ਪਰਾਗ—ਸਰਾਪ ਜਾਂ ਚਮਤਕਾਰ?
ਪਰਾਗ—ਸਰਾਪ ਜਾਂ ਚਮਤਕਾਰ?
ਆਸਟ੍ਰੇਲੀਆ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ
ਆਛੀਂ! ਬਸੰਤ ਆਉਂਦਿਆਂ ਹੀ ਦੁਨੀਆਂ ਭਰ ਵਿਚ ਲੱਖਾਂ ਲੋਕਾਂ ਨੂੰ ਛਿੱਕਾਂ ਲੱਗ ਜਾਂਦੀਆਂ ਹਨ, ਉਨ੍ਹਾਂ ਦਾ ਨੱਕ ਵਗਣ ਲੱਗ ਪੈਂਦਾ ਹੈ ਤੇ ਅੱਖਾਂ ਵਿਚ ਜਲਣ ਹੋਣੀ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਨੂੰ ਇਹ ਅਲਰਜੀ ਆਮ ਤੌਰ ਤੇ ਹਵਾ ਵਿਚ ਫੈਲੇ ਫੁੱਲਾਂ ਦੇ ਪਰਾਗ ਤੋਂ ਹੁੰਦੀ ਹੈ। ਬੀ.ਐੱਮ.ਜੇ. ਰਸਾਲੇ (ਪਹਿਲਾਂ ਇਸ ਦਾ ਨਾਂ ਬ੍ਰਿਟਿਸ਼ ਮੈਡੀਕਲ ਜਰਨਲ ਸੀ) ਦਾ ਅਨੁਮਾਨ ਹੈ ਕਿ ਵਿਕਸਿਤ ਦੇਸ਼ਾਂ ਵਿਚ 6 ਵਿੱਚੋਂ 1 ਜਣੇ ਨੂੰ ਪਰਾਗ ਤੋਂ ਅਲਰਜੀ (ਹੇ ਫੀਵਰ) ਹੁੰਦੀ ਹੈ। ਪੌਦੇ ਹਵਾ ਵਿਚ ਜਿੰਨੀ ਮਾਤਰਾ ਵਿਚ ਪਰਾਗ ਛੱਡਦੇ ਹਨ, ਉਸ ਨੂੰ ਦੇਖਦਿਆਂ ਇੰਨੇ ਸਾਰੇ ਲੋਕਾਂ ਦਾ ਬੀਮਾਰ ਹੋਣਾ ਕੋਈ ਹੈਰਾਨੀ ਦੀ ਗੱਲ ਨਹੀਂ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਹਰ ਸਾਲ ਸਵੀਡਨ ਦੇ ਦੱਖਣੀ ਇਲਾਕੇ (ਦੇਸ਼ ਦਾ ਇਕ-ਤਿਹਾਈ ਹਿੱਸਾ) ਦੇ ਜੰਗਲਾਂ ਵਿਚ ਉੱਗਦੇ ਸਪਰੂਸ ਦਰਖ਼ਤ 75,000 ਟਨ ਪਰਾਗ ਛੱਡਦੇ ਹਨ। ਉੱਤਰੀ ਅਮਰੀਕਾ ਦੇ ਬਹੁਤ ਸਾਰੇ ਲੋਕਾਂ ਨੂੰ ਰੈਗਵੀਡ ਨਾਂ ਦੇ ਪੌਦੇ ਦੇ ਪਰਾਗ ਤੋਂ ਹੇ ਫੀਵਰ ਹੁੰਦਾ ਹੈ। ਇਸ ਦਾ ਸਿਰਫ਼ ਇਕ ਪੌਦਾ ਦਿਨ ਵਿਚ ਪਰਾਗ ਦੇ ਦਸ ਲੱਖ ਕਣ ਪੈਦਾ ਕਰ ਸਕਦਾ ਹੈ। ਇਹ ਕਣ ਹਵਾ ਵਿਚ ਉੱਡਦੇ ਹੋਏ ਦੂਰ-ਦੂਰ ਤਕ ਪਹੁੰਚ ਜਾਂਦੇ ਹਨ। ਇਹ ਧਰਤੀ ਤੋਂ 3 ਕਿਲੋਮੀਟਰ ਉੱਪਰ ਅਤੇ ਸਮੁੰਦਰ ਉੱਤੇ 600 ਕਿਲੋਮੀਟਰ ਦੀ ਦੂਰੀ ਤਕ ਵੀ ਪਾਏ ਗਏ ਹਨ।
ਪਰ ਕੁਝ ਲੋਕਾਂ ਨੂੰ ਪਰਾਗ ਤੋਂ ਅਲਰਜੀ ਕਿਉਂ ਹੁੰਦੀ ਹੈ? ਇਸ ਸਵਾਲ ਦਾ ਜਵਾਬ ਪਾਉਣ ਤੋਂ ਪਹਿਲਾਂ, ਆਓ ਆਪਾਂ ਪਰਾਗ ਦੇ ਛੋਟੇ-ਛੋਟੇ ਕਣਾਂ ਦੇ ਹੈਰਾਨੀਜਨਕ ਡੀਜ਼ਾਈਨ ਦੀ ਜਾਂਚ ਕਰੀਏ।
