Skip to content

Skip to table of contents

ਕੀ ਮੈਨੂੰ ਆਪਣੇ ਸਰੀਰ ਤੇ ਗੋਦਨੇ ਗੁੰਦਵਾਉਣੇ ਚਾਹੀਦੇ ਹਨ?

ਕੀ ਮੈਨੂੰ ਆਪਣੇ ਸਰੀਰ ਤੇ ਗੋਦਨੇ ਗੁੰਦਵਾਉਣੇ ਚਾਹੀਦੇ ਹਨ?

ਨੌਜਵਾਨ ਪੁੱਛਦੇ ਹਨ . . .

ਕੀ ਮੈਨੂੰ ਆਪਣੇ ਸਰੀਰ ਤੇ ਗੋਦਨੇ ਗੁੰਦਵਾਉਣੇ ਚਾਹੀਦੇ ਹਨ?

“ਕੁਝ ਗੁੰਦਵਾਏ ਗੋਦਨੇ ਤਾਂ ਬਹੁਤ ਹੀ ਸੋਹਣੇ ਲੱਗਦੇ ਹਨ।”—ਜਾਲੀਨ। *

“ਦੋ ਸਾਲਾਂ ਲਈ ਮੈਂ ਸੋਚਦੀ ਰਹੀ ਕਿ ਉਹ ਸਮਾਂ ਕਦੋਂ ਆਵੇਗਾ ਜਦੋਂ ਮੈਂ ਆਪਣਾ ਪਹਿਲਾ ਗੋਦਨਾ ਗੁੰਦਵਾ ਸਕਾਂਗੀ।”—ਮਿਸ਼ੈਲ।

ਅੱਜ-ਕੱਲ੍ਹ ਇਸ ਤਰ੍ਹਾਂ ਲੱਗਦਾ ਹੈ ਕਿ ਗੁੰਦਵਾਏ ਗੋਦਨੇ ਯਾਨੀ ‘ਟੈਟੂ’ ਜਾਂ ਚਮੜੀ ਉੱਪਰ ਬਣਾਏ ਗਏ ਬੇਲ-ਬੂਟੇ, ਸਾਰੇ ਜਣੇ ਕਰਵਾ ਰਹੇ ਹਨ। ਸੰਗੀਤਕਾਰ, ਮਸ਼ਹੂਰ ਖਿਡਾਰੀ, ਫ਼ੈਸ਼ਨ ਦੇ ਮਾਡਲ ਅਤੇ ਫ਼ਿਲਮੀ ਸਿਤਾਰੇ ਇਨ੍ਹਾਂ ਦੀ ਨੁਮਾਇਸ਼ ਕਰਦੇ ਹਨ। ਇਨ੍ਹਾਂ ਦੀ ਰੀਸ ਵਿਚ ਕਈ ਮੁੰਡੇ-ਕੁੜੀਆਂ ਵੀ ਫ਼ਖ਼ਰ ਨਾਲ ਆਪਣੇ ਮੋਢਿਆਂ, ਹੱਥਾਂ, ਲੱਕਾਂ ਅਤੇ ਗਿੱਟਿਆਂ ਤੇ ਗੁੰਦਵਾਏ ਗੋਦਨਿਆਂ ਦੀ ਸ਼ੋਅ ਕਰਦੇ ਹਨ। ਐਂਡਰੂ ਦਾਅਵਾ ਕਰਦਾ ਹੈ ਕਿ “ਟੈਟੂ ਕੂਲ ਜਾਂ ਫ਼ੈਸ਼ਨਦਾਰ ਹਨ। ਜਿਹਦਾ ਵੀ ਜੀ ਕਰੇ ਉਹ ਟੈਟੂ ਕਰਵਾ ਸਕਦਾ ਹੈ।”

ਵਰਲਡ ਬੁੱਕ ਐਨਸਾਈਕਲੋਪੀਡਿਆ ਕਹਿੰਦਾ ਹੈ: “ਗੋਦਨੇ ਗੁੰਦਵਾਉਣ ਦਾ ਮਤਲਬ ਹੈ ਸਰੀਰ ਉੱਤੇ ਪੱਕਾ ਨਿਸ਼ਾਨ ਜਾਂ ਡੀਜ਼ਾਈਨ ਬਣਾਉਣਾ। ਰੰਗ ਵਿਚ ਡੁਬੋਈ ਗਈ ਤਿੱਖੀ ਸੀਖ, ਹੱਡੀ ਜਾਂ ਸੂਈ ਨਾਲ ਚਮੜੀ ਵਿਚ ਛੋਟੀਆਂ-ਛੋਟੀਆਂ ਗਲੀਆਂ ਕਰਨ ਦੁਆਰਾ ਗੋਦਨਾ ਗੁੰਦਵਾਇਆ ਜਾਂਦਾ ਹੈ।”

