Skip to content

Skip to table of contents

“ਆਪਣੀ ਛਤਰੀ ਨਾ ਭੁੱਲਿਓ!”

“ਆਪਣੀ ਛਤਰੀ ਨਾ ਭੁੱਲਿਓ!”

“ਆਪਣੀ ਛਤਰੀ ਨਾ ਭੁੱਲਿਓ!”

ਬਰਤਾਨੀਆ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਇੰਗਲੈਂਡ ਵਿਚ ਆਮ ਤੌਰ ਤੇ ਲੋਕ ਛਤਰੀ ਆਪਣੇ ਨਾਲ ਹੀ ਰੱਖਦੇ ਹਨ। ਕੁਝ ਪਤਾ ਨਹੀਂ ਹੁੰਦਾ ਕਿ ਕਦੋਂ ਮੀਂਹ ਪੈ ਜਾਵੇ। ਜਦੋਂ ਕੋਈ ਘਰੋਂ ਬਾਹਰ ਜਾਂਦਾ ਹੈ, ਤਾਂ ਅਸੀਂ ਅਕਸਰ ਉਨ੍ਹਾਂ ਨੂੰ ਆਵਾਜ਼ ਦੇ ਕੇ ਕਹਿੰਦੇ ਹਾਂ ਕਿ “ਆਪਣੀ ਛਤਰੀ ਨਾ ਭੁੱਲਿਓ!” ਅਤੇ ਫਿਰ ਜਦੋਂ ਸਾਡਾ ਧਿਆਨ ਹੋਰ ਪਾਸੇ ਲੱਗ ਜਾਂਦਾ ਹੈ, ਤਾਂ ਅਸੀਂ ਝੱਟ ਇਸ ਨੂੰ ਬੱਸ, ਟ੍ਰੇਨ ਜਾਂ ਕਿਸੇ ਦੁਕਾਨ ਵਿਚ ਭੁੱਲ ਆਉਂਦੇ ਹਾਂ। ਸ਼ਾਇਦ ਅਸੀਂ ਇਸ ਲਈ ਆਪਣੀ ਛਤਰੀ ਨੂੰ ਇੰਨਾ ਸੰਭਾਲ ਕੇ ਨਹੀਂ ਰੱਖਦੇ ਕਿਉਂਕਿ ਅਸੀਂ ਆਸਾਨੀ ਨਾਲ ਹੋਰ ਖ਼ਰੀਦ ਸਕਦੇ ਹਾਂ। ਪਰ ਹਮੇਸ਼ਾ ਤੋਂ ਲੋਕ ਛਤਰੀਆਂ ਬਾਰੇ ਇਸ ਤਰ੍ਹਾਂ ਨਹੀਂ ਸੋਚਦੇ ਸਨ।

ਇਸ ਦਾ ਇਤਿਹਾਸ

ਪਹਿਲੀਆਂ ਬਣਾਈਆਂ ਗਈਆਂ ਛਤਰੀਆਂ ਦਾ ਮੀਂਹ ਨਾਲ ਕੋਈ ਸੰਬੰਧ ਨਹੀਂ ਸੀ। ਇਹ ਵੱਡੇ-ਵੱਡੇ ਲੋਕਾਂ ਦੇ ਰੁਤਬੇ ਤੇ ਸ਼ਾਨ ਦਾ ਨਿਸ਼ਾਨ ਹੁੰਦੀਆਂ ਸਨ। ਅੱਸ਼ੂਰ, ਮਿਸਰ, ਫ਼ਾਰਸ ਅਤੇ ਭਾਰਤ ਤੋਂ ਹਜ਼ਾਰਾਂ ਸਾਲ ਪੁਰਾਣੀਆਂ ਘੜੀਆਂ ਚੀਜ਼ਾਂ ਅਤੇ ਤਸਵੀਰਾਂ ਉੱਤੇ ਰਾਜਿਆਂ ਨੂੰ ਧੁੱਪ ਤੋਂ ਛਾਂ ਕਰਨ ਲਈ ਨੌਕਰ ਛਾਤੇ ਤਾਣ ਕੇ ਖੜ੍ਹੇ ਦਿਖਾਈ ਦਿੰਦੇ ਹਨ। ਅੱਸ਼ੂਰ ਵਿਚ ਸਿਰਫ਼ ਰਾਜੇ ਕੋਲ ਹੀ ਛਤਰੀ ਰੱਖਣ ਦਾ ਅਧਿਕਾਰ ਹੁੰਦਾ ਸੀ।

