Skip to content

Skip to table of contents

ਜਦੋਂ ਸਾਡੇ ਰਿਸ਼ਤੇਦਾਰਾਂ ਦਾ ਧਰਮ ਸਾਡੇ ਧਰਮ ਨਾਲੋਂ ਵੱਖਰਾ ਹੁੰਦਾ ਹੈ

ਜਦੋਂ ਸਾਡੇ ਰਿਸ਼ਤੇਦਾਰਾਂ ਦਾ ਧਰਮ ਸਾਡੇ ਧਰਮ ਨਾਲੋਂ ਵੱਖਰਾ ਹੁੰਦਾ ਹੈ

ਬਾਈਬਲ ਦਾ ਦ੍ਰਿਸ਼ਟੀਕੋਣ

ਜਦੋਂ ਸਾਡੇ ਰਿਸ਼ਤੇਦਾਰਾਂ ਦਾ ਧਰਮ ਸਾਡੇ ਧਰਮ ਨਾਲੋਂ ਵੱਖਰਾ ਹੁੰਦਾ ਹੈ

ਅੰਦਾਜ਼ਾ ਲਗਾਇਆ ਗਿਆ ਹੈ ਕਿ ਸੰਸਾਰ ਭਰ ਵਿਚ 10,000 ਤੋਂ ਜ਼ਿਆਦਾ ਧਰਮ ਅਤੇ ਫਿਰਕੇ ਹਨ। ਇਕ ਦੇਸ਼ ਵਿਚ ਲਗਭਗ 16 ਪ੍ਰਤਿਸ਼ਤ ਨੌਜਵਾਨ ਆਪਣਾ ਧਰਮ ਬਦਲ ਚੁੱਕੇ ਹਨ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਰਿਸ਼ਤੇਦਾਰਾਂ ਅਤੇ ਦੋਸਤ-ਮਿੱਤਰਾਂ ਦੇ ਆਪਸ ਵਿਚ ਧਾਰਮਿਕ ਵਿਸ਼ਵਾਸਾਂ ਬਾਰੇ ਬਹੁਤ ਬਹਿਸ ਹੁੰਦੀ ਹੈ। ਨਤੀਜੇ ਵਜੋਂ ਕਦੇ-ਕਦੇ ਰਿਸ਼ਤਿਆਂ ਵਿਚ ਅਣਬਣ ਹੋ ਜਾਂਦੀ ਹੈ। ਤਾਂ ਫਿਰ ਸਵਾਲ ਇਹ ਉੱਠਦਾ ਹੈ ਕਿ ਮਸੀਹੀਆਂ ਨੂੰ ਉਨ੍ਹਾਂ ਰਿਸ਼ਤੇਦਾਰਾਂ ਨਾਲ ਕਿਸ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ ਜਿਨ੍ਹਾਂ ਦਾ ਵੱਖਰਾ ਧਰਮ ਹੈ?

ਇਕ ਖ਼ਾਸ ਰਿਸ਼ਤਾ

ਧਿਆਨ ਦਿਓ ਕਿ ਬਾਈਬਲ ਮਾਪਿਆਂ ਅਤੇ ਬੱਚਿਆਂ ਦੇ ਖ਼ਾਸ ਰਿਸ਼ਤੇ ਬਾਰੇ ਕੀ ਕਹਿੰਦੀ ਹੈ। ਕੂਚ 20:12 ਵਿਚ ਇਹ ਹੁਕਮ ਦਿੱਤਾ ਗਿਆ ਹੈ: “ਤੂੰ ਆਪਣੇ ਪਿਤਾ ਅਰ ਆਪਣੀ ਮਾਤਾ ਦਾ ਆਦਰ ਕਰ।” ਇਹ ਹੁਕਮ ਸਿਰਫ਼ ਛੋਟੇ ਬੱਚਿਆਂ ਨੂੰ ਹੀ ਨਹੀਂ ਦਿੱਤਾ ਗਿਆ ਸੀ। ਦਰਅਸਲ ਇਸ ਹੁਕਮ ਬਾਰੇ ਮੱਤੀ 15:4-6 ਵਿਚ ਦਰਜ ਯਿਸੂ ਦੀ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਉਹ ਸਿਆਣੇ ਬੱਚਿਆਂ ਬਾਰੇ ਗੱਲ ਕਰ ਰਿਹਾ ਸੀ ਕਿ ਉਨ੍ਹਾਂ ਨੂੰ ਆਪਣੇ ਮਾਪਿਆਂ ਦਾ ਆਦਰ ਕਰਨਾ ਚਾਹੀਦਾ ਹੈ।

