Skip to content

Skip to table of contents

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਮਧੂ-ਮੱਖੀਆਂ ਹਾਥੀਆਂ ਨੂੰ ਰੋਕਦੀਆਂ ਹਨ

ਕੀਨੀਆ ਵਿਚ ਹਾਥੀਆਂ ਦੀ ਆਬਾਦੀ ਵਧ ਰਹੀ ਹੈ, ਪਰ ਇਸ ਦੇ ਨਾਲ-ਨਾਲ ਮੁਸ਼ਕਲਾਂ ਵੀ ਵਧ ਰਹੀਆਂ ਹਨ। ਜੰਗਲੀ ਹਾਥੀ ਦਰਖ਼ਤ ਤੇ ਫ਼ਸਲ ਬਰਬਾਦ ਕਰਦੇ ਹਨ ਅਤੇ ਹਰ ਦੋ ਹਫ਼ਤੇ ਇਕ ਵਿਅਕਤੀ ਹਾਥੀਆਂ ਦੇ ਪੈਰਾਂ ਹੇਠ ਮਿੱਧਿਆ ਜਾਂਦਾ ਹੈ। ਪਰ ਆਕਸਫੋਰਡ ਯੂਨੀਵਰਸਿਟੀ ਦੇ ਜੀਵ-ਵਿਗਿਆਨੀ ਫ੍ਰਿਟਜ਼ ਵੌਲਰੋਟ ਨੇ ਇਸ ਦਾ ਸ਼ਾਇਦ ਹੱਲ ਲੱਭ ਲਿਆ ਹੈ। ਜਦੋਂ ਹਾਥੀ ਕਿਸੇ ਮਖਿਆਲ ਨੂੰ ਹਿਲਾਉਂਦੇ ਹਨ, ਤਾਂ “ਉਹ ਡਰ ਦੇ ਮਾਰੇ ਦੌੜ ਜਾਂਦੇ ਹਨ ਅਤੇ ਮਧੂ-ਮੱਖੀਆਂ ਕਈ ਕਿਲੋਮੀਟਰ ਦੂਰ ਤਕ ਉਨ੍ਹਾਂ ਦਾ ਪਿੱਛਾ ਕਰਦੀਆਂ ਹਨ।” ਮਧੂ-ਮੱਖੀਆਂ ਹਾਥੀਆਂ ਦੇ ਸਰੀਰ ਦੇ ਨਾਜ਼ੁਕ ਹਿੱਸਿਆਂ ਤੇ ਡੰਗ ਮਾਰਦੀਆਂ ਹਨ ਜਿਵੇਂ ਕਿ ਅੱਖਾਂ ਦੁਆਲੇ, ਕੰਨਾਂ ਪਿੱਛੇ, ਸੁੰਡ ਥੱਲੇ ਤੇ ਢਿੱਡ ਉੱਤੇ। ਇਸ ਵਿਗਿਆਨੀ ਨੇ ਉਨ੍ਹਾਂ ਜੰਗਲੀ ਇਲਾਕਿਆਂ ਦੇ ਕੁਝ ਦਰਖ਼ਤਾਂ ਵਿਚ, ਜਿੱਥੇ ਹਾਥੀ ਆਮ ਤੌਰ ਤੇ ਫਿਰਦੇ ਹੁੰਦੇ ਸਨ, ਅਫ਼ਰੀਕੀ ਮਧੂ-ਮੱਖੀਆਂ ਦੇ ਮਖਿਆਲ ਰੱਖੇ। ਕੁਝ ਮਖਿਆਲਾਂ ਵਿਚ ਮੱਖੀਆਂ ਸਨ ਅਤੇ ਕੁਝ ਖਾਲੀ ਸਨ। ਨਿਊ ਸਾਇੰਟਿਸਟ ਰਸਾਲੇ ਨੇ ਰਿਪੋਰਟ ਕੀਤਾ ਕਿ ਹਾਥੀ ਉਨ੍ਹਾਂ ਦਰਖ਼ਤਾਂ ਦੇ ਨੇੜੇ ਨਹੀਂ ਗਏ ਜਿਨ੍ਹਾਂ ਮਖਿਆਲਾਂ ਵਿਚ ਮਧੂ-ਮੱਖੀਆਂ ਸਨ। ਕਈ ਤਾਂ ਖਾਲੀ ਮਖਿਆਲਾਂ ਤੋਂ ਵੀ ਦੂਰ ਰਹੇ। ਪਰ ਜਿਨ੍ਹਾਂ ਦਰਖ਼ਤਾਂ ਵਿਚ ਕੋਈ ਮਖਿਆਲ ਨਹੀਂ ਸਨ, ਹਾਥੀਆਂ ਨੇ 10 ਵਿੱਚੋਂ 9 ਦਰਖ਼ਤਾਂ ਨੂੰ ਢਾਹੁਣ ਦੀ ਕੋਸ਼ਿਸ਼ ਕੀਤੀ। ਇਸ ਵਿਗਿਆਨੀ ਨੇ ਇਹ ਵੀ ਦੇਖਿਆ ਕੇ ਹਾਥੀ ਮਧੂ-ਮੱਖੀਆਂ ਦੀ ਆਵਾਜ਼ ਤੋਂ ਵੀ ਦੂਰ ਰਹਿੰਦੇ ਹਨ ਉਦੋਂ ਵੀ ਜਦੋਂ ਉਹ ਲਾਊਡ ਸਪੀਕਰਾਂ ਉੱਤੇ ਸੁਣਾਈ ਜਾਂਦੀ ਹੈ। (g03 7/08)

ਭਾਰਤ ਵਿਚ ਸ਼ੱਕਰ ਰੋਗ ਦਾ ਵਾਧਾ

ਵਿਸ਼ਵ ਸਿਹਤ ਸੰਗਠਨ ਨੇ ਅੰਦਾਜ਼ਾ ਲਾਇਆ ਹੈ ਕਿ ਸੰਸਾਰ ਭਰ ਵਿਚ ਲਗਭਗ 17 ਕਰੋੜ ਲੋਕਾਂ ਨੂੰ ਸ਼ੱਕਰ ਰੋਗ ਹੈ। ਡੈਕਨ ਹੈਰਲਡ ਅਖ਼ਬਾਰ ਅਨੁਸਾਰ ਦੁਨੀਆਂ ਵਿੱਚੋਂ ਸਭ ਤੋਂ ਜ਼ਿਆਦਾ ਰੋਗੀ ਭਾਰਤ ਵਿਚ ਰਹਿੰਦੇ ਹਨ ਯਾਨੀ 3 ਕਰੋੜ 20 ਲੱਖ ਲੋਕ ਅਤੇ ਕਿਹਾ ਜਾਂਦਾ ਹੈ ਕਿ ਸਾਲ 2005 ਤਕ ਇਹ ਗਿਣਤੀ 5 ਕਰੋੜ 70 ਲੱਖ ਤੋਂ ਜ਼ਿਆਦਾ ਹੋਵੇਗੀ। ਸ੍ਰੀ ਲੰਕਾ ਵਿਚ ਇਕ ਅੰਤਰਰਾਸ਼ਟਰੀ ਸੰਮੇਲਨ ਹੋਇਆ ਜਿੱਥੇ ਏਸ਼ੀਆ ਵਿਚ ਸ਼ੱਕਰ ਰੋਗ ਬਾਰੇ ਚਰਚਾ ਕੀਤੀ ਗਈ ਸੀ। ਮਾਹਰਾਂ ਨੇ ਕਿਹਾ ਕਿ ਇਹ ਵਾਧਾ ਖ਼ਾਸ ਕਰਕੇ ਖ਼ੁਰਾਕ ਤੇ ਜੀਵਨ ਢੰਗ ਵਿਚ ਤਬਦੀਲੀਆਂ ਦੇ ਕਾਰਨ ਹੋਇਆ ਹੈ। ਇਸ ਦੇ ਨਾਲ-ਨਾਲ ਇਸ ਦੇ ਹੋਰ ਕਾਰਨ ਇਹ ਹਨ: ਜੀਵਨ ਵਿਚ ਤਣਾਅ, ਮਾਪਿਆਂ ਤੋਂ ਰੋਗ ਲੱਗਣਾ, ਜਨਮ ਤੇ ਬੱਚਿਆਂ ਦਾ ਘੱਟ ਭਾਰ ਹੋਣਾ ਅਤੇ ਨਵ-ਜੰਮੇ ਬੱਚਿਆਂ ਨੂੰ ਲੋੜੋਂ ਵਧ ਦੁੱਧ ਪਿਲਾਉਣਾ। ਭਾਰਤ ਵਿਚ ਸ਼ੱਕਰ ਰੋਗ ਦਾ ਇਲਾਜ ਕਰਾਉਣ ਦਾ ਖ਼ਰਚਾ ਬਾਕੀ ਮੁਲਕਾਂ ਨਾਲੋਂ ਬਹੁਤ ਸਸਤਾ ਹੈ। ਫਿਰ ਵੀ ਇਸ ਰੋਗ ਕਰਕੇ ਬਹੁਤ ਸਾਰੇ ਲੋਕਾਂ ਦੀ ਸਿਹਤ ਖ਼ਰਾਬ ਹੁੰਦੀ ਹੈ ਅਤੇ ਕਈ ਲੋਕ ਇਸ ਤੋਂ ਮਰਦੇ ਹਨ। ਇਹ ਇਸ ਲਈ ਹੈ ਕਿਉਂਕਿ ਕਈ ਲੋਕ ਇਸ ਰੋਗ ਬਾਰੇ ਅਣਜਾਣ ਹਨ ਅਤੇ ਰੋਗ ਦੇ ਲੱਛਣ ਬਹੁਤ ਦੇਰ ਹੋਣ ਤੇ ਪਛਾਣਦੇ ਹਨ। ਭਾਰਤ ਦੇ ਵੱਡੇ-ਵੱਡੇ ਸ਼ਹਿਰਾਂ ਵਿਚ ਇਕ ਅਧਿਐਨ ਕੀਤਾ ਗਿਆ ਜਿਸ ਤੋਂ ਪਤਾ ਲੱਗਾ ਕਿ 12 ਫੀ ਸਦੀ ਬਾਲਗਾਂ ਨੂੰ ਸ਼ੱਕਰ ਰੋਗ ਹੈ ਤੇ 14 ਫੀ ਸਦੀ ਲੋਕਾਂ ਦੇ ਸਰੀਰ ਵਿਚ ਗਲੂਕੋਜ਼ ਰਚਦਾ ਨਹੀਂ ਜੋ ਕਿ ਸ਼ੱਕਰ ਰੋਗ ਲੱਗਣ ਤੋਂ ਪਹਿਲਾਂ ਹੁੰਦਾ ਹੈ। (g03 7/22)

ਨਸਾਂ ਦੇ ਦੋ ਪ੍ਰਬੰਧ?

