ਛੇ ਤਰੀਕਿਆਂ ਨਾਲ ਆਪਣੀ ਸਿਹਤ ਦੀ ਰਾਖੀ ਕਰੋ
ਛੇ ਤਰੀਕਿਆਂ ਨਾਲ ਆਪਣੀ ਸਿਹਤ ਦੀ ਰਾਖੀ ਕਰੋ
ਵਿਕਾਸਸ਼ੀਲ ਦੇਸ਼ਾਂ ਵਿਚ ਚੁਣੌਤੀ ਭਰਿਆ ਕੰਮ
ਜ਼ਿਆਦਾਤਰ ਲੋਕਾਂ ਲਈ ਅੱਜ ਸਾਫ਼-ਸਫ਼ਾਈ ਰੱਖਣੀ ਬਹੁਤ ਔਖੀ ਹੈ, ਖ਼ਾਸ ਕਰਕੇ ਉਨ੍ਹਾਂ ਦੇਸ਼ਾਂ ਵਿਚ ਜਿੱਥੇ ਸਾਫ਼ ਪਾਣੀ ਦੀ ਘਾਟ ਹੈ ਅਤੇ ਗੰਦਗੀ ਨੂੰ ਠਿਕਾਣੇ ਲਗਾਉਣ ਦੇ ਢੁਕਵੇਂ ਪ੍ਰਬੰਧ ਨਹੀਂ ਹਨ। ਫਿਰ ਵੀ ਸਫ਼ਾਈ ਰੱਖਣ ਦੇ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਇਹ ਅਨੁਮਾਨ ਲਾਇਆ ਗਿਆ ਹੈ ਕਿ ਬੱਚਿਆਂ ਦੀਆਂ ਅੱਧੀਆਂ ਤੋਂ ਜ਼ਿਆਦਾ ਬੀਮਾਰੀਆਂ ਅਤੇ ਮੌਤਾਂ ਉਨ੍ਹਾਂ ਰੋਗਾਣੂਆਂ ਕਰਕੇ ਹੁੰਦੀਆਂ ਹਨ ਜੋ ਗੰਦੇ ਹੱਥਾਂ ਜਾਂ ਦੂਸ਼ਿਤ ਭੋਜਨ ਤੇ ਪਾਣੀ ਦੁਆਰਾ ਉਨ੍ਹਾਂ ਦੇ ਸਰੀਰ ਵਿਚ ਦਾਖ਼ਲ ਹੋ ਜਾਂਦੇ ਹਨ। ਸੰਯੁਕਤ ਰਾਸ਼ਟਰ ਬਾਲ ਫੰਡ ਦੁਆਰਾ ਪ੍ਰਕਾਸ਼ਿਤ ਫ਼ੈਕਟਸ ਫ਼ੌਰ ਲਾਈਫ਼ ਨਾਂ ਦੀ ਕਿਤਾਬ ਵਿਚ ਕਈ ਸੁਝਾਅ ਦਿੱਤੇ ਗਏ ਹਨ ਜਿਨ੍ਹਾਂ ਨੂੰ ਲਾਗੂ ਕਰ ਕੇ ਕਈ ਬੀਮਾਰੀਆਂ ਤੋਂ, ਖ਼ਾਸ ਕਰਕੇ ਦਸਤ ਤੋਂ ਬਚਿਆ ਜਾ ਸਕਦਾ ਹੈ।
1 ਮਲ-ਮੂਤਰ ਨੂੰ ਸਹੀ ਤਰੀਕੇ ਨਾਲ ਠਿਕਾਣੇ ਲਗਾਓ