ਇਤਿਹਾਸ ਦੌਰਾਨ ਖ਼ਾਸ ਕਰਕੇ ਏਸ਼ੀਆ ਵਿਚ ਛਤਰੀ ਤਾਕਤ ਜਾਂ ਸ਼ਕਤੀ ਨੂੰ ਦਰਸਾਉਂਦੀ ਰਹੀ। ਜਿੰਨੀਆਂ ਜ਼ਿਆਦਾ ਛਤਰੀਆਂ ਰਾਜੇ ਕੋਲ ਹੁੰਦੀਆਂ ਸਨ ਉੱਨੀ ਉਸ ਦੀ ਹੈਸੀਅਤ ਵਧਦੀ ਸੀ। ਜਿਵੇਂ ਬਰਮਾ ਦੇ ਰਾਜੇ ਤੋਂ ਦੇਖਿਆ ਜਾਂਦਾ ਹੈ ਜਿਸ ਨੂੰ ਚੌਵ੍ਹੀ ਛਤਰੀਆਂ ਦਾ ਸਰਦਾਰ ਸੱਦਿਆ ਗਿਆ ਸੀ। ਕਦੀ-ਕਦੀ ਇਹ ਗੱਲ ਮਹੱਤਤਾ ਰੱਖਦੀ ਸੀ ਕਿ ਛਤਰੀਆਂ ਦੀਆਂ ਤਹਿਆਂ ਕਿੰਨੀਆਂ ਸਨ। ਚੀਨ ਦੇ ਸ਼ਹਿਨਸ਼ਾਹ ਦੀ ਛਤਰੀ ਦੀਆਂ ਚਾਰ ਤਹਿਆਂ ਸਨ ਅਤੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਚਾਰ ਛਤਰੀਆਂ ਇਕ ਦੂਸਰੇ ਉੱਤੇ ਰੱਖੀਆਂ ਗਈਆਂ ਸਨ। ਸਾਈਏਮ ਦੇ ਰਾਜੇ ਦੀ ਛਤਰੀ ਦੀਆਂ ਸੱਤ ਜਾਂ ਨੌਂ ਤਹਿਆਂ ਸਨ। ਅੱਜ ਵੀ ਕੁਝ ਪੂਰਬੀ ਅਤੇ ਅਫ਼ਰੀਕੀ ਦੇਸ਼ਾਂ ਵਿਚ ਛਤਰੀਆਂ ਇਖ਼ਤਿਆਰ ਜਾਂ ਤਾਕਤ ਦਾ ਨਿਸ਼ਾਨ ਹਨ।

ਛਤਰੀਆਂ ਦਾ ਧਰਮ ਨਾਲ ਸੰਬੰਧ

ਸ਼ੁਰੂ ਤੋਂ ਹੀ ਛਤਰੀਆਂ ਦਾ ਸੰਬੰਧ ਧਰਮ ਨਾਲ ਜੋੜਿਆ ਗਿਆ ਸੀ। ਪੁਰਾਣੇ ਜ਼ਮਾਨੇ ਵਿਚ ਮਿਸਰ ਦੇ ਲੋਕ ਸੋਚਦੇ ਸਨ ਕਿ ਨੱਟ ਨਾਂ ਦੀ ਦੇਵੀ ਇਕ ਛਤਰੀ ਵਾਂਗ ਆਪਣੇ ਸਰੀਰ ਨਾਲ ਪੂਰੀ ਧਰਤੀ ਨੂੰ ਪਨਾਹ ਦਿੰਦੀ ਸੀ। ਉਸ ਦੀ ਸੁਰੱਖਿਆ ਪਾਉਣ ਲਈ ਲੋਕ ਆਪਣੀਆਂ ਛਤਰੀਆਂ ਲਈ ਫਿਰਦੇ ਸਨ। ਭਾਰਤ ਅਤੇ ਚੀਨ ਵਿਚ ਲੋਕ ਵਿਸ਼ਵਾਸ ਕਰਦੇ ਸਨ ਕਿ ਇਕ ਖੁੱਲ੍ਹੀ ਛਤਰੀ ਅਕਾਸ਼ ਮੰਡਲ ਨੂੰ ਦਰਸਾਉਂਦੀ ਹੈ। ਮੁਢਲੇ ਬੋਧੀ ਇਸ ਨੂੰ ਮਹਾਤਮਾ ਬੁੱਧ ਦਾ ਨਿਸ਼ਾਨ ਸਮਝਦੇ ਸਨ ਅਤੇ ਅਕਸਰ ਆਪਣੇ ਬੁੱਤਾਂ ਉੱਤੇ ਛਤਰੀਆਂ ਤਾਣਦੇ ਸਨ। ਹਿੰਦੂ ਧਰਮ ਵਿਚ ਵੀ ਛਤਰੀਆਂ ਮਹੱਤਤਾ ਰੱਖਦੀਆਂ ਸਨ।