ਭਾਵੇਂ ਕਿ ਸਹੀ ਗਿਣਤੀ ਦਾ ਪਤਾ ਲਗਾਉਣਾ ਔਖਾ ਹੈ ਅੰਦਾਜ਼ਾ ਲਗਾਇਆ ਗਿਆ ਹੈ ਕਿ ਅਮਰੀਕਾ ਵਿਚ 15 ਤੋਂ 25 ਸਾਲਾਂ ਦੇ ਨੌਜਵਾਨਾਂ ਵਿੱਚੋਂ 25 ਫੀ ਸਦੀ ਨੌਜਵਾਨਾਂ ਨੇ ਸਰੀਰ ਉੱਤੇ ਬੇਲ-ਬੂਟੇ ਬਣਵਾਏ ਹਨ। ਸੈਂਡੀ ਕਹਿੰਦੀ ਹੈ: “ਟੈਟੂ ਕਰਵਾਉਣਾ ਫ਼ੈਸ਼ਨਦਾਰ ਹੈ।” ਪਰ ਨੌਜਵਾਨਾਂ ਨੂੰ ਟੈਟੂ ਇੰਨੇ ਚੰਗੇ ਕਿਉਂ ਲੱਗਦੇ ਹਨ?

ਇਹ ਇੰਨੇ ਫ਼ੈਸ਼ਨਦਾਰ ਕਿਉਂ ਹਨ?

ਕਈ ਸੋਚਦੇ ਹਨ ਕਿ ਟੈਟੂ ਕਰਵਾਉਣਾ ਆਪਣਾ ਪਿਆਰ ਇਜ਼ਹਾਰ ਕਰਨ ਦਾ ਤਰੀਕਾ ਹੈ। ਮਿਸ਼ੈਲ ਦੱਸਦੀ ਹੈ ਕਿ “ਮੇਰੇ ਭਰਾ ਨੇ ਆਪਣੇ ਗਿੱਟੇ ਤੇ ਉਸ ਲੜਕੀ ਦੇ ਨਾਂ ਦਾ ਟੈਟੂ ਕਰਵਾਇਆ ਜਿਸ ਨਾਲ ਉਸ ਦੀ ਗੱਲ ਚੱਲ ਰਹੀ ਸੀ।” ਇਸ ਵਿਚ ਪਰੇਸ਼ਾਨੀ ਦੀ ਕਿਹੜੀ ਗੱਲ ਹੈ? ਇਹੀ ਕਿ “ਉਸ ਲੜਕੀ ਨਾਲ ਹੁਣ ਉਸ ਦੀ ਗੱਲ ਹਟ-ਮਿਟ ਗਈ ਹੈ।” ਇਕ ਡਾਕਟਰੀ ਰਸਾਲੇ ਅਨੁਸਾਰ “ਡਾਕਟਰਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਟੈਟੂ ਮਿਟਾਉਣ ਦਾ 30 ਫੀ ਸਦੀ ਕੰਮ ਜਵਾਨ ਕੁੜੀਆਂ ਉੱਤੇ ਕੀਤਾ ਜਾਂਦਾ ਹੈ ਜੋ ਆਪਣੇ ਐਕਸ-ਬੁਆਏ-ਫ੍ਰੈਂਡ ਦਾ ਨਾਂ ਆਪਣੇ ਸਰੀਰ ਤੋਂ ਮਿਟਾਉਣਾ ਚਾਹੁੰਦੀਆਂ ਹਨ।”

