Skip to content

Skip to table of contents

ਮੈਂ ਆਪਣੇ ਭਰਾ ਜਾਂ ਭੈਣ ਤੋਂ ਵੱਖਰੀ ਪਛਾਣ ਕਿੱਦਾਂ ਬਣਾ ਸਕਦਾ ਹਾਂ?

ਮੈਂ ਆਪਣੇ ਭਰਾ ਜਾਂ ਭੈਣ ਤੋਂ ਵੱਖਰੀ ਪਛਾਣ ਕਿੱਦਾਂ ਬਣਾ ਸਕਦਾ ਹਾਂ?

ਨੌਜਵਾਨ ਪੁੱਛਦੇ ਹਨ . . .

ਮੈਂ ਆਪਣੇ ਭਰਾ ਜਾਂ ਭੈਣ ਤੋਂ ਵੱਖਰੀ ਪਛਾਣ ਕਿੱਦਾਂ ਬਣਾ ਸਕਦਾ ਹਾਂ?

“ਮੈਂ ਆਪਣੀ ਵੱਖਰੀ ਪਛਾਣ ਬਣਾਉਣਾ ਚਾਹੁੰਦੀ ਸੀ, ਪਰ ਸਾਰੇ ਮੇਰੇ ਤੋਂ ਆਪਣੀਆਂ ਭੈਣਾਂ ਵਰਗੀ ਬਣਨ ਦੀ ਉਮੀਦ ਰੱਖਦੇ ਸਨ। ਮੈਂ ਮਹਿਸੂਸ ਕਰਦੀ ਸੀ ਕਿ ਮੈਂ ਕਦੇ ਵੀ ਆਪਣੀਆਂ ਭੈਣਾਂ ਵਾਂਗ ਗੁਣਵਾਨ ਨਹੀਂ ਬਣ ਸਕਦੀ।”—ਕਲੈਰ

ਕੀ ਤੁਹਾਡੇ ਭੈਣ-ਭਰਾ ਤਕਰੀਬਨ ਹਰ ਕੰਮ ਨੂੰ ਕੁਸ਼ਲਤਾ ਨਾਲ ਕਰ ਸਕਦੇ ਹਨ? ਕੀ ਤੁਹਾਡੇ ਮਾਤਾ-ਪਿਤਾ ਤੁਹਾਨੂੰ ਹਮੇਸ਼ਾ ਇਹੀ ਕਹਿੰਦੇ ਰਹਿੰਦੇ ਹਨ ਕਿ ਤੁਸੀਂ ਆਪਣੇ ਭਰਾ ਜਾਂ ਭੈਣ ਵਰਗੇ ਬਣੋ? ਜੇ ਹਾਂ, ਤਾਂ ਤੁਹਾਨੂੰ ਹਮੇਸ਼ਾ ਇਹੀ ਡਰ ਲੱਗਾ ਰਹਿੰਦਾ ਹੋਣਾ ਕਿ ਤੁਸੀਂ ਆਪਣੀ ਵੱਖਰੀ ਪਛਾਣ ਨਹੀਂ ਬਣਾ ਸਕੋਗੇ ਅਤੇ ਦੂਸਰੇ ਲੋਕ ਹਮੇਸ਼ਾ ਤੁਹਾਡੀ ਤੁਲਨਾ ਤੁਹਾਡੀ ਭੈਣ ਜਾਂ ਭਰਾ ਨਾਲ ਹੀ ਕਰਦੇ ਰਹਿਣਗੇ।

ਬੈਰੀ * ਦੇ ਦੋਵੇਂ ਵੱਡੇ ਭਰਾ ਮੰਨੇ-ਪ੍ਰਮੰਨੇ ਸੇਵਕਾਈ ਸਿਖਲਾਈ ਸਕੂਲ * ਦੇ ਗ੍ਰੈਜੂਏਟ ਹਨ ਅਤੇ ਚੰਗੇ ਮਸੀਹੀ ਹੋਣ ਕਰਕੇ ਦੂਸਰੇ ਉਨ੍ਹਾਂ ਦੀ ਬਹੁਤ ਇੱਜ਼ਤ ਕਰਦੇ ਹਨ। ਬੈਰੀ ਮੰਨਦਾ ਹੈ: “ਮੈਨੂੰ ਆਪਣੇ ਆਪ ਤੇ ਭਰੋਸਾ ਨਹੀਂ ਰਿਹਾ ਕਿਉਂਕਿ ਮੈਨੂੰ ਲੱਗਦਾ ਸੀ ਕਿ ਮੈਂ ਨਾ ਤਾਂ ਕਦੀ ਉਨ੍ਹਾਂ ਵਾਂਗ ਵਧੀਆ ਤਰੀਕੇ ਨਾਲ ਪ੍ਰਚਾਰ ਦਾ ਕੰਮ ਕਰ ਸਕਾਂਗਾ ਤੇ ਨਾ ਹੀ ਵਧੀਆ ਭਾਸ਼ਣ ਦੇ ਸਕਾਂਗਾ। ਮੈਨੂੰ ਆਪਣੇ ਦੋਸਤ ਬਣਾਉਣ ਵਿਚ ਵੀ ਮੁਸ਼ਕਲ ਆ ਰਹੀ ਸੀ ਕਿਉਂਕਿ ਜਦੋਂ ਲੋਕ ਮੇਰੇ ਭਰਾਵਾਂ ਨੂੰ ਆਪਣੇ ਘਰ ਬੁਲਾਉਂਦੇ ਸਨ, ਤਾਂ ਮੈਂ ਵੀ ਉਨ੍ਹਾਂ ਦੇ ਨਾਲ ਚਲਾ ਜਾਂਦਾ ਸੀ। ਮੈਨੂੰ ਲੱਗਦਾ ਸੀ ਕਿ ਲੋਕ ਸਿਰਫ਼ ਮੇਰੇ ਭਰਾਵਾਂ ਕਰਕੇ ਹੀ ਮੇਰੇ ਨਾਲ ਦੋਸਤੀ ਕਰਦੇ ਸਨ।”

