪਿਛਲੇ ਅਕਤੂਬਰ ਪੋਪ ਜੌਨ ਪੌਲ ਦੂਜੇ ਨੇ ਇਕ ਚਿੱਠੀ ਦੁਆਰਾ ਮਾਲਾ-ਜਾਪ ਦੀ ਪੋਥੀ ਵਿਚ ਚੌਥੀ ਲੜੀ ਸ਼ਾਮਲ ਕੀਤੀ।” ਇਹ ਯਿਸੂ ਦੇ ਬਪਤਿਸਮੇ ਤੋਂ ਲੈ ਕੇ ਸ਼ਾਮ ਦੇ ਭੋਜਨ ਤਕ ਉਸ ਦੀ ਸੇਵਕਾਈ ਤੇ ਆਧਾਰਿਤ ਹੈ। ਰਸਾਲਾ ਅੱਗੇ ਦੱਸਦਾ ਹੈ: “ਪੋਪ ਖ਼ੁਦ ਇਸ ਤਰ੍ਹਾਂ ਦੀ ਪ੍ਰਾਰਥਨਾ ਕਰਨੀ ਪਸੰਦ ਕਰਦਾ ਹੈ। ਪਰ ਦੂਜੀ ਵੈਟੀਕਨ ਸਭਾ ਦੇ ਸਮੇਂ ਤੋਂ ਲੈ ਕੇ ਮਾਲਾ-ਜਾਪ ਲੋਕਪ੍ਰਿਯ ਨਹੀਂ ਰਹੀ ਅਤੇ ਪੋਪ ਚਾਹੁੰਦਾ ਹੈ ਕਿ ਲੋਕ ਦੁਬਾਰਾ ਇਸ ਵਿਚ ਦਿਲਚਸਪੀ ਲੈਣ। ਆਮ ਤੌਰ ਤੇ ਮਾਲਾ-ਜਾਪ ਵਿਚ ਮਰਿਯਮ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਪਰ ਪੋਪ ਦਾ ਮਕਸਦ ਹੈ ਕਿ ਇਸ ਕੈਥੋਲਿਕ ਰੀਤ ਵਿਚ ਮਰਿਯਮ ਨਾਲ ਮਸੀਹ ਦੇ ਸੰਬੰਧ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾਵੇ।” ਉਮੀਦ ਹੈ ਕਿ ਇਸ ਤਰ੍ਹਾਂ ਕੈਥੋਲਿਕ ਲੋਕ ਮਨਨ ਕਰਨ ਲਈ ਪ੍ਰੇਰਿਤ ਹੋਣਗੇ ਖ਼ਾਸ ਕਰਕੇ ਇਸ ਸਮੇਂ ਦੌਰਾਨ ਜਦੋਂ ਪੂਰਬੀ ਧਰਮਾਂ ਦੇ ਮਨਨ ਕਰਨ ਦੇ ਰੀਤਾਂ-ਰਿਵਾਜਾਂ ਦਾ ਕ੍ਰਿਸਚਿਏਨੀਟੀ ਉੱਤੇ ਅਸਰ ਪੈ ਰਿਹਾ ਹੈ।” (g03 6/08)ਵਿਆਹ ਦਾ ਬੰਧਨ ਤੋੜਨ ਵਾਲੀ ਸੰਸਥਾ