ਕੁਝ ਨੌਜਵਾਨ ਗੋਦਨੇ ਗੁੰਦਵਾਉਣ ਨੂੰ ਬਹੁਤ ਸੁੰਦਰ ਕਾਰੀਗਰੀ ਸਮਝਦੇ ਹਨ। ਦੂਸਰੇ ਇਸ ਨੂੰ ਆਜ਼ਾਦੀ ਦਾ ਨਿਸ਼ਾਨ ਸਮਝਦੇ ਹਨ। ਜੋਸੀ ਕਹਿੰਦੀ ਹੈ: ‘ਆਪਣੀ ਜ਼ਿੰਦਗੀ ਨੂੰ ਕੰਟ੍ਰੋਲ ਕਰਨ ਦਾ ਮੇਰਾ ਪੂਰਾ ਹੱਕ ਹੈ। ਮੈਂ ਆਪਣੀ ਜ਼ਿੰਦਗੀ ਵਿਚ ਇੱਕੋ-ਇਕ ਅਹਿਮ ਫ਼ੈਸਲਾ ਕੀਤਾ, ਉਹ ਸੀ ਟੈਟੂ ਕਰਵਾਉਣ ਦਾ ਫ਼ੈਸਲਾ।’ ਨੌਜਵਾਨ ਨਵੀਆਂ ਚੀਜ਼ਾਂ ਅਜ਼ਮਾ ਕੇ ਦੇਖਣੀਆਂ ਚਾਹੁੰਦੇ ਹਨ ਇਸ ਲਈ ਕਈ ਸਰੀਰ ਤੇ ਬੇਲ-ਬੂਟੇ ਬਣਵਾਉਂਦੇ ਹਨ। ਉਹ ਸੋਚਦੇ ਹਨ ਕਿ ਉਹ ਆਪਣੇ ਸਰੀਰ ਅਤੇ ਸ਼ਕਲ-ਸੂਰਤ ਨੂੰ ਜੋ ਮਰਜ਼ੀ ਕਰ ਸਕਦੇ ਹਨ। ਟੈਟੂ ਬਗਾਵਤ ਜਾਂ ਦੂਸਰਿਆਂ ਤੋਂ ਵੱਖਰਾ ਜੀਵਨ ਢੰਗ ਅਪਣਾਉਣ ਦਾ ਵੀ ਨਿਸ਼ਾਨ ਹੋ ਸਕਦੇ ਹਨ। ਇਸ ਲਈ ਕੁਝ ਗੁੰਦਵਾਏ ਗੋਦਨਿਆਂ ਤੇ ਗੰਦੇ ਸ਼ਬਦ, ਨਾਅਰੇ ਤੇ ਤਸਵੀਰਾਂ ਹੁੰਦੀਆਂ ਹਨ।

ਲੇਕਿਨ, ਬਹੁਤ ਸਾਰੇ ਨੌਜਵਾਨ ਸਿਰਫ਼ ਇਸ ਦੇ ਫ਼ੈਸ਼ਨ ਮਗਰ ਲੱਗੇ ਹੋਏ ਹਨ। ਭਾਵੇਂ ਕਿ ਤੁਹਾਨੂੰ ਇਸ ਤਰ੍ਹਾਂ ਲੱਗੇ ਕਿ ਸਾਰੇ ਜਣੇ ਗੋਦਨੇ ਗੁੰਦਵਾ ਰਹੇ ਹਨ, ਕੀ ਇਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਵੀ ਕਰਵਾਉਣਾ ਚਾਹੀਦਾ ਹੈ?

ਗੋਦਨੇ ਗੁੰਦਵਾਉਣ ਦੀ ਪੁਰਾਣੀ ਕਲਾ

ਸਰੀਰ ਉੱਤੇ ਬੇਲ-ਬੂਟੇ ਬਣਾਉਣੇ ਕੋਈ ਨਵੀਂ ਗੱਲ ਨਹੀਂ ਹੈ। ਮਸੀਹ ਦੇ ਸਮੇਂ ਤੋਂ ਸੈਂਕੜੇ ਸਾਲ ਪਹਿਲਾਂ ਦੀਆਂ ਮਿਸਰ ਅਤੇ ਲਿਬੀਆ ਵਿਚ ਮੱਮੀਆਂ ਲੱਭੀਆਂ ਗਈਆਂ ਹਨ ਜਿਨ੍ਹਾਂ ਉੱਤੇ ਟੈਟੂ ਪਾਏ ਗਏ ਹਨ। ਟੈਟੂ ਵਾਲੀਆਂ ਮੱਮੀਆਂ ਦੱਖਣੀ ਅਮਰੀਕਾ ਵਿਚ ਵੀ ਲੱਭੀਆਂ ਗਈਆਂ ਹਨ। ਕਈ ਗੁੰਦਵਾਏ ਗੋਦਨੇ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਨਾਲ ਸੰਬੰਧ ਰੱਖਦੇ ਸਨ। ਸਟੀਵ ਗਿਲਬਰਟ ਨਾਂ ਦੇ ਇਕ ਖੋਜੀ ਅਨੁਸਾਰ “ਗੁੰਦਵਾਏ ਗੋਦਨੇ ਦੀ ਸਭ ਤੋਂ ਪਹਿਲੀ ਤਸਵੀਰ ਦੇਵਤੇ ਬੇਸ ਦੀ ਹੈ। ਮਿਸਰ ਦੇ ਮਿਥਿਹਾਸ ਵਿਚ ਬੇਸ ਰੰਗਰਲੀਆਂ ਦਾ ਵਹਿਸ਼ੀ ਦੇਵਤਾ ਸੀ।”

