Skip to content

Skip to table of contents

ਪੋਰਨੋਗ੍ਰਾਫੀ ਦੇ ਨੁਕਸਾਨ

ਪੋਰਨੋਗ੍ਰਾਫੀ ਦੇ ਨੁਕਸਾਨ

ਪੋਰਨੋਗ੍ਰਾਫੀ ਦੇ ਨੁਕਸਾਨ

ਹਰ ਤਰ੍ਹਾਂ ਦੀ ਅਸ਼ਲੀਲ ਸਾਮੱਗਰੀ ਟੀ. ਵੀ., ਫ਼ਿਲਮਾਂ, ਗਾਣਿਆਂ ਅਤੇ ਇੰਟਰਨੈੱਟ ਦੇ ਜ਼ਰੀਏ ਆਸਾਨੀ ਨਾਲ ਮਿਲ ਸਕਦੀ ਹੈ। ਕੀ ਅਸ਼ਲੀਲ ਅਤੇ ਉਤੇਜਕ ਸਾਮੱਗਰੀ ਦੇ ਇਸ ਹੜ੍ਹ ਤੋਂ ਕੋਈ ਨੁਕਸਾਨ ਨਹੀਂ ਹੋਵੇਗਾ ਜਿੱਦਾਂ ਕਈ ਲੋਕ ਦਾਅਵਾ ਕਰਦੇ ਹਨ? *

ਵੱਡਿਆਂ ਉੱਤੇ ਪੋਰਨੋਗ੍ਰਾਫੀ ਦਾ ਅਸਰ

ਪੋਰਨੋਗ੍ਰਾਫੀ ਦੇ ਹਿਮਾਇਤੀ ਜੋ ਮਰਜ਼ੀ ਦਾਅਵਾ ਕਰਨ, ਸੈਕਸ ਅਤੇ ਲਿੰਗੀ ਵਤੀਰੇ ਬਾਰੇ ਲੋਕਾਂ ਦੇ ਵਿਚਾਰਾਂ ਉੱਤੇ ਇਸ ਦਾ ਕਾਫ਼ੀ ਭੈੜਾ ਅਸਰ ਪੈਂਦਾ ਹੈ। ਪਰਿਵਾਰ ਸੰਬੰਧੀ ਇਕ ਸੰਸਥਾ ਦੇ ਖੋਜਕਾਰਾਂ ਨੇ ਇਹ ਸਿੱਟਾ ਕੱਢਿਆ ਕਿ “ਅਸ਼ਲੀਲ ਤਸਵੀਰਾਂ ਦੇਖਣ ਵਾਲਿਆਂ ਨੂੰ ਇਹ ਖ਼ਤਰਾ ਰਹਿੰਦਾ ਹੈ ਕਿ ਉਹ ਸੈਕਸ ਬਾਰੇ ਗ਼ਲਤ ਵਿਚਾਰ ਰੱਖ ਕੇ ਗੰਦੀਆਂ ਹਰਕਤਾਂ ਕਰਨ ਲੱਗ ਪੈਣ।” ਇਸੇ ਰਿਪੋਰਟ ਮੁਤਾਬਕ “ਜਿਹੜੇ ਮਰਦ ਪੋਰਨੋਗ੍ਰਾਫੀ ਦੇ ਅਮਲੀ ਹਨ ਉਨ੍ਹਾਂ ਵਿੱਚੋਂ ਕਈਆਂ ਨੂੰ ਬਲਾਤਕਾਰ ਬਾਰੇ ਗ਼ਲਤਫ਼ਹਿਮੀਆਂ ਹੁੰਦੀਆਂ ਹਨ ਜਿਵੇਂ ਕਿ ਬਲਾਤਕਾਰ ਔਰਤਾਂ ਦਾ ਕਸੂਰ ਹੁੰਦਾ ਹੈ ਅਤੇ ਉਨ੍ਹਾਂ ਨੂੰ ਇਸ ਤੋਂ ਮਜ਼ਾ ਆਉਂਦਾ ਹੈ ਅਤੇ ਇਸ ਵਿਚ ਬਲਾਤਕਾਰੀ ਦੀ ਕੋਈ ਗ਼ਲਤੀ ਨਹੀਂ ਹੁੰਦੀ ਹੈ।”

ਖੋਜਕਾਰ ਇਹ ਕਹਿੰਦੇ ਹਨ ਕਿ ਪੋਰਨੋਗ੍ਰਾਫੀ ਕਾਰਨ ਵਿਆਹ ਬੰਧਨ ਵਿਚ ਵੀ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ ਯਾਨੀ ਪਤੀ-ਪਤਨੀ ਦੇ ਜਿਨਸੀ ਸੰਬੰਧਾਂ ਉੱਤੇ ਅਸਰ ਪੈ ਸਕਦਾ ਹੈ। ਸੈਕਸ ਦੇ ਅਮਲੀਆਂ ਦਾ ਇਲਾਜ ਕਰਨ ਵਾਲੇ ਡਾਕਟਰ ਵਿਕਟਰ ਕਲਾਈਨ ਨੇ ਦੇਖਿਆ ਹੈ ਕਿ ਅਸ਼ਲੀਲ ਸਾਮੱਗਰੀ ਦੀ ਵਰਤੋਂ ਵਿਚ ਵਾਧਾ ਹੋਇਆ ਹੈ। ਪਹਿਲਾਂ-ਪਹਿਲ ਕੋਈ ਸ਼ਾਇਦ ਘੱਟ ਉਤੇਜਕ ਤਸਵੀਰਾਂ ਦੇਖੇ, ਪਰ ਜੇ ਉਹ ਇਸ ਤੇ ਕਾਬੂ ਨਾ ਪਾਵੇ, ਤਾਂ ਹੌਲੀ-ਹੌਲੀ ਉਹ ਸ਼ਾਇਦ ਭੈੜੀ ਅਤੇ ਗੰਦੀ ਸਾਮੱਗਰੀ ਵੱਲ ਖਿੱਚਿਆ ਜਾਵੇ। ਡਾਕਟਰ ਕਲਾਈਨ ਦਾ ਦਾਅਵਾ ਹੈ ਕਿ ਇਸ ਦੇ ਨਤੀਜੇ ਵਜੋਂ ਉਹ ਸ਼ਾਇਦ ਲਿੰਗੀ ਤੌਰ ਤੇ ਭੈੜੀਆਂ ਹਰਕਤਾਂ ਕਰਨ ਲੱਗ ਪਵੇ। ਲੋਕਾਂ ਦੇ ਚਾਲ-ਚਲਣ ਦਾ ਅਧਿਐਨ ਕਰਨ ਵਾਲੇ ਵਿਗਿਆਨੀ ਇਸ ਗੱਲ ਨਾਲ ਸਹਿਮਤ ਹਨ। ਡਾਕਟਰ ਕਲਾਈਨ ਨੇ ਆਪਣੀ ਰਿਪੋਰਟ ਵਿਚ ਅੱਗੇ ਦੱਸਿਆ ਕਿ ਲੋਕ “ਆਪਣੇ ਮਨਾਂ ਵਿਚ ਭੈੜੀਆਂ ਲਿੰਗੀ ਹਰਕਤਾਂ ਨੂੰ ਬਿਠਾਉਣ ਲੱਗਦੇ ਹਨ . . . ਅਤੇ ਚਾਹੇ ਉਹ ਇਨ੍ਹਾਂ ਕਰਕੇ ਆਪਣੇ ਆਪ ਨੂੰ ਬਹੁਤ ਦੋਸ਼ੀ ਮਹਿਸੂਸ ਕਰਦੇ ਹੋਣ, ਫਿਰ ਵੀ ਉਹ ਇਨ੍ਹਾਂ ਨੂੰ ਪੂਰੀ ਤਰ੍ਹਾਂ ਆਪਣੇ ਮਨਾਂ ਵਿੱਚੋਂ ਕੱਢ ਨਹੀਂ ਸਕਦੇ।” ਅਖ਼ੀਰ ਵਿਚ ਉਹ ਸ਼ਾਇਦ ਇਨ੍ਹਾਂ ਤਸਵੀਰਾਂ ਵਿਚ ਦਿਖਾਈਆਂ ਗਈਆਂ ਹਰਕਤਾਂ ਦੀ ਰੀਸ ਵੀ ਕਰਨ ਲੱਗ ਪੈਣ, ਜਿਸ ਕਰਕੇ ਉਨ੍ਹਾਂ ਦੀ ਜ਼ਿੰਦਗੀ ਤਬਾਹ ਹੋ ਸਕਦੀ ਹੈ।