ਮਲ-ਮੂਤਰ ਵਿਚ ਰੋਗ ਪੈਦਾ ਕਰਨ ਵਾਲੇ ਬਹੁਤ ਸਾਰੇ ਕੀਟਾਣੂ ਹੁੰਦੇ ਹਨ। ਇਹ ਰੋਗਾਣੂ ਪਾਣੀ, ਭੋਜਨ, ਹੱਥਾਂ, ਭਾਂਡਿਆਂ ਜਾਂ ਰਸੋਈ ਦੀਆਂ ਹੋਰ ਚੀਜ਼ਾਂ ਨੂੰ ਦੂਸ਼ਿਤ ਕਰ ਸਕਦੇ ਹਨ ਜਿਨ੍ਹਾਂ ਰਾਹੀਂ ਰੋਗਾਣੂ ਸਾਡੇ ਸਰੀਰ ਅੰਦਰ ਜਾ ਕੇ ਸਾਨੂੰ ਬੀਮਾਰ ਕਰ ਦਿੰਦੇ ਹਨ। ਇਸ ਲਈ ਰੋਗਾਣੂਆਂ ਨੂੰ ਫੈਲਣ ਤੋਂ ਰੋਕਣ ਲਈ ਸਾਰੇ ਮਲ-ਮੂਤਰ ਨੂੰ ਚੰਗੀ ਤਰ੍ਹਾਂ ਠਿਕਾਣੇ ਲਗਾਉਣਾ ਬਹੁਤ ਜ਼ਰੂਰੀ ਹੈ। ਸਾਰਿਆਂ ਨੂੰ ਟਾਇਲਟ ਜਾਂ ਲੈਟਰੀਨ ਵਿਚ ਹੀ ਮਲ ਤਿਆਗਣਾ ਚਾਹੀਦਾ ਹੈ। ਧਿਆਨ ਰੱਖੋ ਕਿ ਘਰ ਦੇ ਨੇੜੇ, ਵਿਹੜੇ ਵਿਚ ਜਾਂ ਬੱਚਿਆਂ ਦੇ ਖੇਡਣ ਦੀਆਂ ਥਾਵਾਂ ਤੇ ਜਾਨਵਰਾਂ ਦਾ ਮਲ ਨਾ ਹੋਵੇ।
ਜਿਨ੍ਹਾਂ ਥਾਵਾਂ ਤੇ ਟਾਇਲਟ ਜਾਂ ਲੈਟਰੀਨ ਦਾ ਪ੍ਰਬੰਧ ਨਹੀਂ ਹੁੰਦਾ, ਉੱਥੇ ਮਲ ਤਿਆਗਣ ਤੋਂ ਬਾਅਦ ਉਸ ਉੱਤੇ ਫ਼ੌਰਨ ਮਿੱਟੀ ਪਾ ਦੇਣੀ ਚਾਹੀਦੀ ਹੈ। ਯਾਦ ਰੱਖੋ ਕਿ ਸਾਰੇ ਮਲ-ਮੂਤਰ ਵਿਚ ਰੋਗਾਣੂ ਹੁੰਦੇ ਹਨ। ਨਵ-ਜੰਮੇ ਬੱਚਿਆਂ ਦੇ ਮਲ ਵਿਚ ਵੀ ਬੀਮਾਰੀ ਪੈਦਾ ਕਰਨ ਵਾਲੇ ਕੀਟਾਣੂ ਹੁੰਦੇ ਹਨ, ਇਸ ਲਈ ਉਨ੍ਹਾਂ ਦੇ ਮਲ ਨੂੰ ਵੀ ਲੈਟਰੀਨ ਵਿਚ ਫਲੱਸ਼ ਕੀਤਾ ਜਾਣਾ ਚਾਹੀਦਾ ਹੈ ਜਾਂ ਮਿੱਟੀ ਨਾਲ ਦੱਬ ਦੇਣਾ ਚਾਹੀਦਾ ਹੈ।
ਲੈਟਰੀਨ ਅਤੇ ਟਾਇਲਟ ਨੂੰ ਬਾਕਾਇਦਾ ਸਾਫ਼ ਕੀਤਾ ਜਾਣਾ ਚਾਹੀਦਾ ਹੈ। ਟਾਇਲਟ ਜਾਣ ਮਗਰੋਂ ਇਸ ਨੂੰ ਫਲੱਸ਼ ਕਰੋ। ਜੇ ਜ਼ਮੀਨ ਵਿਚ ਟੋਆ ਪੁੱਟ ਕੇ ਲੈਟਰੀਨ ਬਣਾਈ ਗਈ ਹੈ, ਤਾਂ ਇਸ ਨੂੰ ਢੱਕ ਕੇ ਰੱਖੋ।