ਮੂਸਾ ਦੀ ਬਿਵਸਥਾ ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਆਪਣੇ ਸਰੀਰ ਤੇ ਬੇਲ-ਬੂਟੇ ਬਣਾਉਣ ਜਾਂ ਕੋਈ ਨਿਸ਼ਾਨ ਲਾਉਣ ਤੋਂ ਮਨ੍ਹਾ ਕੀਤਾ ਗਿਆ ਸੀ। ਲੇਵੀਆਂ 19:28 ਵਿਚ ਲਿਖਿਆ ਹੈ: “ਤੁਸਾਂ ਕਿਸੇ ਦੇ ਮਰਨ ਉੱਤੇ ਆਪਣਿਆਂ ਸਰੀਰਾਂ ਨੂੰ ਨਾ ਚੀਰਨਾ, ਨਾ ਆਪਣੇ ਉੱਤੇ ਨਿਸ਼ਾਨੀਆਂ ਠੁਕਾਵੀਂ। ਮੈਂ ਯਹੋਵਾਹ ਹਾਂ।” ਝੂਠੇ ਭਗਤ, ਜਿਵੇਂ ਕਿ ਮਿਸਰ ਦੇ ਲੋਕ, ਆਪਣੇ ਦੇਵੀ-ਦੇਵਤਿਆਂ ਦੇ ਨਾਂ ਜਾਂ ਨਿਸ਼ਾਨ ਦਾ ਗੋਦਨਾ ਆਪਣੀ ਛਾਤੀ ਜਾਂ ਆਪਣੀਆਂ ਬਾਹਾਂ ਤੇ ਗੁੰਦਵਾਉਂਦੇ ਸਨ। ਸਰੀਰ ਤੇ ਕੋਈ ਵੀ ਨਿਸ਼ਾਨ ਨਾ ਲਗਾਉਣ ਦੇ ਯਹੋਵਾਹ ਦੇ ਹੁਕਮ ਦੀ ਪਾਲਣਾ ਕਰਨ ਦੁਆਰਾ ਇਸਰਾਏਲੀਆਂ ਨੇ ਦੂਸਰੀਆਂ ਕੌਮਾਂ ਤੋਂ ਆਪਣੇ ਆਪ ਨੂੰ ਵੱਖਰਾ ਦਿਖਾਇਆ।—ਬਿਵਸਥਾ ਸਾਰ 14:1, 2.

ਭਾਵੇਂ ਕਿ ਮਸੀਹੀ ਅੱਜ ਮੂਸਾ ਦੀ ਬਿਵਸਥਾ ਦੇ ਅਧੀਨ ਨਹੀਂ ਹਨ, ਫਿਰ ਵੀ ‘ਟੈਟੂ’ ਕਰਵਾਉਣ ਉੱਤੇ ਲਗਾਈ ਗਈ ਪਾਬੰਦੀ ਕਾਫ਼ੀ ਗੰਭੀਰ ਹੈ। (ਅਫ਼ਸੀਆਂ 2:15; ਕੁਲੁੱਸੀਆਂ 2:14, 15) ਜੇਕਰ ਤੁਸੀਂ ਮਸੀਹੀ ਹੋ, ਤਾਂ ਤੁਸੀਂ ਆਪਣੇ ਸਰੀਰ ਉੱਤੇ ਅਜਿਹੇ ਨਿਸ਼ਾਨ ਨਹੀਂ ਲਗਾਉਣੇ ਚਾਹੋਗੇ ਜਿਨ੍ਹਾਂ ਦਾ ਸੰਬੰਧ ਝੂਠੀ ਭਗਤੀ ਨਾਲ ਹੈ, ਚਾਹੇ ਥੋੜ੍ਹੇ ਚਿਰ ਬਾਅਦ ਇਹ ਮਿਟ ਕਿਉਂ ਨਾ ਜਾਣ।—2 ਕੁਰਿੰਥੀਆਂ 6:15-18.