ਜਦੋਂ ਸਾਰੇ ਤੁਹਾਡੇ ਭਰਾ ਦੀ ਹੀ ਤਾਰੀਫ਼ ਕਰਦੇ ਹਨ, ਤਾਂ ਤੁਹਾਡੇ ਮਨ ਵਿਚ ਈਰਖਾ ਪੈਦਾ ਹੋਣੀ ਸੁਭਾਵਕ ਹੈ। * ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯੂਸੁਫ਼ ਨੂੰ ਉਸ ਦੇ ਭਰਾਵਾਂ ਨਾਲੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ। ਇਸ ਦਾ ਉਸ ਦੇ ਭਰਾਵਾਂ ਤੇ ਕੀ ਅਸਰ ਪਿਆ? “ਓਹ ਉਸ ਦੇ ਨਾਲ ਵੈਰ ਰੱਖਣ ਲੱਗੇ ਅਰ ਉਹ ਦੇ ਨਾਲ ਸ਼ਾਂਤੀ ਨਾਲ ਨਹੀਂ ਬੋਲ ਸੱਕਦੇ ਸਨ।” (ਉਤਪਤ 37:1-4) ਯੂਸੁਫ਼ ਬਹੁਤ ਹੀ ਨਿਮਰ ਸੁਭਾਅ ਦਾ ਵਿਅਕਤੀ ਸੀ, ਪਰ ਤੁਹਾਡਾ ਭਰਾ ਸ਼ਾਇਦ ਹਮੇਸ਼ਾ ਆਪਣੀਆਂ ਕਾਮਯਾਬੀਆਂ ਦੇ ਗੁਣ ਗਾ ਕੇ ਤੁਹਾਨੂੰ ਚਿੜਾਉਂਦਾ ਜਾਂ ਗੁੱਸਾ ਚੜ੍ਹਾਉਂਦਾ ਰਹਿੰਦਾ ਹੋਵੇ।

ਇਸ ਕਰਕੇ ਕੁਝ ਨੌਜਵਾਨ ਬਾਗ਼ੀ ਰਵੱਈਆ ਅਪਣਾ ਲੈਂਦੇ ਹਨ, ਸ਼ਾਇਦ ਉਹ ਜਾਣ-ਬੁੱਝ ਕੇ ਪੜ੍ਹਾਈ ਨਾ ਕਰਨ, ਮਸੀਹੀ ਸਭਾਵਾਂ ਜਾਂ ਸੇਵਕਾਈ ਵਿਚ ਜਾਣਾ ਘੱਟ ਕਰ ਦੇਣ ਜਾਂ ਕੋਈ ਗ਼ਲਤ ਕੰਮ ਕਰਨ ਲੱਗ ਪੈਣ। ਉਹ ਸ਼ਾਇਦ ਸੋਚਣ ਕਿ ਉਹ ਕਦੇ ਵੀ ਆਪਣੇ ਭਰਾ ਵਰਗੇ ਨਹੀਂ ਬਣ ਸਕਦੇ, ਇਸ ਲਈ ਕੋਸ਼ਿਸ਼ ਕਰਨੀ ਵੀ ਬੇਕਾਰ ਹੈ। ਪਰ ਤੁਹਾਡੇ ਬਾਗ਼ੀ ਰਵੱਈਏ ਦਾ ਬਾਅਦ ਵਿਚ ਤੁਹਾਨੂੰ ਹੀ ਨੁਕਸਾਨ ਹੋਵੇਗਾ। ਤਾਂ ਫਿਰ, ਤੁਸੀਂ ਆਪਣੇ ਭਰਾ ਤੋਂ ਵੱਖਰੀ ਪਛਾਣ ਕਿਵੇਂ ਬਣਾ ਸਕਦੇ ਹੋ ਅਤੇ ਆਪਣੇ ਵਿਚ ਆਤਮ-ਵਿਸ਼ਵਾਸ ਕਿਵੇਂ ਪੈਦਾ ਕਰ ਸਕਦੇ ਹੋ?