ਡਾਕਟਰ ਕਲਾਈਨ ਨੇ ਕਿਹਾ ਕਿ ਇਹ ਮੁਸ਼ਕਲ ਸ਼ਾਇਦ ਹੌਲੀ-ਹੌਲੀ ਸ਼ੁਰੂ ਹੋਵੇ ਅਤੇ ਇਸ ਦਾ ਪਤਾ ਵੀ ਨਾ ਲੱਗੇ। ਉਸ ਨੇ ਅੱਗੇ ਕਿਹਾ ਕਿ “ਕੈਂਸਰ ਦੀ ਤਰ੍ਹਾਂ, ਇਹ ਹੌਲੀ-ਹੌਲੀ ਵਧਦੀ ਅਤੇ ਫੈਲਦੀ ਜਾਂਦੀ ਹੈ। ਇਸ ਦੇ ਘਟਣ ਦੀ ਸੰਭਾਵਨਾ ਨਹੀਂ ਹੁੰਦੀ ਅਤੇ ਇਸ ਦਾ ਇਲਾਜ ਕਰਨਾ ਬਹੁਤ ਔਖਾ ਹੁੰਦਾ ਹੈ। ਇਹ ਵੀ ਦੇਖਿਆ ਜਾਂਦਾ ਹੈ ਕਿ ਆਮ ਕਰਕੇ ਅਮਲੀ ਇਹ ਨਹੀਂ ਮੰਨਦਾ ਕਿ ਉਸ ਨੂੰ ਇਹ ਮੁਸ਼ਕਲ ਹੈ ਅਤੇ ਇਸ ਦੇ ਨਾਲ-ਨਾਲ ਉਹ ਇਸ ਦਾ ਸਾਮ੍ਹਣਾ ਵੀ ਨਹੀਂ ਕਰਨਾ ਚਾਹੁੰਦਾ। ਇਸ ਦੇ ਨਤੀਜੇ ਵਜੋਂ ਪਤੀ-ਪਤਨੀ ਵਿਚਕਾਰ ਰਿਸ਼ਤਾ ਖ਼ਰਾਬ ਹੋ ਸਕਦਾ ਹੈ, ਸ਼ਾਇਦ ਤਲਾਕ ਵੀ ਹੋ ਸਕਦਾ ਹੈ ਅਤੇ ਕਦੀ-ਕਦੀ ਦੂਸਰਿਆਂ ਨਾਲ ਵੀ ਰਿਸ਼ਤਾ ਟੁੱਟ ਸਕਦਾ ਹੈ।”

ਨੌਜਵਾਨਾਂ ਨੂੰ ਨੁਕਸਾਨ

ਇਹ ਦੇਖਿਆ ਗਿਆ ਹੈ ਕਿ ਖ਼ਾਸ ਤੌਰ ਤੇ 12 ਤੋਂ 17 ਸਾਲਾਂ ਦੀ ਉਮਰ ਦੇ ਲੜਕੇ ਪੋਰਨੋਗ੍ਰਾਫੀ ਦੇਖਦੇ ਹਨ। ਦਰਅਸਲ ਕਈ ਤਾਂ ਪੋਰਨੋਗ੍ਰਾਫੀ ਤੋਂ ਹੀ ਸੈਕਸ ਬਾਰੇ ਸਿੱਖਦੇ ਹਨ। ਇਸ ਦੇ ਕਾਫ਼ੀ ਭੈੜੇ ਨਤੀਜੇ ਨਿਕਲੇ ਹਨ। ਇਕ ਰਿਪੋਰਟ ਦੇ ਮੁਤਾਬਕ: “ਅਸ਼ਲੀਲ ਸਾਮੱਗਰੀ ਵਿਚ ਕੱਚੀ ਉਮਰ ਦੀਆਂ ਲੜਕੀਆਂ ਦੇ ਗਰਭਵਤੀ ਹੋਣ ਅਤੇ ਏਡਜ਼ ਵਰਗੀਆਂ ਲਿੰਗੀ ਬੀਮਾਰੀਆਂ ਦਾ ਕੋਈ ਜ਼ਿਕਰ ਨਹੀਂ ਕੀਤਾ ਜਾਂਦਾ। ਇਸ ਕਰਕੇ ਲੋਕ ਹਮੇਸ਼ਾ ਇਸ ਭੁਲੇਖੇ ਵਿਚ ਰਹਿੰਦੇ ਹਨ ਕਿ ਪੋਰਨੋਗ੍ਰਾਫੀ ਵਿਚ ਦਿਖਾਈਆਂ ਹਰਕਤਾਂ ਦਾ ਕੋਈ ਭੈੜਾ ਅਸਰ ਨਹੀਂ ਹੋ ਸਕਦਾ।”