ਸਿਹਤ ਦੇ ਖ਼ਤਰੇ

ਸਿਹਤ ਦੇ ਖ਼ਤਰਿਆਂ ਵੱਲ ਵੀ ਤੁਹਾਨੂੰ ਧਿਆਨ ਦੇਣਾ ਚਾਹੀਦਾ ਹੈ। ਚੰਮ-ਵਿਗਿਆਨ ਦੇ ਇਕ ਪ੍ਰੋਫ਼ੈਸਰ ਡਾਕਟਰ ਰੌਬਰਟ ਟੋਮਸਿਕ ਨੇ ਕਿਹਾ ਕਿ “ਤੁਸੀਂ ਚਮੜੀ ਨੂੰ ਛੇਦ ਕੇ ਉਸ ਵਿਚ ਸੂਈਆਂ ਰਾਹੀਂ ਰੰਗ ਭਰ ਰਹੇ ਹੋ। ਭਾਵੇਂ ਕਿ ਸੂਈ ਸਿਰਫ਼ ਮਾੜੀ ਜਿਹੀ ਖੋਭੀ ਜਾਂਦੀ ਹੈ, ਫਿਰ ਵੀ ਜਦੋਂ ਤੁਸੀਂ ਚਮੜੀ ਛੇਦਦੇ ਹੋ ਤੁਸੀਂ ਬੈਕਟੀਰੀਆ ਜਾਂ ਵਾਇਰਸ ਤੋਂ ਹੋਣ ਵਾਲੀ ਇਨਫੇਕਸ਼ਨ ਨੂੰ ਸਦਾ ਦਿੰਦੇ ਹੋ। ਮੇਰੇ ਖ਼ਿਆਲ ਵਿਚ [ਗੋਦਨਾ ਗੁੰਦਵਾਉਣਾ] ਆਮ ਕਰਕੇ ਖ਼ਤਰਨਾਕ ਗੱਲ ਹੈ।” ਡਾਕਟਰ ਟੋਮਸਿਕ ਅੱਗੇ ਕਹਿੰਦਾ ਹੈ: “ਭਾਵੇਂ ਕਿ ਕੋਈ ਇਨਫੇਕਸ਼ਨ ਨਾ ਵੀ ਹੋਵੇ, ਪਰ ਇਕ ਵਾਰ ਸਿਆਹੀ ਚਮੜੀ ਅੰਦਰ ਚਲੇ ਗਈ, ਤੁਹਾਨੂੰ ਹੋਰ ਅਲਰਜੀ ਹੋ ਸਕਦੀ ਹੈ। ਚਮੜੀ ਲਾਲ ਹੋ ਸਕਦੀ ਹੈ, ਸੋਜਾ ਪੈ ਸਕਦਾ ਹੈ, ਖਰੀਂਢ ਆ ਸਕਦਾ ਹੈ ਜਾਂ ਖਾਜ ਹੋ ਸਕਦੀ ਹੈ।”

ਭਾਵੇਂ ਕਿ ਟੈਟੂ ਸਦਾ ਲਈ ਰੱਖਣ ਦੇ ਇਰਾਦੇ ਨਾਲ ਕਰਵਾਏ ਜਾਂਦੇ ਹਨ, ਫਿਰ ਵੀ ਉਨ੍ਹਾਂ ਨੂੰ ਮਿਟਾਉਣ ਦੇ ਕਈ ਤਰੀਕੇ ਅਜ਼ਮਾਏ ਗਏ ਹਨ: ਲੇਜ਼ਰ ਨਾਲ ਜਾਲ ਕੇ ਮਿਟਾਉਣਾ, ਓਪਰੇਸ਼ਨ ਰਾਹੀਂ ਚੀਰ ਕੇ ਮਿਟਾਉਣਾ, ਤਾਰਾਂ ਵਾਲੇ ਬੁਰਸ਼ ਨਾਲ ਰਗੜਨ ਰਾਹੀਂ ਚਮੜੀ ਦੀ ਬਾਹਰਲੀ ਤੇ ਅੰਦਰਲੀ ਤੇਹ ਲਾਉਣੀ, ਸਲੂਣੀ ਪਦਾਰਥ ਵਿਚ ਟੈਟੂ ਨੂੰ ਭਿਓਣਾ, ਤੇਜ਼ਾਬੀ ਪਦਾਰਥ ਵਰਤ ਕੇ ਟੈਟੂ ਜਲਾਉਣਾ। ਇਹ ਸਾਰੇ ਤਰੀਕੇ ਮਹਿੰਗੇ ਹਨ ਅਤੇ ਇਨ੍ਹਾਂ ਨਾਲ ਬਹੁਤ ਹੀ ਦੁੱਖ ਲੱਗਦਾ ਹੈ। ਡਾਕਟਰੀ ਰਸਾਲਾ ਕਹਿੰਦਾ ਹੈ ਕਿ “ਲੇਜ਼ਰ ਰਾਹੀਂ ਗੋਦਨਾ ਮਿਟਾਉਣ ਨਾਲ ਉਸ ਨੂੰ ਗੁੰਦਵਾਉਣ ਨਾਲੋਂ ਜ਼ਿਆਦਾ ਦਰਦ ਹੁੰਦਾ ਹੈ।”