2 ਆਪਣੇ ਹੱਥ ਧੋਵੋ
ਆਪਣੇ ਹੱਥਾਂ ਨੂੰ ਧੋਂਦੇ ਰਹਿਣਾ ਚਾਹੀਦਾ ਹੈ। ਸਾਬਣ ਅਤੇ ਪਾਣੀ ਜਾਂ ਸੁਆਹ ਤੇ ਪਾਣੀ ਨਾਲ ਹੱਥ ਧੋਣ ਨਾਲ ਇਹ ਕੀਟਾਣੂਆਂ ਤੋਂ ਮੁਕਤ ਰਹਿੰਦੇ ਹਨ। ਹੱਥਾਂ ਨੂੰ ਸਿਰਫ਼ ਥੋੜ੍ਹੇ ਜਿਹੇ ਪਾਣੀ ਨਾਲ ਗਿੱਲਾ ਕਰਨਾ ਕਾਫ਼ੀ ਨਹੀਂ—ਸਾਬਣ ਲਾ ਕੇ ਜਾਂ ਸੁਆਹ ਨਾਲ ਦੋਨਾਂ ਹੱਥਾਂ ਨੂੰ ਚੰਗੀ ਤਰ੍ਹਾਂ ਰਗੜਨਾ ਚਾਹੀਦਾ ਹੈ।
ਟਾਇਲਟ ਜਾਣ ਤੋਂ ਬਾਅਦ ਆਪਣੇ ਹੱਥ ਧੋਣੇ ਬਹੁਤ ਜ਼ਰੂਰੀ ਹਨ। ਨਿਆਣਿਆਂ ਦੀ ਟੱਟੀ ਧੋਣ ਤੋਂ ਬਾਅਦ ਵੀ ਆਪਣੇ ਹੱਥ ਧੋਵੋ। ਇਸ ਤੋਂ ਇਲਾਵਾ, ਜਾਨਵਰਾਂ ਨੂੰ ਹੱਥ ਲਾਉਣ ਮਗਰੋਂ, ਭੋਜਨ ਤਿਆਰ ਕਰਨ ਤੋਂ ਪਹਿਲਾਂ ਅਤੇ ਬੱਚਿਆਂ ਨੂੰ ਕੁਝ ਖੁਆਉਣ ਤੋਂ ਪਹਿਲਾਂ ਵੀ ਆਪਣੇ ਹੱਥ ਧੋਣੇ ਚਾਹੀਦੇ ਹਨ।
ਹੱਥਾਂ ਨੂੰ ਧੋਣ ਨਾਲ ਢਿੱਡ ਵਿਚ ਕੀੜੇ ਨਹੀਂ ਪੈਣਗੇ। ਇਹ ਕੀੜੇ ਇੰਨੇ ਸੂਖਮ ਹੁੰਦੇ ਹਨ ਕਿ ਅਸੀਂ ਇਨ੍ਹਾਂ ਨੂੰ ਨੰਗੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ। ਇਹ ਮਲ-ਮੂਤਰ ਵਿਚ, ਖੜ੍ਹੇ ਪਾਣੀ ਵਿਚ, ਮਿੱਟੀ ਵਿਚ ਅਤੇ ਕੱਚੇ ਜਾਂ ਅੱਧ-ਪੱਕੇ ਮੀਟ ਵਿਚ ਮੌਜੂਦ ਹੁੰਦੇ ਹਨ। ਇਨ੍ਹਾਂ ਕੀੜਿਆਂ ਨੂੰ ਆਪਣੇ ਸਰੀਰ ਵਿਚ ਦਾਖ਼ਲ ਹੋਣ ਤੋਂ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਆਪਣੇ ਹੱਥਾਂ ਨੂੰ ਧੋਣਾ ਹੈ। ਇਸ ਤੋਂ ਇਲਾਵਾ, ਲੈਟਰੀਨ ਦੇ ਨੇੜੇ-ਤੇੜੇ ਨੰਗੇ ਪੈਰੀਂ ਨਾ ਘੁੰਮੋ। ਜੁੱਤੀਆਂ ਪਾਉਣ ਨਾਲ ਕੀੜੇ ਪੈਰਾਂ ਦੀਆਂ ਤਲੀਆਂ ਰਾਹੀਂ ਸਾਡੇ ਸਰੀਰ ਵਿਚ ਦਾਖ਼ਲ ਨਹੀਂ ਹੋਣਗੇ।
ਬੱਚੇ ਅਕਸਰ ਆਪਣਾ ਹੱਥ ਮੂੰਹ ਵਿਚ ਪਾਉਂਦੇ ਹਨ, ਇਸ ਲਈ ਸਮੇਂ-ਸਮੇਂ ਤੇ ਉਨ੍ਹਾਂ ਦੇ ਹੱਥ ਧੋਂਦੇ ਰਹੋ, ਖ਼ਾਸਕਰ ਜਦੋਂ ਉਹ ਮਲ ਤਿਆਗਦੇ ਹਨ ਜਾਂ ਜਦੋਂ ਉਹ ਭੋਜਨ ਖਾਂਦੇ ਹਨ। ਉਨ੍ਹਾਂ ਨੂੰ ਆਪਣੇ ਹੱਥ ਧੋਣੇ ਸਿਖਾਓ। ਉਨ੍ਹਾਂ ਨੂੰ ਦੱਸੋ ਕਿ ਉਨ੍ਹਾਂ ਨੂੰ ਲੈਟਰੀਨ, ਟਾਇਲਟ ਜਾਂ ਹੋਰ ਜੰਗਲ-ਪਾਣੀ ਦੀਆਂ ਥਾਵਾਂ ਤੇ ਨਹੀਂ ਖੇਡਣਾ ਚਾਹੀਦਾ।
3 ਹਰ ਦਿਨ ਮੂੰਹ ਧੋਵੋ
ਅੱਖਾਂ ਦੀਆਂ ਇਨਫ਼ੈਕਸ਼ਨਾਂ ਤੋਂ ਬਚਣ ਲਈ ਹਰ ਦਿਨ ਆਪਣੇ ਮੂੰਹ ਨੂੰ ਸਾਬਣ ਤੇ ਪਾਣੀ ਨਾਲ ਧੋਵੋ। ਬੱਚਿਆਂ ਦਾ ਮੂੰਹ ਵੀ ਧੋਣਾ ਜ਼ਰੂਰੀ ਹੈ। ਗੰਦੇ ਮੂੰਹ ਤੇ ਮੱਖੀਆਂ ਆ ਕੇ ਬੈਠਦੀਆਂ ਹਨ ਜੋ ਰੋਗਾਣੂ ਫੈਲਾਉਂਦੀਆਂ ਹਨ। ਇਨ੍ਹਾਂ ਰੋਗਾਣੂਆਂ ਤੋਂ ਅੱਖਾਂ ਦੀਆਂ ਇਨਫ਼ੈਕਸ਼ਨਾਂ ਹੋ ਸਕਦੀਆਂ ਹਨ, ਇੱਥੋਂ ਤਕ ਕਿ ਅੱਖਾਂ ਦੀ ਰੌਸ਼ਨੀ ਵੀ ਜਾ ਸਕਦੀ ਹੈ।