ਕੁਝ ਖੋਜਕਾਰ ਇਹ ਵੀ ਕਹਿੰਦੇ ਹਨ ਕਿ ਪੋਰਨੋਗ੍ਰਾਫੀ ਦੇਖਣ ਨਾਲ ਬੱਚੇ ਦੇ ਦਿਮਾਗ਼ ਦੇ ਕੁਦਰਤੀ ਵਿਕਾਸ ਉੱਤੇ ਵੀ ਅਸਰ ਪੈ ਸਕਦਾ ਹੈ। ਇਕ ਸਿੱਖਿਆ ਸੰਸਥਾ ਦੀ ਮੁਖੀ ਡਾਕਟਰ ਜੂਡਿਥ ਰਾਈਸਮਨ ਨੇ ਇਹ ਸਿੱਟਾ ਕੱਢਿਆ: “ਇਨਸਾਨਾਂ ਦਾ ਇਕ ਆਮ ਅਸੂਲ ਹੈ ਕਿ ਉਹ ਜਾਣਕਾਰੀ ਲੈ ਕੇ ਹੀ ਫ਼ੈਸਲੇ ਕਰਦੇ ਹਨ। ਪਰ ਸਾਡੀਆਂ ਖੋਜਾਂ ਤੋਂ ਪਤਾ ਲੱਗਾ ਹੈ ਕਿ ਜਦੋਂ ਬੱਚਾ ਪੋਰਨੋਗ੍ਰਾਫੀ ਨੂੰ ਦੇਖਦਾ ਹੈ, ਤਾਂ ਉਸ ਦੇ ਦਿਮਾਗ਼ ਉੱਤੇ ਇੰਨਾ ਗਹਿਰਾ ਅਸਰ ਪੈਂਦਾ ਹੈ ਕਿ ਇਹ ਅਸੂਲ ਨਕਾਰਾ ਹੋ ਜਾਂਦਾ ਹੈ। ਇਹ ਬੱਚੇ ਦੇ ਕੋਮਲ ਦਿਮਾਗ਼ ਲਈ ਨੁਕਸਾਨਦੇਹ ਹੈ ਕਿਉਂਕਿ ਉਸ ਵਿਚ ਅਸਲੀਅਤ ਬਾਰੇ ਗ਼ਲਤਫ਼ਹਿਮੀਆਂ ਪੈਦਾ ਹੋ ਜਾਂਦੀਆਂ ਹਨ। ਇਸ ਦੇ ਨਾਲ-ਨਾਲ ਬੱਚੇ ਨੂੰ ਆਪਣੀ ਮਾਨਸਿਕ ਅਤੇ ਸਰੀਰਕ ਸਿਹਤ, ਭਲਾਈ ਅਤੇ ਖ਼ੁਸ਼ੀ ਬਾਰੇ ਵੀ ਗ਼ਲਤਫ਼ਹਿਮੀਆਂ ਹੋ ਸਕਦੀਆਂ ਹਨ।”

ਰਿਸ਼ਤਿਆਂ ਉੱਤੇ ਪੋਰਨੋਗ੍ਰਾਫੀ ਦਾ ਅਸਰ

ਪੋਰਨੋਗ੍ਰਾਫੀ ਦਾ ਲੋਕਾਂ ਦੇ ਰਵੱਈਏ ਅਤੇ ਚਾਲ-ਚਲਣ ਉੱਤੇ ਅਸਰ ਪੈਂਦਾ ਹੈ। ਇਹ ਇਸ ਕਰਕੇ ਉਤੇਜਕ ਲੱਗਦੀ ਹੈ ਕਿਉਂਕਿ ਇਸ ਨੂੰ ਸਿਰਫ਼ ਕਲਪਨਾ ਵਜੋਂ ਹੀ ਨਹੀਂ, ਸਗੋਂ ਇਸ ਨੂੰ ਅਸਲੀਅਤ ਨਾਲੋਂ ਵੀ ਉਤੇਜਕ ਪੇਸ਼ ਕੀਤਾ ਜਾਂਦਾ ਹੈ। (“ਤੁਸੀਂ ਕਿਸ ਸੁਨੇਹੇ ਨੂੰ ਕਬੂਲ ਕਰੋਗੇ?” ਡੱਬੀ ਦੇਖੋ।) ਇਕ ਰਿਪੋਰਟ ਮੁਤਾਬਕ “ਪੋਰਨੋਗ੍ਰਾਫੀ ਦੇ ਅਮਲੀਆਂ ਦੇ ਮਨਾਂ ਵਿਚ ਗ਼ਲਤਫ਼ਹਿਮੀਆਂ ਪੈਦਾ ਹੁੰਦੀਆਂ ਹਨ ਜਿਨ੍ਹਾਂ ਦੇ ਨਤੀਜੇ ਵਜੋਂ ਰਿਸ਼ਤੇ ਖ਼ਰਾਬ ਹੁੰਦੇ ਹਨ।”

ਪੋਰਨੋਗ੍ਰਾਫੀ ਕਰਕੇ ਪਤੀ-ਪਤਨੀ ਵਿਚ ਰਿਸ਼ਤਾ ਵਿਗੜ ਸਕਦਾ ਹੈ। ਉਨ੍ਹਾਂ ਵਿਚ ਭਰੋਸਾ ਅਤੇ ਨੇੜਤਾ ਨਹੀਂ ਬਣੀ ਰਹਿੰਦੀ। ਕਿਉਂਜੋ ਅਸ਼ਲੀਲ ਸਾਮੱਗਰੀ ਨੂੰ ਆਮ ਕਰਕੇ ਗੁਪਤ ਵਿਚ ਦੇਖਿਆ ਜਾਂਦਾ ਹੈ, ਧੋਖੇਬਾਜ਼ੀ ਅਤੇ ਝੂਠ ਬੋਲਣਾ ਆਮ ਬਣ ਜਾਂਦਾ ਹੈ। ਨਿਰਦੋਸ਼ ਸਾਥੀਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਨਾਲ ਬੇਵਫ਼ਾਈ ਹੋਈ ਹੈ। ਉਨ੍ਹਾਂ ਨੂੰ ਸ਼ਾਇਦ ਇਹ ਨਾ ਸਮਝ ਆਵੇ ਕਿ ਉਨ੍ਹਾਂ ਦੇ ਸਾਥੀ ਉਨ੍ਹਾਂ ਨੂੰ ਪਹਿਲਾਂ ਜਿੰਨਾ ਪਸੰਦ ਕਿਉਂ ਨਹੀਂ ਕਰਦੇ।