ਸੰਨ 500 ਸਾ.ਯੁ.ਪੂ. ਤਕ ਛਤਰੀਆਂ ਯੂਨਾਨ ਵਿਚ ਵੀ ਆ ਚੁੱਕੀਆਂ ਸਨ। ਇੱਥੇ ਧਾਰਮਿਕ ਤਿਉਹਾਰਾਂ ਦੌਰਾਨ ਛਤਰੀਆਂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਉੱਤੇ ਤਾਣੀਆਂ ਜਾਂਦੀਆਂ ਸਨ। ਅਥੇਨੀ ਔਰਤਾਂ ਦੇ ਨੌਕਰ ਛੋਟੀ ਜ਼ਨਾਨਾ ਛਤਰੀ ਨਾਲ ਉਨ੍ਹਾਂ ਨੂੰ ਧੁੱਪ ਤੋਂ ਛਾਂ ਕਰਦੇ ਸਨ, ਪਰ ਬਹੁਤ ਹੀ ਘੱਟ ਆਦਮੀ ਛਤਰੀ ਵਰਤਦੇ ਸਨ। ਇਸ ਦਾ ਰਿਵਾਜ ਯੂਨਾਨ ਤੋਂ ਰੋਮ ਤਕ ਪਹੁੰਚ ਗਿਆ।

ਰੋਮਨ ਕੈਥੋਲਿਕ ਗਿਰਜੇ ਨੇ ਛਤਰੀ ਨੂੰ ਆਪਣੇ ਰਸਮੀ ਸ਼ਿੰਗਾਰ ਵਿਚ ਸ਼ਾਮਲ ਕੀਤਾ। ਪੋਪ, ਲਾਲ ਤੇ ਪੀਲੇ ਰੰਗ ਦੀਆਂ ਧਾਰਾਂ ਵਾਲੀ ਰੇਸ਼ਮੀ ਛਤਰੀ ਵਰਤਣ ਲੱਗ ਪਿਆ ਜਦ ਕੇ ਪਾਦਰੀ ਅਤੇ ਬਿਸ਼ਪ ਜਾਮਣੀ ਜਾਂ ਹਰੇ ਰੰਗ ਦੀਆਂ ਛਤਰੀਆਂ ਵਰਤਣ ਲੱਗੇ। ਅੱਜ ਵੀ ਗਿਰਜਿਆਂ ਵਿਚ ਪੋਪ ਲਈ ਇਕ ਕੁਰਸੀ ਰੱਖੀ ਜਾਂਦੀ ਹੈ ਜਿਸ ਤੇ ਲਾਲ ਤੇ ਪੀਲੇ ਰੰਗ ਦੀ ਛਤਰੀ ਤਾਣੀ ਹੁੰਦੀ ਹੈ। ਪੋਪ ਦੀ ਮੌਤ ਹੋਣ ਤੇ ਹੋਰ ਪੋਪ ਚੁਣੇ ਜਾਣ ਤਕ, ਇਕ ਪਾਦਰੀ ਨੂੰ ਗਿਰਜੇ ਦਾ ਪ੍ਰਧਾਨ ਬਣਾਇਆ ਜਾਂਦਾ ਹੈ। ਇਸ ਸਮੇਂ ਦੌਰਾਨ ਪਾਦਰੀ ਆਪਣੀ ਪਛਾਣ ਕਰਾਉਣ ਵਾਸਤੇ ਪੋਪ ਦੀ ਛਤਰੀ ਵਰਤਦਾ ਹੈ।

ਧੁੱਪ ਵਿਚ ਛਾਂ, ਮੀਂਹ ਵਿਚ ਪਰਦਾ

ਮੀਂਹ ਵਿਚ ਖ਼ਰਾਬ ਹੋਣ ਤੋਂ ਛਤਰੀਆਂ ਨੂੰ ਬਚਾਉਣ ਲਈ ਚੀਨ ਜਾਂ ਸ਼ਾਇਦ ਰੋਮ ਦੀਆਂ ਔਰਤਾਂ ਨੇ ਕਾਗਜ਼ ਦੀਆਂ ਆਪਣੀਆਂ ਛੋਟੀਆਂ ਛਤਰੀਆਂ ਤੇ ਤੇਲ ਅਤੇ ਮੋਮ ਲਗਾਉਣਾ ਸ਼ੁਰੂ ਕੀਤਾ। ਪਰ ਯੂਰਪ ਵਿਚ ਛਤਰੀਆਂ ਨੂੰ ਛਾਂ ਜਾਂ ਪਰਦੇ ਲਈ ਵਰਤਣਾ ਬੰਦ ਹੋ ਗਿਆ। ਫਿਰ, 16ਵੀਂ ਸਦੀ ਵਿਚ ਇਤਾਲਵੀ ਲੋਕਾਂ ਨੇ ਅਤੇ ਬਾਅਦ ਵਿਚ ਫਰਾਂਸੀਸੀ ਲੋਕਾਂ ਨੇ ਇਨ੍ਹਾਂ ਨੂੰ ਦੁਬਾਰਾ ਵਰਤਣਾ ਸ਼ੁਰੂ ਕੀਤਾ।

