Skip to content

Skip to table of contents

ਮੈਂ ਦੋ ਮਾਲਕਾਂ ਦੀ ਸੇਵਾ ਕਰ ਰਿਹਾ ਸੀ

ਮੈਂ ਦੋ ਮਾਲਕਾਂ ਦੀ ਸੇਵਾ ਕਰ ਰਿਹਾ ਸੀ

ਮੈਂ ਦੋ ਮਾਲਕਾਂ ਦੀ ਸੇਵਾ ਕਰ ਰਿਹਾ ਸੀ

ਕੇਨ ਪੇਨ ਦੀ ਜ਼ਬਾਨੀ

ਮੈਂ 1938 ਵਿਚ ਅਮਰੀਕਾ ਦੇ ਨਿਊ ਮੈਕਸੀਕੋ ਰਾਜ ਵਿਚ ਪੈਦਾ ਹੋਇਆ ਸੀ ਅਤੇ ਮੈਂ ਆਪਣੇ ਦਾਦਾ ਜੀ ਦੇ ਫਾਰਮ ਤੇ ਵੱਡਾ ਹੋਇਆ। ਇਹ ਫਾਰਮ 24,000 ਏਕੜ ਜ਼ਮੀਨ ਤੇ ਬਣਿਆ ਹੋਇਆ ਸੀ ਜਿਸ ਪਿੱਛੇ ਪਹਾੜ ਸਨ ਤੇ ਜਿਸ ਵਿਚ ਕਈ ਨਦੀਆਂ ਅਤੇ ਘਾਹ ਦੇ ਮੈਦਾਨ ਸਨ। ਮੈਨੂੰ ਉੱਥੇ ਦੀਆਂ ਕਈ ਆਵਾਜ਼ਾਂ ਯਾਦ ਹਨ—ਭੇਡਾਂ ਦੀ ਮੈਂਅ-ਮੈਂਅ, ਮੱਝਾਂ ਦਾ ਅੜਿੰਗਣਾ, ਘੋੜਿਆਂ ਦੀ ਹਿਣਕ ਤੇ ਉਨ੍ਹਾਂ ਦੇ ਪਾਲੀਆਂ ਦੀ ਅੱਡੀ ਤੇ ਲੱਗੀ ਚਾਲ ਦੀ ਟੁਣਕਾਰ। ਕਦੀ-ਕਦੀ ਮੈਂ ਹਵਾ ਨਾਲ ਲਹਿਰਾਉਂਦੇ ਘਾਹ ਦੀ ਨਿਮ੍ਹੀ ਆਵਾਜ਼ ਅਤੇ ਪਾਣੀ ਦੇ ਕੁੰਡ ਦੁਆਲੇ ਬੈਠੇ ਪਲੋਵਰ ਪੰਛੀ ਦੀ ਉੱਚੀ ਤੇ ਤਿੱਖੀ ਆਵਾਜ਼ ਸੁਣਦਾ ਹੁੰਦਾ ਸੀ।

ਛੋਟੇ ਹੁੰਦਿਆਂ ਤੁਹਾਡੇ ਉੱਤੇ ਅਜਿਹੇ ਪ੍ਰਭਾਵ ਪੈ ਸਕਦੇ ਹਨ ਜੋ ਹਮੇਸ਼ਾ ਲਈ ਤੁਹਾਡੀ ਜ਼ਿੰਦਗੀ ਉੱਤੇ ਅਸਰ ਕਰਦੇ ਹਨ। ਮੈਂ ਕਈ ਘੰਟੇ ਆਪਣੇ ਦਾਦਾ ਜੀ ਨਾਲ ਗੁਜ਼ਾਰੇ ਜੋ ਪੱਛਮ ਬਾਰੇ ਕਹਾਣੀਆਂ ਘੜਨੀਆਂ ਚੰਗੀ ਤਰ੍ਹਾਂ ਜਾਣਦੇ ਸਨ। ਉਹ ਅਜਿਹੇ ਲੋਕਾਂ ਨੂੰ ਵੀ ਜਾਣਦੇ ਸਨ ਜੋ ਬਿੱਲੀ ਦ ਕਿਡ ਨਾਂ ਦੇ ਕਾਤਲ ਨਾਲ ਘੁੰਮਦੇ-ਫਿਰਦੇ ਸਨ। ਇਸ ਮਸ਼ਹੂਰ ਨੌਜਵਾਨ ਨੇ ਕਈਆਂ ਲੋਕਾਂ ਨੂੰ ਜਾਨੋਂ ਮਾਰ ਦਿੱਤਾ ਸੀ ਤੇ ਕਾਨੂੰਨ ਉਸ ਦਾ ਪਿੱਛਾ ਕਰ ਰਿਹਾ ਸੀ। ਫਿਰ 1881 ਨੂੰ 21 ਸਾਲਾਂ ਦੀ ਉਮਰ ਵਿਚ ਉਸ ਨੂੰ ਗੋਲੀ ਨਾਲ ਉਡਾ ਦਿੱਤਾ ਗਿਆ।

ਮੇਰੇ ਮਾਪੇ ਯਹੋਵਾਹ ਦੇ ਗਵਾਹ ਸਨ ਤੇ ਉਹ ਮੈਨੂੰ ਪ੍ਰਚਾਰ ਕਰਨ ਲਈ ਆਪਣੇ ਨਾਲ ਦੂਰ-ਦੁਰਾਡੇ ਫਾਰਮਾਂ ਅਤੇ ਹਾਂਡੋ ਘਾਟੀ ਵਿਚ ਲੋਕਾਂ ਦੇ ਸਾਦੇ ਜਿਹੇ ਉੱਚੇ-ਨੀਵੇਂ ਘਰਾਂ ਨੂੰ ਲੈ ਕੇ ਜਾਂਦੇ ਸਨ। ਆਮ ਤੌਰ ਤੇ ਉਹ ਫੋਨੋਗ੍ਰਾਫ ਤੇ ਭਰਾ ਰਦਰਫ਼ਰਡ ਦੇ ਭਾਸ਼ਣ ਲੋਕਾਂ ਨੂੰ ਸੁਣਾਉਂਦੇ ਹੁੰਦੇ ਸਨ ਤੇ ਉਨ੍ਹਾਂ ਦੀ ਆਵਾਜ਼ ਅਜੇ ਵੀ ਮੇਰੇ ਮਨ ਵਿਚ ਵਸੀ ਹੋਈ ਹੈ। * ਅਸੀਂ ਇਹ ਭਾਸ਼ਣ ਤਰ੍ਹਾਂ-ਤਰ੍ਹਾਂ ਦੇ ਲੋਕਾਂ ਨੂੰ ਸੁਣਾਉਂਦੇ ਸਾਂ ਜਿਵੇਂ ਕਿ ਫਾਰਮਾਂ ਦੇ ਮਾਲਕ, ਮੈਕਸੀਕੋ ਦੇ ਕਿਸਾਨ ਅਤੇ ਅਪਾਚੀ ਤੇ ਪੁਏਬਲੋ ਜਾਤੀ ਦੇ ਇੰਡੀਅਨ। ਮੈਨੂੰ ਸੜਕਾਂ ਤੇ ਲੋਕਾਂ ਨੂੰ ਰਸਾਲੇ ਪੇਸ਼ ਕਰਨੇ ਬਹੁਤ ਪਸੰਦ ਸੀ ਕਿਉਂਕਿ ਭਾਵੇਂ ਯੁੱਧ ਹੋ ਰਿਹਾ ਸੀ, ਪਰ ਬਹੁਤ ਘੱਟ ਲੋਕ ਮੈਨੂੰ ਛੋਟੇ ਜਿਹੇ ਮੁੰਡੇ ਨੂੰ ਨਾਂਹ ਕਹਿੰਦੇ ਸਨ।