ਦੂਸਰੇ ਕੀ ਸੋਚਣਗੇ?

ਤੁਹਾਨੂੰ ਇਸ ਬਾਰੇ ਵੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿ ਦੂਸਰੇ ਤੁਹਾਡੇ ਟੈਟੂ ਕਰਵਾਉਣ ਬਾਰੇ ਕੀ ਸੋਚਣਗੇ, ਕਿਉਂਕਿ ਕਈ ਸ਼ਾਇਦ ਇਸ ਦਾ ਬੁਰਾ ਮਨਾਉਣ। (1 ਕੁਰਿੰਥੀਆਂ 10:29-33) ਤਾਈਵਾਨ ਤੋਂ ਲੀ ਨਾਂ ਦੀ ਇਕ ਮੁਟਿਆਰ ਨੇ ਬਿਨਾਂ ਸੋਚੇ-ਸਮਝੇ 16 ਸਾਲ ਦੀ ਉਮਰ ਤੇ ਗੋਦਨਾ ਗੁੰਦਵਾ ਲਿਆ। ਹੁਣ ਉਹ 21 ਸਾਲਾਂ ਦੀ ਹੈ ਅਤੇ ਆਫ਼ਿਸ ਵਿਚ ਕੰਮ ਕਰਦੀ ਹੈ। ਲੀ ਦੱਸਦੀ ਹੈ ਕਿ “ਮੈਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਜਦੋਂ ਮੇਰੇ ਨਾਲ ਕੰਮ ਕਰਨ ਵਾਲੇ ਮੇਰੇ ਟੈਟੂ ਵੱਲ ਦੇਖਦੇ ਹਨ।” ਇੰਗਲੈਂਡ ਵਿਚ ਮਾਨਸਿਕ-ਸਿਹਤ ਦੇ ਹਸਪਤਾਲ ਵਿਚ ਕੰਮ ਕਰਨ ਵਾਲਾ ਇਕ ਕਾਮਾ ਕਹਿੰਦਾ ਹੈ ਕਿ ਕਈ ਲੋਕਾਂ ਲਈ ਟੈਟੂ “ਅਕਸਰ ਇਸ ਗੱਲ ਦਾ ਨਿਸ਼ਾਨ ਹੁੰਦੇ ਹਨ ਕਿ ਇਕ ਆਦਮੀ . . . ਇਕ ਹਿੰਸਕ, ਬੇਰਹਿਮ, ਸਮਾਜ-ਵਿਰੋਧੀ ਅਤੇ ਗ਼ੈਰ-ਕਾਨੂੰਨੀ ਸਮੂਹ ਦਾ ਮੈਂਬਰ ਹੈ।”