ਨਵੀਂ ਜ਼ਿੰਦਗੀ ਦੇ ਸੋਮੇ
ਦੀ ਐਨਸਾਈਕਲੋਪੀਡੀਆ ਬ੍ਰਿਟੈਨੀਕਾ ਮੁਤਾਬਕ, “ਬੀਜ ਵਾਲੇ ਪੌਦਿਆਂ ਦੇ ਪਰਾਗਕੋਸ਼ (anther) ਵਿਚ ਪਰਾਗ ਬਣਦਾ ਹੈ ਅਤੇ ਇਹ ਕਈ ਸਾਧਨਾਂ (ਹਵਾ, ਪਾਣੀ, ਕੀੜੇ ਆਦਿ) ਰਾਹੀਂ ਫੁੱਲ ਦੇ ਮਾਦਾ ਹਿੱਸੇ ਯਾਨੀ ਗਰਭ-ਕੇਸਰ (pistil) ਵਿਚ ਪਹੁੰਚ ਕੇ ਫੁੱਲ ਨੂੰ ਪਰਾਗਿਤ ਕਰਦਾ ਹੈ।”
ਫੁੱਲਦਾਰ ਪੌਦਿਆਂ ਵਿਚ ਪਰਾਗ ਦੇ ਕਣਾਂ ਦੇ ਤਿੰਨ ਮੁੱਖ ਹਿੱਸੇ ਹੁੰਦੇ ਹਨ। ਇਹ ਹਨ: ਵੀਰਜ ਸੈੱਲ ਦਾ ਨਿਊਕਲੀਅਸ ਅਤੇ ਕਣ ਦੀ ਛਿੱਲ ਦੀਆਂ ਦੋ ਪਰਤਾਂ। ਬਾਹਰਲੀ ਪਰਤ ਬਹੁਤ ਹੀ ਮਜ਼ਬੂਤ ਹੋਣ ਕਰਕੇ ਜਲਦੀ ਖ਼ਰਾਬ ਨਹੀਂ ਹੁੰਦੀ ਅਤੇ ਇਸ ਉੱਤੇ ਤੇਜ਼ਾਬ, ਐਲਕਲੀ ਅਤੇ ਉੱਚੇ ਤਾਪਮਾਨ ਦਾ ਕੋਈ ਅਸਰ ਨਹੀਂ ਪੈਂਦਾ। ਪਰੰਤੂ ਕੁਝ ਕਿਸਮਾਂ ਨੂੰ ਛੱਡ ਕੇ ਆਮ ਤੌਰ ਤੇ ਪਰਾਗ ਸਿਰਫ਼ ਕੁਝ ਦਿਨਾਂ ਜਾਂ ਹਫ਼ਤਿਆਂ ਤਕ ਹੀ ਫੁੱਲਾਂ ਨੂੰ ਪਰਾਗਿਤ ਕਰਨ ਦੇ ਯੋਗ ਹੁੰਦਾ ਹੈ। ਪਰ ਪਰਾਗ ਦੀ ਸਖ਼ਤ ਛਿੱਲ ਬਿਨਾਂ ਖ਼ਰਾਬ ਹੋਏ ਹਜ਼ਾਰਾਂ ਸਾਲਾਂ ਤਕ ਬਰਕਰਾਰ ਰਹਿ ਸਕਦੀ ਹੈ। ਇਸੇ ਕਰਕੇ ਮਿੱਟੀ ਵਿੱਚੋਂ ਢੇਰ ਸਾਰੇ ਪਰਾਗ ਦੇ ਕਣ ਮਿਲੇ ਹਨ। ਦਰਅਸਲ, ਧਰਤੀ
ਦੀਆਂ ਵੱਖ-ਵੱਖ ਪਰਤਾਂ ਤੋਂ ਮਿਲੇ ਪਰਾਗ ਦੇ ਕਣਾਂ ਦਾ ਅਧਿਐਨ ਕਰਨ ਨਾਲ ਵਿਗਿਆਨੀਆਂ ਨੇ ਧਰਤੀ ਦੇ ਬਨਸਪਤੀ ਇਤਿਹਾਸ ਬਾਰੇ ਬਹੁਤ ਕੁਝ ਸਿੱਖਿਆ ਹੈ।ਇਸ ਇਤਿਹਾਸ ਨੂੰ ਕਾਫ਼ੀ ਹੱਦ ਤਕ ਸਹੀ ਕਿਹਾ ਜਾ ਸਕਦਾ ਹੈ ਕਿਉਂਕਿ ਵੱਖ-ਵੱਖ ਕਿਸਮਾਂ ਦੇ ਪਰਾਗ ਦੇ ਕਣਾਂ ਦੀ ਉਤਲੀ ਪਰਤ ਉੱਤੇ ਆਪਣਾ ਹੀ ਖ਼ਾਸ ਡੀਜ਼ਾਈਨ ਹੁੰਦਾ ਹੈ। ਪਰਾਗ ਦੀ ਕਿਸਮ ਮੁਤਾਬਕ ਇਹ ਪਰਤ ਪੱਧਰੀ, ਨੁਕੀਲੀ, ਝੁਰੜੀਦਾਰ ਜਾਂ ਗੰਢਦਾਰ ਹੋ ਸਕਦੀ ਹੈ। ਇਸ ਲਈ, ਮਾਨਵ-ਵਿਗਿਆਨ ਦੇ ਪ੍ਰੋਫ਼ੈਸਰ ਵੌਨ ਐੱਮ. ਬ੍ਰਾਯੰਟ ਜੂਨੀਅਰ ਦਾ ਕਹਿਣਾ ਹੈ ਕਿ “ਪੌਦੇ ਦੀ ਕਿਸਮ ਪਛਾਣਨ ਲਈ ਪਰਾਗ ਦੇ ਡੀਜ਼ਾਈਨ ਉੱਨੇ ਹੀ ਭਰੋਸੇਯੋਗ ਹਨ ਜਿੰਨੇ ਇਨਸਾਨ ਦੀਆਂ ਉਂਗਲਾਂ ਦੇ ਨਿਸ਼ਾਨ।”
