Skip to content

Skip to table of contents

ਪੋਰਨੋਗ੍ਰਾਫੀ ਵਿਚ ਇੰਨਾ ਵਾਧਾ ਕਿਉਂ?

ਪੋਰਨੋਗ੍ਰਾਫੀ ਵਿਚ ਇੰਨਾ ਵਾਧਾ ਕਿਉਂ?

ਪੋਰਨੋਗ੍ਰਾਫੀ ਵਿਚ ਇੰਨਾ ਵਾਧਾ ਕਿਉਂ?

ਕਾਮ-ਉਤੇਜਕ ਸਾਮੱਗਰੀ ਕੋਈ ਨਵੀਂ ਚੀਜ਼ ਨਹੀਂ ਹੈ, ਸਗੋਂ ਇਹ ਹਜ਼ਾਰਾਂ ਸਾਲ ਪਹਿਲਾਂ ਵੀ ਉਪਲਬਧ ਸੀ। ਪਰ ਪੁਰਾਣੇ ਜ਼ਮਾਨਿਆਂ ਵਿਚ ਅਸ਼ਲੀਲ ਸਾਮੱਗਰੀ ਤਿਆਰ ਕਰਨੀ ਔਖੀ ਹੁੰਦੀ ਸੀ ਜਿਸ ਕਰਕੇ ਸਿਰਫ਼ ਅਮੀਰ ਅਤੇ ਵੱਡੇ ਲੋਕ ਇਸ ਨੂੰ ਹਾਸਲ ਕਰ ਸਕਦੇ ਸਨ। ਪਰ ਜਿੱਦਾਂ-ਜਿੱਦਾਂ ਪ੍ਰਿੰਟਿੰਗ, ਫੋਟੋਗ੍ਰਾਫੀ ਅਤੇ ਫ਼ਿਲਮਾਂ ਦੇ ਕਾਰੋਬਾਰ ਵਿਚ ਤਰੱਕੀ ਹੋਣ ਲੱਗੀ, ਅਸ਼ਲੀਲ ਸਾਮੱਗਰੀ ਵਿਚ ਵੀ ਵਾਧਾ ਹੋਣ ਲੱਗਾ। ਹੁਣ ਸਿਰਫ਼ ਅਮੀਰ ਹੀ ਨਹੀਂ, ਸਗੋਂ ਸਾਰੇ ਲੋਕ ਇਸ ਨੂੰ ਹਾਸਲ ਕਰ ਸਕਦੇ ਹਨ।

ਵੀ. ਸੀ. ਆਰ. ਦੇ ਆਗਮਨ ਨਾਲ ਇਸ ਵਿਚ ਹੋਰ ਵੀ ਵਾਧਾ ਹੋਇਆ। ਵਿਡਿਓ-ਕੈਸਟਾਂ ਸਿਨਮੇ ਵਿਚ ਚਲਾਈਆਂ ਜਾਣ ਵਾਲੀਆਂ ਫ਼ਿਲਮਾਂ ਦੀਆਂ ਰੀਲਾਂ ਜਾਂ ਪੁਰਾਣੀਆਂ ਫੋਟੋਆਂ ਵਾਂਗ ਨਹੀਂ ਸਨ ਕਿਉਂਕਿ ਇਨ੍ਹਾਂ ਨੂੰ ਰੱਖਣਾ, ਇਨ੍ਹਾਂ ਦੀਆਂ ਕਾਪੀਆਂ ਬਣਾਉਣੀਆਂ ਅਤੇ ਇਨ੍ਹਾਂ ਨੂੰ ਵੰਡਣਾ ਆਸਾਨ ਸੀ। ਲੋਕ ਵਿਡਿਓ-ਕੈਸਟਾਂ ਨੂੰ ਆਪਣੇ ਘਰ ਏਕਾਂਤ ਵਿਚ ਦੇਖ ਸਕਦੇ ਸਨ। ਅੱਜ-ਕੱਲ੍ਹ ਕੇਬਲ ਟੀ. ਵੀ. ਅਤੇ ਇੰਟਰਨੈੱਟ ਦੇ ਕਾਰਨ ਜ਼ਿਆਦਾ ਲੋਕ ਪੋਰਨੋਗ੍ਰਾਫੀ ਦੇਖਣ ਲੱਗੇ ਹਨ। ਮੀਡੀਆ ਦੇ ਇਕ ਵਿਸ਼ਲੇਸ਼ਕ ਡੈਨਿਸ ਮਕੈਲਪਾਈਨ ਨੇ ਕਿਹਾ ਕਿ ਜਿਹੜੇ ਬੰਦੇ ਨੂੰ ਦੁਕਾਨੋਂ ਬਲਿਊ ਫ਼ਿਲਮਾਂ ਦੇ ਵਿਡਿਓ ਖ਼ਰੀਦਣ ਤੋਂ ਸ਼ਰਮ ਆਉਂਦੀ ਸੀ, ਉਹ ਹੁਣ “ਘਰ ਬੈਠੇ ਹੀ ਆਪਣੇ ਕੇਬਲ ਟੀ. ਵੀ. ਦੇ ਕੁਝ ਬਟਨ ਦਬਾ ਕੇ ਫ਼ਿਲਮ ਲਗਾ ਸਕਦਾ ਹੈ।” ਸ਼੍ਰੀ ਮਕੈਲਪਾਈਨ ਮੁਤਾਬਕ ਇਸ ਤਰ੍ਹਾਂ ਦੀ ਸਹੂਲਤ ਕਰਕੇ ਲੋਕ ਪੋਰਨੋਗ੍ਰਾਫੀ ਤੇ “ਪਹਿਲਾਂ ਜਿੰਨਾ ਇਤਰਾਜ਼ ਨਹੀਂ ਕਰਦੇ।”