ਉਹ ਵੀ ਆਖ਼ਰ ਇਨਸਾਨ ਹਨ

ਸਾਰੇ ਲੋਕਾਂ ਨੂੰ ਤੁਹਾਡੇ ਭਰਾ ਦੀ ਹੀ ਤਾਰੀਫ਼ ਕਰਦੇ ਦੇਖ ਕੇ ਤੁਹਾਨੂੰ ਸ਼ਾਇਦ ਲੱਗੇ ਕਿ ਉਸ ਵਿਚ ਕੋਈ ਖ਼ਾਮੀ ਨਹੀਂ ਹੈ ਅਤੇ ਤੁਸੀਂ ਕਦੇ ਵੀ ਉਸ ਵਰਗੇ ਨਹੀਂ ਬਣ ਸਕਦੇ। ਪਰ ਕੀ ਇਹ ਸੱਚ ਹੈ? ਬਾਈਬਲ ਇਸ ਬਾਰੇ ਸਾਫ਼-ਸਾਫ਼ ਦੱਸਦੀ ਹੈ: “ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ।”—ਰੋਮੀਆਂ 3:23.

ਜੀ ਹਾਂ, ਤੁਹਾਡੇ ਭੈਣਾਂ-ਭਰਾਵਾਂ ਕੋਲ ਜੋ ਮਰਜ਼ੀ ਹੁਨਰ ਹੋਣ, ਪਰ ਉਹ ਵੀ “ਦੁਖ ਸੁਖ ਭੋਗਣ ਵਾਲੇ ਮਨੁੱਖ” ਹਨ। (ਰਸੂਲਾਂ ਦੇ ਕਰਤੱਬ 14:15) ਉਨ੍ਹਾਂ ਨੂੰ ਮੁਕੰਮਲ ਜਾਂ ਮਹਾਨ ਸਮਝਣ ਦੀ ਲੋੜ ਨਹੀਂ ਹੈ। ਸਿਰਫ਼ ਯਿਸੂ ਹੀ ਅਜਿਹਾ ਇੱਕੋ-ਇਕ ਮੁਕੰਮਲ ਇਨਸਾਨ ਸੀ ਜਿਸ ਨੇ ਸਾਡੇ ਸਾਮ੍ਹਣੇ ਬਿਹਤਰੀਨ ਮਿਸਾਲ ਰੱਖੀ।—1 ਪਤਰਸ 2:21.

ਉਨ੍ਹਾਂ ਤੋਂ ਸਿੱਖੋ!

ਤੁਹਾਡੇ ਕੋਲ ਆਪਣੇ ਭਰਾ ਤੋਂ ਸਿੱਖਣ ਦਾ ਮੌਕਾ ਹੈ। ਉਦਾਹਰਣ ਲਈ, ਯਿਸੂ ਮਸੀਹ ਦੇ ਭੈਣ-ਭਰਾਵਾਂ ਬਾਰੇ ਸੋਚੋ। (ਮੱਤੀ 13:55, 56) ਸੋਚੋ ਕਿ ਉਹ ਆਪਣੇ ਮੁਕੰਮਲ ਭਰਾ ਤੋਂ ਕਿੰਨਾ ਕੁਝ ਸਿੱਖ ਸਕਦੇ ਸਨ! ਪਰ “ਉਹ ਦੇ ਭਰਾ ਵੀ ਉਸ ਉੱਤੇ ਨਿਹਚਾ ਨਹੀਂ ਸੀ ਕਰਦੇ।” (ਯੂਹੰਨਾ 7:5) ਸ਼ਾਇਦ ਘਮੰਡ ਅਤੇ ਈਰਖਾ ਕਰਕੇ ਉਨ੍ਹਾਂ ਨੇ ਉਸ ਉੱਤੇ ਨਿਹਚਾ ਨਹੀਂ ਕੀਤੀ। ਪਰ ਯਿਸੂ ਦੇ ਅਧਿਆਤਮਿਕ ਭਰਾਵਾਂ ਯਾਨੀ ਉਸ ਦੇ ਚੇਲਿਆਂ ਨੇ ਉਸ ਦੇ ਇਸ ਸੱਦੇ ਨੂੰ ਸਵੀਕਾਰ ਕੀਤਾ: “ਮੈਥੋਂ ਸਿੱਖੋ।” (ਮੱਤੀ 11:29) ਯਿਸੂ ਦੇ ਮੁੜ ਜੀ ਉੱਠਣ ਤੋਂ ਬਾਅਦ ਹੀ ਉਸ ਦੇ ਸਕੇ ਭਰਾਵਾਂ ਨੇ ਉਸ ਉੱਤੇ ਨਿਹਚਾ ਕਰਨੀ ਸ਼ੁਰੂ ਕੀਤੀ ਸੀ। (ਰਸੂਲਾਂ ਦੇ ਕਰਤੱਬ 1:14) ਉਦੋਂ ਤਕ ਉਨ੍ਹਾਂ ਨੇ ਆਪਣੇ ਭਰਾ ਤੋਂ ਸਿੱਖਣ ਦੇ ਕਈ ਸੁਨਹਿਰੇ ਮੌਕੇ ਗੁਆ ਦਿੱਤੇ ਸਨ।