ਹਾਂ, ਮੇਰੇ ਮਾਪਿਆਂ ਨੇ ਸੱਚਾਈ ਵਿਚ ਮੈਨੂੰ ਚੰਗੀ ਤਾਲੀਮ ਦਿੱਤੀ ਸੀ। ਪਰ ਮੈਂ ਯਿਸੂ ਦੀ ਇਸ ਚੇਤਾਵਨੀ ਵੱਲ ਕੰਨ ਨਹੀਂ ਧਰਿਆ: “ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸੱਕਦਾ ਕਿਉਂ ਜੋ ਇੱਕ ਨਾਲ ਵੈਰ ਅਤੇ ਦੂਏ ਨਾਲ ਪ੍ਰੀਤ ਰੱਖੇਗਾ ਯਾ ਇੱਕ ਨਾਲ ਮਿਲਿਆ ਰਹੇਗਾ ਅਤੇ ਦੂਏ ਨੂੰ ਤੁੱਛ ਜਾਣੇਗਾ। ਤੁਸੀਂ ਪਰਮੇਸ਼ੁਰ ਅਤੇ ਮਾਯਾ ਦੋਹਾਂ ਦੀ ਸੇਵਾ ਨਹੀਂ ਕਰ ਸੱਕਦੇ।” (ਮੱਤੀ 6:24) ਕਾਸ਼ ਮੈਂ ਕਹਿ ਸਕਦਾ ਕਿ ਮੈਂ ਯਹੋਵਾਹ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਪਹਿਲ ਦਿੱਤੀ ਹੈ। ਪਰ ਛੋਟੀ ਉਮਰ ਵਿਚ ਇਕ ਹੋਰ “ਮਾਲਕ” ਨੇ ਮੈਨੂੰ ਸੱਚਾਈ ਦੇ ਰਾਹ ਤੋਂ ਮੋੜ ਲਿਆ ਜਦੋਂ ਮੈਂ ਅਜੇ ਸਿਰਫ਼ ਤਿੰਨ ਸਾਲ ਦਾ ਸੀ। ਆਓ ਹੁਣ ਮੈਂ ਤੁਹਾਨੂੰ ਆਪਣੀ ਪੂਰੀ ਕਹਾਣੀ ਦੱਸਦਾ ਹਾਂ।

ਹਵਾਈ ਜਹਾਜ਼ ਚਲਾਉਣ ਦਾ ਸੁਫ਼ਨਾ

ਸਾਲ 1941 ਵਿਚ ਪਾਇਪਰ ਕੱਬ ਨਾਂ ਦਾ ਇਕ ਛੋਟਾ ਜਿਹਾ ਜਹਾਜ਼ ਸਾਡੇ ਕੋਠੇ ਦੇ ਨੇੜੇ ਉੱਤਰਿਆ। ਇਹ ਬਘਿਆੜਾਂ ਨੂੰ ਲੱਭਣ ਲਈ ਵਰਤਿਆ ਜਾ ਰਿਹਾ ਸੀ ਜੋ ਸਾਡੀਆਂ ਭੇਡਾਂ ਨੂੰ ਮਾਰ ਰਹੇ ਸਨ। ਉਦੋਂ ਤੋਂ ਹੀ ਤਿੰਨ ਸਾਲ ਦੀ ਉਮਰ ਵਿਚ ਮੈਂ ਪਾਇਲਟ ਬਣਨ ਦਾ ਮਨ ਬਣਾ ਲਿਆ। ਮੇਰਾ ਬਚਪਨ ਗੁਜ਼ਰ ਗਿਆ ਤੇ ਮੈਂ 17 ਸਾਲਾਂ ਦੀ ਉਮਰ ਵਿਚ ਘਰ ਛੱਡ ਕੇ ਨਿਊ ਮੈਕਸੀਕੋ ਦੇ ਹੋਬਜ਼ ਸ਼ਹਿਰ ਦੇ ਹਵਾਈ ਅੱਡੇ ਤੇ ਕੰਮ ਕਰਨ ਲੱਗਾ। ਉੱਥੇ ਮੈਂ ਹਵਾਈ ਜਹਾਜ਼ਾਂ ਲਈ ਛੱਤੇ ਗਰਾਜ ਸੁੰਬਰਦਾ ਸੀ ਅਤੇ ਜਹਾਜ਼ਾਂ ਦੀ ਥੋੜ੍ਹੀ-ਬਹੁਤੀ ਮੁਰੰਮਤ ਕਰਦਾ ਸੀ ਤੇ ਇਸ ਦੇ ਬਦਲੇ ਮੈਨੂੰ ਹਵਾਈ ਜਹਾਜ਼ ਚਲਾਉਣ ਦੀ ਸਿਖਲਾਈ ਦਿੱਤੀ ਜਾਂਦੀ ਸੀ। ਮੇਰੀ ਜ਼ਿੰਦਗੀ ਵਿਚ ਪ੍ਰਚਾਰ ਦੀ ਅਹਿਮੀਅਤ ਘੱਟ ਗਈ।