ਜਪਾਨ ਦੀ ਇਕ ਅਖ਼ਬਾਰ ਅਨੁਸਾਰ ਉੱਥੇ ਦੇ ਕੁਝ ਲੋਕ ਆਪਣੇ ਵਿਆਹੁਤਾ ਰਿਸ਼ਤੇ ਤੋਂ ਦੁਖੀ ਹੋ ਕੇ ਵਿਆਹੁਤਾ ਬੰਧਨ ਤੋੜਨ ਦੀ ਕੋਸ਼ਿਸ਼ ਕਰਦੇ ਹਨ। ਪਤੀ ਆਪਣੀ ਪਤਨੀ ਤੋਂ ਪਿੱਛਾ ਛੁਡਾਉਣ ਲਈ ਕੀ ਕਰਦਾ ਹੈ ਜੇਕਰ ਉਸ ਕੋਲ ਤਲਾਕ ਦਾ ਕੋਈ ਜਾਇਜ਼ ਕਾਰਨ ਨਾ ਹੋਵੇ? ਉਹ ਕਿਸੇ ਸੰਸਥਾ ਨੂੰ ਪੈਸੇ ਦਿੰਦਾ ਹੈ, ਜੋ ਸੰਸਥਾ ਉਸ ਦੀ ਪਤਨੀ ਦੀ ਮੁਲਾਕਾਤ ਅਚਾਨਕ ਕਿਸੇ ਸੋਹਣੇ-ਸੁਨੱਖੇ ਆਦਮੀ ਨਾਲ ਕਰਵਾ ਕੇ ਉਸ ਨੂੰ ਫਸਾ ਲੈਂਦੀ ਹੈ। ਕੁਝ ਹੀ ਸਮੇਂ ਬਾਅਦ ਪਤਨੀ ਤਲਾਕ ਲਈ ਰਾਜ਼ੀ ਹੋ ਜਾਂਦੀ ਹੈ। ਪਤੀ ਦਾ ਕੰਮ ਹੋ ਜਾਂਦਾ ਹੈ ਅਤੇ ਭਾੜੇ ਦਾ ਆਸ਼ਕ ਗਾਇਬ ਹੋ ਜਾਂਦਾ ਹੈ। ਜੇਕਰ ਪਤਨੀ ਆਪਣੇ ਪਤੀ ਤੋਂ ਪਿੱਛਾ ਛੁਡਾਉਣਾ ਚਾਹੇ, ਤਾਂ ਸੰਸਥਾ ਉਸ ਦੇ ਪਤੀ ਨੂੰ ਭਰਮਾਉਣ ਲਈ ਇਕ ਖੂਬਸੂਰਤ ਲੜਕੀ ਨੂੰ ਭੇਜਦੀ ਹੈ। ਇਕ 24 ਸਾਲਾਂ ਦੀ ਲੜਕੀ ਜੋ ਅਜਿਹੀ ਇਕ ਸੰਸਥਾ ਲਈ ਕੰਮ ਕਰਦੀ ਹੈ ਦੱਸਦੀ ਹੈ ਕਿ ਜਿਨ੍ਹਾਂ ਬੰਦਿਆਂ ਕੋਲ ਉਸ ਨੂੰ ਘੱਲਿਆ ਜਾਂਦਾ ਹੈ, ਉਨ੍ਹਾਂ ਵਿੱਚੋਂ ਬਹੁਤ ਹੀ ਘੱਟ “ਨਾ ਕਰਦੇ ਹਨ। ਮੈਂ ਆਪਣੇ ਕੰਮ ਵਿਚ 85 ਤੋਂ 90 ਪ੍ਰਤਿਸ਼ਤ ਕਾਮਯਾਬ ਹੁੰਦੀ ਹਾਂ।” ਇਕ ਸੰਸਥਾ ਦਾ ਪ੍ਰਧਾਨ ਅਜਿਹਿਆਂ ਕਰਮਚਾਰੀਆਂ ਨੂੰ ਨੌਕਰੀ ਤੋਂ ਜਵਾਬ ਦੇ ਦਿੰਦਾ ਹੈ ਜੋ ਪੰਜਾਂ ਵਿੱਚੋਂ ਤਿੰਨ ਵਾਰ ਅਸਫ਼ਲ ਹੁੰਦੇ ਹਨ। ਉਹ ਕਹਿੰਦਾ ਹੈ: “ਉਨ੍ਹਾਂ ਨੂੰ ਸਫ਼ਲ ਹੋਣਾ ਹੀ ਪੈਂਦਾ ਹੈ। ਇਹ ਸਾਡਾ ਧੰਦਾ ਹੈ।” (g03 6/22)
ਬੱਚੇ ਸੜਕਾਂ ਤੇ ਕਿਉਂ ਰਹਿੰਦੇ ਹਨ?