ਰੂਹਾਨੀ ਤੌਰ ਤੇ ਨੁਕਸਾਨ

ਪੋਰਨੋਗ੍ਰਾਫੀ ਨਾਲ ਇਨਸਾਨ ਨੂੰ ਰੂਹਾਨੀ ਤੌਰ ਤੇ ਬੜਾ ਨੁਕਸਾਨ ਹੁੰਦਾ ਹੈ। ਇਹ ਪਰਮੇਸ਼ੁਰ ਨਾਲ ਰਿਸ਼ਤਾ ਬਣਾਉਣ ਵਿਚ ਰੁਕਾਵਟ ਬਣਦੀ ਹੈ। * ਬਾਈਬਲ ਵਿਚ ਲਿੰਗੀ ਕਾਮਨਾ ਦਾ ਸੰਬੰਧ ਲੋਭ ਅਤੇ ਮੂਰਤੀ-ਪੂਜਾ ਨਾਲ ਜੋੜਿਆ ਗਿਆ ਹੈ। (ਕੁਲੁੱਸੀਆਂ 3:5) ਲੋਭੀ ਆਦਮੀ ਕਿਸੇ ਚੀਜ਼ ਨੂੰ ਇੰਨਾ ਚਾਹੁੰਦਾ ਹੈ ਕਿ ਉਹ ਚੀਜ਼ ਉਸ ਲਈ ਬਾਕੀ ਸਭ ਕੁਝ ਨਾਲੋਂ ਅਹਿਮ ਬਣ ਜਾਂਦੀ ਹੈ। ਕਹਿਣ ਦਾ ਭਾਵ ਕਿ ਪੋਰਨੋਗ੍ਰਾਫੀ ਦੇ ਅਮਲੀ ਆਪਣੀ ਲਿੰਗੀ ਇੱਛਾ ਨੂੰ ਪਰਮੇਸ਼ੁਰ ਨਾਲੋਂ ਵੀ ਜ਼ਿਆਦਾ ਅਹਿਮੀਅਤ ਦਿੰਦੇ ਹਨ। ਇਸ ਤਰ੍ਹਾਂ ਉਹ ਮਾਨੋ ਇਸ ਇੱਛਾ ਨੂੰ ਪੂਜਦੇ ਹਨ। ਯਹੋਵਾਹ ਪਰਮੇਸ਼ੁਰ ਦਾ ਹੁਕਮ ਹੈ: “ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ।”—ਕੂਚ 20:3.

ਪੋਰਨੋਗ੍ਰਾਫੀ ਰਿਸ਼ਤਿਆਂ ਨੂੰ ਤਬਾਹ ਕਰ ਦਿੰਦੀ ਹੈ। ਪਤਰਸ ਰਸੂਲ, ਜੋ ਸ਼ਾਦੀ-ਸ਼ੁਦਾ ਸੀ, ਨੇ ਮਸੀਹੀ ਪਤੀਆਂ ਨੂੰ ਆਪਣੀਆਂ ਪਤਨੀਆਂ ਦਾ ਆਦਰ ਕਰਨ ਲਈ ਕਿਹਾ ਸੀ। ਜਿਹੜਾ ਪਤੀ ਇੱਦਾਂ ਨਹੀਂ ਕਰਦਾ ਉਸ ਦੀਆਂ ਪ੍ਰਾਰਥਨਾਵਾਂ ਵਿਚ ਰੁਕਾਵਟ ਪੈਂਦੀ ਹੈ। (1 ਪਤਰਸ 3:7) ਜੇ ਪਤੀ ਗੁਪਤ ਵਿਚ ਔਰਤਾਂ ਦੀਆਂ ਗੰਦੀਆਂ ਤਸਵੀਰਾਂ ਦੇਖਦਾ ਹੈ, ਤਾਂ ਕੀ ਉਹ ਆਪਣੀ ਪਤਨੀ ਦਾ ਆਦਰ ਕਰਦਾ ਹੈ? ਜੇ ਉਸ ਦੀ ਪਤਨੀ ਨੂੰ ਪਤਾ ਲੱਗ ਜਾਵੇ, ਤਾਂ ਉਹ ਕਿੱਦਾਂ ਮਹਿਸੂਸ ਕਰੇਗੀ? ਇਸ ਦੇ ਨਾਲ-ਨਾਲ ਪਰਮੇਸ਼ੁਰ ਕੀ ਸੋਚੇਗਾ ਜੋ “ਇੱਕ ਇੱਕ ਕੰਮ . . . ਦਾ ਨਿਆਉਂ ਕਰੇਗਾ” ਅਤੇ ਜੋ “ਰੂਹਾਂ ਨੂੰ ਜਾਚਦਾ” ਹੈ। (ਉਪਦੇਸ਼ਕ ਦੀ ਪੋਥੀ 12:14; ਕਹਾਉਤਾਂ 16:2) ਕੀ ਪੋਰਨੋਗ੍ਰਾਫੀ ਦੇਖਣ ਵਾਲਾ ਉਮੀਦ ਰੱਖ ਸਕੇਗਾ ਕਿ ਰੱਬ ਉਸ ਦੀਆਂ ਪ੍ਰਾਰਥਨਾਵਾਂ ਸੁਣੇਗਾ?