ਪੋਰਨੋਗ੍ਰਾਫੀ ਵਿਸ਼ਾਲ ਰੂਪ ਲੈ ਰਹੀ ਹੈ

ਕਈ ਲੋਕ ਪੋਰਨੋਗ੍ਰਾਫੀ ਬਾਰੇ ਦੁਬਿਧਾ ਵਿਚ ਪਏ ਹੋਏ ਹਨ ਕਿਉਂਕਿ ਇਸ ਦਾ ਕਾਰੋਬਾਰ ਕਾਫ਼ੀ ਵਧ ਗਿਆ ਹੈ। ਲੇਖਿਕਾ ਜਰਮੇਨ ਗ੍ਰੀਅਰ ਨੇ ਕਿਹਾ ਕਿ “ਕਿਸੇ ਵੀ ਗਾਣੇ, ਡਾਂਸ, ਥੀਏਟਰ ਅਤੇ ਹੋਰ ਕਲਾਕਾਰੀ ਨਾਲੋਂ ਇਸ ਦਾ ਸਾਡੇ ਸਭਿਆਚਾਰ ਉੱਤੇ ਜ਼ਿਆਦਾ ਪ੍ਰਭਾਵ ਪੈ ਰਿਹਾ ਹੈ।” ਪੋਰਨੋਗ੍ਰਾਫੀ ਬਾਰੇ ਲੋਕਾਂ ਦੇ ਵਿਚਾਰ ਫੈਸ਼ਨ ਵਿਚ ਵੀ ਦੇਖੇ ਜਾ ਸਕਦੇ ਹਨ। ਅੱਜ-ਕੱਲ੍ਹ ਦੀਆਂ ਫ਼ਿਲਮੀ ਹੀਰੋਇਨਾਂ ਵਗੈਰਾ ‘ਵੇਸਵਾਵਾਂ’ ਵਰਗੇ ਕੱਪੜੇ ਪਾਉਂਦੀਆਂ ਹਨ। ਗਾਣਿਆਂ ਵਿਚ ਵੀ ਉਤੇਜਕ ਸੀਨ ਦਿਖਾਏ ਜਾਂਦੇ ਹਨ। ਇਸ ਦੇ ਨਾਲ-ਨਾਲ ਇਸ਼ਤਿਹਾਰ ਬਣਾਉਣ ਵਾਲੇ ਅਸ਼ਲੀਲ ਤਸਵੀਰਾਂ ਵਗੈਰਾ ਦਾ ਸਹਾਰਾ ਲੈਂਦੇ ਹਨ। ਸ਼੍ਰੀ ਮਕੈਲਪਾਈਨ ਨੇ ਇਹ ਸਿੱਟਾ ਕੱਢਿਆ ਕਿ “ਸਾਡਾ ਸਮਾਜ ਬਿਨਾਂ ਕਿਸੇ ਇਤਰਾਜ਼ ਦੇ ਉਹੀ ਕਬੂਲ ਕਰ ਰਿਹਾ ਹੈ ਜੋ ਉਸ ਨੂੰ ਪਰੋਸਿਆ ਜਾ ਰਿਹਾ ਹੈ। . . . ਇਸ ਕਰਕੇ ਕਈ ਸੋਚਣ ਲੱਗੇ ਹਨ ਕਿ ਇਹ ਸਭ ਕੁਝ ਠੀਕ-ਠਾਕ ਹੈ।” ਲੇਖਿਕਾ ਐਂਡ੍ਰੇਆ ਡਵੋਰਕਨ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ “ਲੋਕਾਂ ਨੂੰ ਅਜਿਹੀਆਂ ਚੀਜ਼ਾਂ ਤੋਂ ਪਰੇਸ਼ਾਨੀ ਨਹੀਂ ਹੁੰਦੀ। ਇੱਦਾਂ ਲੱਗਦਾ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਦੀ ਕੋਈ ਪਰਵਾਹ ਹੀ ਨਹੀਂ।”