ਫੁੱਲਾਂ ਦਾ ਪਰਾਗਣਾ
ਮਾਦਾ ਪੌਦਿਆਂ ਦੇ ਫੁੱਲਾਂ ਵਿਚ ਗਰਭ-ਕੇਸਰ (ਉਹ ਅੰਸ਼ ਜਿਸ ਵਿਚ ਬੀ ਬਣਦਾ ਹੈ) ਦੇ ਸਿਰੇ ਤੇ ਪਰਾਗ-ਕਣ-ਗ੍ਰਾਹੀ (stigma) ਹੁੰਦੀ ਹੈ। ਇਸ ਉੱਤੇ ਪਰਾਗ ਦਾ ਕਣ ਡਿੱਗਣ ਨਾਲ ਇਕ ਰਸਾਇਣਕ ਪ੍ਰਤਿਕ੍ਰਿਆ ਹੁੰਦੀ ਹੈ ਜਿਸ ਨਾਲ ਪਰਾਗ ਦਾ ਕਣ ਫੁੱਲ ਜਾਂਦਾ ਹੈ ਅਤੇ ਉਸ ਵਿੱਚੋਂ ਇਕ ਨਲੀ ਪੈਦਾ ਹੁੰਦੀ ਹੈ। ਇਹ ਨਲੀ ਅੰਡਾਣੂ (ovule) ਵੱਲ ਵਧਦੀ ਹੈ। ਪਰਾਗ ਦੇ ਕਣ ਵਿੱਚੋਂ ਵੀਰਜ ਸੈੱਲ ਇਸ ਨਲੀ ਰਾਹੀਂ ਅੰਡਾਣੂ ਨਾਲ ਮਿਲ ਕੇ ਬੀਜ ਪੈਦਾ ਕਰਦਾ ਹੈ। ਪੂਰੀ ਤਰ੍ਹਾਂ ਵਿਕਸਿਤ ਹੋਇਆ ਬੀਜ ਸਹੀ ਹਵਾ-ਪਾਣੀ ਮਿਲਣ ਤੇ ਪੁੰਗਰ ਜਾਂਦਾ ਹੈ।
ਹਾਲਾਂਕਿ ਕੁਝ ਬੀਜਦਾਰ ਪੌਦੇ ਜਾਂ ਤਾਂ ਨਰ ਹੁੰਦੇ ਹਨ ਜਾਂ ਮਾਦਾ, ਪਰ ਜ਼ਿਆਦਾਤਰ ਕਿਸਮਾਂ ਵਿਚ ਇੱਕੋ ਪੌਦੇ ਦੇ ਫੁੱਲ ਵਿਚ ਪਰਾਗ ਤੇ ਅੰਡਾਣੂ ਦੋਨੋਂ ਹੁੰਦੇ ਹਨ। ਕੁਝ ਪੌਦੇ ਆਪਣੇ ਹੀ ਫੁੱਲਾਂ ਨੂੰ ਪਰਾਗਿਤ ਕਰਦੇ ਹਨ। ਪਰ ਦੂਸਰੇ ਪੌਦੇ ਆਪਣੀ ਕਿਸਮ ਦੇ ਜਾਂ ਮਿਲਦੀ-ਜੁਲਦੀ ਕਿਸਮ ਦੇ ਪੌਦਿਆਂ ਦੇ ਫੁੱਲਾਂ ਨੂੰ ਪਰਾਗਿਤ ਕਰਦੇ ਹਨ। ਬ੍ਰਿਟੈਨੀਕਾ ਮੁਤਾਬਕ, ਇਸ ਕਿਸਮ ਦੇ ਪੌਦੇ “ਆਪਣੇ ਹੀ ਫੁੱਲਾਂ ਨੂੰ ਪਰਾਗਿਤ ਕਰਨ ਤੋਂ ਬਚਣ ਲਈ ਅਕਸਰ ਉਦੋਂ ਪਰਾਗ ਛੱਡਦੇ ਹਨ ਜਦੋਂ ਉਨ੍ਹਾਂ ਦੇ ਆਪਣੇ ਫੁੱਲਾਂ ਦੇ ਸਟਿਗਮੇ ਸੰਵੇਦਨਸ਼ੀਲ ਨਹੀਂ ਹੁੰਦੇ।” ਦੂਸਰੇ ਪੌਦਿਆਂ ਵਿਚ ਅਜਿਹੇ ਰਸਾਇਣ ਹੁੰਦੇ ਹਨ ਜਿਨ੍ਹਾਂ ਦੀ ਮਦਦ ਨਾਲ ਉਹ ਆਪਣੇ ਫੁੱਲਾਂ ਦੇ ਪਰਾਗ ਅਤੇ ਸਮਾਨ ਕਿਸਮ ਦੇ ਦੂਸਰੇ ਪੌਦਿਆਂ ਦੇ ਫੁੱਲਾਂ ਦੇ ਪਰਾਗ ਦੀ ਪਛਾਣ ਕਰ ਸਕਦੇ ਹਨ। ਜਦੋਂ ਉਹ ਆਪਣੇ ਹੀ ਪਰਾਗ ਦੇ ਕਣ ਦਾ ਸਪਰਸ਼ ਮਹਿਸੂਸ ਕਰਦੇ ਹਨ, ਤਾਂ ਉਹ ਅਕਸਰ ਪਰਾਗ-ਨਲੀ ਨੂੰ ਵਧਣ ਤੋਂ ਰੋਕ ਕੇ ਕਣ ਨੂੰ ਨਕਾਰਾ ਬਣਾ ਦਿੰਦੇ ਹਨ।