ਅਠਾਰਵੀਂ ਸਦੀ ਤਕ ਇੰਗਲੈਂਡ ਦੀਆਂ ਔਰਤਾਂ ਨੇ ਛਤਰੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਸਨ। ਪਰ ਆਦਮੀ ਇਨ੍ਹਾਂ ਨੂੰ ਲੈਣ ਤੋਂ ਇਨਕਾਰ ਕਰਦੇ ਸਨ। ਉਹ ਸੋਚਦੇ ਸਨ ਕਿ ਛਤਰੀ ਬੇਲੋੜੀ ਅਤੇ ਸਿਰਫ਼ ਔਰਤਾਂ ਦੇ ਕੰਮ ਦੀ ਚੀਜ਼ ਸੀ। ਪਰ ਹੋਟਲਾਂ ਦੇ ਮਾਲਕ ਇਨ੍ਹਾਂ ਨੂੰ ਵਰਤਣ ਲੱਗੇ। ਉਨ੍ਹਾਂ ਨੇ ਦੇਖਿਆ ਕਿ ਖ਼ਰਾਬ ਮੌਸਮ ਵਿਚ ਗਾਹਕਾਂ ਨੂੰ ਹੋਟਲ ਦੇ ਦਰਵਾਜ਼ੇ ਤੋਂ ਬੱਘੀ ਵਿਚ ਬਿਠਾਉਣ ਲਈ ਇਨ੍ਹਾਂ ਨੂੰ ਵਰਤਣਾ ਬਹੁਤ ਹੀ ਫ਼ਾਇਦੇਮੰਦ ਸੀ। ਪਾਦਰੀ ਵੀ ਛਤਰੀਆਂ ਨੂੰ ਫ਼ਾਇਦੇਮੰਦ ਸਮਝਦੇ ਸਨ ਖ਼ਾਸ ਕਰਕੇ ਜਦੋਂ ਕਿਸੇ ਨੂੰ ਦਫ਼ਨਾਉਣ ਦੀ ਰਸਮ ਪੂਰੀ ਕਰਨ ਵੇਲੇ ਬਹੁਤ ਮੀਂਹ ਪੈ ਰਿਹਾ ਹੁੰਦਾ ਸੀ।

ਯੂਨਾਸ ਹੈਂਵੇ ਨਾਂ ਦੇ ਆਦਮੀ ਨੇ ਇੰਗਲੈਂਡ ਵਿਚ ਛਤਰੀਆਂ ਬਾਰੇ ਲੋਕਾਂ ਦਾ ਖ਼ਿਆਲ ਹੀ ਬਦਲ ਦਿੱਤਾ। ਕਿਹਾ ਜਾਂਦਾ ਹੈ ਕਿ ਉਹ ਪਹਿਲਾ ਆਦਮੀ ਸੀ ਜਿਸ ਨੇ ਲੰਡਨ ਵਿਚ ਛਤਰੀ ਲੈ ਕੇ ਘੁੰਮਣ ਦੀ ਹਿੰਮਤ ਕੀਤੀ। ਹੋਰਨਾਂ ਦੇਸ਼ਾਂ ਦੀ ਯਾਤਰਾ ਕਰਦੇ ਸਮੇਂ ਉਸ ਨੇ ਬੰਦਿਆਂ ਨੂੰ ਛਤਰੀਆਂ ਵਰਤਦੇ ਦੇਖਿਆ ਸੀ, ਇਸ ਲਈ ਉਸ ਨੇ ਵੀ ਛਤਰੀ ਵਰਤਣ ਦਾ ਪੱਕਾ ਇਰਾਦਾ ਕੀਤਾ ਭਾਵੇਂ ਕਿ ਉਸ ਨੂੰ ਬੱਘੀ ਚਲਾਉਣ ਵਾਲਿਆਂ ਦਾ ਮਖੌਲ ਸਹਿਣਾ ਪੈਂਦਾ ਸੀ। ਜਦੋਂ ਉਹ ਸਵਾਰੀ ਲੈ ਕਿ ਲੰਘਦੇ ਸਨ ਉਹ ਜਾਣ-ਬੁੱਝ ਕੇ ਗਟਰ ਦੇ ਗੰਦੇ ਪਾਣੀ ਵਿਚ ਦੀ ਲੰਘ ਕੇ ਉਸ ਤੇ ਛਿੱਟੇ ਪਾਉਂਦੇ ਸਨ। ਤੀਹ ਸਾਲਾਂ ਲਈ ਹੈਂਵੇ ਆਪਣੀ ਛਤਰੀ ਵਰਤਦਾ ਰਿਹਾ ਅਤੇ 1786 ਵਿਚ ਜਦ ਉਸ ਦੀ ਮੌਤ ਹੋਈ, ਔਰਤਾਂ ਦੇ ਨਾਲ-ਨਾਲ ਆਦਮੀ ਵੀ ਛਤਰੀਆਂ ਵਰਤ ਰਹੇ ਸਨ।