ਇਕ ਜਰਮਨ ਵਿਗਿਆਨਕ ਰਸਾਲੇ ਨੇ ਰਿਪੋਰਟ ਕੀਤਾ ਕਿ ਇਨਸਾਨਾਂ ਵਿਚ ਨਸਾਂ ਦਾ ਇਕ ਖ਼ਾਸ ਪ੍ਰਬੰਧ ਹੈ ਜਿਸ ਰਾਹੀਂ ਸਾਨੂੰ ਪਿਆਰ ਅਤੇ ਕੋਮਲਤਾ ਦਾ ਅਹਿਸਾਸ ਹੁੰਦਾ ਹੈ। ਸਵੀਡਿਸ਼ ਵਿਗਿਆਨੀਆਂ ਨੇ ਪਤਾ ਕੀਤਾ ਕਿ ਭਾਵੇਂ ਇਕ ਔਰਤ ਦੀ ਛੋਹਣ ਦੀ ਇੰਦਰੀ ਕੰਮ ਨਹੀਂ ਕਰ ਰਹੀ ਸੀ, ਫਿਰ ਵੀ ਉਸ ਨੂੰ ਉਦੋਂ ਅੱਛਾ ਲੱਗਾ ਜਦੋਂ ਨਰਮ ਬੁਰਸ਼ ਨਾਲ ਉਸ ਨੂੰ ਛੋਹਿਆ ਗਿਆ। ਇਨ੍ਹਾਂ ਵਿਗਿਆਨੀਆਂ ਨੂੰ ਪਤਾ ਲੱਗਾ ਕਿ ਚਮੜੀ ਹੇਠ ਨਸਾਂ ਦਾ ਦੂਜਾ ਪ੍ਰਬੰਧ ਹੈ ਜਿਸ ਵਿਚ ਅਜਿਹੇ ਨਸ (tactile C fibers) ਹਨ ਜੋ ਚਮੜੀ ਛੋਹਣ ਤੇ ਹੌਲੀ-ਹੌਲੀ ਕੁਝ ਮਹਿਸੂਸ ਕਰਦੇ ਹਨ। ਨਸਾਂ ਦਾ ਇਹ ਦੂਜਾ ਪ੍ਰਬੰਧ ਸਿਰਫ਼ ਕੋਮਲਤਾ ਨਾਲ ਛੋਹਣ ਤੇ ਕੰਮ ਕਰਦਾ ਹੈ ਅਤੇ ਦਿਮਾਗ਼ ਦੇ ਉਸ ਹਿੱਸੇ ਤੇ ਅਸਰ ਕਰਦਾ ਹੈ ਜੋ ਭਾਵਨਾਵਾਂ ਨਾਲ ਸੰਬੰਧ ਰੱਖਦਾ ਹੈ। ਇਸ ਬਾਰੇ ਦੱਸਦੇ ਹੋਏ ਕਿ ਇਨਸਾਨਾਂ ਵਿਚ ਨਸਾਂ ਦੇ ਦੋ ਪ੍ਰਬੰਧ ਸ਼ਾਇਦ ਕਿਉਂ ਹਨ ਇੰਟਰਨੈਸ਼ਨਲ ਹੈਰਲਡ ਟ੍ਰਿਬਿਊਨ ਅਖ਼ਬਾਰ ਨੇ ਕਿਹਾ: “ਹੌਲੀ-ਹੌਲੀ ਕੰਮ ਕਰਨ ਵਾਲੀਆਂ ਨਸਾਂ ਇਨਸਾਨ ਦੀ ਜ਼ਿੰਦਗੀ ਦੇ ਪਹਿਲੇ ਘੰਟਿਆਂ ਵਿਚ ਕੰਮ ਕਰਨ ਲੱਗਦੀਆਂ ਹਨ ਅਤੇ ਸ਼ਾਇਦ ਇਹ ਕੁੱਖ ਵਿਚ ਵੀ ਕੰਮ ਕਰਦੀਆਂ ਹੋਣ, ਜਦ ਕਿ ਜਲਦੀ ਕੰਮ ਕਰਨ ਵਾਲੀਆਂ ਨਸਾਂ ਜਨਮ ਤੋਂ ਬਾਅਦ ਹੌਲੀ ਵਧਣ ਲੱਗਦੀਆਂ ਹਨ। ਹੋ ਸਕਦਾ ਹੈ ਕਿ ਨਵ-ਜੰਮੇ ਬੱਚੇ ਮਾਪਿਆਂ ਦੇ ਛੋਹ ਨੂੰ ਮਹਿਸੂਸ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਛੋਹ ਰਾਹੀਂ ਪਿਆਰ ਨੂੰ ਮਹਿਸੂਸ ਕਰਨ।” (g03 7/22)