ਜਦੋਂ ਮੈਂ 18 ਸਾਲਾਂ ਦਾ ਹੋਇਆ, ਤਾਂ ਮੈਂ ਸ਼ਾਦੀ ਕਰ ਲਈ। ਸਾਡੇ ਘਰ ਤਿੰਨ ਬੱਚੇ ਵੀ ਪੈਦਾ ਹੋਏ। ਮੈਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਿੱਦਾਂ ਤੋਰਦਾ ਸੀ? ਮੈਂ ਕੀੜੇ-ਮਾਰ ਦਵਾਈ ਛਿੜਕਣ ਵਾਲੇ ਜਹਾਜ਼, ਸ਼ਿਕਾਰੀ ਜਾਨਵਰਾਂ ਦਾ ਪਿੱਛਾ ਕਰਨ ਵਾਲੇ ਜਹਾਜ਼ ਅਤੇ ਕਿਰਾਏ ਤੇ ਲਏ ਜਹਾਜ਼ ਲੋਕਾਂ ਲਈ ਚਲਾਉਂਦਾ ਸੀ ਅਤੇ ਹੋਰਨਾਂ ਨੂੰ ਜਹਾਜ਼ ਚਲਾਉਣ ਦੀ ਸਿਖਲਾਈ ਦਿੰਦਾ ਸੀ। ਮੈਂ ਇਹ ਕੰਮ ਛੇ ਸਾਲਾਂ ਤਕ ਕੀਤੇ, ਫਿਰ ਮੈਂ ਟੈਕਸਸ ਇੰਟਰਨੈਸ਼ਨਲ ਏਅਰਲਾਈਨਸ ਲਈ ਡੈਲਸ ਤੋਂ ਬਾਹਰ ਜਾਣ ਵਾਲੇ ਜਹਾਜ਼ ਚਲਾਉਣ ਲੱਗ ਪਿਆ। ਇਸ ਕੰਪਨੀ ਵਿਚ ਮੇਰੀ ਨੌਕਰੀ ਪੱਕੀ ਸੀ ਤੇ ਮੈਂ ਡੈਂਟਨ ਕਲੀਸਿਯਾ ਵਿਚ ਇਕ ਬਜ਼ੁਰਗ ਦੇ ਤੌਰ ਤੇ ਵੀ ਸੇਵਾ ਕਰਦਾ ਸੀ। ਮੈਂ ਕਈ ਲੋਕਾਂ ਨੂੰ ਬਾਈਬਲ ਸਟੱਡੀਆਂ ਵੀ ਕਰਾਈਆਂ। ਹਵਾਈ ਜਹਾਜ਼ ਦੇ ਇਕ ਕਪਤਾਨ, ਉਸ ਦੀ ਪਤਨੀ ਅਤੇ ਉਸ ਦੇ ਪਰਿਵਾਰ ਨਾਲ ਵੀ ਮੈਂ ਸਟੱਡੀ ਕੀਤੀ ਤੇ ਉਨ੍ਹਾਂ ਸਾਰਿਆਂ ਨੇ ਬਾਈਬਲ ਦੀ ਸੱਚਾਈ ਨੂੰ ਸਵੀਕਾਰ ਕਰ ਲਿਆ।

ਸਾਲ 1970 ਤੋਂ 1973 ਤਕ ਮੈਂ ਟਰਬੋ-ਪ੍ਰਾਪ ਇੰਜਣ ਵਾਲਾ ਡੀ. ਸੀ.-3 ਨਾਂ ਦਾ ਜਹਾਜ਼ ਚਲਾਇਆ, ਪਰ ਜਦੋਂ ਇਹ ਜਹਾਜ਼ ਚਲਾਉਣੇ ਬੰਦ ਕਰ ਦਿੱਤੇ ਗਏ, ਤਾਂ ਅਜਿਹੇ ਜਹਾਜ਼ਾਂ ਵਿਚ ਮੇਰੀ ਦਿਲਚਸਪੀ ਹੀ ਘੱਟ ਗਈ। ਸੱਚ ਦੱਸਾਂ ਤਾਂ ਮੇਰਾ ਦਿਲ ਅਜੇ ਵੀ ਨਿਊ ਮੈਕਸੀਕੋ ਵਿਚ ਸੀ। ਪਰ ਮੈਂ ਸੋਚਿਆ ਕਿ ਜੇ ਮੈਂ ਜਹਾਜ਼ ਚਲਾਉਣੋਂ ਹਟ ਗਿਆ, ਤਾਂ ਮੈਂ ਆਪਣੇ ਪਰਿਵਾਰ ਦੀ ਦੇਖ-ਭਾਲ ਕਿੱਦਾਂ ਕਰਾਂਗਾ?

ਕਲਾਕਾਰੀ ਮੇਰੀ ਜਾਨ ਬਣ ਗਈ

ਸਾਲ 1961 ਤੋਂ ਮੈਨੂੰ ਚਿੱਤਰਕਾਰੀ ਕਰਨ ਦਾ ਸ਼ੌਕ ਸੀ ਤੇ ਮੈਂ ਖ਼ਾਸ ਕਰਕੇ ਪੱਛਮੀ ਅਮਰੀਕਾ ਦੀਆਂ ਤਸਵੀਰਾਂ ਬਣਾਉਂਦਾ ਸੀ। ਇਹ ਤਸਵੀਰਾਂ ਧੜਾਧੜ ਵਿਕ ਗਈਆਂ। ਇਸ ਲਈ ਮੈਂ ਜਹਾਜ਼ ਕੰਪਨੀ ਦੀ ਨੌਕਰੀ ਛੱਡ ਕੇ ਸੁਹਾਵਣੇ ਇਲਾਕੇ ਨਿਊ ਮੈਕਸੀਕੋ ਵਾਪਸ ਚਲਾ ਗਿਆ। ਪਰ ਉੱਥੇ ਜਾ ਕੇ ਵੀ ਮੈਂ ਸੰਤੁਲਿਤ ਜ਼ਿੰਦਗੀ ਨਾ ਗੁਜ਼ਾਰ ਸਕਿਆ। ਚਿੱਤਰ-ਕਲਾ ਦੇ ਪਿਆਰ ਨੇ ਮੈਨੂੰ ਆਪਣੇ ਸ਼ਿਕੰਜੇ ਵਿਚ ਜਕੜ ਲਿਆ। ਚਿੱਤਰ-ਕਲਾ ਤੇ ਬਾਅਦ ਵਿਚ ਮੂਰਤੀਕਲਾ ਅਤੇ ਜਹਾਜ਼ ਚਲਾਉਣ ਦੇ ਕੰਮ ਨੇ ਮੇਰਾ ਸਾਰਾ ਸਮਾਂ ਲੈ ਲਿਆ। ਮੈਂ ਹਰ ਰੋਜ਼ ਤਕਰੀਬਨ 12 ਤੋਂ 18 ਘੰਟੇ ਕੰਮ ਕਰਦਾ ਸੀ। ਇਸ ਕਰਕੇ ਮੈਂ ਆਪਣੇ ਪਰਿਵਾਰ ਤੇ ਰੱਬ ਨੂੰ ਭੁੱਲ ਗਿਆ। ਅੱਗੇ ਕੀ ਹੋਇਆ?