ਪੋਰਨੋਗ੍ਰਾਫੀ ਦੇਖਣ ਵਾਲੇ ਚਾਹੁੰਦੇ ਹਨ ਕਿ ਕਿਸੇ ਵੀ ਕੀਮਤ ਤੇ ਉਨ੍ਹਾਂ ਦੀ ਇੱਛਾ ਪੂਰੀ ਹੋ ਜਾਵੇ। ਇਸ ਲਈ ਉਹ ਪਿਆਰ ਦੀ ਬਜਾਇ ਸੁਆਰਥ ਜ਼ਾਹਰ ਕਰਦੇ ਹਨ। ਮਸੀਹੀ ਆਪਣੀ ਪਵਿੱਤਰਤਾ ਕਾਇਮ ਰੱਖਣ ਅਤੇ ਪਰਮੇਸ਼ੁਰ ਅੱਗੇ ਨੈਤਿਕ ਤੌਰ ਤੇ ਸ਼ੁੱਧ ਰਹਿਣ ਲਈ ਸੰਘਰਸ਼ ਕਰਦੇ ਹਨ, ਪਰ ਪੋਰਨੋਗ੍ਰਾਫੀ ਦੇਖਣ ਨਾਲ ਉਹ ਇਸ ਲੜਾਈ ਵਿਚ ਢਿੱਲੇ ਪੈ ਸਕਦੇ ਹਨ। ਪੌਲੁਸ ਰਸੂਲ ਨੇ ਲਿਖਿਆ: ‘ਪਰਮੇਸ਼ੁਰ ਤੁਹਾਡੇ ਤੋਂ ਮੰਗ ਕਰਦਾ ਹੈ ਕਿ ਤੁਸੀਂ ਵਿਭਚਾਰ ਤੋਂ ਬਚੇ ਰਹੋ ਤੁਹਾਡੇ ਵਿਚੋਂ ਹਰ ਕੋਈ ਆਪਣੇ ਸਰੀਰ ਤੇ ਕਾਬੂ ਪਾਉਣਾ ਸਿਖੇ। ਇਸ ਨੂੰ ਪਵਿੱਤਰ ਰੱਖੋ ਅਤੇ ਇਸ ਦਾ ਆਦਰ ਕਰੋ। ਤੁਸੀਂ ਇਸ ਨੂੰ ਆਪਣੀਆਂ ਕਾਮਵਾਸ਼ਨਾਵਾਂ ਦੇ ਹਵਾਲੇ ਨਾ ਕਰੋ, ਤੁਹਾਡੇ ਵਿਚੋਂ ਕੋਈ ਮਨੁੱਖ ਵੀ ਇਸ ਮਾਮਲੇ ਵਿਚ ਆਪਣੇ ਭਰਾ ਨਾਲ ਬੁਰਾ ਵਰਤਾਵ ਨਾ ਕਰੇ ਅਤੇ ਨਾ ਹੀ ਉਹ ਉਸ ਦੇ ਹੱਕ ਤੇ ਡਾਕਾ ਮਾਰੇ।’—1 ਥੱਸਲੁਨੀਕੀਆਂ 4:3-7, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਪੋਰਨੋਗ੍ਰਾਫੀ ਦੇ ਕਾਰੋਬਾਰ ਵਿਚ ਖ਼ਾਸ ਕਰਕੇ ਔਰਤਾਂ ਤੇ ਬੱਚਿਆਂ ਦਾ ਫ਼ਾਇਦਾ ਉਠਾਇਆ ਜਾਂਦਾ ਹੈ। ਉਨ੍ਹਾਂ ਨੂੰ ਨੀਵਿਆਂ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਇੱਜ਼ਤ ਦੇ ਨਾਲ-ਨਾਲ ਉਨ੍ਹਾਂ ਦੇ ਹੱਕ ਵੀ ਖੋਹੇ ਜਾਂਦੇ ਹਨ। ਜਿਹੜੇ ਲੋਕ ਪੋਰਨੋਗ੍ਰਾਫੀ ਦੇਖਦੇ ਹਨ, ਉਹ ਅਜਿਹੇ ਦੁਰਵਿਹਾਰ ਨਾਲ ਸਹਿਮਤ ਹੁੰਦੇ ਹਨ। ਖੋਜਕਾਰ ਸਟੀਵਨ ਹਿੱਲ ਅਤੇ ਨੀਨਾ ਸਿਲਵਾ ਨੇ ਕਿਹਾ: “ਇਕ ਆਦਮੀ ਆਪਣੇ ਆਪ ਨੂੰ ਭਾਵੇਂ ਜਿੰਨਾ ਮਰਜ਼ੀ ਚੰਗਾ ਸਮਝੇ, ਪੋਰਨੋਗ੍ਰਾਫੀ ਨੂੰ ਕਬੂਲ ਕਰਨ ਨਾਲ ਉਹ ਆਪਣੇ ਸਾਥੀ ਜਾਂ ਬੱਚਿਆਂ ਬਾਰੇ ਕੀ ਸੋਚਦਾ ਹੈ ਜਿਨ੍ਹਾਂ ਨਾਲ ਉਹ ਪਿਆਰ ਕਰਨ ਦਾ ਦਾਅਵਾ ਕਰਦਾ ਹੈ? ਜਾਂ ਤਾਂ ਉਹ ਉਨ੍ਹਾਂ ਦੀ ਪਰਵਾਹ ਹੀ ਨਹੀਂ ਕਰਦਾ ਜਾਂ ਫਿਰ ਉਹ ਉਨ੍ਹਾਂ ਨਾਲ ਨਫ਼ਰਤ ਕਰਦਾ ਹੈ।”

ਪੋਰਨੋਗ੍ਰਾਫੀ ਦੇ ਫੰਦੇ ਵਿੱਚੋਂ ਨਿਕਲਣਾ

ਕੀ ਤੁਸੀਂ ਪੋਰਨੋਗ੍ਰਾਫੀ ਦੀ ਲਪੇਟ ਵਿਚ ਆਏ ਹੋਏ ਹੋ? ਕੀ ਤੁਸੀਂ ਇਸ ਆਦਤ ਨੂੰ ਛੱਡਣ ਲਈ ਕੁਝ ਕਰ ਸਕਦੇ ਹੋ? ਬਾਈਬਲ ਸਾਨੂੰ ਇਸ ਦੀ ਉਮੀਦ ਦਿੰਦੀ ਹੈ! ਪਹਿਲੀ ਸਦੀ ਵਿਚ ਕੁਝ ਮਸੀਹੀ ਯਿਸੂ ਬਾਰੇ ਜਾਣਨ ਤੋਂ ਪਹਿਲਾਂ ਹਰਾਮਕਾਰ, ਜ਼ਨਾਹਕਾਰ ਅਤੇ ਲੋਭੀ ਸਨ। ਪਰ ਪੌਲੁਸ ਨੇ ਉਨ੍ਹਾਂ ਨੂੰ ਕਿਹਾ: ‘ਪਰ ਤੁਸੀਂ ਧੋਤੇ ਗਏ।’ ਇਹ ਕਿੱਦਾਂ ਮੁਮਕਿਨ ਹੋਇਆ? ਉਸ ਨੇ ਕਿਹਾ: “ਪਰਮੇਸ਼ੁਰ ਦੇ ਆਤਮਾ ਤੋਂ . . . ਤੁਸੀਂ ਪਵਿੱਤਰ ਕੀਤੇ ਗਏ।”—1 ਕੁਰਿੰਥੀਆਂ 6:9-11.

