Skip to content

Skip to table of contents

ਅਸ਼ਲੀਲ ਤਸਵੀਰਾਂ ਬਾਰੇ ਵੱਖੋ-ਵੱਖਰੇ ਵਿਚਾਰ

ਅਸ਼ਲੀਲ ਤਸਵੀਰਾਂ ਬਾਰੇ ਵੱਖੋ-ਵੱਖਰੇ ਵਿਚਾਰ

ਅਸ਼ਲੀਲ ਤਸਵੀਰਾਂ ਬਾਰੇ ਵੱਖੋ-ਵੱਖਰੇ ਵਿਚਾਰ

“ਇਹ ਅਜਿਹੀ ਲਾਲਸਾ ਪੈਦਾ ਕਰਦੀ ਹੈ ਜੋ ਨਹੀਂ ਹੋਣੀ ਚਾਹੀਦੀ ਅਤੇ ਜਿਸ ਨੂੰ ਕਦੀ ਵੀ ਪੂਰਾ ਨਹੀਂ ਕੀਤਾ ਜਾਣਾ ਚਾਹੀਦਾ।”—ਟੋਨੀ ਪਾਰਸਨਸ, ਕਾਲਮਨਵੀਸ।

ਜੌਨ ਇਕ ਦਿਨ ਇੰਟਰਨੈੱਟ ਇਸਤੇਮਾਲ ਕਰਦਾ-ਕਰਦਾ ਅਜਿਹੀ ਸਾਈਟ ਤੇ ਆਇਆ ਜਿਸ ਵਿਚ ਸੈਕਸ ਬਾਰੇ ਗੱਲਬਾਤ ਕਰਨ ਦਾ ਇਸ਼ਤਿਹਾਰ ਦਿੱਤਾ ਗਿਆ ਸੀ। * ਬਹੁਤ ਜਲਦੀ ਉਸ ਨੂੰ ਅਜਿਹੀਆਂ ਸਾਈਟਾਂ ਦੇਖਣ ਦੀ ਆਦਤ ਪੈ ਗਈ। ਉਸ ਨੇ ਦੱਸਿਆ: “ਮੈਂ ਆਪਣੀ ਪਤਨੀ ਦੀ ਕੰਮ ਤੇ ਜਾਣ ਦੀ ਉਡੀਕ ਕਰਦਾ ਹੁੰਦਾ ਸੀ ਅਤੇ ਫਿਰ ਉਸ ਦੇ ਚਲੇ ਜਾਣ ਤੋਂ ਬਾਅਦ ਫਟਾਫਟ ਉੱਠ ਕੇ ਕਈ ਘੰਟਿਆਂ ਤਕ ਕੰਪਿਊਟਰ ਮੋਹਰੇ ਬੈਠਾ ਰਹਿੰਦਾ ਸੀ।” ਕਦੀ-ਕਦੀ ਤਾਂ ਉਹ ਇੱਦਾਂ ਕਰਦਿਆਂ ਖਾਣਾ-ਪੀਣਾ ਵੀ ਭੁੱਲ ਜਾਂਦਾ ਸੀ। ਉਸ ਨੇ ਕਿਹਾ: “ਮੈਨੂੰ ਭੁੱਖ ਦਾ ਅਹਿਸਾਸ ਹੀ ਨਹੀਂ ਹੁੰਦਾ ਸੀ।” ਉਹ ਇਸ ਆਦਤ ਬਾਰੇ ਆਪਣੀ ਪਤਨੀ ਨੂੰ ਝੂਠ ਵੀ ਬੋਲਣ ਲੱਗਾ। ਕੰਮ ਤੇ ਵੀ ਉਸ ਦਾ ਧਿਆਨ ਨਹੀਂ ਲੱਗਦਾ ਸੀ। ਡਰ ਅਤੇ ਸ਼ੱਕ ਉਸ ਨੂੰ ਅੰਦਰੋਂ-ਅੰਦਰੀਂ ਖਾਣ ਲੱਗਾ। ਉਸ ਦੇ ਵਿਆਹੁਤਾ ਰਿਸ਼ਤੇ ਉੱਤੇ ਵੀ ਭੈੜਾ ਅਸਰ ਪੈਣ ਲੱਗ ਪਿਆ ਅਤੇ ਜਦੋਂ ਉਸ ਨੇ ਇੰਟਰਨੈੱਟ ਤੇ ਮਿਲੀ ਕਿਸੇ ਔਰਤ ਨਾਲ ਮੁਲਾਕਾਤ ਕਰਨ ਦੀ ਯੋਜਨਾ ਬਣਾਈ, ਤਾਂ ਉਸ ਦੀ ਪਤਨੀ ਨੂੰ ਪਤਾ ਲੱਗ ਪਿਆ। ਜੌਨ ਇੰਟਰਨੈੱਟ ਸੈਕਸ ਦਾ ਅਮਲੀ ਬਣ ਗਿਆ ਸੀ। ਕਈ ਲੋਕਾਂ ਦੀ ਤਰ੍ਹਾਂ ਜੌਨ ਅਚਾਨਕ ਹੀ ਪੋਰਨੋਗ੍ਰਾਫੀ ਯਾਨੀ ਅਸ਼ਲੀਲ ਸਾਮੱਗਰੀ ਦਾ ਸ਼ਿਕਾਰ ਹੋ ਗਿਆ ਅਤੇ ਹੁਣ ਉਹ ਇਸ ਦਾ ਇਲਾਜ ਕਰਾ ਰਿਹਾ ਹੈ।