ਸਾਡੇ ਵਿਆਹ ਦਾ ਬੰਧਨ ਟੁੱਟ ਗਿਆ ਤੇ ਸਾਡਾ ਤਲਾਕ ਹੋ ਗਿਆ। ਮੈਂ ਉੱਤਰ ਵੱਲ ਮੋਨਟੇਨਾ ਵਿਚ ਰਹਿਣ ਲੱਗ ਪਿਆ ਤੇ ਉੱਥੇ ਸ਼ਰਾਬ ਦਾ ਸਹਾਰਾ ਲਿਆ। ਫਿਰ ਮੈਂ ਯਿਸੂ ਦੇ ਦ੍ਰਿਸ਼ਟਾਂਤ ਦੇ ਉਜਾੜੂ ਪੁੱਤਰ ਵਾਂਗ ਪੁੱਠੇ ਰਾਹ ਪੈ ਗਿਆ ਤੇ ਦੁਨਿਆਵੀ ਜ਼ਿੰਦਗੀ ਜੀਉਣ ਲੱਗਾ। (ਲੂਕਾ 15:11-32) ਫਿਰ ਇਕ ਦਿਨ ਮੈਨੂੰ ਅਹਿਸਾਸ ਹੋਇਆ ਕਿ ਮੇਰਾ ਇਕ ਵੀ ਸੱਚਾ ਦੋਸਤ ਨਹੀਂ ਹੈ। ਜਦੋਂ ਵੀ ਮੈਂ ਦੁਖੀ ਲੋਕਾਂ ਨੂੰ ਮਿਲਦਾ ਸੀ, ਤਾਂ ਮੈਂ ਉਨ੍ਹਾਂ ਨੂੰ ਕਹਿੰਦਾ: “ਯਹੋਵਾਹ ਦੇ ਗਵਾਹਾਂ ਨੂੰ ਮਿਲੋ। ਉਹ ਤੁਹਾਡੀ ਮਦਦ ਕਰ ਸਕਦੇ ਹਨ।” ਫਿਰ ਜਵਾਬ ਆਉਂਦਾ: “ਤਾਂ ਫਿਰ ਤੂੰ ਗਵਾਹ ਕਿਉਂ ਨਹੀਂ ਬਣਿਆ?” ਮੈਨੂੰ ਕਬੂਲ ਕਰਨਾ ਪਿਆ ਕਿ ਮੇਰੇ ਵਰਗੀ ਬੁਰੀ ਜ਼ਿੰਦਗੀ ਜੀਉਣ ਵਾਲੇ ਨੂੰ ਗਵਾਹ ਨਹੀਂ ਕਿਹਾ ਜਾ ਸਕਦਾ ਸੀ।

ਆਖ਼ਰਕਾਰ 1978 ਵਿਚ ਮੈਂ ਨਿਊ ਮੈਕਸੀਕੋ ਦੀ ਉਸ ਕਲੀਸਿਯਾ ਵਿਚ ਵਾਪਸ ਚਲਾ ਗਿਆ ਜਿੱਥੇ ਗਵਾਹ ਮੈਨੂੰ ਜਾਣਦੇ ਸਨ। ਮੈਨੂੰ ਕਿੰਗਡਮ ਹਾਲ ਵਿਚ ਵੜੇ ਨੂੰ ਕਈ ਸਾਲ ਹੋ ਚੁੱਕੇ ਸਨ ਤੇ ਅੰਦਰ ਜਾ ਕੇ ਮੇਰਾ ਰੋਣਾ ਨਿਕਲ ਗਿਆ। ਯਹੋਵਾਹ ਨੇ ਮੇਰੇ ਉੱਤੇ ਬਹੁਤ ਦਇਆ ਕੀਤੀ। ਕਲੀਸਿਯਾ ਦੇ ਭੈਣਾਂ-ਭਰਾਵਾਂ ਨੇ ਵੀ ਮੇਰੇ ਤੇ ਦਇਆ ਕੀਤੀ ਤੇ ਯਹੋਵਾਹ ਦੇ ਰਾਹਾਂ ਤੇ ਵਾਪਸ ਆਉਣ ਵਿਚ ਮੇਰੀ ਮਦਦ ਕੀਤੀ।

ਨਵੇਂ ਹਮਸਫ਼ਰ ਨਾਲ ਨਵਾਂ ਸਫ਼ਰ

ਸਾਲ 1980 ਵਿਚ ਮੈਂ ਇਕ ਸੁੰਦਰ ਗਵਾਹ ਕੈਰਨ ਨਾਲ ਸ਼ਾਦੀ ਕਰ ਲਈ ਜਿਸ ਨੂੰ ਮੈਂ ਕਈ ਸਾਲਾਂ ਤੋਂ ਜਾਣਦਾ ਸੀ। ਉਸ ਦਾ ਵੀ ਪਹਿਲਾਂ ਇਕ ਵਿਆਹ ਹੋ ਚੁੱਕਾ ਸੀ ਤੇ ਉਸ ਦੇ ਦੋ ਪੁੱਤਰ ਵੀ ਸਨ, ਜੇਸਨ ਤੇ ਜੌਨਾਥਨ। ਉਹ ਯਹੋਵਾਹ ਨੂੰ ਬਹੁਤ ਪਿਆਰ ਕਰਦੀ ਹੈ ਤੇ ਉਸ ਨੇ ਮੇਰੇ ਜੀਵਨ ਵਿਚ ਸਥਿਰਤਾ ਤੇ ਖ਼ੁਸ਼ੀਆਂ ਲਿਆਂਦੀਆਂ। ਸਾਡੇ ਘਰ ਦੋ ਹੋਰ ਮੁੰਡੇ ਪੈਦਾ ਹੋਏ ਜਿਨ੍ਹਾਂ ਦੇ ਨਾਂ ਅਸੀਂ ਬੈੱਨ ਤੇ ਫ਼ਿਲਿਪ ਰੱਖੇ। ਪਰ ਸਾਡੀ ਜ਼ਿੰਦਗੀ ਵਿਚ ਬਹਾਰ ਦੇ ਨਾਲ-ਨਾਲ ਕਾਲੇ ਬੱਦਲ ਵੀ ਛਾਂ ਰਹੇ ਸਨ।