ਇਕ ਅਮਰੀਕਨ ਰਸਾਲੇ ਵਿਚ ਇਕ ਲੇਖ ਨੇ ਕਿਹਾ: “ਇਹ ਗੱਲ ਸਾਫ਼ ਹੈ ਕਿ ਜ਼ਿਆਦਾਤਰ ਅਮਰੀਕੀ ਲੋਕ ਸਰੀਰ ਉੱਤੇ ਦਿਖਾਈ ਦੇਣ ਵਾਲੇ ਬੇਲ-ਬੂਟਿਆਂ ਜਾਂ ਹੋਰ ਨਿਸ਼ਾਨਾਂ ਨੂੰ ਇੰਨਾ ਚੰਗਾ ਨਹੀਂ ਸਮਝਦੇ। ਪਚਾਸੀ ਫੀ ਸਦੀ [ਨੌਜਵਾਨ] ਇਸ ਗੱਲ ਨਾਲ ਸਹਿਮਤ ਹੁੰਦੇ ਹਨ ਕਿ ‘ਜਿਹੜੇ ਲੋਕ ਗੋਦਨਾ ਗੁੰਦਵਾਉਂਦੇ ਹਨ ਉਨ੍ਹਾਂ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਇਹ ਉਨ੍ਹਾਂ ਦੇ ਕੈਰੀਅਰ ਜਾਂ ਰਿਸ਼ਤਿਆਂ ਵਿਚ ਰੁਕਾਵਟ ਪਾ ਸਕਦੇ ਹਨ।’”

ਇਹ ਵੀ ਸੋਚੋ ਕਿ ਜੇ ਤੁਸੀਂ ਮਸੀਹੀ ਹੁੰਦੇ ਹੋਏ ਗੋਦਨਾ ਗੁੰਦਵਾਉਂਦੇ ਹੋ, ਤਾਂ ਦੂਸਰੇ ਤੁਹਾਡੇ ਬਾਰੇ ਕੀ ਸੋਚਣਗੇ। ਕੀ ਇਹ ਦੂਸਰਿਆਂ ਲਈ ‘ਠੋਕਰ ਦਾ’ ਕਾਰਨ ਬਣ ਸਕਦਾ ਹੈ? (2 ਕੁਰਿੰਥੀਆਂ 6:3) ਸੱਚ ਹੈ ਕਿ ਕੁਝ ਨੌਜਵਾਨ ਅਜਿਹੇ ਥਾਵਾਂ ਤੇ ਗੋਦਨੇ ਗੁੰਦਵਾਉਂਦੇ ਹਨ ਜੋ ਕੱਪੜਿਆਂ ਨਾਲ ਛੁਪਾਏ ਜਾ ਸਕਦੇ ਹਨ। ਹੋ ਸਕਦਾ ਹੈ ਕਿ ਉਨ੍ਹਾਂ ਦੇ ਮਾਪੇ ਵੀ ਇਨ੍ਹਾਂ ਬਾਰੇ ਨਾ ਜਾਣਦੇ ਹੋਣ। ਲੇਕਿਨ, ਖ਼ਬਰਦਾਰ ਰਹੋ! ਜੇ ਤੁਹਾਨੂੰ ਅਚਾਨਕ ਹਸਪਤਾਲ ਜਾਣਾ ਪਵੇ ਜਾਂ ਸਕੂਲੇ ਨਹਾਉਣਾ ਪਵੇ, ਤਾਂ ਤੁਹਾਡਾ ਰਾਜ਼ ਸਾਰਿਆਂ ਸਾਮ੍ਹਣੇ ਖੁੱਲ੍ਹ ਸਕਦਾ ਹੈ! ਇਸ ਨਾਲੋਂ ਚੰਗਾ ਹੈ ਕਿ ‘ਅਸੀਂ ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰੀਏ’ ਅਤੇ ਧੋਖੇਬਾਜ਼ੀ ਤੋਂ ਦੂਰ ਰਹੀਏ।—ਇਬਰਾਨੀਆਂ 13:18.