ਪਰਮੇਸ਼ੁਰ ਦੀ ਆਤਮਾ ਦੀ ਤਾਕਤ ਕਦੀ ਘੱਟ ਨਾ ਸਮਝੋ। ਬਾਈਬਲ ਕਹਿੰਦੀ ਹੈ ਕਿ “ਪਰਮੇਸ਼ੁਰ ਵਫ਼ਾਦਾਰ ਹੈ [ਅਤੇ] ਤੁਹਾਡੀ ਸ਼ਕਤੀਓਂ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ।” ਹਾਂ, ਉਹ ਕਿਸੇ-ਨ-ਕਿਸੇ ਤਰੀਕੇ ਨਾਲ ਸਾਡੀ ਮਦਦ ਕਰੇਗਾ। (1 ਕੁਰਿੰਥੀਆਂ 10:13) ਪ੍ਰਾਰਥਨਾ ਰਾਹੀਂ ਪਰਮੇਸ਼ੁਰ ਨੂੰ ਲਗਾਤਾਰ ਆਪਣੀ ਮੁਸ਼ਕਲ ਬਾਰੇ ਦੱਸਣ ਨਾਲ ਤੁਹਾਨੂੰ ਮਦਦ ਮਿਲੇਗੀ। ਉਸ ਦਾ ਬਚਨ ਸਾਨੂੰ ਹੌਸਲਾ ਦਿੰਦਾ ਹੈ: “ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ।”—ਜ਼ਬੂਰਾਂ ਦੀ ਪੋਥੀ 55:22.

ਪਰ ਤੁਹਾਨੂੰ ਇਹ ਗੱਲ ਵੀ ਨਹੀਂ ਭੁੱਲਣੀ ਚਾਹੀਦੀ ਕਿ ਤੁਹਾਨੂੰ ਆਪਣੀਆਂ ਪ੍ਰਾਰਥਨਾਵਾਂ ਦੇ ਅਨੁਸਾਰ ਕੰਮ ਕਰਨ ਦੀ ਲੋੜ ਹੈ। ਤੁਹਾਨੂੰ ਆਪਣੇ ਦਿਲ ਵਿਚ ਇਹ ਗੱਲ ਠਾਣ ਲੈਣੀ ਚਾਹੀਦੀ ਹੈ ਕਿ ਤੁਸੀਂ ਪੋਰਨੋਗ੍ਰਾਫੀ ਨਹੀਂ ਦੇਖੋਗੇ। ਸ਼ਾਇਦ ਤੁਸੀਂ ਕਿਸੇ ਦੋਸਤ ਜਾਂ ਪਰਿਵਾਰ ਦੇ ਮੈਂਬਰ ਕੋਲੋਂ ਮਦਦ ਲੈ ਸਕਦੇ ਹੋ। ਉਹ ਤੁਹਾਨੂੰ ਇਸ ਆਦਤ ਉੱਤੇ ਕਾਬੂ ਪਾਉਣ ਦਾ ਹੌਸਲਾ ਦੇ ਸਕਦੇ ਹਨ। (“ਮਦਦ ਹਾਸਲ ਕਰਨੀ” ਡੱਬੀ ਦੇਖੋ।) ਇਹ ਯਾਦ ਰੱਖਣ ਨਾਲ ਕਿ ਤੁਹਾਡੀਆਂ ਕੋਸ਼ਿਸ਼ਾਂ ਨਾਲ ਪਰਮੇਸ਼ੁਰ ਦਾ ਦਿਲ ਖ਼ੁਸ਼ ਹੋਵੇਗਾ, ਤੁਸੀਂ ਆਪਣੇ ਇਰਾਦੇ ਵਿਚ ਹੋਰ ਵੀ ਪੱਕੇ ਹੋਵੋਗੇ। (ਕਹਾਉਤਾਂ 27:11) ਇਸ ਦੇ ਨਾਲ-ਨਾਲ ਆਪਣੀ ਆਦਤ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਇਹ ਗੱਲ ਜਾਣਨ ਤੋਂ ਵੀ ਹੌਸਲਾ ਮਿਲੇਗਾ ਕਿ ਪੋਰਨੋਗ੍ਰਾਫੀ ਦੇਖਣ ਨਾਲ ਪਰਮੇਸ਼ੁਰ ਨਾਰਾਜ਼ ਹੁੰਦਾ ਹੈ। (ਉਤਪਤ 6:5, 6) ਇਸ ਆਦਤ ਉੱਤੇ ਜਿੱਤ ਪਾਉਣੀ ਮੁਸ਼ਕਲ ਤਾਂ ਹੈ, ਪਰ ਨਾਮੁਮਕਿਨ ਨਹੀਂ। ਹਾਂ, ਇਸ ਉੱਤੇ ਜਿੱਤ ਪਾਈ ਜਾ ਸਕਦੀ ਹੈ!

ਅਸ਼ਲੀਲ ਸਾਮੱਗਰੀ ਨੂੰ ਦੇਖਣ ਨਾਲ ਨੁਕਸਾਨ ਤਾਂ ਹੋਣਾ ਹੀ ਹੈ। ਇਸ ਨਾਲ ਸਾਨੂੰ ਅਤੇ ਦੂਸਰਿਆਂ ਨੂੰ ਨੁਕਸਾਨ ਹੁੰਦਾ ਹੈ। ਪੋਰਨੋਗ੍ਰਾਫੀ ਦੇਖਣ ਤੇ ਬਣਾਉਣ ਵਾਲੇ ਦੋਵੇਂ ਭ੍ਰਿਸ਼ਟ ਹੋ ਜਾਂਦੇ ਹਨ। ਇਸ ਨਾਲ ਆਦਮੀਆਂ ਅਤੇ ਔਰਤਾਂ ਦੀ ਬੇਇੱਜ਼ਤੀ ਹੁੰਦੀ ਹੈ, ਇਹ ਬੱਚਿਆਂ ਲਈ ਖ਼ਤਰਾ ਹੈ ਅਤੇ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ। (g03 7/22)

[ਫੁਟਨੋਟ]

^ ਪੈਰਾ 2 ਇੰਟਰਨੈੱਟ ਉੱਤੇ ਪੋਰਨੋਗ੍ਰਾਫੀ ਦੇ ਖ਼ਤਰਿਆਂ ਬਾਰੇ ਵਧੇਰੇ ਜਾਣਕਾਰੀ ਲਈ “ਇੰਟਰਨੈੱਟ ਉੱਤੇ ਅਸ਼ਲੀਲਤਾ—ਇਹ ਕੀ ਨੁਕਸਾਨ ਪਹੁੰਚਾ ਸਕਦੀ ਹੈ? ਨਾਂ ਦਾ ਲੇਖ ਦੇਖੋ ਜੋ 8 ਜੂਨ 2000 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ), ਸਫ਼ੇ 3-10 ਉੱਤੇ ਹਨ।