ਬਾਈਬਲ ਵਿਚ ਕਹਾਉਤਾਂ ਦੀ ਪੋਥੀ ਮਾਪਿਆਂ ਦਾ ਨਿਰਾਦਰ ਕਰਨ ਦੇ ਵਿਰੁੱਧ ਚੇਤਾਵਨੀ ਦਿੰਦੀ ਹੈ। ਮਿਸਾਲ ਲਈ ਇਸ ਵਿਚ ਇਹ ਸਲਾਹ ਦਿੱਤੀ ਜਾਂਦੀ ਹੈ: “ਆਪਣੀ ਮਾਂ ਨੂੰ ਉਹ ਦੇ ਬੁਢੇਪੇ ਦੇ ਸਮੇਂ ਤੁੱਛ ਨਾ ਜਾਣ।” ਅੱਗੇ ਇਹ ਚੇਤਾਵਨੀ ਮਿਲਦੀ ਹੈ: “ਜਿਹੜਾ ਆਪਣੇ ਪਿਉ ਨਾਲ ਸਖ਼ਤੀ ਕਰਦਾ ਤੇ ਆਪਣੀ ਮਾਂ ਨੂੰ ਕੱਢ ਛੱਡਦਾ ਹੈ, ਉਹ ਮੂੰਹ ਕਾਲਾ ਕਰਨ ਤੇ ਧੱਬਾ ਲਾਉਣ ਵਾਲਾ ਪੁੱਤ੍ਰ ਹੈ।”—ਕਹਾਉਤਾਂ 19:26; 23:22.

ਬਾਈਬਲ ਤੋਂ ਸਾਨੂੰ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਸਾਨੂੰ ਆਪਣੇ ਮਾਪਿਆਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਭਾਵੇਂ ਕਿ ਸਾਡੇ ਮਾਪਿਆਂ ਦਾ ਵੱਖਰਾ ਧਰਮ ਹੈ ਇਸ ਦਾ ਇਹ ਮਤਲਬ ਨਹੀਂ ਕਿ ਹੁਣ ਉਨ੍ਹਾਂ ਨਾਲ ਸਾਡਾ ਰਿਸ਼ਤਾ ਟੁੱਟ ਗਿਆ ਹੈ। ਬਾਈਬਲ ਦੇ ਇਹ ਸਿਧਾਂਤ ਸਾਡੇ ਵਿਆਹੁਤਾ ਸਾਥੀ ਅਤੇ ਹੋਰਨਾਂ ਰਿਸ਼ਤਿਆਂ ਉੱਤੇ ਵੀ ਲਾਗੂ ਹੁੰਦੇ ਹਨ। ਤਾਂ ਫਿਰ ਇਹ ਗੱਲ ਸਾਫ਼ ਹੈ ਕਿ ਬਾਈਬਲ ਅਨੁਸਾਰ ਆਪਣੇ ਰਿਸ਼ਤੇਦਾਰਾਂ ਨਾਲ ਪਿਆਰ ਕਰਨਾ ਮਸੀਹੀਆਂ ਦਾ ਫ਼ਰਜ਼ ਬਣਦਾ ਹੈ।