ਆਪਣੇ ਬੱਚਿਆਂ ਦੀਆਂ ਅੱਖਾਂ ਦੀ ਸਮੇਂ-ਸਮੇਂ ਤੇ ਜਾਂਚ ਕਰਦੇ ਰਹੋ। ਤੰਦਰੁਸਤ ਅੱਖਾਂ ਵਿਚ ਨਮੀ ਅਤੇ ਚਮਕ ਹੁੰਦੀ ਹੈ। ਪਰ ਜੇ ਅੱਖਾਂ ਸੁੱਕੀਆਂ ਜਾਂ ਲਾਲ ਹੋਣ ਜਾਂ ਇਨ੍ਹਾਂ ਵਿਚ ਜਲਣ ਹੋਵੇ ਜਾਂ ਅੱਖਾਂ ਵਿੱਚੋਂ ਹਲਕੇ-ਪੀਲੇ ਰੰਗ ਦਾ ਪਾਣੀ ਨਿਕਲੇ, ਤਾਂ ਬੱਚੇ ਨੂੰ ਕਿਸੇ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।
4 ਸਿਰਫ਼ ਸਾਫ਼ ਪਾਣੀ ਹੀ ਵਰਤੋ
ਜਦੋਂ ਲੋਕ ਸਾਫ਼ ਪਾਣੀ ਵਰਤਦੇ ਹਨ ਅਤੇ ਇਸ ਨੂੰ ਕੀਟਾਣੂਆਂ ਤੋਂ ਮੁਕਤ ਰੱਖਦੇ ਹਨ, ਤਾਂ ਘਰ ਵਿਚ ਘੱਟ ਬੀਮਾਰੀਆਂ ਹੁੰਦੀਆਂ ਹਨ। ਜੇ ਤੁਹਾਡਾ ਪਾਣੀ ਸਹੀ ਤਰੀਕੇ ਨਾਲ ਪਾਏ ਗਏ ਪਾਈਪਾਂ ਰਾਹੀਂ ਟੂਟੀਆਂ ਤੋਂ ਆਉਂਦਾ ਹੈ ਜਾਂ ਤੁਸੀਂ ਅਦੂਸ਼ਿਤ ਖੂਹਾਂ ਤੇ ਚਸ਼ਮਿਆਂ ਦਾ ਪਾਣੀ ਇਸਤੇਮਾਲ ਕਰਦੇ ਹੋ, ਤਾਂ ਸੰਭਵ ਤੌਰ ਤੇ ਇਹ ਸਾਫ਼ ਹੋਵੇਗਾ। ਪਰ ਝੀਲਾਂ, ਦਰਿਆਵਾਂ ਅਤੇ ਖੁੱਲ੍ਹੀਆਂ ਟੈਂਕੀਆਂ ਜਾਂ ਅਣਢੱਕੇ ਖੂਹਾਂ ਦਾ ਪਾਣੀ ਆਮ ਤੌਰ ਤੇ ਸਾਫ਼ ਨਹੀਂ ਹੁੰਦਾ। ਤਾਂ ਵੀ ਇਸ ਨੂੰ ਉਬਾਲ ਕੇ ਵਰਤਣਯੋਗ ਬਣਾਇਆ ਜਾ ਸਕਦਾ ਹੈ।
ਖੂਹਾਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ। ਪਾਣੀ ਕੱਢਣ ਅਤੇ ਰੱਖਣ ਲਈ ਵਰਤੀਆਂ ਜਾਣ ਵਾਲੀਆਂ ਬਾਲਟੀਆਂ, ਰੱਸੇ ਤੇ ਭਾਂਡਿਆਂ ਨੂੰ ਨਿਯਮਿਤ ਤੌਰ ਤੇ ਧੋਣਾ ਅਤੇ ਇਨ੍ਹਾਂ ਨੂੰ ਸਾਫ਼ ਥਾਂ ਤੇ ਰੱਖਣਾ ਚਾਹੀਦਾ ਹੈ, ਨਾ ਕਿ ਜ਼ਮੀਨ ਤੇ।