ਮੈਂ ਕਲਾ ਦਾ ਅਧਿਐਨ ਕਰਨ ਲੱਗਾ ਅਤੇ ਕਈ ਘੰਟੇ ਇਨਸਾਨਾਂ ਤੇ ਜਾਨਵਰਾਂ, ਖ਼ਾਸਕਰ ਘੋੜਿਆਂ ਦੇ ਅੰਗਾਂ ਬਾਰੇ ਸਿੱਖਣ ਵਿਚ ਗੁਜ਼ਾਰੇ। ਮੈਂ ਇਹ ਵੀ ਸਿੱਖਿਆ ਕਿ ਕਿਸੇ ਤਸਵੀਰ ਦੇ ਵੱਖ-ਵੱਖ ਹਿੱਸਿਆਂ ਨੂੰ ਤਰਤੀਬ ਦੇ ਕੇ ਇਨ੍ਹਾਂ ਨੂੰ ਆਕਾਰ ਕਿਵੇਂ ਦੇਣਾ ਹੈ, ਤਾਂਕਿ ਸਹੀ ਤਸਵੀਰ ਉੱਭਰ ਕੇ ਸਾਮ੍ਹਣੇ ਆਵੇ। ਮੈਂ ਮਿੱਟੀ ਦੀਆਂ ਮੂਰਤੀਆਂ ਘੜਨ ਲੱਗ ਪਿਆ। ਮੈਂ ਜ਼ਿਆਦਾਤਰ ਪੱਛਮ ਦੀਆਂ ਮੂਰਤੀਆਂ ਘੜਦਾ ਸੀ ਜਿਵੇਂ ਘੋੜੇ, ਘੋੜਸਵਾਰ ਇੰਡਿਅਨ, ਘੋੜਿਆਂ ਦੇ ਪਾਲੀ। ਮੈਂ ਬੱਘੀ ਵਿਚ ਸਫ਼ਰ ਕਰਦੇ ਪੁਰਾਣੇ ਡਾਕਟਰ ਦੀ ਵੀ ਮੂਰਤ ਘੜੀ। ਮੈਂ ਇਸ ਕਲਾ ਵਿਚ ਸਫ਼ਲਤਾ ਦੀਆਂ ਪੌੜੀਆਂ ਚੜ੍ਹਦਾ ਗਿਆ। ਇਸ ਲਈ ਅਸੀਂ ਇਕ ਗੈਲਰੀ ਯਾਨੀ ਦੁਕਾਨ ਖੋਲ੍ਹਣ ਦਾ ਫ਼ੈਸਲਾ ਕੀਤਾ। ਕੈਰਨ ਨੇ ਇਸ ਦਾ ਨਾਂ ਵੀ ਚੁਣ ਰੱਖਿਆ ਸੀ, ਮਾਉਂਟਿਨ ਟ੍ਰੇਇਲਜ਼ ਗੈਲਰੀ।

ਸਾਲ 1987 ਵਿਚ ਅਸੀਂ ਸੈਡੋਨਾ, ਐਰੀਜ਼ੋਨਾ ਵਿਚ ਇਹ ਗੈਲਰੀ ਖੋਲ੍ਹੀ। ਕੈਰਨ ਗੈਲਰੀ ਦਾ ਕੰਮ ਸੰਭਾਲਦੀ ਸੀ ਤੇ ਮੈਂ ਘਰ ਵਿਚ ਆਪਣੇ ਸਟੂਡੀਓ ਵਿਚ ਮੂਰਤੀਆਂ ਬਣਾਉਣ ਦੇ ਨਾਲ-ਨਾਲ ਮੁੰਡਿਆਂ ਦੀ ਵੀ ਦੇਖ-ਭਾਲ ਕਰਦਾ ਸੀ। ਪਰ ਮੁੰਡੇ ਬੀਮਾਰ ਹੋ ਗਏ ਤੇ ਗੈਲਰੀ ਵਿਚ ਧੰਦਾ ਵੀ ਠੀਕ ਨਹੀਂ ਚੱਲ ਰਿਹਾ ਸੀ। ਇਸ ਲਈ ਅਸੀਂ ਫ਼ੈਸਲਾ ਕੀਤਾ ਕਿ ਕੈਰਨ ਘਰ ਬੱਚਿਆਂ ਦੀ ਦੇਖ-ਭਾਲ ਕਰੇਗੀ ਤੇ ਮੈਂ ਗੈਲਰੀ ਵਿਚ ਜਾਵਾਂਗਾ। ਮੈਂ ਮੂਰਤੀਆਂ ਬਣਾਉਣ ਦਾ ਸਾਰਾ ਸਮਾਨ ਉੱਥੇ ਲੈ ਗਿਆ ਤੇ ਗਾਹਕਾਂ ਦੇ ਸਾਮ੍ਹਣੇ ਮੂਰਤੀਆਂ ਘੜਨ ਲੱਗਾ। ਇਸ ਨਾਲ ਕੰਮ ਵਿਚ ਕਾਫ਼ੀ ਤੇਜ਼ੀ ਆ ਗਈ।

ਲੋਕ ਮੈਨੂੰ ਕਾਂਸੀ ਦੀ ਕਲਾ-ਕਿਰਤ ਬਾਰੇ ਪੁੱਛਣ ਲੱਗੇ। ਮੈਂ ਉਨ੍ਹਾਂ ਨੂੰ ਆਪਣੇ ਕੰਮ ਬਾਰੇ ਸਮਝਾਉਂਦਾ ਸੀ ਤੇ ਉਨ੍ਹਾਂ ਪੁਰਾਣੀਆਂ ਚੀਜ਼ਾਂ ਬਾਰੇ ਦੱਸਦਾ ਸੀ ਜਿਨ੍ਹਾਂ ਦੀ ਨਕਲ ਕਰ ਕੇ ਮੈਂ ਮੂਰਤੀਆਂ ਘੜਦਾ ਸੀ। ਇਸ ਤੋਂ ਇਲਾਵਾ, ਮੈਂ ਉਨ੍ਹਾਂ ਨਾਲ ਪੱਛਮ ਦੇ ਇਤਿਹਾਸ ਬਾਰੇ ਗੱਲਾਂ ਕਰਦੇ ਸਮੇਂ ਕਈ ਨਾਵਾਂ, ਥਾਵਾਂ ਤੇ ਘਟਨਾਵਾਂ ਦਾ ਜ਼ਿਕਰ ਕਰਦਾ ਸੀ ਜਿਨ੍ਹਾਂ ਬਾਰੇ ਮੈਂ ਕਾਫ਼ੀ ਪੜ੍ਹਿਆ ਸੀ। ਲੋਕ ਮੇਰੀਆਂ ਬਣਾਈਆਂ ਮੂਰਤੀਆਂ ਵਿਚ ਕਾਫ਼ੀ ਦਿਲਚਸਪੀ ਲੈਂਦੇ ਸਨ ਤੇ ਕਈ ਵਾਰ ਉਹ ਉਸ ਮੂਰਤੀ ਲਈ ਪੈਸਾ ਦਿੰਦੇ ਸਨ ਜਿਸ ਨੂੰ ਮੈਂ ਅਜੇ ਮਿੱਟੀ ਤੋਂ ਬਣਾ ਰਿਹਾ ਹੁੰਦਾ ਸੀ ਤੇ ਬਾਕੀ ਦੇ ਪੈਸੇ ਉਹ ਕਾਂਸੀ ਦੀ ਮੂਰਤੀ ਬਣਨ ਤੋਂ ਬਾਅਦ ਦੇਣਾ ਚਾਹੁੰਦੇ ਸਨ। ਇਸ ਤਰ੍ਹਾਂ ਅੱਧਾ ਕੰਮ ਪੂਰਾ ਹੋਣ ਤੇ ਹੀ ਮੂਰਤੀਆਂ ਵਿੱਕਣ ਲੱਗ ਪਈਆਂ। ਰਾਤੋ-ਰਾਤ ਮੈਂ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਲਿਆ। ਮੇਰਾ ਬਿਜ਼ਨਿਸ ਇੰਨਾ ਵਧ ਗਿਆ ਕਿ ਹੁਣ ਸਾਡੇ ਕੋਲ ਤਿੰਨ ਗੈਲਰੀਆਂ ਤੇ ਇਕ ਵੱਡਾ ਢਲਾਈ ਦਾ ਕਾਰਖ਼ਾਨਾ ਸੀ ਜਿਸ ਵਿਚ 32 ਕਾਮੇ ਕੰਮ ਕਰਦੇ ਸਨ। ਪਰ ਇਸ ਕੰਮ ਵਿਚ ਮੇਰਾ ਪੂਰਾ ਜ਼ੋਰ ਲੱਗ ਰਿਹਾ ਸੀ। ਕੈਰਨ ਤੇ ਮੈਂ ਸੋਚਣ ਲੱਗ ਪਏ ਕਿ ਹੁਣ ਅਸੀਂ ਇਸ ਕੰਮ ਵਿਚ ਮਸ਼ੀਨ ਦੀ ਤਰ੍ਹਾਂ ਚੱਲਣ ਤੋਂ ਕਿਵੇਂ ਬਚੀਏ। ਇਸ ਬਾਰੇ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਮੈਂ ਕਲੀਸਿਯਾ ਵਿਚ ਇਕ ਬਜ਼ੁਰਗ ਸੀ ਅਤੇ ਮੈਂ ਜਾਣਦਾ ਸੀ ਕਿ ਮੈਨੂੰ ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਕਰਨ ਦੀ ਲੋੜ ਸੀ।