ਕਇਨ ਨੇ ਵੀ ਇਹੋ ਗ਼ਲਤੀ ਕੀਤੀ। ਉਸ ਦਾ ਭਰਾ ਹਾਬਲ ਪਰਮੇਸ਼ੁਰ ਦਾ ਸੱਚਾ ਭਗਤ ਸੀ। ਬਾਈਬਲ ਦੱਸਦੀ ਹੈ ਕਿ “ਯਹੋਵਾਹ ਨੇ ਹਾਬਲ ਨੂੰ ਅਰ ਉਹ ਦੀ ਭੇਟ ਨੂੰ ਪਸੰਦ ਕੀਤਾ।” (ਉਤਪਤ 4:4) ਪਰ ਕਿਸੇ ਕਾਰਨ ਕਰਕੇ ਪਰਮੇਸ਼ੁਰ ਨੇ “ਕਇਨ ਅਰ ਉਹ ਦੀ ਭੇਟ ਨੂੰ ਪਸੰਦ ਨਾ ਕੀਤਾ।” ਕਇਨ ਨਿਮਰ ਬਣ ਕੇ ਆਪਣੇ ਭਰਾ ਤੋਂ ਕੁਝ ਸਿੱਖ ਸਕਦਾ ਸੀ। ਇਸ ਦੀ ਬਜਾਇ, “ਕਇਨ ਬਹੁਤ ਕਰੋਧਵਾਨ ਹੋਇਆ” ਅਤੇ ਉਸ ਨੇ ਹਾਬਲ ਦਾ ਕਤਲ ਕਰ ਦਿੱਤਾ।—ਉਤਪਤ 4:5-8.

ਤੁਸੀਂ ਸ਼ਾਇਦ ਕਦੇ ਵੀ ਆਪਣੇ ਭਰਾ ਉੱਤੇ ਇਸ ਹੱਦ ਤਕ ਗੁੱਸੇ ਨਾ ਹੋਵੋ। ਪਰ ਹੋ ਸਕਦਾ ਹੈ ਕਿ ਤੁਸੀਂ ਆਪਣੇ ਘਮੰਡ ਅਤੇ ਈਰਖਾ ਕਰਕੇ ਉਸ ਤੋਂ ਸਿੱਖਣ ਦੇ ਕੀਮਤੀ ਮੌਕੇ ਗੁਆ ਬੈਠੋ। ਜੇ ਤੁਹਾਡਾ ਭਰਾ ਗਣਿਤ ਜਾਂ ਇਤਿਹਾਸ ਵਿਚ ਬਹੁਤ ਹੁਸ਼ਿਆਰ ਹੈ, ਤੁਹਾਡੀ ਮਨਪਸੰਦ ਖੇਡ ਦਾ ਵਧੀਆ ਖਿਡਾਰੀ ਹੈ, ਉਸ ਨੂੰ ਬਾਈਬਲ ਦਾ ਬਹੁਤ ਗਿਆਨ ਹੈ ਜਾਂ ਫਿਰ ਵਧੀਆ ਤਰੀਕੇ ਨਾਲ ਭਾਸ਼ਣ ਦਿੰਦਾ ਹੈ, ਤਾਂ ਤੁਹਾਨੂੰ ਈਰਖਾ ਕਰਨ ਤੋਂ ਬਚਣਾ ਚਾਹੀਦਾ ਹੈ। “ਖ਼ੁਣਸ ਹੱਡੀਆਂ ਦਾ ਸਾੜ” ਹੈ ਅਤੇ ਇਸ ਨਾਲ ਤੁਹਾਨੂੰ ਨੁਕਸਾਨ ਹੀ ਹੋਵੇਗਾ। (ਕਹਾਉਤਾਂ 14:30; 27:4) ਖੁਣਸ ਰੱਖਣ ਦੀ ਬਜਾਇ, ਆਪਣੇ ਭਰਾ ਤੋਂ ਸਿੱਖਣ ਦੀ ਕੋਸ਼ਿਸ਼ ਕਰੋ। ਇਹ ਮੰਨ ਲਓ ਕਿ ਉਸ ਵਿਚ ਉਹ ਹੁਨਰ ਹਨ ਜੋ ਤੁਹਾਡੇ ਵਿਚ ਨਹੀਂ ਹਨ। ਧਿਆਨ ਦਿਓ ਕਿ ਉਹ ਕਿਸ ਤਰੀਕੇ ਨਾਲ ਹਰ ਕੰਮ ਕਰਦਾ ਹੈ ਅਤੇ ਕੁਝ ਕਰਨ ਵੇਲੇ ਉਸ ਕੋਲੋਂ ਮਦਦ ਮੰਗੋ।