ਪੋਰਨੋਗ੍ਰਾਫੀ ਦੀ ਜੜ੍ਹ

ਐੱਫ਼. ਬੀ. ਆਈ ਤੋਂ ਰਿਟਾਇਰ ਹੋਇਆ ਰੌਜਰ ਯੰਗ ਐਂਡ੍ਰੇਆ ਡਵੋਰਕਨ ਨਾਲ ਸਹਿਮਤ ਹੈ। ਉਸ ਨੇ ਕਿਹਾ ਕਿ “ਕਈ ਲੋਕ ਇਹ ਨਹੀਂ ਦੇਖਦੇ ਕਿ ਅਜਿਹੀ ਗੰਦਗੀ ਦਾ ਕਿੱਥੇ ਤਕ ਅਸਰ ਪੈਂਦਾ ਹੈ ਅਤੇ ਇਸ ਨਾਲ ਕਿੰਨੀਆਂ ਮੁਸ਼ਕਲਾਂ ਪੈਦਾ ਹੁੰਦੀਆਂ ਹਨ।” ਕਈ ਲੋਕ ਪੋਰਨੋਗ੍ਰਾਫੀ ਦੇ ਹਿਮਾਇਤੀਆਂ ਦੀਆਂ ਗੱਲਾਂ ਵਿਚ ਆ ਕੇ ਕਹਿੰਦੇ ਹਨ ਕਿ ਅਜਿਹਾ ਕੋਈ ਸਬੂਤ ਨਹੀਂ ਹੈ ਕਿ ਅਸ਼ਲੀਲ ਤਸਵੀਰਾਂ ਦਾ ਬੁਰਾ ਅਸਰ ਪੈਂਦਾ ਹੈ। ਲੇਖਕ ਐੱਫ਼. ਐੱਮ. ਕਰਿਸਟਨਸਨ ਨੇ ਕਿਹਾ ਕਿ “ਪੋਰਨੋਗ੍ਰਾਫੀ ਸਿਰਫ਼ ਕਲਪਨਾ ਹੀ ਹੈ ਅਤੇ ਇਸ ਦੇ ਵਿਰੋਧੀ ਇਸ ਗੱਲ ਨੂੰ ਸਵੀਕਾਰ ਨਹੀਂ ਕਰਦੇ।” ਪਰ ਜੇ ਇਹ ਸਿਰਫ਼ ਖੋਖਲੀ ਕਲਪਨਾ ਹੀ ਹੈ ਅਤੇ ਇਸ ਦਾ ਕੋਈ ਅਸਰ ਨਹੀਂ ਪੈਂਦਾ, ਤਾਂ ਫਿਰ ਇਸ਼ਤਿਹਾਰਬਾਜ਼ੀ ਦਾ ਕਾਰੋਬਾਰ ਕਿਸ ਗੱਲ ਤੇ ਨਿਰਭਰ ਹੈ? ਜੇ ਇਸ਼ਤਿਹਾਰ, ਵਿਡਿਓ ਅਤੇ ਤਸਵੀਰਾਂ ਕੋਈ ਡੂੰਘਾ ਅਸਰ ਨਹੀਂ ਪਾਉਂਦੀਆਂ, ਤਾਂ ਕੰਪਨੀਆਂ ਇਨ੍ਹਾਂ ਨੂੰ ਬਣਾਉਣ ਲਈ ਕਰੋੜਾਂ ਰੁਪਇਆ ਕਿਉਂ ਖ਼ਰਚਦੀਆਂ ਹਨ?