ਮੱਛਰਾਂ ਤੋਂ ਬਚਾਅ

ਮੈਕਸੀਕੋ ਦੇ ਇਕ ਰਸਾਲੇ ਅਨੁਸਾਰ “ਧਰਤੀ ਉੱਤੇ ਮੱਛਰਾਂ ਦੀਆਂ 2,500 ਕਿਸਮਾਂ ਹਨ।” ਨਰ ਮੱਛਰ ਮਧੂ-ਰਸ ਚੂਸਦੇ ਹਨ, ਪਰ ਮਾਦਾ ਮੱਛਰ ਲੜਦੇ ਹਨ। ਇਸ ਤਰ੍ਹਾਂ ਉਹ ਮਲੇਰੀਆ ਬੁਖਾਰ, ਡੈਂਗੂ ਤਾਪ ਅਤੇ ਪੱਛਮੀ ਨੀਲ ਵਾਇਰਸ ਫੈਲਦੇ ਹਨ। ਤੁਸੀਂ ਮੱਛਰਾਂ ਤੋਂ ਆਪਣਾ ਬਚਾਅ ਕਿਵੇਂ ਕਰ ਸਕਦੇ ਹੋ? ਰਿਪੋਰਟ ਨੇ ਇਹ ਸੁਝਾਅ ਪੇਸ਼ ਕੀਤੇ: (1) ਸ਼ਾਮ ਨੂੰ ਤੇ ਰਾਤ ਨੂੰ ਬਾਹਰ ਨਾ ਜਾਓ ਜਦੋਂ ਜ਼ਿਆਦਾ ਮੱਛਰ ਘੁੰਮਦੇ ਹਨ। (2) ਮੱਛਰਦਾਨੀ ਵਰਤੋ, ਖ਼ਾਸ ਕਰਕੇ ਜਿਸ ਉੱਤੇ ਦਵਾਈ ਹੁੰਦੀ ਹੈ। (3) ਖੁੱਲ੍ਹੇ ਕੱਪੜੇ ਪਹਿਨੋ, ਲੰਬੀਆਂ ਬਾਹਾਂ ਵਾਲੀ ਕਮੀਜ਼ ਤੇ ਲੰਬੀ ਪੈਂਟ ਪਹਿਨੋ। ਜ਼ਰੂਰਤ ਪੈਣ ਤੇ ਤੁਸੀਂ ਇਕ ਟੋਪੀ ਵੀ ਲੈ ਸਕਦੇ ਹੋ ਜਿਸ ਦੁਆਲੇ ਪੂਰੇ ਸਿਰ ਨੂੰ ਢੱਕਣ ਲਈ ਜਾਲੀ ਹੋਵੇ। (4) ਮੱਛਰ ਰੋਕਣ ਵਾਲੀ ਦਵਾਈ ਲਗਾਓ। (5) ਹਰ ਰੋਜ਼ ਵਿਟਾਮਿਨ B1 ਦੇ 300 ਮਿਲੀਗ੍ਰਾਮ ਲਓ। ਇਸ ਨਾਲ ਕੁਝ ਲੋਕਾਂ ਦਾ ਪਸੀਨਾ ਮੱਛਰਾਂ ਨੂੰ ਬਹੁਤ ਬੁਰਾ ਲੱਗਦਾ ਹੈ। (6) ਦਲਦਲਾਂ ਵਿਚ ਆਪਣੀ ਚਮੜੀ ਉੱਤੇ ਗਾਰਾ ਲਾਓ। ਜੇ ਮੱਛਰ ਲੜੇ, ਤਾਂ ਖਾਜ ਨਾ ਕਰੋ ਕਿਉਂਕਿ ਖ਼ੂਨ ਨਿਕਲਣ ਨਾਲ ਇਨਫ਼ੈਕਸ਼ਨ ਹੋ ਸਕਦਾ ਹੈ। ਕੈਲਾਮੀਨ ਲੇਪ ਲਓ। (g03 8/08)