ਉਸ ਸਮੇਂ ਮੀਂਹ ਵਿਚ ਛਤਰੀ ਵਰਤਣੀ ਸੌਖੀ ਨਹੀਂ ਸੀ। ਛਤਰੀਆਂ ਬਹੁਤ ਵੱਡੀਆਂ, ਭਾਰੀਆਂ ਅਤੇ ਕਸੂਤੀਆਂ ਹੁੰਦੀਆਂ ਸਨ। ਉਹ ਤੇਲ ਵਾਲੇ ਰੇਸ਼ਮੀ ਜਾਂ ਕੈਨਵਸ ਦੇ ਕੱਪੜੇ ਤੋਂ ਬਣਾਈਆਂ ਜਾਂਦੀਆਂ ਸਨ ਅਤੇ ਉਨ੍ਹਾਂ ਦੀਆਂ ਸੀਖਾਂ ਅਤੇ ਲੰਬੇ ਹੈਂਡਲ ਬੈਂਤ ਜਾਂ ਵ੍ਹੇਲ-ਮੱਛੀ ਦੀ ਹੱਡੀ ਤੋਂ ਬਣਾਏ ਜਾਂਦੇ ਸਨ। ਇਸ ਲਈ ਜਦੋਂ ਛਤਰੀਆਂ ਭਿਜ ਜਾਂਦੀਆਂ ਸਨ ਉਨ੍ਹਾਂ ਨੂੰ ਖੋਲ੍ਹਣਾ ਬਹੁਤ ਔਖਾ ਹੁੰਦਾ ਸੀ ਅਤੇ ਉਹ ਚੋਂਦੀਆਂ ਵੀ ਸਨ। ਫਿਰ ਵੀ, ਉਹ ਮਸ਼ਹੂਰ ਹੁੰਦੀਆਂ ਗਈਆਂ ਕਿਉਂਕਿ ਮੀਂਹ ਵੇਲੇ ਛਤਰੀ ਖ਼ਰੀਦਣੀ ਬੱਘੀ ਵਿਚ ਜਾਣ ਨਾਲੋਂ ਸਸਤੀ ਸੀ। ਛਤਰੀ ਬਣਾਉਣ ਵਾਲਿਆਂ ਅਤੇ ਉਨ੍ਹਾਂ ਦੀਆਂ ਦੁਕਾਨਾਂ ਦੀ ਗਿਣਤੀ ਵਧ ਗਈ ਅਤੇ ਫਿਰ ਉਨ੍ਹਾਂ ਨੇ ਛਤਰੀ ਦੇ ਡੀਜ਼ਾਈਨ ਵਿਚ ਸੁਧਾਰ ਕਰਨ ਵੱਲ ਧਿਆਨ ਦਿੱਤਾ। ਉੱਨੀਵੀਂ ਸਦੀ ਦੇ ਦਰਮਿਆਨ, ਸਮੂਏਲ ਫਾਕਸ ਨੇ ਇਸ ਦਾ ਇਕ ਉੱਤਮ ਨਮੂਨਾ ਬਣਾਇਆ ਜਿਸ ਦਾ ਇਕ ਹਲਕਾ ਪਰ ਮਜ਼ਬੂਤ ਸਟੀਲ ਦਾ ਫ਼ਰੇਮ ਸੀ ਅਤੇ ਜਿਸ ਲਈ ਤੇਲ ਵਾਲੇ ਭਾਰੇ ਕੈਨਵਸ ਦੇ ਕੱਪੜੇ ਦੀ ਬਜਾਇ ਹਲਕੇ ਰੇਸ਼ਮੀ, ਕਾਟਨ ਅਤੇ ਲਿਨਨ ਦਾ ਕੱਪੜਾ ਵਰਤਿਆ ਗਿਆ ਸੀ। ਇਸ ਤਰ੍ਹਾਂ ਨਵੇਂ ਫ਼ੈਸ਼ਨ ਦੀ ਛਤਰੀ ਚੱਲ ਪਈ।