^ ਪੈਰਾ 14 ਪੋਰਨੋਗ੍ਰਾਫੀ ਬਾਰੇ ਬਾਈਬਲ ਦੇ ਵਿਚਾਰ ਪੜ੍ਹਨ ਲਈ ਜਾਗਰੂਕ ਬਣੋ! (ਅੰਗ੍ਰੇਜ਼ੀ) 8 ਜੁਲਾਈ 2002, ਸਫ਼ੇ 19-21 ਦੇਖੋ।

[ਸਫ਼ੇ 10 ਉੱਤੇ ਡੱਬੀ/​ਤਸਵੀਰ]

ਮਦਦ ਹਾਸਲ ਕਰਨੀ

ਪੋਰਨੋਗ੍ਰਾਫੀ ਦੀ ਜਕੜ ਤੋਂ ਛੁੱਟਣਾ ਸੌਖਾ ਨਹੀਂ ਹੈ, ਇਸ ਲਈ ਸ਼ਾਇਦ ਕਾਫ਼ੀ ਸੰਘਰਸ਼ ਕਰਨਾ ਪਵੇ। ਸੈਕਸ ਦੇ ਬਹੁਤ ਸਾਰੇ ਅਮਲੀਆਂ ਦਾ ਇਲਾਜ ਕਰਨ ਵਾਲੇ ਡਾਕਟਰ ਵਿਕਟਰ ਕਲਾਈਨ ਨੇ ਕਿਹਾ ਕਿ “ਆਪਣੇ ਨਾਲ ਵਾਅਦੇ ਕਰਨ ਨਾਲ ਗੱਲ ਨਹੀਂ ਬਣੇਗੀ। ਚੰਗੇ ਇਰਾਦੇ ਰੱਖਣ ਨਾਲ ਕੋਈ ਫ਼ਰਕ ਨਹੀਂ ਪੈਂਦਾ। [ਸੈਕਸ ਦਾ ਅਮਲੀ] ਇਕੱਲਿਆਂ ਕੁਝ ਨਹੀਂ ਕਰ ਸਕੇਗਾ।” ਕਲਾਈਨ ਦੇ ਮੁਤਾਬਕ ਜੇ ਅਮਲੀ ਸ਼ਾਦੀ-ਸ਼ੁਦਾ ਹੈ, ਤਾਂ ਸਹੀ ਇਲਾਜ ਕਰਾਉਣ ਲਈ ਉਸ ਨੂੰ ਆਪਣੇ ਸਾਥੀ ਦੀ ਮਦਦ ਲੈਣੀ ਜ਼ਰੂਰੀ ਹੈ। ਉਸ ਨੇ ਦਾਅਵਾ ਕੀਤਾ: “ਜੇ ਸਾਥੀ ਮਦਦ ਕਰਦਾ ਹੈ, ਤਾਂ ਅਮਲੀ ਝੱਟ ਠੀਕ ਹੋ ਜਾਵੇਗਾ। ਦੋਹਾਂ ਨੂੰ ਸੱਟ ਲੱਗੀ ਹੈ। ਦੋਹਾਂ ਨੂੰ ਮਦਦ ਦੀ ਲੋੜ ਹੈ।”

ਜੇ ਅਮਲੀ ਵਿਆਹਿਆ ਨਾ ਹੋਵੇ, ਤਾਂ ਉਹ ਕਿਸੇ ਦੋਸਤ ਜਾਂ ਪਰਿਵਾਰ ਦੇ ਮੈਂਬਰ ਦਾ ਸਹਾਰਾ ਲੈ ਸਕਦਾ ਹੈ। ਅਮਲੀ ਜਿਸ ਦੀ ਮਰਜ਼ੀ ਮਦਦ ਲਵੇ, ਕਲਾਈਨ ਦਾ ਇਕ ਅਸੂਲ ਹੈ: ਮੁਸ਼ਕਲ ਬਾਰੇ ਖੁੱਲ੍ਹ ਕੇ ਗੱਲ ਕਰੋ। “ਲੁਕੋ ਕੇ ਰੱਖੀਆਂ ਗੱਲਾਂ ਤੁਹਾਡੀ ‘ਜਾਨ ਲੈ ਲੈਣਗੀਆਂ,’” ਉਸ ਨੇ ਕਿਹਾ। “ਉਹ ਤੁਹਾਡੇ ਵਿਚ ਸ਼ਰਮ ਅਤੇ ਦੋਸ਼ ਦੀਆਂ ਭਾਵਨਾਵਾਂ ਪੈਦਾ ਕਰਦੀਆਂ ਹਨ।”

[ਸਫ਼ੇ 9 ਉੱਤੇ ਚਾਰਟ]

ਤੁਸੀਂ ਕਿਸ ਸੁਨੇਹੇ ਨੂੰ ਕਬੂਲ ਕਰੋਗੇ?

ਪੋਰਨੋਗ੍ਰਾਫੀ ਦਾ ਸੁਨੇਹਾ

◼ ਕਿਸੇ ਵੀ ਵਿਅਕਤੀ ਨਾਲ, ਕਿਸੇ ਵੀ ਵੇਲੇ, ਕਿਸੇ ਵੀ ਹਾਲਾਤ ਅਧੀਨ ਅਤੇ ਕਿਸੇ ਵੀ ਤਰੀਕੇ ਨਾਲ ਸੈਕਸ ਕਰਨਾ ਠੀਕ ਹੈ ਅਤੇ ਇਸ ਦਾ ਕੋਈ ਭੈੜਾ ਨਤੀਜਾ ਨਹੀਂ ਨਿਕਲੇਗਾ।

ਬਾਈਬਲ ਦਾ ਵਿਚਾਰ

“ਵਿਆਹ ਕਰਨਾ ਸਭਨਾਂ ਵਿੱਚ ਆਦਰ ਜੋਗ ਗਿਣਿਆ ਜਾਵੇ ਅਤੇ ਵਿਛਾਉਣਾ ਬੇਦਾਗ ਰਹੇ ਕਿਉਂ ਜੋ ਪਰਮੇਸ਼ੁਰ ਹਰਾਮਕਾਰਾਂ ਅਤੇ ਵਿਭਚਾਰੀਆਂ ਦਾ ਨਿਆਉਂ ਅਤੇ ਵਿਭਚਾਰੀਆਂ ਦਾ ਨਿਆਉਂ ਕਰੇਗਾ।”ਇਬਰਾਨੀਆਂ 13:4.