ਅਸਲੀਅਤ ਤਾਂ ਇਹ ਹੈ ਕਿ ਹੋਰ ਸਫ਼ਲ ਇਸ਼ਤਿਹਾਰਬਾਜ਼ੀ ਦੀ ਤਰ੍ਹਾਂ, ਪੋਰਨੋਗ੍ਰਾਫੀ ਦਾ ਵੀ ਖ਼ਾਸ ਟੀਚਾ ਹੈ ਲੋਕਾਂ ਵਿਚ ਉਹ ਲਾਲਸਾ ਪੈਦਾ ਕਰਨੀ ਜੋ ਪਹਿਲਾਂ ਮੌਜੂਦ ਨਹੀਂ ਸੀ। ਖੋਜਕਾਰ ਸਟੀਵਨ ਹਿੱਲ ਅਤੇ ਨੀਨਾ ਸਿਲਵਾ ਦੇ ਮੁਤਾਬਕ “ਪੋਰਨੋਗ੍ਰਾਫੀ ਦਾ ਇੱਕੋ-ਇਕ ਮਕਸਦ ਹੈ—ਨਫ਼ਾ ਕਮਾਉਣਾ।” “ਅਤੇ ਅੱਜ-ਕੱਲ੍ਹ ਖੁੱਲ੍ਹੀ ਮੰਡੀ ਵਿਚ ਹਰੇਕ ਚੀਜ਼ ਦਾ ਸੌਦਾ ਕੀਤਾ ਜਾ ਸਕਦਾ ਹੈ, ਖ਼ਾਸ ਕਰਕੇ ਔਰਤ ਦੇ ਜਿਸਮ ਅਤੇ ਇਨਸਾਨਾਂ ਦੇ ਲਿੰਗੀ ਰਿਸ਼ਤਿਆਂ ਦਾ।” ਜਰਮੇਨ ਗ੍ਰੀਅਰ ਨੇ ਪੋਰਨੋਗ੍ਰਾਫੀ ਦੀ ਤੁਲਨਾ ਫਾਸਟ-ਫੂਡ ਨਾਲ ਕੀਤੀ। ਚਾਹੇ ਅਜਿਹੇ ਖਾਣੇ ਦਾ ਘੱਟ ਫ਼ਾਇਦਾ ਹੁੰਦਾ ਹੈ, ਪਰ ਫਿਰ ਵੀ ਲੋਕ ਇਸ ਨੂੰ ਪਸੰਦ ਕਰਦੇ ਹਨ ਕਿਉਂਕਿ ਇਸ ਨੂੰ ਸੁਆਦ ਬਣਾਉਣ ਲਈ ਇਸ ਵਿਚ ਤਰ੍ਹਾਂ-ਤਰ੍ਹਾਂ ਤੇ ਮਸਾਲੇ ਰਲਾਏ ਜਾਂਦੇ ਹਨ। ਗ੍ਰੀਅਰ ਨੇ ਕਿਹਾ ਕਿ “ਇਸੇ ਤਰ੍ਹਾਂ ਪੋਰਨੋਗ੍ਰਾਫੀ ਰਾਹੀਂ ਜੋ ਸੈਕਸ ਪਰੋਸਿਆ ਜਾਂਦਾ ਹੈ ਉਹ ਅਸਲੀ ਨਹੀਂ ਹੁੰਦਾ। . . . ਖਾਣੇ ਦੇ ਇਸ਼ਤਿਹਾਰ ਨਕਲੀ ਖਾਣਾ ਪੇਸ਼ ਕਰਦੇ ਹਨ ਅਤੇ ਸੈਕਸ ਦੇ ਇਸ਼ਤਿਹਾਰ ਨਕਲੀ ਸੈਕਸ ਪੇਸ਼ ਕਰਦੇ ਹਨ।”