ਫ਼ੈਸ਼ਨਦਾਰ ਚੀਜ਼

ਇੰਗਲੈਂਡ ਵਿਚ ਛੋਟੀ ਜ਼ਨਾਨਾ ਛਤਰੀ ਠਾਠ-ਬਾਠ ਵਾਲੀਆਂ ਔਰਤਾਂ ਦਰਮਿਆਨ ਇਕ ਫ਼ੈਸ਼ਨਦਾਰ ਚੀਜ਼ ਵਜੋਂ ਬਹੁਤ ਹੀ ਮਸ਼ਹੂਰ ਹੋ ਗਈ। ਜਿਉਂ-ਜਿਉਂ ਫ਼ੈਸ਼ਨ ਬਦਲਦੇ ਗਏ ਇਹ ਛੋਟੀਆਂ ਛਤਰੀਆਂ ਵੱਡੀਆਂ ਹੁੰਦੀਆਂ ਗਈਆਂ ਅਤੇ ਇਹ ਗੂੜ੍ਹੇ ਰੰਗਾਂ ਦੇ ਰੇਸ਼ਮੀ ਅਤੇ ਸਾਟਨ ਕੱਪੜੇ ਤੋਂ ਬਣਾਈਆਂ ਜਾਣ ਲੱਗ ਪਈਆਂ ਸਨ। ਅਕਸਰ ਔਰਤ ਦੀ ਛਤਰੀ ਦਾ ਰੰਗ ਉਸ ਦੇ ਕੱਪੜਿਆਂ ਨਾਲ ਮਿਲਦਾ ਹੁੰਦਾ ਸੀ ਅਤੇ ਉਸ ਨੂੰ ਸਜਾਉਣ ਲਈ ਉਸ ਦੀਆਂ ਕੰਨੀਆਂ ਤੇ ਲੇਸ, ਝਾਲਰ, ਰਿਬਨ ਅਤੇ ਇੱਥੇ ਤਕ ਕਿ ਖੰਭ ਵੀ ਲਾਏ ਜਾਂਦੇ ਸਨ। ਵੀਹਵੀਂ ਸਦੀ ਤਕ ਕੋਈ ਵੀ ਇੱਜ਼ਤਦਾਰ ਔਰਤ ਜੋ ਆਪਣੇ ਗੋਰੇ ਰੰਗ ਨੂੰ ਕਾਇਮ ਰੱਖਣਾ ਚਾਹੁੰਦੀ ਸੀ ਆਪਣੀ ਛਤਰੀ ਲਏ ਬਗੈਰ ਬਾਹਰ ਨਹੀਂ ਨਿਕਲਦੀ ਸੀ।

ਫਿਰ 1920 ਦੇ ਦਹਾਕੇ ਦੇ ਮੁੱਢ ਵਿਚ ਧੁੱਪੇ ਬੈਠ ਕੇ ਆਪਣੇ ਰੰਗ ਨੂੰ ਪੱਕਾ ਕਰਨ ਦਾ ਫ਼ੈਸ਼ਨ ਚੱਲ ਪਿਆ ਅਤੇ ਛਤਰੀ ਦੀ ਵਰਤੋਂ ਬਹੁਤ ਹੀ ਘੱਟ ਗਈ। ਹੁਣ ਸ਼ੁਰੂ ਹੋਇਆ ਸ਼ਹਿਰੀ ਬਾਬੂ ਦਾ ਦੌਰ। ਉਹ ਇਕ ਵਰਦੀ ਵਾਂਗ ਸਿਰ ਤੇ ਟੋਪੀ ਲੈਂਦਾ ਅਤੇ ਹੱਥ ਵਿਚ ਬੰਦ ਕਾਲੀ ਛਤਰੀ ਫੜਦਾ ਸੀ ਜੋ ਕਿ ਫ਼ੈਸ਼ਨਦਾਰ ਸੋਟੀ ਵਜੋਂ ਵੀ ਵਰਤੀ ਜਾਂਦੀ ਸੀ।