ਜਿਨ੍ਹਾਂ ਇਲਾਕਿਆਂ ਵਿਚ ਕਈ ਪ੍ਰਕਾਰ ਦੇ ਪੇੜ-ਪੌਦੇ ਉੱਗਦੇ ਹਨ, ਉੱਥੇ ਹਵਾ ਵਿਚ ਕਈ ਤਰ੍ਹਾਂ ਦੇ ਪਰਾਗ ਹੋ ਸਕਦੇ ਹਨ। ਤਾਂ ਫਿਰ ਪੌਦੇ ਲੋੜੀਂਦੇ ਪਰਾਗ ਦੀ ਪਛਾਣ ਕਿਵੇਂ ਕਰਦੇ ਹਨ? ਕਈ ਪੌਦੇ ਹਵਾਗਤੀ-ਵਿਗਿਆਨ (aerodynamics) ਦੇ ਗੁੰਝਲਦਾਰ ਸਿਧਾਂਤਾਂ ਦੀ ਮਦਦ ਲੈਂਦੇ ਹਨ। ਆਓ ਆਪਾਂ ਚੀਲ ਦੇ ਦਰਖ਼ਤਾਂ ਦੀ ਮਿਸਾਲ ਉੱਤੇ ਗੌਰ ਕਰੀਏ।
ਹਵਾ ਨੂੰ ਪੁਣਨਾ
ਚੀਲ ਦੇ ਨਰ ਕੋਨ ਗੁੱਛਿਆਂ ਵਿਚ ਲੱਗਦੇ ਹਨ ਅਤੇ ਪੱਕਣ ਤੇ ਹਵਾ ਵਿਚ ਬਹੁਤ ਸਾਰਾ ਪਰਾਗ ਛੱਡਦੇ ਹਨ। ਵਿਗਿਆਨੀਆਂ ਨੇ ਦੇਖਿਆ ਹੈ ਕਿ ਮਾਦਾ ਕੋਨ ਦਰਖ਼ਤ ਦੇ ਪੱਤਿਆਂ ਦੀ ਮਦਦ ਨਾਲ ਹਵਾ ਨੂੰ ਆਪਣੇ ਵਿੱਚੋਂ ਇਸ ਤਰੀਕੇ ਨਾਲ ਲੰਘਾਉਂਦੀ ਹੈ ਕਿ ਹਵਾ ਵਿਚ ਮਿਲੇ ਸਹੀ ਪਰਾਗ ਦੇ ਕਣ ਘੁੰਮਣਘੇਰੀ
ਖਾਂਦੇ ਹੋਏ ਉਸ ਦੇ ਜਣਨ-ਅੰਗਾਂ ਵੱਲ ਜਾ ਡਿੱਗਦੇ ਹਨ। ਮਾਦਾ ਕੋਨ ਆਪਣੀਆਂ ਪਰਤਾਂ ਨੂੰ ਹਲਕਾ ਜਿਹਾ ਖੋਲ੍ਹ ਦਿੰਦੀ ਹੈ ਤਾਂਕਿ ਇਹ ਪਰਾਗ ਜਣਨ-ਅੰਗਾਂ ਉੱਤੇ ਡਿੱਗ ਸਕੇ।ਖੋਜਕਾਰ ਕਾਰਲ ਜੇ. ਨਿਕਲਸ ਨੇ ਚੀਲ ਦੇ ਕੋਨਾਂ ਦੁਆਰਾ ਹਵਾ ਨੂੰ ਪੁਣਨ ਦੀ ਕੁਸ਼ਲਤਾ ਉੱਤੇ ਡੂੰਘਾ ਅਧਿਐਨ ਕੀਤਾ ਹੈ। ਸਾਇੰਟੀਫ਼ਿਕ ਅਮੈਰੀਕਨ ਰਸਾਲੇ ਵਿਚ ਉਸ ਨੇ ਲਿਖਿਆ: “ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਵੱਖ-ਵੱਖ ਕਿਸਮਾਂ ਦੇ ਚੀਲ ਦੇ ਦਰਖ਼ਤਾਂ ਦੇ ਕੋਨ ਖ਼ਾਸ ਆਕਾਰ ਦੇ ਹੁੰਦੇ ਹਨ ਜਿਸ ਕਰਕੇ ਹਵਾ ਇਨ੍ਹਾਂ ਵਿੱਚੋਂ ਅਨੋਖੇ ਤਰੀਕੇ ਨਾਲ ਲੰਘਦੀ ਹੈ . . . ਇਸੇ ਤਰ੍ਹਾਂ, ਹਰ ਕਿਸਮ ਦੇ ਪਰਾਗ-ਕਣ ਦਾ ਵੀ ਆਪਣਾ-ਆਪਣਾ ਸਾਈਜ਼, ਰੂਪ ਤੇ ਭਾਰ ਹੁੰਦਾ ਹੈ ਜਿਸ ਕਰਕੇ ਕਣ ਹਵਾ ਵਿਚ ਅਨੋਖੇ ਤਰੀਕੇ ਨਾਲ ਘੁੰਮਦਾ ਹੈ।” ਹਵਾ ਨੂੰ ਪੁਣਨ ਦੇ ਇਹ ਤਰੀਕੇ ਕਿੰਨੇ ਕੁ ਅਸਰਦਾਰ ਹਨ? ਨਿਕਲਸ ਕਹਿੰਦਾ ਹੈ: “ਅਸੀਂ ਜਿੰਨੇ ਵੀ ਕੋਨਾਂ ਦਾ ਅਧਿਐਨ ਕੀਤਾ, ਉਨ੍ਹਾਂ ਵਿੱਚੋਂ ਜ਼ਿਆਦਾਤਰ ਕੋਨਾਂ ਨੇ ਹਵਾ ਵਿੱਚੋਂ ਸਿਰਫ਼ ‘ਆਪਣੀ ਕਿਸਮ’ ਦਾ ਪਰਾਗ ਪੁਣਿਆ, ਨਾ ਕਿ ਹੋਰ ਕਿਸਮਾਂ ਦਾ।”