ਸਾਵਧਾਨੀ ਵਰਤੋ

ਬਾਈਬਲ ਬੁਰੀ ਸੰਗਤ ਬਾਰੇ ਵੀ ਚੇਤਾਵਨੀ ਦਿੰਦੀ ਹੈ। (1 ਕੁਰਿੰਥੀਆਂ 15:33) ਕਦੀ-ਕਦੀ ਸਾਡੇ ਰਿਸ਼ਤੇਦਾਰ ਸਾਡੇ ਉੱਤੇ ਬੁਰਾ ਪ੍ਰਭਾਵ ਪਾ ਸਕਦੇ ਹਨ। ਪੁਰਾਣੇ ਸਮਿਆਂ ਵਿਚ ਪਰਮੇਸ਼ੁਰ ਦੇ ਬਹੁਤ ਸਾਰੇ ਵਫ਼ਾਦਾਰ ਸੇਵਕਾਂ ਨੇ ਸਹੀ ਰਾਹ ਤੇ ਚੱਲਣ ਦੀ ਕੋਸ਼ਿਸ਼ ਕੀਤੀ ਭਾਵੇਂ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਨਾਲ ਸਹਿਮਤ ਨਹੀਂ ਸਨ। ਇਹ ਗੱਲ ਕੋਰਹ ਦੇ ਪੁੱਤਰਾਂ ਬਾਰੇ ਸੱਚ ਸੀ। (ਗਿਣਤੀ 16:32, 33; 26:10, 11) ਦੂਸਰਿਆਂ ਨੂੰ ਖ਼ੁਸ਼ ਕਰਨ ਲਈ, ਚਾਹੇ ਉਹ ਰਿਸ਼ਤੇਦਾਰ ਕਿਉਂ ਨਾ ਹੋਣ, ਸੱਚੇ ਮਸੀਹੀਆਂ ਨੂੰ ਆਪਣਿਆਂ ਵਿਸ਼ਵਾਸਾਂ ਦਾ ਸਮਝੌਤਾ ਨਹੀਂ ਕਰਨਾ ਚਾਹੀਦਾ।—ਰਸੂਲਾਂ ਦੇ ਕਰਤੱਬ 5:29.

ਕੁਝ ਮਾਮਲਿਆਂ ਵਿਚ ਮਾਪੇ ਜਾਂ ਦੂਸਰੇ ਰਿਸ਼ਤੇਦਾਰ ਸਾਡੇ ਵਿਸ਼ਵਾਸਾਂ ਕਾਰਨ ਬਹੁਤ ਝਗੜਦੇ ਹਨ। ਕਈ ਤਾਂ ਇੰਨਾ ਵਿਰੋਧ ਕਰਦੇ ਹਨ ਕਿ ਉਹ ਸਾਡੇ ਧਰਮ ਦੇ ਦੁਸ਼ਮਣ ਬਣ ਜਾਂਦੇ ਹਨ। ਇਨ੍ਹਾਂ ਮੌਕਿਆਂ ਤੇ ਅਸੀਂ ਸਾਵਧਾਨੀ ਵਰਤਦੇ ਹੋਏ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰ ਸਕਦੇ ਹਾਂ। ਯਿਸੂ ਨੇ ਠੀਕ ਹੀ ਕਿਹਾ ਸੀ: “ਮਨੁੱਖ ਦੇ ਵੈਰੀ ਉਹ ਦੇ ਘਰ ਦੇ ਹੀ ਹੋਣਗੇ। ਜੋ ਕੋਈ ਪਿਉ ਯਾ ਮਾਂ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਮੇਰੇ ਜੋਗ ਨਹੀਂ ਅਤੇ ਜੋ ਕੋਈ ਪੁੱਤ੍ਰ ਯਾ ਧੀ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਮੇਰੇ ਜੋਗ ਨਹੀਂ।”—ਮੱਤੀ 10:36, 37.