ਸ਼ੁਰੂ ਵਿਚ ਜ਼ਿਕਰ ਕੀਤੇ ਗਏ ਬੈਰੀ ਨੂੰ ਆਪਣੇ ਭਰਾਵਾਂ ਦੀ ਚੰਗੀ ਮਿਸਾਲ ਤੋਂ ਫ਼ਾਇਦਾ ਹੋਇਆ। ਉਹ ਕਹਿੰਦਾ ਹੈ: “ਮੈਂ ਦੇਖਿਆ ਕਿ ਕਲੀਸਿਯਾ ਅਤੇ ਪ੍ਰਚਾਰ ਕੰਮ ਵਿਚ ਦੂਸਰਿਆਂ ਦੀ ਮਦਦ ਕਰ ਕੇ ਮੇਰੇ ਭਰਾਵਾਂ ਨੂੰ ਕਿੰਨੀ ਖ਼ੁਸ਼ੀ ਹੁੰਦੀ ਸੀ! ਇਸ ਲਈ ਮੈਂ ਵੀ ਉਨ੍ਹਾਂ ਦੀ ਮਿਸਾਲ ਉੱਤੇ ਚੱਲਣ ਦਾ ਫ਼ੈਸਲਾ ਕੀਤਾ। ਮੈਂ ਕਿੰਗਡਮ ਹਾਲ ਅਤੇ ਬੈਥਲ ਦੇ ਉਸਾਰੀ ਕੰਮ ਵਿਚ ਹਿੱਸਾ ਲੈਣ ਲੱਗ ਪਿਆ। ਇਸ ਕੰਮ ਤੋਂ ਮਿਲੇ ਤਜਰਬੇ ਨਾਲ ਮੇਰੇ ਵਿਚ ਆਤਮ-ਵਿਸ਼ਵਾਸ ਪੈਦਾ ਹੋ ਗਿਆ ਹੈ ਅਤੇ ਯਹੋਵਾਹ ਨਾਲ ਮੇਰਾ ਰਿਸ਼ਤਾ ਵੀ ਮਜ਼ਬੂਤ ਹੋਇਆ ਹੈ।”

ਆਪਣੇ ਗੁਣਾਂ ਨੂੰ ਪਛਾਣੋ

ਤੁਹਾਨੂੰ ਸ਼ਾਇਦ ਇਹ ਡਰ ਹੋਵੇ ਕਿ ਆਪਣੇ ਭਰਾ ਦੇ ਗੁਣਾਂ ਦੀ ਨਕਲ ਕਰਨ ਨਾਲ ਹੋ ਸਕਦਾ ਕਿ ਤੁਹਾਡੀ ਆਪਣੀ ਸ਼ਖ਼ਸੀਅਤ ਤਬਾਹ ਹੋ ਜਾਵੇ। ਪਰ ਇਸ ਤਰ੍ਹਾਂ ਨਹੀਂ ਹੈ। ਪੌਲੁਸ ਰਸੂਲ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਉਤਸ਼ਾਹਿਤ ਕੀਤਾ ਸੀ: “ਤੁਸੀਂ ਮੇਰੀ ਰੀਸ ਕਰੋ।” (1 ਕੁਰਿੰਥੀਆਂ 4:16) ਕੀ ਇਸ ਦਾ ਇਹ ਮਤਲਬ ਹੈ ਕਿ ਪੌਲੁਸ ਉਨ੍ਹਾਂ ਮਸੀਹੀਆਂ ਦੀ ਸ਼ਖ਼ਸੀਅਤ ਤਬਾਹ ਕਰਨੀ ਚਾਹੁੰਦਾ ਸੀ? ਬਿਲਕੁਲ ਨਹੀਂ। ਹਰ ਕੋਈ ਆਪਣੀ ਸ਼ਖ਼ਸੀਅਤ ਨੂੰ ਨਿਖਾਰ ਸਕਦਾ ਹੈ। ਜੇ ਤੁਸੀਂ ਆਪਣੇ ਭਰਾ ਵਾਂਗ ਗਣਿਤ ਵਿਚ ਹੁਸ਼ਿਆਰ ਨਹੀਂ ਹੋ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਤੁਹਾਡੇ ਵਿਚ ਕੋਈ ਖ਼ਾਮੀ ਹੈ। ਇਸ ਦਾ ਮਤਲਬ ਹੈ ਕਿ ਤੁਹਾਡੀ ਸ਼ਖ਼ਸੀਅਤ ਉਸ ਦੀ ਸ਼ਖ਼ਸੀਅਤ ਨਾਲੋਂ ਵੱਖਰੀ ਹੈ।