ਪਰ ਹੇ ਫੀਵਰ ਤੋਂ ਪੀੜਿਤ ਲੋਕ ਇਸ ਗੱਲ ਲਈ ਸ਼ੁਕਰਗੁਜ਼ਾਰ ਹੋ ਸਕਦੇ ਹਨ ਕਿ ਸਾਰੇ ਪੌਦੇ ਹਵਾ ਵਿਚ ਪਰਾਗ ਨਹੀਂ ਛੱਡਦੇ। ਕਈ ਪੌਦੇ ਜੀਵ-ਜੰਤੂਆਂ ਦੀ ਮਦਦ ਲੈਂਦੇ ਹਨ।
ਮਕਰੰਦ ਦਾ ਲਾਲਚ
ਜਿਹੜੇ ਪੌਦੇ ਪੰਛੀਆਂ, ਛੋਟੇ ਜਾਨਵਰਾਂ ਅਤੇ ਕੀਟ-ਪਤੰਗਿਆਂ ਦੀ ਮਦਦ ਨਾਲ ਪਰਾਗ ਫੈਲਾਉਂਦੇ ਹਨ, ਉਨ੍ਹਾਂ ਦੇ ਪਰਾਗ-ਕਣ ਆਮ ਤੌਰ ਤੇ ਲੇਸਦਾਰ ਜਾਂ ਨੁਕੀਲੇ ਹੁੰਦੇ ਹਨ ਜਾਂ ਉਨ੍ਹਾਂ ਉੱਤੇ ਨਿੱਕੀਆਂ-ਨਿੱਕੀਆਂ ਕੁੰਡੀਆਂ ਹੁੰਦੀਆਂ ਹਨ ਜਿਨ੍ਹਾਂ ਕਰਕੇ ਪਰਾਗ ਆਸਾਨੀ ਨਾਲ ਇਨ੍ਹਾਂ ਪ੍ਰਾਣੀਆਂ ਦੇ ਸਰੀਰ ਉੱਤੇ ਚਿਪਕ ਜਾਂਦਾ ਹੈ। ਮਿਸਾਲ ਲਈ, ਇਕ ਜੱਤਲ ਭੌਰੇ ਦੇ ਸਰੀਰ ਉੱਤੇ ਲਗਭਗ 15,000 ਪਰਾਗ ਦੇ ਕਣ ਹੋ ਸਕਦੇ ਹਨ!
ਫੁੱਲਾਂ ਨੂੰ ਪਰਾਗਿਤ ਕਰਨ ਵਿਚ ਭੌਰੇ ਮੁੱਖ ਭੂਮਿਕਾ ਨਿਭਾਉਂਦੇ ਹਨ। ਆਪਣੀ ਮਿਹਨਤ ਦੇ ਬਦਲੇ ਵਿਚ ਭੌਰਿਆਂ ਨੂੰ ਖਾਣ ਲਈ ਫੁੱਲਾਂ ਤੋਂ ਮਿੱਠਾ ਮਕਰੰਦ ਅਤੇ ਪਰਾਗ ਮਿਲਦਾ ਹੈ। ਪਰਾਗ ਤੋਂ ਭੌਰਿਆਂ ਨੂੰ ਪ੍ਰੋਟੀਨ,
ਵਿਟਾਮਿਨ, ਖਣਿਜ ਲੂਣ ਅਤੇ ਥਿੰਧਿਆਈ ਮਿਲਦੀ ਹੈ। ਭੌਰੇ ਸਹਿਜ-ਸੁਭਾਅ ਹੀ ਫੁੱਲਾਂ ਨੂੰ ਪਰਾਗਿਤ ਕਰਨ ਵਿਚ ਮਦਦ ਕਰਦੇ ਹਨ। ਇਹ ਇਕ ਵਾਰੀ ਵਿਚ 100 ਨਾਲੋਂ ਵੱਧ ਫੁੱਲਾਂ ਉੱਤੇ ਬੈਠ ਸਕਦੇ ਹਨ। ਪਰ ਜਦ ਤਕ ਉਹ ਕਾਫ਼ੀ ਮਕਰੰਦ ਤੇ ਪਰਾਗ ਇਕੱਠਾ ਨਹੀਂ ਕਰ ਲੈਂਦੇ ਜਾਂ ਜਦ ਤਕ ਫੁੱਲਾਂ ਵਿਚ ਮਕਰੰਦ ਹੁੰਦਾ ਹੈ, ਤਦ ਤਕ ਉਹ ਸਿਰਫ਼ ਇਕ ਹੀ ਕਿਸਮ ਦੇ ਫੁੱਲਾਂ ਉੱਤੇ ਬੈਠਦੇ ਹਨ।
ਫੁੱਲਾਂ ਦੀ ਚਲਾਕੀ