ਪਰ ਆਮ ਤੌਰ ਤੇ ਮਸੀਹੀਆਂ ਨੂੰ ਰਿਸ਼ਤੇਦਾਰਾਂ ਵੱਲੋਂ ਬਹੁਤ ਜ਼ਿਆਦਾ ਵਿਰੋਧਤਾ ਦਾ ਸਾਮ੍ਹਣਾ ਨਹੀਂ ਕਰਨਾ ਪੈਂਦਾ। ਉਨ੍ਹਾਂ ਦੇ ਰਿਸ਼ਤੇਦਾਰ ਸਿਰਫ਼ ਬਾਈਬਲ ਦੀਆਂ ਸਿੱਖਿਆਵਾਂ ਨਾਲ ਸਹਿਮਤ ਨਹੀਂ ਹੁੰਦੇ। ਬਾਈਬਲ ਵਿਚ ਯਿਸੂ ਦੇ ਚੇਲਿਆਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਜਿਹੜੇ ਸੱਚਾਈ ਵਿਚ ਨਹੀਂ ਹਨ ਉਨ੍ਹਾਂ ਨਾਲ ਉਹ “ਨਰਮਾਈ” ਅਤੇ “ਆਦਰ” ਨਾਲ ਪੇਸ਼ ਆਉਣ। (2 ਤਿਮੋਥਿਉਸ 2:25; 1 ਪਤਰਸ 3:15, 16, ਪਵਿੱਤਰ ਬਾਈਬਲ ਨਵਾਂ ਅਨੁਵਾਦ) ਬਾਈਬਲ ਇਹ ਸਲਾਹ ਦਿੰਦੀ ਹੈ: ‘ਇਹ ਜੋਗ ਨਹੀਂ ਹੈ ਜੋ ਪ੍ਰਭੁ ਦਾ ਦਾਸ ਝਗੜਾ ਕਰੇ ਸਗੋਂ ਸਭਨਾਂ ਨਾਲ ਅਸੀਲ ਹੋਵੇ।’ (2 ਤਿਮੋਥਿਉਸ 2:24) ਪੌਲੁਸ ਰਸੂਲ ਨੇ ਵੀ ਮਸੀਹੀਆਂ ਨੂੰ ਸਲਾਹ ਦਿੱਤੀ ਸੀ ਕਿ ਉਹ “ਕਿਸੇ ਦੀ ਬਦਨਾਮੀ ਨਾ ਕਰਨ। ਝਗੜਾਲੂ ਨਹੀਂ ਸਗੋਂ ਸੀਲ ਸੁਭਾਉ ਹੋਣ ਅਤੇ ਸੱਭੇ ਮਨੁੱਖਾਂ ਨਾਲ ਪੂਰੀ ਨਰਮਾਈ ਰੱਖਣ।”—ਤੀਤੁਸ 3:2.

ਉਨ੍ਹਾਂ ਨਾਲ ਸੰਪਰਕ ਰੱਖੋ ਅਤੇ ਪਿਆਰ ਕਰੋ

ਪਤਰਸ ਦੀ ਪਹਿਲੀ ਪੋਥੀ 2:12 ਵਿਚ ਮਸੀਹੀਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ: ਅਵਿਸ਼ਵਾਸੀਆਂ ਜਾਂ ‘ਪਰਾਈਆਂ ਕੌਮਾਂ ਵਿੱਚ ਆਪਣੀ ਚਾਲ ਨੇਕ ਰੱਖੋ ਭਈ ਓਹ ਤੁਹਾਡੇ ਸ਼ੁਭ ਕਰਮਾਂ ਦੇ ਕਾਰਨ ਜਿਹੜੇ ਵੇਖਦੇ ਹਨ ਪਰਮੇਸ਼ੁਰ ਦੀ ਵਡਿਆਈ ਕਰਨ।’ ਅਕਸਰ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜੇ ਸਾਡੇ ਰਿਸ਼ਤੇਦਾਰ ਸਾਡੇ ਵਿਸ਼ਵਾਸਾਂ ਨਾਲ ਸਹਿਮਤ ਨਹੀਂ ਹਨ ਉਹ ਬਾਈਬਲ ਦਾ ਚੰਗਾ ਅਸਰ ਸਾਡੀ ਜ਼ਿੰਦਗੀ ਵਿਚ ਦੇਖ ਸਕਦਾ ਹਨ। ਯਾਦ ਰੱਖੋ ਕਿ ਕਈ ਜੋ ਪਹਿਲਾਂ ਬਾਈਬਲ ਦਾ ਵਿਰੋਧ ਕਰਦੇ ਸਨ ਉਹ ਹੁਣ ਬਦਲ ਗਏ ਹਨ। ਹੋ ਸਕਦਾ ਹੈ ਕਿ ਇਕ ਵਿਅਕਤੀ ਸਾਲਾਂ ਤੋਂ ਆਪਣੇ ਵਿਆਹੁਤਾ ਸਾਥੀ ਜਾਂ ਬੱਚੇ ਦੇ ਨੇਕ ਚਾਲ-ਚਲਣ ਦੀ ਜਾਂਚ ਕਰਦਾ ਆਇਆ ਹੋਵੇ ਇਹ ਪਤਾ ਕਰਨ ਲਈ ਕਿ ਉਨ੍ਹਾਂ ਦੇ ਭਲੇ ਕੰਮਾਂ ਪਿੱਛੇ ਕੀ ਕਾਰਨ ਹੈ। ਜਦੋਂ ਲੋਕ ਬਾਈਬਲ ਦੀ ਸੱਚਾਈ ਨਹੀਂ ਕਬੂਲ ਕਰਦੇ, ਤਾਂ ਇਹ ਨਾ ਹੋਵੇ ਕਿ ਇਹ ਮਸੀਹੀ ਰਿਸ਼ਤੇਦਾਰ ਦੀ ਲਾਪਰਵਾਹੀ ਕਾਰਨ ਹੈ।