ਪੌਲੁਸ ਨੇ ਇਹ ਵਧੀਆ ਸਲਾਹ ਦਿੱਤੀ: “ਹਰੇਕ ਆਪਣੇ ਹੀ ਕੰਮ ਨੂੰ ਪਰਖੇ ਤਦ ਉਹ ਨੂੰ ਨਿਰੇ ਆਪਣੀ ਹੀ ਵੱਲ, ਨਾ ਦੂਏ ਦੀ ਵੱਲ ਅਭਮਾਨ ਪਰਾਪਤ ਹੋਵੇਗਾ।” (ਗਲਾਤੀਆਂ 6:4) ਕਿਉਂ ਨਹੀਂ ਤੁਸੀਂ ਆਪਣੇ ਵਿਚ ਹੁਨਰ ਪੈਦਾ ਕਰਦੇ? ਕੋਈ ਦੂਸਰੀ ਭਾਸ਼ਾ ਸਿੱਖਣ, ਕੋਈ ਸਾਜ ਵਜਾਉਣਾ ਸਿੱਖਣ ਜਾਂ ਫਿਰ ਕੰਪਿਊਟਰ ਇਸਤੇਮਾਲ ਕਰਨਾ ਸਿੱਖਣ ਨਾਲ ਤੁਹਾਡੇ ਅੰਦਰ ਆਤਮ-ਵਿਸ਼ਵਾਸ ਪੈਦਾ ਹੋ ਸਕਦਾ ਹੈ। ਨਾਲ ਹੀ ਤੁਹਾਡੇ ਵਿਚ ਫ਼ਾਇਦੇਮੰਦ ਹੁਨਰ ਵੀ ਪੈਦਾ ਹੋਣਗੇ। ਇਹ ਚਿੰਤਾ ਨਾ ਕਰੋ ਕਿ ਤੁਹਾਨੂੰ ਹਰ ਕੰਮ ਕਰਨ ਵਿਚ ਮਾਹਰ ਬਣਨਾ ਹੀ ਪਵੇਗਾ, ਸਗੋਂ ਤੁਸੀਂ ਜੋ ਵੀ ਕੰਮ ਕਰੋ, ਉਸ ਨੂੰ ਮਨ ਲਾ ਕੇ ਚੰਗੀ ਤਰ੍ਹਾਂ ਨਾਲ ਕਰਨ ਦੀ ਕੋਸ਼ਿਸ਼ ਕਰੋ। (ਕਹਾਉਤਾਂ 22:29) ਤੁਹਾਡੇ ਵਿਚ ਸ਼ਾਇਦ ਕੋਈ ਕੰਮ ਕਰਨ ਦੀ ਕੁਦਰਤੀ ਯੋਗਤਾ ਨਾ ਹੋਵੇ, ਪਰ “ਉੱਦਮੀ ਦਾ ਹੱਥ ਹਾਕਮੀ ਕਰੇਗਾ।” (ਟੇਢੇ ਟਾਈਪ ਸਾਡੇ।)—ਕਹਾਉਤਾਂ 12:24.