“ਜਿਹੜਾ ਹਰਾਮਕਾਰੀ ਕਰਦਾ ਹੈ ਉਹ ਆਪਣੇ ਹੀ ਸਰੀਰ ਦਾ ਪਾਪ ਕਰਦਾ ਹੈ।”1 ਕੁਰਿੰਥੀਆਂ 6:18; ਰੋਮੀਆਂ 1:26,27 ਵੀ ਦੇਖੋ।

ਪੋਰਨੋਗ੍ਰਾਫੀ ਦਾ ਸੁਨੇਹਾ

◼ ਵਿਆਹ ਕਰ ਕੇ ਤੁਸੀਂ ਆਪਣੀ ਲਿੰਗੀ ਇੱਛਾ ਪੂਰੀ ਕਰਨ ਵਿਚ ਰੁਕਾਵਟ ਪਾ ਰਹੇ ਹੋ।

ਬਾਈਬਲ ਦਾ ਵਿਚਾਰ

“ਤੂੰ ਆਪਣੀ ਜੁਆਨੀ ਦੀ ਵਹੁਟੀ ਨਾਲ ਅਨੰਦ ਰਹੁ। . . . ਨਿੱਤ ਓਸੇ ਦੇ ਪ੍ਰੇਮ ਨਾਲ ਮੋਹਿਤ ਰਹੁ।”ਕਹਾਉਤਾਂ 5: 18, 19; ਉਤਪਤ 1:28; 2:24 ਤੇ 1 ਕੁਰਿੰਥੀਆਂ 7:3 ਵੀ ਦੇਖੋ।

ਪੋਰਨੋਗ੍ਰਾਫੀ ਦਾ ਸੁਨੇਹਾ

◼ ਔਰਤਾਂ ਦਾ ਇੱਕੋ-ਇਕ ਮਕਸਦ ਹੈ ਮਰਦਾਂ ਦੀਆਂ ਕਾਮਵਾਸ਼ਨਾਵਾਂ ਪੂਰੀਆਂ ਕਰਨੀਆਂ।

ਬਾਈਬਲ ਦਾ ਵਿਚਾਰ

“ਮੈਂ [ਯਹੋਵਾਹ ਪਰਮੇਸ਼ੁਰ] ਉਹ ਦੇ ਲਈ ਉਹ ਦੇ ਵਾਂਙੁ ਇੱਕ ਸਹਾਇਕਣ ਬਣਾਵਾਂਗਾ।”ਉਤਪਤ 2:18; ਅਫ਼ਸੀਆਂ 5:28 ਵੀ ਦੇਖੋ।

ਪੋਰਨੋਗ੍ਰਾਫੀ ਦਾ ਸੁਨੇਹਾ

◼ ਆਦਮੀ ਅਤੇ ਔਰਤਾਂ ਆਪਣੀਆਂ ਲਿੰਗੀ ਇੱਛਾਵਾਂ ਦੇ ਗ਼ੁਲਾਮ ਹਨ।

ਬਾਈਬਲ ਦਾ ਵਿਚਾਰ

“ਤੁਸੀਂ ਆਪਣੇ ਅੰਗਾਂ ਨੂੰ ਜੋ ਧਰਤੀ ਉੱਤੇ ਹਨ ਮਾਰ ਸੁੱਟੋ ਅਰਥਾਤ ਹਰਾਮਕਾਰੀ, ਗੰਦ ਮੰਦ, ਕਾਮਨਾ, ਬੁਰੀ ਇੱਛਿਆ ਅਤੇ ਲੋਭ ਨੂੰ ਜਿਹੜਾ ਮੂਰਤੀ ਪੂਜਾ ਹੈ।”ਕੁਲੁੱਸੀਆਂ 3:5.

“ਤੁਹਾਡੇ ਵਿਚੋਂ ਹਰ ਕੋਈ ਆਪਣੇ ਸਰੀਰ ਤੇ ਕਾਬੂ ਪਾਉਣਾ ਸਿਖੇ। ਇਸ ਨੂੰ ਪਵਿੱਤਰ ਰੱਖੋ ਅਤੇ ਇਸ ਦਾ ਆਦਰ ਕਰੋ।”1 ਥੱਸਲੁਨੀਕੀਆਂ 4:4, ਨਵਾਂ ਅਨੁਵਾਦ।

“ਬੁੱਢੀਆਂ ਨੂੰ ਮਾਤਾ ਵਾਂਗਰ ਅਤੇ ਮੁਟਿਆਰਾਂ ਨੂੰ ਅੱਤ ਪਵਿੱਤਰਤਾਈ ਨਾਲ ਭੈਣਾਂ ਵਾਂਗਰ” ਵਿਚਾਰੋ।1 ਤਿਮੋਥਿਉਸ 5:1, 2; 1 ਕੁਰਿੰਥੀਆਂ 9:27 ਵੀ ਦੇਖੋ।

[ਸਫ਼ੇ 7 ਉੱਤੇ ਤਸਵੀਰ]

ਕੁਝ ਖੋਜਕਾਰ ਇਹ ਕਹਿੰਦੇ ਹਨ ਕਿ ਪੋਰਨੋਗ੍ਰਾਫੀ ਦੇਖਣ ਨਾਲ ਬੱਚੇ ਦੇ ਦਿਮਾਗ਼ ਦੇ ਕੁਦਰਤੀ ਵਿਕਾਸ ਉੱਤੇ ਅਸਰ ਪੈ ਸਕਦਾ ਹੈ

[ਸਫ਼ੇ 8 ਉੱਤੇ ਤਸਵੀਰ]

ਪੋਰਨੋਗ੍ਰਾਫੀ ਕਰਕੇ ਪਤੀ-ਪਤਨੀ ਦੇ ਰਿਸ਼ਤੇ ਵਿਚ ਭਰੋਸਾ ਅਤੇ ਨੇੜਤਾ ਨਹੀਂ ਰਹਿੰਦੀ

[ਸਫ਼ੇ 10 ਉੱਤੇ ਤਸਵੀਰ]

ਦਿਲੋਂ ਪ੍ਰਾਰਥਨਾ ਕਰਨ ਨਾਲ ਮਦਦ ਮਿਲੇਗੀ