ਦੂਸਰੇ ਵਿਸ਼ਵ ਯੁੱਧ ਤੋਂ ਬਾਅਦ, ਨਵੀਂ ਤਕਨਾਲੋਜੀ ਰਾਹੀਂ ਬਿਹਤਰ ਡੀਜ਼ਾਈਨ ਦੀਆਂ ਛਤਰੀਆਂ ਬਾਜ਼ਾਰਾਂ ਵਿਚ ਵਿਕਣ ਲੱਗੀਆਂ। ਇਨ੍ਹਾਂ ਵਿਚ ਵਾਟਰ-ਪਰੂਫ ਨਾਇਲੋਨ, ਪੌਲੀਐਸਟਰ ਅਤੇ ਪਲਾਸਟਿਕ ਤੋਂ ਬਣੀਆਂ ਅਜਿਹੀਆਂ ਛਤਰੀਆਂ ਸਨ ਜੋ ਬੰਦ ਕਰਨ ਤੇ ਛੋਟੀਆਂ ਕੀਤੀਆਂ ਜਾ ਸਕਦੀਆਂ ਸਨ। ਹਾਲੇ ਵੀ ਕੁਝ ਦੁਕਾਨਾਂ ਹਨ ਜਿਨ੍ਹਾਂ ਵਿਚ ਹੱਥੀ ਬਣਾਈਆਂ ਗਈਆਂ ਮਹਿੰਗੀਆਂ ਛਤਰੀਆਂ ਵਿੱਕਦੀਆਂ ਹਨ। ਪਰ ਅੱਜ-ਕੱਲ੍ਹ, ਫੈਕਟਰੀਆਂ ਵਿਚ ਸਸਤੀਆਂ ਛਤਰੀਆਂ ਵੱਡੀ ਗਿਣਤੀ ਵਿਚ ਅਤੇ ਹਰ ਰੰਗ ਦੀਆਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਦਾ ਸਾਈਜ਼ ਵੀ ਵੱਡਾ ਜਾਂ ਛੋਟਾ ਹੋ ਸਕਦਾ ਹੈ। ਇਕ ਪਾਸੇ ਤੁਸੀਂ ਇਕ ਵੱਡੀ ਗੌਲਫ ਛਤਰੀ ਜਿਸ ਹੇਠ ਦੋ ਬੰਦੇ ਖੜ੍ਹ ਸਕਦੇ ਹਨ ਜਾਂ ਵਿਹੜੇ ਵਿਚ ਮੇਜ਼ ਨੂੰ ਢੱਕਣ ਵਾਲੀ ਛਤਰੀ ਖ਼ਰੀਦ ਸਕਦੇ ਹੋ ਅਤੇ ਦੂਸਰੇ ਪਾਸੇ ਤੁਸੀਂ ਪਰਸ ਵਿਚ ਪਾਉਣ ਵਾਲੀ ਇਕ ਛੇ ਇੰਚ ਦੀ ਛਤਰੀ ਖ਼ਰੀਦ ਸਕਦੇ ਹੋ।

ਜੀ ਹਾਂ ਪਿਛਲਿਆਂ ਸਮਿਆਂ ਵਿਚ ਛਤਰੀ ਅਮੀਰ ਲੋਕਾਂ ਲਈ ਠਾਠ-ਬਾਠ ਵਾਲੀ ਚੀਜ਼ ਸਮਝੀ ਜਾਂਦੀ ਸੀ। ਪਰ ਹੁਣ ਛਤਰੀ ਸੌਖਿਆਂ ਅਤੇ ਸਸਤੀ ਮਿਲ ਜਾਂਦੀ ਹੈ। ਇਸ ਲਈ ਲੋਕ ਇਸ ਨੂੰ ਇੰਨਾ ਸੰਭਾਲ ਕੇ ਨਹੀਂ ਰੱਖਦੇ ਅਤੇ ਅਕਸਰ ਇਸ ਨੂੰ ਗੁਆ ਬੈਠਦੇ ਹਨ। ਸੰਸਾਰ ਭਰ ਵਿਚ ਚਾਹੇ ਅਸੀਂ ਕਿਤੇ ਵੀ ਜਾਈਏ ਇਹ ਧੁੱਪ ਅਤੇ ਮੀਂਹ ਤੋਂ ਬਚਾਉਣ ਲਈ ਬਹੁਤ ਹੀ ਫ਼ਾਇਦੇਮੰਦ ਚੀਜ਼ ਹੈ। ਕੁਝ ਦੇਸ਼ਾਂ ਵਿਚ ਸੂਰਜ ਦੇ ਵੱਧਦੇ ਖ਼ਤਰੇ ਕਾਰਨ ਪਹਿਲਾਂ ਵਾਂਗ ਛਤਰੀ ਨੂੰ ਧੁੱਪ ਤੋਂ ਛਾਂ ਵਾਸਤੇ ਵਰਤਣ ਦਾ ਰਿਵਾਜ ਚੱਲ ਪਿਆ ਹੈ। ਸੋ ਸ਼ਾਇਦ ਜਦੋਂ ਤੁਸੀਂ ਅੱਜ ਘਰੋਂ ਨਿਕਲੋਗੇ ਤਾਂ ਤੁਸੀਂ ਵੀ ਇਕ ਆਵਾਜ਼ ਇਹ ਕਹਿੰਦੇ ਸੁਣੋਗੇ ਕਿ “ਆਪਣੀ ਛਤਰੀ ਨਾ ਭੁੱਲਿਓ!” (g03 7/22)