ਪਰ ਆਪਣੇ ਅੰਦਰ ਅਧਿਆਤਮਿਕ ਗੁਣ ਪੈਦਾ ਕਰਨੇ ਜ਼ਿਆਦਾ ਜ਼ਰੂਰੀ ਹਨ। ਦੂਸਰਿਆਂ ਦਾ ਧਿਆਨ ਖਿੱਚਣ ਲਈ ਆਪਣੇ ਵਿਚ ਹੁਨਰ ਪੈਦਾ ਕਰਨ ਨਾਲੋਂ ਅਧਿਆਤਮਿਕ ਹੁਨਰ ਪੈਦਾ ਕਰਨ ਦਾ ਜ਼ਿਆਦਾ ਫ਼ਾਇਦਾ ਹੁੰਦਾ ਹੈ। ਜੌੜੇ ਭਰਾਵਾਂ ਏਸਾਓ ਅਤੇ ਯਾਕੂਬ ਬਾਰੇ ਜ਼ਰਾ ਸੋਚੋ। “ਏਸਾਓ ਸਿਆਣਾ ਸ਼ਿਕਾਰੀ ਸੀ,” ਇਸ ਲਈ ਉਸ ਦਾ ਪਿਤਾ ਉਸ ਦੇ ਗੁਣ ਗਾਉਂਦਾ ਸੀ। ਉਸ ਦੇ ਭਰਾ ਯਾਕੂਬ ਵੱਲ ਸ਼ਾਇਦ ਹੀ ਕੋਈ ਧਿਆਨ ਦਿੰਦਾ ਹੋਵੇ ਕਿਉਂਕਿ ਉਹ “ਭੋਲਾ ਭਾਲਾ ਅਰ ਤੰਬੂਆਂ ਵਿੱਚ ਟਿਕਣ ਵਾਲਾ ਸੀ।” (ਉਤਪਤ 25:27) ਪਰ ਏਸਾਓ ਨੇ ਆਪਣੇ ਅੰਦਰ ਅਧਿਆਤਮਿਕ ਗੁਣ ਪੈਦਾ ਨਹੀਂ ਕੀਤੇ ਜਿਸ ਕਰਕੇ ਉਸ ਨੂੰ ਕਈ ਬਰਕਤਾਂ ਤੋਂ ਹੱਥ ਧੋਣੇ ਪਏ। ਯਾਕੂਬ ਅਧਿਆਤਮਿਕ ਚੀਜ਼ਾਂ ਨਾਲ ਪਿਆਰ ਕਰਦਾ ਸੀ ਜਿਸ ਲਈ ਯਹੋਵਾਹ ਨੇ ਉਸ ਨੂੰ ਭਰਪੂਰ ਬਰਕਤਾਂ ਦਿੱਤੀਆਂ। (ਉਤਪਤ 27:28, 29; ਇਬਰਾਨੀਆਂ 12:16, 17) ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਆਪਣੇ ਅੰਦਰ ਅਧਿਆਤਮਿਕ ਗੁਣ ਪੈਦਾ ਕਰੋ। ‘ਆਪਣੇ ਚਾਨਣ ਨੂੰ ਮਨੁੱਖਾਂ ਦੇ ਸਾਹਮਣੇ ਚਮਕਣ’ ਦਿਓ ਜਿਸ ਨਾਲ ਤੁਹਾਡੀ ‘ਤਰੱਕੀ ਸਭਨਾਂ ਉੱਤੇ ਪਰਗਟ ਹੋਵੇਗੀ।’—ਮੱਤੀ 5:16; 1 ਤਿਮੋਥਿਉਸ 4:15.

ਕਲੈਰ, ਜਿਸ ਦਾ ਸ਼ੁਰੂ ਵਿਚ ਜ਼ਿਕਰ ਕੀਤਾ ਗਿਆ ਸੀ, ਕਹਿੰਦੀ ਹੈ: “ਮੈਂ ਹਮੇਸ਼ਾ ਆਪਣੀਆਂ ਵੱਡੀਆਂ ਭੈਣਾਂ ਨਾਲ ਚਿਪਕੀ ਰਹਿੰਦੀ ਸੀ। ਪਰ ਫਿਰ ਮੈਂ ਬਾਈਬਲ ਵਿਚ ‘ਖੁਲ੍ਹੇ ਦਿਲ’ ਵਾਲੇ ਬਣਨ ਦੀ ਸਲਾਹ ਨੂੰ ਮੰਨਣ ਦਾ ਫ਼ੈਸਲਾ ਕੀਤਾ। ਮੈਂ ਕਲੀਸਿਯਾ ਦੇ ਵੱਖੋ-ਵੱਖਰੇ ਭੈਣ-ਭਰਾਵਾਂ ਨਾਲ ਪ੍ਰਚਾਰ ਕਰਨਾ ਸ਼ੁਰੂ ਕੀਤਾ ਅਤੇ ਲੋੜਵੰਦ ਭੈਣ-ਭਰਾਵਾਂ ਦੀ ਮਦਦ ਕਰਨ ਦੇ ਤਰੀਕੇ ਲੱਭਣ ਲੱਗੀ। ਮੈਂ ਵੱਖਰੀ-ਵੱਖਰੀ ਉਮਰ ਦੇ ਭੈਣ-ਭਰਾਵਾਂ ਨੂੰ ਰੋਟੀ ਤੇ ਵੀ ਬੁਲਾਉਂਦੀ ਹਾਂ। ਹੁਣ ਮੇਰੇ ਬਹੁਤ ਸਾਰੇ ਦੋਸਤ ਹਨ ਅਤੇ ਮੇਰੇ ਵਿਚ ਜ਼ਿਆਦਾ ਆਤਮ-ਵਿਸ਼ਵਾਸ ਵੀ ਹੈ।”—2 ਕੁਰਿੰਥੀਆਂ 6:13.