ਜਾਨਵਰਾਂ ਨੂੰ ਖੂਹਾਂ ਅਤੇ ਘਰਾਂ ਤੋਂ ਦੂਰ ਰੱਖੋ। ਪਾਣੀ ਦੇ ਸੋਮਿਆਂ ਦੇ ਨੇੜੇ ਕੀੜੇਮਾਰ ਦਵਾਈਆਂ ਜਾਂ ਰਸਾਇਣਕ ਪਦਾਰਥ ਨਾ ਛਿੜਕੋ।ਘਰ ਵਿਚ ਪਾਣੀ ਨੂੰ ਸਾਫ਼ ਤੇ ਢਕੇ ਹੋਏ ਭਾਂਡਿਆਂ ਵਿਚ ਭਰ ਕੇ ਰੱਖੋ। ਪਾਣੀ ਨੂੰ ਅਜਿਹੇ ਭਾਂਡੇ ਵਿਚ ਰੱਖੋ ਜਿਸ ਨੂੰ ਟੂਟੀ ਲੱਗੀ ਹੋਵੇ। ਜੇ ਟੂਟੀ ਵਾਲਾ ਭਾਂਡਾ ਨਾ ਹੋਵੇ, ਤਾਂ ਸਾਫ਼ ਕੜਛੀ ਜਾਂ ਕੱਪ ਨਾਲ ਪਾਣੀ ਕੱਢੋ। ਇਸ ਗੱਲ ਦਾ ਧਿਆਨ ਰੱਖੋ ਕਿ ਪੀਣ ਵਾਲੇ ਪਾਣੀ ਵਿਚ ਕਦੇ ਵੀ ਗੰਦੇ ਹੱਥ ਨਹੀਂ ਪਾਉਣੇ ਚਾਹੀਦੇ।
5 ਖਾਣ ਦੀਆਂ ਚੀਜ਼ਾਂ ਨੂੰ ਕੀਟਾਣੂਆਂ ਤੋਂ ਬਚਾ ਕੇ ਰੱਖੋ
ਭੋਜਨ ਨੂੰ ਚੰਗੀ ਤਰ੍ਹਾਂ ਪਕਾਉਣ ਨਾਲ ਕੀਟਾਣੂ ਨਸ਼ਟ ਹੋ ਜਾਂਦੇ ਹਨ। ਖ਼ਾਸ ਕਰਕੇ ਮੀਟ-ਮੁਰਗੇ ਨੂੰ ਚੰਗੀ ਤਰ੍ਹਾਂ ਪਕਾਉਣਾ ਚਾਹੀਦਾ ਹੈ। ਅੱਧ-ਗਰਮ ਭੋਜਨ ਵਿਚ ਕੀਟਾਣੂ ਤੇਜ਼ੀ ਨਾਲ ਵਧਦੇ ਹਨ। ਇਸ ਲਈ, ਭੋਜਨ ਤਿਆਰ ਕਰਨ ਤੋਂ ਬਾਅਦ ਇਸ ਨੂੰ ਜਲਦੀ ਖਾ ਲੈਣਾ ਚਾਹੀਦਾ ਹੈ। ਜੇ ਤੁਸੀਂ ਦੋ ਘੰਟਿਆਂ ਤੋਂ ਜ਼ਿਆਦਾ ਸਮੇਂ ਤਕ ਭੋਜਨ ਨਹੀਂ ਖਾਣਾ ਹੈ, ਤਾਂ ਇਸ ਨੂੰ ਜਾਂ ਤਾਂ ਬਹੁਤ ਗਰਮ ਜਾਂ ਬਹੁਤ ਠੰਢੀ ਥਾਂ ਤੇ ਰੱਖੋ। ਜੇ ਤੁਸੀਂ ਦੂਜੇ ਡੰਗ ਵੀ ਇਸੇ ਭੋਜਨ ਨੂੰ ਖਾਣਾ ਹੈ, ਤਾਂ ਇਸ ਨੂੰ ਢੱਕ ਦਿਓ। ਇਸ ਤਰ੍ਹਾਂ ਮੱਖੀਆਂ ਤੇ ਕੀੜੇ ਇਸ ਉੱਤੇ ਨਹੀਂ ਬੈਠਣਗੇ। ਖਾਣ ਤੋਂ ਪਹਿਲਾਂ ਖਾਣੇ ਨੂੰ ਚੰਗੀ ਤਰ੍ਹਾਂ ਗਰਮ ਕਰ ਲਓ।