ਕੁਝ ਡਾਕਟਰ ਦਾਅਵਾ ਕਰਦੇ ਹਨ ਕਿ ਪੋਰਨੋਗ੍ਰਾਫੀ ਦੀ ਆਦਤ ਛੱਡਣੀ ਡ੍ਰੱਗਜ਼ ਦੀ ਆਦਤ ਛੱਡਣ ਨਾਲੋਂ ਵੀ ਮੁਸ਼ਕਲ ਹੁੰਦੀ ਹੈ। ਡ੍ਰੱਗਜ਼ ਦੇ ਅਮਲੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਦੇ ਸਰੀਰਾਂ ਵਿੱਚੋਂ ਨਸ਼ੀਲੇ ਪਦਾਰਥ ਕੱਢੇ ਜਾ ਸਕਦੇ ਹਨ। ਪਰ ਪੈਨਸਿਲਵੇਨੀਆ ਦੀ ਯੂਨੀਵਰਸਿਟੀ ਦੀ ਡਾਕਟਰ ਮੇਰੀ ਐਨ ਲੇਡਨ ਨੇ ਸਮਝਾਇਆ ਕਿ ਪੋਰਨੋਗ੍ਰਾਫੀ ਰਾਹੀਂ “ਲੋਕਾਂ ਦੇ ਮਨਾਂ ਵਿਚ ਅਜਿਹੀਆਂ ਤਸਵੀਰਾਂ ਬੈਠ ਜਾਂਦੀਆਂ ਹਨ ਜੋ ਹਮੇਸ਼ਾ ਵਾਸਤੇ ਦਿਮਾਗ਼ ਵਿਚ ਰਹਿੰਦੀਆਂ ਹਨ।” ਇਸੇ ਕਰਕੇ ਲੋਕ ਅਜਿਹੀਆਂ ਤਸਵੀਰਾਂ ਨੂੰ ਕਈ ਸਾਲ ਬਾਅਦ ਵੀ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਉਸ ਨੇ ਅੱਗੇ ਕਿਹਾ “ਇਹ ਪਹਿਲਾ ਅਜਿਹਾ ਨਸ਼ਾ ਹੈ ਜਿਸ ਦਾ ਕੋਈ ਇਲਾਜ ਨਹੀਂ ਹੈ।” ਪਰ ਕੀ ਇਸ ਦਾ ਇਹ ਮਤਲਬ ਹੈ ਕਿ ਪੋਰਨੋਗ੍ਰਾਫੀ ਦੇ ਪੰਜੇ ਵਿੱਚੋਂ ਨਿਕਲਣਾ ਨਾਮੁਮਕਿਨ ਹੈ? ਪੋਰਨੋਗ੍ਰਾਫੀ ਨਾਲ ਖ਼ਾਸ ਕਰਕੇ ਕੀ ਨੁਕਸਾਨ ਹੁੰਦਾ ਹੈ? (g03 7/22)

[ਸਫ਼ੇ 5 ਉੱਤੇ ਡੱਬੀ]

ਇੰਟਰਨੈੱਟ ਉੱਤੇ ਪੋਰਨੋਗ੍ਰਾਫੀ ਬਾਰੇ ਤੱਥ

◼ ਲਗਭਗ 75 ਫੀ ਸਦੀ ਅਸ਼ਲੀਲ ਸਾਮੱਗਰੀ ਅਮਰੀਕਾ ਵਿਚ ਅਤੇ 15 ਫੀ ਸਦੀ ਯੂਰਪ ਵਿਚ ਤਿਆਰ ਕੀਤੀ ਜਾਂਦੀ ਹੈ।