ਪੋਰਨੋਗ੍ਰਾਫੀ ਦਾ ਵਿਰੋਧ ਕਰਨ ਵਾਲੇ ਅਜਿਹੀਆਂ ਕਹਾਣੀਆਂ ਦਾ ਜ਼ਿਕਰ ਕਰ ਕੇ ਸਮਝਾਉਂਦੇ ਹਨ ਕਿ ਇਸ ਦਾ ਕਿੰਨਾ ਭੈੜਾ ਅਸਰ ਪੈਂਦਾ ਹੈ। ਉਹ ਕਹਿੰਦੇ ਹਨ ਕਿ ਪੋਰਨੋਗ੍ਰਾਫੀ ਕਰਕੇ ਰਿਸ਼ਤੇ ਟੁੱਟ ਜਾਂਦੇ ਹਨ, ਔਰਤਾਂ ਦਾ ਅਪਮਾਨ ਹੁੰਦਾ ਹੈ, ਬੱਚਿਆਂ ਦਾ ਸ਼ੋਸ਼ਣ ਹੁੰਦਾ ਹੈ ਅਤੇ ਸੈਕਸ ਬਾਰੇ ਗ਼ਲਤ ਅਤੇ ਗੰਦੇ ਵਿਚਾਰ ਪੈਦਾ ਹੁੰਦੇ ਹਨ। ਪਰ ਦੂਜੇ ਪਾਸੇ, ਪੋਰਨੋਗ੍ਰਾਫੀ ਦਾ ਸਮਰਥਨ ਕਰਨ ਵਾਲੇ ਲੋਕ ਕਹਿੰਦੇ ਹਨ ਕਿ ਅਜਿਹੇ ਲੋਕ ਨਖਰੇ ਕਰਦੇ ਹਨ ਕਿਉਂਕਿ ਪੋਰਨੋਗ੍ਰਾਫੀ ਸਿਰਫ਼ ਆਜ਼ਾਦੀ ਦਾ ਪ੍ਰਗਟਾਵਾ ਹੈ। ਇਸ ਦੇ ਇਕ ਹਿਮਾਇਤੀ ਨੇ ਕਿਹਾ ਕਿ “ਲੋਕਾਂ ਨੂੰ ਆਪਣੀਆਂ ਲਿੰਗੀ ਇੱਛਾਵਾਂ ਅਤੇ ਕਾਮਨਾਵਾਂ ਬਾਰੇ ਸ਼ਰਮ ਨਹੀਂ ਆਉਣੀ ਚਾਹੀਦੀ। ਪੋਰਨੋਗ੍ਰਾਫੀ ਦੀ ਮਦਦ ਨਾਲ ਲੋਕ ਸੈਕਸ ਬਾਰੇ ਖੁੱਲ੍ਹ ਕੇ ਗੱਲਾਂ-ਬਾਤਾਂ ਕਰ ਸਕਦੇ ਹਨ।” ਕਈ ਲੋਕ ਇਹ ਵੀ ਮੰਨਦੇ ਹਨ ਕਿ ਜਿੰਨੀ ਜ਼ਿਆਦਾ ਅਸ਼ਲੀਲ ਸਾਮੱਗਰੀ ਉਪਲਬਧ ਹੋਵੇਗੀ, ਸਾਡਾ ਸਮਾਜ ਉੱਨਾ ਹੀ ਵਧੀਆ ਬਣੇਗਾ। ਲਿਖਾਰੀ ਬ੍ਰਾਈਅਨ ਮਕਨੈਰ ਨੇ ਕਿਹਾ ਕਿ “ਜਿਸ ਸਮਾਜ ਵਿਚ ਲੋਕ ਲਿੰਗੀ ਹਰਕਤਾਂ ਦੀਆਂ ਤਸਵੀਰਾਂ ਤੇ ਫ਼ਿਲਮਾਂ ਨੂੰ ਕਬੂਲ ਕਰ ਸਕਦੇ ਹਨ, ਉਸ ਸਮਾਜ ਦੇ ਲੋਕ ਦੂਸਰਿਆਂ ਦੀਆਂ ਲਿੰਗੀ ਪਸੰਦਾਂ ਨੂੰ ਬੁਰਾ ਨਹੀਂ ਮੰਨਣਗੇ ਅਤੇ ਉਹ ਔਰਤਾਂ ਦਾ ਅਪਮਾਨ ਕਰਨ ਦੀ ਬਜਾਇ ਉਨ੍ਹਾਂ ਨੂੰ ਬਰਾਬਰ ਦੇ ਹੱਕ ਦੇਣਗੇ।”

ਪਰ ਕੀ ਲੋਕਾਂ ਦੇ ਇਹ ਵੱਖਰੇ-ਵੱਖਰੇ ਵਿਚਾਰਾਂ ਦਾ ਮਤਲਬ ਇਹ ਹੈ ਕਿ ਪੋਰਨੋਗ੍ਰਾਫੀ ਵਿਚ ਕੋਈ ਖ਼ਰਾਬੀ ਨਹੀਂ ਹੈ? ਇਸ ਵਿਚ ਇੰਨਾ ਵਾਧਾ ਕਿਉਂ ਹੋ ਰਿਹਾ ਹੈ? ਕੀ ਪੋਰਨੋਗ੍ਰਾਫੀ ਸੱਚ-ਮੁੱਚ ਨੁਕਸਾਨਦੇਹ ਹੈ? ਅਗਲੇ ਲੇਖ ਵਿਚ ਇਨ੍ਹਾਂ ਸਵਾਲਾਂ ਬਾਰੇ ਚਰਚਾ ਕੀਤੀ ਜਾਵੇਗੀ? (g03 7/22)

[ਫੁਟਨੋਟ]

^ ਪੈਰਾ 3 ਨਾਂ ਬਦਲੇ ਗਏ ਹਨ।