ਫਿਰ ਤੋਂ ਇੱਕੋ ਮਾਲਕ ਦੀ ਸੇਵਾ

ਸਾਲ 1996 ਵਿਚ ਸਾਡੀ ਕਲੀਸਿਯਾ ਵਿਚ ਸਰਕਟ ਨਿਗਾਹਬਾਨ ਆਇਆ ਤੇ ਉਹ ਚਾਹੁੰਦਾ ਸੀ ਕਿ ਅਸੀਂ ਇਕੱਠੇ ਦੁਪਹਿਰ ਦਾ ਖਾਣਾ ਖਾਈਏ। ਖਾਣ ਤੋਂ ਪਹਿਲਾਂ ਹੀ ਉਸ ਨੇ ਸਾਡੇ ਤੋਂ ਇਕ ਜ਼ਬਰਦਸਤ ਸਵਾਲ ਪੁੱਛਿਆ—ਕੀ ਤੁਸੀਂ ਨਾਵਾਹੋ ਇੰਡੀਅਨ ਇਲਾਕੇ ਵਿਚ ਜਾ ਕੇ ਰਹਿ ਸਕਦੇ ਹੋ ਤਾਂਕਿ ਚਿਨਲੀ ਨਗਰ ਵਿਚ ਇਕ ਨਵੀਂ ਕਲੀਸਿਯਾ ਸ਼ੁਰੂ ਕੀਤੀ ਜਾ ਸਕੇ? ਇਹ ਸੁਣ ਕੇ ਅਸੀਂ ਹੱਕੇ-ਬੱਕੇ ਰਹਿ ਗਏ! ਇਹ ਬਹੁਤ ਵੱਡਾ ਕੰਮ ਸੀ। ਅਸੀਂ ਇਸ ਦੂਰ-ਦੁਰਾਡੇ ਇਲਾਕੇ ਵਿਚ ਕਈ ਵਾਰ ਜਾ ਚੁੱਕੇ ਸਾਂ ਤੇ ਇਸ ਦੇ ਕੁਝ ਹਿੱਸੇ ਵਿਚ ਪ੍ਰਚਾਰ ਵੀ ਕੀਤਾ ਸੀ। ਹੁਣ ਅਸੀਂ ਇਕ ਨਵਾਂ ਸਫ਼ਰ ਸ਼ੁਰੂ ਕਰਨ ਜਾ ਰਹੇ ਸਾਂ। ਇਸ ਸਫ਼ਰ ਨਾਲ ਸਾਨੂੰ ਬਹੁਤ ਸਾਰੇ ਪੈਸੇ ਕਮਾਉਣ ਦੀ ਬਜਾਇ ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਕੰਮ ਕਰਨ ਦਾ ਮੌਕਾ ਮਿਲ ਰਿਹਾ ਸੀ। ਇਸ ਤਰ੍ਹਾਂ ਅਸੀਂ ਫਿਰ ਤੋਂ ਇੱਕੋ ਮਾਲਕ ਦੀ ਸੇਵਾ ਕਰਨ ਲੱਗ ਪਏ!

ਇਕ ਹੋਰ ਬਜ਼ੁਰਗ ਤੇ ਉਸ ਦੇ ਪਰਿਵਾਰ ਨੂੰ ਵੀ ਇਸ ਇਲਾਕੇ ਵਿਚ ਜਾਣ ਦਾ ਸੱਦਾ ਦਿੱਤਾ ਗਿਆ। ਉਹ ਕਾਰੁਸੇਟਸ ਪਰਿਵਾਰ ਸੀ ਅਤੇ ਉਹ ਸਾਡੇ ਚੰਗੇ ਦੋਸਤ ਸਨ। ਅਸੀਂ ਦੋਹਾਂ ਪਰਿਵਾਰਾਂ ਨੇ ਆਪਣੇ ਵੱਡੇ ਘਰ ਵੇਚ ਕੇ ਟ੍ਰੇਲਰ ਖ਼ਰੀਦ ਲਿਆ ਤਾਂਕਿ ਅਸੀਂ ਇੰਡੀਅਨ ਇਲਾਕੇ ਵਿਚ ਰਹਿ ਸਕੀਏ। ਮੈਂ ਗੈਲਰੀਆਂ ਨੂੰ ਤੇ ਬਾਅਦ ਵਿਚ ਢਲਾਈ ਦੇ ਕਾਰਖ਼ਾਨੇ ਨੂੰ ਵੀ ਵੇਚ ਦਿੱਤਾ। ਇਸ ਤਰ੍ਹਾਂ ਅਸੀਂ ਆਪਣੀ ਜ਼ਿੰਦਗੀ ਸਾਦੀ ਬਣਾਈ ਅਤੇ ਹੁਣ ਪ੍ਰਚਾਰ ਕਰਨ ਵਿਚ ਜ਼ਿਆਦਾ ਸਮਾਂ ਲਗਾ ਸਕਦੇ ਸਾਂ।

ਅਕਤੂਬਰ 1996 ਵਿਚ, ਚਿਨਲੀ ਵਿਚ ਸਾਡੀ ਨਵੀਂ ਕਲੀਸਿਯਾ ਦੀ ਪਹਿਲੀ ਮੀਟਿੰਗ ਹੋਈ। ਉਸ ਸਮੇਂ ਤੋਂ ਨਾਵਾਹੋ ਲੋਕਾਂ ਵਿਚਕਾਰ ਸਾਡਾ ਪ੍ਰਚਾਰ ਦਾ ਕੰਮ ਵੀ ਕਾਫ਼ੀ ਵਧ ਗਿਆ। ਹੁਣ ਸਾਡੀ ਕਲੀਸਿਯਾ ਵਿਚ ਨਾਵਾਹੋ ਪਾਇਨੀਅਰ ਵੀ ਹਨ ਜੋ ਆਪਣੀ ਭਾਸ਼ਾ ਚੰਗੀ ਤਰ੍ਹਾਂ ਬੋਲਦੇ ਹਨ। ਅਸੀਂ ਵੀ ਨਾਵਾਹੋ ਲੋਕਾਂ ਨਾਲ ਗੱਲਬਾਤ ਕਰਨ ਲਈ ਇਹ ਔਖੀ ਭਾਸ਼ਾ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਅਮਰੀਕੀ ਇੰਡੀਅਨ ਅਧਿਕਾਰੀਆਂ ਦੀ ਇਜਾਜ਼ਤ ਨਾਲ ਜ਼ਮੀਨ ਖ਼ਰੀਦ ਕੇ ਚਿਨਲੀ ਵਿਚ ਇਕ ਕਿੰਗਡਮ ਹਾਲ ਬਣਾਇਆ ਜੋ ਇਸ ਸਾਲ ਜੂਨ ਵਿਚ ਯਹੋਵਾਹ ਦੀ ਸੇਵਾ ਲਈ ਸਮਰਪਿਤ ਕੀਤਾ ਗਿਆ।

ਕਾਲੇ ਬੱਦਲ!

ਦਸੰਬਰ 1996 ਵਿਚ ਕੈਰਨ ਮੁੰਡਿਆਂ ਨੂੰ ਛੁੱਟੀਆਂ ਮਨਾਉਣ ਲਈ ਨਿਊ ਮੈਕਸੀਕੋ ਦੇ ਰੂਈਡੋਸੋ ਪਿੰਡ ਨੂੰ ਲੈ ਗਈ। ਮੈਨੂੰ ਚਿਨਲੀ ਵਿਚ ਰਹਿਣਾ ਪਿਆ। ਉੱਥੇ ਸਾਡਾ 14 ਸਾਲਾਂ ਦਾ ਮੁੰਡਾ ਬੈੱਨ ਸਕੀਇੰਗ ਕਰ ਰਿਹਾ ਸੀ ਜਦੋਂ ਉਹ ਇਕ ਵੱਡੇ ਪੱਥਰ ਨਾਲ ਜਾ ਟਕਰਾਇਆ ਤੇ ਮਰ ਗਿਆ। ਪਹਿਲਾਂ ਤਾਂ ਸਾਨੂੰ ਯਕੀਨ ਹੀ ਨਾ ਆਏ ਕਿ ਆਹ ਕੀ ਹੋ ਗਿਆ! ਅਸੀਂ ਆਪਣੇ ਪੁੱਤ ਦੀ ਮੌਤ ਦੇ ਗਮ ਵਿਚ ਡੁੱਬ ਗਏ। ਇਹ ਸਾਡੇ ਸਾਰਿਆਂ ਲਈ ਬਹੁਤ ਮੁਸ਼ਕਲ ਸਮਾਂ ਸੀ। ਜੇ ਸਾਡੇ ਕੋਲ ਬਾਈਬਲ ਤੋਂ ਉਮੀਦ ਨਾ ਹੁੰਦੀ ਕਿ ਬੈੱਨ ਦੁਬਾਰਾ ਜੀ ਉਠਾਇਆ ਜਾਵੇਗਾ, ਤਾਂ ਪਤਾ ਨਹੀਂ ਸਾਡਾ ਕੀ ਬਣਦਾ। ਕਲੀਸਿਯਾ ਦੇ ਭੈਣਾਂ-ਭਰਾਵਾਂ ਨੇ ਵੀ ਸਾਨੂੰ ਬਹੁਤ ਹੌਸਲਾ ਦਿੱਤਾ। ਦਾਹ-ਸੰਸਕਾਰ ਦੇ ਦਿਨ ਸੈਡੋਨਾ ਸ਼ਹਿਰ ਦੇ ਕਿੰਗਡਮ ਹਾਲ ਵਿਚ ਭਾਸ਼ਣ ਦਿੱਤਾ ਗਿਆ ਜਿੱਥੇ ਅਸੀਂ ਕਈ ਸਾਲ ਪਹਿਲਾਂ ਰਹਿੰਦੇ ਸਾਂ। ਕਈ ਨਾਵਾਹੋ ਭੈਣ-ਭਰਾ 300 ਕਿਲੋਮੀਟਰ ਦੂਰੋਂ ਆਏ ਤਾਂਕਿ ਇਸ ਦੁੱਖ-ਭਰੇ ਸਮੇਂ ਵਿਚ ਉਹ ਸਾਡਾ ਸਾਥ ਦੇ ਸਕਣ। ਆਲੇ-ਦੁਆਲੇ ਦੇ ਲੋਕਾਂ ਨੇ ਪਹਿਲਾਂ ਕਦੀ ਇੰਨੇ ਨਾਵਾਹੋ ਲੋਕਾਂ ਨੂੰ ਨਹੀਂ ਦੇਖਿਆ ਸੀ।

ਅਸੀਂ ਬੈੱਨ ਦੇ ਛੋਟੇ ਭਰਾ ਫ਼ਿਲਿਪ ਦੀ ਸੱਚਾਈ ਵਿਚ ਤਰੱਕੀ ਦੇਖ ਕੇ ਬਹੁਤ ਖ਼ੁਸ਼ ਹੁੰਦੇ ਹਾਂ। ਉਹ ਯਹੋਵਾਹ ਦੀ ਸੇਵਾ ਵਿਚ ਬਹੁਤ ਕੁਝ ਕਰਨਾ ਚਾਹੁੰਦਾ ਹੈ। ਉਸ ਨੇ ਕਈਆਂ ਲੋਕਾਂ ਨੂੰ ਬਾਈਬਲ ਸਟੱਡੀ ਕਰਾਈ ਹੈ ਜਿਨ੍ਹਾਂ ਵਿਚ ਉਸ ਦਾ ਇਕ ਅਧਿਆਪਕ ਵੀ ਸ਼ਾਮਲ ਹੈ। ਪਰ ਅਸੀਂ ਸਾਰੇ ਉਸ ਸਮੇਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ ਜਦੋਂ ਅਸੀਂ ਬੈੱਨ ਨੂੰ ਉਸ ਨਵੇਂ ਸੰਸਾਰ ਵਿਚ ਦੇਖਾਂਗੇ ਜਿਸ ਦਾ ਯਹੋਵਾਹ ਨੇ ਵਾਅਦਾ ਕੀਤਾ ਹੈ।—ਅੱਯੂਬ 14:14, 15; ਯੂਹੰਨਾ 5:28, 29; ਪਰਕਾਸ਼ ਦੀ ਪੋਥੀ 21:1-4.