◼ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਹਰ ਹਫ਼ਤੇ ਤਕਰੀਬਨ ਸੱਤ ਕਰੋੜ ਲੋਕ ਇੰਟਰਨੈੱਟ ਤੇ ਅਸ਼ਲੀਲ ਸਾਈਟਾਂ ਦੇਖਦੇ ਹਨ। ਇਨ੍ਹਾਂ ਵਿੱਚੋਂ ਲਗਭਗ ਦੋ ਕਰੋੜ ਲੋਕ ਕੈਨੇਡਾ ਅਤੇ ਅਮਰੀਕਾ ਦੇ ਹਨ।

◼ ਹਾਲ ਹੀ ਵਿਚ ਇਕ ਮਹੀਨੇ ਦੌਰਾਨ ਕੀਤੀ ਗਈ ਖੋਜ ਤੋਂ ਪਤਾ ਲੱਗਾ ਕਿ ਯੂਰਪ ਵਿਚ ਜਰਮਨੀ ਵਿਚ ਸਭ ਤੋਂ ਜ਼ਿਆਦਾ ਲੋਕਾਂ ਨੇ ਇੰਟਰਨੈੱਟ ਉੱਤੇ ਪੋਰਨੋਗ੍ਰਾਫੀ ਦੇਖੀ ਸੀ। ਇਸ ਤੋਂ ਬਾਅਦ ਬਰਤਾਨੀਆ, ਫਰਾਂਸ, ਇਟਲੀ ਅਤੇ ਸਪੇਨ ਵਿਚ ਇਸ ਦੀ ਜ਼ਿਆਦਾ ਵਰਤੋਂ ਕੀਤੀ ਗਈ ਸੀ।

◼ ਜਰਮਨੀ ਵਿਚ ਇੰਟਰਨੈੱਟ ਤੇ ਅਸ਼ਲੀਲ ਤਸਵੀਰਾਂ ਵਗੈਰਾ ਦੇਖਣ ਵਾਲੇ ਹਰ ਮਹੀਨੇ ਤਕਰੀਬਨ 70 ਮਿੰਟ ਅਜਿਹੀਆਂ ਸਾਈਟਾਂ ਦੇਖਦੇ ਹਨ।

◼ ਯੂਰਪ ਵਿਚ ਇੰਟਰਨੈੱਟ ਪੋਰਨੋਗ੍ਰਾਫੀ ਦੇਖਣ ਵਾਲਿਆਂ ਵਿੱਚੋਂ 50 ਸਾਲਾਂ ਤੋਂ ਜ਼ਿਆਦਾ ਉਮਰ ਦੇ ਲੋਕ ਇਸ ਨੂੰ ਦੇਖਣ ਵਿਚ ਸਭ ਤੋਂ ਜ਼ਿਆਦਾ ਸਮਾਂ ਗੁਜ਼ਾਰਦੇ ਹਨ।

◼ ਇਕ ਖੋਜ ਮੁਤਾਬਕ ਅਸ਼ਲੀਲ ਸਾਈਟਾਂ ਦੀ 70 ਫੀ ਸਦੀ ਵਰਤੋਂ ਦਿਨੇ ਹੁੰਦੀ ਹੈ।

◼ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਤਕਰੀਬਨ 1,00,000 ਸਾਈਟਾਂ ਤੇ ਬੱਚਿਆਂ ਦੀਆਂ ਤਸਵੀਰਾਂ ਵਗੈਰਾ ਦਿਖਾਈਆਂ ਜਾਂਦੀਆਂ ਹਨ।

◼ ਬੱਚਿਆਂ ਉੱਤੇ ਲਗਭਗ 80 ਫੀ ਸਦੀ ਅਸ਼ਲੀਲ ਸਾਮੱਗਰੀ ਜਪਾਨ ਵਿਚ ਤਿਆਰ ਕੀਤੀ ਜਾਂਦੀ ਹੈ।

[ਸਫ਼ੇ 4 ਉੱਤੇ ਤਸਵੀਰ]

ਅਸ਼ਲੀਲ ਸਾਮੱਗਰੀ ਪਹਿਲਾਂ ਨਾਲੋਂ ਜ਼ਿਆਦਾ ਉਪਲਬਧ ਹੈ