ਕਈ ਪੌਦੇ ਆਪਣੇ ਫੁੱਲਾਂ ਨੂੰ ਪਰਾਗਿਤ ਕਰਾਉਣ ਲਈ ਕੀਟ-ਪਤੰਗਿਆਂ ਨੂੰ ਮਕਰੰਦ ਦਾ ਲਾਲਚ ਦੇਣ ਦੀ ਬਜਾਇ ਉਨ੍ਹਾਂ ਨੂੰ ਬੇਵਕੂਫ਼ ਬਣਾਉਂਦੇ ਹਨ। ਜ਼ਰਾ ਪੱਛਮੀ ਆਸਟ੍ਰੇਲੀਆ ਦੇ ਇਕ ਖ਼ਾਸ ਪੌਦੇ ਹੈਮਰ ਓਰਕਿਡ ਉੱਤੇ ਗੌਰ ਕਰੋ। ਇਸ ਪੌਦੇ ਦੇ ਫੁੱਲਾਂ ਦੀ ਹੇਠਲੀ ਪੰਖੜੀ ਹੂ-ਬਹੂ ਇਕ ਮੋਟੀ-ਤਾਜ਼ੀ ਬਿਨਾਂ ਖੰਭਾਂ ਵਾਲੀ ਮਾਦਾ ਭਰਿੰਡ (thynnid wasp) ਨਾਲ ਮਿਲਦੀ-ਜੁਲਦੀ ਹੈ। ਫੁੱਲ ਇਕ ਖ਼ਾਸ ਰਸਾਇਣ ਵੀ ਪੈਦਾ ਕਰਦੇ ਹਨ ਜਿਸ ਦੀ ਮਹਿਕ ਅਸਲੀ ਮਾਦਾ ਭਰਿੰਡ ਦੀ ਖੁਸ਼ਬੂ ਵਰਗੀ ਹੈ ਅਤੇ ਇਹ ਨਰ ਭਰਿੰਡ ਨੂੰ ਆਪਣੇ ਵੱਲ ਖਿੱਚਦੀ ਹੈ! ਇਸ ਪੰਖੜੀ ਦੇ ਠੀਕ ਉੱਪਰ ਇਕ ਡੰਡੀ ਦੇ ਸਿਰੇ ਤੇ ਪਰਾਗ ਨਾਲ ਭਰੀਆਂ ਲੇਸਦਾਰ ਥੈਲੀਆਂ ਹੁੰਦੀਆਂ ਹਨ।
ਨਰ ਭਰਿੰਡ ਨਕਲੀ ਮਾਦਾ ਦੀ ਮਹਿਕ ਸੁੰਘ ਕੇ ਫੁੱਲ ਵੱਲ ਉੱਡਦਾ ਹੈ। ਜਦੋਂ ਉਹ ਨਕਲੀ ਮਾਦਾ ਭਰਿੰਡ ਨੂੰ ਫੜ ਕੇ ਉੱਡਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਝਟਕੇ ਨਾਲ ਉਹ ਅਤੇ ਪੰਖੜੀ ਦੋਨੋਂ ਪਲਟਾ ਖਾ ਕੇ ਪਰਾਗ ਦੀਆਂ ਲੇਸਦਾਰ ਥੈਲੀਆਂ ਉੱਤੇ ਡਿੱਗਦੇ ਹਨ। ਆਪਣੀ ਗ਼ਲਤੀ ਦਾ ਅਹਿਸਾਸ ਹੋਣ ਤੇ ਨਰ ਭਰਿੰਡ ਪੰਖੜੀ (ਜੋ ਆਪਣੀ ਪਹਿਲੀ ਸਥਿਤੀ ਵਿਚ ਆ ਜਾਂਦੀ ਹੈ) ਨੂੰ ਛੱਡ ਕੇ ਉੱਡ ਜਾਂਦਾ ਹੈ। ਪਰ ਉਹ ਜਲਦੀ ਹੀ ਹੋਰ ਕਿਸੇ ਹੈਮਰ ਓਰਕਿਡ * ਫੁੱਲ ਦੇ ਧੋਖੇ ਵਿਚ ਆ ਜਾਂਦਾ ਹੈ। ਪਰ ਇਸ ਵਾਰ ਉਸ ਦੇ ਸਰੀਰ ਉੱਤੇ ਲੱਦੇ ਪਰਾਗ-ਕਣ ਫੁੱਲ ਨੂੰ ਪਰਾਗਿਤ ਕਰਦੇ ਹਨ।
ਪਰ ਜੇ ਮਾਦਾ ਭਰਿੰਡ ਮੌਜੂਦ ਹੋਵੇ, ਤਾਂ ਨਰ ਭਰਿੰਡ ਅਸਲੀ ਮਾਦਾ ਭਰਿੰਡ ਨੂੰ ਹੀ ਚੁਣਦਾ ਹੈ, ਨਾ ਕਿ ਨਕਲੀ ਨੂੰ। ਇਸ ਲਈ, ਇਸ ਤੋਂ ਪਹਿਲਾਂ ਕਿ ਮਾਦਾ ਭਰਿੰਡਾਂ ਪਿਊਪਾ ਅਵਸਥਾ ਵਿੱਚੋਂ ਨਿਕਲਣ, ਉਸ ਤੋਂ ਕੁਝ ਹਫ਼ਤੇ ਪਹਿਲਾਂ ਹੀ ਹੈਮਰ ਓਰਕਿਡ ਦੇ ਫੁੱਲ ਖਿੜ ਜਾਂਦੇ ਹਨ ਤਾਂਕਿ ਉਹ ਨਰ ਭਰਿੰਡਾਂ ਨੂੰ ਬੇਵਕੂਫ਼ ਬਣਾ ਸਕਣ।
ਅਲਰਜੀ ਕਿਉਂ ਹੁੰਦੀ ਹੈ?