ਹੋ ਸਕਦਾ ਹੈ ਕਿ ਦੂਸਰਿਆਂ ਫ਼ੈਸ਼ਨਾਂ ਵਾਂਗ ਟੈਟੂ ਵੀ ਕੁਝ ਸਮੇਂ ਬਾਅਦ ਇੰਨੇ ਪਸੰਦ ਨਾ ਕੀਤੇ ਜਾਣ। ਸੱਚ-ਮੁੱਚ, ਕੀ ਅਜਿਹੀ ਕੋਈ ਵੀ ਚੀਜ਼ ਹੈ, ਚਾਹੇ ਇਹ ਜੀਨ ਦੀ ਪੈਂਟ ਹੋਵੇ, ਕਮੀਜ਼, ਫਰਾਕ, ਜਾਂ ਜੁੱਤੀਆਂ ਦਾ ਜੋੜਾ, ਜਿਸ ਨੂੰ ਤੁਸੀਂ ਇੰਨਾ ਪਸੰਦ ਕਰਦੇ ਹੋ ਕਿ ਤੁਸੀਂ ਆਪਣੀ ਪੂਰੀ ਜ਼ਿੰਦਗੀ ਇਸ ਨੂੰ ਪਹਿਨਣਾ ਚਾਹੋਗੇ? ਬਿਲਕੁਲ ਨਹੀਂ! ਫ਼ੈਸ਼ਨ, ਸਟਾਈਲ ਤੇ ਰੰਗ ਬਦਲਦੇ ਰਹਿੰਦੇ ਹਨ। ਲੇਕਿਨ, ਟੈਟੂ ਕੱਪੜਿਆਂ ਵਾਂਗ ਨਹੀਂ ਹਨ ਜੋ ਕਿ ਜਲਦੀ ਲਾਏ ਜਾ ਸਕਦੇ ਹਨ। ਇਸ ਤੋਂ ਇਲਾਵਾ, ਜੋ 16 ਸਾਲ ਦੀ ਉਮਰ ਤੇ ਤੁਹਾਨੂੰ ‘ਕੂਲ’ ਜਾਂ ਫ਼ੈਸ਼ਨਦਾਰ ਲੱਗੇ ਉਹ ਸ਼ਾਇਦ 30 ਸਾਲਾਂ ਦੀ ਉਮਰ ਤੇ ਤੁਹਾਨੂੰ ਬਿਲਕੁਲ ਪਸੰਦ ਨਾ ਆਵੇ।

ਕਈ ਆਪਣੀ ਦਿੱਖ ਵਿਚ ਤਬਦੀਲੀਆਂ ਲਿਆ ਕੇ ਬਾਅਦ ਵਿਚ ਬਹੁਤ ਪਛਤਾਉਂਦੇ ਹਨ। ਐਮੀ ਦੱਸਦੀ ਹੈ ਕਿ “ਯਹੋਵਾਹ ਬਾਰੇ ਸਿੱਖਣ ਤੋਂ ਪਹਿਲਾਂ ਮੈਂ ਗੋਦਨਾ ਗੁੰਦਵਾਇਆ ਸੀ। ਮੈਂ ਇਸ ਨੂੰ ਲਕੋ ਕੇ ਰੱਖਣ ਦੀ ਕੋਸ਼ਿਸ਼ ਕਰਦੀ ਹਾਂ। ਜਦੋਂ ਕਲੀਸਿਯਾ ਵਿਚ ਦੂਸਰੇ ਇਸ ਨੂੰ ਦੇਖ ਲੈਂਦੇ ਹਨ, ਤਾਂ ਮੈਨੂੰ ਬਹੁਤ ਸ਼ਰਮ ਆਉਂਦੀ ਹੈ।” ਇਸ ਤੋਂ ਅਸੀਂ ਕਿਹੜਾ ਸਬਕ ਸਿੱਖਦੇ ਹਾਂ? ਟੈਟੂ ਕਰਵਾਉਣ ਤੋਂ ਪਹਿਲਾਂ ਸੋਚੋ। ਅਜਿਹਾ ਕਦਮ ਨਾ ਚੁੱਕੋ ਜਿਸ ਕਰਕੇ ਤੁਸੀਂ ਜ਼ਿੰਦਗੀ ਭਰ ਪਛਤਾਓਗੇ। (g03 9/22)

[ਫੁਟਨੋਟ]

^ ਪੈਰਾ 3 ਕੁਝ ਨਾਂ ਬਦਲੇ ਗਏ ਹਨ।

[ਸਫ਼ੇ 22 ਉੱਤੇ ਤਸਵੀਰ]

ਗੋਦਨੇ ਗੁੰਦਵਾਉਣ ਦਾ ਸੰਬੰਧ ਅਕਸਰ ਬਗਾਵਤੀ ਜੀਵਨ ਢੰਗ ਨਾਲ ਜੋੜਿਆ ਜਾਂਦਾ ਹੈ

[ਸਫ਼ੇ 22 ਉੱਤੇ ਤਸਵੀਰ]

ਸਮੇਂ ਦੇ ਬੀਤਣ ਨਾਲ ਕਈ ਲੋਕ ਟੈਟੂ ਕਰਵਾਉਣ ਕਾਰਨ ਪਛਤਾਉਂਦੇ ਹਨ

[ਸਫ਼ੇ 23 ਉੱਤੇ ਤਸਵੀਰ]

ਟੈਟੂ ਕਰਵਾਉਣ ਤੋਂ ਪਹਿਲਾਂ ਸੋਚੋ