ਨਵ-ਜੰਮੇ ਤੇ ਛੋਟੇ ਨਿਆਣਿਆਂ ਲਈ ਮਾਂ ਦਾ ਦੁੱਧ ਹੀ ਸਭ ਤੋਂ ਸੁਰੱਖਿਅਤ ਅਤੇ ਬਿਹਤਰੀਨ ਭੋਜਨ ਹੈ। ਪਰ ਜੇ ਬੱਚੇ ਨੂੰ ਓਪਰਾ ਦੁੱਧ ਹੀ ਪਿਲਾਉਣਾ ਹੈ, ਤਾਂ ਇਸ ਨੂੰ ਹਮੇਸ਼ਾ ਉਬਾਲ ਲੈਣਾ ਚਾਹੀਦਾ ਹੈ। ਬੋਤਲਾਂ ਨਾਲ ਦੁੱਧ ਪਿਲਾਉਣ ਤੋਂ ਪਰਹੇਜ਼ ਕਰੋ। ਜੇ ਬੋਤਲਾਂ ਵਰਤਣੀਆਂ ਹੀ ਹਨ, ਤਾਂ ਇਨ੍ਹਾਂ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਉਬਲਦੇ ਪਾਣੀ ਵਿਚ ਧੋਵੋ। ਦੁੱਧ ਦੀਆਂ ਬੋਤਲਾਂ ਵਿਚ ਅਕਸਰ ਰੋਗਾਣੂ ਹੁੰਦੇ ਹਨ ਜੋ ਬੱਚਿਆਂ ਨੂੰ ਦਸਤ ਲਗਾ ਸਕਦੇ ਹਨ। ਬੱਚਿਆਂ ਨੂੰ ਦੁੱਧ ਚੁੰਘਾਉਣਾ ਜਾਂ ਉਨ੍ਹਾਂ ਨੂੰ ਸਾਫ਼ ਕੱਪ ਨਾਲ ਦੁੱਧ ਪਿਲਾਉਣਾ ਬਿਹਤਰ ਹੋਵੇਗਾ।
ਫਲਾਂ ਤੇ ਸਬਜ਼ੀਆਂ ਨੂੰ ਸਾਫ਼ ਪਾਣੀ ਨਾਲ ਧੋਵੋ। ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋਣਾ ਖ਼ਾਸ ਕਰਕੇ ਉਦੋਂ ਜ਼ਰੂਰੀ ਹੁੰਦਾ ਹੈ ਜਦੋਂ ਬੱਚੇ ਇਨ੍ਹਾਂ ਨੂੰ ਕੱਚਾ ਹੀ ਖਾਣਗੇ।
6 ਘਰ ਦਾ ਸਾਰਾ ਕੂੜਾ-ਕਰਕਟ ਠਿਕਾਣੇ ਲਗਾਓ
ਮੱਖੀਆਂ, ਕਾਕਰੋਚ ਅਤੇ ਚੂਹੇ ਰੋਗਾਣੂ ਫੈਲਾਉਂਦੇ ਹਨ। ਇਹ ਜੀਵ ਕੂੜੇ ਦੇ ਢੇਰ ਵਿਚ ਵਧਦੇ-ਫੁੱਲਦੇ ਹਨ। ਜੇ ਤੁਹਾਡੇ ਇਲਾਕੇ ਵਿਚ ਕੂੜਾ ਇਕੱਠਾ ਕਰਨ ਲਈ ਗੱਡੀ ਨਹੀਂ ਆਉਂਦੀ ਹੈ, ਤਾਂ ਤੁਸੀਂ ਆਪਣੇ ਘਰ ਦੇ ਕੂੜੇ ਨੂੰ ਇਕੱਠਾ ਕਰ ਕੇ ਜ਼ਮੀਨ ਵਿਚ ਦੱਬ ਸਕਦੇ ਹੋ ਜਾਂ ਹਰ ਦਿਨ ਸਾੜ ਸਕਦੇ ਹੋ। ਆਪਣੇ ਘਰ ਨੂੰ ਕੂੜੇ-ਕਰਕਟ ਅਤੇ ਗੰਦੇ ਪਾਣੀ ਤੋਂ ਮੁਕਤ ਰੱਖੋ।
ਜੇ ਤੁਸੀਂ ਇਨ੍ਹਾਂ ਸੁਝਾਵਾਂ ਨੂੰ ਬਾਕਾਇਦਾ ਲਾਗੂ ਕਰੋਗੇ, ਤਾਂ ਸਾਫ਼-ਸਫ਼ਾਈ ਰੱਖਣੀ ਤੁਹਾਡੀ ਆਦਤ ਬਣ ਜਾਵੇਗੀ। ਇਨ੍ਹਾਂ ਨੂੰ ਲਾਗੂ ਕਰਨਾ ਜ਼ਿਆਦਾ ਔਖਾ ਨਹੀਂ ਹੈ ਅਤੇ ਨਾ ਹੀ ਇਸ ਲਈ ਜ਼ਿਆਦਾ ਪੈਸੇ ਲੱਗਣਗੇ। ਪਰ ਇਹ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਸਿਹਤ ਦੀ ਰਾਖੀ ਕਰਨਗੇ। (g03 9/22)
[ਸਫ਼ੇ 11 ਉੱਤੇ ਤਸਵੀਰ]
ਜਿੱਥੇ ਟਾਇਲਟ ਜਾਂ ਲੈਟਰੀਨ ਨਾ ਹੋਣ, ਉੱਥੇ ਮਲ-ਮੂਤਰ ਨੂੰ ਤੁਰੰਤ ਦੱਬ ਦਿਓ
[ਸਫ਼ੇ 11 ਉੱਤੇ ਤਸਵੀਰ]
ਆਪਣੇ ਹੱਥ ਧੋਂਦੇ ਰਹੋ
[ਸਫ਼ੇ 12, 13 ਉੱਤੇ ਤਸਵੀਰ]
ਹਰ ਦਿਨ ਸਾਬਣ ਅਤੇ ਪਾਣੀ ਨਾਲ ਮੂੰਹ ਧੋਵੋ
[ਸਫ਼ੇ 12 ਉੱਤੇ ਤਸਵੀਰ]
ਪਾਣੀ ਨੂੰ ਸਾਫ਼ ਰੱਖਣ ਅਤੇ ਸਾਫ਼ ਪਾਣੀ ਵਰਤਣ ਨਾਲ ਘਰ ਵਿਚ ਘੱਟ ਬੀਮਾਰੀਆਂ ਹੁੰਦੀਆਂ ਹਨ
[ਸਫ਼ੇ 13 ਉੱਤੇ ਤਸਵੀਰ]
ਜੇ ਤੁਸੀਂ ਦੂਜੇ ਡੰਗ ਵੀ ਉਹੀ ਭੋਜਨ ਖਾਣਾ ਹੈ, ਤਾਂ ਇਸ ਨੂੰ ਢੱਕ ਕੇ ਰੱਖੋ
[ਸਫ਼ੇ 13 ਉੱਤੇ ਤਸਵੀਰ]
ਕੂੜੇ-ਕਰਕਟ ਨੂੰ ਜ਼ਮੀਨ ਵਿਚ ਦੱਬ ਦੇਣਾ ਜਾਂ ਹਰ ਦਿਨ ਸਾੜ ਦੇਣਾ ਚਾਹੀਦਾ ਹੈ