[ਸਫ਼ੇ 20 ਉੱਤੇ ਡੱਬੀ/​ਤਸਵੀਰ]

ਛਤਰੀ ਖ਼ਰੀਦਣੀ ਅਤੇ ਉਸ ਦੀ ਦੇਖ-ਭਾਲ ਕਰਨੀ

ਛਤਰੀ ਦੀ ਚੋਣ ਕਰਦੇ ਹੋਏ ਸਿਰਫ਼ ਇਹੀ ਨਾ ਦੇਖੋ ਕਿ ਤੁਸੀਂ ਉਸ ਨੂੰ ਆਸਾਨੀ ਨਾਲ ਜੇਬ ਵਿਚ ਪਾ ਸਕਦੇ ਹੋ ਕਿ ਨਹੀਂ। ਅਜਿਹੀਆਂ ਸਸਤੀਆਂ ਤੇ ਛੋਟੀਆਂ ਛਤਰੀਆਂ ਦੀਆਂ ਸ਼ਾਇਦ ਥੋੜ੍ਹੀਆਂ ਸੀਖਾਂ ਹੋਣ ਪਰ ਤੇਜ਼ ਹਵਾਵਾਂ ਵਿਚ ਇਹ ਇੰਨੀਆਂ ਮਜ਼ਬੂਤ ਨਹੀਂ ਹੁੰਦੀਆਂ। ਲੇਕਿਨ, ਸੋਟੀ ਵਰਗੀਆਂ ਆਮ ਛਤਰੀਆਂ ਭਾਵੇਂ ਜ਼ਿਆਦਾ ਮਹਿੰਗੀਆਂ ਹੁੰਦੀਆਂ ਹਨ, ਪਰ ਉਹ ਮੌਸਮ ਦਾ ਮੁਕਾਬਲਾ ਕਰ ਲੈਂਦੀਆਂ ਹਨ ਅਤੇ ਜਲਦੀ ਟੁੱਟਦੀਆਂ ਨਹੀਂ। ਅਸਲ ਵਿਚ ਇਕ ਚੰਗੀ ਛਤਰੀ ਕਈਆਂ ਸਾਲਾਂ ਤਕ ਕੰਮ ਕਰ ਸਕਦੀ ਹੈ। ਜਿਹੜੀ ਵੀ ਛਤਰੀ ਤੁਸੀਂ ਚੁਣਦੇ ਹੋ ਉਸ ਦੀ ਦੇਖ-ਭਾਲ ਕਰੋ। ਜੇ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਸੁਕਾ ਕੇ ਰੱਖੋਗੇ, ਤਾਂ ਉਸ ਤੇ ਉੱਲੀ ਅਤੇ ਜ਼ੰਗਾਲ ਨਹੀਂ ਲੱਗੇਗਾ। ਛਤਰੀ ਨੂੰ ਉਸ ਦੇ ਕਵਰ ਵਿਚ ਪਾ ਕੇ ਰੱਖਣ ਨਾਲ ਉਹ ਸਾਫ਼ ਰਹੇਗੀ।

[ਸਫ਼ੇ 19 ਉੱਤੇ ਤਸਵੀਰਾਂ]

ਇਕ ਨੌਕਰ ਅੱਸ਼ੂਰ ਦੇ ਰਾਜੇ ਤੇ ਛਾਂ ਕਰਦਾ ਹੈ

ਛਤਰੀ ਲੈ ਕੇ ਬੈਠੀ ਪ੍ਰਾਚੀਨ ਯੂਨਾਨ ਦੀ ਇਕ ਔਰਤ

[ਕ੍ਰੈਡਿਟ ਲਾਈਨ]

Drawings: The Complete Encyclopedia of Illustration/J. G. Heck

[ਸਫ਼ੇ 20 ਉੱਤੇ ਤਸਵੀਰ]

1900 ਦੀ ਇਕ ਛੋਟੀ ਜ਼ਨਾਨਾ ਛਤਰੀ

[ਕ੍ਰੈਡਿਟ ਲਾਈਨ]

Culver Pictures