ਕਦੇ-ਕਦਾਈਂ ਤੁਹਾਡੇ ਮਾਤਾ-ਪਿਤਾ ਸ਼ਾਇਦ ਤੁਹਾਨੂੰ ਆਪਣੇ ਭਰਾ ਵਰਗਾ ਬਣਨ ਦੀ ਨਸੀਹਤ ਦੇਣ। ਪਰ ਜਦੋਂ ਤੁਸੀਂ ਇਹ ਸਵੀਕਾਰ ਕਰਦੇ ਹੋ ਕਿ ਤੁਹਾਡੇ ਮਾਤਾ-ਪਿਤਾ ਤੁਹਾਡਾ ਭਲਾ ਹੀ ਚਾਹੁੰਦੇ ਹਨ, ਤਾਂ ਉਨ੍ਹਾਂ ਦੀ ਗੱਲ ਤੋਂ ਤੁਹਾਨੂੰ ਘੱਟ ਦੁੱਖ ਲੱਗੇਗਾ। (ਕਹਾਉਤਾਂ 19:11) ਪਰ ਆਪਣੇ ਮਾਪਿਆਂ ਨੂੰ ਆਦਰਪੂਰਵਕ ਇਹ ਦੱਸਣਾ ਚੰਗਾ ਹੋਵੇਗਾ ਕਿ ਉਨ੍ਹਾਂ ਦੀ ਇਸ ਗੱਲ ਤੋਂ ਤੁਹਾਨੂੰ ਕਿੰਨਾ ਦੁੱਖ ਹੁੰਦਾ ਹੈ। ਫਿਰ ਉਹ ਸ਼ਾਇਦ ਹੋਰ ਤਰੀਕਿਆਂ ਨਾਲ ਤੁਹਾਡੇ ਭਲੇ ਲਈ ਆਪਣੀ ਚਿੰਤਾ ਪ੍ਰਗਟ ਕਰਨ।

ਇਹ ਨਾ ਭੁੱਲੋ ਕਿ ਯਹੋਵਾਹ ਪਰਮੇਸ਼ੁਰ ਤੁਹਾਡੀ ਭਗਤੀ ਨੂੰ ਦੇਖਦਾ ਹੈ। (1 ਕੁਰਿੰਥੀਆਂ 8:3) ਬੈਰੀ ਕਹਿੰਦਾ ਹੈ: “ਮੈਂ ਯਹੋਵਾਹ ਦੀ ਜਿੰਨੀ ਜ਼ਿਆਦਾ ਸੇਵਾ ਕਰਦਾ ਹਾਂ, ਮੈਨੂੰ ਉੱਨੀ ਹੀ ਖ਼ੁਸ਼ੀ ਹੁੰਦੀ ਹੈ। ਲੋਕ ਹੁਣ ਮੇਰੇ ਗੁਣਾਂ ਨੂੰ ਦੇਖਦੇ ਹਨ ਅਤੇ ਮੇਰੀ ਤਾਰੀਫ਼ ਕਰਦੇ ਹਨ, ਜਿਵੇਂ ਉਹ ਮੇਰੇ ਭਰਾਵਾਂ ਦੀ ਤਾਰੀਫ਼ ਕਰਦੇ ਹਨ।” (g03 11/22)

[ਫੁਟਨੋਟ]

^ ਪੈਰਾ 5 ਕੁਝ ਨਾਂ ਬਦਲੇ ਗਏ ਹਨ।

^ ਪੈਰਾ 5 ਇਹ ਸਕੂਲ ਯਹੋਵਾਹ ਦੇ ਗਵਾਹਾਂ ਦੁਆਰਾ ਚਲਾਇਆ ਜਾਂਦਾ ਹੈ।

^ ਪੈਰਾ 6 ਭਾਵੇਂ ਕਿ ਇਸ ਲੇਖ ਵਿਚ ਸ਼ਬਦ ਭਰਾ ਇਸਤੇਮਾਲ ਕੀਤਾ ਗਿਆ ਹੈ, ਪਰ ਇਹ ਲੇਖ ਭੈਣਾਂ ਉੱਤੇ ਵੀ ਲਾਗੂ ਹੁੰਦਾ ਹੈ।

[ਸਫ਼ੇ 13 ਉੱਤੇ ਤਸਵੀਰ]

ਕੀ ਲੋਕ ਤੁਹਾਡੇ ਭਰਾ ਜਾਂ ਭੈਣ ਦੀ ਹੀ ਤਾਰੀਫ਼ ਕਰਦੇ ਹਨ?

[ਸਫ਼ੇ 14 ਉੱਤੇ ਤਸਵੀਰ]

ਆਪਣੇ ਹੁਨਰਾਂ ਅਤੇ ਰੁਚੀਆਂ ਨੂੰ ਪਛਾਣੋ

[ਸਫ਼ੇ 14 ਉੱਤੇ ਤਸਵੀਰ]

ਆਪਣੇ ਅੰਦਰ ਅਧਿਆਤਮਿਕ ਹੁਨਰ ਪੈਦਾ ਕਰ ਕੇ ‘ਆਪਣਾ ਚਾਨਣ ਚਮਕਾਓ’