ਇਹ ਕਿੰਨੀ ਵੱਡੀ ਬਰਕਤ ਹੈ ਕਿ ਸਾਨੂੰ ਬਾਕੀ ਪਰਿਵਾਰ ਦੇ ਜੀਆਂ ਤੋਂ ਵੀ ਪਿਆਰ ਤੇ ਸਹਾਰਾ ਮਿਲਿਆ ਹੈ। ਸਾਡਾ ਪੁੱਤਰ ਜੌਨਾਥਨ ਆਪਣੀ ਪਤਨੀ ਕੈਨਾ ਨਾਲ ਯਹੋਵਾਹ ਦੀ ਸੇਵਾ ਕਰ ਰਿਹਾ ਹੈ। ਮੇਰੀ ਪਹਿਲੀ ਪਤਨੀ ਤੋਂ ਮੇਰਾ ਛੋਟਾ ਮੁੰਡਾ ਕ੍ਰਿਸ ਵੀ ਆਪਣੀ ਪਤਨੀ ਲੌਰੀ ਨਾਲ ਯਹੋਵਾਹ ਦੀ ਸੇਵਾ ਕਰ ਰਿਹਾ ਹੈ। ਸਾਡੇ ਪੋਤੇ ਵੁਡਰੌ ਤੇ ਜੋਨਾ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਭਾਸ਼ਣ ਦਿੰਦੇ ਹਨ। ਮੇਰੇ ਪਿਤਾ ਜੀ ਦੀ ਮੌਤ 1987 ਵਿਚ ਹੋ ਗਈ ਸੀ, ਪਰ ਮੇਰੀ 84 ਸਾਲਾਂ ਦੀ ਮਾਂ ਅੱਜ ਵੀ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰ ਰਹੀ ਹੈ। ਮੇਰਾ ਭਰਾ ਜੌਨ ਤੇ ਉਸ ਦੀ ਪਤਨੀ ਚੈਰੀ ਵੀ ਯਹੋਵਾਹ ਦੀ ਸੇਵਾ ਵਿਚ ਮਸਰੂਫ਼ ਰਹਿੰਦੇ ਹਨ।

ਮੈਂ ਆਪਣੀ ਜ਼ਿੰਦਗੀ ਵਿਚ ਯਿਸੂ ਦੇ ਇਨ੍ਹਾਂ ਸ਼ਬਦਾਂ ਦੀ ਸੱਚਾਈ ਸਿੱਖੀ ਹੈ: “ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸੱਕਦਾ . . . ਤੁਸੀਂ ਪਰਮੇਸ਼ੁਰ ਅਤੇ ਮਾਯਾ ਦੋਹਾਂ ਦੀ ਸੇਵਾ ਨਹੀਂ ਕਰ ਸੱਕਦੇ ਹੋ।” ਹੁਣ ਵੀ ਮੇਰੇ ਤੇ ਕਲਾਕਾਰੀ ਦਾ ਭੂਤ ਸਵਾਰ ਹੋ ਸਕਦਾ ਹੈ। ਇਸ ਲਈ ਮੈਨੂੰ ਸੰਤੁਲਨ ਰੱਖਣ ਤੇ ਸਾਵਧਾਨ ਰਹਿਣ ਦੀ ਲੋੜ ਹੈ। ਇਸ ਤਰ੍ਹਾਂ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਪੌਲੁਸ ਰਸੂਲ ਦੇ ਇਨ੍ਹਾਂ ਸ਼ਬਦਾਂ ਵੱਲ ਧਿਆਨ ਦੇਈਏ: “ਹੇ ਮੇਰੇ ਪਿਆਰੇ ਭਰਾਵੋ, ਤੁਸੀਂ ਇਸਥਿਰ ਅਤੇ ਅਡੋਲ ਹੋਵੋ ਅਤੇ ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ ਜਾਓ ਕਿਉਂ ਜੋ ਤੁਸੀਂ ਜਾਣਦੇ ਹੋ ਜੋ ਪ੍ਰਭੁ ਵਿੱਚ ਤੁਹਾਡੀ ਮਿਹਨਤ ਥੋਥੀ ਨਹੀਂ ਹੈ।”—1 ਕੁਰਿੰਥੀਆਂ 15:58. (g03 9/08)

[ਫੁਟਨੋਟ]

^ ਪੈਰਾ 5 ਜੇ. ਐੱਫ਼. ਰਦਰਫ਼ਰਡ ਨੇ ਆਪਣੀ ਮੌਤ ਤਾਈਂ 1942 ਤਕ ਯਹੋਵਾਹ ਦੇ ਗਵਾਹਾਂ ਦੇ ਕੰਮ ਦੀ ਅਗਵਾਈ ਕੀਤੀ ਸੀ।

[ਸਫ਼ੇ 14, 15 ਉੱਤੇ ਤਸਵੀਰ]

1996 ਵਿਚ ਚਿਨਲੀ ਵਿਚ ਮੇਰਾ ਜਹਾਜ਼

[ਸਫ਼ੇ 15 ਉੱਤੇ ਤਸਵੀਰ]

ਕਾਂਸੀ ਦੀ ਮੂਰਤੀ ਜਿਸ ਦਾ ਨਾਂ ਹੈ: “ਢਿੱਲ ਕਰਨ ਦਾ ਸਮਾਂ ਨਹੀਂ”

[ਸਫ਼ੇ 17 ਉੱਤੇ ਤਸਵੀਰ]

ਬਾਈਬਲ ਸਟੱਡੀ ਕਰਨ ਲਈ ਇਕੱਠੇ ਹੋਏ ਜਿੱਥੇ ਸਾਡਾ ਕਿੰਗਡਮ ਹਾਲ ਬਣ ਚੁੱਕਾ ਹੈ

[ਸਫ਼ੇ 17 ਉੱਤੇ ਤਸਵੀਰ]

ਮੈਂ ਆਪਣੀ ਪਤਨੀ ਕੈਰਨ ਨਾਲ

[ਸਫ਼ੇ 17 ਉੱਤੇ ਤਸਵੀਰ]

ਸਾਦੇ ਜਿਹੇ ਨਾਵਾਹੋ ਘਰ ਵਿਖੇ ਪ੍ਰਚਾਰ ਕਰਦੇ ਹੋਏ