ਕੁਝ ਲੋਕਾਂ ਨੂੰ ਪਰਾਗ ਤੋਂ ਅਲਰਜੀ ਕਿਉਂ ਹੁੰਦੀ ਹੈ? ਜਦੋਂ ਪਰਾਗ ਦੇ ਕਣ ਸਾਡੇ ਨੱਕ ਵਿਚ ਵੜ ਜਾਂਦੇ ਹਨ, ਤਾਂ ਇਕ ਲੇਸਦਾਰ ਪਦਾਰਥ ਇਨ੍ਹਾਂ ਨੂੰ ਘੇਰ ਲੈਂਦਾ ਹੈ। ਫਿਰ ਇਹ ਬਲਗਮ ਬਣ ਕੇ ਸਾਡੇ ਅੰਦਰ ਚਲਾ ਜਾਂਦਾ ਹੈ ਜਾਂ ਅਸੀਂ ਇਸ ਨੂੰ ਖੰਘ ਕੇ ਥੁੱਕ ਦਿੰਦੇ ਹਾਂ। ਇਸ ਤਰ੍ਹਾਂ ਪਰਾਗ ਤੋਂ ਸਾਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ। ਪਰ ਕਦੀ-ਕਦੀ ਪਰਾਗ ਦੇ ਕਣ ਸਰੀਰ ਦੀ ਸੁਰੱਖਿਆ ਪ੍ਰਣਾਲੀ (immune system) ਨੂੰ ਉਤੇਜਿਤ ਕਰਦੇ ਹਨ।
ਇਸ ਸਮੱਸਿਆ ਦੀ ਜੜ੍ਹ ਪਰਾਗ ਵਿਚਲਾ ਪ੍ਰੋਟੀਨ ਹੈ। ਕੁਝ ਲੋਕਾਂ ਦੇ ਸਰੀਰ ਦੀ ਸੁਰੱਖਿਆ ਪ੍ਰਣਾਲੀ ਖ਼ਾਸ ਕਿਸਮਾਂ ਦੇ ਪਰਾਗ ਦੇ ਪ੍ਰੋਟੀਨ ਨੂੰ ਖ਼ਤਰਾ ਸਮਝਦੀ ਹੈ। ਇਸ ਕਰਕੇ ਸਰੀਰ ਵਿਚ ਕਈ ਪ੍ਰਕ੍ਰਿਆਵਾਂ ਹੁੰਦੀਆਂ ਹਨ ਜੋ ਸਰੀਰ ਦੇ ਤੰਤੂਆਂ ਨੂੰ ਹਿਸਟਾਮੀਨ ਨਾਂ ਦਾ ਪਦਾਰਥ ਪੈਦਾ ਕਰਨ ਲਈ ਉਕਸਾਉਂਦੀਆਂ ਹਨ। ਹਿਸਟਾਮੀਨ ਦੇ ਅਸਰ ਹੇਠ ਲਹੂ ਨਾਲੀਆਂ ਫੈਲ ਜਾਂਦੀਆਂ ਹਨ ਜਿਸ ਕਰਕੇ ਲਹੂ ਨਾਲੀਆਂ ਦੀਆਂ ਦੀਵਾਰਾਂ ਤੋਂ ਤਰਲ ਪਦਾਰਥ ਰਿਸਦੇ ਹਨ। ਇਹ ਤਰਲ ਪਦਾਰਥ ਸਰੀਰ ਦੀ ਰਾਖੀ ਕਰਨ ਵਾਲੇ ਸੈੱਲਾਂ ਨਾਲ ਭਰਪੂਰ ਹੁੰਦੇ ਹਨ। ਆਮ ਤੌਰ ਤੇ ਜਦੋਂ ਸਾਡੇ ਸਰੀਰ ਦੇ ਕਿਸੇ ਹਿੱਸੇ ਤੇ ਸੱਟ ਲੱਗਦੀ ਹੈ ਜਾਂ ਇਨਫ਼ੈਕਸ਼ਨ ਹੁੰਦੀ ਹੈ, ਤਾਂ ਇਹ ਸੈੱਲ ਉਸ ਥਾਂ ਪਹੁੰਚ ਕੇ ਰੋਗਾਣੂਆਂ ਨੂੰ ਨਾਸ਼ ਕਰਦੇ ਹਨ। ਪਰ ਅਲਰਜੀ ਦੇ ਮਰੀਜ਼ਾਂ ਵਿਚ ਪਰਾਗ ਦੇ ਕਣ ਵੜਦੇ ਹੀ ਸਰੀਰ ਬਿਨਾਂ ਵਜ੍ਹਾ ਖ਼ਤਰੇ ਦੀ ਘੰਟੀ ਵਜਾ ਦਿੰਦਾ ਹੈ। ਸਿੱਟੇ ਵਜੋਂ, ਮਰੀਜ਼ ਦਾ ਨੱਕ ਅੰਦਰੋਂ ਸੁੱਜ ਜਾਂਦਾ ਹੈ ਅਤੇ ਉਸ ਦੇ ਨੱਕ ਤੇ ਅੱਖਾਂ ਵਿੱਚੋਂ ਪਾਣੀ ਵਗਣ ਲੱਗ ਪੈਂਦਾ ਹੈ।
ਖੋਜਕਾਰਾਂ ਦਾ ਮੰਨਣਾ ਹੈ ਕਿ ਕਈ ਲੋਕਾਂ ਨੂੰ ਜਮਾਂਦਰੂ ਤੌਰ ਤੇ ਅਲਰਜੀ ਹੋਣ ਦਾ ਝੁਕਾਅ ਹੁੰਦਾ ਹੈ। ਪਰ ਇਹ ਜ਼ਰੂਰੀ ਨਹੀਂ ਕਿ ਉਨ੍ਹਾਂ ਨੂੰ ਵੀ ਉਸੇ ਚੀਜ਼ ਤੋਂ ਅਲਰਜੀ ਹੋਵੇ ਜਿਸ ਤੋਂ ਉਨ੍ਹਾਂ ਦੇ ਮਾਪਿਆਂ ਨੂੰ ਅਲਰਜੀ ਹੈ। ਹਵਾ ਦੇ ਪ੍ਰਦੂਸ਼ਣ ਕਰਕੇ ਵੀ ਬਹੁਤ ਸਾਰੇ ਲੋਕਾਂ ਨੂੰ ਕਈ ਪ੍ਰਕਾਰ ਦੀਆਂ ਚੀਜ਼ਾਂ ਤੋਂ ਅਲਰਜੀ ਹੋ ਜਾਂਦੀ ਹੈ। ਬੀ.ਐੱਮ.ਜੇ. ਰਸਾਲੇ ਅਨੁਸਾਰ, “ਜਪਾਨ ਵਿਚ ਦੇਖਿਆ ਗਿਆ ਹੈ ਕਿ ਖ਼ਾਸ ਕਰਕੇ ਉਨ੍ਹਾਂ ਇਲਾਕਿਆਂ ਵਿਚ ਲੋਕਾਂ ਨੂੰ ਪਰਾਗ ਤੋਂ ਅਲਰਜੀ ਹੈ ਜਿੱਥੇ ਹਵਾ ਵਿਚ ਵੱਡੀ ਮਿਕਦਾਰ ਵਿਚ ਡੀਜ਼ਲ ਦਾ ਧੂੰਆਂ ਹੁੰਦਾ ਹੈ। ਜਾਨਵਰਾਂ ਉੱਤੇ ਕੀਤੇ ਗਏ ਅਧਿਐਨ ਦਿਖਾਉਂਦੇ ਹਨ ਕਿ ਇਹ ਧੂੰਆਂ ਅਲਰਜੀ ਦੀ ਸੰਭਾਵਨਾ ਨੂੰ ਵਧਾਉਂਦਾ ਹੈ।”