ਇਹ ਸੱਚ ਹੈ ਕਿ ਸਾਰਿਆਂ ਦੇ ਹਾਲਾਤ ਵੱਖੋ-ਵੱਖਰੇ ਹਨ। ਕੁਝ ਮਸੀਹੀ ਆਪਣੇ ਮਾਪਿਆਂ ਤੋਂ ਬਹੁਤ ਦੂਰ ਰਹਿੰਦੇ ਹਨ। ਇਸ ਲਈ ਉਹ ਸ਼ਾਇਦ ਉਨ੍ਹਾਂ ਨੂੰ ਉੱਨੀ ਵਾਰ ਮਿਲਣ ਨਾ ਜਾ ਸਕਣ ਜਿੰਨੀ ਵਾਰ ਉਹ ਚਾਹੁੰਦੇ ਹਨ। ਪਰ ਚਿੱਠੀਆਂ ਲਿਖਣ, ਟੈਲੀਫ਼ੋਨ ਕਰਨ ਜਾਂ ਕੋਈ ਹੋਰ ਤਰੀਕੇ ਨਾਲ ਸੰਪਰਕ ਰੱਖਣ ਦੁਆਰਾ ਸਾਡੇ ਰਿਸ਼ਤੇਦਾਰਾਂ ਨੂੰ ਸਾਡੇ ਪਿਆਰ ਦਾ ਅਹਿਸਾਸ ਹੋਵੇਗਾ। ਕਈ ਲੋਕ ਜੋ ਮਸੀਹੀ ਨਹੀਂ ਹਨ ਆਪਣੇ ਮਾਪਿਆਂ ਅਤੇ ਹੋਰਨਾਂ ਰਿਸ਼ਤੇਦਾਰਾਂ ਨਾਲ ਬਹੁਤ ਪਿਆਰ ਕਰਦੇ ਹਨ ਅਤੇ ਉਨ੍ਹਾਂ ਨਾਲ ਬਾਕਾਇਦਾ ਸੰਪਰਕ ਕਰਦੇ ਹਨ। ਉਨ੍ਹਾਂ ਲਈ ਇਸ ਵਿਚ ਧਰਮ ਦੀ ਗੱਲ ਹੀ ਨਹੀਂ ਆਉਂਦੀ। ਕੀ ਮਸੀਹੀਆਂ ਨੂੰ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ? (g03 11/08)

[ਸਫ਼ੇ 20 ਉੱਤੇ ਤਸਵੀਰ]

ਰਿਸ਼ਤੇਦਾਰਾਂ ਨਾਲ ਸੰਪਰਕ ਰੱਖਣ ਦੁਆਰਾ ਉਨ੍ਹਾਂ ਨੂੰ ਸਾਡੇ ਪਿਆਰ ਦਾ ਅਹਿਸਾਸ ਹੋਵੇਗਾ