ਬ੍ਰਾਜ਼ੀਲ ਦੀ ਔ ਏਸਟਾਡੌ ਡੇ ਸਾਓ ਪੌਲੇ ਅਖ਼ਬਾਰ ਅਨੁਸਾਰ “ਬੱਚਿਆਂ ਅਤੇ ਨੌਜਵਾਨਾਂ ਦਾ ਘਰ ਛੱਡ ਕੇ ਸੜਕਾਂ ਤੇ ਰਹਿਣ ਦਾ ਮੁੱਖ ਕਾਰਨ ਘਰੇਲੂ ਹਿੰਸਾ ਹੈ।” ਰਿਓ ਡ ਜਨੇਰੋ ਦੀ ਬੱਚਿਆਂ ਤੇ ਨੌਜਵਾਨਾਂ ਦੀ ਸੰਸਥਾ ਵਿਚ ਪਨਾਹ ਲੈ ਰਹੇ 1,000 ਬੱਚਿਆਂ ਦੇ ਹਾਲ ਹੀ ਵਿਚ ਕੀਤੇ ਗਏ ਸਰਵੇਖਣ ਤੋਂ ਪਤਾ ਚੱਲਿਆ ਹੈ ਕਿ ਉਨ੍ਹਾਂ ਵਿੱਚੋਂ 39 ਪ੍ਰਤਿਸ਼ਤ ਭੈੜੇ ਸਲੂਕ ਦਾ ਸ਼ਿਕਾਰ ਬਣੇ ਹਨ, ਜਾਂ ਉਨ੍ਹਾਂ ਨੇ ਘਰ ਵਿਚ ਲੜਾਈ-ਝਗੜਾ ਹੁੰਦਾ ਦੇਖਿਆ ਹੈ। ਲੈਨੀ ਸ਼ਮਿਟਸ ਨਾਂ ਦੀ ਇਕ ਸਮਾਜ-ਵਿਗਿਆਨੀ ਅਨੁਸਾਰ “ਇਹ ਬੱਚੇ ਇੱਜ਼ਤ ਅਤੇ ਮਾਣ ਚਾਹੁੰਦੇ ਹਨ ਜੋ ਉਨ੍ਹਾਂ ਦੇ ਭਾਣੇ ਉਨ੍ਹਾਂ ਨੂੰ ਸੜਕਾਂ ਤੇ ਰਹਿ ਕੇ ਮਿਲ ਸਕਦਾ ਹੈ।” ਇਸ ਸਰਵੇਖਣ ਤੋਂ ਪਤਾ ਚੱਲਿਆ ਕਿ ਉਨ੍ਹਾਂ ਬੱਚਿਆਂ ਵਿੱਚੋਂ ਜੋ ਸੜਕਾਂ ਤੇ ਰਹਿੰਦੇ ਹਨ, 34 ਪ੍ਰਤਿਸ਼ਤ ਕੋਈ ਛੋਟੀ-ਮੋਟੀ ਨੌਕਰੀ ਕਰਨ ਜਾਂ ਭਿੱਖ ਮੰਗਣ ਘਰੋਂ ਨਿਕਲੇ ਸਨ, 10 ਪ੍ਰਤਿਸ਼ਤ ਨਸ਼ੇ ਦੇ ਆਦੀ ਸਨ ਅਤੇ 14 ਪ੍ਰਤਿਸ਼ਤ ਦਾ ਕਹਿਣਾ ਹੈ ਕਿ ਉਹ ਸੜਕਾਂ ਤੇ ਰਹਿਣਾ ਚਾਹੁੰਦੇ ਸਨ। ਖੋਜਕਾਰਾਂ ਅਨੁਸਾਰ, ਜੋ ਬੱਚੇ ਇਹ ਕਹਿੰਦੇ ਹਨ ਕਿ ਉਹ ਸੜਕਾਂ ਤੇ ਰਹਿਣਾ ਚਾਹੁੰਦੇ ਹਨ, ਉਹ ਇਸ ਦਾ ਅਸਲੀ ਕਾਰਨ ਛੁਪਾ ਰਹੇ ਹਨ, ਸ਼ਾਇਦ ਘਰ ਵਿਚ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ ਜਾ ਰਿਹਾ ਸੀ। ਕੁਝ 71 ਪ੍ਰਤਿਸ਼ਤ ਬੱਚੇ ਸੜਕਾਂ ਤੇ ਹੋਰਨਾਂ ਬੱਚਿਆਂ ਦੇ ਨਾਲ ਰਹਿੰਦੇ ਹਨ। ਸ਼ਮਿਟਸ ਕਹਿੰਦੀ ਹੈ ਕਿ ਸੜਕਾਂ ਤੇ ਉਨ੍ਹਾਂ ਨੇ ‘ਆਪਣੇ ਪਰਿਵਾਰ ਬਣਾਏ ਹਨ। ਉਹ ਦੂਸਰੇ ਬੱਚਿਆਂ ਨੂੰ ਆਪਣੇ ਭੈਣ-ਭਰਾ, ਚਾਚੇ-ਮਾਮੇ ਜਾਂ ਮਾਪੇ ਸਮਝਦੇ ਹਨ।’ (g03 6/22)