ਪਰ ਇਹ ਖ਼ੁਸ਼ੀ ਦੀ ਗੱਲ ਹੈ ਕਿ ਅਲਰਜੀ ਦੇ ਜ਼ਿਆਦਾਤਰ ਮਰੀਜ਼ਾਂ ਨੂੰ ਐਂਟੀਹਿਸਟਾਮੀਨ ਦਵਾਈਆਂ ਨਾਲ ਕਾਫ਼ੀ ਹੱਦ ਤਕ ਰਾਹਤ ਮਿਲ ਸਕਦੀ ਹੈ। * ਇਹ ਦਵਾਈਆਂ ਸਰੀਰ ਵਿਚ ਹਿਸਟਾਮੀਨ ਦੇ ਅਸਰ ਨੂੰ ਖ਼ਤਮ ਕਰਦੀਆਂ ਹਨ। ਫਿਰ ਵੀ, ਸਾਨੂੰ ਇੰਨਾ ਤਾਂ ਜ਼ਰੂਰ ਮੰਨਣਾ ਪਵੇਗਾ ਕਿ ਭਾਵੇਂ ਪਰਾਗ ਬਹੁਤ ਸਾਰੇ ਲੋਕਾਂ ਦੇ ਨੱਕ ਵਿਚ ਦਮ ਕਰ ਦਿੰਦਾ ਹੈ, ਪਰ ਪੌਦਿਆਂ ਦੇ ਪਸਾਰ ਲਈ ਇਹ ਪਰਾਗ-ਕਣ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਬਣਾਏ ਗਏ ਹਨ। ਇਨ੍ਹਾਂ ਦੇ ਡੀਜ਼ਾਈਨ ਅਤੇ ਫੁੱਲਾਂ ਨੂੰ ਪਰਾਗਿਤ ਕਰਨ ਦੇ ਅਨੋਖੇ ਤਰੀਕੇ ਹੈਰਾਨੀਜਨਕ ਹਨ। ਇਨ੍ਹਾਂ ਤੋਂ ਬਗੈਰ ਸਾਡੀ ਧਰਤੀ ਬੰਜਰ ਹੋਣੀ ਸੀ। (g03 7/22)
[ਫੁਟਨੋਟ]
^ ਪੈਰਾ 24 ਇਸ ਫੁੱਲ ਨੂੰ ਹੈਮਰ ਓਰਕਿਡ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਮਾਦਾ ਭਰਿੰਡ ਦੀ ਸ਼ਕਲ ਵਾਲੀ ਪੰਖੜੀ ਇਕ ਹਥੌੜੇ ਵਾਂਗ ਉੱਪਰ-ਥੱਲੇ ਹਿਲਦੀ ਹੈ।
^ ਪੈਰਾ 30 ਬੀਤੇ ਸਮੇਂ ਵਿਚ ਐਂਟੀਹਿਸਟਾਮੀਨ ਦਵਾਈਆਂ ਲੈਣ ਨਾਲ ਮਰੀਜ਼ਾਂ ਨੂੰ ਘੂਕੀ ਚੜ੍ਹ ਜਾਂਦੀ ਸੀ ਅਤੇ ਮੂੰਹ ਵੀ ਸੁੱਕ ਜਾਂਦਾ ਸੀ। ਪਰ ਹੁਣ ਨਵੀਆਂ ਦਵਾਈਆਂ ਨੇ ਇਨ੍ਹਾਂ ਅਸਰਾਂ ਨੂੰ ਕਾਫ਼ੀ ਹੱਦ ਤਕ ਘਟਾ ਦਿੱਤਾ ਹੈ।
[ਸਫ਼ੇ 24, 25 ਉੱਤੇ ਡਾਇਆਗ੍ਰਾਮ]
ਪੁੰਕੇਸਰ
ਪਰਾਗਕੋਸ਼
ਪਰਾਗ-ਕਣ
ਪੰਖੜੀ
ਗਰਭ-ਕੇਸਰ
ਪਰਾਗ-ਕਣ-ਗ੍ਰਾਹੀ
ਪਰਾਗ-ਨਲੀ
ਅੰਡਕੋਸ਼
ਅੰਡਾਣੂ
[ਕ੍ਰੈਡਿਟ ਲਾਈਨ]
NED SEIDLER/NGS Image Collection
[ਸਫ਼ੇ 25 ਉੱਤੇ ਤਸਵੀਰਾਂ]
ਵੱਡਾ ਕਰ ਕੇ ਦਿਖਾਏ ਗਏ ਵੱਖ-ਵੱਖ ਕਿਸਮ ਦੇ ਪਰਾਗ-ਕਣ
[ਕ੍ਰੈਡਿਟ ਲਾਈਨ]
ਪਰਾਗ-ਕਣ: © PSU Entomology/PHOTO RESEARCHERS, INC.
[ਸਫ਼ੇ 26 ਉੱਤੇ ਤਸਵੀਰਾਂ]
ਹੈਮਰ ਆਰਕਿਡ ਦੇ ਫੁੱਲ ਦਾ ਇਕ ਹਿੱਸਾ ਮਾਦਾ ਭਰਿੰਡ ਵਰਗਾ ਦਿੱਸਦਾ ਹੈ
[ਕ੍ਰੈਡਿਟ ਲਾਈਨ]
Hammer orchid images: © BERT & BABS WELLS/OSF
[ਸਫ਼ੇ 24 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
ਪਰਾਗ-ਕਣ: © PSU Entomology/PHOTO RESEARCHERS, INC.
[ਸਫ਼ੇ 26 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
ਪਰਾਗ-ਕਣ: © PSU Entomology/PHOTO RESEARCHERS, INC.